ਗੰਗ ਗੁਸਾਇਨ…

ਗੁਰਬਾਣੀ ਨੂੰ ਸਮਝਣ ‘ਚ ਇਕ ਉਲਝਣ ਸਾਡੇ ਪਹਿਲਾਂ ਤੋਂ ਬਣੇ ਵਿਚਾਰ ਹਨ । ਇਹ ਵਿਚਾਰ ਸਾਡੇ ਦਿਮਾਗ ‘ਚ ਲਿਖੇ ਹੋਏ ਪੋਪ ਅੱਪਸ ਨੇ ਜੋ ਕਿਸੇ ਸ਼ਬਦ ਜਾਂ ਅੱਖਰ ਨੂੰ ਪੜ੍ਹਦਿਆਂ ਸਾਰ ਹੀ ਟਪੱਕ ਦੇਣੀ ਸਾਡੇ ਅਗੇ ਆ ਜਾਂਦੇ ਹਨ । ਸਾਡੀ ਲੱਖ ਕੋਸ਼ਿਸ਼ ਦੇ ਬਾਵਜ਼ੂਦ ਵੀ ਇਹ ਸਾਡੀ ਸਮਝ ਦੇ ਸਕਰੀਨ ਤੋਂ ਨਹੀ ਹਟਦੇ । ਇਹ ਵਿਚਾਰ ਸਾਡੇ ਹੁਣ ਤਕ ਦੇ ਤਜ਼ਰੁਬਾਤ ਅਤੇ ਕਰਣੀ ਦੀ ਉਪਜ ਨੇ।ਇਹ ਸਾਡਾ ਆਪਾ ਨੇ ਅਤੇ ਸਾਡੀ ਮੈਂ ਦਾ ਇਕ ਅਹਿਮ ਹਿੱਸਾ ਨੇ । ਇਹਨਾਂ ਨੂੰ ਛੱਡਣਾ ਆਪਣੇ ਆਪ ਨੂੰ ਮਾਰਨਾ ਹੈ । ਇਸੇ ਕਰਕੇ ਸਿਖੀ ਦੇ ਮਾਰਗ ਤੇ ਚਲਣ ਵਾਲਿਆਂ ਨੂੰ ਗੁਰੁ ਨਾਨਕ ਸਾਹਿਬ ਸੁਚੇਤ ਕਰਦਿਆਂ ਹੋਕਾ ਦਿੰਦੇ ਨੇੇ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰ ਦੀਜੇ ਕਾਣਿ ਨ ਕੀਜੈ ॥” ਪੰਨਾ 1412 ॥ ਜਦੋਂ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਤੋ ਸਿਰ ਮੰਗਿਆ ਉਸ ਦਾ ਵੀ ਇਹੀ ਭਾਵ ਸੀ । ਉਹਨਾਂ ਸਿਖ ਬਣਨ ਲਈ ਭਰਮ ਨਾਸ਼, ਕਰਮ ਨਾਸ਼, ਧਰਮ ਨਾਸ਼, ਜਨਮ ਨਾਸ਼ ਅਤੇ ਕਿਰਤ ਨਾਸ਼ ਕਰਨਾ ਜਰੂਰੀ ਸ਼ਰਤ ਵੀ ਰੱਖੀ । ਸਾਡੇ ਭਰਮ, ਕਰਮ, ਜਨਮ, ਕਿਰਤ ਅਤੇ ਧਰਮ ਦਾ ਜਮਾਂ ਜੋੜ ਸਾਡੀ ਮੈ ਦਾ ਬਹੁਤ ਵੱਡਾ ਹਿਸਾ ਹੈ । ਇਕ ਮਿਸਾਲ ਲੈ ਕੇ ਗਲ ਅਗੇ ਤੋਰਦੇ ਹਾਂ ।

ਸ ਜਗਤਾਰ ਸਿੰਘ ਜਾਚਕ ਨਾਲ ਚਰਚਾ ਕਰਦਿਆਂ ਕਬੀਰ ਸਾਹਿਬ ਦੇ ਹੇਠ ਦਿਤੇ ਸ਼ਬਦ ਦਾ ਜ਼ਿਕਰ ਹੋਇਆ ਸੀ ।

ਗੰਗ ਗੁਸਾਇਨ ਿਗਹਰਿ ਗੰਭੀਰ ॥ ਜੰਜੀਰ ਬਾਂਧ ਿਕਰ ਿਖਰੇ ਕਬੀਰ ॥ ੧ ॥ ਮਨੁ ਨ ਡਗਿੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰ ਿਮੇਰੀ ਟੁਟੀ ਜੰਜੀਰ ॥ ਮ੍ਰਗਿਛਾਲਾ ਪਰ ਬੈਠੇ ਕਬੀਰ ॥ ੨ ॥ ਕਹ ਿਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥ ੩ ॥ ੧੦ ॥ ੧੮ ॥ (ਪੰਨਾ 1162)

ਜਾਚਕ ਜੀ ਨੂੰ ਇਸ ਸ਼ਬਦ ਵਿਚ ਕਬੀਰ ਸਾਹਿਬ ਵਲੋ ਵਰਤਾਈ ਕਰਾਮਾਤ ਨਜ਼ਰ ਆੳਂਦੀ ਹੈ । ਅਸੀਂ ਵੀ ਸਾਰੇ ਬਚਪਨ ਤੋਂ ਇਹੀ ਪੜ੍ਹਦੇ ਸੁਣਦੇ ਆ ਰਹੇ ਹਾਂ । ਕਹਾਣੀ ਮੁਤਾਬਿਕ ਕਬੀਰ ਸਾਹਿਬ ਨੂੰ ਸਜ਼ਾ ਦੇ ਤੌਰ ਤੇ ਜੰਜ਼ੀਰਾਂ ਨਾਲ ਬੰਨ੍ਹ ਕੇ ਗੰਗਾ ਵਿਚ ਸੁਟ ਦਿਤਾ ਗਿਆ ਪਰ ਗੰਗਾ ਮਾਈ ਨੇ ਉਸ ਦੀਆਂ ਜੰਜ਼ੀਰਾਂ ਤੋੜ ਦਿਤੀਆਂ ਅਤੇ ਕਬੀਰ ਸਾਹਿਬ ਪਾਣੀ ਉਪਰ ਇੰਝ ਬੈਠ ਗਏ ਜਿਵੇੰ ਕਿਸੇ ਮਿ੍ਰਗਛਾਲਾ ਉਪਰ ਬੈਠੇ ਹੋਣ । ਅਗਰ ਇਸ ਸ਼ਬਦ ਦੇ ਅਰਥ ਇਸ ਕਹਾਣੀ ਮੁਤਾਬਿਕ ਹਨ ਤਾਂ ਗੁਰਮਤਿ ਦਾ ਇਹ ਸਿਧਾਂਤ ਕਿ ਰੱਬੀ ਨਿਯਮ ਅਟਲ ਹਨ ਗ਼ਲਤ ਸਾਬਤ ਹੋ ਜਾਂਦਾ ਹੈ । ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਪੂਰਾ ਗੁਰੂ ਗ੍ਰੰਥ ਸਾਹਿਬ ਇਕ ਸਿਧਾਂਤਿਕ ਇਕਸਾਰਤਾ ਨਾਲ ਪਰੋਇਆ ਹੋਇਆ ਹੈ । ਸੋ ਸਾਨੂੰ ਇਸ ਸ਼ਬਦ ਵਾਰੇ ਹੋਰ ਸੋਚਣਾ ਪੈਣਾ ਹੈ ਕਿੳਂਕਿ ਇਸ ਦੇ ਇਹ ਅਰਥ ਨਹੀ ਹੋ ਸਕਦੇ । ਸਾਨੂੰ ਆਪਣੇ ਦਿਮਾਗ ਦੀ ਸਲੇਟ ਤੋਂ ਪਹਿਲਾਂ ਉਕਰੇ ਅਰਥ ਸਾਫ਼ ਕਰਨੇ ਪੈਣਗੇ । ਹੁਣ ਕਲਪਨਾ ਕਰੋ ਕਿ ਇਸ ਸ਼ਬਦ ਨੂੰ ਕੋਈ ਉਹ ਸ਼ਖ਼ਸ਼ ਪੜ ਰਿਹਾ ਹੈ ਜਿਸ ਨੂੰ ਅਜਿਹੀ ਕਿਸੇ ਕਹਾਣੀ ਬਾਰੇ ਨਹੀਂ ਪਤਾ ਕਿ ਕਬੀਰ ਸਾਹਿਬ ਨੂੰ ਜੰਜੀਰਾਂ ‘ਚ ਜਕੜ ਕੇ ਗੰਗਾ ‘ਚ ਸੁਟਿਆ ਗਿਆ ਸੀ । ਉਹ ਇਸ ਸਬਦ ਨੂੰ ਸਿਰਫ ਗੁਰੁ ਗਰੰਥ ਸਾਹਿਬ ਦੀ ਮਦਤ ਨਾਲ ਸਮਝਣ ਦੀ ਕੋਸ਼ਿਸ਼ ਕਰੇਗਾ ।

ਅਸੀਂ ਸਭ ਜਾਣਦੇ ਹਾਂ ਕਿ ਸ਼ਬਦ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਨੂੰ ਸਮਝਣ ਦੀ ਲੋੜ ਹੈ । ਇਹ ਗੁਰੂ ਸਾਹਿਬ ਵਲੋਂ ਬਖ਼ਸ਼ੀ ਸੰਪਾਦਕੀ ਸੇਧ ਹੈ।ਇਸ ਪੰਕਤੀ ਵਿਚ ਕਬੀਰ ਸਾਹਿਬ ਆਖ ਰਹੇ ਨੇ ਕਿ ਜਦੋਂ ਮਨ ਰੱਬੀ ਰੰਗ ‘ਚ ਰੰਗੀਜ ਕੇ ਅਡੋਲ ਹੋ ਗਿਆ ਤਾਂ ਤਨ ਵੀ ਡਰ ਮੁਕਤ ਹੋ ਕੇ ਟਿਕਾਅ ਦੀ ਅਵਸਥਾ ‘ਚ ਆ ਜਾਂਦਾ ਹੈ । ਰਹਾਉ ਵਾਲੀ ਪੰਕਤੀ ਦੇ ਭਾਵ ਦੀ ਸੇਧ ‘ਚ ਤੁਰਦਿਆਂ ਕੁਝ ਗੁਹ ਨਾਲ ਦੇਖਿਆਂ ਇਸ ਸ਼ਬਦ ਨੂੰ ਸਮਝਣ ਲਈ ਇਸ ਦੇ ਤਿੰਨ ਹਿਸੇ ਕੀਤੇ ਜਾ ਸਕਦੇ ਨੇ ।

  1. ਕਬੀਰ ਸਾਹਿਬ ਆਪਣੀ ਮੋਜ਼ੂਦਾ ਹਾਲਤ ਬਿਆਨ ਕਰਦੇ ਨੇ । (ਪੰਕਤੀ 1)
  2. ਕਬੀਰ ਸਾਹਿਬ ਆਪਣੀ ਹਾਲਤ ਬਦਲਣ ਦਾ ਮੰਜਰ ਬਿਆਨ ਕਰਦੇ ਨੇ । (ਪੰਕਤੀ 2)
  3. ਕਬੀਰ ਸਾਹਿਬ ਸਿਟਾ ਕਢਦੇ ਨੇ । (ਪੰਕਤੀ 3)

ਪਹਿਲੀ ਪੰਕਤੀ ‘ਚ ਕਬੀਰ ਸਾਹਿਬ ਦਸਦੇ ਨੇ ਕਿ ਉਹ ਜੰਜੀਰ ‘ਚ ਜਕੜੇ ਹੋਏ ਗੰਗਾ ਸਾਹਮਣੇ ਖੜੇ ਨੇ । ਗੰਗਾ ਇਕ ਦਰਿਆ ਦਾ ਨਾਮ ਹੈ ਪਰ ਕਵੀ ਲੋਕ ਅਕਸਰ ਇਸ ਨੂੰ ਇਕ ਪ੍ਰਤੀਕ ਵਜੋਂ ਵੀ ਵਰਤਦੇ ਨੇ । ਆਮ ਬੋਲੀ ਵਿਚ ਵੀ ਇਸ ਨੂੰ ਅਕਸਰ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ ਜਿਵੇਂ “ਉਲਟੀ ਗੰਗਾ ਵਹਾਉਣੀ” ਜਾਂ “ਗੰਗਾ ਨਾਹੁਣਾ” ਆਦਿ।ਇਥੇ ਵੀ ਕਬੀਰ ਸਾਹਿਬ ਨੇ ਲਫ਼ਜ਼ ਗੰਗ ਇਕ ਪ੍ਰਤੀਕ ਵਜੋਂ ਵਰਤਿਆ ਹੈ ਅਤੇ ਸਾਡੀ ਸਹੂਲਤ ਲਈ ਇਸ ਨੂੰ ਦੋ ਵਿਸ਼ੇਸ਼ਣ ਦੇ ਦਿਤੇ ਨੇ ਤਾਂ ਜੋ ਅਸੀਂ ਅਰਥ ਕਰਦਿਆਂ ਟਪਲਾ ਨਾ ਖਾਈਏ । ਪਹਿਲਾ ਵਿਸ਼ੇਸ਼ਣ ਹੈ ਗੁਸਾਇਨ । ਇਹ ਗੁਸਾਈਂ ਦਾ ਇਸਤਰੀ ਲੰਿਗ ਹੈ । ਕਿੳਂਕਿ ਗੰਗਾ ਇਸਤਰੀ ਲੰਿਗ ਹੈ ਇਸ ਲਈ ਇਸਤਰੀ ਲੰਿਗ ਵਰਤਿਆ ਹੈ । ਗੁਸਾਈਂ ਦਾ ਮਤਲਬ ਧਰਤੀ ਦਾ ਮਾਲਕ ਜਾਂ ਕਰਤਾਰ ਹੈ।ਦੂਸਰਾ ਵਿਸ਼ੇਸ਼ਣ ਹੈ ਗਹਿਰ ਗੰਭੀਰ । ਸਬਦ ਜੁਟ ਗਹਿਰ ਗੰਭੀਰ ਗੁਰੁ ਗਰੰਥ ਸਾਹਿਬ ਵਿਚ ਕੋਈ 49 ਕੁ ਵਾਰ (ਗਿਣਤੀ ‘ਚ ਫਰਕ ਹੋ ਸਕਦਾ ਹੈ) ਇਸਤੇਮਾਲ ਹੋਇਆ ਹੈ ਅਤੇ ਹਮੇਸ਼ਾਂ ਅਕਾਲ ਪੁਰਖ ਦੀ ਅਸੀਮਤਾ ਬਿਆਨ ਕਰਨ ਲਈ ਵਰਤਿਆ ਗਿਆ ਹੇ । ਜਿਵੇਂ ਕਿ:

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਪੰਨਾ 9

ਸੋ ਪਹਿਲੀ ਪੰਕਤੀ ਦੇ ਪਹਿਲੇ ਹਿਸੈ ਵਿਚ ਕਬੀਰ ਸਾਹਿਬ ਲੋਕਾਂ ਦੀ ਬੋਲੀ ‘ਚ ਅਕਾਲ ਪੁਰਖ ਦੇ ਗੁਣਾਂ ਦੀ ਅਸੀਮਤਾ ਅਤੇ ਬੇਅੰਤਤਾ ਨੂੰ ਗੰਗ ਦੇ ਪ੍ਰਤੀਕ ਰਾਹੀਂ ਬਿਆਨ ਕਰਦੇ ਹਨ।ਯਾਦ ਰਹੇ ਗੰਗਾ ਜਲ ਨੂੰ ਗੁਰੁ ਗ੍ਰੰਥ ਸਾਹਿਬ ਵਿਚ ਰੱਬੀ ਗਿਆਨ ਲਈ ਵੀ ਵਰਤਿਆ ਗਿਆ ਹੈ । “ਅਜੈ ਗੰਗ ਜਲੁ ਅਟਲੂ ਸਿਖ ਸੰਗਤਿ ਸਭ ਨਾਵੈ ॥” ਪੰਨਾ 1409 । ਇਸ ਪੰਕਤੀ ਦੇ ਦੂਸਰੇ ਹਿਸੇ ਵਿਚ ਕਬੀਰ ਸਾਹਿਬ ਕਹਿ ਰਹੇ ਨੇ ਕਿ ਮੈ ਇਸ ਗੁਣਾਂ ਦੇ ਅਸੀਮ ਅਥਾਹ ਸੋਮੇ ਸਾਹਮਣੇ ਜੰਜੀਰ ‘ਚ ਜਕੜਿਆ ਖੜਾ ਹਾਂ ਭਾਵ ਮੈ ਹਾਲੇ ਗੁਣ ਧਾਰਣ ਨਹੀ ਕੀਤੇ । ਗੁਰੁ ਨਾਨਕ ਸਾਹਿਬ ਵੀ ਔਗਣਾ ਨੂੰ ਗਲੇ ਦੀ ਜੰਜੀਰ ਦਸਦੇ ਨੇ । “ਨਾਨਕ ਅੳਗੁਗਣ ਜੇਤੜੇ ਤੇਤੇ ਗਲੀ ਜੰਜੀਰ ॥” ਪੰਨਾ 595 । ਭਾਵ ਅਸੀਂ ਗੁਰੁ ਗਿਆਨ ਤੋਂ ਮੁਖ ਮੋੜੀ ਵਿਕਾਰਾਂ ‘ਚ ਫਸੇ ਮਨਮੁਖਤਾ ਕਰੀ ਜਾ ਰਹੇ
ਹਾਂ । ਪੈਰ ਪੈਰ ਤੇ ਡਰਦੇ ਹਾਂ ਡੋਲਦੇ ਹਾ ਬੇਬਸ ਮਹਿਸੂਸ ਕਰਦੇ ਹਾਂ । ਗੁਰ ਗਿਆਨ ਧਾਰ ਕੇ ਆਪਣੇ ਗਿਆਨ ਇੰਦਰਿਆਂ ਨੂੰ ਵਸ ਕਰਕੇ ਜ਼ਿੰਦਗੀ .ਚ ਸਹਜ ਨਹੀ ਹਾਸਲ ਕੀਤਾ । ਜਦ ਕਿ ਗੁਣਾ ਦਾ ਵਗਦਾ ਦਰਿਆ ਅਕਾਲ ਪੁਰਖ ਸਾਡੇ ਸਾਹਮਣੇ ਸਾਨੂੰ ਵਾਜਾਂ ਮਾਰਦਾ ਹੈ ।

ਸ਼ਬਦ ਦੀ ਦੂਜੀ ਪੰਕਤੀ ‘ਚ ਕਬੀਰ ਸਾਹਿਬ ਇਸ ਜੰਜੀਰ ਦੇ ਟੁਟਣ ਦਾ ਜਿਕਰ ਕਰਦੇ ਨੇ । ਜਦੋ ਜੰਜੀਰ ਟੁਟੀ ਤਾਂ ਕਬੀਰ ਸਾਹਿਬ ਮਿ੍ਰਗਛਾਲਾਂ ਪਰ ਬੈਠਣ ਦਾ ਜਿਕਰ ਕਰਦੇ ਨੇ । ਮਿ੍ਰਗਛਾਲਾਂ ਹਿਰਣ ਦੀ ਖ਼ਲ ਨੂੰ ਕਹਿੰਦੇ ਨੇ । ਜੋਗੀ ਲੋਕ ਇਸ ਦੀ ਵਰਤੋਂ ਆਸਣ ਵਜੋਂ ਕਰਦੇ ਨੇ ਤਾਂ ਜੋੰ ਮਿੱਟੀ ‘ਚ ਫਿਰਦੇ ਕੀੜੇ ਮਕੋੜੇ ਡੰਗ ਮਾਰ ਉਹਨਾ ਦੀ ਸਮਾਧੀ ਭੰਗ ਨ ਕਰਨ । ਭਾਵ ਜੰਜੀਰ ਟੁਟਦਿਆਂ ਸਾਰ ਕਬੀਰ ਸਾਹਿਬ ਦੀ ਲਿਵ ਅਕਾਲ ਪੁਰਖ ਦੇ ਗੁਣਾ ‘ਚ ਟਿਕ ਗਈ । ਕਬੀਰ ਸਾਹਿਬ ਇਕ ਜਗਾ੍ਹ ਹੋਰ ਵੀ ਜੋਗੀ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ: “ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੇ ਮਾਰਗਿ ਚਾਲੈ ॥” ਪੰਨਾ 477 । ਇਥੇ ਇਕ ਗਲ ਹੋਰ ਵੀ ਨੋਟ ਕਰਨ ਵਾਲੀ ਹੈ । ਮਿਰਗ ਨੂੰ ਗੁਰੁ ਗ੍ਰੰਥ ਸਾਹਿਬ ਵਿਚ ਗਿਆਨ ਇੰਦਰੀਆਂ ਅਤੇ ਕਾਮਾਦਿਕ ਵਿਕਾਰਾਂ ਦੇ ਪ੍ਰਤੀਕ ਵਜੋਂ ਵੀ ਵਰਤਿਆ ਗਿਆ ਹੈ ।

ਭੈਰਉ ਮਹਲਾ ੫ ॥ ਦਸ ਮਰਿਗੀ ਸਹਜੇ ਬੰਧ ਿਆਨੀ ॥ ਪਾਂਚ ਮਰਿਗ ਬੇਧੇ ਸਵਿ ਕੀ ਬਾਨੀ ॥ ੧ ॥ ਸੰਤਸੰਗ ਿਲੇ ਚੜਓਿ ਸਕਿਾਰ ॥ ਮ੍ਰਗਿ ਪਕਰੇ ਬਿਨੁ ਘੋਰ ਹਥੀਆਰ ॥ ੧ ॥ ਰਹਾਉ ॥ ਆਖੇਰ ਬਰਿਤ ਿਬਾਹਰ ਿਆਇਓ ਧਾਇ ॥ ਅਹੇਰਾ ਪਾਇਓ ਘਰ ਕੈ ਗਾਂਇ ॥ ੨ ॥ ਮ੍ਰਗਿ ਪਕਰੇ ਘਰ ਿਆਣੇ ਹਾਟਿ ॥ ਚੁਖ ਚੁਖ ਲੇ ਗਏ ਬਾਂਢੇ ਬਾਟਿ ॥ ੩ ॥ ਏਹੁ ਅਹੇਰਾ ਕੀਨੋ ਦਾਨੁ ॥ ਨਾਨਕ ਕੈ ਘਰ ਿਕੇਵਲ ਨਾਮੁ ॥ ੪ ॥ ੪ ॥ (ਪੰਨਾ 1136)

ਸੋ ਕਬੀਰ ਸਾਹਿਬ ਦਾ ਵਰਤਿਆ ਲਫ਼ਜ ਮਿ੍ਰਗਛਾਲਾ ਸਾਨੂੰ ਬਹੁਤ ਕੁਝ ਦਸਦਾ ਹੈ । ਗੁਰੂ ਗਿਆਨ ਦੀ ਮਦਤ ਨਾਲ ਦਸੇ ਗਿਆਨ ਇੰਦਰੇੇ ਅਤੇ ਪੰਜੇ ਵਿਕਾਰ ਰੂਪੀ ਮਿਰਗਾਂ ਨੂੰ ਮਾਰ ਮਿ੍ਰਗਛਾਲਾ ਦਾ ਆਸਣ ਬਣਾ ਲਿਆ । ਭਾਵ ਜਿਹੜੇ ਮਿਰਗਾਂ ਜਾਂ ਵਿਕਾਰਾਂ ਦੇ ਪਿਛੇ ਦੋੜਦੇ ਹਫਦੇ ਫਿਰਦੇ ਸਾਂ ਉਹਨਾਂ ਦੀ ਵਰਤੋਂ ਅਰਾਮਦਾਇਕ ਹੋ ਗਈ ਹੈ । ਇਹ ਜੰਜੀਰ ਟੁਟੀ ਕਿਵੇਂ? ਗੰਗਾ ਦੀ ਲਹਿਰ ਭਾਵ ਰੱਬੀ ਗਿਆਨ ਦੀ ਹਨੇਰੀ ਨੇ ਜੰਜੀਰ ਤੋੜ ਦਿਤੀ, ਔਗਣਾਂ ਨੂੰ ਜੜੋਂ ਉਖਾੜ ਦਿਤਾ ਤੇ ਗੁਣਾ ਦੀ ਬਰਸਾਤ ਕਰ ਦਿਤੀ । ਮਨ ਸ਼ਾਂਤ ਹੋ ਗਿਆ । ਜਿਹੜੇ ਵਿਕਾਰਾਂ ‘ਚ ਫਸ ਕੇ ਮਨ ਭੈ ਭੀਤ ਤੇ ਤਨ ਦੁਖੀ ਹੋਇਆ ਰਹਿੰਦਾ ਸੀ ਉਹ ਵਿਕਾਰ ਅਨੰਦ ਦਾ ਸਰੋਤ ਬਣ ਗਏ ।

ਸ਼ਬਦ ਦੀ ਤੀਸਰੀ ਪੰਕਤੀ ਵਿਚ ਕਬੀਰ ਸਾਹਿਬ ਸਿਟਾ ਕਢਦੇ ਕਿ ਇਸ ਕਾਰਜ ਵਿਚ ਅਕਾਲ ਪੁਰਖ ਤੋਂ ਸਿਵਾ ਹੋਰ ਕੋਈ ਸਹਾਈ ਨਹੀਂ ਹੁੰਦਾ । ਕਿੳਂਕਿ ਸੁਖ ਦੁਖ ਦਾ ਸਰੋਤ ਉਹ ਆਪ ਹੀ ਹੈ । ਔਗਣ ਵੀ ਉਹਦੇ ਦਿਤੇ ਮਿਲਦੇ ਨੇ ਅਤੇ ਜਾਂਦੇ ਵੀ ਉਸ ਦੀ ਮਿਹਰ ਨਾਲ । ਕੋਈ ਸੰਗੀ ਸਾਥੀ ਸਹਾਈ ਨਹੀਂ ਹੁੰਦਾ । ਸਾਰੇ ਸ਼ਬਦ ਦਾ ਭਾਵ ਰਹਾਉ ਵਾਲੀ ਪੰਕਤੀ ਅਨੁਸਾਰ ਇਹੀ ਬਣਦਾ ਹੈ ਕਿ ਜਦੋਂ ਗੁਰੁ ਗਿਆਨ ਦੇ ਆਸਰੇ ਅਸੀਂ ਵਿਕਾਰਾਂ ਜਾਂ ਔਗਣਾ ਦੀਆਂ ਜੰਜੀਰਾਂ ਤੋੜਦੇ ਹਾਂ ਤਾਂ ਸਾਡਾ ਮਨ ਰੱਬੀ ਰੰਗ ‘ਚ ਰੰਗਿਆ ਜਾਂਦਾ ਹੈ । ਜਿਹੜੇ ਵਿਕਾਰ ਸਾਂਨੂੰ ਦਿਨ ਰਾਤ ਆਪਣੇ ਸਹਿਮ ਦਾ ਸ਼ਿਕਾਰ ਬਣਾਈ ਰੱਖਦੇ ਸਨ ਉਹਨਾਂ ਵਿਕਾਰਾਂ ਸਾਡੇ ਅਧੀਨ ਹੋ ਜਾਂਦੇ ਨੇ । ਜਿਹੜਾ ਮਨ ਕਾਮ ਕਰੋਧ ਲੋਭ ਮੋਹ ਹੰਕਾਰ ‘ਚ ਗਲਤਾਨ ਹੋਇਆ ਪਲ ਪਲ ਡਰਦਾ ਸੀ, ਉਹ ਮਨ ਹੁਣ ਸ਼ਾਂਤ ਤੇ ਅਡੋਲ ਹੋ ਗਿਆ । ਜਦ ਮਨ ਅਡੋਲ ਹੋ ਗਿਆ ਤਾਂ ਤਨ ਨੂੰ ਵੀ ਸਕੂਨ ਆ ਗਿਆ ।


ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s