ਆਵਾਗਵਣ

ਭਾਰਤ ਅੰਦਰ ਰਹਿ ਕੇ ਆਵਾਗਵਣ ਵਾਰੇ ਨਾ ਸੁਣਨਾ ਅਸੰਭਵ ਹੈ । ਭਾਰਤ ਵਿੱਚ ਰਹਿੰਦੇ ਹਰ ਪੜੇ ਅਨਪੜੇ ਇਨਸਾਨ ਨੂੰ ਇਸ ਦੀ ਜਾਣਕਾਰੀ ਹੈ ਅਤੇ ਇਹ ਉਸ ਦੀ ਆਮ ਬੋਲ ਚਾਲ ਦਾ ਹਿੱਸਾ ਵੀ ਹੈ । ਇਹ ਇੱਕ ਤਰ੍ਹਾਂ ਨਾਲ ਭਾਰਤ ਦੇ ਧਰਮ ਹੀ ਨਹੀਂ ਬਲਕਿ ਸਮਾਜਿਕ, ਸਭਿਆਚਾਰਿਕ ਅਤੇ ਬੌਧਿਕ ਆਬੋ ਹਵਾ ਦਾ ਇੱਕ ਅੰਗ ਬਣ ਚੁੱਕਾ ਹੈ । ਮਨੁੱਖ ਤਾਂ ਇੱਕ ਪਾਸੇ, ਭਾਰਤ ਵਿੱਚ ਤਾਂ ਰੱਬ ਨੂੰ ਵੀ ਆਵਾਗਵਣ ਦੇ ਚੱਕ੍ਰ ਵਿੱਚ ਪਾਇਆ ਹੋਇਆ ਹੈ । ਸੋ ਸੁਭਾਵਕ ਹੈ ਕਿ ਗੁਰਬਾਣੀ, ਜੋ ਭਾਰਤੀ ਲੋਕਾਂ ਨੂੰ ਸੰਬੋਧਨ ਹੋ ਕੇ ਰਚੀ ਗਈ ਹੈ, ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਹੁਣ ਇੱਕ ਬੜਾ ਹੀ ਅਹਿਮ ਸਵਾਲ ਉਠਦਾ ਹੈ ਕਿ ਕੀ ਗਰੁਬਾਣੀ ਇਸ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਜਾਂ ਖੰਡਨ ਕਰਦੀ ਹੈ । ਇਸ ਲੇਖ ਵਿੱਚ ਇਸੇ ਸਵਾਲ ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ ।

ਆਵਾਗਵਣ ਹੈ ਕੀ

ਮੌਤ ਇੱਕ ਅਜਿਹਾ ਸੱਚ ਹੈ ਜਿਸ ਨੂੰ ਮੰਨਣ ਲਈ ਮਨੁੱਖ ਕਦਾਚਿਤ ਤਿਆਰ ਨਹੀਂ ਹੁੰਦਾ । ਇਹ ਇੱਕ ਅਜਿਹੀ ਬੁਝਾਰਤ ਹੈ ਜੋ ਮਨੁੱਖ ਨੂੰ ਆਦਿ ਕਾਲ ਤੋਂ ਹੀ ਪਰੇਸ਼ਾਨ ਕਰ ਰਹੀ ਹੈ । ਇਸ ਨੂੰ ਸਮਝਣ ਦੇ ਯਤਨ ਉਹ ਜੁਗਾਂ ਜੁਗਾਂਤਰਾ ਤੋਂ ਕਰਦਾ ਆ ਰਿਹਾ ਹੈ । ਇਸੇ ਕਰਕੇ ਲੋਕ ਆਪਣੇ ਮੁਰਦਿਆਂ ਦੀਆਂ ਲਾਸ਼ਾਂ ਨੂੰ ਆਪੋ ਆਪਣੀ ਸਮਝ ਅਤੇ ਵਿਸ਼ਵਾਸ਼ ਅਨੁਸਾਰ ਵੱਖਰੇ ਵੱਖਰੇ ਢੰਗ ਨਾਲ ਨਿਜੱਠਦੇ ਨੇ । ਕੋਈ ਇਹਨਾਂ ਲਾਸ਼ਾ ਨੂੰ ਸ਼ੰਭਾਲ ਕੇ ਰੱਖਣ ਦੀ ਕੋਸ਼ਿਸ ਕਰਦਾ ਹੈ, ਕੋਈ ਇਹਨਾ ਲਾਸ਼ਾਂ ਦੇ ਵਰਤਣ ਹਿੱਤ ਭੋਜਨ ਕੱਪੜੇ ਦਾ ਬੰਦੋਬਸਤ ਕਰਦਾ ਹੈ, ਕੋਈ ਲਾਸ਼ ਨੂੰ ਦਫਨ ਕਰਦਾ ਹੈ ਅਤੇ ਕੋਈ ਲਾਸ਼ ਨੂੰ ਫੂਕਣ ਬਾਅਦ ਸ਼ਰਾਧ ਕਰਦਾ ਹੈ । ਚਲਾਕ ਲੋਕ ਮਨੁੱਖ ਦੀ ਇਸ ਗੁੰਝਲ ਨੂੰ ਸੁਲਝਾਉਣ ਦਾ ਝਾਂਸਾ ਦੇ ਉਸ ਦੀ ਹਰ ਪ੍ਰਕਾਰ ਦੀ ਲੁੱਟ ਵੀ ਖੁਬ ਕਰਦੇ ਨੇ । ਵਿਦਵਾਨ ਲੋਕਾਂ ਨੇ ਵੀ ਮਨੁੱਖ ਦੀ ਇਸ ਚੇਸ਼ਟਾ ਪੂਰਤੀ ਲਈ ਆਪੋ ਆਪਣੀ ਅਕਲ ਮੁਤਾਬਿਕ ਅਨੇਕਾਂ ਸਿਧਾਂਤ ਘੜੇ ਤੇ ਘੜ ਰਹੇ ਨੇ । ਆਵਾਗਵਣ ਦਾ ਸਿਧਾਂਤ ਵੀ ਇਸੇ ਸਿਲਸਲੇ ਦੀ ਇੱਕ ਉਪਜ ਹੈ ।

ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਵਿੱਚ ਇਸ ਲਫ਼ਜ਼ ਦੇ ਤਿੰਨ ਅਰਥ ਕੀਤੇ ਨੇ: 1. ਆਉਣਜਾਣ ਦੀ ਕ੍ਰਿਯਾ 2. ਜਨਮ ਮਰਣ 3. ਜੀਵਆਤਮਾ ਦੇ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾ ਵਿੱਚ ਜੰਮਣਾ ਅਤੇ ਮਰਨਾ । ਇਸ ਸੰਸਾਰਚਕ੍ਰ ਤੋਂ ਆਤਮਗਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾ ਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ । ਭਾਈ ਕਾਨ੍ਹ ਸਿੰਘ ਅਨੁਸਾਰ ਸਿਆਣਿਆਂ ਨੇ ਆਵਾਗਵਣ ਦੇ ਤਿੰਨ ਭੇਦ ਕੀਤੇ ਨੇ: –

 1. ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਉਸ ਲਈ ਰੱਬ ਉਸੇ ਵੇਲੇ ਨਵਾਂ ਆਤਮਾ ਨਹੀਂ ਸਿਰਜਦਾ । ਆਤਮਾ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ ਪਰ ਵਿਦੇਹ ਦਸ਼ਾ ਵਿੱਚ । ਜਦੋ ਇਹ ਮਨੁੱਖ ਦੇਹ ਵਿਚ ਪ੍ਰਵੇਸ਼ ਕਰਦਾ ਹੈ ਤਾਂ ਇਸ ਲਈ ਦੇਹ ਧਾਰਣ ਦਾ ਏਹੋ ਪਹਿਲਾ ਮੌਕਾ ਹੁੰਦਾ ਹੈ ਅਰ ਮਰਨ ਪਿੱਛੋਂ ਅੱਗੋਂ ਭੀ ਕਦੇ ਦੇਹ ਨਹੀਂ ਧਾਰੇਗਾ । ਇਸ ਸਿਧਾਂਤ ਦਾ ਨਾਮ “ਪੂਰਵਅਸਿਤਤਵ” (the doctrine of pre-existence) ਪ੍ਰਸਿਧ ਹੈ ।
 2. ਆਤਮਾ ਇਸ ਸਰੀਰ ਤੋਂ ਪਹਿਲਾਂ ਕੋਟਾਨ ਕੋਟ ਮਨੁੱਖ ਪਸ਼ੂ ਪੰਖੀ ਬਿਰਛ ਆਦਿਕ ਜੁਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖਾ ਜੂਨ ਵਿੱਚ ਆਉਣ ਤੋਂ ਪਹਿਲਾਂ ਕਈ ਪਸ਼ੂ ਪੰਖੀ ਬਿਰਛ ਆਦਿਕ ਜੁਨੀਆਂ ਵਿੱਚ ਜਨਮ ਲਏਗਾ । ਇਸ ਸਿਧਾਂਤ ਦਾ ਨਾਮ ਤਨਾਸੁਖ ਅਥਵਾ ਯਥਾਰਥ ਆਵਾਗਮਨ (transmigration or metempsychosis) ਹੈ ।
 3. ਮਨੁੱਖ ਦਾ ਆਤਮਾ ਇਸ ਸ਼ਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਦਾ ਰਿਹਾ ਹੈ ਪਰ ਪਸ਼ੂ ਪੰਖੀ ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਵੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਹੀ ਪੁਨਰ ਜਨਮ ਧਾਰਣ
  ਕਰੇਗਾ । ਇਸ ਸਿਧਾਂਤ ਦਾ ਨਾਉਂ ਪੁਨਰਭਵ (reincarnation) ਹੈ ।

ਭਾਈ ਕਾਨ ਸਿੰਘ ਵਲੋਂ ਉੱਪਰ ਦਿਤੇ ਅਰਥ ਅਤੇ ਵਿਆਖਿਆ ਆਵਾਗਵਣ ਦੇ ਵੱਖ ਵੱਖ ਸਿਧਾਂਤਾਂ ਦਾ ਸਾਰ ਹੈ ।

Encyclopaedia Britannica ਵਿੱਚ ਆਵਾਗਵਣ ਵਾਰੇ ਇੰਝ ਲਿਖਿਆ ਮਿਲਦਾ ਹੈ, “Reincarnation, also called transmigration or metempsychosis, in religion and philosophy, rebirth of the aspect of an individual that persists after bodily death – whether it be consciousness, mind or soul or some entity – in one or more successive existences. Depending upon the tradition, these existences may be human, animal, spiritual, or in some instances, vegetable.”

Encyclopaedia Britannica ਵਿੱਚ ਸਿੱਖ ਧਰਮ ਦੀ ਗਿਣਤੀ ਵੀ ਉਹਨਾਂ ਧਰਮਾਂ ਵਿੱਚ ਹੀ ਕੀਤੀ ਗਈ ਹੈ ਜੋ ਆਵਾਗਵਣ ਦੇ ਧਾਰਨੀ ਹਨ । “The major religions that hold belief in reincarnation, however are Asian regions, especially Hinduism, Jainism, Buddhism and Sikhism, all of which arose in India. They all hold in common a doctrine of Karma, the law of cause and effect, which states that what one does in this present life will have effect in the next life. In Hinduism, the process of birth and rebirth – i.e. transmigration of souls – is endless until one achieves moksha from the process. Moksha is achieved when one realizes that that the eternal core of the individual (atman) and the Absolute reality (brahman) are one.”1

ਉਪਰ ਅਸੀਂ ਦੇਖ ਆਏਂ ਹਾਂ ਕਿ ਦੋਹਾਂ ਮੰੰਨੇ ਪ੍ਰਮੰਨੇ ਕੋਸ਼ਾਂ ਵਿਚ ਆਵਾਗਵਣ ਦੀ ਵਿਆਖਿਆ ਇਕੋ ਜਿਹੀ ਹੈ । ਪਰ ਜਿਥੇ Encyclopaedia Britannica ਸਪਸ਼ਟ ਰੂਪ ਵਿੱਚ ਸਿਖ ਧਰਮ ਨੂੰ ਵੀ ਆਵਾਗਵਣ ਦੇ ਸਿਧਾਂਤ ਦਾ ਧਾਰਣੀ ਮੰਨਦਾ ਹੈ ਉਥੇ ਮਹਾਨ ਕੋਸ਼ ਇਸ ਵਾਰੇ ਚੁੱਪ ਹੈ ।2 ਇਸ ਨੂੰ ਹੋਰ ਗਹਿਰਾਈ ਵਿੱਚ ਸਮਝਣ ਲਈ ਹੇਠਾਂ ਵੱਖ ਵੱਖ ਧਰਮਾ ਵਿੱਚ ਆਵਾਗਵਣ ਦੇ ਸਿਧਾਤ ਦਾ ਵੇਰਵਾ ਦਿੱਤਾ ਗਿਆ ਹੈ । ਇਸ ਵੇਰਵੇ ਤੋਂ ਬਾਅਦ ਅਸੀਂ ਦੇਖਾਂਗੇ ਕਿ ਕੀ ਗੁਰਬਾਣੀ ਇਸ ਨਾਲ ਸਹਿਮਤ ਹੈ ਜਾਂ ਇਸ ਦਾ ਖੰਡਨ ਕਰ ਰਹੀ ਹੈ, ਜਾਂ ਆਪਣਾ ਇੱਕ ਅਲਿਹਦਾ ਸਿਧਾਂਤ ਪੇਸ਼ ਕਰ ਰਹੀ ਹੈ ।

ਹਿੰਦੂ ਧਰਮ

ਆਵਾਗਵਣ ਹਿੰਦੂ ਧਰਮ ਦੀ ਮੁੱਖ ਵਿਚਾਰਧਾਰਾ ਹੈ । ਦਰਅਸਲ ਅਗਰ ਆਵਾਗਵਣ ਨੂੰ ਹਿੰਦੂ ਧਰਮ ਵਿੱਚੋਂ ਮਨਫੀ ਕਰ ਦਿੱਤਾ ਜਾਏ ਤਾਂ ਬਾਕੀ ਸੁੱਚ ਭਿੱਟ ਦੀਆਂ ਰਸਮਾਂ ਹੀ ਬੱਚਦੀਆਂ ਹਨ।ਇਹ ਇੱਕ ਬੜੀ ਦਿਲਚਸਪ ਗਲ ਹੈ ਕਿ ਇਸ ਸਿਧਾਂਤ ਦਾ ਜ਼ਿਕਰ ਵੇਦਾਂ ਦੇ ਸਲੋਕਾਂ ਵਿੱਚ ਨਹੀਂ ਮਿਲਦਾ ਜਦ ਕਿ ਵੇਦਾਂ ਨੂੰ ਹਿੰਦੂ ਧਰਮ ਦੇ ਮੁੱਖ ਗ੍ਰੰਥ ਮੰਨਿਆ ਜਾਂਦਾ ਹੈ।ਪਰ ਇਹਨਾਂ ਵੇਦਾਂ ਦੀ ਵਿਆਖਿਆ ਕਰਦੇ ਬ੍ਰਹਮਾਨ ਸੁਤਰਾਂ ਵਿੱਚ ਜਰੂਰ ਮਿਲਦਾ ਹੈ । ਇਥੋਂ ਇਹ ਗਲ ਸਾਫ ਹੋ ਜਾਂਦੀ ਹੈ ਕਿ ਵੇਦਾ ਦੇ ਰਚਣ ਸਮੇ ਆਵਾਗਵਣ ਦਾ ਸਿਧਾਂਤ ਅੱਜ ਵਾਲੀ ਸ਼ਕਲ ਵਿੱਚ ਮੌਜ਼ੂਦ ਨਹੀਂ ਸੀ । ਇਸ ਸਿਧਾਂਤ ਦੀ ਗੀਤਾ ਵਿੱਚ ਕੀਤੀ ਵਿਆਖਿਆ ਮਿਲਦੀ ਹੈ ਜਦੌ ਕ੍ਰਿਸ਼ਨ ਜੀ ਕਹਿੰਦੇ ਨੇ “ਜਿਵੇ ਜੀਵ ਬਚਪਨ ਤੋਂ ਜਵਾਨੀ ਤੇ ਬੁਢੇਪੇ ਵਿੱਚ ਦਾਖਲ ਹੁੰਦਾ ਹੈ ਤਿਵੇਂ ਮੌਤ ਤੋਂ ਬਾਅਦ ਇਕ ਸਰੀਰ ਛੱਡ ਦੂਸਰੇ ਸਰੀਰ ਨੂੰ ਧਾਰਣ ਕਰਦਾ ਹੈ । ਇਸੇ ਕਰਕੇ ਸਿਅਣਾ ਬੰੰਦਾ ਮੌਤ ਨਾਂ ਦੀ ਇਸ ਤਬਦੀਲੀ ਤੋਂ ਪਰੇਸ਼ਾਨ ਨਹੀ ਹੁੰਦਾ । ਜਿਵੇਂ ਸਰੀਰ ਪੁਰਾਣੇ ਕਪੜੇ ਲਾ ਨਵੇਂ ਕਪੜੇ ਪਾ ਲੈਂਦਾ ਹੈ ਤਿਵੇਂ ਆਤਮਾ ਜੋ ਅਮਰ ਹੈ ਪੁਰਾਣੇ ਸਰੀਰ ਤਿਆਗ ਨਵੈਂ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੀ
ਹੈ ।3 ਉਪਨਿਸ਼ਦਾਂ ਵਿੱਚ ਇਸ ਸਿਧਾਂਤ ਦੀ ਵਿਅਖਿਆ ਮਿਲਦੀ ਹੈ । ਗਰੁੜ ਪੁਰਾਣ ਅਤੇ ਮਨੂ ਸਿਮ੍ਰਤੀ ਵਿੱਚ ਤਾਂ ਇਹ ਵੇਰਵਾ ਵੀ ਮਿਲਦਾ ਹੈ ਕਿ ਕਿਹੜੇ ਮਾੜੇ ਕੰਮ ਕਰਨ ਨਾਲ ਕਿਹੜੀ ਜੂਨ ਮਿਲਦੀ ਹੈ । ਹਿੰਦੂ ਧਰਮ ਦੇ ਆਵਾਗਵਣ ਦੇ ਸਿਧਾਂਤ ਦੇ ਮੁਖ ਨੁੁਕਤੇ ਇਸ ਪ੍ਰਕਾਰ ਹਨ ।

 1. ਇਹ ਸੰਸਾਰ ਬਦਲਦਾ ਰਹਿੰਦਾ ਹੈ ਭਾਵ ਇਥੇ ਨਿਰੰਤਰ ਜਨਮ ਅਤੇ ਮੌਤ ਹੋ ਰਹੀ ਹੈ । ਸਾਰੇ ਜੀਵ ਅਗਿਆਨਤਾ-ਕਰਮ-ਸੰਸਾਰ( ਜੰਮਣ-ਮਰਣ) ਦੇ ਭੈੜੇ ਚੱਕ੍ਰ ਵਿੱਚ ਫਸੇ ਹੋਏ ਨੇ ।
 2. ਹਿੰਦੂ ਧਰਮ ਵਿੱਚ ਦੋ ਮੱਤ ਪ੍ਰਚਲਤ ਨੇ।ਮਾਧਵਾਚਾਰੀਆ ਦਾ ਦਵੈਤਵਾਦ ਅਤੇ ਅਦੀ ਸ਼ੰਕਰਾਚਾਰੀਆ ਦਾ ਅਦਵੈਤਵਾਦ । ਦਵੈਤਵਾਦ ਵੇਦਾਂਤ ਦਾ ਮੰਨਣਾ ਹੈ ਕਿ ਆਤਮਾ ਅਤੇ ਬ੍ਰਹਮਾ ਅੱਡ ਅੱਡ ਹਨ ਜਦ ਅਦਵੈਤਵਾਦ ਦਾ ਮੰਨਣਾ ਹੈ ਕਿ ਆਤਮਾ ਅਤੇ ਬ੍ਰਹਮਾ ਇਕੋ ਹੀ ਹਨ ਜਿਸ ਨੂੰ ਅਸੀਂ ਅਗਿਆਨਤਾ ਬਸ ਅੱਡ ਅੱਡ ਸਮਝ ਰਹੇ ਹਾਂ । ਦੋਨੋਂ ਮੱਤ ਹੀ ਆਵਾਗਵਣ ਦੀ ਪ੍ਰੋੜਤਾ ਕਰਦੇ ਨੇ ।
 3. ਪੁਨਰ ਜੁਨਮ ਆਤਮਾ ਦਾ ਹੁੰਦਾ ਹੈ । ਪਰ ਆਤਮਾ ਨੂੰ ਨਿਜ ਤੋਂ ਭਿੰਨ ਵੀ ਮੰਨਿਆ ਗਿਆ ਹੈ । ਆਤਮਾ ਮਨੁੱਖ ਦੇ ਕਰਮਾਂ ਦਾ ਲੇਖਾਂ ਜੋਖਾ ਨਹੀਂ ਰੱਖਦੀ ਇਸ ਲਈ ਹਿੰਦੂ ਧਰਮ ਵਿੱਚ ਸੂਖਮ ਸਰੀਰ ਦਾ ਸਿਧਾਂਤ ਘੜਿਆ ਗਿਆ । ਇਹ ਸੂਖਮ ਸਰੀਰ ਆਤਮਾ ਦੇ ਉਨ੍ਹਾਂ ਚਿਰ ਨਾਲ ਰਹਿੰਦਾ ਹੈ ਜਿੰਨੀ ਦੇਰ ਕਰਮਾਂ ਦਾ ਹਿਸਾਬ ਕਿਤਾਬ ਮੁਕਾ ਮੁਕਤੀ ਪ੍ਰਾਪਤ ਨਹੀਂ ਹੁੰਦੀ । ਕਰਮਾਂ ਦਾ ਸਾਰਾ ਹਿਸਾਬ ਕਿਤਾਬ ਸੂਖਮ ਸਰੀਰ ‘ਚ ਹੀ ਹੁੰਦਾ ਹੈ ।
 4. ਹਿਂਦੂ ਧਰਮ ਦੇ ਆਵਾਗਵਣ ਦੇ ਸਿਧਾਂਤ ਦਾ ਧੁਰਾ ਕੀਤੇ ਕਰਮਾਂ ਦਾ ਲੈਣ ਦੇਣ ਹੈ । ਇਹ ਉਪਨਿਸ਼ਦਾਂ,ਗਰੁੜ ਪੁਰਾਣ ਅਤੇ ਮਨੂ ਸਿਮ੍ਰਤੀ ਆਦਿ ਗ੍ਰੰਥਾ ਦੀ ਉਪਜ ਹੈ ।
 5. ਕਰਮ ਸਿਧਾਂਤ ਅਨੁਸਾਰ ਸਤੋ ਕਰਮ ਕਰਨ ਵਾਲਿਆਂ ਨੰ ਸਵਰਗ ਲੋਕ, ਰਜੋ ਕਰਮ ਕਰਨ ਵਾਲਿਆਂ ਨੂੰ ਮਾਤ ਲੋਕ ਅਤੇ ਤਮੋ ਕਰਮ ਕਰਨ ਵਾਲਿਆਂ ਨੂੰ ਪਤਾਲ ਲੋਕ ਵਿੱਚ ਵਿੱਚ ਜਨਮ ਲੈਣਾ ਪੈਂਦਾ ਹੈ ।
 6. ਅਗਰ ਕੋਈ ਜੀਵ ਵਾਸਨਾ ਗ੍ਰਸਤ ਹੋ ਜਾਂਦਾ ਹੈ ਅਤੇ ਉਸ ਦੀ ਵਾਸਨਾ ਦੀ ਭੁਖ ਵਧਦੀ ਜਾਂਦੀ ਹੈ ਤਾਂ ਇਸ ਵਾਸਨਾ ਪੂਰਤੀ ਲਈ ਉਹ ਵਾਰ ਵਾਰ ਜਨਮ ਲੈਂਦਾ ਹੈ ।
 7. ਅਗਰ ਕੋਈ ਜੀਵ ਆਪਣੀ ਆਤਮਿਕ ਤਿ੍ਰਪਤੀ ਲਈ ਭਗਤੀ ਜਾਂ ਸਾਧਨਾ ਕਰ ਰਿਹਾ ਹੈ ਪਰ ਅਧਵਾਟੇ ਹੀ ਮਰ ਜਾਂਦਾ ਹੈ ਤਾਂ ਉਹ ਇਸ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਫਿਰ ਜਨਮ ਲੈਂਦਾ ਹੈ ।
 8. ਅਗਰ ਕੋਈ ਜੀਵ ਕਰਜ਼ ਮੋੜੇ ਵਗੈਰ ਮਰ ਜਾਂਦਾ ਹੈ ਤਾਂ ਉਹ ਇਹ ਕਰਜ਼ ਚੁਕਾਉਣ ਲਈ ਮੁੜ ਕਿਸੇ ਰਿਸ਼ਤੇਦਾਰ, ਦੋਸਤ ਜਾਂ ਦੁਸ਼ਮਣ ਦੇ ਰੁਪ ਵਿੱਚ ਜਨਮ ਲੈਂਦਾ ਹੈ ।
 9. ਕਿਸੇ ਰਿਸ਼ੀ ਆਦਿਕ ਦੇ ਸਰਾਪ ਕਾਰਣ ਮਨੁੱਖ ਜਾ ਕਿਸੇ ਹੋਰ ਜੂਨੀ ਵਿੱਚ ਜਨਮ ਲੈਣਾ ਪੈਂਦਾ ਹੈ ।
 10. ਮੁਕਤੀ ਪ੍ਰਾਪਤੀ ਲਈ ਮਨੁੱਖਾ ਜਨਮ ਲੈਣਾ ਜ਼ਰੂਰੀ ਹੈ ।
 11. ਮਨੁੱਖ ਕਿਸ ਜਾਤ ਵਿੱਚ ਜੰਮਿਆਂ ਅਤੇ ਅਗਲੇ ਜਨਮ ਵਿੱਚ ਕਿਹੜੀ ਜਾਤ ਵਿੱਚ ਜੰਮੇਗਾ ਇਹ ਵੀ ਉਸਦੇ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ ।
 12. ਮਨੁੱਖ ਦਾ ਨਰ ਜਾਂ ਮਾਦਾ ਹੋਣਾ ਵੀ ਕੀਤੇ ਕਰਮਾਂ ਅਨੁਸਾਰ ਹੈ ।
 13. ਹਰ ਮਾੜੈ ਕਰਮ ਦੀ ਅਗਲੇ ਜਨਮ ਵਿੱਚ ਖਾਸ ਸਜ਼ਾ ਵੀ ਹਿੰਦੂ ਸ਼ਾਸ਼ਤਰਾਂ ਵਿੱਚ ਮਿਥੀ ਗਈ ਹੈ।ਬ੍ਰਾਹਮਣ, ਗਊ ਅਤੇ ਕੁਆਰੀ ਔਰਤ ਦੀ ਹੱਤਿਆ ਕਰਨ ਨਾਲ ਤਪਦਿਕ ਦਾ ਰੋਗੀ, ਕੁਬਾ ਅਤੇ ਕੋਹੜੀ ਬਣਦਾ ਹੈ । ਗੁਰੂ ਇਸਤਰੀ ਨਾਲ ਸਬੰਧ ਰੱਖਣ ਵਾਲੇ ਦੀ ਚਮੜੀ ਖਰਾਬ ਹੋ ਜਾਂਦੀ ਹੈ।ਖਾਣਾ ਚੋਰੀ ਕਰਨ ਵਾਲਾ ਚੂਹੇ, ਦਾਣੇ ਚੋਰੀ ਕਰਨ ਵਾਲਾ ਟਿੱਡੀ ਦੀ ਜੂਨੇ ਪੈਂਦਾ ਹੈ । ਇਤਿਆਦਿ । ਮਨੂ ਸਿਮ੍ਰਤੀ ਵਿੱਚ ਇਹ ਸਾਰਾ ਵੇਰਵਾ ਦਿੱਤਾ ਗਿਆ ਹੈ ।
 14. ਇੱਕ ਸਵਾਲ ਉਠਦਾ ਹੈ ਕਿ ਇਹਨਾਂ ਕਰਮਾ ਦਾ ਲੇਖਾ ਜੋਖਾ ਅਤੇ ਫੈਸਲ ਕੌਣ ਕਰਦਾ ਹੈ । ਇਸ ਲਈ ਹਿੰਦੂ ਧਰਮ ਵਿੱਚ ਚਿਤਰਗੁਪਤ ਅਤੇ ਧਰਮ ਰਾਜ ਦਾ ਸੰਕਲਪ ਸਿਰਜਿਆ ਗਿਆ ।
 15. ਹਿੰਦੂ ਧਰਮ ਵਿੱਚ ਸਤੀ ਪ੍ਰਥਾ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ । ਔਰਤ ਨੂੰ ਉਸਦੇ ਪਤੀ ਨਾਲ ਇਹ ਕਹਿ ਕੇ ਸਾੜਿਆ ਜਾਂਦਾ ਸੀ ਕਿ ਉਹਨਾ ਦਾ ਸਾਥ ਅਗਲੇ ਜਨਮ ਵਿੱਚ ਵੀ ਬਣਿਆ ਰਹੇ ।
 16. ਹਿੰਦੂ ਧਰਮ ਵਿੱਚ ਕੀਤੇ ਜਾਂਦੇ ਸਾਰੇ ਮਿ੍ਰਤਕ ਸੰਸਕਾਰ ਕਰਮ ਸਿਧਾਂਤ ਅਤੇ ਪੁਨਰ ਜਨਮ ਜਾਂ ਆਵਾਗਵਣ ਦੇ ਸਿਧਾਂਤ ਦੀ ਹੀ ਉਪਜ ਹਨ ।

ਬੁਧ ਧਰਮ

ਕਹਿੰਦੇ ਨੇ ਇੱਕ ਵਾਰ ਵਿਗਿਆਨੀ ਕਾਰਲ ਸੇਗਨ ਨੇ ਦਲਾਈ ਲਾਮਾ ਨੂੰ ਸਵਾਲ ਕੀਤਾ ਕਿ ਅਗਰ ਵਿਗਿਆਨ ਪੁਨਰ ਜਨਮ ਨੂੰ ਗ਼ਲਤ ਸਾਬਤ ਕਰ ਦੇਵੇ ਫਿਰ ਕੀ ਬਣੂ । ਦਲਾਈ ਲਾਮਾ ਦਾ ਜਵਾਬ ਸੀ ਕਿ ਅਗਰ ਪੁਨਰ ਜਨਮ ਝੂਠ ਸਾਬਤ ਹੋ ਜਾਏ ਤਾਂ ਤਿਬਤੀ ਬੁਧ ਧਰਮ ਇਸ ਨੂੰ ਛੱਡ ਦੇਵੇਗਾ ਪਰ ਇਹ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੈ ।4 ਇਹ ਵੀ ਆਮ ਕਿਹਾ ਜਾਂਦਾ ਹੈ ਕਿ ਜਦੋਂ ਗੌਤਮ ਬੁਧ ਨੂੰ ਇਲਹਾਮ ਹੋਇਆ ਤਾਂ ਉਸ ਨੂੰ ਆਪਣੇ ਸਾਰੇ ਪਹਿਲੇ ਜਨਮ ਯਾਦ ਆ ਗਏ ਸਨ । ਪਰ ਬੁਧ ਧਰਮ ਵਿੱਚ ਪੁਨਰ ਜਨਮ ਜਾਂ ਆਵਾਗਵਣ ਵਾਰੇ ਕਾਫੀ ਮਤ ਭੇਦ ਵੀ ਪਾਏ ਜਾਂਦੇ ਹਨ । ਕੋਈ ਤਬਕਾ ਇਸ ਨੂੰ ਮੰਨਦਾ ਹੈ ਕੋਈ ਨਹੀ । ਕੋਈ ਕਹਿੰਦਾ ਹੈ ਕਿ ਪੁਨਰ ਜਨਮ ਮੌਤ ਤੋਂ ਫੋਰਨ ਬਾਅਦ ਹੋ ਜਾਂਦਾ ਹੈ ਕੋਈ ਆਖਦਾ ਹੈ ਕਿ ਮੌਤ ਅਤੇ ਪੁਨਰ ਜਨਮ ਵਿਚਕਾਰ ਇਕ ਆਰਜ਼ੀ ਅਵਸਥਾ ਆਉਂਦੀ ਹੋ ਜੋ 49 ਦਿਨ ਤਕ ਰਹਿੰਦੀ ਹੈ । ਜਪਾਨ ਵਿੱਚ ਬੁਧ ਧਰਮ ਦਾ ਇੱਕ ਫਿਰਕਾ (philosophical zen) ਪੁਨਰ ਜਨਮ ਜਾਂ ਆਵਾਗਵਣ ਨੂੰ ਬਿਲਕੁਲ ਨਹੀਂ ਮੰਨਦਾ ।

ਬੁਧ ਧਰਮ ਵਿੱਚ ਆਤਮਾ ਦੀ ਅਲਿਹਦਾ ਹੋਂਦ ਨੂੰ ਨਹੀਂ ਮੰਨਿਆ ਗਿਆ ਅਤੇ ਅਨਾਤਮਾ ਦਾ ਸਿਧਾਂਤ ਦਿੱਤਾ ਗਿਆ ਹੈ।ਆਤਮਾ ਦੀ ਅਲਹਿਦਾ ਹੋਂਦ ਇੱਕ ਭਰਮ ਹੈ ਜੋ ਪੰਜ ਖੰਡਾ ਜਾਂ ਤੱਤਾਂ ਦੀ ਉਪਜ ਹੈ।ਪੰਜ ਖੰਡ (aggregates or skandha) ਇਸ ਤਰ੍ਹਾਂ ਹਨ – ਦੇਹ (body), ਵੇਦਨਾ (feelings) , ਸਮਝ (cognition), ਸੰਸਕਾਰ (mental constructions) ਅਤੇ ਚੇਤਨਾ (consciousness or life) । ਇਹ ਪੰਜੇ ਖੰਡ ਖੁਦ ਅਸਥਾਈ ਨੇ ਇਸ ਲਈ ਸਥਾਈ ਆਤਮਾ ਨਾ ਦੀ ਕੋਈ ਚੀਜ਼ ਨਹੀਂ ਹੋ ਸਕਦੀ । ਪਰ ਸਾਨੂੰ ਆਤਮਾ ਦੀ ਹੋਂਦ ਦਾ ਭਰਮ ਹਮੇਸ਼ਾਂ ਬਣਿਆਂ ਰਹਿੰਦਾ ਹੈ । ਇੱਕ ਭਿਕਸ਼ੂ ਦੇ ਸਵਾਲ ਦਾ ਉਤਰ ਦਿੰਦਿਆਂ ਬੁੱਧ ਨੇ ਕਿਹਾ ਸੀ ॥ “Oh, Bhikshu, every moment you are born, decay, and die.”5 । ਕਹਿਣ ਦਾ ਭਾਵ ਜਿਵੇਂ ਜਿਵੇਂ ਹਰ ਪਲ ਇਹ ਭਰਮ ਬਣਦਾ ਅਤੇ ਟੁਟਦਾ ਹੈ ਤਿਵੇਂ ਤਿਵੇਂ ਜਨਮ ਅਤੇ ਮੌਤ ਹੋ ਰਹੀ ਹੈ । ਫਿਰ ਸਵਾਲ ਉੱਠਦਾ ਹੈ ਕਿ ਅਗਰ ਆਤਮਾ ਦੀ ਹੋਂਦ ਹੀ ਨਹੀਂ ਤਾਂ ਆਵਾਗਵਣ ਕੌਣ ਕਰਦਾ ਹੈ । ਇਸ ਵਾਰੇ ਇੱਕ ਮੱਤ ਇਹ ਹੈ ਕਿ ਮੌਤ ਵੇਲੇ ਇਹ ਪੰਜੇ ਖੰਡ ਜਾਂ ਤੱਤ ਜ਼ਿੰਦਗੀ ਦੇ ਦਰਿਆ ਵਿੱਚ ਸਮਾ ਜਾਂਦੇ ਨੇ । ਜ਼ਿੰਦਗੀ ਦਾ ਦਰਿਆ ਨਿਰੰਤਰ ਵਗ ਰਿਹਾ ਹੈ ਜਦੋਂ ਇਸ ਵਿੱਚ ਇਹ ਖੰਡ ਸਮੋਂਦੇ ਨੇ ਤਾਂ ਇੱਕ ਨਵਾਂ ਜੀਵਨ ਪੈਦਾ ਹੁੰਦਾ ਹੈ । ਨਵਾਂ ਜੀਵਨ ਪੈਦਾ ਹੋਣਾ ਦਾ ਕਾਰਨ ਕਰਮ ਮੰਨ ਗਏ ਨੇ । ਜਿਵੇਂ ਇੱਕ ਦੀਵੇ ਨਾਲ ਦੂਜਾ ਦੀਵਾ ਜਗ ਪੈਂਦਾ ਹੈ । ਪਰ ਕਰਮ ਇੱਕ ਜਨਮ ਤੋਂ ਦੂਜੇ ਜਨਮ ਵਿੱਚ ਨਹੀਂ ਜਾਂਦੇ । ਕਰਮਾਂ ਮੁਤਾਬਿਕ ਆਵਾਗਵਣ ਲਈ ਛੇ ਗਤੀਆਂ ਜਾ ਭਵਚੱਕ੍ਰ ਮੰਨੇ ਗਏ ਨੇ । ਤਿੰਨ ਚੰਗੇ (ਦੇਵਾ, ਅਸੁਰਾ ਅਤੇ ਮਾਨਸ) ਅਤੇ ਤਿੰਨ ਮੰਦੇ (ਤਿਰੀਅਕ, ਪਰੇਤ ਅਤੇ ਨਰਕ) । ਬੁਧ ਧਰਮ ਵਿੱਚ 12 ਕੜੀਆਂ ਦਾ ਵੀ ਜ਼ਿਕਰ ਆਂਉਂਦਾ ਹੈ ਜੋ ਮਨੁੱਖ ਦੇ ਅਗਿਆਨ ਤੋਂ ਸ਼ੁਰੂ ਹੋ ਕੇ ਪੁਨਰ ਜਨਮ ਤਕ ਜਾਂਦੀਆਂ ਹਨ।ਜਦੋਂ ਅਗਿਆਨਤਾਂ ਖ਼ਤਮ ਹੋ ਜਾਂਦੀ ਹੈ ਤਾਂ ਆਵਾਗਵਣ ਵੀ ਖ਼ਤਮ ਹੋ ਜਾਂਦਾ ਹੈ । ਇਸ ਨੂੰ ਨਿਰਵਾਣ ਪ੍ਰਾਪਤੀ ਕਿਹਾ ਗਿਆ ਹੈ । ਬੁਧ ਧਰਮ ਵਿੱਚ ਇਹ ਵੀ ਕਿਹਾਂ ਗਿਆ ਹੈ ਕਿ ਮੁੜ ਕੇ ਮਨੁੱਖ ਦੀ ਜੂਨੇ ਆਉਣਾ ਲਗਭਗ ਅਸੰਭਵ ਅਤੇ ਇੱਕ ਇਤਫਾਕ ਹੀ ਹੈ ।6 ਇਸ ਨੂੰ ਚਿਗਾਲਾ ਸੂਤਰ ਵਿੱਚ ਇਕ ਅੰਨੇ ਕੱਛੂਕੁਮੇ ਦੀ ਮਿਸਾਲ ਦੇ ਕੇ ਸਮਝਾਇਆ ਹੈ ਜੋ ਸਮੁੰਦਰ ਵਿੱਚੋਂ ਸੌ ਸਾਲ ਬਾਅਦ ਸਿਰ ਪਾਣੀ ਉਪਰ ਚੁਕਦਾ ਹੈ ਅਤੇ ਪਾਣੀ ਉਪਰ ਇਕ ਜਾਲ ਹੈ ਜਿਸ ਵਿੱਚ ਕੇਵਲ ਇਕ ਛੇਦ ਹੈ ਅਤੇ ਇਹ ਜਾਲ ਲਗਾਤਾਰ ਖੱਬੇ ਸੱਜੇ ਅਤੇ ਅਗੇ ਪਿੱਛੇ ਖਿਸਕ ਰਿਹਾ ਹੈ । ਜੋ ਸੰਭਾਵਨਾ ੳਸਦੇ ਸਿਰ ਦੀ ਛੇਦ ਵਿੱਚ ਫਸਣ ਦੀ ਹੈ ਉਹ ਹੀ ਮਨੁੱਖਾ ਜਨਮ ਵਿੱਚ ਆਉਣ ਦੀ ਹੈ । ਇਸੇ ਕਰਕੇ ਇਸ ਦੁਰਲੱਭ ਜਨਮ ਦਾ ਪੂਰਾ ਪੂਰਾ ਲਾਭ ਉਠਾਉਣ ਤੇ ਜ਼ੋਰ ਦਿੱਤਾ ਗਿਆ ਹੈ ।

ਜੈਨ ਧਰਮ

ਜੈਨ ਮਤ ਰੱਬ ਦੀ ਹੋੋਂਦ ਤੋਂ ਮੁਨਕਰ ਹੈ ਪਰ ਆਵਾਗਵਣ ਅਤੇ ਕਰਮ ਸਿਧਾਂਤ ਨੂੰ ਮਾਨਤਾ ਦਿੰਦਾ ਹੈ । ਜੇਹੋ ਜਿਹਾ ਕੋਈ ਕਰਮ ਕਰਦਾ ਹੈ ਓਹੋ ਜਿਹਾ ਉਸਦਾ ਅਗੇ ਜਨਮ ਹੁੰਦਾ ਹੈ । ਜਦੋ ਤਕ ਕਰਮਾਂ ਦੀ ਪੂੰਜੀ ਖਤਮ ਨਹੀਂ ਹੁੰਦੀ ਪੁਨਰ ਜਨਮ ਹੁੰਦਾ ਰਹਿੰਦਾ ਹੈ । ਅਗਰ ਮਾੜੇ ਕਰਮ ਖਤਮ ਹੋ ਜਾਣ ਅਤੇ ਚੰਗੇ ਕਰਮ ਬਚਦੇ ਹੋਣ ਤਾਂ ਵੀ ਪੁਨਰ ਜਨਮ ਹੋਏਗਾ । ਜੈਨ ਮਤ ਵਿੱਚ ਕਰਮ ਇੱਕ ਤਰ੍ਹਾ ਦੀ ਧੂੜ ਹੈ ਜੋ ਜੀਵ ਦੀ ਆਤਮਾ ਨੂੰ ਉਸ ਦੇ ਕੰਮਾ, ਵਰਤਾਰੇ ਅਨੁਸਾਰ ਲਗਦੀ ਜਾਂਦੀ ਹੈ । ਆਪਣੇ ਆਪ ਵਿੱਚ ਇਸ ਧੂੜ ਦੀ ਕੋਈ ਅਹਿਮੀਅਤ ਨਹੀ ਪਰ ਜਦੋਂ ਇਹ ਕਿਸੇ ਜੀਵ ਦੀ ਰੂਹ ਨਾਲ ਚਿੰਬੜ ਜਾਂਦੀ ਹੈ ਤਾਂ ਉਸ ਜੀਵ ਨੂੰ ਆਵਾਗਵਣ ਦੇ ਚੱਕ੍ਰ ਵਿੱਚ ਪਾ ਦਿੰਦੀ ਹੈ । ਮਾੜੇ ਕਰਮ ਕਰਕੇ ਇੱਕ ਤਰ੍ਹਾਂ ਦੇ ਭੈੜੇ ਚੱਕ੍ਰਵਿਹੂ ਵਿੱਚ ਫਸਣ ਵਾਲੀ ਗਲ ਹੈ ਕਿਉਂਕਿ ਮਾੜੇ ਕਰਮ ਹੋਰ ਮਾੜੇ ਕਰਮ ਕਮਾਉਣ ਲਗ ਪੈਂਦੇ ਨੇ । ਆਪਣੇ ਪ੍ਰਭਾਵ ਅਨੁਸਾਰ ਕਰਮ ਅੱਠ ਤਰ੍ਹਾਂ ਦੇ ਮੰਨੇ ਗਏ ਨੇ । ਚਾਰ ਚੰਗੇ ਅਤੇ ਚਾਰ ਮੰਦੇ । ਮੰਦੇ ਕੰਮ ਹਨ – ਜੀਵ ਨੂੰ ਭਰਮ ਜਾਲ ਵਿੱਚ ਪਾਉਣ, ਜੀਵ ਨੁੰ ਗਿਆਨ ਗ੍ਰਹਿਣ ਕਰਨ ਵਿਚ ਰੁਕਾਵਟ ਹੋਣ, ਜੀਵ ਦੇ ਅਨੁਭਵ ਵਿੱਚ ਰੁਕਾਵਟ ਪਾਉਣ ਅਤੇ ਜੀਵ ਨੂੰ ਚੰਗੇ ਕਰਮ ਕਰਨ ਵਿੱਚ ਰੁਕਾਵਟ ਹੋਣ।ਚੰਗੇ ਕਰਮ ਹਨ – ਜੀਵ ਨੂੰ ਚੰਗੇ ਮੰਦੇ ਦਾ ਅਹਿਸਾਸ ਕਰਾਉਣ, ਜੀਵ ਦਾ ਅਗਲਾ ਜਨਮ ਨਿਰਧਾਰਤ ਕਰਨ ਵਾਲੇ, ਜੀਵ ਦੇ ਅਗਲੇ ਜਨਮ ਦੀ ਉਮਰ ਨਿਰਧਾਰਤ ਕਰਨ, ਅਗਲੇ ਜਨਮ ਦਾ ਰੁਤਬਾ ਨਿਰਧਾਰਤ ਕਰਨ ਵਾਲੇ।ਬੁਧ ਧਰਮ ਦੀ ਤਰ੍ਹਾਂ ਜੈਨ ਧਰਮ ਵਿੱਚ ਵੀ ਪੁਨਰ ਜਨਮ ਲਈ ਕਈ ਪ੍ਰਕਾਰ ਦੀਆਂ ਗਤੀਆਂ ਮੰਨੀਆਂ ਗਈਆ ਹਨ । ਜੈਨ ਧਰਮ ਵਿੱਚ ਇਹ ਚਾਰ ਪ੍ਰਮੁਖ ਹਨ।ਦੇਵ, ਮਾਨਸ, ਨਰਕੀ ਅਤੇ ਤਿਰੀਅੰਕਾ (Tiryanca) । ਆਪਣੇ ਕੀਤੇ ਕਰਮਾਂ ਅਨੁਸਾਰ ਪ੍ਰਾਣੀ ਇਹਨਾਂ ਗਤੀਆਂ ਵਿੱਚ ਵਿਚਰਦੇ ਹਨ । ਇਹਨਾਂ ਗਤੀਆਂ ਦੀ ਅਗੇ ਹੋਰ ਉਪ ਵੰਡ ਅਤੇ ਉਪ ਵੰਡ ਦੀ ਹੋਰ ਵੀ ਛੋਟੀ ਵੰਡ ਕੀਤੀ ਮਿਲਦੀ ਹੈ । ਪ੍ਰਾਣੀ ਇਹਨਾਂ ਗਤੀਆਂ ਵਿੱਚ 84 ਲੱਖ ਜੂਨਾਂ ਦਾ ਚੱਕ੍ਰ ਕੱਟਦਾ ਹੈ । ਜੈਨ ਧਰਮ ਵਿੱਚ ਮੁਕਤੀ ਪ੍ਰਾਪਤੀ ਲਈ ਕੀਤੇ ਕਰਮਾ ਦੀ ਧੂੜ ਤੋਂ ਛੁਟਕਾਰ ਪਾਉਣਾ ਜ਼ਰੂਰੀ ਹੈ । ਅਹਿੰਸਾ, ਤਪ, ਸਾਧਨਾ, ਗਿਆਨ ਅਤੇ ਅਨੁਸ਼ਾਸਨ ਕਰਮਾਂ ਤੋ ਅਜਾਦੀ ਲਈ ਸਹਾਈ ਹੁਦੇ ਨੇ । ਖੁਦਗਰਜ਼ੀ ਅਤੇ ਹਿੰਸਾ ਨਾਲ ਮਾੜੇ ਕਰਮ ਵਧਦੇ ਨੇ । ਜਦੋ ਕਰਮਾਂ ਦੀ ਧੂੜ ਆਤਮਾ ਤੋਂ ਲੱਥ ਜਾਂਦੀ ਹੈ ਤਾਂ ਇਹ ਹਲਕੀ ਫੁਲਕੀ ਹੋ ਬ੍ਰਹਿਮੰਡ ਦੇ ਉਪਰਲੇ ਅਰਸ਼ਾਂ ਵਿੱਚ ਜਾ ਵਸਦੀ ਹੈ ।

ਮੱਧ ਪੂਰਬ ਦੇ ਧਰਮ

ਉਪਰ ਦਿੱਤੇ ਤਿੰਨੇ ਧਰਮ ਭਾਰਤੀ ਉਪ ਮਹਾਂ ਦੀਪ ਵਿੱਚ ਪੈਦਾ ਹੋਏ ਹਨ ਅਤੇ ਇੱਕ ਤਰ੍ਹਾ ਨਾਲ ਸਿੱਖ ਧਰਮ ਦੇ ਗੁਆਂਡੀ ਹਨ । ਅਗਰ ਅਸੀਂ ਥੋੜਾ ਪੱਛਮ ਵੱਲ ਜਾਈਏ ਤਾਂ ਮੱਧ ਪੂਰਬ ਦੇ ਇਲਾਕੇ ਵਿੱਚ ਜਨਮੇ ਚਾਰ ਵੱਡੇ ਧਰਮ ਮਿਲਦੇ ਨੇ । ਪਾਰਸੀ, ਯਹੂਦੀ, ਈਸਾਈ ਅਤੇ ਇਸਲਾਮ । ਇਹ ਸਾਰੇ ਧਰਮ ਇੱਕ ਰੱਬ ਨੂੰ ਮੰਨਣ ਵਾਲੇ ਹਨ ਅਤੇ ਇਹਨਾ ਦੇ ਫਲਸਫੇ ਦਾ ਤਰਕ ਲੰਬਕਾਰੀ ਜਾ ਸਿੱਧੀ ਖੜਵੀਂ ਲਕੀਰ ਦੀ ਤਰ੍ਹਾਂ ਹੈ । ਇਹਨਾਂ ਧਰਮਾਂ ਵਿੱਚ ਆਤਮਾ ਜਾਂ ਰੂਹ ਨੂੰ ਤਾਂ ਮਾਨਤਾ ਦਿੱਤੀ ਗਈ ਹੈ ਪਰ ਇਹ ਪੁਨਰ ਜਨਮ ਨੂੰ ਨਹੀਂ ਮੰਨਦੇ । ਥੋੜੇ ਬਹੁਤ ਫਰਕ ਨਾਲ ਇਹਨਾਂ ਧਰਮਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਜਦੋਂ ਪਰਲੋ ਆਏਗੀ ਤਾਂ ਕਿਆਮਤ ਦਾ ਦਿਨ ਆਏਗਾ ਉਦੋਂ ਸਾਰੀਆ ਰੂਹਾਂ ਮੁੜ ਕਾਇਮ (ਜੀਉਂਦੀਆਂ) ਹੋਣਗੀਆਂ ਅਤੇ ਉਹਨਾਂ ਦਾ ਲੇਖਾ ਜੋਖਾ ਕਰ ਕਿਸੇ ਨੂੰ ਸਵਰਗ ਤੇ ਕਿਸੇ ਨੂੰ ਨਰਕ ਵਿੱਚ ਭੇਜਿਆ ਜਾਵੇਗਾ ।

ਇਸ ਦੇ ਉਲਟ ਭਾਰਤੀ ਉਪ ਮਹਾਂ ਦੀਪ ਵਿੱਚ ਜਨਮੇ ਧਰਮਾਂ ਦੇ ਫਲਸਫੇ ਦਾ ਤਰਕ ਗੋਲਕਾਰੀ ਹੈ । ਭਾਵ ਜੀਵ ਜਨਮ-ਮਰਨ ਅਤੇ ਫਿਰ ਜਨਮ ਮਰਨ ਦੇ ਇੱਕ ਚੱਕਰ ਵਿੱਚ ਘੁੰਮਦੇ ਦਰਸਾਏ ਗਏ ਨੇ । ਜਦ ਕਿ ਮੱਧ ਪੂਰਬ ਦੇ ਧਰਮ ਇੱਕ ਜਨਮ ਤੋਂ ਤੁਰ ਮੌਤ ਤੇ ਸਮਾਪਤੀ ਕਰ ਦਿੰਦੇ ਨੇ । ਸਿੱਖ ਧਰਮ ਇਹਨਾਂ ਦੋਨਾਂ ਨਾਲ ਪੂਰੇ ਤੌਰ ਤੇ ਨਹੀਂ ਮਿਲਦਾ । ਜਨਮ ਮੌਤ ਦਾ ਨਿਰੰਤਰ ਚੱਕਰ ਕਰਤੇ ਦੀ ਇੱਕ ਖੇਡ ਹੈ । ਪਰ ਉਹ ਇਸ ਖੇਡ ਨੂੰ ਉਹ ਜਦੋਂ ਚਾਹੇ ਸਮਾਪਤ ਕਰ ਲੈਂਦਾ ਹੈ ਅਤੇ ਕਈ ਵਾਰ ਸਮਾਪਤ ਕਰ ਫਿਰ ਸ਼ੁਰੂ ਕਰ ਚੁਕਾ ਹੈ । ਅਗੇ ਚਲ ਕਿ ਅਸੀਂ ਦੇਖਾਂਗੇ ਕਿ ਸਿਖ ਧਰਮ ਦਾ ਨਜ਼ਰੀਆਂ ਧਰਮਾਂ ਨਾਲੋਂ ਵਿਗਿਆਨ ਦੇ ਜ਼ਿਆਦਾ ਨੇੜੇ ਹੈ ।

ਆਵਾਗਵਣ ਅਤੇ ਗੁਰਬਾਣੀ

ਉੱਪਰ ਦਿੱਤੀ ਵਿਚਾਰ ਤੋਂ ਆਵਾਗਵਣ ਦੇ ਸਿਧਾਂਤ ਵਾਰੇ ਕੁਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ । ਆਪਾਂ ਉਹਨਾਂ ਗੱਲਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਇਹ ਨਿਰਣਾ ਕਰ ਸਕਦੇ ਹਾਂ ਕਿ ਗੁਰਬਾਣੀ ਇਹਨਾਂ ਦਾ ਖੰਡਣ ਕਰਦੀ ਹੈ ਜਾਂ ਮੰਡਣ ਕਰਦੀ ਹੈ ਜਾਂ ਫਿਰ ਆਪਣਾ ਨਿਵੇਕਲਾ ਸਿਧਾਂਤ ਪੇਸ਼ ਕਰ ਰਹੀ ਹੈ।ਜਨਮ ਤੇ ਮੌਤ ਇੱਕ ਪ੍ਰਤੱਖ ਸਚਾਈ ਹੈ । ਹਰ ਪਲ਼ ਕੁਝ ਜੰਮਦਾ ਤੇ ਮਰਦਾ ਹੈ । ਗੁਰਬਾਣੀ ਇਸ ਸੱਚ ਵਾਰੇ ਕੀ ਕਹਿੰਦੀ ਹੈ । ਕੀ ਆਵਾਗਵਣ ਦਾ ਸਿਧਾਂਤ ਇਸ ਸੱਚ ਦੀਆ ਹੋਰ ਪਰਤਾਂ ਖੋਲਦਾ ਹੈ ਜਾਂ ਇਸ ਦਾ ਮਕਸਦ ਕੁਝ ਹੋਰ ਹੈ । ਆਪਾਂ ਇਸ ਸਭ ਤੇ ਵੀ ਵਿਚਾਰ ਕਰਾਂਗੇ ।

 1. ਜਨਮ ਕਿਉਂ ਹੁੰਦਾ ਹੈ

  ਆਵਾਗਵਣ ਦੇ ਸਿਧਾਂਤ ਅਨੁਸਾਰ ਸੰਸਾਰ ਅੰਦਰ ਜਨਮ ਦਾ ਮੂਲ ਕਾਰਨ ਜੀਵ ਦੇ ਕਰਮ ਹਨ । ਕਰਮ ਹੀ ਜਨਮ ਦਾ ਕਾਰਣ ਬਣਦਾ ਹੈ ਅਤੇ ਕਰਮ ਹੀ ਅਗੇ ਜਨਮ ਮਰਣ ਦੇ ਗੇੜ ਵਿੱਚ ਪਾਉਂਦੇ ਨੇ । ਪਰ ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ । ਗੁਰਬਾਣੀ ਕਰਮ ਨੂੰ ਨਹੀਂ ਬਲਕਿ ਹਉਮੇ ਨੂੰ ਜਨਮ ਦਾ ਫੌਰੀ ਕਾਰਨ ਮੰਨਦੀ ਹੈ । ਹਉਮੇ ਖੁਦ ਕਰਤਾਰ ਦੇ ਹੁਕਮ ਅਧੀਨ ਗਿਣਿਆ ਗਿਆ ਹੈ । ਸਿਧਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ।

  ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
  ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥ (ਪੰਨਾ 946)

  ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਹਨ:

  ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਬਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥ ਪੰਨਾ 466

  ਰਾਗ ਗਉੜੀ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਨੇ ਕਿ ਮਨੁੱਖ ਦਾ ਜਨਮ ਅਤੇ ਮੌਤ ਕਰਤਾਰ ਦਾ ਹੁਕਮ ਹੈ । “ਹੁਕਮੇ ਆਵੈ ਹੁਕਮੇ ਜਾਇ ॥ ਆਗੈ ਪਾਛੈ ਹੁਕਮਿ ਸਮਾਇ ॥” ਪਂਨਾ 151

  ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ੰਿਭੰਨ ਨ ਕੋਇ ॥
  ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥ (ਮਹਲਾ 5, ਪੰਨਾ 251)

  ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਨੂੰ ਬੜੀ ਹੀ ਸਟੀਕ ਦਲੀਲ ਨਾਲ ਰੱਦ ਕੀਤਾ ਗਿਆ ਹੈ ਕਿ ਜਨਮ ਚੰਗੇ ਮਾੜੈ ਕੀਤੇ ਕਰਮਾਂ ਕਾਰਨ ਹੁੰਦਾ ਹੈ । ਗੁਰੂ ਸਾਾਹਿਬ ਪੁਛਦੇ ਨੇ ਕਿ ਜਦੋਂ ਕੁਝ ਵੀ ਨਹੀਂ ਸੀ ਭਾਵ ਸਿ੍ਰਸ਼ਟੀ ਹਾਲੇ ਬਣੀ ਹੀ ਨਹੀਂ ਸੀ, ਉਦੋਂ ਕਿਹੜੇ ਕਰਮਾਂ ਕਾਰਨ ਮਨੁੱਖ ਦਾ ਜਨਮ ਹੋਇਆ ਹੋਵੇਗਾ । ਗੁਰੂ ਨਾਨਕ ਸਾਹਿਬ ਮਾਰੂ ਰਾਗ ਕਹਿੰਦੇ ਨੇ ਕਿ ਜਦੋਂ ਅਰਬਦ ਨਰਬਦ ਸਾਲ ਪਹਿਲਾਂ ਸਿਰਫ ਧੁੰਧੂਕਾਰ ਹੀ ਸੀ ਉਦੋਂ ਤਾਂ ਕਿਸੇ ਕਰਮ ਧਰਮ ਦੀ ਹੋਂਦ ਹੀ ਨਹੀਂ ਸੀ ।

  ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥ ਪੰਨਾ 1035

  ਜਦੋਂ ਕਰਮ ਦੀ ਹੋਂਦ ਹੀ ਨਹੀਂ ਸੀ ਤਾਂ ਫਿਰ ਜਦੋਂ ਪਹਿਲੇ ਮਨੁੱਖ ਦਾ ਜਨਮ ਹੋਇਆ ਹੋਵੇਗਾ ਉਹ ਕਿਹੜੇ ਕਰਮਾਂ ਕਰਕੇ ਹੋਇਆ ਸੀ । ਜਦੋਂ ਸਿ੍ਰਸ਼ਟੀ ਦੀ ਰਚਨਾ ਹੀ ਨਹੀ ਸੀ ਹੋਈ ਉਦੋਂ ਪਾਪ ਪੁੰਨ ਕੌਣ ਕਰਦਾ ਸੀ । ਫਿਰ ਜੂਨੀਆ ਦਾ ਚੱਕ੍ਰ ਕਿਵੇਂ ਸ਼ੁਰੂ ਹੋ ਗਿਆ । “ਜਬ ਅਕਾਰੁ ਇਹੁ ਕਛੁ ਨ ਦਿ੍ਰਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥” ਪੰਨਾ 290 । ਇਸੇ ਕਰਕੇ ਗੁਰੂ ਅਰਜਨ ਸਾਹਿਬ ਸਵਾਲ ਕਰਦੇ ਨੇ ਕਿ

  ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾਾ ਖੇਲੁ ਆਪਿ ਕਰ ਦੇਖੈ ਠਾਕੁਰਿ ਰਚਿਨ ਰਚਾਇਆ ॥ ਪੰਨਾ 748

  ਕਬੀਰ ਸਾਹਿਬ ਪੁਛਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਪੰਜਾ ਤੱਤਾਂ ਦਾ ਸਰੀਰ ਬਣਿਆਂ ਅਤੇ ਕਰਮਾਂ ਦਾ ਬੱਧਾ ਜੀਵ ਹੈ । ਪਰ ਇਹ ਪੰਜ ਤੱਤ ਕਿਥੋਂ ਆਏ ਅਤੇ ਕਰਮ ਕੀਹਨੇ ਬਣਾਏ ।

  ਪੰਚ ਤਤੁ ਮਿਲਿ ਕਾਇਆ ਕੀਨਹੀ ਤਤੁ ਕਹਾ ਤੇ ਕੀਨੁ ਰੇ ॥ ਕਰਮ ਬਧ ਤੁਮ ਜੀਉ ਕਹਤ ਹੋ ਕਰਮਹਿ ਕਿਨਿ ਜੀਉ ਦੀਨੁ ਰੇ ॥ ਪੰਨਾ 870

  ਗੁਰੂ ਸਾਹਿਬ ਆਪਣੀ ਦਲੀਲ ਰਾਹੀਂ ਸਾਡੀ ਸੋਚ ਨੂੰ ਦੂਰ ੳਸ ਦਿਸਹੱਦੇ ਤੱਕ ਜਾਣ ਲਈ ਪ੍ਰੇਰਦੇ ਨੇ ਜਿਥੋਂ ਕਾਇਨਾਤ ਦੀ ਸ਼ੁਰੂਆਤ ਹੂੰਦੀ ਹੈ ਤਾਂ ਜੋ ਗੱਲ ਪੂਰੀ ਸਪੱਸ਼ਟ ਹੋ ਜਾਏ।ਜਦੋਂ ਧਰਤੀ ਤੇ ਕੋਈ ਜੀਵ ਹੈ ਹੀ ਨਹੀਂ ਸੀ ਉਦੋਂ ਜੀਵ ਨੂੰ ਕਿਸ ਤਰ੍ਹਾਂ ਪੈਦਾ ਹੋਇਆ ਹੋਵੇਗਾ । “ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥” ਗੁਰੂ ਸਾਹਿਬ ਆਪਣੇ ਸਵਾਲਾਂ ਦਾ ਜਵਾਬ ਵੀ ਨਾਲ ਹੀ ਦੇ ਰਹੇ ਨੇ ਕਿ ਇਹ ਸਭ ਕਰਤਾਰ ਦੇ ਹੁਕਮ ਅਧੀਨ ਹੋ ਰਿਹਾ ਹੈ ਅਤੇ ਅੱਸ਼ ਅੱਸ਼ ਕਰ ਉੱਠਦੇ ਨੇ ਕਿ ਦੇਖੋ “ਕਵਨ ਮੂਲ ਤੇ ਕਿਆ ਪ੍ਰਗਟਾਇਆ॥” ਪੰਨਾ 1146 । ਗੁਰਬਾਣੀ ਪੈਰ ਪੈਰ ਤੇ ਕਰਤਾਰ ਦੀ ਕੁਦਰਤ ਦੇ ਬਲਿਹਾਰੇ ਜਾਂਦੀ ਹੈ ।

  ਗੁਰਬਾਣੀ ਦਾ ਜਨਮ ਅਤੇ ਮੌਤ ਵਾਰੇ ਪੈਂਤੜਾ ਵਿਗਿਆਨਿਕ ਸੋਚ ਨਾਲ ਮੇਲ ਖਾਂਦਾ ਹੈ । ਜਨਮ ਅਤੇ ਮੌਤ ਕੁਦਰਤ ਦੇ ਇਕ ਬੱਧੇ ਨਿਯਮ ਅਧੀਨ ਵਾਪਰ ਰਹੇ ਨੇ । ਅਗਰ ਮੌਤ ਨਾ ਹੋਵੇ ਤਾਂ ਵੀ ਅਗਰ ਜਨਮ ਨ ਹੋਵੇ ਤਾਂ ਵੀ ਇਸ ਸੰਸਾਰ ਵਿੱਚ ਗਦਰ ਅਤੇ ਅਰਾਜਕਤਾ ਫੈਲ ਜਾਏਗੀ । ਚਾਰਲਸ ਡਾਰਵਿਨ (Charles Darwin) ਆਪਣੀ ਕਿਤਾਬ ਔਰਿਜਨ ਆਫ ਸਪੀਸੀਜ਼ (Origin of Species) ਵਿੱਚ ਲਿਖਦਾ ਹੈ ਕਿ “There is no exception to the rule that every organic being increases at so high a rate, that if not destroyed, the earth would soon be covered by the progeny of a single pair.”8 ਮੌਤ ਜਿੰਦਗੀ ਲਈ ਜ਼ਰੂਰੀ ਹੈ । “ਜੋ ਦੀਸੈ ਸੋ ਉਪਜੈ ਬਿਨਸੈ” (ਪੰਨਾ 352) ਮੁਤਾਬਿਕ ਕੁਦਰਤ ਦਾ ਕਿਆ ਸੋਹਣਾ ਵਿਧਾਨ ਹੈ ਕਿ ਆਪਣੀ ਹਉਮੇ ਕਾਰਨ ਸਾਰੇ ਜੀਵ ਜੰਤ ਪੇੜ ਪੌਦੇ ਕੀੜੇ ਪਤੰਗੇ ਇਸ ਸੰਸਾਰ ਵਿੱਚ ਪੈਦਾ ਹੋ ਰਹੇ ਨੇ ਅਤੇ ਇਕ ਦੂਜੈ ਦਾ ਅਹਾਰ ਕਰ ਮੌਤ ਵੀ ਸਿਰਜ ਰਹੇ ਨੇ । “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥” ਪੰਨਾ 955 ।9 ਸ਼ੇਰ ਗਾਂ ਨੂੰ ਖਾਦਾ ਹੈ । ਗਾਂ ਘਾਹ ਛੱਕਦੀ ਹੀ । ਪੰਛੀ ਰੋਜ਼ਾਨਾ ਸੈਂਕੜੈ ਕੀੜੇ ਪਤੰਗੇ ਖਾ ਜਾਂਦੇ ਨੇ ਅਤੇ ਜਾਨਵਰ ਇਹਨਾਂ ਪੰਛੀਆਂ ਨੂੰ ਖਾ ਜਾਂਦੇ ਨੇ । ਆਪਣੇ ਘਰ ਦੇ ਪਿਛਵਾੜੇ ਜਾਂ ਆਪਣੇ ਖੇਤ ਦੇ ਬੰਨੇ ਖੜ ਕੇ ਜਰਾ ਨਜ਼ਾਰਾ ਦੇਖੋ ਕਿਵੇਂ ਪੰਛੀ ਕੀੜੇ ਮਕੌੜਿਆਂ ਦਾ ਅਹਾਰ ਕਰ ਰਹੇ ਨੇ । ਜਿਸ ਨੂੰ ਡਾਰਵਿਨ ਆਪਣੀ ਉਪਰੋਕਿਤ ਕਿਤਾਬ ਵਿੱਚ ਜੀਣ ਦੀ ਜਦੋ ਜਹਦ (Struggle for Existence) ਆਖਦਾ ਹੈ ਗੁਰਬਾਣੀ ਉਸਨੂੰ ਹਉਮੇ ਦੱਸਦੀ ਹੈ । ਅਕਾਲ ਪੁਰਖ ਦੇ ਹੁਕਮ ਦਾ ਇਹ ਵਿਧਾਨ ਹੈ ਕਿ ਹਰ ਜੀਵ ਆਪਣੀ ਹੋਂਦ ਨੂੰ ਬਚਾਉਣ ਦੀ ਜਦੋ ਜਹਦ ਵਿੱਚ ਸੁੱਟਿਆ ਹੋਇਆ ਹੈ । ਇਸ ਜਦੋ ਜਹਦ ਪਿੱਛੇ ਤਾਕਤ ਉਸਦੀ ਹਉਮੇ ਹੈ । ਆਪਣੀ ਹੋਂਦ ਨੂੰ ਬਚਾਉਂਦਾ ਦੂਜਿਆ ਦੀ ਹੋਂਦ ਵੀ ਖਤਮ ਕਰਦਾ ਹੈ । ਅਗਰ ਮਨੁੱਖ ਦੀ ਹਉਮੇ ਨੂੰ ਕਦੇ ਘਾਤਕ ਸੱਟ ਵੱਜੇ ਤਾਂ ਉਹ ਖੁਦਕਸ਼ੀ ਵੀ ਕਰ ਲੈਂਦਾ ਹੈ । ਇਹ ਵੀ ਇੱਕ ਵਿਗਿਆਨਿਕ ਸਚਾਈ ਹੈ ਜੋ ਸਾਬਤ ਕਰਦੀ ਹੈ ਕਿ ਮਨੁੱਖ ਦੀ ਹਉੇਮੇ ਹੀ ਉਸ ਨੂੰ ਜਿੰਦਾ ਰੱਖ ਰਹੀ ਹੈ ।
 2. ਕਰਮਾਂ ਦਾ ਕਰਜ਼ ਅਤੇ ਪੂੰਜੀ

  ਆਵਾਗਵਣ ਦੇ ਸਿਧਾਂਤ ਅੰਦਰ ਮਨੁੱਖ ਦੇ ਕੀਤੇ ਕਰਮ ਇੱਕ ਤਰ੍ਹਾਂ ਦਾ ਕਰਜ਼ ਜਾਂ ਜਮਾਂ ਪੂੰਜੀ ਨੇ ਜੋ ਇੱਕ ਜਨਮ ਤੋਂ ਦੂਜੇ ਜਨਮ ਵਿੱਚ ਵੀ ਮਨੁੱਖ ਦੇ ਨਾਲ ਹੀ ਜਾਂਦੇ ਨੇ । ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ ਹੈ । ਆਵਾਗਵਣ ਅਨੁਸਾਰ ਇਹ ਕਰਜ਼ ਚੁਕਾਉਣ ਲਈ ਜਾਂ ਜਮਾਂ ਪੂੰਜੀ ਦਾ ਭੁਗਤਾਨ ਹਾਸਲ ਕਰਨ ਲਈ ਹੀ ਮਨੁੱਖ ਭਿੰਨ ਭਿੰਨ ਜੂਨੀਆਂ ਵਿੱਚ ਭਟਕਦਾ ਅਤੇ ਦੁੱਖ ਸੁੁੱਖ ਪਉਂਦਾ ਹੈ । ਇਸ ਲਈ ਹਿੰਦੂ ਧਰਮ ਵਿੱਚ ਤਾਂ ਖਾਸ ਕਰਮ ਵੀ ਖਾਸ ਮਨੋਰਥ ਪ੍ਰਾਪਤੀ ਲਈ ਮਿਥੇ ਗਏ ਨੇ।ਇਹ ਸਭ ਕੁਝ ਇਸ ਮਨੌਤ ਤੇ ਟਿਕਿਆ ਹੋਇਆ ਹੈ ਕਿ ਮਨੁੱਖ ਇਹ ਜਾਨਣ ਦੇ ਕਾਬਲ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੇ । ਹਿੰਦੂ ਧਰਮ ਵਿੱਚ ਤਾਂ ਇਥੋਂ ਤਕ ਵੀ ਲਿਖਿਆ ਮਿਲਦਾ ਹੈ ਕਿ ਕਿਹੜੇ ਕਰਮ ਦੀ ਕਿਹੜੀ ਸਜ਼ਾ ਜਾਂ ਇਨਾਮ ਅਗਲੇ ਜਨਮ ਵਿੱਚ ਮਿਲਦੀ ਹੈ । ਮਨੁੱਖ ਦਾ ਨਰ ਜਾਂ ਮਾਦਾ ਹੋਣਾ ਵੀ ਪਿਛਲੇ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ । ਇਸ ਗੱਲ ਦੇ ਸਹਾਰੇ ਪੁਜਾਰੀ ਜਾਂ ਹਾਕਮ ਧਿਰ ਹਮੇਸ਼ਾਂ ਮਨਚਾਹੀਆਂ ਕਰਨ ਵਿੱਚ ਕਾਮਯਾਬ ਰਹੀ ਹੈ।ਇਸਲਾਮ ਵਿੱਚ ਤਾਂ ਇਹ ਵੀ ਮੰਨਿਆ ਗਿਆ ਹੈ ਕਿ ਅਗਰ ਕੋਈ ਸ਼ਹੀਦ ਹੁੰਦਾ ਹੈ ਤਾਂ ਉਸ ਦਾ ਬਹਿਸ਼ਤ ਵਿੱਚ ਹੂਰਾਂ ਇੰਤਜ਼ਾਰ ਕਰਦੀਆਂ ਹਨ । ਬੇਅੰਤ ਲੋਕ ਸਿਰਫ ਇਸ ਲਾਲਚ ਨੂੰ ਹੀ ਸ਼ਹੀਦ ਹੋ ਜਾਂਦੇ ਨੇ । ਹਿੰਦੂ ਧਰਮ ਵਿੱਚ ਅਗਲੇ ਜਨਮ ਦੇ ਸੁਖ ਲਈ ਲੋਕ ਆਪਣੇ ਆਪ ਨੂੰ ਆਰੇ ਨਾਲ ਚੁਰਵਾਉਂਦੇ ਰਹੇ ਨੇ । ਗੁਰੂ ਨਾਨਕ ਸਾਹਿਬ ਜਪ ਦੇ ਸ਼ੁਰੂ ਵਿੱਚ ਹੀ ਇਹ ਆਖਦੇ ਨੇ ਕਿ ਸਾਰੇ ਅਕਾਰ ਹੁਕਮ ਤਹਿਤ ਬਣ ਢਹਿ ਰਹੇ ਨੇ ਭਾਵ ਸਾਰੀ ਉਤਪਤੀ ਅਤੇ ਬਿਨਾਸ ਕਰਤੇ ਦੇ ਹੁਕਮ ਅਨੁਸਾਰ ਹੋ ਰਹੀ ਹੈ । ਪਰ ਨਾਲ ਇਹ ਵੀ ਆਖਦੇ ਨੇ ਕਿ ਇਸ ਹੁਕਮ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ । ਕਹਿਣ ਦਾ ਭਾਵ ਕਲਾਕਾਰ ਨੂੰ ਕ੍ਰਿਤ ਸਿਰਜਦਿਆਂ ਤਾਂ ਸਾਫ ਦੇਖ ਤੇ ਮਹਿਸੂਸ ਕਰ ਸਕਦੇ ਹੋ ਪਰ ਉਹ ਕਿਵੇਂ ਅਤੇ ਕਿਉਂ ਸਿਰਜ ਰਿਹਾ ਹੈ ਇਹ ਭੇਤ ਕਿਸੇ ਨਹੀਂ ਪਾਇਆ । ਮੌਤ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਕੋਈ ਭੇਤ ਨਹੀਂ ਹੈ । ਗੁਰਵਾਕ ਹੈ,

  “ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥” ਪੰਨਾ 648

  ਗੁਰੂ ਨਾਨਕ ਸਾਹਿਬ ਦਾ ਹੀ ਪੰਨਾ 466 ਤੇ ਇੱਕ ਸਲੋਕ “ਮਿਟੀ ਮੁਸਲਮਾਨ ਕੀ …” ਹੈ । ਇਸ ਸਲੋਕ ਵਿੱਚ ਆਪਣੇ ਨਿਵੇਕਲੇ ਅੰਦਾਜ ਵਿੱਚ ਉਹ ਦਸਦੇ ਨੇ ਮੌਤ ਤੋ ਬਾਅਦ ਜੀਵ ਨਾਲ ਕੀ ਹੁੰਦਾ ਹੈ ਇਹ ਤਾਂ ਪਤਾ ਨਹੀ ਪਰ ਜਿਸ ਮਿੱਟੀ ਨਾਲ ਰਲ ਸਰੀਰ ਮਿੱਟੀ ਬਣ ਗਿਆ ਉਹ ਮਿੱਟੀ ਘੁਮਿਆਰ ਦੇ ਆਵੇ ਚ ਅੱਗ ਨਾਲ ਸੜਦੀ ਜ਼ਰੂਰ ਦੇਖੀ ਜਾ ਸਕਦੀ ਹੈ ।

  ਕਰਮਾਂ ਦੇ ਫਲ ਨੂੰ ਅਗਲੇ ਜਨਮ ਵਿੱਚ ਮਿਲਣਾ ਕਹਿਣਾਂ ਅਸਲ ਵਿੱਚ ਬੜੀ ਹੀ ਸ਼ਾਤਰ ਚਾਲ ਹੈ । ਕਰਮਾਂ ਦੇ ਭੰਬਲਭੂਸੇ ਵਿੱਚ ਪਾ ਲੋਕਾਂ ਦੀ ਲੁੱਟ ਖਸੁੱਟ ਕਰਨ ਦਾ ਜਰੀਹਾ ਹੈ ਜੋ ਅੱਜ ਵੀ ਬੇਰੋਕ ਚਲ ਰਿਹਾਂ ਹੈ । ਇਸ ਨਾਲ ਕਰਮਾਂ ਦੀ ਇਸ ਜਨਮ ਵਿੱਚ ਕੋਈ ਅਹਿਮੀਅਤ ਨਹੀਂ ਰਹਿੰਦੀ । ਇਸ ਜਨਮ ਵਿੱਚ ਜੋ ਹੋ ਰਿਹਾ ਹੈ ਉਹ ਪਿਛਲੇ ਜਨਮ ਵਿੱਚ ਕਿਸੇ ਹੋਰ ਸਰੀਰ ਦੇ ਕਰਮ ਸਨ ਅਤੇ ਜੋ ਇਸ ਜਨਮ ਵਿੱਚ ਅਸੀਂ ਕਰ ਰਹੇ ਹਾਂ ਉਹ ਕੋਈ ਹੋਰ ਸਰੀਰ ਭੁਗਤੇਗਾ । ਇਕ ਤਰ੍ਹਾਂ ਨਾਲ ਆਵਾਗਵਣ ਅਨੁਸਾਰ ਤਾਂ ਚੰਗੇ ਮਾੜੇ ਕੰਮ ਕਹਿਣ ਕਰਨ ਦੀਆ ਗੱਲਾਂ ਬਣ ਕੇ ਰਹਿ ਗਏ । ਪਰ ਗੁਰ ਨਾਨਕ ਸਾਹਿਬ ਇਸ ਨੂੰ ਨਕਾਰਦੇ ਹੋਏ ਕਹਿੰਦੇ ਨੇ ਕਿ ਜਨਮ ਅਤੇ ਮੌਤ ਤਾਂ ਕਰਤਾਰ ਦੇ ਹੁਕਮ ਵਿੱਚ ਹੋ ਰਹੇ ਨੇ ਪਰ ਜੋ ਅਸੀ ਇਸ ਜਨਮ ਵਿੱਚ ਕਰਦੇ ਹਾਂ ਉਹ ਆਪ ਹੀ ਭੁਗਤਦੇ ਹਾਂ । “ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕੁ ਹੁਕਮੀ ਆਵਹੁ ਜਾਹੁ ॥” ਪੰਨਾ 4 । ਗੁਰਬਾਣੀ ਵਿੱਚ ਇਸ ਗਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਦੇ ਕੁਝ ਵਸ ਨਹੀਂ ਕਿ ਉਹ ਮਿੱਥ ਕੇ, ਹਠ ਨਾਲ ਕੋਈ ਪ੍ਰਾਪਤੀ ਹਾਸਲ ਕਰ ਸਕੇ । ਗੁਰਵਾਾਕ ਹੈ “ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਹੇ ਕਿਛੁ ਕਰਿ ਸਾਕਹ ਜਿਉ ਭਾਵੈ ਤਿਵੈ ਬਖਸਿ ॥” ਪੰਨਾ 736 । ਪਰ ਕਰਮ ਸਿਧਾਂਤ ਇਸ ਦੇ ਉਲਟ ਹਠ ਨਾਲ ਪ੍ਰਾਪਤੀ ਤੇ ਜ਼ੋਰ ਦਿੰਦਾ ਹੈ । ਗੁਰਬਾਣੀ ਅਨੁਸਾਰ ਅਜਿਹੇ ਕਰਮਾਂ ਦਾ ਕੋਈ ਲਾਭ ਨਹੀਂ ਮਿਲਦਾ । ਇਹ ਤਾਂ ਰੇਤ ਦੇ ਮਹਿਲ ਉਸਾਰਣ ਵਾਲੀ ਗਲ ਹੈ । “ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥” ਪੰਨਾ 835 । ਗੁਰਬਾਣੀ ਅਨੁਸਾਰ ਹੱਠ ਨਾਲ ਕੀਤੇ ਕਰਮ ਹਉਮੇ ਨੂੰ ਤੂਲ ਦਿੰਦੇ ਨੇ ਅਤੇ ੳਲਟਾ ਆਵਾਗਵਣ ਦੇ ਚੱਕਰ ਵਿੱਚ ਪਾਉਂਦੇ ਨੇ । “ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥” ਪੰਨਾ 1314 । ਇਸੇ ਕਰਕੇ ਗੁਰਬਾਣੀ ਵਿੱਚ ਸਿਰਫ ਹੁਕਮ ਅਨੁਸਾਰ ਜ਼ਿੰਦਗੀ ਜੀਉਣ ਤੋਂ ਬਿਨਾ ਹੋਰ ਕੋਈ ਕਰਮ ਕਾਂਡ ਕਰਨ ਦੀ ਹਦਾਇਤ ਨਹੀਂ ਹੈ । ਗੁਰੂ ਨਾਨਕ ਸਾਹਿਬ ਦੇ ਬਚਨ ਹਨ “ਐਥੈ ੳਥੈ ਨਿਬਹੀ ਨਾਲ । ਵਿਣ ਨਾਵੈ ਹੋਰਿ ਕਰਮ ਨ ਭਾਲਿ ॥” ਪੰਨਾ 355 । “ੳਥੈ” ਦਾ ਭਾਵ ਕੋਈ ਅਗਲਾ ਜਨਮ ਨਹੀਂ ਹੋ ਸਕਦਾ ਕਿਉਂਕਿ ਗੁਰੂ ਇਸ ਕਰਮ ਨੂੰ ਸਰੀਰ ਅੰਦਰ ਬੀਜਣ ਦੀ ਗਲ ਕਰਦੇ ਨੇ । ਗੁਰਵਾਕ ਹੈ “ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਜਾਮੈ ਹਰਿਆ ਖੇਤ ॥” ਅਤੇ ਆਪਣੇ ਮਨ ਨੂੰ ਬੈਲ ਬਣਾ ਇਸ ਫਸਲ ਨੂੰ ਪਾਣੀ ਦੇਣ ਦੀ ਹਦਾਇਤ ਹੈ।ਗੁਰੂ ਕਹਿੰਦੇ ਨੇ “ਮਨੂਆ ਅਸਿਥਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥” ਪੰਨਾ 368 । ਗੁਰੂ ਇਹ ਗਲ ਹੋਰ ਵੀ ਸਪਸ਼ਟ ਕਰ ਦਿੰਦੇ ਨੇ ਜਦੋਂ ਪੰਨਾ 730 ਤੇ ਕਹਿੰਦੇ ਨੇ “ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥” ਧਾਰਮਕ ਕੰਮ ਜਾਣੀ ਪੁੰਨ ਦਾਨ, ਪੂਜਾ ਪਾਠ, ਅਖੰਡ ਪਾਠ ਆਦਿ ਨੂੰ ਗੁਰੂ ਪ੍ਰਵਾਨਗੀ ਨਹੀ ਦੇ ਰਹੇ ਜਦੋਂ ਉਹ ਕਹਿੰਦੇ ਨੇ “ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰ” ਪੰਨਾ 405 । “ਨਾਮੁ ਅਚਾਰ” ਦਾ ਭਾਵ ਹੈ ਹੁਕਮ ਵਿੱਚ ਜੀਵਨ ਜੀਉਂਦਿਆਂ ਬਣਿਆ ਅਚਾਰ ਵਿਉਹਾਰ।ਕਰਮ ਨੂੰ ਗੁਰਬਾਣੀ ਵਿੱਚ ਗਿਆਨ ਪ੍ਰਾਪਤੀ ਦਾ ਸਾਧਨ ਦੱਸਿਆ ਹੈ।ਜਿਵੇਂ ਫੁਲ ਦੇ ਖਿੜਣ ਦਾ ਮਨੋਰਥ ਫਲ ਲਗਣਾ ਹੈ । ਭਗਤ ਰਵੀਦਾਸ ਜੀ ਦੇ ਬਚਨ ਨੇ “ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥” ਪੰਨਾ 1167 । ਗੁਰੂ ਨਾਨਕ ਸਾਹਿਬ ਬਸੰਤ ਰਾਗ ਵਿੱਚ ਫੁਰਮਾਉਂਦੇ ਨੇ “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥ ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥” ਪੰਨਾ 1168 । ਭਾਵ ਜਦੋਂ ਕਰਮ ਨੂੰ ਗਿਆਨ ਦਾ ਫਲ ਲਗਦਾ ਹੈ ਤਾਂ ਨਾਲ ਹੀ ਹਉਮੇ ਦਾ ਨਾਸ ਹੋ ਇਸ ਰੁਖ ਦੀ ਠੰਡੀ ਸੰਘਣੀ ਛਾਂ ਵੀ ਮਿਲਦੀ ਹੈ । ਕਰਤਾਰ ਨੇ ਸਿ੍ਰਸ਼ਟੀ ਦੀ ਰਚਨਾ ਕਰ ਇਸ ਦਾ ਕਾਰ ਵਿਹਾਰ ਚਲਾਉਣ ਲਈ ਮਾਇਆ ਰਚੀ । ਸਾਰੇ ਜੀਵ ਇਸ ਮਾਇਆ ਦੇ ਅਸਰ ਹੇਠ ਕਰਮ ਕਰਦੇ ਨੇ ਅਤੇ ਉਹ ਦੋ ਪ੍ਰਕਾਰ ਦੇ ਫਲ ਪਰਾਪਤ ਕਰਦੇ ਨੇ । ਅੰਮਿ੍ਰਤ ਅਤੇ ਬਿਖ । “ਨਾਨਕ ਮਾਇਆ ਕਰਮ ਬਿਰਖੁ ਫਲ ਅੰਮਿ੍ਰਤ ਫਲ ਵਿਸੁ ॥ ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥” ਪੰਨਾ 1290 ।
 3. ਆਵਾਗਵਣ-ਇੱਕ ਅਮੁੱਕ ਚੱਕ੍ਰ

  ਆਵਾਗਵਣ ਇੱਕ ਅਮੁੱਕ ਚੱਕਰ ਦੀ ਤਰ੍ਹਾਂ ਹੈ । ਇਸ ਸਿਧਾਂਤ ਦੇ ਹਿਸਾਬ ਨਾਲ ਸਿ੍ਰਸ਼ਟੀ ਦਾ ਕਦੇ ਅੰਤ ਨਹੀਂ ਹੋਇਆ ਤੇ ਨ ਹੀ ਹੋਏਗਾ । ਇਹ ਆਪਣੇ ਆਪ ਵਿੱਚ ਬੜੀ ਹੀ ਤਰਕਹੀਣ ਗੱਲ ਹੈ।ਦੂਜੇ ਇਹ ਸਿ੍ਰਸਟੀ ਦੀ ਰਚਨਾ ਚੋਂ ਕਰਤੇ ਦੀ ਭੂਮਿਕਾ ਨੂੰ ਲਗਭਗ ਖਤਮ ਕਰਨ ਦੇ ਤੁਲ ਹੈ । ਜੀਵ ਆਪਣੇ ਕੀਤੇ ਕਰਮਾਂ ਮੁਤਾਬਿਕ ਵਾਰ ਵਾਰ ਭਿੰਨ ਭਿੰਨ ਜੂਨੀਆਂ ਵਿੱਚ ਜਨਮ ਲੈ ਰਹੇ ਨੇ ਜੋ ਕਦੀ ਵੀ ਨ ਖ਼ਤਮ ਹੋਣ ਵਾਲਾ ਸਿਲਸਿਲਾ ਹੈ । ਅਗਰ ਇਹ ਸਿਲਸਿਲਾ ਖ਼ਤਮ ਹੁੰਦਾ ਹੈ ਤਾਂ ਆਵਾਗਵਣ ਦਾ ਸਿਧਾਂਤ ਆਪਣੇ ਆਪ ਗਲਤ ਸਿੱਧ ਹੋ ਜਾਂਦਾ ਹੈ । ਅਗਰ ਅਸੀ ਇਹ ਮਂਨ ਲਈਏ ਕਿ ਸਿ੍ਰਸ਼ਟੀ ਦਾ ਖਾਤਮਾ ਕਿਸੇ ਇੱਕ ਦਿਨ ਹੋ ਜਾਂਦਾ ਹੈ ਤਾਂ ਉਸ ਦਿਨ ਮਰਨ ਵਾਲੇ ਸਾਰੇ ਜੀਵ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦੀ ਨਾਂ ਤਾਂ ਸਜ਼ਾ ਪਾਉਂਦੇ ਨੇ ਅਤੇ ਨ ਹੀ ਕੋਈ ਲਾਭ ਲੈ ਸਕਦੇ ਨੇ ਕਿੳਕਿ ਉਹਨਾਂ ਦਾ ਅਗਲਾ ਜਨਮ ਤਾਂ ਹੋਇਆ ਹੀ ਨਹੀ । ਇਸੇ ਕਰਕੇ ਆਵਾਗਵਣ ਦਾ ਸਿਧਾਂਤ ਇਕ ਅਮੁੱਕ ਚੱਕ੍ਰ ਹੈ ਜਿਸ ਵਿੱਚ ਸਿ੍ਰਸ਼ਟੀ ਦਾ ਕਦੀ ਵੀ ਖਾਤਮਾ ਨਹੀਂ ਹੁੰਦਾ । ਗੁਰਬਾਣੀ ਇਸ ਗਲ ਨਾਲ ਸਹਿਮਤ ਨਹੀਂ । ਗੁਰਬਾਣੀ ਅਨੁਸਾਰ ਕਰਤਾਰ ਕਦੀ ਵੀ ਸਿ੍ਰਸ਼ਟੀ ਦਾ ਅੰਤ ਕਰ ਸਕਦਾ ਹੈ । ਜੋ ਵੀ ਦਿਸਦਾ ਹੈ ਬਿਨਸਣਹਾਰ ਹੈ । “ਸਗਲ ਪਾਸਾਰੁ ਦੀਸੈ ਪਾਸਾਰਾ ॥ ਬਿਨਸਿ ਜਾਇਗੋ ਸਗਲ ਆਕਾਰਾ ॥” ਪੰਨਾ 237 । ਇਹ ਦਿਸਦਾ ਸੰਸਾਰ ਬਿਨਸਣਹਾਰ ਹੈ ਪਰ ਕਰਤਾਰ ਆਪ ਏਕੰਕਾਰ ਹੈ । ਏਕੰਕਾਰ ਤੋਂ ਹੀ ਉਹ ਆਪ ਬਿਸਥਾਰ ਕਰ ਇਹ ਸਿ੍ਰਸ਼ਟੀ ਬਣਦਾ ਹੈ । “ਕਈ ਵਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥” ਪੰਨਾ 276 । ਹੋਰ ਵੀ ਕਈ ਪ੍ਰਮਾਣ ਗੁਰਬਾਣੀ ਵਿਚ ਮਿਲਦੇ ਨੇ

  ਸਾਂਗੁ ਉਤਾਰਿ ਥੰਮਿਓ ਪਾਸਾਰਾ ॥ ਤਬ ਏਕੋ ਏਕੰਕਾਰਾ ॥ ਪੰਨਾ 736
  ਤਿਸੁ ਭਾਵੇ ਤਾਂ ਕਰੇ ਬਿਸਥਾਰੁ ॥ ਤਿਸੁ ਭਾਵੈ ਤਾਂ ਏਕੰਕਾਰ ॥ ਪੰਨਾ 294
  ਸਿ੍ਰਸਟਿ ਉਪਾਇ ਕੀਆ ਪਾਸਾਰਾ ॥ ਪੰਨਾ 1035
  ਆਪੈ ਥਾਪਿ ਉਥਾਪੇ ਆਪੇ ॥ ਸਚਾ ਹੁਕਮੁ ਸਚਾ ਪਾਸਾਰਾ ਹੋਰ ਹੋਰਨਿ ਹੁਕਮੁ ਨ ਹੋਈ ਹੇ ॥ ਪੰਨਾ 1045

  ਸੋ ਗੁਰਬਾਣੀ ਅਤੇ ਆਵਾਗਵਣ ਇਥੇ ਬਿਲਕੁਲ ਮੇਲ ਨਹੀਂ ਖਾ ਰਹੇ ।
 4. ਜੀਵਆਤਮਾ, ਹੰਸ

  ਆਵਾਗਵਣ ਦਾ ਸਿਧਾਂਤ ਆਤਮਾ (ਬੁਧ ਧਰਮ ਵਿਚ ਅਨਾਤਮਾ) ਜਾਂ ਜੀਵਆਤਮਾ ਦੀ ਹੋਂਦ ਨੂੰ ਮਾਨਤਾ ਦਿੰਦਾ ਹੈ । ਇਹ ਇਸ ਦੀ ਮੁੱਖ ਧਾਰਣਾ ਹੈ । ਦੇਹ ਨੂੰ ਇਸ ਆਤਮਾ ਦਾ ਚੋਲਾ ਕਿਹਾ ਜਾਂਦਾ ਹੈ ਜੋ ਮੌਤ ਵਕਤ ਇਸ ਚੋਲੇ ਨੂੰ ਤਿਆਗ ਦੂਜਾ ਚੋਲਾ ਪਹਿਨ ਲੈਂਦੀ ਹੈ । ਗੁਰਬਾਣੀ ਦੀ ਗੁਰਦਵਾਰਿਆਂ ਅੰਦਰ ਹੁੰਦੀ ਵਿਆਖਿਆ ਵਿੱਚ ਵੀ ਆਤਮਾ, ਜੀਵਆਤਮਾ ਅਤੇ ਰੂਹ ਲਫ਼ਜ਼ ਅਕਸਰ ਸੁਣੇ ਜਾ ਸਕਦੇ ਨੇ । ਪਰ ਇਹ ਇੱਕ ਬੜੀ ਹੀ ਦਿਲਚਸਪ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਆਤਮਾ ਅਤੇ ਰੂਹ ਲਫਜ਼ ਇੱਕ ਵਾਰ ਵੀ ਨਹੀਂ ਆਏ ਜਦ ਕਿ ਇਹ ਦੋਨੋਂ ਲਫਜ਼ ਗੁਰੂ ਸਾਹਿਬ ਵੇਲੇ ਪ੍ਰਚਲਤ ਵੀ ਸਨ । ਆਤਮਾ ਲਫਜ਼ ਕੋਈ 11 ਕੁ ਵਾਰ ਆਇਆ ਹੈ । ਪੰਜ ਵਾਰ ਤੀਜੇ ਗੁਰੂ, ਦੋ ਦੋ ਵਾਰ ਪਹਿਲੇ ਅਤੇ ਦੂਜੇ ਗੁਰੂ ਅਤੇ ਦੋ ਵਾਰ ਭੱਟਾਂ ਦੀ ਬਾਣੀ ਵਿੱਚ । ਪਰ ਇਹ ਇੱਕ ਵਾਰ ਵੀ ਰੂਹ (soul) ਜਾ ਜਵਿਆਤਮਾ ਦੇ ਅਰਥਾਂ ਵਿਚ ਨਹੀ ਆਇਆ । ਹਰ ਜਗ੍ਹਾ ਇਸ ਦੇ ਅਰਥ ਮਨ ਜਾਂ ਸਵੈ (self) ਹੀ ਬਣਦੇ ਢੁਕਦੇ ਹਨ।ਹਾਂ ਦੋ ਜਗ੍ਹਾ ਇਸ ਨਾਲ ਰਾਮ ਅਤੇ ਦੇੳ ਲਗਾ ਕਿ ਰੱਬ ਦੇ ਅਰਥਾਂ ਵਿੱਚ ਜ਼ਰੂਰ ਵਰਤਿਆ ਗਿਆ ਹੈ । ਕੀ ਇਹ ਸਾਡੇ ਲਈ ਬਹੁਤ ਵੱਡਾ ਸਬੂਤ ਨਹੀਂ ਕਿ ਗੁਰਬਾਣੀ ਜੀਵਆਤਮਾ ਤੇ ਅਧਾਰਿਤ ਆਵਾਗਵਣ ਨੂੰ ਨਕਾਰਦੀ ਹੈ । ਆਵਾਗਵਣ ਦੇ ਸਿਧਾਂਤ ਦੀ ਮੁਖ ਧਾਰਣਾ ਹੀ ਗੁਰਬਾਣੀ ਵਿੱਚ ਪ੍ਰਵਾਨ ਨਹੀਂ ਕੀਤੀ ਗਈ । ਇਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ ।

  ਗੁਰੂ ਗ੍ਰੰਥ ਸਾਹਿਬ ਵਿੱਚ ਇਕ ਹੋਰ ਸ਼ਬਦ (ਹੰਸ) ਕਈ ਵਾਰ ਆਉਦਾ ਹੈ ਜਿਸਦੇ ਅਰਥ ਵਿਦਵਾਨ (ਪ੍ਰੋ ਸਾਹਿਬ ਸਿੰਘ ਸਮੇਤ) ਜੀਵਆਤਮਾ ਕਰਦੇ ਨੇ।ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਗੁਰੂ ਸਾਹਿਬ “ਹੰਸ” ਨੂੰ ਜੀਵਆਤਮਾ ਦੇ ਪ੍ਰਤੀਕ ਵਜੋਂ ਵਰਤਦੇ ਹਨ ਤਾਂ ਕੀ ਕਾਰਣ ਹੈ ਉਹਨਾ ਜੀਵਆਤਮਾ ਇੱਕ ਵਾਰ ਵੀ ਨਹੀਂ ਵਰਤਿਆ । ਕੀ ਉਹ ਸਚਮੁਚ ਹੀ ਇਸ ਸ਼ਬਦ ਨੂੰ ਜੀਵਆਤਮਾ ਦੇ ਪ੍ਰਤੀਕ ਵਜੋਂ ਵਰਤ ਰਹੇ ਹਨ ਜਾਂ ਕਿਸੇ ਹੋਰ ਅਰਥਾਂ ਵਿੱਚ।ਆਓ ਜਰਾ ਉਹਨਾਂ ਸ਼ਬਦਾ ਦੇ ਅਰਥਾਂ ਤੇ ਗੌਰ ਕਰੀਏ ਜਿਨ੍ਹਾਂ ਵਿੱਚ “ਹੰਸ” ਲਫਜ਼ ਆਉਂਦਾ ਹੈ । ਗੁਰਬਾਣੀ ਵਿੱਚ ਹੰਸ ਸ਼ਬਦ ਕਈ ਵਾਰ ਆਉਦਾ ਹੈ ਅਤੇ ਇਸ ਦੇ ਅਰਥ ਅਕਸਰ ਇਸ ਤਰ੍ਹਾਂ ਕੀਤੇ ਜਾਂਦੇ ਨੇ ਕਿ ਹੰਸ ਜਾਣੀ ਜੀਵਆਤਮਾ ਮੌਤ ਸਮੇ ਸਰੀਰ ਤਿਆਗ ਉਡਾਰੀ ਮਾਰ ਜਾਂਦਾ ਹੈ । ਭਾਈ ਕਾਹਨ ਸਿੰਘ ਇਸ ਸ਼ਬਦ ਦੇ ਕੋਈ ਪੰਦਰਾ ਕੁ ਅਰਥ ਕਰਦੇ ਨੇ।ਸਭ ਤੋਂ ਪਹਿਲੇ ਨੰਬਰ ਤੇ ਉਹ ਇਸ ਪੰਛੀ ਨੂੰ ਝੂਠ ਸੱਚ ਦਾ ਨਿਤਾਰਾ ਕਰਨ ਵਾਲੇ ਬਿਬੇਕ ਦਾ ਪ੍ਰਤੀਕ ਲਿਖਦੇ ਨੇ ਕਿਉੀਕ ਇਸ ਪੰਛੀ ਦੀ ਚੁੰਝ ਵਿੱਚ ਖਟਾਸ ਹੋਣ ਕਾਰਨ ਜਦੋਂ ਇਹ ਚੁੰਝ ਦੁੱਧ ਵਿੱਚ ਪਾਉਂਦਾ ਹੈ ਤਾਂ ਦੁਧ ਅਤੇ ਪਾਣੀ ਅਲੱਗ ਅਲੱਗ ਹੋ ਜਾਂਦੇ ਨੇ ।7 ਆਉ ਹੁਣ ਅਸਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਇਸ ਸ਼ਬਦ ਦੇ ਅਰਥ ਸਮਝਣ ਦਾ ਯਤਨ ਕਰੀਏ । ਗੁਰ ਨਾਨਕ ਸਾਹਿਬ ਦਾ ਇੱਕ ਸ਼ਬਦ ਪੰਨਾ 137 ਤੇ ਇਸ ਤਰ੍ਹਾਂ ਹੈ ।

  ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੇ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ । ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ।ਬਾਝੁ ਗੁਰੂ ਡੁਬਾ ਸੰਸਾਰ ॥ 2 ॥

  ਪ੍ਰੌ ਸਾਹਿਬ ਸਿੰਘ ਨੇ ਹੰਸ ਵਾਲੀ ਪੰਗਤੀ ਦੇ ਅਰਥ ਕਰਦਿਆਂ ਲਿਖਿਆ ਹੈ “ਜੀਵਆਤਮਾ ਸਰੀਰ ਵਿੱਚੋਂ ਨਿਕਲ ਕੇ ਅਗਾਂਹ ਦੇ ਰਾਹ ਪੁਛਦਾ ਹੈ” । “ਦਸਾਏ” ਦਾ ਅਰਥ ਪੁੱਛਦਾ ਨਹੀਂ ਢੁੱਕਦਾ ਬਲਕਿ ਦੱਸਦਾ ਹੋਣਾ ਚਾਹੀਦਾ ਹੈ । ਅਗਰ ਅਸੀਂ ਦੱਸਦਾ ਅਰਥ ਕਰਦੇ ਹਾਂ ਤਾਂ ਅਗਲੀਆਂ ਪਿਛਲੀਆ ਸਤਰਾਂ ਦੇ ਅਰਥ ਵੀ ਮੇਲ ਖਾਣ ਲਗ ਜਾਂਦੇ ਨੇ । ਪਹਿਲੀ ਸਤਰ ਹੈ “ਗਏ ਸਿਗੀਤ ਪੁਕਾਰੀ ਧਾਹ ॥” ਜੋ ਸਾਂਥੀ ਸਿਵਿਆਂ ਤਕ ਜਾਂਦੇ ਨੇ ਉਹ ਧਾਹੀਂ ਰੋਂਦੇ ਹੇ । ਮਰ ਚੁੱਕਾ ਪ੍ਰਾਣੀ (ੳਡਿਆਂ ਹੰਸੁ) ਉਹਨਾਂ ਨੂੰ ਇੱਕ ਤਰਾਂ ਨਾਲ ਰਾਹ ਦੱਸ ਜਾਂਦਾ ਹੈ (ਕਿ ਸਭ ਦਾ ਅੰਤ ਮੌਤ ਹੈ) ਭਾਵ ਸਿਖਿਆ ਦੇ ਜਾਂਦਾ ਹੈ । ਅਗਰ ਗੁਰੂ ਨਾਨਕ ਸਾਹਿਬ ਦਾ ਇਥੇ ਭਾਵ ਜੀਵਆਤਮਾ ਦੇ ਸਰੀਰ ਛੱਡਣ ਤੋਂ ਹੁੰਦਾ ਤਾਂ ਉਹ ਅਗਲੀ ਸਤਰ ਵਿੱਚ ਇਹ ਨਾ ਕਹਿੰਦੇ ਕਿ ਮਰਨ ਤੋਂ ਬਾਅਦ ਜੀਵਆਤਮਾ ਲਈ ਜੋ ਪਤਲਿ ਕਿਰਿਆ ਕੀਤੀ ਜਾਂਦੀ ਹੈ ਉਹ ਕਾਂ ਹੀ ਖਾਂਦੇ ਨੇ ਭਾਵ ਇਹ ਵਿਅਰਥ ਹੈ । ਇਥੇ ਇੱਕ ਗਲ ਹੋਰ ਨੋਟ ਕਰਨ ਵਾਲੀ ਹੈ ਕਿ ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਵੀ ਕੋਈ ਭੇਦ ਨਹੀਂ । ਇਹ ਕਰਤਾਰ ਦੀ ਖੇਡ ਹੈ । ਸੋ ਇੱਥੇ ਜੀਵਆਤਮ ਦੈ ਸਰੀਰ ਛੱਡਣ ਤੋਂ ਬਾਅਦ ਰਾਹ ਪੁਛਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।

  ਉਪਰ ਵਾਲਾ ਸਲੋਕ ਗੁਰ ਨਾਨਕ ਸਾਹਿਬ ਦਾ ਵਾਰ ਮਾਝ ਕੀ ਦਾ ਪਹਿਲਾ ਸਲੋਕ ਸ਼ੀ । ਇਸੇ ਵਾਰ ਦੀ ਚੌਥੀ ਪੌੜੀ ਵਿਚ ੳੇਹ ਫਿਰ ਇਹ ਸ਼ਬਦ ਵਰਤਦੇ ਨੇ ।

  ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਇਆ ॥ ਮੂਰਖੁ ਭੋਗੈ ਭੋਗੁ ਦੁਖ ਸਬਾਇਆ ॥ ਸੁਖਹੁ ਉਠੇ ਰੋਗ ਪਾਪ ਕਮਾਇਆ ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥ ਮੂਰਖ ਗਣਤ ਗਣਾਇ ਝਗੜਾ ਪਾਇਆ ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ ਕਰਤਾ ਕਰੇ ਸੁ ਹੋਗੁ ਚਲੈ ਚਲਾਇਆ ॥ 4 ॥ ਪਂਨਾ 139

  ਪ੍ਰੋ ਸਾਹਿਬ ਸਿੰਘ ਇਸ ਦੇ ਅਰਥ ਕਰਦਿਆਂ ਲਿਖਦੇ ਨੇ “ਸਰੀਰ ਤੇ ਜੀਵ (ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁਖਾਂ ਜਨਮ ਵਿੱਚ) ਇਕੱਠਾ ਕਰ ਦਿਤਾ ਹੈ । ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ । (ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ । ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ । (ਘੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਕਰ ਕੇ ਜਨਮ ਮਰਨ ਦਾ ਲੰਂਮਾ ਝੰਬੇਲਾ ਸਹੇੜ ਲੈਂਦਾ ਹੈ । (ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ । (ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ।” ਜਦੋਂ ਇਸ ਵਾਰ ਦਾ ੳਹ ਪਉੜੀ-ਵਾਰ ਭਾਵ ਦਿੰਦੇ ਨੇ ਤਾਂ ਇਸ ਪਉੜੀ ਦਾ ਭਾਵ ਇਸ ਤਰ੍ਹਾਂ ਕਰਦੇ ਨੇ, “ਮੂਰਖ ਪਰਾਈ ਵਸਤ ਨੂੰ ਆਪਣੀ ਜਾਣ ਕੇ ਭੋਗਾਂ ਵਿਚ ਪ੍ਰਵਿਰਤ ਹੁੰਦਾ ਹੈ ਤੇ ਦੁਖ ਉਠਾਂਦਾ ਹੈ” । ਇਹ ਦੋਨੋਂ ਅਰਥ ਪੂਰੀ ਤਰ੍ਹਾਂ ਮੇਲ ਵੀ ਨਹੀਂ ਖਾਂਦੇ । ਇਸ ਪੌੜੀ ਦੇ ਅਰਥ ਇਸ ਤਰ੍ਹਾਂ ਬਣਦੇ ਨੇ, “ਜਿਸ ਕਰਤਾਰ ਨੇ ਸਰੀਰ ਅਤੇ ਬਿਬੇਕ ਬੁਧੀ (ਹੰਸ) ਦਾ ਸਜੋਗ ਬਣਾਇਆ ਹੈ।ਉਸੇ ਕਰਤਾਰ ਨੇ (ਮਾਇਆ ਉਪਾ ਕੇ) ਮਨੁੱਖ ਦਾ ਬਿਬੇਕ ਬੁਧ ਤੋਂ ਵਿਛੋੜਾ ਵੀ ਬਣਾ ਦਿੱਤਾ । ਇਸ ਵਿਛੋੜੇ ਕਾਰਨ ਮੂਰਖ ਮਨੁੱਖ ਭੋਗ ਵਿਲਾਸ ਵਿਚ ਖਚਤ ਹੋ ਸੁਖ ਭੋਗਦਾ ਭੋਗਦਾ ਪਾਪ ਕਮਾਉਂਦਾ ਹੈ ਅਤੇ ਰੋਗ ਸਹੇੜਦਾ ਹੈ ਅਤੇ ਦੁਖ ਸੁਖ ਦੇ ਝਗੜੇ ਵਿੱਚ ਪੈ ਜਾਂਦਾ ਹੈ । ਰਿਣਤੀਆਂ ਮਿਣਤੀਆ ਕਰਦਾ ਹੈ ਕਿ ਉਸ ਨੂੰ ਕਿਥੋਂ ਸੁੱਖ ਮਿਲਦਾ ਹੈ ਕਿਥੋਂ ਦੁੱਖ । ਇਸ ਝਗੜੇ ਦਾ ਨਿਬੇੜਾ ਸਤਿਗੁਰ (ਬਿਬੇਕ ਬੁਧ) ਪਾਸ ਹੈ । ਕਰਤਾਰ ਹੀ ਸਭ ਕਰਨ ਵਾਲਾ ਹੈ ।”

  ਗੁਰਬਾਣੀ ਵਿੱਚ ਹੰਸ ਤਿੰਨ੍ਹ ਅਰਥਾਂ ਵਿੱਚ ਵਰਤਿਆ ਮਿਲਦਾ ਹੈ । ਹੰਸ ਪੰਛੀ, ਬਿਬੇਕ ਬੁਧ ਅਤੇ ਮਨੁੱਖ ਦੀ ਮੌਤ । ਕਿਉਂਕਿ ਹੰਸ ਦਾ ਇਕ ਪ੍ਰਚਲਤ ਅਰਥ ਜੀਵਆਤਮਾ ਵੀ ਹੈ ਅਤੇ ਹਿੰਦੂ ਧਰਮ ਵਿੱਚ ਇਹ ਮੰਨਿਆ ਗਿਆ ਹੈ ਕਿ ਮੌਤ ਵੇਲੇ ਜੀਵਆਤਮਾ ਸਰੀਰ ਚੋਂ ਨਿਕਲ ਜਾਂਦੀ ਹੈ ਇਸ ਲਈ ਮਨੱਖ ਦੀ ਮੌਤ ਵੇਲੇ ਇਹ ਮੁਹਾਵਰਾ ਆਮ ਵਰਤਿਆ ਜਾਂਦਾ ਹੈ ਕਿ ਹੰਸ ਉਡ ਗਿਆ ਜਾਂ ਚਲਾ ਗਿਆ । ਹੰਸ ਦੇ ਅਰਥਾਂ ਦੀ ਆਪਾਂ ਇੱਕ ਉਦਾਹਰਣ ਹੋਰ ਲੈਂਦੇ ਹਾਂ । ਇਹ ਰਾਗ ਗੁਜਰੀ ਵਿੱਚ ਗੁਰੂ ਅਮਰਦਾਸ ਦੀ ਵਾਰ ਦੀ ਸੱਤਵੀਂ ਪੋੜੀ ਦਾ ਪਹਿਲਾ ਸਲੋਕ ਹੈ ।

  ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥ ਏਸ ਨੂੰ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆਂ ਨਾਲਿ ਨ ਜਾਇ ॥ ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥ ਹਉ ਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਇ ॥ ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥ ਪੰਨਾ 510

  ਪ੍ਰੌ ਸਾਹਿਬ ਸਿੰਘ ਇਸ ਦੇ ਅਰਥ ਕਰਦਿਆ ਲਿਖਦੇ ਨੇ ਕਿ “ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ ਜਦੋਂ (ਆਖਰ) ਤੁਰਨ ਵੇਲੇ ਇਸ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ ? (ਸਰੀਰੀ ਤਾਂ ਮਿੱਟੀ ਸਮਝੋ) ਗਯਾਨਹੀਣ ਹੈ।ਝੂਠ ਬੋਲ ਬੋਲ ਕੇ ਇਸ ਨੂੰ ਪਾਲਿਆਂ ਆਖਰ ਲੇਖਾ ਜੀਵਆਤਮਾ ਤੋਂ ਹੀ ਮੰਗਿਆ ਜਾਂਦਾ ਹੈ । ਜੀਵਾਤਮਾ ਨੂੰ ਜੇ ਪੁੱਛੇ (ਕਿ ਇਹ ਸਰੀਰ ਪਾਲਣ ਵਿਚ ਹੀ ਕਿਉਂ ਲੱਗਾ ਰਿਹਾ, ਤਾਂ ਇਸ ਦਾ ਉੱਤਰ ਹੈ ਕਿ) ਮੈ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ; ਹੇ ਨਾਨਕ ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ” । ਇਹਨਾਂ ਅਰਥਾਂ ਤੇ ਗੌਰ ਕਰਕੇ ਦੇਖੋ । ਕਈ ਸਵਾਲ ਉੱਠਦੇ ਨੇ ਕਈ ਕੁਸੰਗਤੀਆਂ ਨਜ਼ਰ ਆਉਂਦੀਆਂ ਹਨ।ਸਰੀਰ ਅਤੇ ਆਤਮਾ ਦਾ ਪਿਆਰ ਕੱਚਾ ਹੈ ਕਿੳਂਕਿ ਸਰੀਰ ਮਰਨ ਵੇਲੇ ਆਤਮਾ ਦੇ ਨਾਲ ਨਹੀਂ ਜਾਂਦਾ ਇਸ ਲਈ ਇਸ ਨੂੰ ਝੂਠ ਬੋਲ ਕੇ ਪਾਲਣ ਦਾ ਕੀ ਲਾਭ ? ਆਤਮਾ ਸਰੀਰ ਨੂੰ ਕਿਹੜਾ ਝੂਠ ਬੋਲ ਕੇ ਪਾਲਦੀ ਹੈ ? ਆਤਮਾ ਸਰੀਰ ਨੂੰ ਕੀ ਖੁਆਉਂਦੀ ਹੈ ? ਅਗਰ ਆਤਮਾ ਮਾਇਆ ਦੇ ਅਸਰ ਹੇਠ ਹੈ ਤਾਂ ਇਸ ਵਿੱਚ ਸਰੀਰ ਦਾ ਕੀ ਕਸੂਰ ? ਅਗਰ ਸਰੀਰ ਗਿਆਨਹੀਣ ਹੈ ਤਾਂ ਲੇਖਾ ਜੀਵਆਤਮਾ ਨੂੰ ਕਿਉਂ ਦੇਣਾਂ ਪੈਂਦੇ ਹੈ । ਕੀ ਆਤਮਾ ਦਾ ਕੋਈ ਕਸੂਰ ਨਹੀਂ ? ਦਰਅਸਲ ਇਹ ਕੁਸੰਗਤੀਆਂ ਇਸ ਲਈ ਉਠ ਰਹੀਆਂ ਹਨ ਕਿਉਂਕਿ ਹਿੰਦੂ ਮੱਤ ਦੇ ਆਵਾਗਵਣ ਅਨੁਸਾਰ ਇੱਥੇ ਵੀ ਆਤਮਾ ਅਤੇ ਕਾਇਆ ਦੀ ਅਲੱਗ ਅਲੱਗ ਹੋਂਦ ਮੰਨ ਕੇ ਅਰਥ ਕੀਤੇ ਗਏ ਨੇ । ਗੁਰਬਾਣੀ ਵਿੱਚ ਤਾਂ ਕਾਇਆ ਨੂੰ ਹੀ ਦੋਨੋਂ ਚੰਗੇ ਮੰਦੇ ਕਰਮਾਂ ਦਾ ਜਿੰਮੇਵਾਰ ਠਹਿਰਾਇਆ ਗਿਆ ਹੈ । ਇਸੇ ਕਰਕੇ ਗੁਰਬਾਣੀ ਵਿੱਚ ਸਰੀਰ ਨੂੰ ਹੀ ਸਵਾਲ ਕੀਤਾ ਗਿਆ ਹੈ ਕਿ ਇਸ ਸੰਸਾਰ ਵਿੱਚ ਆ ਕੇ ਤੇਰੀ ਕਿਆ ਕਾਰਗੁਜ਼ਾਰੀ ਹੈ ? ਗੁਰ ਨਾਨਕ ਸਾਹਿਬ ਦੇ ਬਚਨ ਨੇ “ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ੳਠਾਵਹਿ ਭਾਰੋ ॥ ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥” ਪੰਨਾ 154 । ਕਾਇਆ ਵਾਰੇ ਇਹ ਵੀ ਕਿਹਾ ਗਿਆ ਹੈ ਕਿ “ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਿਰ ਭਾਲਣਿ ਜਾਈ ॥” ਪੰਨਾ 754 ।

  ਜਿਵੇਂ ਆਪਾਂ ਉਪਰ ਦੱਸ ਆਏ ਹਾਂ ਕਿ ਇਹ ਸਲੋਕ ਰਾਗ ਗੁਜਰੀ ਵਿੱਚ ਗੁਰੂ ਅਮਰਦਾਸ ਦੀ ਵਾਰ ਦੀ ਸੱਤਵੀਂ ਪੋੜੀ ਦਾ ਪਹਿਲਾ ਸਲੋਕ ਹੈ । ਦੁਜਾ ਸੋਲਕ ਵੀ ਗੁਰੂ ਅਮਰਦਾਸ ਦਾ ਹੀ ਹੈ । ਇਸ ਗੱਲ ਤੇ ਸਾਰੇ ਰਜ਼ਾਮੰਦ ਨੇ ਕਿ ਵਾਰਾਂ ਦੇ ਸਲੋਕ ਪਉੜੀ ਦੇ ਭਾਵ ਅਰਥ ਨੂੰ ਹੀ ਨਿਖਾਰਦੇ ਨੇ । ਇਸ ਪਉੜੀ ਦੀ ਆਖਰੀ ਪੰਗਤੀ ਇਸ ਤਰ੍ਹਾਂ ਹੈ “ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥” । ਸੋ ਇਸ ਪਉੜੀ ਦਾ ਭਾਵ ਹੋਇਆ ਕਿ ਗੁਣਾਂ ਨਾਲ ਅਡੋਲ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ । ਪਉੜੀ ਦੇ ਦੂਜੇ ਸਲੋਕ ਵਿੱਚ ਵੀ ਇਸੇ “ਨਿਹਚਲ ਨਾਮ ਧਨੁ” ਦੀ ਗਲ ਕੀਤੀ ਗਈ ਹੈ ਜੋ ਮਨਮੁਖ ਬੰਦੇ ਦੇ ਹੱਥ ਨਹੀਂ ਆਉਂਦਾ । ਪਉੜੀ ਦੇ ਪਹਿਲੇ ਸਲੋਕ, ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ, ਦਾ ਭਾਵ ਵੀ ਇਹੀ ਬਣਦਾ ਹੈ । ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜੇ ਕਾਇਆ ਦੀ ਬਿਬੇਕ ਬੁਧ ਨਾਲ ਪਰੀਤ ਟੁਟ ਜਾਏ ਤਾਂ ਕੀ ਹੁੰਦਾ ਹੈ । ਇਹ ਕੂੜ ਦੀ ਕਮਾਈ ਕਰਦੀ ਹੈ ਜੋ ਨਾਲ ਨਹੀਂ ਜਾਂਦੀ । ਗੁਰੂ (ਪਉਣ) ਤੌ ਪੁਛਿਆਂ ਪਤਾ ਚਲਦਾ ਹੈ ਕਿ ਬਿਬੇਕ ਹੀਣ ਕਾਇਆ ਗਿਆਨਹੀਣ ਤੇ ਮਿਰਤਕ (ਮਿੱਟੀ) ਬਣ ਜਾਂਦੀ ਹੈ, ਮਾਇਆ ਦੇ ਨਸ਼ੇ ਵਿੱਚ ਆਵਾਗਵਣ ਕਰਦੀ ਹੈ । ਇਸ ਨੇ ਕਰਤਾਰ ਦਾ ਹੁਕਮ ਨਹੀਂ ਬੁੱਝਿਆ ਨਹੀ ਤਾਂ ਸੱਚੇ (ਅਡੋਲ) ਪ੍ਰਭੂ ਨਾਲ ਮੇਲ ਹੋ ਸਕਦਾ ਸੀ । ਦੂਜੇ ਸਲੋਕ ਵਿੱਚ ਜਿਸ ਨਿਹਚਲ ਨਾਮ ਧਨ ਦੀ ਉਸਤਤਿ ਕੀਤੀ ਹੈ ਪਹਿਲੇ ਸਲੋਕ ਵਿੱਚ ਉਸੇ ਨਾਮ ਧਨ ਨੂੰ ਖੋ ਦੇਣ ਉਪਰੰਤ ਜੀਵ ਦੀ ਹਾਲਤ ਬਿਆਨ ਕੀਤੀ ਹੈ ।
 5. ਦੁਰਲੱਭ ਮਨੁੱਖਾ ਜੂਨ

  ਆਵਾਗਵਣ ਦੇ ਸਿਧਾਂਤ ਵਿੱਚ ਮਨੁੱਖਾ ਜੂਨ ਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ । ਗੁਰਬਾਣੀ ਵਿੱਚ ਵੀ ਮਨੁੱਖੀ ਦੇਹ ਨੂੰ ਦੁਰਲੱਭ ਕਿਹਾ ਗਿਆ ਹੈ।ਪਰ ਦੋਨਾਂ ਦੇ ਕਹਿਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ । ਆਵਾਗਵਣ ਅਨੁਸਾਰ ਮਨੁੱਖਾ ਜਨਮ ਸ੍ਰੇਸ਼ਟ ਕਹਿ ਕੇ ਨਾਲ ਹੀ ਨੀਵੀਆਂ ਜਾਤਾਂ ਅਤੇ ਅੋਰਤ ਦੇ ਮਨੁੱਖਾ ਜਨਮ ਨੂੰ ਇੱਕ ਸਜ਼ਾ ਵੀ ਗਿਣਿਆ ਗਿਆ ਹੈ । ਇਸੇ ਕਰਕੇ ਕਬੀਰ ਸਾਹਿਬ ਨੂੰ ਪੱੁਛਣਾ ਪਿਆ ਕਿ ਬ੍ਰਾਹਮਣ ਕਿਵੇਂ ਬਾਕੀਆਂ ਨਾਲੋਂ ਚੰਗਾ ਹੋਇਆ । ਉਸ ਦੀਆਂ ਰਗਾਂ ਵਿੱਚ ਕਿਹੜਾ ਲਹੂ ਦੀ ਜਗ੍ਹਾ ਦੁੱਧ ਵਗ ਰਿਹਾ ਹੈ ।10 ਫਿਰ ਇੱਕ ਪਾਸੇ ਇਹ ਜੂਨ ਸ਼੍ਰੇਸ਼ਟ ਮੰਨੀ ਜਾਂਦੀ ਹੈ ਦੂਜੇ ਪਾਸੇ ਇਸੇ ਜੂਨ ਨੁੰ ਕਰਮਾਂ ਦੀ ਸਜ਼ਾ ਕਰਕੇ ਵਾਰ ਵਾਰ ਜਨਮ ਲੈਣ ਵਾਲੀ ਵੀ ਕਿਹਾ ਗਿਆ ਹੈ । ਆਵਾਗਵਣ ਦਾ ਸਿਧਾਂਤ ਵਿੱਚ ਇੱਕ ਅਜੀਬ ਅਸੰਗਤੀ ਜਾਂ ਅੰਤਰ ਵਿਰੋਧ ਹੈ । ਇੱਕ ਪਾਸੇ ਇਹ ਮਨੁੱਖਾ ਜਨਮ ਨੂੰ ਸਰਵ ਸ੍ਰੇਸ਼ਟ ਮੰਨਦੇ ਨੇ ਪਰ ਨਾਲ ਹੀ ਇਸੇ ਜਨਮ ਨੂੰ ਵਾਰ ਵਾਰ ਹੂੰਦਾ ਦੱਸਦੇ ਨੇ । ਜੋ ਚੀਜ਼ ਵਾਰ ਵਾਰ ਬਿਨਾ ਕਿਸੇ ਕੋਸ਼ਿਸ਼ ਦੇ ਮਿਲੇ ਉਹ ਵਧੀਆ ਜਾਂ ਸ਼੍ਰੇਸ਼ਟ ਕਿਵੇ ਹੋ ਸਕਦੀ ਹੈ । ਗੁਰਬਾਣੀ ਮਨੁੱਖਾ ਜਨਮ ਨੂੰ ਦੁਰਲੱਭ ਆਖਦੀ ਹੈ ਕਿਉਂਕਿ ਇਹ ਬੇਸ਼ਕੀਮਤੀ ਮੌਕਾ ਹੈ । ਗੁਰਬਾਣੀ ਵਿੱਚ ਇਹ ਵਿਤਕਰਾ ਵੀ ਨਹੀਂ ਕੀਤਾ ਗਿਆ ਕਿ ਜਨਮ ਕਿਹੜੀ ਜਾਤ ਦਾ ਹੈ ਅਤੇ ਅੋਰਤ ਜਾਂ ਮਰਦ ਦਾ ਹੈ । ਇਹ ਦੁਰਲੱਭ ਹੈ ਕਿਉਂਕਿ ਇਸ ਨੂੰ ਕਰਤਾਰ ਨੇ ਬੜਾ ਸਮਾਂ ਲਾ ਜੋੜਿਆ ਹੈ । “ਚਿਰੰਕਾਲ ਇਹੁ ਦੇਹ ਸੰਜਰੀਆ” ਪੰਨਾ 176 । ਅਗਰ, ਜਿਸ ਕਰਤਾਰ ਨੇ ਇਸ ਨੂੰ ਸਿਰਜਿਆ ਹੈ, ਉਸ ਦਾ ਹੁਕਮ ਜਾਂ ਨਾਮ ਇਸ ਜੂਨ ਵਿੱਚ ਨਹੀਂ ਬੁਝਿਆ, ਤਾਂ ਇਹ ਮਾਨੋ ਖੇਹ ਬਰਾਬਰ ਹੈ । “ਚਿਰੰਕਾਲ ਪਾਈ ਦੁਲਭ ਦੇਹ ॥ ਨਾਮ ਬਿਹੂਣੀ ਹੋਈ ਖੇਹ ॥ ਪਸੂ ਪਰੇਤ ਮੁਗਧ ਤੇ ਬੁਰੀ ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥” ਪੰਨਾ 890 । ਬਾਕੀ ਜਿੰਨੀਆਂ ਵੀ ਜੂਨਾਂ ਅਕਾਲ ਪੁਰਖ ਦੇ ਹੁਕਮ ਅੰਦਰ ਜੰਮ ਕੇ ਜੀ ਅਤੇ ਮਰ ਰਹੀਆਂ ਹਨ ਪਰ ਉਹ ਅਕਾਲ ਪੁਰਖ ਦੇ ਹੁਕਮ ਨੂੰ ਬੁਝ ਉਸ ਤੇ ਤੁਰਨ ਵਿੱਚ ਅਸਮਰੱਥ ਨੇ।ਮਨੁੱਖਾ ਜੂਨ ਇਸ ਸਮਰੱਥਾ ਕਾਰਨ ਹੀ ਦੁਰਲੱਭ ਕਹੀ ਗਈ ਹੈ । ਇਸੇ ਕਰਕੇ ਕਿਹਾ ਗਿਆ ਹੈ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥” ਪੰਨਾ 12 । ਗੁਰਬਾਣੀ ਤਾਂ ਬਲਕਿ ਚਤਾਵਨੀ ਦੇ ਰਹੀ ਹੈ ਕਿ ਵੇਲਾ ਬੀਤਦਾ ਜਾ ਰਿਹਾ ਹੈ “ਅਉਸਰੁ ਬੀਤਓ ਜਾਤੁ ਹੈ” ਪੰਨਾ 727 । ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਇਹ ਮੌਕਾ ਫਿਰ ਹੱਥ ਨਹੀਂ ਆਉਣਾ । ਇਸ ਗੱਲ ਵੀ ਆਵਾਗਵਣ ਦੇ ਉਲਟ ਜਾਂਦੀ ਹੈ ਕਿਉਂਕਿ ਆਵਾਗਵਣ ਮੁਤਾਬਿਕ ਮੌਕੇ ਤਾਂ ਬੇਸ਼ਮਿਾਰ ਮਿਲਦੇ ਨੇ । ਕਬੀਰ ਸਾਹਿਬ ਦੀ ਪੁਕਾਰ ਸੁਣੋ “ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥ ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥” ਪੰਨਾ 1159 ।
 6. ਧਰਮ ਰਾਜ, ਚਿਤ੍ਰਗੁਪਤ, 84 ਲੱਖ ਜੂਨਾਂ ਆਦਿ

  ਗੁਰਬਾਣੀ ਅਤੇ ਆਵਾਗਵਣ ਦੇ ਸਿਧਾਂਤ ਵਿੱਚ ਇੱਕ ਵੱਡਾ ਫਰਕ ਇਹ ਹੈ ਕਿ ਗੁਰਬਾਣੀ ਹਰ ਗੱਲ ਦਲੀਲ਼ ਅਤੇ ਤਰਕ ਅਧਾਰਿਤ ਕਰਦੀ ਹੈ ਜਦ ਕਿ ਆਵਾਗਵਣ ਵਿੱਚ ਬੇਅੰਤ ਬੇਤੁਕੀਆ ਬਿਨਾ ਸਿਰ ਪੈਰ ਦੀਆਂ ਗੱਲ਼ਾਂ ਕੀਤੀਆਂ ਗਈਆਂ ਹਨ । ਆਵਾਗਵਣ ਅਨੁਸਾਰ ਇਕ ਧਰਮ ਰਾਜ ਹੈ ਅਤੇ ਇਕ ਉੁਹਦਾ ਮੁਨਸ਼ੀ ਚਿਤ੍ਰਗੁਪਤ ਹੈ ਜੋ ਸਾਰੇ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਗੁਪਤ ਤਰੀਕੇ ਰਾਹੀਂ ਲਿਖ ਰਿਹਾ ਹੈ । ਜਿਸ ਰਜਿਸਟਰ ਵਿੱਚ ਇਹ ਹਿਸਾਬ ਦਰਜ਼ ਹੋ ਰਿਹਾ ਹੈ ਉਸ ਦਾ ਨਾਂ ਅਗੁਸੰਧਾਨੀ ਹੈ ਅਤੇ ਇਸ ਰਜਿਸਟਰ ਦੇ ਹਿਸਾਬ ਮੁਤਾਬਿਕ ਧਰਮ ਰਾਜ, ਜਿਸ ਨੂੰ ਯਮਰਾਜ ਵੀ ਕਿਹਾ ਜਾਂਦਾ ਹੈ, ਫੈਸਲਾ ਕਰਦਾ ਹੈ ਕਿ ਜੀਵ ਨੇ ਕਿਹੜੀ ਜੂਨ ਵਿੱਚ ਅਗਲਾ ਜਨਮ ਲੈਣਾ ਹੈ।ਇਸੇ ਤਰ੍ਹਾਂ ਕੁਲ ਜੂਨਾਂ ਦੀ ਗਿਣਤੀ ਵੀ 84 ਲੱਖ ਦੱਸੀ ਗਈ ਹੈ । ਗੁਰਬਾਣੀ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕਰਦੀ ਹੈ । ਇਹ ਗੱਲ ਹਾਸੋ ਹੀਣੀ ਹੈ ਕਿ ਕੋਈ ਦੁਨੀਆ ਦੇ ਹਰ ਬੰਦੇ ਦੇ ਕੀਤੇ ਕਰਮਾਂ ਦਾ ਲੇਖਾਂ ਜੋਖਾ ਕਿਸੇ ਇੱਕ ਕਿਤਾਬ ਵਿੱਚ ਲਿਖ ਸਕੇ । ਗੁਰਬਾਣੀ ਇਸ ਗਲ ਨੂੰ ਤਾਂ ਮੰਨਦੀ ਹੈ ਕਿ ਸਾਡੇ ਕੀਤੇ ਕਰਮਾਂ ਦਾ ਸਾਡੇ ਤੇ ਅਸਰ ਪੈਂਦਾ ਹੈ । ਹਰ ਇਨਸਾਨ ਜਿਹੋ ਜਿਹੇ ਕਰਮ ਕਰ ਰਿਹਾ ਹੀ ਓਹੋ ਜਿਹੇ ਉਸ ਦੇ ਸੰਸਕਾਰ ਬਣਦੇ ਜਾ ਰਹੇ ਨੇ । ਇਹ ਹੀ ਉਸਦੇ ਪੂਰਬਲੇ ਕਰਮ ਨੇ । ਇਸੇ ਕਰਕੇ ਗੁਰਬਾਣੀ ਵਿੱਚ ਕਰਮਾਂ ਨੁੰ ਹੀ ਚਿਤਰਗੁਪਤ ਕਿਹਾ ਗਿਆ ਹੈ।ਗੁਰਵਾਕ ਹਨ “ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੈਖ ॥” ਪੰਨਾ 928 । “ਚਿਤ ਗੁਪਤ ਕਰਮਹਿ ਜਾਨ ॥” ਪੰਨਾ 838 । ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਧਰਮ ਰਾਜ ਵਰਗੇ ਦੇਵਤਿਆਂ ਦੀ ਗਿਣਤੀ ਅਨੇਕਾਂ ਹੈ ਸਕਦੀ ਹੈ । “ਅਨਿਕ ਧਰਮ ਅਨਿਕ ਕੁਮੇਰ ॥” ਪੰਨਾ 1236 । ਇਸ ਤਰ੍ਹਾਂ ਕਹਿ ਕੇ ਗੁਰਬਾਣੀ ਇੱਕ ਧਰਮ ਰਾਜ ਦੀ ਹੋਂਦ ਤੋਂ ਇਨਕਾਰੀ ਹੋ ਰਹੀ ਹੈ । ਆਵਾਗਵਣ ਅਨੁਸਾਰ ਇਸ ਦੇ ਧਰਮ ਰਾਜ ਦਾ ਲੇਖਾ, ਚਾਹੇ ਚੰਗਾ ਚਾਹੇ ਮੰਦਾ, ਪਰ ਅਟੱਲ ਹੈ । ਪਰ ਗੁਰਬਾਣੀ ਧਰਮ ਰਾਜ ਨੂੰ ਵਿਅੰਗ ਨਾਲ ਕਹਿੰਦੀ ਹੇ ਕਿ ਉਸਦੇ ਲਿਖੇ ਲੇਖਾਂ ਦੇ ਤਾਂ ਕਾਗਜ਼ ਪਾਟ ਜਾਂਦੇ ਨੇ । “ਧਰਮ ਰਾਇ ਅਬ ਕਹਾ ਕਰੈਗੋ ਜਬ ਫਾਟਿਓ ਸਗਲੋ ਲੇਖਾ ॥” ਪੰਨਾ 614 । ਧਰਮ ਰਾਜ, ਚਿਤ੍ਰਗੁਪਤ ਆਦਿ ਦੀ ਕਲਪਨਾ ਅਕਾਲ ਪੁਰਖ ਦੀ ਹਕੂਮਤ ਵਿਰੁੱਧ ਲੁਕਵੀਂ ਬਗਾਵਤ ਹੈ । ਇਸੇ ਕਰਕੇ ਗੁਰਬਾਣੀ ਇਸ ਦਾ ਖੰਡਨ ਕਰਦੀ ਹੈ । ਇਸੇ ਤਰ੍ਹਾਂ 84 ਲੱਖ ਜੂਨਾਂ ਦਾ ਖਿਆਲ ਅਸਿਧੇ ਤੌਰ ਤੇ ਇਹ ਕਹਿ ਰਿਹਾ ਹੈ ਕਿ ਅਕਾਲ ਪੁਰਖ ਦੀ ਰਚਨਾ ਨੂੰ ਗਿਣਿਆਂ ਮਿਣਿਆਂ ਜਾ ਸਕਦਾ ਹੈ ਜਦ ਕਿ ਗੁਰਬਾਣੀ ਅਕਾਲ ਪੁਰਖ ਦੀ ਰਚਨਾ ਨੂੰ ਅਗਾਧ, ਅਬੋਧ ਅਤੇ ਅਕੱਥ ਕਹਿੰਦੀ ਨਹੀਂ ਥੱਕਦੀ ।
 7. ਮਿ੍ਰਤਕ ਸੰਸਕਾਰ

  ਅੰਤਮ ਸੰਸਕਾਰ ਦੇ ਸਮੇ ਜੋ ਕਿਰਿਆ ਕਰਮ ਕਰਦੇ ਹਾਂ ਉਸ ਦਾ ਆਵਾਗਵਣ ਦੇ ਸਿਧਾਂਤ ਨਾਲ ਗੂੜਾਂ ਸਬੰਧ ਹੈ । ਮੁਰਦੇ ਨੂੰ ਦਫਨਾਇਆ ਜਾਂਦਾ ਹੈ ਕਿਉਂਕਿ ਕਿਆਮਤ ਵੇਲੇ ਉਸ ਦਾ ਫੈਸਲਾ ਹੋਣਾ ਹੈ । ਮੁਰਦੇ ਦੇ ਸਰੀਰ ਨੂੰ ਜਲਾ ਦਿਤਾ ਜਾਂਦਾ ਹੈ ਕਿਉਂਕਿ ਹੁਣ ਉਸ ਨੇ ਨਵਾਂ ਸਰੀਰ ਧਾਰਨ ਕਰ ਲੈਣਾ ਹੈ । ਸ਼ਰਾਧ ਦੀ ਪ੍ਰਥਾ ਜਿਸ ਨੂੰ ਗੁਰੂ ਸਾਹਿਬ ਨੇ ਨਕਾਰਿਆ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ । ਇਹ ਮੰਨਿਆਂ ਜਾਂਦਾ ਹੈ ਕਿ ਪ੍ਰਾਣੀ ਮਰਨ ਤੋਂ ਬਾਅਦ ਵੀ ਆਪਣੇ ਪਿਛੇ ਰਹੇ ਪਰਿਵਾਰ ਤੇ ਮਾੜਾ ਅਸਰ ਪਾ ਸਕਦਾ ਹੈ ਅਗਰ ਉਸਦੇ ਨਮਿਤ ਸਰਾਧ ਨ ਕੀਤੇ ਗਏ । ਹਿੰਦੂ ਧਰਮ ਵਿੱਚ ਸਤੀ ਪ੍ਰਥਾ ਦਾ ਸਬੰਧ ਵੀ ਪੁਨਰ ਜਨਮ ਨਾਲ ਹੈ । ਔਰਤ ਨੂੰ ਉਸਦੇ ਪਤੀ ਨਾਲ ਇਹ ਕਹਿ ਕੇ ਸਾੜਿਆ ਜਾਂਦਾ ਸੀ ਕਿ ਉਹਨਾ ਦਾ ਸਾਥ ਅਗਲੇ ਜਨਮ ਵਿੱਚ ਵੀ ਬਣਿਆ ਰਹੇ । ਗੁਰੂ ਸਾਹਿਬ ਨੇ ਇਹ ਪ੍ਰਥਾ ਦੀ ਵਿਰੋਧਤਾ ਹੀ ਨਹੀ ਕੀਤੀ ਬਲਕਿ ਇਸ ਤੋਂ ਦਲੀਲ ਨਾਲ ਵਰਜਿਆ ਵੀ । ਗੁਰਬਾਣੀ ਕਿਸੇ ਕਿਸਮ ਦੇ ਮਿ੍ਰਤਕ ਸੰਸਕਾਰ ਨੂੰ ਵੀ ਮਾਨਤਾ ਨਹੀਂ ਦਿੰਦੀ । ਗੁਰੂ ਸਾਹਿਬ ਕਹਿੰਦੇ ਨੇ ਮੁਰਦੇ ਸਰੀਰ ਨਾਲ ਜਿਸ ਤਰ੍ਹਾ ਮਰਜੀ ਕਰੋ ਇਸ ਦਾ ਕੋਈ ਮਾਇਨਾ ਨਹੀ ਅਤੇ ਨ ਹੀ ਮਿ੍ਰਤਕ ਨੂੰ ਇਸ ਦਾ ਕੋਈ ਲਾਭ ਹੈ । “ਜੇ ਮਿਰਤਕ ਕੳੇੁ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥” ਪੰਨਾ 1160 ।
 8. ਮੁਕਤੀ

  ਆਵਾਗਵਣ ਤੋਂ ਛੁੱਟਣ ਦੇ ਵੱਖ ਵੱਖ ਤਰੀਕੇ ਦੱਸੇ ਗਏ ਨੇ।ਬੁਧ ਧਰਮ ਗਿਆਨ ਤੇ ਜ਼ੋਰ ਦਿੰਦਾ ਹੈ ਜਿਸ ਨਾਲ ਕਾਮਨਾ (desire) ਜੋ ਦੁਖ ਅਤੇ ਪੁੁਨਰ ਜਨਮ ਦਾ ਕਾਰਨ ਹੈ ਖਤਮ ਹੋ ਜਾਂਦੀ ਹੈ । ਜੈਨ ਧਰਮ ਵਿੱਚ ਅਹਿੰਸਾ, ਤਪ, ਸਾਧਨਾ ਆਦਿ ਰਸਤੇ ਦੱਸੇ ਗਏ ਨੇ । ਹਿੰਦੂ ਧਰਮ ਵਿੱਚ ਸ਼ਾਸਤਰਾਂ ਮੁਤਾਬਕ ਜਿੰਦਗੀ ਜੀਉਣ ਤੇ ਜ਼ੋਰ ਦਿੱਤਾ ਗਿਆ ਹੈ । ਜਦੋਂ ਇਸ ਤਰਾਂ ਕੀਤੇ ਚੰਗੇ ਕਰਮ ਦੇ ਫਲਸਰੂਪ ਆਤਮਾ ਪਰਮਾਤਮਾਂ ਵਿੱਚ ਲੀਨ ਹੋਣ ਦੇ ਕਾਬਲ ਹੋ ਜਾਂਦੀ ਹੈ ਤਾਂ ਆਵਾਗਵਣ ਖ਼ਤਮ ਹੋ ਜਾਂਦਾ ਹੈ । ਮੁਕਤ ਹੋਣ ਤੋਂ ਕੀ ਮਤਲਬ ਹੈ ਇਹ ਸੋੋਚਣ ਦੀ ਲੋੜ ਹੈ । ਕੀ ਮੁਕਤ ਹੋਣ ਨਾਲ ਜਨਮ ਮਰਣ ਦਾ ਚੱਕ੍ਰ ਖਤਮ ਹੋ ਜਾਂਦਾ ਹੈ । ਅਗਰ ਇਹ ਗੱਲ ਹੈ ਤਾਂ ਫਿਰ ਉੁਪਰ ਦੱਸੇ ਸਾਰੇ ਨੁਸਖੇ ਮਾਨਵ ਜਾਤੀ ਤੇ ਕੋਈ ਅਸਰ ਨਹੀਂ ਕਰ ਰਹੇ ਕਿਉਕਿ ਮਾਨਵ ਜਾਤੀ ਦੀ ਤਾਂ ਹਰ ਪਲ ਗਿਣਤੀ ਵਧਦੀ ਜਾ ਰਹੀ ਹੈ । ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਕੋਈ ਵੀ ਮਨੁੱਖ ਆਵਗਵਣ ਦੇ ਚੱਕਰ ਚੋਂ ਨਿਕਲ ਨਹੀਂ ਪਾ ਰਿਹਾ । ਬਲਕਿ ਜਿਨ੍ਹਾਂ ਨੂੰ ਘਟੀਆ ਜੂਨਾਂ ਕਿਹਾ ਜਾਂਦਾ ਹੈ ਉਹ ਵੀ ਸ਼ਾਇਦ “ਚੰਗੇ ਕਰਮ” ਕਰਕੇ ਤਰੱਕੀ ਪਾ ਮਨੁੱਖ ਬਣਦੇ ਜਾ ਰਹੇ ਨੇ । ਇਹ ਕਿਵੈਂ ਸੰਭਵ ਹੋ ਰਿਹਾ ਹੈ ਇਸ ਵਾਰੇ ਆਵਗਵਣ ਦਾ ਸਿਧਾਂਤ ਚੁੱਪ ਹੈ । ਕਿਉਂਕਿ ਇਹ ਸਿਧਾਂਤ ਤਰਕ ਜਾਂ ਦਲੀਲ਼ ਅਧਾਰਿਤ ਨਹੀਂ ਹੈ ਇਸੇ ਕਰਕੇ ਇਹੋ ਜਿਹੀਆਂ ਅਸੰਗਤੀਆਂ ਆਪਣਾ ਸਿਰ ਚੁੱਕ ਰਹੀਆਂ ਹਨ । ਗੁਰਬਾਣੀ ਦਾ ਫਲਸਫਾ ਬਿਬੇਕ ਤੇ ਟਿਕਿਆ ਹੋਇਆ ਹੋਣ ਕਰਕੇ ਮੌਤ ਤੋਂ ਬਾਅਦ ਦੀ ਮੁਕਤੀ ਨੂੰ ਮਾਨਤਾ ਨਹੀਂ ਦਿੰਦਾ । ਮੌਤ ਤੋਂ ਬਾਅਦ ਕੀ ਹੁੰਦਾ ਹੈ ਇਸ ਦਾ ਕਿਸੇ ਨੂੰ ਕੋਈ ਭੇਤ ਨਹੀਂ । ਗੁਰਬਾਣੀ ਮੁਕਤੀ ਨੂੰ ਜਨਮ ਮਰਨ ਦੇ ਗੇੜ ਨਾਲ ਨਹੀਂ ਜੋੜਦੀ । ਮੁਕਤ ਹੋਣ ਦਾ ਮਤਲਬ ਹਉਮੇ ਤੋਂ ਉਪਜਦੇ ਵਿਕਾਰਾਂ ਦਾ ਖਾਤਮਾ ਕਰ ਕਰਤਾਰ ਦੇ ਹੁਕਮ ਨੂੰ ਸਿਰ ਝਕਾਉਣਾ ਹੈ । ਗੁਰਬਾਣੀ ਇਸੇ ਜਨਮ ਵਿੱਚ ਸੱਚ ਨਾਲ ਜੁੜ ਕੇ ਮੁਕਤ ਹੋਣ ਦੀ ਦੁਹਾਈ ਦਿੰਦੀ ਹੈ । “ਸਭੁ ਮੁਕਤੁ ਹੋਆਂ ਸੈਸਾਰੜਾਂ ਨਾਨਕ ਸਚੀ ਬੇੜੀ ਚਾੜਿ ਜੀਉ ॥” ਪੰਨਾ 75 ।

ਗੁਰਬਾਣੀ ਦਾ ਆਵਾਗਵਣ

ਹੁਣ ਤਕ ਦੀ ਵਿਚਾਰ ਵਿੱਚ ਅਸੀਂ ਇਹ ਦੇਖਿਆ ਹੈ ਕਿ ਗੁਰਬਾਣੀ ਪ੍ਰਚਲਤ ਆਵਾਗਵਣ ਦਾ ਖੰਡਨ ਕਰਦੀ ਹੈ । ਕੀ ਫਿਰ ਗੁਰਬਾਣੀ ਦਾ ਆਪਣਾ ਕੋਈ ਨਿਵੇਕਲਾ ਆਵਾਗਵਣ ਦਾ ਸਿਧਾਂਤ ਹੈ ? ਆਪਾਂ ਲੇਖ ਦੇ ਸ਼ੁਰੂ ਵਿੱਚ ਹੀ ਇਹ ਕਿਹਾ ਸੀ ਕਿ ਆਵਾਗਵਣ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾ ਵਾਰ ਆਉਂਦਾ ਹੈ । ਆਪਾਂ ਇਹ ਵੀ ਸਮਝਿਆ ਸੀ ਕਿ ਆਵਾਗਵਣ ਭਾਰਤ ਦੀ ਆਬੋ ਹਵਾ ਦਾ ਇੱਕ ਹਿੱਸਾ ਬਣ ਚੁੱਕਾ ਹੈ । ਇਸ ਲਈ ਗੁਰੂ ਸਹਿਬਾਨ ਇਸ ਵਿਸ਼ੇ ਤੇ ਜਰੂਰ ਗੌਰ ਕੀਤਾ ਹੋਵੇਗਾ । ਹਿੰਦੂ ਧਰਮ ਦਾ ਆਵਾਗਵਣ ਤਾਂ ਗੁਰਬਾਣੀ ਨਾਲ ਬਿਲਕੁਲ ਮੇਲ ਨਹੀਂ ਖਾਂਦਾ । ਹਿੰਦੂ ਧਰਮ ਵਿੱਚ ਆਵਾਗਵਣ ਜਿਸ ਕਰਮ ਸਿਧਾਂਤ ਪਰ ਟਿਕਿਆ ਹੋਇਆ ਹੈ ਉਹ ਬਹਤ ਹੀ ਸ਼ਾਤਿਰ ਦਿਮਾਗ ਦੀ ਕਾਢ ਹੈ।ਸਮਾਜ ਦੇ ਇੱਕ ਫਿਰਕੇ ਦੀ ਲੁੱਟ ਖਸੁੱਟ ਕਾਇਮ ਰੱਖਣ ਲਈ ਕੀਤਾ ਗਿਆ ਅਤੇ ਹੋ ਰਿਹਾ ਭਿਆਨਕ ਕੁਕਰਮ ਹੈ । ਇਹ ਧਰਮ ਦੇ ਬੁਰਕੇ ਹੇਠ ਮਾਨਵਤਾ ਦਾ ਘਾਣ ਹੈ । ਦੁਨੀਆ ਦਾ ਕੋਈ ਵੀ ਕਨੂੰਨ ਇਸ ਨੂੰ ਸਹੀ ਨਹੀਂ ਮੰਨੇਗਾ ਪਰ ਕਿਉਂਜੋ ਇਹ ਧਰਮ ਦੇ ਨਾਂ ਹੇਠ ਹੋ ਰਿਹਾ ਹੈ ਇਸ ਲਈ ਸਭ ਚੁੱਪ ਚਾਪ ਦੇਖ ਰਹੇ ਨੇ । ਇੱਕ ਇਨਸਾਨ ਸਿਰਫ ਉਸਦੇ ਜਨਮ (ਜਾਤ) ਕਾਰਨ ਹੀ ਘਟੀਆ ਗਿਣਿਆ ਜਾਂਦਾ ਹੈ ਬੇਸ਼ਕ ਉਸਦਾ ਆਚਰਣ ਬਹੁਤ ਹੀ ਸਲਾਹੁਣ ਯੋਗ ਹੋਵੇ । ਦੂਸਰੇ ਇਨਸਾਨ ਨੂੰ ਉਸਦੀ ਜਾਤ ਦੀ ਬਦੌਲਤ ਵਧੀਆ ਮੰਨਿਆ ਜਾਂਦਾ ਹੈ ਬੇਸ਼ਕ ਉਹ ਰੱਜ ਕੇ ਕਮੀਨਾ ਹੋਵੇ । ਹਿੰਦੂ ਧਰਮ ਅੰਦਰ ਪੈਦਾ ਹੋਏ ਬੱਚੇ ਲਈ ਇਸ ਦੀ ਕੈਦ ਚੋਂ ਛੁਟਣਾ ਲਗਭਗ ਨਾਮੁਮਕਿਨ ਹੈ । ਕਬੀਰ ਸਾਹਿਬ ਇਸੇ ਗਲ ਵਲ ਇਸ਼ਾਰਾ ਕਰ ਰਹੇ ਨੇ ਜਦੋਂ ਕਹਿੰਦੇ ਨੇ ।

ਬੇਦ ਕੀ ਪੁਤ੍ਰੀ ਸਿੰਮਿ੍ਰਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥ 1 ॥ ਆਪਨ ਨਗਰੁ ਆਪ ਤੈ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥ ਰਹਾਓ ॥ ਕਟੀ ਕਟੇ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥ 2 ॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥ 3 ॥ ਪੰਨਾ 329

ਕਬੀਰ ਸਾਹਿਬ ਦੀ ਇੱਕ ਗਲ ਨੋਟ ਕਰਨ ਵਾਲੀ ਇਹ ਹੈ ਕਿ ਉਹ ਇਥੈ ਮਨੁ ਸਿਮਿ੍ਰਤੀ ਵਲ ਇਸ਼ਾਰਾ ਕਰ ਰਹੇ ਨੇ । ਆਪਾਂ ਉਪਰ ਵਿਚਾਰ ਕਰਦਿਆਂ ਵੀ ਇਹੀ ਸਮਝਿਆਂ ਸੀ ਕਿ ਵੇਦਾਂ ਦੇ ਸਮੈ ਤੋਂ ਬਾਅਦ ਹੀ ਬ੍ਰਹਮਾਨ ਸੂਤਰਾ, ਉਪਨਿਸ਼ਧਾਂ, ਗਰੁੜ ਪਰਾਣ ਅਤੇ ਮਨੂ ਸਿਮ੍ਰਤੀ ਆਦਿ ਰਾਹੀਂ ਕਰਮ ਸਿਧਾਂਤ ਦਾ ਜਾਲ ਵਿਛਾਇਆ ਗਿਆ ਹੈ ।

ਅਗਰ ਗੁਰਬਾਣੀ ਇਹਨਾਂ ਗੱਲਾਂ ਦਾ ਖੰਡਣ ਕਰਦੀ ਹੈ ਤਾਂ ਕੀ ਗੁਰਬਾਣੀ ਦਾ ਆਵਾਗਵਣ ਦਾ ਕੋਈ ਨਿਵੇਕਲਾ ਸਿਧਾਂਤ ਹੈ । ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਆਵਾਗਵਣ ਦੀ ਗੱਲ ਕੀਤੀ ਗਈ ਹੈ ।

 1. ਜਨਮ ਅਤੇ ਮੌਤ ਜੋ ਕੁਦਰਤੀ ਨਿਯਮਾਂ ਅਧੀਨ ਨਿਰੰਤਰ ਹੋ ਰਹੀ ਹੈ । ਇਸ ਨੂੰ ਅਸੀ ਕੁੁਦਰਤੀ ਆਵਾਗਵਣ ਕਹਿ ਸਕਦੇ ਹਾਂ । ਇਹ ਆਵਾਗਵਣ ਸਾਰੀਆਂ ਜੁਨਾਂ ਦਾ ਹੁੰਦਾ ਹੈ ।
 2. ਮਨੁੱਖ ਆਪਣੀ ਜਿੰਦਗੀ ਵਿੱਚ ਹੀ ਕਈ ਵਾਰ ਮਰਦਾ ਹੈ ਅਤੇ ਫਿਰ ਜੀਉਂਦਾ ਹੋ ਜਾਂਦਾ ਹੈ । ਇਸ ਨੂੰ ਅਸੀਂ ਜੀਉਂਦੇ ਜੀਅ ਆਵਾਗਵਣ ਕਹਿ ਸਕਦੇ ਹਾਂ । ਇਹ ਆਵਾਗਵਣ ਸਿਰਫ ਮਨੁੱਖ ਦਾ ਹੁੰਦਾ ਹੈ ।

ਇਹ ਦੋਨੋਂ ਆਵਾਗਵਣ ਹਉਮੇ ਦੀ ਉਪਜ ਨੇ । ਗੁਰ ਨਾਨਕ ਸਾਹਿਬ ਆਸਾ ਦੀ ਵਾਰ ਵਿੱਚ ਹਉਮੇ ਦੇ ਵਿਸ਼ੇ ਤੇ ਆਪਣੇ ਸਲੋਕ ਵਿੱਚ ਇਨ੍ਹਾਂ ਦੋਨਾਂ ਤਰ੍ਹਾਂ ਦੇ ਆਵਾਗਵਣ ਦਾ ਜ਼ਿਕਰ ਕਰਦੇ ਨੇ । ਪਹਿਲੀ ਸਤਰ ਵਿਚ ਕੁਦਰਤੀ ਆਵਾਗਵਣ ਦਾ ਜ਼ਿਕਰ ਕਰ ਕੇ ਫਿਰ ਦੂਜੀ ਸਤਰ ਤੋਂ ਜੀਉਂਦੇ ਜੀ ਆਵਾਗਵਣ ਭੋਗਦੇ ਇਨਸਾਨ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਉਹ ਸਾਰੀ ਉਮਰ ਹਉਮੇ ਵਿੱਚ ਹਉ ਹਉ ਕਰਦਾ ਫਿਰਦਾ ਹੈ । ਸੋਲਕ ਦੇ ਅਖੀਰ ਵਿੱਚ ਫਿਰ ਕੁਦਰਤੀ ਆਵਾਗਵਣ ਦਾ ਜ਼ਿਕਰ ਕਰਦੇ ਨੇ ਅਤੇ ਇਹ ਵੀ ਦੱਸਦੇ ਨੇ ਕਿ ਇਹ ਸਭ ਕੁਝ ਕਰਤਾਰ ਦੇ ਹੁਕਮ ਅੰਦਰ ਹੋ ਰਿਹਾ ਹੈ । ਪੂਰਾ ਸਲੋਕ ਇਸ ਤਰ੍ਹਾਂ ਹੈ ।

ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਰਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਬਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥ ਪੰਨਾ 466

ਆਓ ਹੁਣ ਦੋਹਾਂ ਆਵਾਗਵਣਾਂ ਨੂੰ ਜਰਾ ਵਿਸਥਾਰ ਨਾਲ ਸਮਝੀਏ ।

ਕੁਦਰਤੀ ਆਵਾਗਵਣ

ਗੁਰਬਾਣੀ ਵਿੱਚ ਇਹ ਗਲ ਵਾਰ ਵਾਰ ਕਹੀ ਗਈ ਹੈ ਕਿ ਕਰਤਾਰ ਦੇ ਹੁਕਮ ਤਹਿਤ ਸਿ੍ਰਸ਼ਟੀ ਅੰਦਰ ਸਰੀਰਕ ਪੱਧਰ ਤੇ ਲਗਾਤਾਰ ਜਨਮ ਅਤੇ ਮੌਤ ਹੋ ਰਹੀ ਹੈ ਅਤੇ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤੱਕ ਕਰਤਾਰ ਸਿ੍ਰਸ਼ਟੀ ਸਮੇਟ ਕੇ ਮੁੜ ੴ ਦੀ ਅਵਸਥਾ ਵਿੱਚ ਨਹੀਂ ਚਲਾ ਜਾਂਦਾ । ਮਨੁੱਖ ਵੀ ਇਸ ਧਰਤੀ ਤੇ ਇੱਕ ਫਸਲ ਦੀ ਤਰ੍ਹਾਂ ਹੈ ਜੋ ਉਗਦੀ, ਪੱਕਦੀ ਤੇ ਫਿਰ ਮਿੱਟੀ ਨਾਲ ਮਿੱਟੀ ਹੋ ਜਾਂਦੀ ਹੈ । ਇਸ ਕੁਦਰਤੀ ਆਵਾਗਵਣ ਤੋਂ ਕਿਸੇ ਦਾ ਵੀ ਛੁਟਕਾਰਾ ਸੰਭਵ ਨਹੀਂ ਹੈ ਕਿਉਂਕਿ ਅਕਾਲ ਪੁਰਖ ਦੇ ਹਕਮ ਤਹਿਤ ਜੋ ਵੀ ਪੈਦਾ ਹੁੰਦਾ ਹੈ ਉਸ ਦੀ ਮੌਤ ਲਾਜ਼ਮੀ ਹੈ । ਕਾਦਰ ਦੇ ਇਸ ਹੁਕਮ ਨੂੰ ਇਹ ਗੁਰਵਾਕ ਬਿਆਨ ਕਰਦੇ ਨੇ “ਮਿ੍ਰਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥” ਪੰਨਾ 808 । “ਮਰਣੁ ਲਿਖਾਇ ਮੰਡਲ ਮਹਿ ਆਏ” ਪੰਨਾ
685 । “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥” ਪੰਨਾ 1429 । ਇਸ ਆਵਾਗਵਣ ਸਬੰਧੀ ਕੁਝ ਹੋਰ ਗੁਰਵਾਕ ਇਸ ਤਰ੍ਹਾ ਨੇ । ਇਸ ਨੂੰ ਕਰਤਾਰ ਦੀ ਖੇਡ ਜਾਂ ਚਲਤ ਵੀ ਕਿਹਾ ਗਿਆ ਹੈ ।

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥ ਪੰਨਾ 583
ਹੁਕਮਿ ਮਰੈ ਹੁਕਮੇ ਹੀ ਜੀਵੈ ॥ ਪਂੰਨਾ 962
ਆਵਣੁ ਜਾਣਾ ਰਖੈ ਨ ਕੋਈ ॥ ਜੰਮਣ ਮਰਨ ਤਿਸੇ ਤੇ ਹੋਈ ॥ ਪੰਨਾ 1057
ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥ ਕਰਿ ਕਰਿ ਦੇਖੈ ਖੇਲੁ ਅਪਾਰਾ ॥ ਪੰਨਾ 1077
ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਪੰਨਾ 885

ਇਸ ਆਵਾਗਵਣ ਸਬੰਧੀ ਗੁਰਬਾਣੀ ਉਪਦੇਸ਼ ਦਿੰਦੀ ਹੈ ਕਿ ਸਾਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆਂ ਤੇ ਕੋਈ ਵੀ ਸਦਾ ਨਹੀਂ ਰਹਿੰਦਾ । ਥੋੜਾ ਡੁੰਘਿਆਈ ਵਿੱਚ ਗਿਆਂ ਹੀ ਸਮਝ ਆ ਜਾਂਦੀ ਹੈ ਕਿ ਆਵਾਗਵਣ ਦਾ ਪ੍ਰਚਲਤ ਸਿਧਾਂਤ ਇਸ ਉਪਦੇਸ਼ ਦੇ ਉਲਟ ਜਾਂਦਾ ਹੈ । ਉਹ ਮਨੁੱਖ ਨੂੰ ਕਿਸੇ ਨ ਕਿਸੇ ਤਰੀਕੇ ਇਸ ਭਰਮ ਵਿੱਚ ਪਾਈ ਰੱਖਦਾ ਹੈ ਕਿ ਉਹ ਮੌਤ ਤੋਂ ਬਾਅਦ ਵੀ ਕਿਸੇ ਨਾ ਕਿਸੇ ਸੂਰਤ ਵਿੱਚ ਜਿੰਦਾ ਰਹੇਗਾ । ਗੁਰਬਾਣੀ ਮਨੁੱਖ ਨੂੰ ਆਪਣੀ ਮੌਤ ਯਾਦ ਰੱਖਣ ਦੇ ਨਾਲ ਹੀ ਉਸ ਨੂੰ ਇਹ ਵੀ ਸਮਝਾਉਂਦੀ ਹੈ ਕਿ ਇਸ ਸਾਰੀ ਰਚਨਾ ਕਰਤਾਰ ਦੀ ਹੈ ਜੋ ਵੀ ਜਿਸ ਜਿਸ ਤੱਤ ਤੋਂ ਪੈਦਾ ਹੁੰਦਾ ਹੈ ਮਰਨ ਉਪਰੰਤ ਮੁੜ ਹੁਕਮ ਅਨੁਸਾਰ ਉਸੇ ਤੱਤ ਵਿੱਚ ਸਮਾ ਜਾਂਦਾ ਹੈ । ਉਹਨਾਂ ਤੱਤਾ ਵਿਚੋਂ ਮੁੜ ਫਿਰ ਜੀਵਨ ਪੈਦਾ ਹੋ ਜਾਂਦਾ ਹੈ ਅਤੇ ਕਰਤਾਰ ਦੀ ਇਹ ਖੇਡ ਜਾਰੀ ਰਹਿੰਦੀ ਹੈ । ਇਸ ਹਿਸਾਬ ਨਾਲ ਇੱਕ ਤਰ੍ਹਾਂ ਕਦੇ ਮੌਤ ਨਹੀ ਹੁੰਦੀ ਅਤੇ ਕਦੇ ਜਨਮ ਨਹੀਂ ਹੁੰਦਾ । ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ “ਨਹ ਕੋ ਮੂਆ ਨ ਮਰਣੈ ਜੋਗੁ ॥” ਪੰਨਾ 885 ਅਤੇ “ਨਹ ਕਿਛੁ ਜਨਮੈ ਨਹ ਕਿਛੁ ਮਰੈ ॥” ਪੰਨਾ 281 । ਇਸ ਗੱਲ ਨਾਲ ਵਿਗਿਆਨ ਵੀ ਸਹਿਮਤ ਹੈ।ਇਸ ਨੂੰ ਪੱਤਝੜੀ ਰੁੱਖ ਦੀ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ । ਪੱਤਝੜੀ ਰੱੁਖ ਨੂੰ ਬੇਅੰਤ ਪੱਤੇ ਲਗਦੇ ਨੇ । ਪੱਤਿਆਂ ਦੇ ਪੁੰਗਰਨ ਲਈ ਰੁਖ ਜੋ ਜੋ ਤੱਤ ਵੱਖ ਵੱਖ ਸੋਮਿਆਂ ਤੋਂ ਗ੍ਰਹਿਣ ਕਰਦੇ ਨੇ ਉਹ ਸਾਰੇ ਪੱਤੇ ਝੜਨ ਨਾਲ ਮੁੜ ਆਪੋ ਆਪਣੇ ਸੋਮਿਆਂ ਵਿੱਚ ਸਮਾ ਜਾਂਦੇ ਨੇ । ਇਹ ਹੀ ਹਾਲ ਮਨੁੱਖ ਸਮੇਤ ਬਾਕੀ ਕਾਇਨਾਤ ਦਾ ਹੈ । ਸੋ ਮੌਤ ਹੈ ਵੀ ਪਰ ਹੈ ਵੀ ਨਹੀਂ । ਮੌਤ ਛੋਟੇ (ਮਾਈਕਰੋ) ਪੱਧਰ ਤੇ ਵਾਪਰਦੀ ਹੈ ਪਰ ਵੱਡੇ (ਮੈਕਰੋ) ਪੱਧਰ ਤੇ ਮੌਤ ਗੈਰਹਾਜ਼ਰ ਹੈ । ਗੁਰਬਾਣੀ ਸਾਨੂੰ ਇਹ ਦੋਨੋਂ ਗੱਲਾਂ ਯਾਦ ਰੱਖਣ ਲਈ ਕਹਿੰਦੀ ਹੈ ਕਿਉਂਕਿ ਇਹ ਇਕ ਦੂਜੇ ਦੀਆਂ ਪੂਰਕ ਨੇ । ਛੋਟੇ ਪੱਧਰ ਤੇ ਮੌਤ ਹਰ ਪਲ ਵਾਪਰ ਰਹੀ ਹੈ ਪਰ ਮਰਨ ਵਾਲਾ ਮੁੜ ਨਹੀਂ ਜੰਮਦਾ ਕਿਉਂਕਿ ਵੱਡੇ ਪੱਧਰ ਤੇ ਕੋਈ ਮੌਤ ਨਹੀਂ ਹੋ ਰਹੀ । ਇਸੇ ਕਰਕੇ ਜਿਹੜਾ ਜਨਮ ਮਿਲਿਆ ਹੈ ਉਸ ਨੂੰ ਦੁਰਲੱਭ ਕਿਹਾ ਗਿਆ ਹੈ ਕਿਉਂਕਿ ਇਹ ਮੁੜ ਨਹੀਂ ਮਿਲਣਾ । ਕਬੀਰ ਸਾਹਿਬ ਇੱਕ ਫਲ ਦੀ ਮਿਸਾਲ ਦੇ ਕੇ ਸਮਝਾਉਂਦੇ ਨੇ “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ ਪੰਨਾ 1366 । ਗੁਰੂ ਤੇਗ ਬਹਾਦਰ ਸਾਹਿਬ ਵੀ ਆਪਣੀ ਗਵਾਹੀ ਦਿੰਦੇ ਨੇ “ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥” ਪੰਨਾ 220 । ਫਰੀਦ ਸਾਹਿਬ ਕਹਿੰਦੇ ਨੇ ਕਿ “ਜੇ ਜਾਣਾ ਮਰਿ ਜਾਈਆ ਘੁਮਿ ਨ ਆਈਐ ॥ ਝੂਠੀ ਦੁਨੀਆਂ ਲਗਿ ਨ ਆਪੁ ਗਵਾਈਐ ॥” ਪੰਨਾ 488 । ਜਦੋ ਮਨੁੱਖ ਇਹ ਗੱਲ ਭੁੱਲ ਜਾਂਦਾ ਹੈ ਕਿ ਉਸ ਦੀ ਮੌਤ ਵੀ ਹੋਣੀ ਹੈ ਅਤੇ ਉਸਨੇ ਵਾਪਸ ਕਦੇ ਨਹੀਂ ਆਉਣਾ ਤਾਂ ਹੀ ਉਹ ਸਾਰੇ ਵਿਕਾਰ ਸਹੇੜ ਆਪਣੇ ਆਪ ਨੂੰ ਗਵਾ ਲੈਂਦਾ ਹੈ । ਪਰ ਇਹ ਸਭ ਵੀ ਕਰਤਾਰ ਦੀ ਖੇਡ ਹੈ । ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ । “ਅਮਲੁ ਗਲੋਲਾ ਕੂੜ ਕਾ ਦਿੱਤਾ ਦੇਵਣਹਾਰਿ ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ
ਚਾਰਿ ॥ ਸਚੁ ਮਿਲਿਆਂ ਤਿਨ ਸੋਫੀਆ ਰਾਖਣ ਕਉ ਦਰਵਾਰੁ ॥” ਪੰਨਾ 15 ।

ਜੀਉਂਦੇ ਜੀਅ ਆਵਾਗਵਣ

ਗੁਰਬਾਣੀ ਸਾਨੂੰ ਮਿ੍ਰਤਕ ਅਤੇ ਜੀਵਤ ਦੀ ਇੱਕ ਨਵੀਂ ਪ੍ਰੀਭਾਸ਼ਾ ਦਿੰਦੀ ਹੈ । ਆਮ ਤੌਰ ਤੇ ਜੋ ਆਦਮੀ ਸਾਹ ਲੈਂਦਾ ਹੈ ਉਸ ਨੂੰ ਜੀਉਂਦਾ ਕਹਿੰਦੇ ਨੇ ਅਤੇ ਜਦੋਂ ਸਾਹ ਆੳਣੋ ਹਟ ਜਾਏ ਤਾਂ ਉਸ ਨੂੂੰ ਮਿ੍ਰਤਕ ਕਿਹਾ ਜਾਂਦਾ ਹੈ । ਪਰ ਗੁਰਬਾਣੀ ਮੁਤਾਬਿਕ ਇੱਕ ਮੌਤ ਅਜਿਹੀ ਵੀ ਹੈ ਜੋ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਮਰਦਾ ਹੈ ਅਤੇ ਕਈ ਵਾਰ ਮੁੁੜ ਜੀਉਂਦਾ ਹੋ ਜਾਂਦਾ ਹੈ।ਬਲਕਿ ਉਹ ਇੱਕ ਦਿਨ ਵਿਚ ਵੀ ਕਈ ਵਾਰ ਮਰ ਕੇ ਜੀਉਂਦਾ ਹੋ ਜਾਂਦਾ ਹੈ । ਇਸ ਮੌਤ ਅਤੇ ਜਨਮ ਦਾ ਜ਼ਿਕਰ ਗੁਰ ਨਾਨਕ ਸਾਹਿਬ ਨੇ ਨਿਤਨੇਮ ਵਿੱਚ ਹੀ ਕਰ ਦਿੱਤਾ ਹੈ । “ਆਖਾ ਜੀਵਾ ਵਿਸਰੈ ਮਰਿ ਜਾਉ ॥” ਪਂਨਾ 9 । ਜ਼ਿੰਦਗੀ ਵਿੱਚ ਜਦੋਂ ਮਨੁੱਖ ਕਰਤਾਰ ਦੇ ਹੁਕਮ ਤੇ ਚਲਦਾ ਹੈ ਉਦੋਂ ਉਹ ਜੀਉੁਂਦਾ ਹੈ । ਹੁਕਮ ਭੁਲਣ ਸਾਰ ਹੀ ਉਸ ਦੀ ਮੌਤ ਹੋ ਜਾਂਦੀ ਹੈ । ਇਹ ਹੈ ਮਨੁਖ ਦਾ ਜੀਉਂਦੇ ਜੀਅ ਆਵਾਗਵਣ ਕਰਨਾ । ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬਹੁਤ ਵਾਰ ਜ਼ਿਕਰ ਆਉਂਦਾ ਹੈ । ਅਕਾਲ ਪੁਰਖ ਦੇ ਹੁਕਮ (ਨਾਮ) ਨੂੰ ਯਾਦ ਨਾ ਰੱਖਣਾ ਤਾਂ ਆਤਮਘਾਤ ਕਰਨਾ ਕਿਹਾ ਗਿਆ ਹੈ । “ਦੁਲਭ ਦੇਹ ਪਾਈ ਵਡਭਾਗੀ ॥ ਨਾਮ ਨ ਜਪਹਿ ਤੇ ਆਤਮ ਘਾਤੀ ॥” ਪੰਨਾ 188 । ਗੁਰਬਾਣੀ ਚੋਂ ਕੁਝ ਹੋਰ ਪ੍ਰਮਾਣ ਇਸ ਤਰ੍ਹਾ ਨੇ ।

ਮਿਰਤਕ ਦੇਹ ਸਾਧਸੰਗ ਬਿਹੂਨਾ ॥ ਆਵਤ ਜਾਤ ਜੋਨੀ ਦੁੁਖ ਖੀਨਾ ॥ ਪੰਨਾ 190
ਅਤਿ ਸੁਂਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥ ਪੰਨਾ 253
ਸੁੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ ਨਾਨਕ ਹਭੋ ਰੋਗੁੁ ਮਿਰਤਕ ਨਾਮ ਬਿਹੂਣਿਆ ॥ ਪੰਨਾ 1101
ਸਤਿਗੁਰੁ ਜਿਨੀ ਨ ਸੇਵਿੳ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁੁ ਨ ਆਇਓ ਮਿਰਤਕੁ ਹੈ ਸੰਸਾਰਿ ॥ ਪੰਨਾ 88
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ ਰਾਮ ਨਮਿੁ ਗੁੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥ ਪੰਨਾ 1191

ਗੁਰਬਾਣੀ ਵਿੱਚ ਆਏ ਇਸ ਆਵਾਗਵਣ ਨੂੰ ਹੀ ਬਹੁਤ ਵਾਰੀ ਮਰਨ ਤੋਂ ਬਾਅਦ ਫਿਰ ਫਿਰ ਜੂਨਾ ਵਿੱਚ ਪੈਣਾ ਸਮਝ ਲਿਆ ਜਾਂਦਾ ਹੈ ਜੋ ਕਿ ਇੱਕ ਵੱਡੀ ਭੁੱਲ ਹੈ । ਕੁਦਰਤੀ ਆਵਾਗਵਣ ਦੇ ਉਲਟ ਇਸ ਆਵਾਗਵਣ ਤੋਂ ਛੁਟਕਾਰਾ ਸੰਭਵ ਹੈ । ਜਦੋਂ ਅਸੀਂ ਕਿਸੇ ਬੀਮਾਰੀ ਦੇ ਪੈਦਾ ਹੋਣ ਦਾ ਕਾਰਨ ਲੱਭ ਲਈਏ ਤਾਂ ਉਸ ਦਾ ਇਲਾਜ਼ ਕਰਨਾ ਸੌਖਾ ਹੋ ਜਾਂਦਾ ਹੈ । ਗੁਰਬਾਣੀ ਅਨੁਸਾਰ ਇਸ ਆਵਾਗਵਣ ਦਾ ਕਾਰਨ ਹਉਮੇ ਹੈ । ਹਉਮੇ ਵਿੱਚ ਮਨੁੱਖ ਜਿਸ ਕਰਤਾਰ ਨੇ ਉਸ ਦੇ ਤਨ ਮਨ ਦੀ ਰਚਨਾ ਕੀਤੀ ਉਸੇ ਨੂੂੰ ਭੁਲ ਆਪਣੇ ਆਪ ਨੂੰ ਹੀ ਰਚਨਹਾਰ ਸਮਝਣ ਲਗ ਜਾਂਦਾ ਹੈ । “ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥ ਜਿਨ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥” ਪੰਨਾ 882 । ਹਉਮੇ ਮਨੁੱਖ ਨੂੰ ਮਨਮੁੱਖ ਬਣਾਉਂਦੀ ਹੈ । ਇਸੇ ਕਰਕੇ ਗੁਰਬਾਣੀ ਵਿੱਚ ਇਹ ਵਾਰ ਵਾਰ ਕਿਹਾ ਗਿਆ ਹੈ ਕਿ ਮਨਮੁੱਖ ਮਨੁੱਖ ਆਵਾਗਵਣ ਦੇ ਚੱਕ੍ਰ ਵਿੱਚ ਫਸਿਆ ਰਹਿੰਦਾ ਹੈ । ਹਉਮੇ ਦਾ ਇਲਾਜ਼ ਨਾਮ ਹੈ ਜੋ ਗੁਰੂ ਦੇ ਸ਼ਬਦ ਤੋਂ ਮਿਲਦਾ ਹੈ । ਗੁਰੂ ਅੰਗਦ ਸਾਹਿਬ ਦਾ ਇਕ ਸਲੋਕ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਉਸ ਸੋਲਕ ਦੇ ਨਾਲ ਹੀ ਦਿਤਾ ਗਿਆ ਹੈ ਜਿਸ ਸਲੋਕ ਵਿੱਚ ਗੁਰ ਨਾਨਕ ਸਾਹਿਬ ਹਉਮੇ ਦੀ ਵਿਆਖਿਆ ਕਰਦੇ ਨੇ । ਅਸੀਂ ਉਪਰ ਇਸ ਸੋਲਕ ਦਾ ਪੂਰਾ ਪਾਠ ਅਤੇ ਵਿਆਖਿਆ ਸਮਝ ਚੁੱਕੇ ਹਾਂ।ਸਲੋਕ ਦੇ ਅਖੀਰ ਵਿੱਚ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਿ “ਹਉਮੈ ਬੂਝੈ ਤਾ ਦਰੁ ਸੂਝੈ” । ਇਹ ਕਿਵੇਂ ਸੰਭਵ ਹੁੰਦਾ ਹੈ ਇਸਦਾ ਜ਼ਿਕਰ ਗੁਰ ਅੰਗਦ ਸਾਹਿਬ ਆਪਣੇ ਸਲੋਕ ਵਿੱਚ ਕਰਦੇ ਨੇ । ਇਹ ਸਲੋਕ ਹਉਮੇ ਦੇ ਇਲਾਜ਼ ਵਾਰੇ ਹੈ । ਸਲੋਕ ਦਾ ਪੂਰਾ ਪਾਠ ਇਸ ਤਰ੍ਹਾਂ ਹੈ ।

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਦਾਰੂ ਭੀ ਇਸ ਮਾਹਿ ॥ ਕਿਰਪਾ ਕਰੇ ਹੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕ ਕਹੈ ਸੁਣਹੁ ਜਨਹੁ ਇਤੁ ਸੰਜਿਮ ਦੁਖ ਜਾਹਿ ॥ ਪਂਨਾ 466

ਹਉਮੇ ਦੀ ਲਪੇਟ ਵਿੱਚ ਆ ਮਨੁੱਖ ਅਜਿਹੇ ਕਰਮ ਕਰਦਾ ਹੋ ਜਿਸ ਕਾਰਨ ਉਹ ਵਾਰ ਵਾਰ ਜੰਮਦਾ ਮਰਦਾ ਹੈ । ਹਉੁਮੇ ਇੱਕ ਬੜਾ ਪੁਰਾਣਾ ਪੱਕਾ ਰੋਗ ਹੈ ਜੋ ਕਰਤਾਰ ਦੇ ਹੁਕਮ ਵਿਚ ਵਰਤ ਰਿਹਾ ਹੈ । ਇਸ ਦਾ ਇਲਾਜ਼ ਸਬਦ ਦੀ ਕਮਾਈ ਭਾਵ ਗੁਰੂ ਦੀ ਸਿਖਿਆ ਤੇ ਅਮਲ ਕਰ ਹੁਕਮ ਨੂੰ ਬੁਝਣਾ ਹੈ । ਜਦੋ ਨਾਮ ਜਾਂ ਹੁਕਮ ਦੀ ਸੋਝੀ ਹੋ ਜਾਂਦੀ ਹੈ ਤਾਂ ਹਉਮੈ ਆਪਣੇ ਆਪ ਖਤਮ ਹੋ ਜਾਂਦੀ ਹੈ । ਗੁਰ ਨਾਨਕ ਸਾਹਿਬ ਜਪ ਬਾਣੀ ਦੀ ਦੂਜੀ ਪੌੜੀ ਵਿੱਚ ਹੀ ਇਹ ਸਮਝਾਉਂਦੇ ਹਨ “ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੇ ਨ ਕੋਇ ॥” ਹਉਮੇ ਅਤੇ ਨਾਮ ਜਾਂ ਹੁਕਮ ਵਿੱਚ ਪਰਸਪਰ ਟਕਰਾਅ ਹੈ । ਇੱਕ ਦੀ ਹੋਂਦ ਦੂਜੇ ਲਈ ਖਤਰਾ ਹੈ । ਇਹ ਜੇ ਮੈ ਤਾਂ ਤੂੰ ਨਹੀਂ ਜੈ ਤੂ ਤਾਂ ਮੈ ਨਹੀਂ ਵਾਲੀ ਹਾਲਤ ਹੈ । ਗੁਰੂ ਸਾਹਿਬ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ । “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥” ਪੰਨਾ 560 ।

ਜਦੋਂ ਅਤੇ ਜਿੱਥੇ ਵੀ ਗੁਰਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਗੁਰੂ “ਮਿਰਤਕ ਕਉ ਜੀਵਾਲਨਹਾਰ” ਹੈ ਤਾਂ ਉਸ ਦਾ ਮਤਲਬ ਵੀ ਇਸੇ ਆਵਾਗਵਣ ਤੋਂ ਹੈ ਨ ਕੇ ਸਰੀਰਕ ਤੌਰ ਤੇ ਮਰੇ ਹੋਏ ਮਨੁੱਖ ਨੂੰ ਮੁੜ ਸੁਰਜੀਤ ਕਰਨ ਤੋਂ । ਗੁਰੂ ਦੀ ਸਿਖਿਆ ਨਾਲ ਜਦੋਂ ਫਿਰ ਤੋਂ ਅਕਾਲ ਪੁਰਖ ਦਾ ਹੁਕਮ ਮਨ ਵਿੱਚ ਵਸ ਜਾਏ ਤਾਂ ਮਨੁੱਖ ਫਿਰ ਤਂੋ ਜੀ ਉਠਦਾ ਹੈ।ਇਸੇ ਨੂੰ ਨਿਤਨੇਮ ਵਿੱਚ “ਸੂਕੇ ਕਾਸਟ ਹਰਿਆ” ਹੋਣਾ ਕਿਹਾ ਗਿਆ ਹੈ । ਇਥੇ ਇੱਕ ਗੱਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਗੁਰਬਾਣੀ ਜਿਸ ਆਵਾਗਵਣ ਦੀ ਗੱਲ ਕਰਦੀ ਹੈ ਉਸ ਵਿੱਚ ਕਈ ਕਈ ਜਨਮ ਨਹੀਂ ਉਡੀਕ ਕਰਨੀ ਪੈਂਦੀ ਬਲਕਿ ਇੱਕ ਛਿਣ ਵਿੱਚ ਹੀ ਮੁਰਦੇ ਤੋਂ ਜੀਉਂਦਾ ਹੋ ਜਾਂਦਾ ਹੈ । “ਸੂਕੇ ਹਰੇ ਕੀਏ ਖਿਨ ਮਾਹੇ ॥” ਪੰਨਾ 191 ।

ਇਹ ਇੱਕ ਅਜੀਬ ਵਿਰੋਧਾਭਾਸ ਹੈ ਕਿ ਗੁਰਬਾਣੀ ਜਿਸ ਨੂੰ ਇਥੇ ਮਿਰਤਕ ਆਖਦੀ ਹੈ ਉੁਹ ਸੰਸਾਰ ਦੀਆਂ ਨਜ਼ਰਾਂ ਵਿੱਚ ਜੀਉਂਦਾ ਜਾਗਦਾ ਹੈ । ਬਲਕਿ ਜਿਹੜੇ ਲੋਕ ਹਉਮੇ ਨਾਲ ਲਬਰੇਜ਼ ਹੁੰਦੇ ਨੇ ਅਕਸਰ ਜ਼ਿੰਦਗੀ ਵਿੱਚ ਉਹ ਅਮੀਰ, ਬਲਵਾਨ, ਰਾਜੇ ਤਕ ਵੀ ਬਣ ਜਾਂਦੇ ਹਨ । ਇਸ ਲਈ ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਅਸਲ ਜਿੰਦਗੀ ਤਾਂ ਇਹਨਾਂ ਦੀ ਹੈ ਬਾਕੀ ਤਾਂ ਬਸ ਦਿਨ ਕਟੀ ਕਰ ਰਹੇ ਨੇ । ਇਸ ਵਿਰੋਧਾਭਾਸ ਨੂੰ ਸਮਝਣ ਲਈ ਇੱਕ ਹੋਰ ਵਿਰੋਧਾਭਾਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ । ਇਕੱ ਪਾਸੇ ਗਰੁਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਹਉਮੇ ਕਾਰਨ ਜੀਵਨ ਉਪਜਦਾ ਹੈ ਅਤੇ ਦੂਜੇ ਪਾਸੇ ਇਹ ਕਿਹਾ ਗਿਆ ਹੈ ਕਿ ਹਉਮੇ ਆਉਂਦੇ ਸਾਰ ਹੀ ਮਨੁਖ ਮਿਰਤਕ ਹੋ ਜਾਂਦਾ ਹੈ । ਇਹ ਵਿਰੋਧਾਭਾਸ ਇਸ ਕਰਕੇ ਪੈਦਾ ਹੁੰਦੇ ਨੇ ਕਿਉਂਕਿ ਅਸੀਂ ਗੁਰਬਾਣੀ ਵਿੱਚਲੇ ਦੋਨੋਂ ਆਵਾਗਵਣਾਂ ਨੂੰ ਰਲਗੱਡ ਕਰਕੇ ਦੇਖਦੇ ਹਾਂ । ਇਹਨਾਂ ਓਪਰੀ ਨਜ਼ਰੇ ਪ੍ਰਸਪਰ ਵਿਰੋਧੀ ਲਗਦੀਆਂ ਗੱਲਾਂ ਦੀ ਉਲਝਣ ਨੂੰ ਸਮਝਾਉਣ ਲਈ ਗੁਰਬਾਣੀ ਵਿੱਚ “ਜੀਵਤ ਮਿਰਤਕ” ਜਾਂ “ਮਰਜੀਵੜੇ” ਦਾ ਸੰਕਲਪ ਦਿੱਤਾ ਗਿਆ ਹੈ।ਕਬੀਰ ਸਾਹਿਬ ਦੇ ਬਚਨ ਨੇ “ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥” ਪੰਨਾ 1364 ॥ ਕਬੀਰ ਸਾਹਿਬ ਤਾਂ ਇਥੌਂ ਤਕ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਪਰਖ ਵਿੱਚ ਤਾਂ ਸਿਰਫ ਮਰਜੀਵੜਾ ਹੀ ਪੂਰਾ ਉਤਰਦਾ ਹੈ । “ਰਾਮ ਕਸਉਟੀ ਸੋ ਸਹੇ ਜੋ ਮਰਜੀਵਾ ਹੋਇ ॥” ਪੰਨਾ 948 । ਗੁਰੂ ਅਮਰਦਾਸ ਸਾਹਿਬ “ਮਰਜੀਵੜੇ” ਦੀ ਪ੍ਰੀਭਾਸਾ ਇਸ ਤਰ੍ਹਾਂ ਦਿੰਦੇ ਨੇ ।

ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ ਨਾਨਕ ਜਿਸ ਨੋ ਬਖਸੈ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥ ਪੰਨਾ 948

ਇਸ ਪ੍ਰੀਭਾਸ਼ਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਰਜੀਵੜਾ ਉਹ ਹੈ ਜਿਸ ਨੇ ਗੁੁਰ ਕਿਰਪਾ ਰਾਹੀਂ ਸਬਦ ਨੂੰ ਮੰਨ ਆਪਣੀ ਹਉਮੇ ਤੋਂ ਛੁਟਕਾਰਾ ਪਾ ਲਿਆ।ਦੂਸਰੇ ਸ਼ਬਦਾਂ ਵਿੱਚ ਜੋ ਗੁਰੂ ਜਾਣੀ ਬਿਬੇਕ ਬੁਧ ਨੂੰ ਸਮਰਪਤ ਹੋ ਚੁਕਾ ਹੈ । ਇਹੀ ਗੱਲ ਗੁਰਬਾਣੀ ਵਿੱਚ ਕਈ ਤਰ੍ਹਾਂ ਨਾਲ ਕਹੀ ਗਈ ਹੈ । ਸ਼ਬਦ ਨੂੰ ਕਮਾਉਣਾ, ਸਬਦ ਤੋ ਮਰਨਾ, ਸਬਦ ਵਿੱਚ ਸਮਾਉਣਾ ਆਦਿ । ਮਰਜੀਵੜੇ ਹੀ ਭਗਤੀ ਕਰਨ ਦੇ ਕਾਬਲ ਨੇ ਅਤੇ ਉਹ ਹੀ ਗੁਰਮੁਖ ਹੁੰਦੇ ਨੇ । “ਭਗਤ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥” ਪੰਨਾ 589 । ਗੁਰਮੁਖ ਬੰਦੇ ਹੁਕਮ ਵਿੱਚ ਰਹਿ ਜਨਮ ਮਰਨ ਤੋਂ ਅਡੋਲ ਹੋ ਜਾਂਦੇ ਨੇ । “ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥” ਪੰਨਾ 1416 । ਅਗਰ ਅਸੀ ਜਪ ਦੀ ਪਹਿਲੀ ਪੌੜੀ ਵਲ ਧਿਆਨ ਦੇਈਏ ਤਾਂ ਸਾਨੂੰ ਸਹਿਜੇ ਹੀ ਪਤਾ ਚਲ ਜਾਏਗਾ ਕਿ ਉਥੇ ਵੀ ਇਹੀ ਸਨੇਹਾ ਦਿੱਤਾ ਗਿਆ ਹੈ । ਸਿਰਫ ਹੁਕਮ ਤੇ ਚਲ ਸਚਿਆਰ ਹੋਣ ਨਾਲ ਹੀ ਕੂੜ ਦੀ ਦੀਵਾਰ ਟੁਟਦੀ ਹੈ । ਇਹ ਕੂੜ ਦੀਆਂ ਦੀਵਾਰਾਂ ਮੌਤ ਨੇ ਜਿਸ ਨੂੰ ਤੋੜ ਹੀ ਜ਼ਿੰਦਗੀ ਦਾ ਸੱਚ ਉਜਾਗਰ ਹੁੰਦਾ ਹੈ ।

ਇਸ ਸਾਰੀ ਵਿਚਾਰ ਤੋਂ ਇਹ ਸਿਟਾ ਨਿਕਲਦਾ ਹੈ ਕਿ ਹਉਮੈ ਵਿੱਚ ਕੀਤੇ ਕਰਮ ਆਵਾਗਵਣ ਵਿੱਚ ਪਾਉਂਦੇ ਨੇ ਹੁਕਮ ਵਿੱਚ ਕੀਤੇ ਕੰਮ ਆਵਾਗਵਣ ਚੋਂ ਕੱਢਦੇ ਨੇ । ਜਿਨ੍ਹਾਂ ਅਭਾਗੇ ਮਨਮੁਖ ਬੰਦਿਆਂ ਨੂੰ ਸਤਿਗੁਰ (ਗਿਆਨ) ਨਹੀਂ ਮਿਲਦਾ ਉਹ ਆਵਾਗਵਣ ਵਿੱਚ ਫਸੇ ਰਹਿੰਦੇ ਨੇ । “ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤ ਪਉਦਾ ਜੀਉ ॥” ਪੰਨਾ 95 । ਜੋ ਭਾਗਾਂ ਵਾਲੇ ਗੁਰੂ ਦੇ ਗਿਆਨ ਨੁੰ ਪਰਨਾ ਜਾਂਦੇ ਹੇ ਉਹ ਨ ਮਰਦੇ ਨੇ ਨ ਹੀ ਜੰਮਦੇ ਨੇ । “ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਸਬਦਿ ਸਮਾਹਾ ਹੇ ॥” ਪੰਨਾ 1054 ।

ਅਲਾਹਣੀਆਂ ਅਤੇ ਸਦੁ

ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਣੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਮੋਤ ਨਾਲ ਹੈ ।ਇਹਨਾਂ ਬਾਣੀਆਂ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਗੁਰਬਾਣੀ ਵਿਚ ਆਵਾਗਵਣ ਦਾ ਸਿਧਾਂਤ ਕੀ ਹੈ । ਅਲਾਹਣੀਆ ਗੁਰ ਨਾਨਕ ਸਾਹਿਬ ਦੀ ਰਚਨਾ ਹੈ।ਇਹ ਇੱਕ ਬੜੀ ਹੀ ਦਿਲਚਸਪ ਗਲ ਹੈ ਕਿ ਇਸ ਬਾਣੀ ਵਿੱਚ ਆਵਾਗਵਣ ਲਫ਼ਜ਼ ਸਿਰਫ ਇਕ ਵਾਰ ਵਰਤਿਆ ਗਿਆ ਹੈ ਉਹ ਵੀ ਜਨਮ ਅਤੇ ਮੌਤ ਦੇ ਅਰਥਾਂ ਵਿੱਚ ਨਾ ਕਿ ਵੱਖ ਵੱਖ ਜੂਨੀਆਂ ਵਿੱਚ ਪੈਣ ਦੇ ਅਰਥਾਂ ਵਿੱਚ।ਇਸ ਬਾਣੀ ਦੇ ਪੰਜ ਬੰਦ ਨੇ ਜਿਨ੍ਹਾ ਦਾ ਸੰਖੇਪ ਭਾਵ ਇਸ ਤਰ੍ਹਾਂ ਹੈ ।

ਪਹਿਲੇ ਬੰਦ ਵਿੱਚ “ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥” ਦੀ ਗੱਲ ਕੀਤੀ ਗਈ ਹੈ ਅਤੇ ਰੋਣ ਦੀ ਵਜਾਏ ਸਿਰਜਣਹਾਰ ਦੇ ਬਲਿਹਾਰੇ ਜਾਣ ਦੀ ਸਿਖਿਆ ਦਿੱਤੀ ਗਈ ਹੈ । ਕਿਉਂੀਕ ਹਰ ਇੱਕ ਦੀ ਮੌਤ ਲਾਜ਼ਮੀ ਹੈ । ਜੇ ਵੈਰਾਗ ਕਰਨਾ ਹੀ ਹੈ ਤਾਂ ਉਸ ਸਿਰਜਣਹਾਰ ਤੋਂ ਹੋਈ ਦੂਰੀ ਦਾ ਕਰੋ।ਦੂਜੇ ਬੰਦ ਵਿੱਚ ਮੌਤ ਨੂੰ ਮਾੜਾ ਕਹਿਣ ਤੋਂ ਵਰਜਿਆ ਹੈ ਕਿਉਂਕਿ “ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਹਿ ਪਰਵਾਣੋ ॥” ਕਿਉਂਕਿ ਇਹ ਸੰਸਾਰ ਇੱਕ ਖੇਡ ਹੈ ਜਿਸ ਵਿੱਚ ਸੂਰਮੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਜ਼ਿੰਦਗੀ ਦੀ ਬਾਜੀ ਮਾਰ ਜਾਂਦੇ ਹਨ । ਤੀਸਰੇ ਬੰਦ ਵਿੱਚ ਉਸ ਸਚੇ ਪਰਵਦਦਾਰ ਦੀ ਸਿਫਤ ਸਲਾਹ ਕਰਨ ਦੀ ਗਲ ਕੀਤੀ ਹੈ ਜਿਸ ਨੈ ਇਹ ਫਾਨੀ ਸੰਸਾਰ, ਸੂਰਜ, ਚੰਦ ਆਦਿ ਦੀ ਰਚਨਾ ਕੀਤੀ । “ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੇਹਾਰੋ ॥” ਉਹ ਆਪ ਸਦਾ ਸਦਾ ਹੈ ੳਸ ਦੀ ਰਚਨਾ ਵਿੱਚ ਜਨਮ ਮੌਤ ਲਾਜ਼ਮੀ ਹੈ । ਮੌਤ ਇਹ ਨਹੀਂ ਦੇਖਦੀ ਕੋਈ ਬੱਚਾ ਹੈ ਜਾਂ ਬਿਰਧ । ਇਸ ਬੰਦ ਵਿੱਚ ਜੀਵਤ ਮਰਨ ਦੀ ਵੀ ਗਲ ਕੀਤੀ ਗਈ ਹੈ । “ਜੀਵਤ ਮਰੇ ਸੁ ਜਾਣੀਅੇ ਪਿਰ ਸਚੜੈ ਹੇਤਿ ਪਿਆਰੇ ॥” ਸੋ ਇੱਥੈ ਉਹਨਾ ਦੋਨਾਂ ਆਵਾਗਵਣਾਂ ਦਾ ਜ਼ਿਕਰ ਹੈ ਜਿਨ੍ਹਾ ਦੀ ਆਪਾਂ ਉਪਰ ਵਿਚਾਾਰ ਕੀਤੀ ਹੈ।ਚੌਥੇ ਬੰਦ ਵਿਚ ਜਿਸ ਪ੍ਰਭੂ ਨੇ ਜਗਤ ਰਚਨਾ ਕੀਤੀ ਉਸ ਨੂੰ ਸਦਾ ਨੇੜੇ ਸਮਝ ਕੇ ਜੀਉਣ ਦੀ ਤਗੀਦ ਕੀਤੀ ਹੈ ਕਿਉਂਕਿ “ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥”। ਅਸੀਂ ਜੋ ਵੀ ਕਰਮ ਕਰਦੇ ਹੀ ਉਸ ਅਨੁਸਾਰ ਹੀ ਸਾਡੇ ਸੰਸਕਾਰ ਬਣਦੇ ਜਾਂਦੇ ਨੇ ਅਤੇ ਸਿਰਫ ਇਹ ਹੀ ਸਾਡੇ ਕੰੰਮ ਆਉਦੇ ਨੇ ਨ ਕਿ ਪਹਿਨੇ ਹੋਏ ਕਪੜੇ ਜਾਂ ਖਾਧੇ ਹੋਏ ਪਦਾਰਥ । ਪੰਜਵੇਂ ਬੰਦ ਵਿੱਚ ਮੌਤ ਦੇ ਅਟੱਲ ਹੋਣ ਦਾ ਜ਼ਿਕਰ ਹੈ । “ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥” ਇਸ ਕਰਕੇ ਸੱਚੇ ਰੱਬ ਦੇ ਲੜ ਲਗਣ ਦੀ ਪ੍ਰੇਰਣਾ ਕੀਤੀ ਗਈ ਹੇ।ਮੌਤ ਤੇ ਸਾਰੇ ਰੋਂਦੇ ਨੇ ਪਰ ਨ ਤਾਂ ਰੋਇਆਂ ਮੌਤ ਟਲਦੀ ਹੈ ਅਤੇ ਨ ਹੀ ਕੋਈ ਕਿਸੇ ਦੀ ਜਗ੍ਹਾ ਮਰਦਾ ਹੈ । ਇਸ ਕਰਕੇ ਆਉ ਇਕ ਦੂਜੇ ਨੂੰ ਗਲ ਮਿਲ ਅਸੀਸ ਦੇਈਏ ਕਿ ਸਾਡਾ ਸੱਚੇ ਨਾਲ ਮੇਲ ਬਣਿਆ ਰਹੇ ।

ਦੂਜੀ ਬਾਣੀ ਸਦੁ ਹੇ ਜੋ ਗੁਰ ਅਮਰਦਾਸ ਦੀ ਆਪਣੀ ਮੌਤ ਤੇ ਸਿਖਾਂ ਨੂੰ ਕੀਤੀ ਹਦਾਇਤ ਹੈ ਅਤੇ ੳਹਨਾਂ ਦੇ ਪੜੋਤੇ ਸੁੰਦਰ ਵਲੋ ਲਿਖੀ ਗਈ ਹੈ । ਇਸ ਬਾਣੀ ਅਨੁਸਾਰ ਗੁਰ ਅਮਰਦਾਸ ਨੇ ਆਪਣੀ ਮੌਤ ਤੇ ਸਿਖਾਂ ਨੂੰ ਰੋਣੋ ਵਰਜਿਆ ਕਿਉਕਿ ਇਹ “ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ” ਹੈ । ਰੋਣ ਦੀ ਵਜਾਏ ੳਹੁਨਾ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਹਦਾਇਤ ਕੀਤੀ । “ਅੰਤੈ ਸਤਿਗੁਰੁ ਬੋਲਿਆਂ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥” ਇਸ ਬਾਣੀ ਵਿੱਚ ਕਿਤੇ ਵੀ ਆਵਾਗਵਣ ਦਾ ਜ਼ਿਕਰ ਨਹੀਂ ਹੈ ।

ਕੀ ਇਹ ਇੱਕ ਸਬੂਤ ਨਹੀਂ ਕਿ ਗੁਰਮਤਿ ਪ੍ਰਚਲਤ ਆਵਾਗਵਣ ਦਾ ਸੰਪੂਰਨ ਖੰਡਣ ਕਰਦੀ ਹੈ । ਦੋਨਾਂ ਬਾਣੀਆਂ ਦਾ ਮੌਤ ਨਾਲ ਸਬੰਧ ਹੋਣ ਦੇ ਬਾਵਜ਼ੂਦ ਵੀ ਆਵਾਗਵਣ ਦੇ ਵਿਸ਼ੇ ਨੂੰ ਛੇੜਿਆ ਤੱਕ ਨਹੀਂ ।

ਕੁਝ ਸਵਾਲ

ਆਵਾਗਵਣ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ । ਕੁਝ ਉਹਨਾਂ ਵਲੋਂ ਵੀ ਕੀਤੇ ਜਾਂਦੇ ਹਨ ਜੋ ਨਾਸਤਕ ਕਹਾਉਂਦੇ ਨੇ ਅਤੇ ਕੁਝ ਉਹ ਲੋਕ ਵੀ ਕਰਦੇ ਨੇ ਜੋ ਗੁਰਬਾਣੀ ਨੂੰ ਭਿੰਨ ਭਿੰਨ ਜੂਨਾਂ ਵਾਲੇ ਆਵਾਗਵਣ ਦਾ ਸਮਰਥਕ ਕਹਿੰਦੇ ਨੇ ।

 1. ਅਗਰ ਆਵਾਗਵਣ ਸਹੀ ਹੈ ਤਾਂ ਮਨੁੱਖੀ ਅਬਾਦੀ ਕਿਉਂ ਵਧ ਰਹੀ ਹੈ । ਇਸ ਸਵਾਲ ਦਾ ਪ੍ਰਚਲਤ ਆਵਾਗਵਣ ਦੇ ਸਿਧਾਂਤ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਹੈ । ਪਰ ਗੁਰਬਾਣੀ ਇਸ ਵਾਰੇ ਬਹੁਤ ਸਪਸ਼ਟ ਹੈ । ਜਨਮ ਦਾ ਕਾਰਨ ਹਉਮੇ ਹੈ।ਇਸ ਵਕਤ ਮਨੁੱਖੀ ਹਉਮੇ ਪ੍ਰਬਲ ਹੈ । ਉਹ ਆਪਣੀ ਹੋਂਦ ਦੀ ਜੱਦੋਜਹਦ ਵਿੱਚ ਬਾਕੀ ਜੂਨੀਆਂ ਨੂੰ ਹੜਪ ਰਿਹਾ ਹੈ।ਇਸ ਦਾ ਕੀ ਸਿੱਟਾ ਨਿਕਲੇਗਾ ਕਦੋ ਨਿਕਲੇਗਾ ਇਹ ਤਾਂ ਕਰਤਾਰ ਜਾਣੇ ਪਰ ਇੱਕ ਗੱਲ ਸਾਫ ਹੈ ਕਿ ਇਹ ਸਿੱਟਾ ਮਨੁੱਖ ਜਾਤੀ ਲਈ ਸੁਖਾਵਾਂ ਨਹੀਂ ਹੋਵੇਗਾ ।
 2. ਅਗਰ ਕਰਮਾਂ ਦਾ ਅਗਲੇ ਜਨਮ ਵਿੱਚ ਕੋਈ ਅਸਰ ਨਹੀਂ ਤਾਂ ਲੋਕ ਅਮੀਰ ਗਰੀਬ, ਬੀਮਾਰ ਤੰਦਰੁਸਤ ਕਿਉਂ ਪੈਦਾ ਹੁੰਦੇ ਨੇ । ਗੁਰਬਾਣੀ ਇਸ ਵਾਰੇ ਵੀ ਬਹੁਤ ਸਪਸ਼ਟ ਹੈ । ਅਮੀਰ ਗਰੀਬ ਹੋਣ ਦਾ ਕਰਮਾਂ ਨਾਲ ਕੋਈ ਵਾਸਤਾ ਨਹੀਂ।ਸਮਾਜ ਦੀ ਕਾਣੀ ਵੰਡ ਸਮਾਜ ਦੀ ਉਪਜ ਹੈ । ਗੁਰਬਾਣੀ ਇਸ ਲਈ ਸੰਘਰਸ਼ ਦਾ ਸੱਦਾ ਦਿੰਦੀ ਹੈ । ਗੁਰੂਆਂ ਨੇ ਆਪ ਅੱਗੇ ਹੋ ਕਿ ਇਸ ਸੰਘਰਸ਼ ਦੀ ਅਗਵਾਈ ਕੀਤੀ।ਇੱਥੋਂ ਤਕ ਕਿ ਹਥਿਆਰਬੰਦ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ । ਇਸੇ ਤਰ੍ਹਾਂ ਅਗਰ ਕੋਈ ਬੀਮਾਰ ਜਾਂ ਤੰਦਰੁਸਤ ਪੈਦਾ ਹੁੰਦਾ ਹੇ ਤਾਂ ਇਸ ਵਿੱਚ ਵੀ ਪਿਛਲੇ ਜਨਮ ਦੇ ਕਰਮਾਂ ਦਾ ਕੋਈ ਹੱਥ ਨਹੀਂ ਹੈ । ਇਹ ਸਭ ਵੀ ਸਮਾਜਿਕ, ਆਰਥਿਕ ਆਦਿ ਹਾਲਾਤਾਂ ਤੇ ਨਿਰਭਰ ਹੈ । ਇਸ ਵਾਰੇ ਵੀ ਗੁਰਬਾਣੀ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਵਕਾਲਤ ਕਰਦੀ ਹੈ । ਗੁਰੂਆ ਨੈ ਆਪ ਦਵਾਖਾਨੇ ਸ਼ੁਰੂ ਕਰਕੇ ਇਹ ਹੀ ਸੰਦੇਸ਼ ਤੇ ਸੰਕੇਤੇ ਦਿੱਤਾ
  ਹੈ ।
 3. ਅਗਰ ਆਵਾਗਵਣ ਨਹੀਂ ਹੇ ਤਾਂ ਇਹ ਬਾਕੀ ਜੂਨਾਂ ਜੋ ਮਨੁੱਖਾਂ ਜੂਨ ਦੀ “ਪਨਿਹਾਰੀ” ਹਨ ਕਿਉਂ ਪੈਦਾ ਕੀਤਾ ਗਿਆ ਹੈ । ਇਹ ਗੱਲ ਇਸ ਹਿਸਾਬ ਨਾਲ ਕੀਤੀ ਜਾਂਦੀ ਹੈ ਕਿ ਬਾਕੀ ਸਭ ਜੂਨਾਂ ਮਨੁੱਖ ਤੋਂ ਭੈੜੀਆਂ ਜਾਂ ਮੰਦੀਆਂ ਹਨ । ਪਰ “ਪਨਿਹਾਰੀ” ਦਾ ਇਹ ਮਤਲਬ ਨਹੀਂ ਹੈ । ਗੁਰੂ ਸਾਹਿਬ ਨੇ ਇਹ ਜ਼ਰੂਰ ਕਿਹਾ ਹੀ ਕਿ “ਅਵਰ ਜੋਨਿ ਤੇਰੀ ਪਨਿਹਾਰੀ” ਪਰ ਉਹਨਾਂ ਦਾ ਇਹ ਭਾਵ ਬਿਲਕੁਲ ਨਹੀਂ ਹੈ ਕਿ ਹੋਰ ਜੋਨੀਆਂ ਮਨੱਖ ਜੋਨੀ ਤੋਂ ਮੰਦੀਆਂ ਹਨ।ਉਹ ਸਿਰਫ ਇਹ ਕਹਿ ਰਹੇ ਨੇ ਨਿ ਇਸ ਧਰਤੀ ਤੇ ਮਨੁੱਖ ਜਾਤੀ ਦਾ ਰਾਜ ਹੈ ਅਤੇ ਬਾਕੀ ਜਾਤੀਆਂ ਉਸ ਦਾ ਪਾਣੀ ਭਰ ਰਹੀਆਂ ਹਨ ਭਾਵ ਉਸ ਦੇ ਅਧੀਨ ਹਨ । ਅਧੀਨ ਹੋਣਾ ਇੱਕ ਗਲ ਹੈ ਪਰ ਚੰਗਾ ਜਾਂ ਮਾੜਾ ਹੋਣਾ ਦੂਸਰੀ ਗੱਲ । ਰਾਜਾ ਕਈ ਵਾਰ ਪਰਜਾ ਨਾਲੋਂ ਵੀ ਮਾੜਾ ਹੁੰਦਾ ਹੈ । ਰਹੀ ਗੱਲ ਇਹ ਸਭ ਜੂਨਾਂ ਦੇ ਪੈਦਾ ਹੋਣ ਦੀ । ਗੁਰਬਾਣੀ ਮੁਤਾਬਿਕ ਇਹ ਸਭ ਕਰਤੇ ਦੀ ਖੇਡ ਹੇ ਜੋ ਕਿਸੇ ਨੂੰ ਵੀ ਹਾਲੇ ਤਕ ਪੂਰੀ ਸਮਝ ਨਹੀਂ ਪਈ ।
 4. ਅਗਰ ਆਵਾਗਵਣ ਨਹੀਂ ਹੈ ਤਾਂ ਐਹੋ ਜਿਹੇ ਕਿੱਸੇ ਕਿਉਂ ਅਖਬਾਰਾ ਦੀਆਂ ਸੁਰਖੀਆਂ ਬਣਦੇ ਨੇ ਜਿਥੇ ਕੋਈ ਬੱਚਾ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਯਾਦ ਕਰਦਾ ਹੈ ਅਤੇ ਆਪਣੇ ਪਿਛਲੇ ਜਨਮ ਦੇ ਰਿਸ਼ਤੇਦਾਰਾਂ ਅਤੇ ਘਰ ਨੂੰੰ ਵੀ ਪਹਿਚਾਣ ਲੈਂਦਾ ਹੈ । ਈਅਨ ਸਟੀਵਨਸਨ11 ਨੇ ਕੋਈ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਅਜਿਹੇ ਕਿੱਸੇ ਬੜੀ ਬਰੀਕੀ ਨਾਲ ਬਿਆਨ ਕੀਤੇ ਹਨ । ਬੇਸ਼ੱਕ ਉਸਨੇ ਇੱਕ ਕਿਤਾਬ ਯੂਰਪ ਦੇ ਕੇਸਾਂ ਬਾਰੇ ਵੀ ਲਿਖੀ ਹੇ ਪਰ ਉਸਦੇ ਜ਼ਿਆਦਾਤਰ ਕਿੱਸੇ ਉਹਨਾ ਮੁਲਕਾਂ ਚੋਂ ਹੀ ਹਨ ਜਿਥੇ ਆਵਾਗਵਣ ਨੂੰ ਧਾਰਮਿਕ ਮਾਨਤਾ ਪ੍ਰਾਪਤ ਹੈ । ਪੌਲ ਐਡਵਰਡਜ਼12 ਨੇ ਸਟੀਵਨਸਨ ਦੇ ਕਿੱਸਿਆਂ ਦੀ ਪੜਚੋਲ ਕਰਕੇ ਇਹ ਕਿਹਾ ਕਿ ਇਹ ਸਭ ਸੁਣੀ ਸਣਾਈ ਗੱਲ (anecdotal) ਤੇ ਅਧਾਰਿਤ ਹਨ।ਉਸ ਦੇ ਕਹਿਣ ਮੁਤਾਬਿਕ ਸਾਰੇ ਸਬੂਤ ਛਾਂਟਵੀ ਸੋਚ (selective thinking) ਅਤੇ ਝੂਠੀਆਂ ਯਾਦਾਂ (false memories) ਤੋ ਪੈਦਾ ਹੋ ਰਹੇ ਨੇ।ਈਅਨ ਵਿਲਸਨ13 ਅਨੁਸਾਰ ਬਹੁਤਾਤ ਕੇਸ ਗਰੀਬ ਘਰਾਂ ਦੇ ਬੱਚਿਆਂ ਵਲੋ ਅਮੀਰ ਵਿਅਕਤੀਆਂ ਤੋ ਪੁਨਰ ਜਨਮ ਦੇ ਬਹਾਨੇ ਪੇਸਾ ਵਟੋਰਨਾ ਹੋ ਸਕਦਾ ਹੈ । ਵਿਗਿਆਨੀ ਕਾਰਲ ਸੇਗਨ14 ਅਤੇ ਸੈਮ ਹੈਰਿਸ15 ਨੇ ਵੀ ਸਟੀਵਨਸਨ ਦੇ ਦਾਅਵਿਆਂ ਨੁੰ ਪੜਚੋਲ ਕਰ ਨਕਾਰਿਆ ਹੈ।ਭਾਸ਼ਾ ਵਿਗਿਆਨੀ ਸੈਰਾ ਟੋਮਸਨ ਨੇ ਭਾਸ਼ਾ ਦੇ ਅਧਾਰ ਤੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ । ਰਾਬ੍ਰਟ ਬੇਕਰ16 ਨੇ ਇਹ ਕਿਹਾ ਹੈ ਕਿ ਮਨੋਵਿਗਿਆਨ ਦੇ ਮੁਤਾਬਿਕ ਇਹ ਸਾਰੇ ਦਾਅਵੇ Cryptomnesia ਅਤੇ Confabulation ਦੀ ਉਪਜ ਹਨ । ਸੋ ਇਹ ਦਾਅਵੇ ਕਿਸੇ ਲਿਹਾਜ਼ ਨਾਲ ਵੀ ਪੁਨਰ ਜਨਮ ਦਾ ਅਕੱਟ ਸਬੂਤ ਨਹੀਂ ਬਣ ਸਕੇ ।
 5. ਦੁਨੀਆਂ ਵਿੱਚ ਬੇਤਹਾਸ਼ਾ ਜ਼ੁਲਮ ਹੋਏ ਨੇ ਅਤੇ ਹੋ ਰਹੇ ਨੇ – ਕੀ ਇਹ ਪਿਛਲੇ ਜਨਮ ਵਿੱਚ ਕੀਤੇ ਕਰਮਾ ਦਾ ਫਲ ਹਨ । ਹਿੰਦੂ ਧਰਮ ਦਾ ਆਵਾਗਵਣ ਦਾ ਸਿਧਾਂਤ ਤਾਂ ਇਸ ਦਾ ਉੱਤਰ ਹਾਂ ਵਿੱਚ ਦਿੰਦਾ ਹੈ ਪਰ ਗੁਰਬਾਣੀ ਇਸ ਦਾ ਉੱਤਰ ਨਾਂ ਵਿੱਚ ਦਿੰਦੀ ਹੈ । ਬਲਕਿ ਗੁਰਬਾਣੀ ਤਾਂ ਜੁਲਮ ਵਿਰੁੱਧ ਸੰਘਰਸ਼ ਦਾ ਸੁਨੇਹਾ ਦਿੰਦੀ ਹੈ ਅਤੇ ਲੋੜ ਪੈਣ ਤੇ ਹਥਿਆਰ ਚੁਕਣ ਲਈ ਵੀ ਪ੍ਰੇਰਦੀ ਹੈ ।

ਸਾਰੰਸ਼

ਕੇਵਲ ਇਹ ਦੇਖ ਪੜ੍ਹ ਕੇ ਕਿ ਆਵਾਗਵਣ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਹੈ ਇਹ ਨਤੀਜ਼ਾ ਨਹੀਂ ਕੱਢਿਆ ਜਾ ਸਕਦਾ ਕਿ ਗੁਰਬਾਣੀ ਇਸ ਦੀ ਪ੍ਰੋੜਤਾ ਕਰਦੀ ਹੈ।ਸਾਨੂੰ ਗੁਰਬਾਣੀ ਦਾ ਸਮੁਚਾ ਫਲਸਫਾ ਸਮਝ ਇਹ ਨਿਰਨਾ ਕਰਨਾ ਪੈਣਾ ਹੈ । ਆਪਾਂ ਉਪਰ ਦਿੱਤੀ ਵਿਚਾਰ ਵਿਚ ਦੇਖ ਚੁਕੇ ਹਾਂ ਕਿ ਗੁਰਬਾਣੀ ਪ੍ਰਚਲਤ ਆਵਾਗਵਣ ਦਾ ਖੰਡਣ ਕਰ ਆਪਣਾ ਨਿਵੇਕਲਾ ਸਿਧਾਂਤ ਪੇਸ਼ ਕਰਦੀ ਹੈ।ਸਤੈ ਬਲਵੰਡਿ ਦੀ ਵਾਰ ਵਿੱਚ ਬਲਵੰਡਿ ਜੀ ਇੱਕ ਗੱਲ ਕਹਿੰਦੇ ਨੇ ਜੋ ਸਾਡਾ ਧਿਆਨ ਮੰਗਦੀ ਹੈ । ਉਹ ਕਹਿੰਦੇ ਨੇ ਕਿ ਗੁਰ ਸਾਹਿਬ ਨੇ ਸ਼ਬਦ ਨੂੰ ਰਿੜਕ ਕੇ ਆਵਾਗਵਣ ਨੂੰ ਸੋਹਣਾ ਬਣਾ ਦਿੱਤਾ । “ਮਧਾਣਾ ਪਰਬਤੁ ਕਰਿ ਨੇਤਿ੍ਰ ਬਾਸਕੁ ਸਬਦੁ ਰਿੜਕਿਓੁਨ ॥ ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿੳਨੁ ॥” ਪੰਨਾ 967 । ਇਥੋਂ ਇਹ ਗਲ ਬਿਲਕੁਲ ਸਾਫ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਆਵਾਗਵਣ ਨੂੰ ਨਵੀਂ ਪ੍ਰੀਭਾਸ਼ਾ ਦਿੱਤੀ ਹੈ । ਕਿਉਂਕਿ ਪ੍ਰਚਲਤ ਆਵਾਗਵਣ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਹੀ ਨਹੀਂ ਖਾਂਦਾ । ਮਿਸਾਲ ਦੇ ਤੌਰ ਤੇ ਗੁਰਬਾਣੀ ਕਹਿੰਦੀ ਹੈ ਕਿ ਕਾਦਰ ਕੁਦਰਤ ਦੀ ਰਚਨਾ ਕਰ ਵਿੱਚੇ ਹੀ ਆਪਣਾ ਆਸਣ ਜਮਾਈ ਬੈਠਾ ਹੈ।ਇਸ ਦੇ ਉਲਟ ਆਵਾਗਵਣ ਦਾ ਸਿਧਾਂਤ ਕਾਦਰ ਨੂੰ ਉਸਦੀ ਕੁਦਰਤ ਤੋਂ ਵੱਖ ਕਰਕੇ ਵੇਖ ਰਿਹਾ ਹੈ । ਉਹ ਕਿਤੇ ਦੂਰ ਬੈਠ ਫੈਸਲੇ ਕਰ ਰਿਹਾ ਹੈ।ਗੁਰਬਾਣੀ ਅਨੁਸਾਰ ਇਸ ਸਿ੍ਰਸ਼ਟੀ ਵਿੱਚ ਕਰਤਾਰ ਤੋਂ ਬਿਨਾ ਕੁਝ ਵੀ ਨਹੀਂ ਹੈ । ਸਾਰੀ ਕਾਇਨਾਤ ਉਸ ਦੀ ਹੋਂਦ ਨਾਲ ਭਰੀ ਪਈ ਹੈ । ਕਰਤਾਰ “ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥ 1 ॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥” ਪੰਨਾ 23 ।

ਕਈ ਵਿਦਵਾਨ ਸੱਜਣ ਇਹ ਤਾਂ ਬੜੀ ਉੱਚੀ ਸੁਰ ਵਿੱਚ ਕਹਿੰਦੇ ਨੇ ਕਿ ਸਿਖ ਧਰਮ ਦਾ ਆਵਾਗਵਣ ਹਿੰਦੂ ਧਰਮ ਦੇ ਆਵਾਗਵਣ ਨਾਲੋਂ ਅੱਡ ਹੈ । ਪਰ ਘੁੰਮ ਘਮਾ ਕੇ ਉਹ ਵੀ ਹਿੰਦੂ ਧਰਮ ਵਾਲੇ ਆਵਾਗਵਣ ਦੀ ਹੀ ਪ੍ਰੋੜਤਾ ਕਰ ਜਾਂਦੇ ਨੇ । ਇੱਕ ਤਰ੍ਹਾਂ ਨਾਲ ਉਹ ਕੰਨ ਬਾਂਹ ਨੂੰ ਸਿਰ ਦੇ ਪਿਛਿਓਂ ਘੁਮਾ ਕੇ ਫੜਦੇ ਨੇ । ਅਸੀਂ ਸਾਰੇ ਜੀ ਪੀ ਐਸ ਦੀ ਵਰਤੋਂ ਕਰਦੇ ਹਾਂ । ਇਸ ਵਿੱਚ ਜਿਹੜਾ ਪਤਾ ਇਕ ਵਾਰ ਭਰ ਦਿਉ ਉਹ ਇਹ ਯਾਦ ਰੱਖਦਾ ਹੈ । ਭਾਰਤ ਅੰਦਰ ਰਹਿੰਦੇ ਹਰ ਵਿਅਕਤੀ ਦੇ ਜੀ ਪੀ ਐਸ (ਜਾਣੀ ਦਿਮਾਗ) ਵਿੱਚ ਉਸ ਨੂੰ ਪੁੱਛੇ ਬਗੈਰ ਹਿੰਦੂ ਧਰਮ ਵਾਲੇ ਆਵਾਗਵਣ ਦਾ ਪਤਾ ਭਰਿਆ ਜਾਂਦਾ ਹੈ । ਇਸ ਕਰਕੇ ਜਿਉਂ ਹੀ ਸਾਡਾ ਦਿਮਾਗ ਆਵਾਗਵਣ ਸੁਣਦਾ ਦੇਖਦਾ ਹੈ ਤਾਂ ਉਹ ਸਾਨੂੰ ਹਿੰਦੂ ਧਰਮ ਵਾਲੇ ਆਵਾਗਵਣ ਨੂੰੰ ਲੈ ਤੁਰਦਾ ਹੈ । ਗੁਰਬਾਣੀ ਵਿੱਚ ਆਵਾਗਵਣ ਸ਼ਬਦ ਬਹੁਤ ਵਾਰੀ ਆਇਆ ਹੈ ਪਰ ਗੁਰਬਾਣੀ ਇਸ ਨੂੰ ਨਵੇਂ ਅਰਥ ਦਿੰਦੀ ਹੈ । ਜਿਸ ਆਵਾਗਵਣ ਦੀ ਗਲ ਗੁਰਬਾਣੀ ਕਰਦੀ ਹੈ ਉਹ ਸਾਡੇ ਅੰਦਰ “ਸਤਿਗੁਰ ਕੈ ਜਨਮੇ” ਮਿਟਦਾ ਹੈ।ਸਤਿਗੁਰ ਦਾ ਅੰਦਰ ਕਿਵੇਂ ਜਨਮ ਹੁੰਦਾ ਹੈ ? ਜਦੋਂ ਸਾਡੀ ਵਿਰਤੀ ਬਿਬੇਕ ਬੁਧ ਵਾਲੀ ਬਣ ਜਾਂਦੀ ਹੈ । ਤਾਂ ਹੀ ਅਸੀਂ “ਮਨਸਾ ਆਸਾ ਸਬਦਿ ਜਲਾਈ ॥” ਪੰਨਾ 940 ਵਾਲੀ ਅਵਸਥਾ ਨੂੰ ਅਪੜ ਸਕਦੇ ਹਾਂ । ਫਿਰ ਅਸੀਂ ਅਕਾਲ ਪੁਰਖ ਦੇ ਹੁਕਮ ਦੀ ਰਜ਼ਾ ਵਿੱਚ ਤੁਰਦੇ ਹਾਂ ।

ਗੁਰੂ ਨਾਨਕ ਸਾਹਿਬ ਦੇ ਬਚਨ ਨੇ “ਬਹੁਤਾ ਜੀਵਣੁ ਮੰਗੀਐ ਮੂਆ ਨ ਲੋੜੈ ਕੋਇ ॥” ਪੰਨਾ 63 । ਮਨੁੱਖ ਦੀ ਇਹ ਆਦਿ ਕਾਲ ਤੋਂ ਹੀ ਇੱਛਾ ਰਹੀ ਹੈ ਕਿ ਉਹ ਕਦੇ ਵੀ ਨਾ ਮਰੇ।ਮਨੁੱਖ ਦੇ ਮੌਤ ਤੋਂ ਇਨਕਾਰੀ ਹੋਣ ਦੀ ਹੀ ਉਪਜ ਹਨ ਆਵਾਗਵਣ ਜਾਂ ਪੁਨਰ ਜਨਮ ਦੇ ਸਿਧਾਂਤ । ਇਹ ਸਾਰੀ ਦੁਨੀਆਂ ਵਿਚ ਹੀ ਹਰ ਫਲਸਫੇ ਵਿੱਚ ਕਿਸੇ ਨ ਕਿਸੇ ਰੂਪ ਵਿੱਚ ਮੌਜ਼ੂਦ ਨੇ । ਮਿਸਰ ਦੀ ਸਭਿਅਤਾ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਮਿ੍ਰਤਕ ਵਿਅਕਤੀ ਦੀ ਰੂਹ ਹੇਠਾਂ ਪਾਤਾਲ ਵਿੱਚ ਚਲੀ ਜਾਂਦੀ ਹੈ ਜਿਥੇ ਉਸਦੇ ਕੀਤੇ ਕੰਮਾ ਮੁਤਾਬਿਕ ਉਸਦਾ ਫੈਸਲਾ ਹੁੰਦਾ ਹੈ ਅਤੇ ਫਿਰ ਉਹ ਵਾਪਸ ਸਰੀਰ ਵਿਚ ਆ ਜਾਂਦੀ ਹੈ ।17 ਇਸੇ ਕਰਕੇ ਉਹ ਮੁੁਰਦਿਆਂ ਦੀਆਂ ਲਾਸ਼ਾਂ ਨੂੰ ਸੰਭਾਲ ਕੇ ਰੱਖਦੇ ਸਨ । ਯੁਨਾਨੀ ਚਿੰਤਕ ਪੀਥਾਗੋਰਸ, ਐਮਪੀਡੋਕਲੀਜ਼ ਆਦਿ ਵੀ ਆਵਾਗਵਣ ਨੂੰ ਕਿਸੇ ਨ ਕਿਸੇ ਸ਼ਕਲ ਵਿਚ ਮੰਨਦੇ ਸਨ । ਸੁਕਰਾਤ ਵੀ ਰੂਹ ਦੇ ਅਮਰ ਹੋਣ ਵਿੱਚ ਵਿਸ਼ਵਾਸ਼ ਰੱਖਦਾ ਸੀ । ਇਸੇ ਕਰਕੇ ਮੌਤ ਵੇਲੇ ਅਡੋਲ ਰਿਹਾ ।18 ਪਰ ਇਥੇ ਇਕ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਭਾਰਤ ਵਿੱਚ ਵੀ ਵੇਦ ਕਾਲ ਦੌਰਾਨ ਇਹ ਸਿਧਾਂਤ ਆਤਮਾ ਦੇ ਅਮਰ ਹੋਣ ਤਕ ਹੀ ਸੀਮਤ ਸੀ । ਗੀਤਾ ਵਿੱਚਲਾ ਕ੍ਰਿਸ਼ਨ ਦਾ ਉਪਦੇਸ਼ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ । ਭਾਰਤ ਵਿੱਚ ਇਸ ਸਿਧਾਂਤ ਦੀ ਮੌਜੂਦਾ ਸ਼ਕਲ ਮਨੂ ਸਿਮ੍ਰਤਿ ਅਤੇ ਪੁਰਾਣਾ ਨੇ ਦਿੱਤੀ ਲਗਦੀ ਹੈ । ਇੰਜ ਲਗਦਾ ਹੈ ਕਿ ਆਰੀਅਨ ਲੋਕਾਂ ਵਲੋ ਭਾਰਤੀ ਲੋਕਾਂ ਨੂੰ ਗੁਲਾਮ ਰੱਖਣ ਦੀ ਇਹ ਤਰਕੀਬ ਸੀ ਜੋ ਬੇਹੱਦ ਕਾਮਯਾਬ ਰਹੀ । ਉਹਨਾਂ ਨੂੰ ਕਰਮਾਂ ਦੇ ਗਦੀਗੇੜ ਵਿੱਚ ਪਾ ਲੁੱਟਣ ਦਾ ਰਾਹ ਪੱਧਰਾ ਕੀਤਾ ਲਗਦਾ ਹੈ । ਗੁਰਬਾਣੀ ਇਸ ਸਭ ਦੇ ਖਿਲਾਫ ਇੱਕ ਬਗਾਵਤ ਸੀ ਅਤੇ ਹੈ ।

ਹਵਾਲੇ

 1. ਦੇਖੋ Encyclopaedia Britannica ਵਿੱਚ ਇੰਦਰਾਜ਼ Reincarnation.
 2. ਭਾਈ ਕਾਨ ਸਿੰਘ ਆਪਣੀ ਕਿਤਾਬ “ਹਮ ਹਿੰਦੂ ਨਹੀਂ” ਵਿੱਚ ਜਰੂਰ ਇਹ ਗੱਲ ਕਹਿੰਦੇ ਹਨ ਕਿ “ਸਿਖ” ਆਵਾਗਵਨ ਮੰਨਦੇ ਹਨ ।
 3. ਇਹ ਜਾਣਕਾਰੀ ਮੈ ਇੰਟ੍ਰਨੈਟ ਤੌ ਲਈ ਹੈ ਜਿਥੇ ਇਸਦਾ ਹਵਾਲਾ ਇਸ ਤਰ੍ਹਾਂ ਦਿਤਾ ਗਿਆ ਹੈ । Chapple, Christopher Key, W Sargeant (Translator) (2010), The Bhagavad Gita: Twenty-fifth–Anniversary Edition, State University of New York Press.
 4. The Boundaries of Knowledge in Buddhism, Christianity, and Science, Paul David Numrich, p. 13, Vandenhoeck & Ruprecht.
 5. Quoted by Barbara O’Brien in her article Rebirth and Reincarnation in Buddhism.
 6. “Monks, suppose that this great earth were totally covered with water, and a man were to toss a yoke with a single hole there. A wind from the east would push it west, a wind from the west would push it east. A wind from the north would push it south, a wind from the south would push it north. And suppose a blind sea-turtle were there. It would come to the surface once every one hundred years. Now what do you think: would that blind sea-turtle, coming to the surface once every one hundred years, stick his neck into the yoke with a single hole?”
 7. ਭਾਈ ਕਾਨ ਸਿੰਘ ਨੇ ਹੰਸ ਸ਼ਬਦ ਦੇ ਬਾਕੀ ਅਰਥ ਇਸ ਤਰ੍ਹਾਂ ਦਿੱਤੇ ਹਨ।ਸੂਰਜ, ਜੀਵਆਤਮਾ, ਵਿਵੇਕੀ, ਇਕ ਰਾਜਾ, ਚਿੱਟੇ ਕੇਸ਼, ਹੰਸ ਪ੍ਰਾਣਯਾਮ, ਹੰਸ ਅਵਤਾਰ, ਵਿਸ਼ਨੂੰ, ਸ਼ਿਵ, ਘੋੜਾ, ਇੱਕ ਛੰਦ, ਮਾਤ੍ਰਾ ।
 8. On the Origin of Species, Charles Darwin, Penguin Edition, page 66.
 9. ਗੁਰੂ ਅੰਗਦ ਸਾਹਿਬ ਆਪਣੇ ਸਲੋਕ ਵਿੱਚ ਇਹ ਗਲ ਸਮੁੰਦਰ ਵਿੱਚਲੇ ਜੀਵਾਂ ਵਾਰੇ ਕਹਿ ਰਹੇ ਹਨ । ਪਰ ਇਹ ਧਰਤੀ ਉਤਲੇ ਜੀਵਾਂ ਵਾਰੇ ਵੀ ਉਨ੍ਹੀਂ ਹੀ ਸੱਚ ਹੈ ।
 10. ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥ ਪੰਨਾ 324 ।
 11. Well-known books by Ian Stevenson: Twenty Cases Suggestive of Incarnation and Where Reincarnation and Biology Intersect.
 12. Reincarnation – A Critical Examination, Paul Edwards.
 13. Mind Out of Time – Reincarnation Investigated, Ian Wilson.
 14. The Demon Haunted World, Carl Sagan.
 15. The End of Faith, Sam Harris.
 16. Hidden Memories – Voices and Visions from Within, Robert A Baker.
 17. The History of Western Philosophy, Bertrand Russell, Touchstone Edition, page 4.
 18. ਭਾਈ ਕਾਹਨ ਸਿੰਘ ਆਪਣੇ ਮਹਾਨ ਕੋਸ਼ ਵਿੱਚ ਅਤੇ ਬਰਟਰੈਂਡ ਰੱਸਲ ਆਪਣੀ ਉਪਰੋਕਿਤ ਕਿਤਾਬ ਦੇ ਪੰਨ 92 ਤੇ ਇਸ ਗੱਲ ਦੀ ਗਵਾਹੀ ਭਰਦੇ ਨੇ ।

ਜਰਨੈਲ ਸਿੰਘ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s