ਇੱਕ ਓਅੰਕਾਰ ਬਨਾਮ ਇੱਕੋ

ਮੁੱਢਲੇ ਸ਼ਬਦ

ਜਦੋ ਤੋਂ ਹੋਸ਼ ਸੰਭਾਲੀ ਹੈ ਇਹ ਹੀ ਪੜ੍ਹਦੇ ਸੁਣਦੇ ਆਉਂਦੇ ਸਾਂ ਕਿ “ੴ” ਦਾ ਉਚਾਰਣ ਇੱਕ ਓਅੰਕਾਰ ਜਾਂ ਏਕੰਕਾਰ ਜਾਂ ਏਕਮਕਾਰ ਹੈ । ਇੱਕ ਓਅੰਕਾਰ ਨਾਲੋਂ ਵੀ ਵੱਧ ਏਕੰਕਾਰ ਜਾਂ ਏਕਮਕਾਰ ਸੁਣਿਆ ਸੀ ਜਦ ਕਿ ਪੜਿ੍ਆ ਵੱਧ ਇੱਕ ਓਅੰਕਾਰ ਸੀ । ਭਾਈ ਕਾਹਨ ਸਿੰਘ ਅਤੇ ਪ੍ਰੋ ਸਾਹਿਬ ਸਿੰਘ ਵੀ ਇਹਨਾਂ ਉਚਾਰਣਾਂ ਦੀ ਹੀ ਹਾਮੀ ਭਰਦੇ ਨੇ।ਸਭ ਤੌ ਪਹਿਲਾਂ ਮੈ ਇਹ ਨਿਵੇਕਲੀ ਗਲ ਡਾ: ਦਵਿੰਦਰ ਸਿੰਘ ਚਾਹਲ ਦੀਆਂ ਈਮੇਲਾਂ ਵਿੱਚ ਪੜ੍ਹੀ ਕਿ “ੴ” ਦਾ ਠੀਕ ਉਚਾਰਣ “ਇੱਕ ਓਅੰਕਾਰ” ਦੀ ਵਜਾਏ “ਇਕੋ” ਹੋਣਾ ਚਾਹੀਦਾ ਹੈ । ਫਿਰ ਮੈਨੂੰ ਇਹ ਪਤਾ ਲਗਾ ਕਿ ਇਸ ਉਚਾਰਣ ਦੀ ਕਾਢ ਦਰਅਸਲ ਕਨੇਡਾ ਨਿਵਾਸੀ ਸ਼: ਨਿਰਮਲ ਸਿੰਘ ਕਲਸੀ ਨੇ ਕੀਤੀ ਹੈ । ਅਜਕਲ ਕਈ ਹੋਰ ਲੇਖਕ ਵੀ ਇਸ ਉਚਾਰਣ ਦਾ ਪ੍ਰਯੋਗ ਅਤੇ ਪ੍ਰਚਾਰ ਕਰਨ ਲਗ ਪਏ ਹਨ । ਹਥਲਾ ਲੇਖ ਇਸ ਮਸਲੇ ਨੂੰ ਸਮਝਣ ਦੀ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੈ ।

ਨਿਰਮਲ ਸਿੰਘ ਕਲਸੀ ਦੀ ਖੋਜ਼

ਸ਼: ਨਿਰਮਲ ਸਿੰਘ ਕਲਸੀ ਨੇ ਇਸ ਵਿਸ਼ੇ ਤੇ ਦੋ ਕਿਤਾਬਾਂ ਲਿਖੀਆਂ ਹਨ ।1 ਮੇਰੀ ਇਸ ਵਿਸ਼ੇ ਤੇ ਉਹਨਾਂ ਨਾਲ ਸੰਖੇਪ ਵਿਚਾਰ ਚਰਚਾ ਵੀ ਹੋਈ ਸੀ ਜੋ ਮੈ ਇਸ ਲੇਖ ਦੇ ਹੇਠਾਂ ਇਕ ਫਾਈਲ ਦੇ ਤੋਰ ਤੇ ਨੱਥੀ ਕਰ ਰਿਹਾ ਹਾਂ ।2 ਉਹਨਾਂ ਦੀਆ ਕਿਤਾਬਾਂ ਪੜ੍ਹਨ ਅਤੇ ਆਪਣੇ ਨਾਲ ਹੋਈ ਵਿਚਾਰ ਚਰਚਾ ਤੋ ਮੈਂ ਹੇਠ ਲਿਖੇ ਨਤੀਜ਼ੇ ਕੱਢੇ ਨੇ ।

  1. ਸ ਨਿਰਮਲ ਸਿੰਘ ਕਲਸੀ ਦੇ ਕਹਿਣ ਅਨੁਸਾਰ ਇਸ ਨਿਵੇਕਲੀ ਕਾਢ ਦਾ ਇਲਹਾਮ ੳਹੁਨਾਂ ਨੂੰ ਸਿਮਰਨ ਵਿੱਚ ਸਮਾਧੀ ਲਾਏ ਹੋਇਆ । ਇਥੇ ਇਕ ਗਲ਼ ਜੋ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਉਹ ਯੋਗੀ ਹਰਭਜਨ ਸਿੰਘ ਤੋਂ ਵੀ ਬਹੁਤ ਪ੍ਰਭਾਵਤ ਸਨ ਅਤੇ ਉਹਨਾਂ ਆਪਣੀ ਕਿਤਾਬ ਵੀ ਉਸ ਨੂੰ ਸਮਰਪਤ ਕੀਤੀ ਹੈ । ਉਹ ਆਪਣੀਆ ਈਮੇਲਾਂ ਵੀ ਅਨ ਪੁਰਖ (third person) ਵਿਚ ਲਿਖਦੇ ਨੇ ਕਿਉਂਕਿ ਉਹਨਾ ਦਾ ਇਹ ਮੰਨਣਾ ਹੈ ਕਿ ਨਿਰਮਲ ਸ਼ਿੰਘ ਕਲਸੀ ਉਹਨਾਂ ਦਾ ਨਹੀਂ ਬਲਕਿ ਉਹਨਾ ਦੀ ਦੇਹ ਦਾ ਨਾਮ ਹੈ ।
  2. ਉਹਨਾਂ ਦਾ ਕਹਿਣਾ ਹੈ ਕਿ ਉਚਾਰਣ ਇਕ ਓਅੰਕਾਰ “ਸ਼ਾਸ਼ਤਰੀ” ਵਿਦਵਾਨਾ ਦੀ ਦੇਣ ਹੈ ਅਤੇ ਇਸ ਤਰ੍ਹਾਂ ਕਰਕੇ ਉਹ ਗੁਰੂ ਸਾਹਿਬ ਨੂੰ ਵੇਦਾਂ ਦੇ ਫਲਸਫੇ ਦਾ ਧਾਰਨੀ ਬਣਾਉਂਦੇ ਹਨ ਕਿੳਂਕਿ ਓਅੰਕਾਰ ਮਾਂਡੂਕਯ ਉਪਨਿਸ਼ਦ ਦਾ ਇਕ ਮੰਤਰ ਹੈ । ਉਹਨਾ ਦੇ ਬਚਨ ਹਨ, “ੴ ਨੂੰ ਓਮ ਜਾਂ ਓਅੰਕਾਰ ਕਹਿਣਾ ਜੋ ਇਕ ਵੇਦਾ ਦਾ ਮੰਤਰ ਹੈ, ਨਾਲ ਤੁਲਣਾ ਦੇਣੀ ਗੁਰੂ ਸਾਹਿਬ ਦੀ ਬਖ਼ਸ਼ੀ ਵਸਤੂ ਨਾਲ ਬੇਇਨਸਾਫੀ, ਗੁਰਬਾਣੀ ਦੀ ਨਿਰਾਦਰੀ, ਸਤਿਗੁਰਾਂ ਦੀ ਅਵੱਗਿਆ ਅਤੇ ਸਾਡੀ ਅਗਿਆਨਤਾ ਦਾ ਸਬੂਤ ਹੈ ।”
  3. ਸ ਕਲਸ਼ੀ ਦਾ ਇਹ ਮੰਨਣਾ ਹੈ ਕਿ “ੴ” ਉਹ “ਏਕ ਅੱਖਰ” ਹੈ ਜਿਸਦਾ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਹਿਬਾਨ ਦੀ ਬਾਣੀ ਵਿਚ ਕਈ ਵਾਰ ਜ਼ਿਕਰ ਆਉਂਦਾ ਹੈ।ਇਹ ਪੁੱਛਣ ਤੇ ਕਿ “ਏਕ ਅੱਖਰ” ਦਾ ਜ਼ਿਕਰ ਤਾਂ ਕਬੀਰ ਸਾਹਿਬ (ਜੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਸਨ) ਵੀ ਕਰਦੇ ਨੇ, ਉਹਨਾ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦਿਤਾ ।
  4. ਸ ਕਲਸੀ ਦਾ ਇਹ ਵੀ ਮੰਨਣਾ ਹੈ ਕਿ “ੴ” ਗੁਰੂ ਨਾਨਕ ਸਾਹਿਬ ਵਲੋ “ਇੱਕ ਰੱਬ” ਵਾਸਤੇ ਘੜਿਆ ਚਿੱਤਰਲੇਖ ਹੈ । “Only one God that is represented hieroglyphically as ੴ”.
  5. ਇਹ ਪੱੁਛਣ ਤੇ ਕਿ ਕੀ ਇਸ ਉਚਾਰਣ ਨਾਲ ਸਾਡੀ ਗੁਰਬਾਣੀ ਦੀ ਸਮਝ ਵਿੱਚ ਕੋਈ ਵਾਧਾ ਹੁੰਦਾ ਹੈ ਉਹਨਾ ਕਿਹਾ ਕਿ ਬੇਸ਼ਕ ਪਿਛੇਤਰ “ਕਾਰ” ਨਿਰੰਤਰਤਾ ਦਾ ਸੰਕੇਤ ਦਿੰਦਾ ਹੈ (ਇਥੇ ਉਹ ਪ੍ਰੋ ਸਾਹਿਬ ਸਿੰਘ ਨਾਲ ਸਹਿਮਤ ਹੁੰਦੇ ਨੇ) ਪਰ ਕਿੳਂਕਿ “ਓਅੰਕਾਰ” ਬੋਲਦਿਆ ਸਾਡੀ ਜੀਭ ਤਾਲੂ ਨਾਲ ਟਕਰਾ ਕੇ ਰੁਕ ਜਾਂਦੀ ਹੈ ਇਸ ਕਰਕੇ ਇਹ ਉਚਾਰਣ ਇੱਕ ਕਿਰਿਆ ਦੇ ਖਾਤਮੇ ਦਾ ਸੰਕੇਤ ਹੈ ਜਦਕਿ ਉਚਾਰਣ “ਇਕੋ” ਕਿਸੇ ਕਿਰਿਆ ਦੇ ਅਨੰਤ ਜਾਰੀ ਰਹਿਣ ਦਾ ਸੰਕੇਤ ਹੈ । ਉਹਨਾ ਦੇ ਬਚਨ ਹਨ “When Oan2kār, which is Mandukya Upanishad’s Mantar, is read or pronounced in elongated voice as ‘lk Oan2…kā…r‘, the continuation of voice so-called Kaar, which is considered the suggestive of continuity, ends up with ‘r’ (r), because the tongue touches the palate of the mouth on completion of the pronunciation of Oan2kār. The ending of voice/vibration wave indicates the finality of the doing, the work having been completed, whereas the sounding of  points to a continuing of the process, which also makes the Creation infinite. Gurbān0ī advocates it true. “No one about the limits of His Expanse knows. Much it is expressed greater it grows.” (Japu Jee, Pauri 24.) A work done, task completed in whatever time, is a finite entity. Gurbān0ī does not accept that. Hence, Oan2kār is confined to the Creative Aspect of Three Terrestrial Modes of Nature and is devoid of the recognized pre-cosmic Aspects above it.  This is a clear-cut refutation of the lk Oan2kār pronunciation which is in vogue.” ਮੇਰੇ ਇਹ ਕਹਿਣ ਤੇ ਕਿ ਇਸ ਹਿਸਾਬ ਨਾਲ ਤਾਂ “ਅੱਲਾ” ਅਤੇ “ੴ” ਸਮਅਰਥੀ ਹੋਏ, ਉਨ੍ਹਾ ਕੋਈ ਜਵਾਬ ਨਹੀਂ ਦਿੱਤਾ ।
  6. ਸ ਨਿਰਮਲ ਸਿੰਘ ਦਾ ਸਾਰਾ ਜ਼ੋਰ ਇਸ ਗਲ ਤੇ ਹੈ ਕਿ ਉਚਾਰਣ “ਇਕ ਓਅੰਕਾਰ” ਕਰਨ ਨਾਲ ਅਸੀ ਹਿੰਦੂ ਧਰਮ ਜਾਂ ਵੇਦਾਂ ਦੇ ਫਲਸਫੇ ਨੂੰ ਮਾਨਤਾ ਦਿੰਦੇ ਹਾਂ ਅਤੇ “ੴ” ਨੂੰ ਇਕ ਮੰਤਰ ਦੀ ਤਰ੍ਹਾਂ ਵਰਤਦੇ ਹਾਂ । ਪਰ ਉਹਨਾਂ ਦੀ ਸਾਰੀ ਲਿਖਤ ਸਿਰਫ ਇਹ ਹੀ ਸਿਧ ਕਰਦੀ ਹੈ ਕਿ ਜਿਸ ਤਰ੍ਹਾਂ ਮਾਂਡੂਕਯ ਉਪਨਿਸ਼ਦ “ਓਮ” ਨੂੰ ਇਕ ਧੁਨੀ, ਮੰਤਰ, ਚਿੰਨ, ਮੰਗਲਾਚਰਣ ਅਤੇ ਪਰਮ ਸਤਯ ਦਾ ਸੂਚਕ ਮੰਨਦਾ ਹੈ ਐਨ ਉਸੇ ਤਰ੍ਹਾਂ “ੴ” ਗੁਰੂ ਨਾਨਕ ਸਾਹਿਬ ਵਲੋਂ ਘੜਿਆ ਇਕ ਚਿਤਰਲੇਖ ਹੈ ਜੋ ਇਕ ਧੁਨੀ, ਮੰਤਰ, ਚਿੰਨ, ਮੰਗਲਾਚਰਣ ਅਤੇ ਪਰਮ ਸਤਯ ਦਾ ਸੂਚਕ ਹੈ । ਉਹਨਾਂ ਦੀ ਪੁਸਤਕ ਦਾ ਨਾਮ ਵੀ ਬੀਜ ਮੰਤਰ ਹੈ ।
  7. ਕਲਸੀ ਸਾਹਿਬ ਇਕ ਗਲ ਇਹ ਵੀ ਕਹਿੰਦੇ ਨੇ ਕਿ “ਓ” ਓਅੰਕਾਰ ਦਾ ਛੋਟਾ ਰੂਪ ਨਹੀਂ ਹੈ ਕਿੳਂਜੋ ਅਗਰ ਇਹ ਸਹੀ ਹੁੰਦਾ ਤਾਂ ਗੁਰੂ ਸਾਹਿਬ ਬਾਕੀ ਜਗ੍ਹਾ ਵੀ ਇਹ ਛੋਟਾ ਰੂਪ ਵਰਤਦੇ ।

ਸ਼ ਦਵਿੰਦਰ ਸਿੰਘ ਚਾਹਲ ਦੇ ਵਿਚਾਰ

ਸ਼ ਦਵਿੰਦਰ ਸਿੰਘ ਚਾਹਲ ਵੀ ਉਚਾਰਣ “ਇਕ ਓਅੰਕਾਰ” ਨੂੰ ਗ਼ਲਤ ਮੰਨਦੇ ਹਨ । ਉਹਨਾ ਇਸ ਸਬੰਧ ਵਿਚ ਆਪਣੀ ਕਿਤਾਬ4 ਵਿਚ ਅਤੇ ਆਪਣੀ ਵੈਬਸਾਈਟ ਤੇ ਲੇਖ ਲਿਖੇ ਹਨ । ਉਹ ਜੋ ਨਤੀਹੇ ਕੱਢਦੇ ਹਨ ਉਹ ਇਸ ਤਰ੍ਹਾਂ ਹਨ ।

  1. “ੴ” ਓਅੰਕਾਰ ਦਾ ਸੰਖੇਪ ਰੂਪ ਨਹੀਂ ਹੈ । ਇਥੇ ਉਹ ਕਲਸੀ ਸਾਹਿਬ ਵਾਲਾ ਤਰਕ ਦਿੰਦੇ ਨੇ ।
  2. ਓਅੰਕਾਰ ਵੀ ਅਕਾਲ ਪੁਰਖ ਦਾ ਰਾਮ, ਹਰੀ ਜਾਂ ਗੋਪਾਲ ਦੀ ਤਰ੍ਹਾਂ ਇਕ ਕਿਰਤਮ ਨਾਮ ਹੈ । ਚਾਹਲ ਸਾਹਿਬ ਦਾ ਇਹ ਵੀ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਨ ਰੱਬ ਲਈ ਕੋਈ ਵੀ ਕਿਰਤਮ ਨਾਮ ਨਹੀਂ ਘੜਿਆ ।
  3. “ੴ ਦਾ ਸਹੀ ਉਚਾਰਣ ‘ਇਕੁ ਓ ਬੇਅੰਤ’ ਜਾਂ ‘ਇਕੁ ਓ ਅਨੰਤ’ ਹੈ । “I have been working with many scholars on the pronouciation of ੴ and interpretation of commencing verse since a long. It was Dr Parminder Singh Chahal (personal discussion) who gave a very simple and convincing logic that ੴ is composed of two parts i.e. numeral “1” and the first letter of Gurmukhi alphabet E… ”Oh” in English means “That”. The open end of Oora has been extended to characterize it as Beant or Anant as suggested by Harchand Singh of Calgary.”
  4. ਪਰ ਆਪਣੀ ਇਕ ਤਾਜ਼ਾ ਈਮੇਲ ਵਿਚ ਉਹਨਾਂ ਨੇ ਉਚਾਰਣ “ਇਕ ਉਹ” (that one) ਦਾ ਵੀ ਖੁੱਲ ਕੇ ਸਮਰਥਨ ਕੀਤਾ ਹੈ ।5
  5. “ੴ ਗੁਰੂ ਨਾਨਕ ਸਾਹਿਬ ਵਲੌਂ ਘੜਿਆ ਇਕ ਮੌਲਿਕ ਅਤੇ ਨਿਵੇਕਲਾ ਚਿੰਨ੍ਹ ਹੈ ਜਿਸ ਨਾਲ ਉਹਨਾ ਆਪਣੀ ਵਿਚਾਰਧਾਰਾ ਨੂੰ ੰਿਹੰਦੂ ਫਲਸਫੇ ਨਾਲੋਂ ਨਿਖੇੜ ਲਿਆ ।
  6. ਉਹ ਊੜੇ ਉਪਰਲੀ ਲੇਟਵੀਂ ਲਕੀਰ ਨੂੰ ਅਨੰਤਤਾ (infinity) ਦਾ ਚਿੰਨ੍ਹ (∞) ਮਂਨਦੇ ਹਨ ।
  7. ਪ੍ਰੋ ਸਾਹਿਬ ਸਿੰਘ ਇਸ ਲੇਟਵੀਂ ਲਕੀਰ ਨੂੰ ਸੰਸਕ੍ਰਿਤ ਦਾ ਪਿਛੇਤਰ “ਕਾਰ” ਮੰਨਦੇ ਹਨ ਅਤੇ ਜਿਸ ਦਾ ਮਤਲਬ “ਇਕ-ਰਸ ਜਿਸ ਵਿਚ ਤਬਦੀਲੀ ਨਾ ਆਵੇ” ਹੁਂਦਾ ਹੈ । ਇਸ ਗਲ ਨੂੰ ਚਾਹਲ ਸਾਹਿਬ ਇਕ ਅਜ਼ੀਬ ਤਰਕ ਦੇ ਕੇ ਰੱਦ ਕਰਦੇ ਨੇ । ਉਹ ਕਹਿੰਦੇ ਨੇ ਕਿ ਪੰਜਾਬੀ ਵਿਚ ਤਾਂ ਕਾਰ ਦਾ ਅਰਥ ਕੰਮ ਹੁੰਦਾ ਹੈ ਜਦ ਕਿ ਪ੍ਰੋ ਸਾਹਿਬ ਸਿੰਘ ਸੰਸਕ੍ਰਿਤ ਦੀ ਗਲ ਕਰ ਰਹੇ ਨੇ । ਉਹਨਾਂ ਪ੍ਰੋ ਸਾਹਿਬ ਸਿੰਘ ਵਲੌਂ ਦਿਤੀਆਂ ਉਦਾਹਰਣਾਂ ਂਨੂੰ ਵੀ ਨਜ਼ਰਅੰਦਾਜ ਕਰ ਦਿਤਾ ।
  8. ਉਹ “ੴਦੇ ਗ਼ਲਤ ਉਚਾਰਣ ਅਤੇ ਗਲਤ ਅਰਥ ਕਰਨ ਲਈ ਸਭ ਤੋਂ ਪਹਿਲਾਂ ਭਾਈ ਗੁਰਦਾਸ ਨੂੰ ਜਿੰਮੇਵਾਰ ਠਹਿਰਾਉਂਦੇ ਹਨ । ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਜੋਕੇ ਸਮੇ ਵਿੱਚ ਇਸ ਦੀ ਸ਼ੁਰੂਆਤ ਫਰੀਦਕੋਟ ਵਾਲੇ ਟੀਕੇ ਤੌ ਹੋਈ । ਪ੍ਰੋ ਸਾਹਿਬ ਸਿੰਘ ਅਤੇ ਭਾਈ ਕਾਨ੍ਹ ਸਿੰਘ ਵੀ ਉਨ੍ਹਾਂ ਦੇ ਕਹਿਣ ਮੁਤਾਬਿਕ ਇਸ ਸਬੰਧ ਵਿਚ ਫਰੀਦਕੋਟੀੇ ਟੀਕੇ ਵਾਲੀ ਲੀਹੇ ਤੁਰੇ ਹੋਏ ਨੇ ।
  9. ਸੰਖੇਪ ਵਿੱਚ ਸ ਚਾਹਲ ਅਨੁਸਾਰ ੴ ਦੇ ਗ਼ਲਤ ਉਚਾਰਣ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਮੌਲਿਕਤਾ ਅਤੇ ਨਿਵੇਕਲਾਪਣ ਖ਼ਤਮ ਹੋ ਜਾਂਦਾ ਹੈ ਅਤੇ ਵੇਦਾਂ ਦੇ ਫਲਸਫੇ ਦਾ ਵਿਸਤਾਰ ਮਾਤਰ ਹੋ ਕੇ ਰਹਿ ਜਾਂਦੀ ਹੈ । ਉਹਨਾਂ ਦੇ ਬਚਨ ਹਨ, “Explanations of ੴ of Bhai Gurdas, of Fardikotwala Teeka, of Bhai Kahn Singh, and of Bhai Sahib Singh, clearly take us back into the Vedantic Philosophy that ੴ originated from Om, Oankar and Oamkar – the ancient descriptive or specific names of God.”
  10. ਆਪਣੀ ਗਲ ਦੇ ਸਬੂਤ ਵਜੋਂ ਉਹ ਗੁਰੂ ਨਾਨਕ ਦੇਵ ਯੁਨੀਵਰਸਟੀ ਵਲੋ ਛਾਪੇ ਕਿਤਾਬਚੇ (Ek Oankar: In Sikh Concept of Divine) ਵਿਚ ਪਰਮਾਨੰਦ ਵਲੋ ਪ੍ਰਗਟਾਏ ਵਿਚਾਰ ਦੇ ਕੇ ਕਹਿੰਦੇੇ ਨੇ ਕਿ, “Consequently they have encouraged Parma Nand to declare that Guru Nanak has no originality in his philosophy.”

ਸ਼ ਸ਼ਰਜੀਤ ਸਿੰਘ ਸ਼ੰਧੂ ਦੇ ਵਿਚਾਰ

ਸ਼ ਸਰਜੀਤ ਸਿੰਘ ਜਿਨ੍ਹਾਂ ਦੇ ਲੇਖ ਸਿਖ ਮਾਰਗ ਤੇ ਅਕਸਰ ਛਪਦੇ ਹਨ ਵੀ ਉਚਾਰਣ “ਇੱਕ ਓਅੰਕਾਰ: ਨੂੰ ਸਹੀ ਨਹੀਂ ਮੰਨਦੇ । ਉਹਨਾਂ ਮੁਤਾਬਿਕ ਸਹੀ ਉਚਾਰਣ “ਇੱਕ ਓਹ” ਹੈ।ਉਹ ਇਸ ਉਚਾਰਣ ਦੀ ਵਕਾਲਤ ਆਪਣੀ ਕਿਤਾਬ (ਜਪੁ ਦਾ ਅੰਗ੍ਰੇਜੀ ਵਿੱਚ ਉਲਥਾ) ਅੰਦਰ ਖੁੱਲ ਕੇ ਕਰਦੇ ਨੇ । ਉਹਨਾਂ ਦਾ ਕਹਿਣਾ ਹੈ ਕਿ ੴਨੂੰ ਇਕ ਓਅੰਕਾਰ ਬੋਲਣਾ ਇਕ ਗਾਲ (act of profanity) ਬਰਾਬਰ ਹੈ ।3 ਸ਼ ਸੰਧੂ ਇਹ ਵੀ ਮੰਨਦੇ ਹਨ ਕਿ “ਇੱਕ ਓਹ” ਉਹ ਸ਼ਬਦ ਹੈ ਜੌ ਅਕਾਲਪੁਰਖ ਵਲੋਂ ਸਿੱਧਾ ਆਪ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਗਿਆ । ਆਪਣੀ ਗਲ ਦੇ ਹੱਕ ਵਿਚ ਉਹ ਬੁਲ੍ਹੇ ਸ਼ਾਹ ਦੀ ਰਚਨਾ ਦਾ ਹਵਾਲਾ ਵੀ ਦਿੰਦੇ ਹਨ । ਸ ਜੀ ਐਸ ਸਿਧੂ ਜਿਨ੍ਹਾਂ ਨੇ ਉਹਨਾਂ ਦੀ ਜਪੁ ਜੀ ਦੇ ਉਲਥੇ ਦਾ ਰੀਵਿਊ ਲਿਖਿਆ ਹੈ ਇਕ ਬੜੀ ਸੁਆਦਲੀ ਗੱਲ ਲਿਖਦੇ ਨੇ । ਉਹ ਲਿਖਦੇ ਨੇ ਕਿ ਅਗਰ ਰੱਬ “ਇਕ ਓਹ” ਹੈ ਤਾਂ ਫਿਰ ਇਸ ਦਾ ਮਤਲਬ ਹੋਇਆ ਕਿ ਕੋਈ “ਇਕ ਇਹ” ਵੀ ਹੈ । ਇਸ ਤਰ੍ਹਾਂ ਨਾਲ ਤਾਂ ਦਵੈਤਵਾਦ (duality) ਨੂੰ ਮਾਨਤਾ ਮਿਲਦੀ ਹੈ ਜੋ ਗੁਰਮਤਿ ਦੇ ਉਲਟ ਹੈ । ਉਹ ਅਗੇ ਹੋਰ ਲਿਖਦੇ ਨੇ ਕਿ ਪੰਜਾਬੀ ਵਿਚ “ਓਹ” “is a third person pronoun indicating that there must be two other personal pronouns. The first person (I, me, our and us etc.) and the second person (you, your, yours etc.). This would imply that God is not unique or One thus falsifying Guru’s philosophy”.

ਸ਼ ਇਕਬਾਲ ਸਿੰਘ ਢਿਲੋਂ ਦੇ ਵਿਚਾਰ

ਸ. ਇਕਬਾਲ ਸਿੰਘ ਹੁਰੀਂ ਪਿਛੇ ਜਿਹੇ ਸਿਖਮਾਰਗ ਤੇ ਇਸ ਵਿਸ਼ੇ ਸਬੰਧੀ ਦੋ ਲੇਖ ਲਿਖੇ ਨੇ । ਉਹਨਾ ਦੇ ਵਿਚਾਰ ਮੇਰੀ ਸਮਝ ਮੁਤਾਬਿਕ ਇਸ ਤਰ੍ਹਾਂ ਹਨ ।

  1. ਸ਼. ਇਕਬਾਲ ਸਿੰਘ ੴ ਨੂੰ ਚਿੰਨ੍ਹ ਨਹੀਂ ਮੰਨਦੇ ਪਰ ਉਹ ਇਸ ਨੂੰ ਇਕ “ਵਿਚਿੱਤਰ ਸ਼ਬਦ ਰੂਪ” ਦਾ ਨਾਮ ਦਿੰਦੇ ਨੇ । ਉਹ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਘਾੜਤ ਮੰਨਦੇ ਨੇ । ਉਹਨਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ ਕਿ ਅਗਰ ਚਿੰਨ੍ਹ੍ਹ ਜਾਂ ਤਸਵੀਰ ਧਾਰਮਿਕ ਸ਼ਰਧਾ ਦਾ ਕੇਂਦਰ ਬਣਦਾ ਹੈ ਤਾਂ ਸਾਡਾ ਇਸ਼ਟ ਪਿੱਠ ਭੁਮੀ ਵਿਚ ਚਲਾ ਜਾਂਦਾ ਹੈ ।
  2. ਉਹ ਇਸ “ਵਿਚਿੱਤਰ ਸ਼ਬਦ ਰੂਪ” ਨੂੰ ਜਪੁ ਬਾਣੀ ਦਾ ਪਹਿਲਾ ਸ਼ਬਦ ਮੰਨਦੇ ਨੇ । ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਹਨਾਂ ਅਨੁਸਾਰ ਬਾਣੀ ਜਪੁ “ਆਦਿ ਸਚੁ…” ਤੋਂ ਨਹੀਂ ਸ਼ੁਰੂ ਹੁੰਦੀ । ਫਿਰ ਉਹ ਇਹ ਵੀ ਕਹਿੰਦੇ ਨੇ ਕਿ ਮੂਲ ਮੰਤਰ “ੴ” ਤੋਂ ਲੈ ਕੇ “ਹੋਸੀ ਭੀ ਸਚੁ” ਤਕ ਹੈ ਅਤੇ ਆਪਣੇ ਆਪ ਵਿਚ ਇਕ ਸੰਪੂਰਣ ਕਾਵਿ ਰਚਨਾ ਹੈ । ਇਹ ਬਿਆਨ ਆਪਣੇ ਆਪ ਵਿੱਚ ਹੋਰ ਕਾਫੀ ਸਾਰੇ ਸਵਾਲ ਖੜ੍ਹੇ ਕਰਦਾ ਹੈ ਪਰ ਕਿੳਂਜੋ ਇਹਨਾਂ ਸਵਾਲਾਂ ਦਾ ਹਥਲੇ ਵਿਸ਼ੇ ਨਾਲ ਸਬੰਧ ਨਹੀ ਹੈ ਇਸ ਕਰਕੇ ਉਹਨਾਂ ਦਾ ਇਥੇ ਜ਼ਿਕਰ ਨਹੀਂ ਕੀਤਾ ਜਾ ਰਿਹਾ ।
  3. “ੴ” ਰੱਬ ਦੇ ਉਸ ਗੁਣ ਨੂੰ ਪ੍ਰਗਟ ਕਰਦਾ ਹੈ ਜੋ ਗੁਰਮਤਿ ਅਨੁਸਾਰ ਸਭ ਤੋਂ ਜ਼ਿਆਦਾ ਮਹੱਤਵ ਪੁਰਣ ਹੈ । ਇਸੇ ਕਰਕੇ ਇਸ ਨੂੰ ਇਹ ਵਿਚਿਤਰ ਸ਼ਬਦ ਰੂਪ ਦਿਤਾ ਗਿਆ ਹੈ । ਗੁਰੂ ਨਾਨਕ ਸਾਹਿਬ ਨੇ ਇੱਕ ਤਰ੍ਹਾਂ ਨਾਲ ਇਸ ਨੂੰ ਗੂਹੜਾ ਕਰਨ ਲਈ ਜਾਂ ਰੇਖਾਂਕਿਤ (underline) ਕਰਨ ਲਈ ਹੀ ਇਹ ਵਿਚਿੱਤਰ ਸ਼ਬਦ ਰੂਪ ਦਿਤਾ ।
  4. ਇਹ ਗੁਣ ਪ੍ਰਭੂ ਦਾ “ਕੇਵਲ ਇਕ” ਹੋਣਾ ਹੈ ਜੋ ਗੁਰਬਾਣੀ ਅਨੁਸਾਰ ਸਾਰੇ ਬ੍ਰਹਿਮੰੜ ਦੀ ਸਰਵਉੱਚ ਹਸਤੀ ਹੈ । ਸਾਰੇ ਜੀਵਾਂ ਦੀ ਪਾਲਣਹਾਰ ਹੈ ਅਤੇ ਇਸ ਇੱਕ ਪ੍ਰਭੂ ਅਤੇ ਮਨੁੱਖ ਵਿਚਕਾਰ ਕੋਈ ਹੋਰ ਦੈਵੀ ਸ਼ਕਤੀ ਵੀ ਮੌਜੂਦ ਨਹੀੰ ਹੈ । ਕਿੳਂਕਿ ਇਹ ਗੁਣ ਸਭ ਤੋਂ ਵਧ ਮਹੱਤਵ ਪੂਰਣ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਜਪੁ ਬਾਣੀ ਦੇ ਅਰੰਭ ਵਿੱਚ ਪ੍ਰਭੂ ਨੂੰ ਇੱਕ ਜਾਂ ਏਕੋ ਕਹਿ ਕੇ ਦਰਸਾਇਆ ਹੈ ।
  5. ਉਹਨਾਂ ਅਨੁਸਾਰ ਊੜੇ ਉਪਰਲੀ ਲੇਟਵੀਂ ਲਕੀਰ ਨੂੰ ਪਿਛੇਤਰ ਕਾਰ ਨਹੀਂ ਮੰਨਿਆ ਜਾ ਸਕਦਾ ਕਿੳਂਕਿ ਪੰਜਾਬੀ ਵਿਚ ਤਸਵੀਰ ਵੇਖ ਕੇ ਉਚਾਰਣ ਕਰਨ ਦਾ ਵਿਧਾਨ ਨਹੀਂ ਹੈ । ਇਹ ਗਲ ਗੁਰਮਤਿ ਆਸ਼ੇ ਅਨੁਸਾਰ ਵੀ ਸਹੀ ਨਹੀਂ ।
  6. ਉਹਨਾਂ ਦਾ ਕਹਿਣਾ ਹੈ ਕਿ ਉੜੇ ਨਾਲ ਹੋੜੇ ਦੀ ਲਗ ਮਾਤਰਾ ਜੋੜਨ ਦੀ ਪ੍ਰਕ੍ਰਿਆ ਵਿਚੌਂ ਹੀ ਖੱੁਲੇ ਉੜੈ ਦਾ ਜਨਮ ਹੋਇਆ ਹੈ । ਇਸ ਕਰਕੇ ਉਹਨਾਂ ਅਨੁਸਾਰ ਖੱੁਲਾ ਊੜਾ ਅਤੇ ਇਸ ਉਪਰਲੀ ਲੇਟਵੀਂ ਲਕੀਰ ਹੋੜੇ ਦੀ ਧੁਨੀ ਹੀ ਦਿੰਦੇ ਨੇ । ਉਹਨਾਂ ਕੁਝ ਮਿਸਾਲਾਂ ਦਿੱਤੀਆਂ ਹਨ ਜਿਵੇਂ “ਲਓ”, “ਪਓ” ਅਤੇ “ਖਓ” । ਅਗੇ ਜਾ ਕਿ ਉਹ ਲਿਖਦੇ ਨੇ ਕਿ ਕਿੳਂਕਿ “ਇਕਓ” ਪੰਜਾਬੀ ਵਿੱਚ ਕੋਈ ਸ਼ਬਦ ਨਹੀਂ ਹੈ ਇਸ ਕਰਕੇ ਇਸ ਦਾ ਉਚਾਰਣ “ਇਕੋ” ਜਾਂ “ਏਕੋ” ਹੀ ਕਰਨਾ ਪਏਗਾ ।
  7. ੳਹਨਾਂ ਅਨੁਸਾਰ ਉਚਾਰਣ “ਏਕੰਕਾਰ” ਬਿਲਕੁਲ ਹੀ ਤਰਕਹੀਣ ਕਾਰਵਾਈ ਹੈ । ਕਿੳਂਕਿ “ਏਕ” ਤਾਂ ਇਕ ਦੇ ਹਿੰਦਸੇ ਤੋਂ ਮੰਨਿਆ ਜਾ ਸਕਦਾ ਹੈ ਪਰ ਅਗਲੀਆਂ ਦੋ ਧੁਨੀਆਂ “ਅਙ” ਅਤੇ “ਕਾਰ” ਨੂੰ ਇਸ ਉਚਾਰਣ ਦਾ ਹਿਸਾ ਬਣਾੳਣਾ ਤਰਕਹੀਣ ਅਤੇ ਅਟਕਲ ਪੱਚੂ ਹੈ ।
  8. ਸ ਇਕਬਾਲ ਸਿੰਘ ਮੁਤਾਬਿਕ ਓਅੰਕਾਰ ਦਾ ਅਰਥ ਰਚਨਹਾਰ ਹੈ । ਕਿੳਂਕਿ “ਕਰਤਾ ਪੁਰਖ” ਦਾ ਵੀ ਇਹ ਹੀ ਅਰਥ ਹੈ ਇਸ ਲਈ “ੴ” ਦਾ ਉਚਾਰਣ ਇੱਕ ਓਅੰਕਾਰ ਕਰਨਾ ਗਲਤ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤਾਂ ਇਕੋ ਗੁਣ ਨੂੰ ਮੂਲ ਮੰਤਰ ਵਿੱਚ ਦੁਹਰਾਇਆ ਜਾ ਰਿਹਾ
    ਹੈ । ਇਹ ਗਲ ਦਵਿੰਦਰ ਸਿੰਘ ਅਤੇ ਨਿਰਮਲ ਸਿੰਘ ਹੁਰੀਂ ਵੀ ਆਖਦੇ ਨੇ ।
  9. ਸ ਇਕਬਾਲ ਸਿੰਘ ਅਨੁਸਾਰ ੴ ਦਾ ਹਿੰਦੂ ਧਰਮ ਦੇ ਓਮ, ਓਅੰ ਜਾਂ ਓਅੰਕਾਰ ਨਾਲ ਕੋਈ ਵੀ ਸਬੰਧ ਨਹੀਂ ਹੈ । ਬਲਕਿ ਓਅੰਕਾਰ ਉਚਾਰਣ ਸਿਖੀ ਅੰਦਰ ਬ੍ਰਾਹਮਣਵਾਦ ਘੁਸੇੜਣ ਦੀ ਇਕ ਵਿਧੀ ਹੈ ਜਿਸ ਦੀ ਸ਼ੁਰੂਆਤ ਭਾਈ ਗੁਰਦਾਸ ਨੇ ਕੀਤੀ ਹੈ ।

ਵਿਸ਼ਲੇਸ਼ਣ

ਉਪਰ ਦਿਤੇ ਵੇਰਵੇ ਤੋਂ ਕੁਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ । ਚਾਰੇ ਵਿਦਵਾਨ ਇਹ ਤਾਂ ਕਹਿ ਰਹੇ ਨੇ ਕਿ ਉਚਾਰਣ “ਇਕ ਓਅੰਕਾਰ” ਗ਼ਲਤ ਹੈ ਪਰ ਸਹੀ ਉਚਾਰਣ ਕੀ ਹੇ ਇਸ ਵਾਰੇ ਉਹ ਸਹਿਮਤ ਨਹੀਂ ਹਨ । ਉਹਨਾਂ ਅਨੁਸਾਰ ਸਹੀ ਉਚਾਰਣ “ਇਕ ਓਓਓ… (Ikooo)”, “‘ਇਕੁ ਓ ਬੇਅੰਤ’ ਜਾਂ ‘ਇਕੁ ਓ ਅਨੰਤ’, ‘ਇਕ ਓਹ’, ਇਕੋ ਜਾਂ ਏਕੋ” ਹੋ ਸਕਦਾ ਹੈ । ਇਸ ਦਾ ਮਤਲਬ ਇਹੀ ਨਿਕਲਦਾ ਹੈ ਕਿ ਸਹੀ ਉਚਾਰਣ ਮਿਥਣ ਵੇਲੇ ਕੋਈ ਸਰਵ ਪ੍ਰਮਾਨਤ ਮਾਪਦੰਢ ਜਾਂ ਤਰਕ ਵਰਤਣ ਦੀ ਵਜਾਏ ਇਹ ਵਿਦਵਾਨ ਸੱਜਣ ਆਪੋ ਆਪਣੇ ਖਿਆਲ ਜਾਂ ਅੰਦਾਜ਼ੇ ਦੀ ਹੀ ਵਰਤੋਂ ਕਰ ਹਹੇ ਨੇ । ਇਹ ਵਿਚਵਾਨ ਸੱਜਣ ਇਸ ਗਲ ਤੇ ਵੀ ਸਹਿਮਤ ਨਹੀ ਹਨ ਕਿ “ੴ” ਇੱਕ ਚਿੰਨ੍ਹ ਹੈ ਜਾਂ ਨਹੀਂ । ਇਹ ਸਾਰੇ ਵਿਦਵਾਨ ਇਸ ਗਲ ਨਾਲ ਤਾਂ ਸਹਿਮਤ ਹੇ ਕਿ “ੴ” ਦਾ ਅਰਥ ਅਕਾਲ ਪੁਰਖ ਦਾ ਕੇਵਲ ਤੇ ਕੇਵਲ ਇਕ ਹੋਣਾ ਹੈ । ਪਰ ਇਹਨਾ ਦੇ ਸੁਝਾਏ ਨਵਂੇ ਉਚਾਰਣਾ ਨਾਲ ਇਹ ਅਰਥ ਪ੍ਰੰਪਰਾਗਤ ਉਚਾਰਣ ਦੇ ਮੁਕਾਬਲਤਨ ਕਿਵੇਂ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦਾ ਹੈ ਇਸ ਵਾਰੇ ਇਹ ਵਿਦਵਾਨ ਸੱਜ਼ਣ ਕੁਝ ਨਹੀ ਦੱਸਦੇ । ਦਰਅਸਲ ਇਹ ਵਿਦਵਾਨ “ੴ” ਦੇ ਜੋ ਅਰਥ ਕਰ ਰਹੇ ਨੇੋ (ਪ੍ਰਭੂ ਕੇਵਲ ਇੱਕ ਹੀ ਹੈ) ਗੁਰਮਤਿ ਨਾਲ ਪੂਰੀ ਤਰ੍ਹਾਂ ਮੇਲ ਨਹੀ ਖਾਂਦੇ ਜਾਪਦੇ । ਰੱਬ ਇੱਕ ਹੈ ਇਹ ਤਾਂ ਹਰ ਕੋਈ ਕਹਿੰਦਾ ਹੈ । ਮੁਸਲਮਾਨ ਵੀ ਕਹਿੰਦੇ ਨੇ ਈਸਾਈ ਵੀ ਕਹਿੰਦੇ ਨੇ । ਗੁਰੂ ਨਾਨਕ ਸਾਿਹਬ ਆਪ ਇਕ ਜਗ੍ਹਾ ਲਿਖਦੇ ਨੇ: “ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੇ ॥ ਅੰਤਿਰ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥” ਪੰਨਾ 930 । ਗੁਰਮਤਿ ਦਾ ਅਕਾਲ ੁਪਰਖ ਦੇ ਇਕ ਹੋਣ ਦਾ ਸੰਕਲਪ ਬਾਕੀ ਧਰਮਾਂ ਨਾਲੋਂ ਕਿਵੇਂ ਅੱਡ ਹੈ ਇਸ ਗੱਲ ਦੀ ਇਹਨਾਂ ਵਿਦਵਾਨਾਂ ਵਲੋਂ ਕੀਤੇ ਅਰਥਾ ਵਿਚੌ ਕੋਈ ਝਲਕ ਨਹੀਂ ਪੈਂਦੀ । ਇਹ ਵਿਦਵਾਨ ਜਿਸ ਢੰਗ ਨਾਲ ਰੱਬ ਨੂੰ ਗਣਿਤ ਵਾਲਾ ਇੱਕ ਕਹਿ ਰਹੇ ਨੇ ਉਸ ਤੋਂ ਇੰਞ ਲਗਦਾ ਹੈ ਜਿਵੇਂ ਉਹ ਆਪਣੀ ਰਚੀ ਸ਼ਿ੍ਰਸ਼ਟੀ ਤੋਂ ਵੱਖ ਹੋਵੇ । ਪਰ ਗੁਰਮਤਿ ਵਿੱਚ ਤਾਂ ਰੱਭ ਨੂੰ ਸ਼ਿ੍ਰਸ਼ਟੀ ਵਿਚ ਇੰਞ ਰਮਿਆਂ ਹੋਇਆ ਕਿਹਾ ਗਿਆ ਹੈ ਜਿਵੇਂ ਬਨਸਪਤੀ ਵਿਚ ਅਗਨੀ ਅਤੇ ਦੁਧ ਵਿਚ ਘਿਉ ਰਮਿਆ ਹੁੰਦਾ ਹੈ । ਗੁਰਮਤਿ ਦਾ ਰੱਬ ਸਾਰੀ ਸਿ੍ਰਸ਼ਟੀ ਵਿੱਚ ਭਰਿਆ ਪਿਆ ਹੈ, ਭਰਪੂਰ ਹੈ।ਉਸ ਤੋਂ ਬਿਨਾ ਹੋਰ ਕੁਝ ਨਹੀਂ ਇਸੇ ਲਈ ਉਹ ਇੱਕ ਹੈ । ਗੁਰੂ ਨਾਨਕ ਸਾਹਿਬ ਕਹਿੰਦੇ ਨੇ, “ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣੁਾ ਤੂੰ ਆਪੇ ਸਰਬ ਸਮਾਣਾ ॥” ਪੰਨਾ 730 ।

ਉਚਾਰਣ “ਇਕ ਓਅੰਕਾਰ” ਪ੍ਰਤੀ ਜੋ ਇਤਰਾਜ਼ ਇਹ ਵਿਦਵਾਨ ਸੱਜਣ ਕਰ ਰਹੇ ਨੇ ਉਹਨਾਂ ਨੂੰ ਹੇਠ ਦਿੱਤੀਆਂ ਤਿੰਨ੍ਹ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ।

  1. ਇਸ ਉਚਾਰਣ ਨਾਲ ਗੁਰੂ ਨਾਨਕ ਸਾਹਿਬ ਅਤੇ ਸਿਖ ਧਰਮ ਦੇ ਫਲਸਫੇ ਦੀ ਮੌਲਕਤਾ ਖ਼ਤਮ ਹੁੰਦੀ ਹੈ ।
  2. ਇਸ ਉਚਾਰਣ ਨਾਲ ਸਿਖ ਧਰਮ ਵਿਲੱਖਣ ਨਹੀ ਰਹਿੰਦਾ ਅਤੇ ਹਿੰਦੂ ਧਰਮ ਵਿਚ ਰਲਗਡ ਹੋ ਜਾਂਦਾ ਹੈ ਕਿਉਂਕਿ ਓਅੰਕਾਰ ਹਿੰਦੂ ਧਰਮ ਦਾ ਲਖਾਇਕ ਹੈ ।
  3. ਇਹ ਉਚਾਰਣ ਭਾਸ਼ਾ ਵਿਗਿਆਨ ਦੇ ਹਿਸਾਬ ਨਾਲ ਵੀ ਜ਼ਾਇਜ਼ ਨਹੀ ਹੈੇ ਕਿੳਕਿ ਜਿਸ ਤਰ੍ਹਾਂ “ੴ” ਲਿਖਿਆ ਹਿਆ ਹੈ ਉਸ ਨੂੰ ਪੜ੍ਹ ਕੇ ਇਸ ਨੂੰ “ਓਅੰਕਾਰ” ਨਹੀਂ ਉੱਚਰਿਆ ਜਾ ਸਕਦਾ । ਕਿੳਂਕਿ ਜੋ ਧੁਨੀਆਂ ਉਚਾਰਣ “ਓਅੰਕਾਰ” ਵਿਚ ਹਨ ਉਹ ਲਿਖਤ ਵਿਚ ਨਹੀਂ ਹਨ ।

ਆਓ ਹੁਣ ਇਹਨਾਂ ਨੁਕਤਿਆਂ ਤੇ ਕ੍ਰਮਵਾਰ ਵਿਚਾਰ ਕਰੀਏ ।

ਗੁਰੂ ਨਾਨਕ ਸਾਹਿਬ ਦੀ ਮੋਲਿਕਤਾ

ਮੋਲਕਿਤਾ ਦੇ ਦੋ ਪਹਿਲੂ ਹਨ । ਲਿਖਣ ਸ਼ੈਲੀ ਅਤੇ ਵਿਚਾਰ।ਇਹ ਕਹਿਣਾ ਕਿ ਇਕ ਅੱਖਰ ਦੇ ਉਚਾਰਣ ਨਾਲ ਕਿਸੇ ਕਵੀ ਦੀ ਲਿਖਣ ਸ਼ੈਲੀ ਦੀ ਮੌਲਿਕਤਾ ਖ਼ਤਮ ਹੋ ਜਾਂਦੀ ਹੈ ਇੱਕ ਹਾਸੋਹੀਣੀ ਗਲ ਹੈ । ਸੋ ਹਥਲੇ ਲੇਖ ਦੇ ਸੰਦਰਭ ਵਿਚ ਸਿਰਫ ਵਿਚਾਰ ਦੀ ਗੱਲ ਹੋ ਰਹੀ ਹੈ । ਇਥੇ ਵਿਚਾਰਣਯੋਗ ਗਲ ਇਹ ਹੈ ਕਿ ਕੀ ਉਚਾਰਣ “ਇਕ ਓੰਅੰਕਾਰ” ਨਾਲ ਵਿਚਾਰਾਂ ਦੀ ਮੌਲਿਕਤਾ ਨੂੰ ਕੋਈ ਢਾਅ ਲਗਦੀ ਹੈ ? ਜਾਂ ਫਿਰ ਕੀ ਇਸ ਉਚਾਰਣ ਨਾਲ “ੴ” ਦੇ ਅਰਥ ਬਦਲ ਜਾਂਦੇ ਨੇ ਜੋ ਗੁਰੁੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ? ਇਸ ਗਲ ਨਾਲ ਤਾਂ ਇਹ ਸਾਰੇ ਵਿਦਵਾਨ ਸਹਿਮਤ ਨੇ ਕੇ ੳਚਾਰਣ ਨਾਲ ਅਰਥਾਂ ਵਿਚ ਕੋਈ ਫਰਕ ਨਹੀ ਪੈਂਦਾ । ਅਗਰ ਅਰਥਾਂ ਵਿਚ ਕੋਈ ਫਰਕ ਨਹੀਂ ਪੈ ਰਿਹਾ ਤਾਂ ਫਿਰ ਮੌਲਕਿਤਾ ਨੂੰ ਤਾਂ ਕੋਈ ਆਂਚ ਨਹੀਂ ਆਉਣੀ ਚਾਹੀਦੀ । ਇਸ ਤੋਂ ਵੀ ਅਗੇ ਜਾ ਕੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਗਰੁਬਾਣੀ ਦੇ ਸਬੰਧ ਵਿਚ ਮੌਲਕਿਤਾ ਦੇ ਗੁਣ ਦੀ ਕੋਈ ਜਗ੍ਹਾ ਹੈ ਵੀੈ।ਗੁਰਬਾਣੀ ਕੋਈ ਆਮ ਸਾਹਿਤ ਨਹੀ ਹੈ ਜਿਥੇ ਮੋਲਿਕਤਾ ਨੂੰ ਇਕ ਅਹਿਮ ਗੁਣ ਸਵਿਕਾਰਿਆ ਗਿਆ ਹੈ । ਗੁਰਬਾਣੀ ਸਦੀਵੀਂ ਸੱਚ
ਹੈ । ਜਿਥੇ ਸਦੀਵੀ ਸੱਚ ਹੋਵੈ ਉਥੇ ਮੌਲਕਿਤਾ ਨਹੀਂ ਹੋ ਸਕਦੀ । ਕਿੳਂਕਿ ਸੱਚ ਕਦੀ ਪੁਰਾਣਾ ਹੀ ਨਹੀਂ ਹੁੰਦਾ । ਇਸ ਕਰਕੇ ਨਿਵੇਕਲਾ ਜਾਂ ਮੌਲਿਕ ਹੋਣ ਜਾਂ ਨ ਹੋਣ ਦਾ ਸਵਾਲ ਹੀ ਨਹੀ ਪੈਦਾ ਹੁੰਦਾ । ਇਸੇ ਕਰਕੇ ਜਦੋਂ ਕਬੀਰ ਸਾਹਿਬ ਜਾਂ ਨਾਮਦੇਵ ਜੀ ਸੱਚ ਬੋਲਦੇ ਨੇ ਤਾਂ ਉੇਹ ਮੌਲਿਕ ਤੇ ਨਿਵੇਕਲੇ ਲਗਦੇ ਨੇ ਅਤੇ ਜਦੋਂ ਗਰੁੂ ਨਾਨਕ ਸਾਹਿਬ ਉਹੀ ਸੱਚ ਬੋਲਦੇ ਨੇ ਤਾਂ ਉਹ ਵੀ ਨਵੇ ਨਰੋਏ ਮੋਲਿਕ ਲਗਦੇ ਨੇ । ਸੱਚ ਕਹਿਣਾ ਤੇ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।ਕੋਈ ਸ਼ੇਰ ਮਰਦ ਜਾਂ ਔਰਤ ਹੀ ਇਹ ਕੰਮ ਕਰ ਸਕਦੇ ਨੇ । ਸਿਖ ਵਿਦਵਾਨ ਅਕਸਰ ਦੋ ਆਪਾ ਵਿਰੋਧੀ ਗੱਲਾਂ ਕਰਦੇ ਨੇ । ਇੱਕ ਪਾਸੇ ਤਾਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਨਿਵੇਕਲਾ, ਵਿਲੱਖਣ ਅਤੇ ਅਦੁੱਤੀ ਫਲਸਫਾ ਸਿਖ ਧਰਮ ਦੇ ਰੂਪ ਵਿਚ ਦੁਨੀਆਂ ਨੂੰ ਦਿੱਤਾ । ਸਿਖ ਧਰਮ ਆਪਣੇ ਆਪ ਵਿੱਚ ਇਕ ਮੌਲਿਕ ਵਿਚਾਰ ਹੈ । ਦੂਜੇ ਪਾਸੇ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਿਹਬ ਵਿੱਚ ਸ਼ਾਮਲ ਸਾਰੀਆਂ ਰਚਨਾਵਾਂ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਹੈ । ਭਾਵ ਸਾਰੀਆਂ ਰਚਨਾਵਾਂ ਇਕੋ ਫਲਸਫੇ ਦਾ ਹੋਕਾ ਦਿੰਦੀਆਂ ਹਨ । ਅਗਰ ਦੂਜੀ ਗਲ ਸੱਚ ਹੈ ਤਾਂ ਫਿਰ ਜੋ ਕਬੀਰ ਸਾਹਿਬ ਜਾਂ ਭਗਤ ਨਾਮਦੇਵ ਜੀ ਦਾ ਫਲਸਫਾ ਹੈ ਉਹੀ ਗੁਰੂ ਸਹਿਬਾਨ ਦਾ ਹੈ । ਫਿਰ ਮੌਲਕਿਤਾ ਦਾ ਤਾਂ ਸਵਾਲ ਹੀ ਨਹੀਂ ਉਠਣਾ ਚਾਹੀਦਾ । ਸਵਾਲ ਹੈ ਸੱਚ ਕਹਿਣ ਦੀ ਜ਼ੁੱਰਤ ਦਾ ।

ਅਗਰ ਅਸੀ ਇਹ ਕਹਿ ਰਹੇ ਹਾਂ ਕਿ ਕਿੳਂਜੋ “ਓਅੰਕਰਿ” ਲਫ਼ਜ਼ ਹਿੰਦੂ ਧਰਮ ਨਾਲ ਸਬੰਧਿਤ ਹੈ ਅਤੇ ਇਸ ਦੀ ਵਰਤੋ ਕਰਨ ਨਾਲ ਗੁਰੂ ਨਾਨਕ ਸਾਹਿਬ ਦੀ ਸੋਚ ਦੀ ਮੌੌਲਿਕਤਾ ਖ਼ਤਮ ਹੋ ਜਾਂਦੀ ਹੈ । ਇਹ ਇਕ ਵਿਦਵਤਾ ਹੀਣ ਗੱਲ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਦਾ ਹਿੰਦਸਾ ਲਗਾ ਕੇ ਆਪਣੀ ਸੋਚ ਦੀ ਅਮਿਟ ਛਾਪ ਛੱਡ ਦਿੱਤੀ ਹੈ । ਦੂਜੇ ਭਾਸ਼ਾ ਕਿਸੇ ਇੱਕ ਸੋਚ, ਫਲਸਫੇ ਜਾਂ ਧਰਮ ਦੀ ਗੁਲਾਮ ਜਾਂ ਜੱਦੀ ਜਾਇਦਾਦ ਨਹੀਂ ਹੁੰਦੀ । ਗੁਰੂ ਗ੍ਰੰਥ ਸਾਹਿਬ ਵਿਚ ਤਾਂ ਅੱਲਾ ਲਫ਼ਜ਼ ਵੀ ਵਰਤਿਆ ਹੈ ਜਿਸ ਨੂੰ ਇਸਲਾਮ ਦਾ ਲਖਾਇਕ ਕਿਹਾ ਜਾ ਸਕਦਾ ਹੈ ।

ਹਿੰਦੂ ਧਰਮ ਵਿੱਚ ਰਲਗਡ ਹੋਣਾ

ਇੱਕ ਗਲ ਜਿਸ ਤੇ ਇਨ੍ਹਾਂ ਵਿਦਵਾਨਾਂ ਦੀ ਸਹਿਮਤੀ ਹੈ ਉਹ ਇਹ ਹੈ ਕਿ ਇਸ ਉਚਾਰਣ ਨਾਲ ਵਿਚਾਰਕ ਪੱਧਰ ਤੇ ਸਿੱਖ ਧਰਮ ਹਿੰਦੂ ਧਰਮ ਦੇ ਵਿਚ ਰਲਗਡ ਹੋ ਜਾਂਦਾ ਹੈ । ਇਹ ਖ਼ਦਸ਼ਾ ਵੀ ਨਿਰਾਧਾਰ ਹੈ।ਇਹ ਕਿਹਾ ਜਾਂਦਾ ਹੈ ਕਿ ਓਅੰਕਾਰ ਸ਼ਬਦ ਅਤੇ ਇਸ ਦਾ ਉਚਾਰਣ ਹਿੰਦੂ ਧਰਮ ਦੀ ਤਿੱਕੜੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਬੋਧਿਕ ਹੈ । ਇਹ ਵਿਦਵਾਨ ਸੱਜਣ ਪ੍ਰੰਪਰਾਗਤ ਉਚਾਰਣ “ਇਕ ਓਅੰਕਾਰ” ਨੂੰ ਨਕਾਰਣ ਲਈ ਸਭ ਤੋਂ ਵਧ ਹਿੰਦਸੇ ਇੱਕ ਦਾ ਸਹਾਰਾ ਲੈਂਦੇ ਨੇ । ਪਰ ਇਸ ਨੁਕਤੇ ਤੇ ਆ ਕੇ ਉਹ ਹਿੰਦਸੇ ਇੱਕ ਨੂੰ ਬੜੀ ਅਸਾਨੀ ਨਾਲ ਭੁੱਲ ਜਾਂਦੇ ਨੇ । ਭਾਈ ਕਾਹਨ ਸਿੰਘ ਮਹਾਂ ਕੋਸ਼ ਵਿਚ ਲਿਖਦੇ ਨੇ ਕਿ ਬੇਸਕ ਸੰਸਕ੍ਰਿਤ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਭ੍ਰਹਮਾ ਵਿਸ਼ਨੂੰ ਸ਼ਿਵ ਮੰਨਕੇ ਓਅੰ (ਓਅੰਕਾਰ) ਨੂੰ ਤਿੰਨ ਦੇਵ ਰੂਪ ਕਲਪਿਆ ਹੈ ਪਰ “ਗੁਰਮਤ ਵਿਚ ਓਅੰ ਦੇ ਮੁੱਢ ਏਕਾ ਅੰਗ ਲਿਖ ਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ” ।

ਇਸ ਤਰ੍ਹਾਂ ਜਾਪਦਾ ਹੈ ਕਿ ਇਹ ਖ਼ਦਸ਼ਾ ਅਸੀਂ ਹਿੰਦੂ ਧਰਮ ਜਾਂ ਹਿੰਦੀ / ਸੰਸਕ੍ਰਿਤ ਦੇ ਪ੍ਰਚਲਤ ਕੁਝ ਖਾਸ ਸ਼ਬਦਾਂ ਤੋਂ ਚਿੜ੍ਹ ਕਾਰਣ ਕਰ ਰਹੇ ਹਾਂ । ਅਗਰ ਅਸੀ ਇਸ ਚਿੜ੍ਹ ਕਾਰਣ ਲਫ਼ਜ਼ਾਂ ਦੇ ਉਚਾਰਣ ਬਦਲਣ ਲਗ ਪਏ ਤਾਂ ਸਾਨੂੰ ਸੈਂਕੜੇ ਹੋਰ ਸ਼ਬਦਾਂ ਦੇ ਨਵੇਂ ਉਚਾਰਣ ਲੱਭਣੇ ਪੈਣਗੇ । ਅਸੀ ਲਫ਼ਜ਼ “ਰਾਮ” ਦਾ ਕਿਆ ਕਰਾਂਗੇ । ਇਥੇ ਇਕ ਹੋਰ ਸੋਚਣ ਵਾਲੀ ਗਲ ਦਿਹ ਹੈ ਕਿ ਗੁਰੂ ਸਾਹਿਬ ਨੂੰ ਕਿਸੇ ਵੀ ਭਾਸ਼ਾ ਨਾਲ ਨਫਰਤ ਨਹੀ ਸੀ ਅਤੇ ਸਾਨੂੰ ਵੀ ਉਹਨਾਂ ਦੇ ਕਹੇ ਅਨੁਸਾਰ ਚਲਣਾ ਚਾਹੀਦਾ ਹੈ । ਭਾਸ਼ਾ ਕਿਸੇ ਵੀ ਧਰਮ ਦੀ ਜਾਂ ਵਿਚਾਰਧਾਰਾ ਦੀ ਗੁਲਾਮ ਨਹੀ ਹੁੰਦੀ।ਨਾ ਹੀ ਵਿਚਾਰਧਾਰਾ ਨੂੰ ਕਿਸੇ ਭਾਸ਼ਾ ਦੀ ਗੁਲਾਮ ਬਣਨਾ ਚਾਹੀਦਾ ਹੈ । ਦੇਖਣ ਅਤੇ ਸੋਚਣ ਵਾਲੀ ਗਲ ਇਹ ਹੈ ਕਿ ਗੁਰੂ ਸਾਿਹਬ ਨੇ ਇਹ ਲਫ਼ਜ਼ ਕਿਸ ਸੰਦਰਭ ਵਿਚ ਵਰਤੇ ਨੇ ਅਤੇ ਉਹ ਸਾਨੂੰ ਕੀ ਸਮਝਾ ਰਹੇ ਨੇ । ਇਥੇ ਇਕ ਹੋਰ ਗਲ ਜਿਸ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ ਉਹ ਇਹ ਹੈ ਕਿ “ਓਮ” ਲਫ਼ਜ਼ ਬੁਧ ਧਰਮ ਵਿੱਚ ਇੱਕ ਮੰਤਰ ਦੀ ਤਰ੍ਹਾ ਵਰਤਿਆ ਜਾਂਦਾ ਹੈ । ਪੱਛਮ ਵਿੱਚ ਤਾਂ ਇਸ ਨੂੰ ਹਿੰਦੂ ਧਰਮ ਨਾਲੋਂ ਵੀ ਜ਼ਿਆਦਾ ਬੁਧ ਧਰਮ ਨਾਲ ਜੋੜਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਬੁਧ ਧਰਮ ਵਾਲੇ ਤਾਂ ਹਿਂਦੂ ਨਹੀਂ ਬਣੇ।ਫਿਰ ਸਿਖਾਂ ਨੂੰ ਕਿਉਂ ਡਰ ਲਗ ਰਿਹਾ ਹੈ।ਇੰਜ ਲਗਦਾ ਹੈ ਕਿ ਇਹ ਵਿਦਵਾਨ ਬਿਨਾ ਪਾਣੀਓਂ ਮੌਜੇ ਖੋਲੀ ਫਿਰਦੇ ਨੇ ।

ਮੂਲ ਮੰਤਰ ਵਿਚ ਤਾਂ ਅਸੀਂ ਹਿੰਦਸੇ ਇੱਕ ਦਾ ਸਹਾਰਾ ਲੈ ਕਿ ਇਸ ਦਾ ਉਚਾਰਣ ਬਦਲ ਲਵਾਂਗੇ ਪਰ ਜਿਥੇ ਇਹ ਲਫ਼ਜ਼ ਇਕ ਦੇ ਹਿੰਦਸੇ ਤੋਂ ਬਿਨਾ ਆਉਂਦਾ ਹੈ ਉੱਥੇ ਕੀ ਕਰਾਂਗੇ । ਹੇਠਾਂ ਕੁਝ ਉਚਾਹਰਣਾ ਹਨ ਜਿਥੇ ਓਅੰਕਾਰ ਜਾਂ ਏਕੰਕਾਰ ਕਰਤਾਰ ਲਈ ਵਰਤਿਆ ਗਿਆ ਹੈ ।

  • ਓਅੰਕਾਰ ਆਦਿ ਮੈ ਜਾਨਾ ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥ ਪੰਨਾ 340
  • ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੇ ॥ ਏਕਾ ਦੇਸੀ ਏਕੁ ਦਿਖਾਵੇ ਏਕੋ ਰਹਿਆ ਬਿਆਪੈ ॥ ਏਕਾ ਸੁਰਤਿ ਏਕਤ ਹੀ ਸੇਵਾ ਏਕੈ ਗੁਰ ਤੇ ਜਾਪੈ ॥ ਪੰਨਾ 885
  • ਗੁਰਮਖਿ ਓਅੰਕਾਰਿ ਸਚਿ ਸਮਾਇਆ ॥ ਪੰਨਾ 1285
  • ਓਅੰਕਾਰਿ ਏਕੇ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋੋ ॥ ਪੰਨਾ 1310

ਇਸ ਵਿੱਚ ਕੋਈ ਸ਼ੱਕ ਨਹੀ ਕਿ ਹਿੰਦੂ ਧਰਮ ਨਾਲ ਸਬੰਧਿਤ ਵਿਦਵਾਨ ਅਤੇ ਸ਼ਿਆਸੀ ਨੇਤਾ ਸਿਖ ਧਰਮ ਅਤੇ ਸਿਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣ ਦਾ ਕੋਈ ਮੌਕਾ ਨਹੀਂ ਜਾਣ ਦੇਂਦੇ । ਇਸ ਵਰਤਾਰੇ ਦੇ ਸਾਨੂੰ ਕਾਰਣ ਲੱਭ ਬਣਦੇ ਕਦਮ ਚੁੱਕਣੇ ਚਾਹੀਦੇ ਨੇ । ਅਗਰ ਅਸੀ ਇਹ ਕਹਿ ਰਹੇ ਹਾਂ ਕਿ “ੴ” ਦਾ ਉਚਾਰਣ ਇਸ ਲਈ ਜੁਮੇਵਾਰ ਹੈ ਅਤੇ ਇਹ ਉਚਾਰਣ ਬਦਲਣ ਨਾਲ ਇਹ ਮਸਲਾ ਹਲ ਹੋ ਜਾਏਗਾ ਤਾਂ ਅਸੀ ਬਹੁਤ ਵੱਡੇ ਭੁਲੇਖੇ ਵਿਚ ਹਾਂ । ਸ ਦਵਿੰਦਰ ਸਿੰਘ ਚਾਹਲ ਜੋ ਸਬੂਤ ਦੇ ਰਹੇ ਨੇ ਕਿ ਕਿਵੇ ਪਰਮਾਨੰਦ ਜਾਂ ਹੋਰ ਹਿੰਦੂ ਧਰਮ ਨਾਲ ਜੁੜ੍ਹੇ ਵਿਦਵਾਨ ੴ ਨੂੰ ਹਿੰਦੂ ਧਰਮ ਦੇ ਫਲਸਫੇ ਨਾਲ ਜੋੜ ਰਹੇ ਨੇ ੳਹਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸ ਸਭ ਦਾ ਭਾਂਡਾ ੴ ਦੇ ਉਚਾਰਣ ਸਿਰ ਭੰਨਣਾ ਜ਼ਾਇਜ਼ ਨਹੀਂ ਹੈ ।

ਇਹ ਸਾਰੇ ਵਿਦਵਾਨ ਇਕ ਸੁਰ ਹੋ ਕੇ ਭਾਈ ਗੁਰਦਾਸ ਨੂੰ “ੴ” ਨੂੰ ਹਿੰਦੂ ਧਰਮ ਦਾ ਓਅੰਕਾਰ ਬਣਾਉਣ ਲਈ ਗੁਨਾਹਗਾਰ ਦੱਸਦੇੇ ਨੇ । ਮੈਂ ਭਾਈ ਗਰੁਦਾਸ ਦਾ ਅੰਨ੍ਹਾ ਪ੍ਰਸ਼ੰਸ਼ਕ ਨਹੀ ਹਾਂ । ਭਾਈ ਗੁਰਦਾਸ ਅਤੇ ਗੁਰੂ ਸਾਹਿਬ ਦੇ ਸਬੰਧਾਂ ਤੋਂ ਸਾਨੂੰ ਇੱਕ ਵਡਮੁੱਲੀ ਸ਼ਿਖਸ਼ਾ ਮਿਲਦੀ ਹੈ । ਗੁਰੂ ਸਾਹਿਬ ਨੇ ਭਾਈ ਗੁਰਦਾਸ ਨੂੰ ਉਹਨਾ ਦੇ ਗੁਣਾ ਮੁਤਾਬਿਕ ਬਣਦਾ ਸਤਿਕਾਰ ਦਿਤਾ । ਉਹਨਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਲਿਖਾਰੀ ਹੋਣ ਦਾ ਮਾਣ
ਬਖਸ਼ਿਆ । ਪਰ ਨਾਲ ਹੀ ਉਹਨਾ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਨਾ ਦੇ ਕੇ ਇਹ ਸਪਸ਼ਟ ਕਰ ਦਿੱਤਾ ਕਿ ਉਹਨਾ ਦੀ ਰਚਨਾ ਗੁਰੂ ਦਾ ਰੁਤਬਾ ਪਾਉਣ ਕਾਬਿਲ ਨਹੀ ਹੈ । ਸਪਸਟ ਹੈ ਕਿ ਅਗਰ ਇਹ ਉਚਾਰਣ ਭਾਈ ਗਰੁਦਾਸ ਸ਼ੁਰੂ ਕਰਦੇ ਅਤੇ ਗ਼ਲਤ ਹੁੰਦਾ ਤਾਂ ਗੁਰੂ ਸਾਹਿਬ ਜ਼ਰੂਰ ਇਸ ਦਾ ਕੋਈ ਇਲਾਜ਼ ਕਰਦੇ।ਮੇਰੇ ਖ਼ਿਆਲ ਵਿੱਚ ਭਾਈ ਗੁਰਦਾਸ ਵਲੌ ਆਪਣੀ ਰਚਨਾ ਵਿਚ ਇਸ ਉਚਾਰਣ ਦਾ ਜ਼ਿਕਰ ਕਰਨਾ ਇਸ ਗਲ ਦਾ ਸਬੂਤ ਹੈ ਕਿ ਇਹ ਉਚਾਰਣ ਗੁਰੂ ਕਾਲ ਵਿਚ ਹੀ ਪ੍ਰਚਲਤ ਅਤੇ ਪਰਵਾਨ ਸੀ ।

ਭਾਸ਼ਾ ਵਿਗਿਆਨ ਅਤੇ “ੴ” ਦਾ ਉਚਾਰਣ

ਇਹ ਕਿਹਾ ਜਾ ਰਿਹਾ ਹੈ ਕਿ ਉਚਾਰਣ “ਇੱਕ ਓਅੰਕਾਰ” ਸਹੀ ਨਹੀ ਹੈ ਕਿਉਂਜੋ ਇਸ ਉਚਾਰਣ ਵਿੱਚ ਵਰਤੀਆਂ ਗਈਆਂ ਧੁਨੀਆਂ ਲਿਖਣ ਵਿਚ ਨਹੀ ਆਉਂਦੀਆਂ । ਇਸ ਗਲ ਤੇ ਸਭ ਤੋਂ ਵਧ ਜ਼ੋਰ ਸ ਇਕਬਾਲ ਸਿੰਘ ਦੇ ਰਹੇ ਨੇ । ਉਨ੍ਹਾ ਕਾਫੀ ਵੇਰਵੇ ਦੇ ਕਿ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਊੜੇ ਉੱਪਰਲੀ ਲੇਟਵੀਂ ਲਕੀਰ ਖੁੱਲੇ ਊੜੇ ਦਾ ਹੀ ਇਕ ਰੂਪ ਹੈ ਅਤੇ ਖੱੁਲਾ ਊੜਾ ਹੋੜੇ ਦੀ ਧੁਨੀ ਦਿੰਦਾ ਹੈ । ਉਹਨਾਂ ਕੁਝ ਮਿਸਾਲਾਂ ਦਿੱਤੀਆਂ ਹਨ ਜਿਵੇਂ “ਲਓ”, “ਪਓ” ਅਤੇ “ਖਓ” । ਅੱਗੇ ਜਾ ਕਿ ਉਹ ਲਿਖਦੇ ਨੇ ਕਿ ਕਿੳਂਕਿ “ਇਕਓ’ ਪੰਜਾਬੀ ਵਿੱਚ ਕੋਈ ਸ਼ਬਦ ਨਹੀਂ ਹੈ ਇਸ ਕਰਕੇ ਇਸ ਦਾ ਉਚਾਰਣ “ਇਕੋ” ਜਾਂ “ਏਕੋ” ਹੀ ਕਰਨਾ ਪਏਗਾ । ਇਹ ਗਲ ਤਾਂ ਮੰਨਣ ਯੋਗ ਹੈ ਕਿ ਖੁਲਾ ਊੜਾ ਹੋੜੇ ਦੀ ਧੁਨੀ ਦਿੰਦਾ ਹੈ ਪਰ ਇਹ ਧੁਨੀ ਊੜੈ ਨੂੰ ਹੀ ਲਗਦੀ ਹੈ ਨ ਕਿ ਊੜੇ ਤੋਂ ਪਹਿਲਾਂ ਆਏ ਅੱਖਰ ਨੂੰ । ਉਦਾਹਰਣ ਦੇ ਤੋਰ ਤੇ ਜੋ ਮਿਸਾਲਾਂ ਉਹਨਾਂ ਦਿੱਤੀਆਂ ਹਨ ਉਹਨਾ ਵਿੱਚ ਵੀ ਇਹ ਧੁਨੀ ਲੱਲੇ, ਪੱਪੇ ਅਤੇ ਖੱਖੇ ਨੂੰ ਨਹੀ ਲਗਦੀ ਬਲਕਿ ਇਹਨਾ ਅੱਖਰਾਂ ਨਾਲ ਲਗੇ ਊੜੇ ਨੂੰ ਲਗਦੀ ਹੈ।ਅਗਰ ਅਜਿਹਾ ਨਾ ਹੁੰਦਾ ਤਾਂ ਇਹਨਾ ਲਫ਼ਜ਼ਾ ਦਾ ਉਚਾਰਣ ਲੋ, ਪੋ ਅਤੇ ਖੋ ਹੁੰਦਾ । ਪਰ ਅਜਿਹਾ ਨਹੀ ਹੈ।ਅਗਰ ਇਸ ਹਿਸਾਬ ਨਾਲ “ਇ+ਕਓ” ਦਾ ਉਚਾਰਣ ਕਰਾੀਏ ਤਾਂ ਇਹ ਅੰਗਰੇਜ਼ੀ ਦੇ ਅੱਖਰ “ਛੌਾਂ” ਦੀ ਤਰ੍ਹਾਂ ਕਰਨਾ ਪਏਗਾ । ਇਸ ਗੱਲ ਦਾ ਸ ਇਕਬਾਲ ਸਿੰਘ ਨੂੰ ਵੀ ਅਹਿਸਾਸ ਹੈ ਕਿ ਉਹਨਾ ਦੇ ਤਰਕ ਤੇ ਤੁਰਦਿਆਂ “ਇਕਓ” ਦੇ ਰੂਪ ਵਿੱਚ ਇਕ ਨਿਰਾਰਥਕ ਸ਼ਬਦ ਪੈਦਾ ਹੋ ਜਾਂਦਾ ਹੈ । ਇਸ ਉਲਝਣ ਚੌਂ ਨਿਕਲਣ ਲਈ ਉਹ ਕਹਿੰਦੇ ਨੇ ਕਿਉੀਕ “ਇਕਓ” ਪੰਜਾਬੀ ਵਿੱਚ ਕੋਈ ਸ਼ਬਦ ਨਹੀਂ ਹੈ ਇਸ ਕਰਕੇ ਇਸ ਦਾ ਉਚਾਰਣ “ਇਕੋ” ਜਾਂ “ਏਕੋ” ਹੀ ਕਰਨਾ ਪਏਗਾ । ਇਹ ਇੱਕ ਤਰਕ ਵਿਹੂਣੀ ਗੱਲ ਹੈ । ਇੱਕ ਪਾਸੇ ਤਾਂ ਉਹ ਇਹ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਭਾਸਾ ਵਿਗਿਆਨ ਦੇ ਮਾਹਰ ਸਨ ਦੂਜੇ ਪਾਸੇ ਉਹ ਉਹਨਾਂ ਤੇ ਇਹ ਦੋਸ਼ ਲਾ ਰਹੇ ਨੇ ਕਿ ਉਹਨਾ ਅਜਿਹਾ ਸ਼ਬਦ ਜੋੜ ਰਚਿਆ ਜੋ ਪੰਜਾਬੀ ਵਿਆਕਰਣ ਮੁਤਾਬਿਕ ਹੀ ਸਹੀ ਨਹੀ ਹੈ ।

ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕੀ ਗੁਰੂ ਨਾਨਕ ਸਾਹਿਬ ਨੇ “ਓ” ਨਾਲ ਏਕਾ ਲਾਇਆ ਹੈ ਜਾਂ ਏਕੇ ਨਾਲ “ਓ” ਲਾਇਆ ਹੈ।ਏਕੇ ਨਾਲ “ਓ” ਲਾਉਣ ਦੀ ਕੋਈ ਤੁਕ ਨਹੀਂ ਬਣਦੀ ਕਿੳਂਕਿ ਅਗਰ ਇਕੌ ਲਿਖਣ ਦਾ ਮਕਸਦ ਹੈ ਤਾਂ ਹੋੜੇ ਦੀ ਵਰਤੌ ਕਰਨੀ ਹੀ ਜ਼ਾਇਜ਼ ਲਗਦੀ ਹੈ ਕਿਉਂਜੋ ਓ ਦੀ ਵਰਤੋ ਨਾਲ ਤਾਂ ਨਿਰਾਰਥਕ ਸ਼ਬਦ (ਇਕਓ) ਹੋਂਦ ਵਿਚ ਆਉਂਦਾ ਹੈ। ਫਿਰ ਗੁਰਬਾਣੀ ਵਿਚ ਕਿਤੇ ਵੀ “ਇੱਕੌ” “ਏਕੋ” ਨੂੰ ਹੋੜੇ ਦੀ ਧੁਨੀ ਦੇਣ ਲਈ ਖੁੱਲਾ ਊੜਾ ਲਗਾ ਕੇ ਲਿਖਿਆ ਨਹੀਂ ਮਿਲਦਾ।ਨ ਹੀ ਕਿਤੇ ਖੁੱਲਾ ਊੜਾ ਕਿਸੇ ਹੇਰ ਅੱਖਰ ਨੂੰ ਹੋੜੇ ਦੀ ਧੁਨੀ ਲਈ ਵਰਤਿਆ ਹੈ । ਜਿਥੇ ਵੀ ਖੁੱਲਾ ਊੜਾ ਅਇਆ ਹੈ ਉਥੇ ਸਿਰਫ ਊੜੇ ਨੂੰ ਹੋੜੇ ਦੀ ਧੁਨੀ ਦਿੰਦਾ ਹੈ । ਹੁਣ ਜਦ ਇਹ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਨੇ ਖੁੱਲੇ ਊੜੇ ਨਾਲ ਇਕ ਦਾ ਹਿੰਦਸਾ ਲਗਾਇਆ ਹੈ ਤਾਂ ਫਿਰ ਸਾਨੂੰ ਪਹਿਲਾਂ ਖੱੁਲੇ ਊੜੇ ਦਾ ਉਚਾਰਣ ਲੱਭਣਾ ਪਦੇਗਾ ।

ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਓ, ਓਅੰ , ਓਅੰਕਾਰ ਤਿੰਨਾਂ ਅੱਖਰਾਂ ਦੀ ਇਕੱਠੀ ਵਿਆਖਿਆ ਕੀਤੀ ਹੈੇ ਜਿਸ ਤੋਂ ਇਸ ਸਾਫ ਹੈ ਕਿ ਓ ਓਅੰਕਾਰ ਦਾ ਹੀ ਸੰਖੇਪ ਰੂਪ ਹੈ । ਉਹ ਇਸ ਗਲ ਨੂੰ ਹੋਰ ਵੀ ਸਪਸ਼ਟ ਕਰ ਦਿੰਦੇ ਨੇ ਜਦੋਂ ਉਹ ਲਿਧਦੇ ਨੇ ਕਿ ਓੰਅੰਕਾਰ ਓਅੰ ਦਾ ਹੀ ਉਚਾਰਣ ਹੈ ।6 ਇਸ ਗਲ ਦੀ ਗਵਾਹੀ ਸਾਨੂੰ ਹਿੰਦੀ ਸੰਸਕ੍ਰਿਤ ਦੇ ਸ਼ਬਦ ਕੋਸ਼ਾਂ ਤੋਂ ਵੀ ਮਿਲਦੀ ਹੈ ।7 ਇਨਸਾਈਕਲੋਪਿਡੀਆ ਬਿ੍ਰਟੈਨਕਾ ਵਿਚ ਇਸ ਗਲ ਦਾ ਜ਼ਿਕਰ ਆਉਂਦਾ ਹੈ ਕਿ ਛੇਵੀਂ ਸਦੀ ਤੋ ਹੀ ਓਅੰਕਾਰ ਦਾ ਛੋਟਾ ਰੂਪ ਪ੍ਰਚਲਿਤ ਹੋ ਚੁਕਾ ਸੀ । ਉਥੇ ਇਹ ਵੀ ਕਿਹਾ ਗਿਆ ਹੈ ਕਿ ਇਸ ਸੰਖੇਪ ਰੂਪੀ ਚਿੰਨ੍ਹ ਨੂੰ ਬੁਧ ਅਤੇ ਜੈਨ ਧਰਮ ਵਾਲੇ ਵੀ ਵਰਤਦੇ ਹਨ ।8 ਇਥੋਂ ਇਕ ਗਲ ਸਾਫ ਹੋ ਜਾਂਦੀ ਹੈ ਕਿ ਇਹ ਲਫ਼ਜ਼ ਹਿੰਦੂ ਧਰਮ ਦੀਆ ਹੱਦਾਂ ਪਾਰ ਕਰਕੇ ਆਮ ਬੋਲ ਚਾਲ ਦਾ ਹਿੱਸਾ ਬਣ ਗਿਆ ਸੀ।ਇਸੇ ਕਰਕੇ ਬੁਧ ਅਤੇ ਜੈਨ ਧਰਮ ਦੇ ਪ੍ਰਚਾਰਕਾ ਨੇ ਇਸ ਨੂੰ ਆਪਣੀ ਗੱੱਲ ਲੋਕਾਂ ਤਕ ਪਹੁਚਾਉਣ ਲਈ ਵਰਤਿਆ । ਗੁਰੂ ਨਾਨਕ ਸਾਹਿਬ ਨੇ ਵੀ ਇਸ ਆਮ ਪ੍ਰਚਲਤ ਅੱਖਰ ਨੂੰ ਵਰਤਿਆ ਪਰ ਇਸ ਨਾਲ ਇੱਕ ਦਾ ਹਿੰਦਸਾ ਲਗਾ ਕੇ ਹਿੰਦੀ ਸੰਸਕ੍ਰਿਤ ਦੇ ਓ ਨਾਲੋਂ ਸਦਾ ਸਦਾ ਲਈ ਨਿਖੇੜ ਵੀ ਦਿਤਾ । ਇਸ ਤਰ੍ਹਾ ਕਰਕੇ ਉਹਨਾਂ ਆਪਣੀ ਵਿਚਾਰਧਾਰਾ ਨੂੰ ਵੀ ਹਿੰਦੂ ਧਰਮ ਨਾਲੋਂ ਨਿਖੇੜ ਲਿਆ । ਹਿੰਦੂ ਧਰਮ ਵਿਚ ਓਅੰ ਤਾਂ ਜ਼ਰੂਰ ਆਉਂਦਾ ਹੇ ਪਰ ਇਹ ਕਿਤੇ ਵੀ ਇੱਕ ਦੇ ਹਿੰਦਸੇ ਨਾਲ ਜੁੜਿਆ ਨਹੀਂ ਮਿਲਦਾ ।

ਹਿੰਦਸੇ ਇੱਕ ਨੁੰ ਏਕਮ ਵੀ ਕਿਹਾ ਜਾਂਦਾ ਹੈ । ਅਗਰ ਅਸੀਂ ਇਥੇ ਖੁਲੇ ਊੜੇ ਨੂੰ ਹੋੜੇ ਦੀ ਧੁਨੀ ਲਈ ਵਰਤਦੇ ਹਾਂ ਤਾਂ ਉਚਾਰਣ “ਏਕਮੋ” ਬਣ ਜਾਂਦਾ ਹੈ ਜੋ ਕਿ ਬਿਲਕੁਲ ਹੀ ਗਲਤ ਹੈ।ਪਰ ਅਗਰ ਅਸੀਂ ਖੁਲੇ ਊੜੇ ਦਾ ਉਚਾਰਣ ਓਅੰਕਾਰ ਕਰਦੇ ਹਾਂ ਤਾਂ ਇਹ ਏਕੰਕਾਰ ਬਣ ਜਾਂਦਾ ਹੈ ਜਿਸ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਖੁਲ ਕੇ ਵਰਤੋਂ ਕੀਤੀ ਗਈ ਹੈ । ਭਾਈ ਕਾਹਨ ਸਿੰਘ ਵੀ ਏਕੰਕਾਰ ਦਾ ਇਕ ਅਰਥ “ਇਕ ਓਅੰਕਾਰ” ਕਰਦੇ ਨੇ ।9 ਇਥੋਂ ਵੀ ਸਾਨੂੰ ੴ ਦੇ ਉਚਾਰਣ ਦੀ ਸੇਧ ਮਿਲਦੀ ਹੈ । ਕਿਸੇ ਇਕ ਸ਼ਬਦ ਦੇ ਦੋ ਉਚਾਰਣ ਹੋਣਾ ਇਕ ਆਮ ਗਲ ਹੈ । ਇਹ ਵਰਤਾਰਾ ਹਰ ਭਾਸ਼ਾ ਵਿਚ ਮੌਜ਼ੂਦ ਹੈ । ਪ੍ਰੋ ਸ਼ਾਹਿਬ ਸਿੰਘ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਏਕੰਕਾਰ ੴ ਦਾ ਹੀ ਇੱਕ ਉਚਾਰਣ ਹੈ ।10 ਇਹ ਗਲ ਇਸ ਉਚਾਰਣ ਦੇ ਆਮ ਬੋਲ ਚਾਲ ਵਿੱਚ ਮਕਬੂਲ ਹੋਣ ਤੋਂ ਵੀ ਸਿੱਧ ਹੁੰਦੀ ਹੈ ।

ਇਹ ਕਹਿਣਾ ਕਿ ਕੋਈ ਉਚਾਰਣ ਇਸ ਲਈ ਗ਼ਲਤ ਹੈ ਕਿਉਂੁਿਕ ਉੱਚਰੀਆਂ ਗਈਆ ਧੁਨੀਆਂ ਲਿਖਣ ਵਿੱਚ ਨਹੀਂ ਆਈਂਆਂ ਠੀਕ ਨਹੀਂ ਹੈ । ਹਰ ਭਾਸ਼ਾ ਵਿੱਚ ਅਜਿਹੇ ਅਲਫ਼ਾਜ਼ ਮੌਜ਼ੂਦ ਨੇ ਜੋ ਜਿਸ ਤਰ੍ਹਾਂ ਲਿਖੇ ਜਾਂਦੇ ਨੇ ਉਸ ਤਰ੍ਹਾਂ ਬੋਲੇ ਨਹੀਂ ਜਾਂਦੇ । ਪੰਜਾਬੀ ਵਿਚ ਅਜਕਲ ਅਸੀਂ ਡਾ: ਨੂੰ ਡਾਕਟਰ ਪੜ੍ਹਦੇ ਹਾਂ, ਸ: ਨੂੰ ਸ਼ਰਦਾਰ ਪੜ੍ਹਦੇ ਹਾਂ।ਇਸੇ ਤਰ੍ਹਾਂ ਪ੍ਰੋ: ਨੂੰ ਅਸੀਂ ਪ੍ਰੋਫੈਸਰ ਪੜ੍ਹਦੇ ਹਾਂ । ਜਦ ਕਿ ਇੱਥੇ ਬੋਲੀਆਂ ਗਈਆਂ ਸਾਰੀਆਂ ਧੁਨੀਆਂ ਲਿਖਣ ਵਿੱਚ ਨਹੀਂ ਆਈਆਂ । ਅੰਗਰੇਜ਼ੀ ਵਿਚ ਲਿਖਿਆ ਪੀਜ਼ਾ ਜਾਂਦਾ ਪਰ ਪੜਿਆ ਪੀਟਸਾ ਜਾਂਦਾ । ਕੁਝ ਦੇਰ ਪਹਿਲਾਂ ਸੰਪੂਰਨ ਹੋਏ ਫੁਟਬਾਲ ਦੇ ਆਲਮੀ ਕੱਪ ਵਿਚ ਇਕ ਖਿਡਾਰੀ ਨੇ ਸੁਨਹਿਰੀ ਬੂਟ ਜਿੱਤਿਆ । ਉਸ ਦਾ ਨਾਮ ਲਿਖਿਆ ਜ਼ੇਮਜ਼ ਸੀ ਪਰ ਸਾਰੇ ਉਸ ਨੂੰ ਹਮੀਜ਼ ਬੋਲਦੇ ਸਨ । ਕਿਹਾ ਜਾਂਦਾ ਹੈ ਕਿ ਉਸਨੂੰ ਇਸ ਤਰ੍ਹਾਂ ਇਸ ਲਈ ਬੋਲਦੇ ਨੇ ਕਿਉਂਕਿ ਉਸ ਦੀ ਮਾਤ ਭਾਸ਼ਾ ਵਿਚ ਉਸ ਦਾ ਨਾਮ ਇਸੇ ਤਰ੍ਹਾਂ ਪੁਕਾਰਿਆਂ ਜਾਂਦਾ ਹੈ । ਸੋ ਭਾਸ਼ਾ ਕਿਸੇ ਗਣਿਤ ਵਾਲੇ ਤਰਕ ਵਿੱਚ ਬੱਝ ਕੇ ਨਹੀਂ ਤੁਰਦੀ । ਕਿਸੇ ਵੀ ਉਚਾਰਣ ਪਿੱਛੇ ਇਤਿਹਾਸਿਕ, ਸਮਾਜਿਕ ਜਾਂ ਕੋਈ ਹੋਰ ਕਾਰਣ ਹੋ ਸਕਦੇ ਨੇ ।

ਇਕ ਓਅੰਕਾਰ ਜਾਂ ਏਕੰਕਾਰ ਦਾ ਭਾਵ ਅਰਥ

ਪ੍ਰੌ ਸਾਹਿਬ ਸਿੰਘ ਇਸ ਦਾ ਅਰਥ ਇੱਕ ਰਸ ਵਿਆਪਕ ਰੱਬ ਕਰਦੇ ਨੇ।ਭਾਈ ਕਾਹਨ ਸਿੰਘ ਹੁਰੀਂ ਵੀ ਇਸ ਨੂੰ ਕਰਤਾਰ ਦਾ ਬੋਧਿਕ ਕਹਿੰਦੇ ਨੇ । ਆਉ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀਏ ਕਿ ਇਹ ਲਫ਼ਜ਼ ਕਿਸ ਅਰਥਾਂ ਵਿਚ ਵਰਤਿਆ ਗਿਆ ਹੈ । ਅਸੀਂ ਉਪਰ ਦੇਖ ਚੁੱਕੇ ਹਾਂ ਕਿ ਓਅੰਕਾਰ ਗੁਰਬਾਣੀ ਵਿਚ ਕਰਤਾਰ ਜਾਂ ਰੱਬ ਲਈ ਵਰਤਿਆ ਗਿਆ ਹੈ।ਏਕੰਕਾਰ (ਜੋ ੴ ਦਾ ਦੂਜਾ ਉਚਾਰਣ ਹੈ) ਵੀ ਇਸੇ ਅਰਥਾਂ ਵਿਚ ਵਰਤਿਆ ਗਿਆ ਹੈ ਪਰ ਇਹ ਅਕਾਲ ਪੁਰਖ ਦੀ ਉਸ ਅਵਸਥਾ ਦੇ ਬੋਧਿਕ ਵਜੋਂ ਵਰਤਿਆ ਗਿਆ ਹੈ ਜੋ ਸ਼ਿ੍ਰਸ਼ਟੀ ਦੇ ਪਸਾਰੇ ਤੋੰਂ ਪਹਿਲੀ ਸੀ ਜਾ ਪਸਾਰੇ ਦੇ ਸਿਮਟ ਜਾਣ ਉਪਰੰਤ ਹੋਵੇਗੀ । ਹੇਠਾ ਇਸ ਸਬੰਥ ਵਿਚ ਗੁਰਬਾਣੀ ਪ੍ਰਮਾਣ ਦਿਤੇ ਜਾ ਰਹੇ ਨੇ ।

  • ਕਈ ਕੋਟਿ ਖਾਣੀ ੳਰੁ ਖੰਡ ॥ ਕਈ ਕੋਟ ਅਕਾਸ ਬ੍ਰਹਮੰਡ ॥ ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ ਕਈ ਬਾਰ ਪਸਰਿਓ ਪਾਸਾਰ ॥ ਸਦਾ ਸਰਾ ਇਕੁ ਏਕੰਕਾਰ ॥ ਕਈ ਕੋਟ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ ਤਾ ਕਾ ਅੰਤੁ ਨ ਜਾਨੇ ਕੋਇ ॥ ਆਪੇ ਆਪਿ ਨਨਿਕ ਪ੍ਰਭ ਸੋਇ ॥ ਪੰਨਾ 276
  • ਨਾਨਾ ਬਿਧਿ ਕੀਨੋ ਬਿਸਥਾਰੁ ॥ ਪ੍ਰਭ ਅਬਿਨਾਸੀ ਏਕੰਕਾਰੁ ॥ ਪੰਨਾ 284
  • ਤਿਸੁ ਭਾਵੇ ਤਾਂ ਕਰੇ ਬਿਸਥਾਰੁ ॥ ਤਿਸੁ ਭਾਵੈ ਤਾਂ ਏਕੰਕਾਰ ॥ ਪੰਨਾ 294
  • ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥ ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰ ॥ ਪੰਨਾ 296
  • ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁੁ ਖਿੰਚੈ ਏਕੰਕਾਰੀ ॥ ਪੰਨਾ 507
  • ਸਾਂਗ ਉਤਾਰਿ ਥੰਮਿਹਓ ਪਾਸਾਰਾ ॥ ਤਬ ਏਕੋ ਏਕੰਕਾਰਾ ॥ ਪੰਨਾ 736
  • ਬਰਨੁ ਚਿਹਨੁ ਨਾਹੀ ਕਿਛੁ ਰਚਨਾ ੰਿਮਥਿਆ ਸਕਲ ਪਸਾਰਾ ॥ ਬਣਿਤ ਨਾਨਕੁ ਜਬ ਖੇਲੁ ਉਝਾਰੇ ਤਬ ਏਕੈ ਏਕੰਕਾਰਾ ॥ ਪੰਨਾ 999
  • ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤਿ੍ਰਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰ ॥ ਪੰਨਾ 1188
  • ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥ ਪੰਨਾ 1113

ਇਕ ਓਅੰਕਾਰ ਜਾਂ ਏਕੰਕਾਰ ਦਾ ਭਾਵ ਅਰਥ ਅਤੇ ਮੂਲ਼ ਮੰਤ੍ਰ

ਆਉ ਹੁਣ ਦੇਖਦੇ ਹਾਂ ਕਿ ਉਪਰੋਕਿਤ ਅਰਥ ਸਮੁੱਚੇ ਮੂਲ ਮੰਤ੍ਰ ਵਿੱਚ ਕਿਵੇ ਢੁਕਦੇ ਨੇ।ਮੂਲ ਮੰਤ੍ਰ ਦਾ ਪਾਠ ਇਸ ਤਰ੍ਹਾਂ ਹੈ । “ੴ ਸਤਿ ਨਾਮੂ ਕਰਤਾ ਪੁਰਖੂ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਡੁਰ ਪ੍ਰਸਾਦਿ ॥” ਰੱਬ ਇਸ ਸ਼ਿ੍ਰਸ਼ਟੀ ਦੇ ਪਾਸਾਰੇ ਤੋਂ ਪਹਿਲਾਂ ਇਕੌ ਇਕ ਸੀ । ਏਕੰਕਾਰ ਸੀ । ਉਸ ਦਾ ਨਾਮ ਜਾਂ ਹੁਕਮ11 ਅਟੱਲ ਹੈ । ਇਸ ਹੁਕਮ ਨਾਲ ਉਹ ਸਾਰੀ ਸ਼ਿ੍ਰਸ਼ਟੀ ਦੀ ਰਚਨਾ ਕਰ ਇਸ ਵਿੱਚ ਮੌਜੂਦ ਹੈ । ਇਹ ਸਭ ਕੁਝ ਉਹ ਬਿਨਾ ਕਿਸੇ ਭੈ ਅਤੇ ਵੈਰ ਵਿਰੋਧ ਤੋਂ ਕਰ ਰਿਹਾ ਹੈ । ਉਹ ਆਪ ਅਤੇ ਉਸ ਦੀ ਰਚਨਾ ਸਮੇਂ ਦੇ ਬੰਧਨ ਤੋਂ ਮੁਕਤ ਹੈ । ਇਸ ਕਰਕੇ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਹੈ । ਉਸ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਉਹ ਖੁਦ ਪੈਦਾ ਹੁੰਦਾ ਹੈ । ਉਸ ਦੇ ਇਸ ਵਰਤਾਰੇ ਦੀ ਸੋਝੀ ਬਿੇਬੇਕ ਗੁਰੂ (ਬੁਧ) ਦੀ ਬਖਸ਼ਿਸ਼ (ਗਿਆਨ) ਨਾਲ ਹੁੰਦੀ ਹੈ ।

ਅਸੀਂ ਦੇਖ ਰਹੇ ਹਾ ਕਿ ਗੁਰੂ ਸਾਹਿਬ ਮੂਲ ਮੰਤਰ ਵਿੱਚ ਅਕਾਲ ਪੁਰਖ ਦੇ ਇਕ ਤੋਂ ਅਨੇਕ ਹੋਣ ਦੀ ਪ੍ਰਕ੍ਰਿਆ ਬਿਆਨ ਕਰ ਰਹੇ ਨੇ । ਏਕੰਕਾਰ ਤੌ ਕਿਵੇ ਇਕ ਅਟਲ ਹੁਕਮ ਅੰਦਰ ਇਹ ਪਸਾਰਾ ਹੋ ਹਿਹਾ ਹੈ ਅਤੇ ਇਸ ਦੀ ਸੋਝੀ ਕੇਵਲ ਬਿਬੇਕ ਗੁਰੂ ਹੀ ਕਰਾ ਸਕਦਾ ਹੈ । ਸਾਰਾ ਮੂਲ਼ ਮੰਤਰ ਇਕ ਤਰਤੀਬ ਵਿੱਚ ਹੈ । ਕੋਈ ਵੀ ਲਫ਼ਜ਼ ਅਗੇ ਪਿਛੇ ਨਹੀਂ ਹ ੋਸਕਦਾ ।

ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਣ ਦੀ ਸੈਧ

ਗੁਰੂ ਗ੍ਰੰਥ ਸਾਿਹਬ ਤੋਂ ਵੀ ਸਾਨੂੰ ਇਹੀ ਸੇਧ ਮਿਲਦੀ ਹੈ ਕਿ ੴ ਦਾ ਉਚਾਰਣ ਇਕ ਓਅੰਕਾਰ ਜਾਂ ਏਕੰਕਾਰ ਹੈ ।

  • ਓਅੰਕਾਰ ਕਰਤਾਰ ਦੇ ਅਰਥਾਂ ਵਿਚ ਵਰਤਿਆ ਗਿਆ ਹੈ । ਇਸ ਦਾ ਵੇਰਵਾ ਉਪਰ ਦਿਤਾ ਜਾ ਚੁਕਾ ਹੈ ।
  • ਏਕੰਕਾਰ ਅਤੇ ਏਕੋ ਏਕੰਕਾਰ ਵੀ ਬੇਅੰਤ ਵਾਰ ਅਕਾਲ ਪੁਰਖ ਦੇ ਅਰਥਾਂ ਵਿਚ ਵਰਤਿਆ ਗਿਆ ਹੈ ।
  • ਗੁਰੂ ਗ੍ਰੰਥ ਸਾਹਿਬ ਦੇ ਪੰਨਾ 916 ਤੇ ਗੁਰੂ ਸਾਿਹਬ ਅਕਾਲ ਪੁਰਖ ਦੇ ਮੂਲ ਮੰਤਰ ਵਿੱਚ ਬਿਆਨ ਕੀਤੇ ਗਏ ਗੁਣ ਦਸਦੇ ਹੋਏ ਏਕੰਕਾਰ ਵੀ ਲਿਖਦੇ ਨੇ । “ਅਕਾਲ ਮੂਰਤਿ ਅਜੂਨੀ ਸ਼ੰਭਉ ਕਲਿ ਅੰਧਕਾਰ ਦੀਪਾਈ ॥ 18 ॥ ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤਿ੍ਰਪਤਿ
    ਅਘਾਈ ॥ 19 ॥ ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥ 20 ॥
  • ਜਿਵੇਂ ਮੂਲ ਮੰਤਰ ਵਿੱਚ ਲਿਖਿਆ ਗਿਆ ਗਿਆ ਹੈ ਕਿ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਅਕਾਲ ਪੁਰਖ ਦੀ ਸੋਝੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਆੳਂਦਾ ਹੈ ਕਿ “ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ” ਪੰਨਾ 1078 ।
  • ਪੰਨਾ 1113 ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਸ ਨੈ ਇਹ ਜਗਤ ਉਪਾਇਆ ਹੈ ਉਹ ੲੈਕੰਕਾਰ ਹੈ । “ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥”

ਸਾਰੰਸ਼

ਉਪਰ ਦਿਤੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹਨਾ ਵਿਦਵਾਨਾਂ ਦੇ ਸਾਰੇ ਖਦਸ਼ੇ ਨਿਰਮੂਲ਼ ਹਨ । ਸਾਨੂੰ ਗੁਰੂ ਗ੍ਰੰਥ ਸਾਹਿਬ ਤੋੰ ਇਹੀ ਸੇਧ ਮਿਲਦੀ ਹੇ ਕਿ ੴ ਦਾ ਉਚਾਰਣ ਇਕ ਓਅੰਕਾਰ ਜਾਂ ਏਕੰਕਾਰ ਠੀਕ ਹੈ । ਸਿਖ ਧਰਮ ਨਾਲ ਸਬੰਧਤ ਦੋ ਮਹਾਨ ਵਿਦਵਾਨ ਭਾਈ ਕਾਹਂਨ ਸਿੰਘ ਅਤੇ ਪ੍ਰੌ ਸਾਹਿਬ ਸਿੰਘ ਵੀ ਇਸ ਦੀ ਹਮਾਇਤ ਕਰਦੇ ਨੇ । ਆਮ ਸਿਖ ਜਨਤਾ ਵਿਚ ਵੀ ਇਹੀ ਪ੍ਰਚਲਤ ਹੈ ।

ਸੁਰਜੀਤ ਪਾਤਰ ਦੇ ਇਕ ਸ਼ੇਅਰ ਦੇ ਬੋਲ ਕੁਝ ਇਸ ਤਰ੍ਹਾਂ ਹਨ “ਮੈ ਰਾਹਾਂ ਤੇ ਨਹੀਂ ਤੁਰਦਾ, ਮੈ ਤੁਰਦਾ ਹਾਂ ਤਾਂ ਰਾਹ ਬਣਦੇ ਨੇ” । ਇਸ ਵਿਚ ਕੋਈ ਸ਼ੱਕ ਨਹੀ ਕਿ ਦੁਨੀਆਂ ਵਿੱਚ ਅਜਿਹੇ ਸ਼ਖ਼ਸ਼ ਹਰ ਮੁਲਖ ਅਤੇ ਹਰ ਕੌਮ ਵਿਚ ਪੈਦਾ ਹੋਏ ਨੇ ਅਤੇ ਹੁੰਦੇ ਰਹਿਣਗੇ ਜੋ ਜਦੋ ਤੁਰਦੇ ਨੇ ਤਾਂ ਰਾਹ ਬਣ ਜਾਂਦੇ ਨੇ ਅਤੇ ਬਾਅਦ ਵਿੱਚ ਉਹਨਾਂ ਰਾਹਾਂ ਉੱਤੇ ਬੇਸ਼ੁਮਾਰ ਜਨਤਾ ਤੁਰਦੀ ਹੈ । ਜਦੋਂ ਪ੍ਰੋ ਸਾਹਿਬ ਸਿੰਘ ਨੇ ਵਿਆਕਰਣ ਦੇ ਅਧਾਰ ਤੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਤਾਂ ਇੱਕ ਨਵਾਂ ਰਾਹ ਬਣ ਗਿਆ। ਅਜਕਲ ਹਰ ਕੋਈ ਉਹਨਾਂ ਦੇ ਬਣਾਏ ਇਸ ਰਾਹ ਤੇ ਤੁਰ ਰਿਹਾ ਹੈ । ਪਰ ਇਹ ਗਲ ਵੀ ਕੋੜਾ ਸੱਚ ਹੈ ਕਿ ਜਿਹੜੇ ਰਾਹਾਂ ਤੇ ਨਹੀਂ ਤੁਰਦੇ ਗੁਆਚਦੇ ਵੀ ਉਹੀ ਸ਼ਖਸ਼ ਨੇ । ਦਰਅਸਲ ਪ੍ਰੰਪਰਾ ਤੋਂ ਹਟ ਕੇ ਚੱਲਣ ਦੀ ਜਾਂ ਨਵੇਂ ਰਾਹ ਪਾਉਣ ਦੀ ਇੱਕ ਆਪਣੀ ਖਿੱਚ ਵੀ ਹੁੰਦੀ ਹੈ । ਇਸ ਵਿਚ ਅੱਤ ਦੀ ਦਲੇਰੀ ਵੀ ਹੈ ਅਤੇ ਭੀੜ ਤੋਂ ਅਲਿਹਦਾ ਤੇ ਨਿਵੇਕਲਾ ਲੱਗਣ ਜਾਂ ਰਹਿਣ ਦੀ ਹਉਮੇ ਵੀ ਹੈ ।

ਜਰਨੈਲ ਸਿੰਘ
ਸਿਡਨੀ, ਅਸਟ੍ਰੇਲੀਆ

ਹਵਾਲੇ

  1. “ਬੀਜ ਮੰਤ੍ਰ ਦਰਸ਼ਨ” ਪੰਜਾਬੀ ਵਿੱਚ ਪਹਿਲਾਂ 1996 ਅਤੇ 2005 ਵਿਚ ਸੋਧ ਕੇ ਛਪੀ ਹੈ ਜਿਸ ਦੇ ਨਾਲ ਹੀ “ਨਲੇ ੌਨੲ ਘੋਦ ਫਹਲਿੋਸੋਪਹੇ” ਅੰਗਰੇਜ਼ੀ ਵਿਚ 2005 ਵਿਚ ਹੀ ਛਪੀ ਹੈ ।
  2. ਮੇਰੀ ਸ਼ ਨਿਰਮਲ ਸਿੰਘ ਕਲਸੀ ਨਾਲ ਵਿਚਾਰ ਚਰਚਾ ਹੇਠਾਂ ਦਿੱਤੀ ਫਾਈਲ ਵਿਚ ਹੈ । <FILE>
  3. ਸ਼ ਸਰਜੀਤ ਸਿੰਘ ਨੇੇ ਜਪੁ ਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਕੀਤਾ ਹੈ । ਇਹ ਗਲ ਮੈ ਉਹਨਾ ਦੀ ਇਸ ਕਿਤਾਬ ਦੇ ਸ ਘ ਸ਼ ਸ਼ਦਿਹੁ ਵਲੋ ਲਿਖੇ ਰੀਵਿਊ ਵਿਚ ਪੜ੍ਹੀ ਹੈ ।
  4. Nankian Philosophy, 2008 Edition, Page 96 to 114.
  5. <MAIL>
  6. ਦੇਖੋ ਮਹਾਨ ਕੋਸ਼ ਵਿਚ ਓ, ਓਅੰ, ਓਅੰਕਾਰ ਦੇ ਅਰਥ ।
  7. <PIC>
  8. “Thus Om mystically embodies the essence of the entire universe. It is uttered at the beginning and end of Hindu prayers, chants, and meditation and is freely used in Buddhist and Jain ritual also. From the 6th century, the written symbol designating the sound is used to mark the beginning of a text in a manuscript or an inscription.” – Encyclopaedia Britannica.
  9. ਮਹਾਨਕੋਸ਼ ਵਿੱਚ ਏਕੰਕਾਰ ਦੇ ਅਰਥ ਇਸ ਤਰ੍ਹਾਂ ਕੀਤੇ ਨੇ: 1.ਅਦਵੈਤ ਬ੍ਰਹਮ 2. ਇਕ ਓਅੰਕਾਰ 3. ਇਕ ਰੂਪ, ਇਕ ਅਕਾਰ ।
  10. ਦੇਖੋ ਪ੍ਰੋ ਸਾਹਿਬ ਸਿੰਘ ਦੇ ਦਰਪਣ ਵਿੱਚ ਆਸਾ ਕੀ ਡਾਰ ਦੇ ਅਰੰਭ ਵਿੱਚ ਆਏ ਮੂਲ ਮੰਤਰ ਦੇ ਕੀਤੇ ਅਰਥ ।
  11. ਏਕੋ ਨਾਮ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ ਗੁਰੂ ਗ੍ਰੰਥ ਸਾਹਿਬ ਪੰਨਾ 71

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s