ਖੁਦਮੁਖਤਿਆਰੀ ਬਨਾਮ ਨਿਸਚੇਵਾਦ

(Free Will vs Determinism)

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਹੋਣੀ ਨਹੀਂ ਟੱਲਦੀ । ਪੰਜਾਬੀ ਆਮ ਗੱਲਬਾਤ ਵਿੱਚ ਵੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਭਾਈ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ ਹੈ । ਫਿਰ ਸਵਾਲ ਉਠਦਾ ਹੈ ਕਿ ਅਗਰ ਹੋਣੀ ਅਟੱਲ ਹੈ ਭਾਵ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਤਾਂ ਕੀ ਬੰਦੇ ਦੀ ਕੋਈ ਮਰਜ਼ੀ ਵੀ ਚਲਦੀ ਹੈ ? ਇਸ ਸਵਾਲ ਦਾ ਹੱਲ ਸਦੀਆਂ ਤੋਂ ਚਿੰਤਕ ਅਤੇ ਦਾਰਸ਼ਨਿਕ ਲੋਕ ਲੱਭ ਰਹੇ ਹਨ ਅਤੇ ਸਦੀਆ ਤੋਂ ਹੀ ਇਸ ਮੁੱਦੇ ਤੇ ਨਿਰੰਤਰ ਬਹਿਸ ਹੋ ਰਹੀ ਹੈ । ਇਸ ਮੁੱਦੇ ਨੂੰ ਫਿਲਾਸਫੀ ਦੇ ਵਿਸ਼ੇ ਅੰਦਰ ਹਰ ਯੁਨੀਵਰਸਟੀ ਵਿੱਚ ਪੜ੍ਹਾਇਆ ਵੀ ਜਾਂਦਾ ਹੈ । ਗੂਗਲ ਤੇ ਇਸ ਵਿਸ਼ੇ (determinism vs free will) ਤੇ ਖ਼ੋਜ਼ ਕਰਨ ਤੇ ਲੱਖਾਂ ਦੀ ਗਿਣਤੀ ਵਿੱਚ ਲੇਖ ਅਤੇ ਵੀਡਿਓ ਮਿਲ ਜਾਂਦੇ ਹਨ।ਅਮਰੀਕਾ ਵਿੱਚ ਇੱਕ ਜੋ੍ਹਨ ਟੈਂਪਲਟਨ (John Templeton Foundation) ਨਾ ਦੀ ਸੰਸਥਾ ਹੈ ਜਿਸ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਚੋਖਾ ਪੈਸਾ ਖਰਚ ਕੇ ਫਿਲਾਸਫਰ ਐਲਫਰਡ ਮੀਲੀ (Alfred Mele) ਦੀ ਨਿਗਰਾਨੀ ਹੇਠ 60 ਉੱਘੇ ਵਿਦਵਾਨਾਂ (ਜਿਨ੍ਹਾਂ ਵਿੱਚ ਭੌਤਿਕ ਵਿਗਿਆਨੀ, ਫਿਲਾਸਫਰ ਅਤੇ ਮਨੋਵਿਗਿਆਨੀ ਸ਼ਾਮਲ ਸਨ) ਨੂੰ ਚਾਰ ਸਾਲ ਦਾ ਸਮਾ ਦਿੱਤਾ।ਇਹਨਾਂ ਕਈ ਤਜ਼ਰਬਾਤ ਕੀਤੇ, ਕਈ ਵਾਰ ਇਕੱਠੇ ਹੋ ਕੇ ਵਿਚਾਰ ਵਿਟਾਂਦਰਾ ਕੀਤਾ, ਪਰ ਫਿਰ ਵੀ ਕਿਸੇ ਬੰਨੇ ਕੰਢੇ ਨਹੀਂ ਲਗ ਸਕੇ ।1

ਇਸ ਲੇਖ ਵਿੱਚ ਇਸ ਸਵਾਲ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ ਹੈ ।

ਸਵਾਲ ਕੀ ਹੈ

ਸਦੀਆਂ ਤੋਂ ਮਨੁੱਖ ਇਹ ਸਮਝਣ ਦਾ ਯਤਨ ਕਰ ਰਿਹਾ ਏ ਕਿ ਉਸਦੇ ਹਰ ਕਾਰਜ ਦਾ ਕਾਰਣ ਕਿਸ ਦੇ ਵੱਸ ਹੈ । ਕੀ ਜੋ ਉਹ ਕਰਦਾ ਹੈ ਉਸ ਵਿੱਚ ਉਹ ਖੁਦਮਖਤਿਆਰ ਹੈ ਜਾਂ ਸਭ ਕੁਝ ੳਸ ਦੇ ਵੱਸ ਤੋਂ ਬਾਹਰ ਕੋਈ ਹੋਰ ਤਾਕਤ ਕਰ ਜਾਂ ਕਰਵਾ ਰਹੀ ਹੈ । ਜੇ ਸਵੇਰੇ ਉੱਠਕੇ ਉਸਦਾ ਪਰੌਂਠੇ ਖਾਣ ਨੂੰ ਜੀਅ ਕਰਦਾ ਹੈ ਤਾਂ ਕੀ ਇਹ ਉਸਦੀ ਮਰਜ਼ੀ ਹੈ ਜਾਂ ਕੋਈ ਹੋਰ ਤਾਕਤ ਉਸਦੇ ਮਨ ਵਿੱਚ ਇਹ ਇੱਛਾ ਜਗਾ ਰਹੀ ਹੈ । ਜਾਂ ਅਗਰ ਸਵੇਰੇ ੳੱੁਠਦਿਆਂ ਸਾਰ ਹੀ ਕੋਈ ਆਪਣੇ ਗੁਆਂਡੀ ਨਾਲ ਪੰਙਾ ਲੈਂਦਾ ਹੈ ਤਾਂ ਕੀ ਇਹ ਸਚੁਮੱਚ ਉਸਦੇ ਵੱਸ ਹੈ।ਕੀ ਜੋ ਵੀ ਅਸੀਂ ਪਹਿਨਦੇ ਹਾਂ ਉਹ ਸਾਡੀ ਮਰਜ਼ੀ ਹੈ ਜਾਂ ਕੁਝ ਹੋਰ । ਕੁੜੀ ਮੁੰਡੇ ਦੇ ਇੱਕ ਦੁਜੇ ਨੂੰ ਪਸੰਦ ਕਰਨ ਵਿੱਚ ਉਹਨਾਂ ਦੀ ਕਿੰਨੀ ਕੁ ਮਰਜ਼ੀ ਹੈ ਅਤੇ ਕਿੰਨਾ ਕੁ ਅਗਾਊਂ ਹੀ ਨਿਰਧਾਰਿਤ ਹੁੰਦਾ ਹੈ । ਸਵੇਰੇ ਕੋਈ ਜਲਦੀ ਉੱਠ ਕੇ ਖੁਸ਼ ਹੈ ਅਤੇ ਕਿਸੇ ਨੂੰ ਸਵੇਰੇ ਜਲਦੀ ਉੱਠਣ ਲਈ ਕਹਿਣ ਤੇ ਪਿੱਸੂ ਪੈ ਜਾਂਦੇ ਹਨ।ਕੀ ਇਹ ਬੰਦੇ ਦੇ ਬਸ ਵਿੱਚ ਹੈ ਜਾ
ਨਹੀਂ । ਜ਼ਿੰਦਗੀ ਦੀਆਂ ਇਹਨਾਂ ਆਮ ਗੱਲਾਂ ਅਤੇ ਜਿੰਦਗੀ ਦੀਆਂ ਹੋਰ ਅਹਿਮ ਗੱਲਾਂ ਵਿੱਚ ਬੰਦੇ ਨੂੰ ਆਪਣੀ ਮਰਜ਼ੀ ਕਰਨ ਦੀ ਕਿੰਨੀ ਕੁ ਖੁੱਲ ਹੈ । ਇਸ ਸਵਾਲ ਦਾ ਜਵਾਬ ਲੱਭਣ ਲਈ ਚਿੰਤਕ ਸਦੀਆਂ ਤੋਂ ਯਤਨਸ਼ੀਲ ਨੇ । ਵਿਗਿਆਨ, ਖਾਸ ਕਰਕੇ ਭੋਤਿਕ ਵਿਗਿਆਨ ਅਤੇ ਮਨੋਵਿਗਿਆਨ, ਵੀ ਹੁਣ ਇਸ ਬਹਿਸ ਵਿੱਚ ਕੁੱਦ ਆਪਣਾ ਯੋਗਦਾਨ ਪਾ ਰਿਹਾ ਹੈ ।

ਇਸ ਸਵਾਲ ਦਾ ਹਲ ਲੱਭਦੇ ਹੋਏ ਚਿੰਤਕ ਲੋਕ ਆਪਸ ਵਿੱਚ ਵੰਡੇ ਪਏ ਨੇ । ਇੱਕ ਸੋਚ ਇਹ ਹੈ ਕਿ ਸਾਡੀ ਹਰ ਗੱਲ ਹਰ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਹੋਏ ਹੁੰਦੇ ਹਨ । ਕੋਈ ਉਸ ਨੂੰ ਇੱਧਰ ਤੋਂ ਉਧਰ ਜਾਂ ਉਲਟ ਪੁਲਟ ਨਹੀਂ ਕਰ ਸਕਦਾ । ਖੁਦਮੁਖਤਿਆਰੀ (Free Will ਮਹਿਜ਼ ਇੱਕ ਭਰਮ ਹੈ । ਇਸ ਸੋਚ ਨੂੰ ਚਿੰਤਕ ਲੋਕ ਸਖਤ ਨਿਰਧਾਰਤਵਾਦ (Hard Determinism) ਕਹਿੰਦੇ ਨੇ । ਮਿਸਾਲ ਦੇ ਤੌਰ ਤੇ ਡੱਚ ਫਿਲਸਾਪਰ ਸਪੀਨੋਜ਼ਾ (Spinoza) ਦਾ ਕਹਿਣਾ ਹੈ ਕਿ ਪੂਰਣ ਖੁਦਮੁਖਿਤਿਆਰੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਹਰ ਇੱਛਾ ਦਾ ਕਾਰਨ ਪਹਿਲਾਂ ਤੋਂ ਹੀ ਨਿਰਧਾਰਤ ਹੈ ।2  ਇਸੇ ਤਰ੍ਹਾਂ ਜ਼ਰਮਨੀ ਦੇ ਫਿਲਸਾਫਰ ਆਰਥਰ ਸ਼ੌਪਨਹਾਵਰ (Arthur Schopenhauer) ਦਾ ਕਹਿਣਾ ਹੈ ਕਿ ਬੰਦੇ ਦਾ ਜੋ ਜੀਅ ਚਾਹੇ ਕਰ ਸਕਦਾ ਪਰ ਉਹਦਾ ਜੀਅ ਕੀ ਚਾਹੁੰਦਾ ਹੈ ਇਹ ਉਹਦੇ ਵਸ ਨਹੀ ਹੈ ।3 ਸਖਤ ਨਿਰਧਾਰਤਵਾਦ ਨੂੰ ਦਰਸਾਉਂਦੀਆਂ ਕਈ ਇੱਕ ਕਥਾ ਕਹਾਣੀਆਂ ਵੀ ਪ੍ਰਚੱਲਤ ਹਨ । ਯੁਨਾਨ ਦੇ ਸ਼ਹਿਰ ਥੀਬਜ਼ ਦੇ ਰਾਜੇ ਇਡੀਪਸ ਦੀ ਕਹਾਣੀ ਅਕਸਰ ਸੁਣਾਈ ਜਾਂਦੀ ਹੈ । ਇਡੀਪਸ ਨੂੰ ਡੈਲਫੀ ਦੇਵੀ ਦੀ ਭਵਿਖਬਾਣੀ ਤੋਂ ਪਤਾ ਲਗਾ ਕਿ ਉਹ ਆਪਣੇ ਪਿਉ ਦਾ ਕਤਲ ਕਰ ਆਪਣੀ ਮਾਂ ਨਾਲ ਸ਼ਾਦੀ ਕਰੇਗਾ । ਇਹ ਸੁਣ ਕੇ ਉਹ ਬੇਹੱਦ ਪਰੇਸ਼ਾਨ ਹੋਇਆ ਅਤੇ ਇਸ ਭਵਿਖਬਾਣੀ ਤੋਂ ਬਚਣ ਲਈ ਆਪਣੇ ਮਾਂ ਬਾਪ ਦਾ ਸ਼ਹਿਰ ਹੀ ਛੱਡ ਕੇ ਭੱਜ ਗਿਆ । ਰਸਤੇ ਵਿੱਚ ਉਸ ਨੂੰ ਇੱਕ ਰੱਥ ਤੇ ਜਾਂਦੇ ਪਤੀ ਪਤਨੀ ਮਿਲੇ । ਕਿਸੇ ਵਜ੍ਹਾ ਕਾਰਨ ਉਸ ਦੀ ਪਤੀ ਨਾਲ ਤਕਰਾਰ ਹੋ ਗਈ ਅਤੇ ਲੜਾਈ ਵਿੱਚ ਉਸ ਦੇ ਹੱਥੋਂ ਪਤੀ ਦੀ ਮੌਤ ਹੋ ਗਈ । ਵਿਰਲਾਪ ਕਰਦੀ ਪਤਨੀ ਨੂੰ ਦਿਲਾਸਾ ਦਿੰਦੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ । ਬਾਅਦ ਵਿੱਚ ਪਤਾ ਚਲਿਆ ਕਿ ਉਹ ਹੀ ਅਸਲ ਵਿੱਚ ਉਸਦੀ ਅਸਲੀ ਮਾਂ ਸੀ ਅਤੇ ਜਿਸਦਾ ਉਸ ਨੇ ਕਤਲ ਕੀਤਾ ਉਹ ਉਸ ਦਾ ਅਸਲੀ ਪਿਤਾ ਸੀ । ਹੋਇਆ ਇਸ ਤਰ੍ਹਾਂ ਕਿ ਉਸ ਦੇ ਜਨਮ ਮੌਕੇ ਹੀ ਉਸ ਦੇ ਪਿਤਾ ਨੇ ਉਸ ਨੂੰ ਆਪਣੇ ਦੇਸ਼ ਦੀ ਹੱਦ ਤੋਂ ਬਾਹਰ ਉਜਾੜ ਬੀਆਵਾਨ ਵਿੱਚ ਸੁੱਟ ਦਿੱਤਾ ਤਾਂ ਜੋ ਉਹ ਮਰ ਜਾਏ ਕਿਉਂਕਿ ਉਸ ਨੁੰ ਵੀ ਦੇਵੀ ਨੇ ਕਿਹਾ ਸੀ ਕਿ ਉਸ ਦਾ ਪੁੱਤਰ ਉਸ ਦਾ ਕਾਤਲ ਹੋਵੇਗਾ । ਪਰ ਹੋਣੀ ਦੀ ਕਰਣੀ ਇਸ ਤਰ੍ਹਾਂ ਹੋਈ ਕਿ ਉਸ ਨੂੰ ਕਿਸੇ ਦੂਸਰੇ ਰਾਜ ਦੇ ਰਾਜੇ ਨੇ ਚੁੱਕ ਕੇ ਪਾਲ ਲਿਆ । ਸਾਰੀ ਕਥਾ ਦਾ ਸਾਰ ਇਹ ਨਿਕਲਦਾ ਹੈ ਕਿ ਸਾਡੀ ਲੱਖ ਕੋਸ਼ਿਸ਼ ਦੇ ਬਾਵਜ਼ੂਦ ਵੀ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ ਹੈ । ਇਹ ਕਹਾਣੀ ਕੁਝ ਕੁਝ ਕ੍ਰਿਸ਼ਨ ਅਤੇ ਕੰਸ ਦੀ ਕਹਾਣੀ ਨਾਲ ਵੀ ਮਿਲਦੀ ਹੈ । ਇੰਗਲੈਂਡ ਦੇ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਆਪਣੇ ਨਾਟਕ ਹੈਮਲਿਟ ਵਿੱਚ ਲਿਖਦਾ ਹੈ ਕਿ ਅਸੀਂ ਜਿੰਨਾ ਮਰਜ਼ੀ ਟਿੱਲ ਲਾ ਲਈਏ, ਸਾਡੀ ਹੋਣੀ ਨੂੰ ਦੈਵੀ ਸ਼ਕਤੀ ਹੀ ਘੜਦੀ ਹੈ । “There’s a divinity that shapes our ends, rough-hew them how we will.” (Act 5, Scene 2)

ਦੂਜੀ ਸੋਚ ਇਹ ਹੈ ਕਿ ਬੰਦਾ ਆਪਣੇ ਹਰ ਕੰਮ ਕਰਨ ਲਈ ਅਜਾਦ ਅਤੇ ਆਪ ਹੀ ਜੁੰਮੇਵਾਰ ਹੈ । ਇਸ ਸੋਚ ਨੂੰ ਖੁਦਮੁਖਤਿਆਰਵਾਦ ਜਾਂ libertarianism ਦਾ ਨਾਂ ਦਿੱਤਾ ਜਾਂਦਾ ਹੈ । ਇਸ ਸੋਚ ਅਨੁਸਾਰ ਬੰਦਾ ਆਪਣੀ ਹੋਣੀ ਆਪ ਸਿਰਜਦਾ ਹੈ । ਆਪਣੀ ਮਰਜ਼ੀ ਦਾ ਮਾਲਕ ਹੈ । ਫਰਾਂਸ ਦਾ ਫਿਲਸਾਪਰ ਡੀਕਾਰਟ (Descartes) ਕਹਿੰਦਾ ਹੈ ਕਿ ਇਰਾਦੇ ਦੀ ਖਾਸੀਅਤ ਅਜਾਦੀ ਹੈ ਜਿਸ ਨੂੰ ਜਕੜਿਆ ਨਹੀਂ ਜਾ ਸਕਦਾ ।4 ਇਸੇ ਤਰ੍ਹਾਂ ਸਾਰਤਰ (Sartre) ਦਾ ਵੀ ਮੰਨਣਾ ਹੈ ਕਿ ਮੇਰੀ ਅਜ਼ਾਦੀ ਦੀ ਹੱਦ ਸਿਰਫ ਅਜ਼ਾਦੀ ਹੈ ।5 ਕਿਉਂਕਿ ਇਸ ਸੋਚ ਅਨੁਸਾਰ ਬੰਦਾ ਖੁਦਮੁਖਤਿਆਰ ਹੈ ਇਸ ਲਈ ਕਿਸੇ ਵੀ ਕਾਰਜ ਦੇ ਕਾਰਨ ਹੋਣ ਦੀ ਸੰਭਾਵਨਾ ਮੁੱਕ ਜਾਂਦੀ ਹੈ । ਅਗਰ ਕੋਈ ਇਨਸਾਨ ਕੋਈ ਕਿਰਿਆ ਕਰਦਾ ਹੈ ਇਹ ਉਸ ਦੀ ਮਰਜ਼ੀ ਸੀ ਅਤੇ ਉਹ ਇਸ ਦੇ ਉਲਟ ਵੀ ਕਰ ਸਕਦਾ ਸੀ । ਅਗਰ ਉਹ ਖੱਬੇ ਨੂੰ ਜਾ ਰਿਹਾ ਹੈ ਉਹ ਸੱਜੇ ਵੀ ਜਾ ਸਕਦਾ ਸੀ ਜਾਂ ਕਿਤੇ ਵੀ ਨ ਜਾਣ ਦਾ ਫੈਸਲਾ ਵੀ ਕਰ ਸਕਦਾ ਸੀ । ਇਸ ਸੋਚ ਦੇ ਧਾਰਨੀ ਇਹ ਵੀ ਆਖਦੇ ਨੇ ਕਿ ਅਗਰ ਬੰਦਾ (ਸਖਤ ਨਿਰਧਾਰਤਵਾਦ ਅਨੁਸਾਰ) ਆਪਣੇ ਕੀਤੇ ਲਈ ਜੁੰਮੇਵਾਰ ਹੀ ਨਹੀ ਤਾਂ ਉਸ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ ਜਾ ਸਕਦਾ । ਇਸ ਲਈ ਸਮਾਜ ਵਿੱਚ ਖੁਦਮੁਖਤਿਆਰੀ ਦਾ ਹੋਣਾ ਲਾਜ਼ਮੀ ਹੈ ਨਹੀਂ ਤਾਂ ਅਰਾਜਕਤਾ ਫੈਲ਼ ਜਾਏਗੀ । ਇਸ ਤਰ੍ਹਾ ਇੱਥੇ ਖੁਦਮੁਖਤਿਆਰੀ ਨਾਲ ਨੈਤਿਕ ਜੁੰਮੇਵਾਰੀ ਦਾ ਗੂੜ੍ਹਾ ਰਿਸ਼ਤਾ ਦੱਸਿਆ ਜਾਂਦਾ ਹੈ । ਖੁਦਮੁਖਤਿਆਰੀ ਨੂੰ ਬੰਦੇ ਦੇ ਸਵੈ ਮਾਣ ਲਈ ਵੀ ਜਰੂਰੀ ਸਮਝਿਆ ਜਾਂਦਾ ਹੈ । ਇਸ ਨੂੰ ਤੁਸੀਂ ਹਉਮੇ ਵੀ ਆਖ ਸਕਦੇ ਹੋ । ਦਰਅਸਲ ਜਦੋਂ ਤਕ ਬੰਦਾ ਆਪਣੇ ਆਪ ਨੂੰ ਖੁਦ ਮੁਖਤਿਆਰ ਨ ਸਮਝੇ ਉਦੋਂ ਤਕ ਉਹ ਆਪਣੇ ਆਪ ਨੂੰ ਇਨਸਾਨ ਹੀ ਨਹੀਂ ਸਮਝਦਾ ਬਲਕਿ ਇੱਕ ਵੱਡ ਅਕਾਰੀ ਮਸ਼ੀਨ ਦਾ ਪੁਰਜਾ ਬਣ ਕੇ ਰਹਿ ਜਾਂਦਾ ਹੈ । ਇਸ ਸੋਚ ਦੀਆਂ ਤੰਦਾ ਸਿਆਸਤ ਅਤੇ ਅਰਥ ਸ਼ਾਸਤਰ ਦੇ ਕਈ ਸਿਧਾਂਤਾਂ ਨਾਲ ਵੀ ਜੁੜਦੀਆਂ ਹਨ ।

ਉਪਰ ਦਿੱਤੀਆਂ ਦੋਨੋਂ ਸੋਚਾਂ ਇੱਕ ਦੁਜੇ ਤੋਂ ਉਲਟ ਹਨ । ਇੱਕ ਹੋਰ ਸੋਚ ਇਹਨਾਂ ਦੋਨਾਂ ਸੋਚਾਂ ਦਾ ਸੁਮੇਲ ਹੈ । ਇਸ ਨੂੰ ਨਰਮ ਨਿਰਧਾਰਤਵਾਦ (Soft Determinism) ਜਾ ਸੁਸੰਗਤਵਾਦ (Compatibilitism) ਕਿਹਾ ਜਾਂਦਾ ਹੈ । ਇਸ ਸੋਚ ਅਨੁਸਾਰ ਖੁਦਮੁਖਤਿਆਰੀ ਅਤੇ ਨਿਰਧਾਰਤਵਾਦ ਆਪਸ ਵਿੱਚ ਕਾਟ ਨਹੀ ਕਰਦੇ ਬਲਕਿ ਮਿਲ ਕੇ ਵੀ ਚਲਦੇ ਹਨ ਜਾਂ ਚਲ ਸਕਦੇ ਨੇ । ਇਸ ਸੋਚ ਦੇ ਧਾਰਨੀ ਕਹਿੰਦੇ ਹਨ ਬੇਸ਼ੱਕ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਕਾਰਣ ਕਰਕੇ ਘਟਦਾ ਹੈ ਪਰ ਕੁਝ ਕਾਰਜ ਆਪਣੇ ਆਪ ਵਿੱਚ ਵੱਖਰੇ ਹੁੰਦੇ ਹਨ । ਮਸਲਨ ਜਦੋਂ ਕਰਤਾ ਆਪਣੇ ਕਾਰਜ ਦਾ ਆਪ ਸਬੱਬ ਬਣਦਾ ਹੈ ਤਾਂ ਉਹ ਕਾਰਜ ਦੇ ਸਿੱਟੇ ਲਈ ਆਪ ਹੀ ਜੁੰਮੇਵਾਰ ਹੈ ਅਤੇ ਇਸ ਲਈ ਉਸ ਦੀ ਕਾਰਜ ਲਈ ਅਜਾਦੀ ਜਾਂ ਖੁਦਮੁਖਤਿਆਰੀ ਵੀ
ਹੈ । ਖੂਹ ਵਿੱਚ ਛਾਲ ਮਾਰਣ ਅਤੇ ਖੂਹ ਵਿੱਚ ਧੱਕਾ ਦੇਣ ਦਾ ਨਤੀਜ਼ਾ ਤਾਂ ਇੱਕੋ ਹੀ ਹੁੰਦਾ ਹੈ ਪਰ ਦੋਨਾਂ ਵਿੱਚ ਫਰਕ ਵੀ ਹੈ । ਕਿਉਂਕਿ ਇੱਕ ਕਾਰਜ ਦਾ ਕਾਰਣ ਜਾਂ ਸਬੱਬ ਉਸਦੇ ਅੰਦਰੋਂ ਪੈਦਾ ਹੋਇਆ ਹੈ ਅਤੇ ਦੂਜੇ ਦਾ ਬਾਹਰੋਂ । ਇਸ ਲਈ ਇਸ ਦੇ ਹਰ ਚੰਗੇ ਮੰਦੇ ਨਤੀਜ਼ੇ ਲਈ ਉਸਦੀ ਨੈਤਿਕ ਜੁੰਮੇਵਾਰੀ ਵੀ ਬਣਦੀ ਹੈ । ਇਸ ਸੋਚ ਦੇ ਧਾਰਨੀ ਇਹ ਮੰਨਦੇ ਹਨ ਕਿ ਬੇਸ਼ਕ ਹਰ ਕਾਰਜ਼ ਨਿਰਧਾਰਤ ਹੈ ਪਰ ਇਹ ਪ੍ਰਾਲਬਧ ਨਹੀਂ ਹੈ । ਐਲਫਰਡ ਮੀਲੀ (Alfred Mele) ਦਾ ਕਹਿਣਾ ਹੈ ਕਿ ਖੁਦਮੁਖਿਤਿਆਰੀ ਨੂੰ ਪਟਰੌਲ ਪੰਪ ਤੇ ਮਿਲਦੀ ਗੈਸ ਦੀ ਤਰ੍ਹਾਂ ਤਿੰਨ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ
ਹੈ । ਰੈਗੂਲਰ ਗੈਸ ਨੂੰ ਉਹ ਅਜਿਹੀ ਖੁਦਮੁਖਿਤਿਆਰੀ ਕਹਿੰਦਾ ਹੈ ਜਿਸ ਵਿੱਚ ਬੰਦੇ ਤੇ ਕਿਸੇ ਕਿਸਮ ਦਾ ਜੋਰ ਜ਼ਬਰ ਜਾਂ ਦਬਾਅ ਨਹੀ ਅਤੇ ਉਹ ਸਿਆਣੇ ਸਮਝਦਾਰ ਫੈਸਲੇ ਲੈਣ ਲਈ ਅਜ਼ਾਦ ਹੈ । ਮਿਡ ਗ੍ਰੇਡ ਖੁਦਮੁਖਿਤਿਆਰੀ ਵਿੱਚ ਬੰਦੇ ਕੋਲ ਆਪਣੇ ਫੇਸਲੇ ਉਲਟਾਉਣ ਦੀ ਅਜ਼ਾਦੀ ਵੀ ਹੈ । ਪ੍ਰੀਮੀਅਰ ਗੈਸ ਵਾਲੀ ਖੁਦਮੁਖਿਤਿਆਰੀ ਵਿੱਚ ਪਰਾਭੌਤਿਕ ਮਨ ਜਾਂ ਰੂਹ ਵੀ ਸ਼ਾਮਲ ਹੋ ਜਾਂਦੇ ਨੇ । ਕਰਿਸ ਫੀਲਡ ਦਾ ਮੰਨਣਾ ਹੈ ਕਿ ਖੁਦਮੁਖਤਿਆਰੀ ਦੋ ਤਰ੍ਹਾਂ ਦੀ ਹੈ । ਨੈਗਟਿਵ ਅਤੇ ਪੌਜ਼ਿਟਿਵ । ਪਹਿਲੇ ਵਿੱਚ ਕਿਸੇ ਵੀ ਬਾਹਰੀ ਤਾਕਤ ਤੋਂ ਸੰਪੂਰਣ ਅਜ਼ਾਦੀ ਅਤੇ ਦੂਜੀ ਵਿੱਚ ਆਪ ਨੂੰ ਸੰਪੂਰਣ ਅਜਾਦੀ ਹੋਣ ਦਾ ਜ਼ਿਕਰ ਕਰਦਾ ਹੈ । ਉਸ ਦਾ ਇਹ ਮੰਨਣਾ ਹੈ ਕਿ ਨੈਗੇਟਿਵ ਖੁਦਮੁਖਤਿਆਰੀ ਦੀ ਕੁਐਂਟਮ ਸਿਧਾਂਤ ਪ੍ਰੋੜਤਾ ਕਰਦਾ ਹੈ ।6 ਉਹ ਇਹ ਗਲ ਕੁਐਂਟਵ ਥਿੳਰੀ ਅਤੇ ਫਰੀ ਵਿਲ ਵੀਡੀਓ (Quantum Theory and Free Will) ਵਿੱਚ ਆਖਦਾ ਹੈ । ਇਸ ਲਈ ਉਹ ਕੋਨਵੇ ਕੋਕਨ ਸਿਧਾਂਤ (Conway Kochen Theory) ਦਾ ਜ਼ਿਕਰ ਕਰਦਾ ਹੈ ਪਰ ਉਹ ਉਸ ਸਿਧਾਂਤ ਵਿੱਚ ਸਾਫ ਕਹਿੰਦੇ ਨੇ ਕਿ ਉਹਨਾ ਦਾ ਤਜ਼ਰਬਾ ਇਨਸਾਨ ਦੀ ਖੁਦਮੁਖਤਿਆਰੀ ਸਾਬਤ ਕਰਨ ਲਈ ਨਹੀ ਹੈ ।

ਧਰਮ ਅਤੇ ਸਵਾਲ

ਇਸ ਸਵਾਲ ਦਾ ਧਰਮ7 ਨਾਲ ਵੀ ਬੜਾ ਗਹਿਰਾ ਸਬੰਧ ਹੈ । ਅਸਲ ਵਿੱਚ ਧਰਮ ਦਾ ਪ੍ਰਚਲਤ ਫਲਸਫਾ ਖੁਦਮੁਖਿਤਿਆਰੀ ਦੀ ਨੀਂਹ ਤੇ ਹੀ ਖੜਾ
ਹੈ । ਅਗਰ ਆਦਮ ਅਤੇ ਹਵਾ ਆਪਣੀ ਮਰਜ਼ੀ ਨਾਲ ਸੇਬ ਨਾ ਖਾਂਦੇ ਤਾਂ ਸਾਮੀ ਧਰਮ ਹੋਂਦ ਵਿੱਚ ਕਿਵੇਂ ਆਉਂਦੇ । ਅਗਰ ਬੰਦਾ ਆਪਣੀ ਮਰਜ਼ੀ ਨਾਲ ਪਾਪ ਨਹੀਂ ਕਰਦਾ ਤਾਂ ਫਿਰ ਉਹ ਪਾਪ ਲਈ ਜੁੰਮੇਵਾਰ ਵੀ ਨਹੀ ਹੋ ਸਕਦਾ । ਇਸ ਤਰ੍ਹਾਂ ਤਾਂ ਹਿੰਦੂ ਧਰਮ ਦਾ ਸਾਰਾ ਕਰਮ ਸਿਧਾਂਤ ਹੀ ਢਹਿ ਢੇਰੀ ਹੋ ਜਾਂਦਾ ਹੈ । ਪਿਛਲੇ ਜਨਮ ਦੇ ਕਰਮ ਕਿਸਮਤ ਬਣ ਜਾਂਦੇ ਨੇ ਇਸ ਜਨਮ ਦੇ ਕਰਮ ਪ੍ਰਾਣੀ ਦੀ ਮਰਜ਼ੀ ਹੈ । ਭਾਵ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਨਿਰਧਾਰਿਤ ਹੈ, ਇਸ ਜਨਮ ਵਿੱਚ ਕਰਮਾਂ ਦੀ ਬੰਦੇ ਨੂੰ ਖੁਦਮੁਖਤਿਆਰੀ ਹੈ । ਇਸਲਾਮ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਖੁਦਾ ਬੰਦੇ ਨੂੰ ਉਸ ਦੇੇ ਅਮਲਾਂ ਦੀ ਖੁੱਲੀ ਛੁੱਟੀ ਦਿੰਦਾ ਹੈ ਪਰ ਇਹਨਾਂ ਅਮਲਾਂ ਤੇ ਖੁਦਾ ਦਾ ਜਬਰ ਫੈਸਲਾ ਕਰ ਸੁਰਗ ਨਰਕ ਬਖਸ਼ਦਾ ਹੈ । ਇਹ ਵੀ ਗਲ਼ ਆਮ ਦੇਖਣ ਵਿੱਚ ਆਉਂਦੀ ਹੈ ਕਿ ਸਾਰੇ ਧਰਮ ਥੋੜ੍ਹੇ ਬਹੁਤ ਫਰਕ ਨਾਲ ਆਤਮਾ ਜਾਂ ਰੂਹ ਦੇ ਸੰਕਲਪ ਨੂੰ ਮੰਨਦੇ ਹਨ । ਕਿਉਂਕਿ ਰੂਹ ਇੱਕ ਪਰਾਭੋਤਿਕ ਚੀਜ ਹੈ ਇਸ ਲਈ ਉਸ ਉੱਤੇ ਭੋਤਿਕ ਦੁਨੀਆਂ ਦੇ ਕਨੂੰਨ ਕਾਇਦੇ ਲਾਗੂ ਨਹੀਂ ਹੋ ਸਕਦੇੇ। ਇਸ ਕਰਕੇ ਰੂਹ ਨਿਰਧਾਰਿਤਵਾਦ ਤੋਂ ਅਜ਼ਾਦ ਹੋ ਜਾਂਦੀ ਹੈ । ਪਰ ਰੂਹ ਨਾਲ ਸਬੰਧਤ ਸਾਰਾ ਕਾਰੋਬਾਰ ਪੁਜਾਰੀ ਦੇ ਹੱਥ ਵਿੱਚ ਹੈ । ਰੂਹ ਕਿੱਥੌਂ ਆਉਂਦੀ ਕਿੱਥੇ ਜਾਂਦੀ ਕਿੱੇਥੇ ਰਹਿੰਦੀ ਕਿਵੇਂ ਖੁਸ਼ ਕਿਵੇਂ ਨਰਾਜ਼ ਹੁੰਦੀ ਇਹ ਸਭ ਪੁਜਾਰੀ ਦੱਸਦਾ ਹੈ ਅਤੇ ਉਸਨੂੰ ਆਪਣੀ ਕਹੀ ਹੋਈ ਗੱਲ ਦਾ ਕੋਈ ਸਬੂਤ ਵੀ ਨਹੀਂ ਦੇਣਾ ਪੈਂਦਾ । ਹਾਂ ਕੁਝ ਮਿਥਿਹਾਸਿਕ ਕਥਾ ਕਹਾਣੀਆਂ ਜ਼ਰੂਰ ਘੜਨੀਆਂ ਪੈਂਦੀਆਂ ਹਨ । ਇਸ ਤਰ੍ਹਾਂ ਦੁਨੀਆਂ ਦੀ ਹਰ ਚੀਜ਼ ਨੂੰ ਦੈਵੀ ਤੌਰ ਤੇ ਨਿਰਧਾਰਿਤ ਕਹਿ ਧਰਮਾਂ ਦੇ ਪੁਜਾਰੀ ਇਸ ਨੂੰ ਬਦਲਣ ਦੇ ਸਾਰੇ ਹੱਕ ਆਪਣੇ ਕੋਲ ਰਾਖਵੇਂ ਵੀ ਰੱਖ ਲੈਂਦੇ ਨੇ । ਬਹੁਤੇ ਧਰਮਾਂ ਵਿੱਚ, ਖਾਸ ਕਰਕੇ ਸਾਮੀ ਧਰਮਾਂ ਵਿੱਚ, ਰੱਬ ਵਲੋਂ ਸਿ੍ਰਸ਼ਟੀ ਨੂੰ ਸਾਜਣ ਦੀ ਮਿਤੀ ਤਕ ਵੀ ਦਿੱਤੀ ਹੁੰਦੀ ਹੈ । ਇਸ ਤਰ੍ਹਾਂ ਕਰਕੇ ਉਹ ਸਿ੍ਰਸ਼ਟੀ ਦੀ ਹਰ ਗੱਲ ਦੇ ਭੇਤ ਤੋਂ ਵਾਕਫ ਬਣਨ ਦੇ ਦਾਅਵੇਦਾਰ ਵੀ ਬਣ ਜਾਂਦੇ ਹਨ । ਅਗਰ ਇਹ ਮੰਨ ਲਿਆ ਜਾਏ ਕਿ ਹਰ ਗੱਲ ਪਹਿਲਾਂ ਤੋ ਹੀ ਨਿਰਧਾਰਤ ਹੈ ਅਤੇ ਕੋਈ ਵੀ ਫੇਰ ਬਦਲ ਅਸੰਭਵ ਹੈ ਤਾਂ ਧਰਮ ਦਾ ਸਾਰਾ ਜੁਗਾੜ ਹੀ ਹਿੱਲ ਜਾਂਦਾ ਹੈ । ਧਰਮ ਦੇ ਬਹੁਤਾਤ ਸੰਕਲਪ ਬੇਮਾਇਨਾ ਹੋ ਜਾਂਦੇ ਹਨ । ਮਸਲਨ:

  • ਕੋਈ ਵੀ ਮਸੀਹਾ ਤੁਹਾਡੇ ਪਾਪ ਬਖਸ਼ਣ ਤੋਂ ਅਸਮਰਥ ਹੋ ਜਾਂਦਾ ਹੈ ।
  • ਕੋਈ ਵੀ ਪੁਜਾਰੀ ਕਿਸੇ ਕਿਸਮ ਦੀ ਵਿਚੋਲਗਿਰੀ ਨਹੀ ਕਰ ਪਾਏਗਾ ।
  • ਕੋਈ ਵੀ ਅਰਦਾਸ ਕੰਮ ਨਹੀ ਕਰੇਗੀ ।
  • ਕਿਸੇ ਕਿਸਮ ਦੇ ਕਰਮ ਕਾਂਢ ਨਾਲ ਕੋਈ ਨਤੀਜ਼ਾ ਬਦਲਿਆ ਨਹੀ ਜਾ ਸਕੇਗਾ ।
  • ਕਿਸੇ ਨੂੰ ਵੀ ਉਸ ਦੇ ਪਾਪਾਂ ਦੀ ਸਜ਼ਾ ਨਹੀ ਮਿਲ ਪਾਏਗੀ ਕਿਉਂਕਿ ੳਹ ੳਸ ਲਈ ਜੁੰਮੇਵਾਰ ਹੀ ਨਹੀ ਰਹਿੰਦਾ । ਪਾਪ ਪੁੰਨ ਦਾ ਸਾਰਾ ਅਡੰਬਰ ਖ਼ਤਮ ਹੋ ਜਾਏਗਾ ।
  • ਸਵਰਗ ਨਰਕ ਦਾ ਲਾਲਚ ਅਤੇ ਡਰ ਵੀ ਖ਼ਤਮ ਹੋ ਜਾਏਗਾ ਕਿਉਂਕਿ ਕਿਸ ਨੇ ਕਿੱਥੇ ਜਾਣਾ ਹੈ ਇਹ ਤਾਂ ਪਹਿਲਾਂ ਤੋ ਹੀ ਨਿਰਧਾਰਤ ਹੈ ।
  • ਕਰਾਮਾਤ ਦਾ ਕ੍ਰਿਸ਼ਮਾ ਖਤਮ ਹੋ ਜਾਂਦਾ ਹੈ ।
  • ਰੂਹ ਜਾਂ ਆਤਮਾ ਦੀ ਹੋਂਦ ਖਤਮ ਹੋ ਜਾਂਦੀ ਹੈ ਕਿਉਂਕਿ ਇਨ੍ਹਾ ਦੀ ਹੋਂਦ ਨਿਰਧਾਰਤਵਾਦ ਨੂੰ ਕਾਟ ਕਰਦੀ ਹੈ ।
  • ਆਵਾਗਵਣ ਦਾ ਸਿਧਾਂਤ ਫੇਲ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਆਪਣੇ ਕੀਤੇ ਕਰਮਾਂ ਲਈ ਜਿੰਮੇਵਾਰ ਨਹੀਂ ਹੈ । ਫਿਰ ਅਗਲਾ ਜਨਮ ਕਿਸ ਅਧਾਰ ਤੇ ਹੋਏਗਾ ।

ਦੂਜੇ ਪਾਸੇ ਅਗਰ ਇਨਸਾਨ ਆਪਣੇ ਕੰਮਾਂ ਵਿੱਚ ਪੂਰੀ ਤਰ੍ਹਾਂ ਅਜ਼ਾਦ ਹੈ ਤਾਂ ਧਰਮ ਦੀ ਸਮੱਸਿਆ ਇਹ ਹੈ ਕਿ

  • ਰੱਬ ਸਰਬਸ਼ਕਤੀਮਾਨ ਨਹੀਂ ਰਹਿੰਦਾ । ਰੱਬ ਬੁਰੇ ਕੰਮ ਕਿਉਂ ਨਹੀਂ ਰੋਕ ਸਕਦਾ । ਬੰਦੇ ਰੱਬ ਦੀ ਹੋਂਦ ਤੋਂ ਮੁਨਕਰ ਕਿਉਂ ਹੁੰਦੇ ਨੇ ।
  • ਰੱਬ ਦੇ ਸਰਬ ਗਿਆਤਾ ਹੋਣ ਤੇ ਵੀ ਸ਼ੱਕ ਹੋ ਜਾਂਦੀ ਹੈ । ਅਗਰ ਬੰਦੇ ਦੀ ਮਰਜ਼ੀ ਚਲਦੀ ਹੈ ਤਾਂ ਰੱਬ ਨੂੰ ਉਸ ਦੇ ਹਰ ਕਾਰਜ ਦਾ ਅਗਾਉਂ ਪਤਾ ਨਹੀ ਹੈ ਕਿਉਂਕਿ ਅਗਰ ਪਤਾ ਹੈ ਫਿਰ ਤਾ ਇਹ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਮੰਨਿਆਂ ਜਾਏਗਾ ।
  • ਬੰਦੇ ਦੀ ਮਰਜ਼ੀ ਅਤੇ ਰੱਬ ਦੀ ਮਰਜ਼ੀ ਵਿੱਚ ਇੱਕ ਟਕਰਾਅ ਪੈਦਾ ਹੋ ਜਾਂਦਾ ਹੈ ।

ਇਸ ਸਮੱਸਿਆ ਦੇ ਹੱਲ ਲਈ ਪੁਜਾਰੀ ਜਮਾਤ ਨੇ ਹਰ ਗੱਲ ਅਤੇ ਕੰਮ ਨੂੰ ਪੂਰਨ ਤੌਰ ਤੇ ਰੱਬ ਵਲੌ ਨਿਰਧਾਰਿਤ ਹੋਣਾ ਦੱਸ ਕੇ ਨਾਲ ਹੀ ਇਹ ਵੀ ਕਹਿ ਦਿੱਤਾ ਉਹ ਜਦ ਚਾਹੇ ਆਪਣੇ ਫੈਸਲੇ ਬਦਲ ਸਕਦਾ ਹੈ । ਪਰ ਪੁਜਾਰੀ ਜਮਾਤ ਦਾ ਇਹ ਵੀ ਕਹਿਣਾ ਹੈ ਕਿ ਫੈਸਲੇ ਬਦਲਣ ਲਈ ਰੱਬ ਨੇ ਆਪਣੇ ਅਧਿਕਾਰ ਪੁਜਾਰੀ ਜਮਾਤ ਨੂੰ ਦੇ ਕੇ ਉਹਨਾਂ ਨੂੰ ਆਪਣਾ ਪ੍ਰਤੀਨਿਧ ਵੀ ਥਾਪ ਦਿੱਤਾ ਹੈ । ਜਾਂ ਇਸ ਤਰ੍ਹਾਂ ਕਹਿ ਲਵੋ ਕਿ ਰੱਬ ਫੇਸਲਾ ਕਰਦਾ ਹੈ ਪਰ ਪੁਜਾਰੀ ਫੈਸਲਾ ਬਦਲ ਸਕਦਾ ਹੈ ਬੇਸ਼ੱਕ ਉਹ ਇਹ ਸਭ ਰੱਬ ਦੇ ਨਾਮ ਤੇ ਹੀ ਕਰਦਾ ਹੈ । ਦਰਅਸਲ ਇਹ ਕਹਿਣਾ ਅਤਿਕਥਨੀ ਨਹੀਂ ਹੋਏਗੀ ਕਿ ਧਰਮ ਕੋੜੀ ਕੌੜੀ ਥੂ ਮਿੱਠੀ ਮਿੱਠੀ ਹੜੱਪ ਦੀ ਨੀਤੀ ਤੇ ਚਲਦਾ ਹੈ । ਕਿਉਂਕਿ ਹਰ ਚੀਜ਼ ਰੱਬ ਵਲੋਂ ਨਿਰਧਾਰਿਤ ਹੈ ਇਸ ਲਈ ਪੁਜਾਰੀ ਦਾ ਇਸ ਵਿੱਚ ਕੋਈ ਦੋਸ਼ ਜਾਂ ਜੁੰਮੇਵਾਰੀ ਨਹੀਂ ਬਣਦੀ ਪਰ ਪੁਜਾਰੀ ਹਰ ਮਾੜੀ ਗਲ ਨੂੰ ਪੂਜਾ ਪਾਠ ਰਾਹੀਂ ਬਦਲ ਸਕਦਾ ਹੈ ਜਾਂ ਬਦਲ ਦੇਣ ਦਾ ਦਾਅਵਾ ਕਰਦਾ
ਹੈ । ਇਸ ਤਰ੍ਹਾਂ ਉਹ ਨੇਕਨਾਮਣਾ ਵੀ ਖੱਟ ਲੈਂਦਾ ਹੈ ।  ਧਰਮ ਅੰਦਰ ਬੰਦਾ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਲਈ ਆਪ ਜੁੰਮੇਵਾਰ ਹੈ ਪਰ ਧਰਮ ਹੀ ਇਹ ਨਿਰਧਾਰਿਤ ਕਰਦਾ ਹੈ ਕਿ ਕਿਹੜਾ ਕੰੰਮ ਚੰਗਾ ਹੈ ਜਾਂ ਮਾੜਾ ਹੈ, ਪੁੰਨ ਹੈ ਜਾਂ ਪਾਪ ਹੈ ਅਤੇ ਉਸ ਦੀ ਸਜ਼ਾ ਕੀ ਹੋਵੇਗੀ । ਇਸ ਤਰ੍ਹਾਂ ਧਰਮ ਇਹ ਮੰਨਦਾ ਹੈ ਕਿ ਬੰਦਾ ਬੇਸ਼ੱਕ ਉਹ ਹਰ ਕਾਰਜ਼ ਪਹਿਲਾਂ ਤੋਂ ਹੀ ਨਿਰਧਾਰਤ ਕਾਰਨਾਂ ਕਰਕੇ ਕਰਦਾ ਹੈ ਪਰ ਫਿਰ ਵੀ ਉਹ ਆਪਣੇ ਕੀਤੇ ਕਾਰਜ਼ਾਂ ਲਈ ਜੁੰਮੇਵਾਰ ਹੈ ਅਤੇ ਕੀਤੇ ਪਾਪ ਪੁੰਨ ਉਸਨੂੰ ਭੁਗਤਣੇ ਹੀ ਪੈਣਗੇ ਜਾਂ ਬਖਸ਼ਾਉਣੇ ਪੈਣਗੇ । ਜਾਂ ਤਾਂ ਕੋਈ ਮਸੀਹਾ ਕ੍ਰਿਪਾ ਕਰੇਗਾ, ਜਾਂ ਕੋਈ ਕਰਮ ਕਾਂਢ ਕਰਨਾ ਪਊ, ਜਾਂ ਦਾਨ ਪੁੰਨ ਕਰਨਾ ਪਊ, ਜਾਂ ਕੋਈ ਪੁਜਾਰੀ ਅਰਦਾਸ ਕਰਕੇ ਛੁਟਕਾਰਾ ਦੁਆਊ, ਜਾਂ ਇਸ ਤਰਾਂ ਦਾ ਕੋਈ ਹੋਰ ਅਡੰਬਰ ਕਰਨਾ
ਪਊ । ਮਿਸਾਲ ਦੇ ਤੌਰ ਤੇ ਹਿੰਦੂ ਧਰਮ ਵਿੱਚ ਪਿਛਲੇ ਜਨਮਾਂ ਦੇ ਕਰਮਾਂ ਦਾ ਸਿਧਾਂਤ ਹੈ ਜੋ ਤੁਹਾਨੂ ਇਸ ਜਨਮ ਵਿੱਚ ਭੁਗਤਣੇ ਪੈ ਰਹੇ ਨੇ ਪਰ ਇਸ ਦੇ ਨਾਲ ਹੀ ਕਰਮ ਕਾਂਢ ਦਾ ਵੀ ਪੂਰਾ ਵਿਧੀ ਵਿਧਾਨ ਹੈ ਜੋ ਤੁਹਾਨੂੰ ਕਰਮ ਜਾਲ ਵਿੱਚੋਂ ਕੱਢ ਸਕਦਾ ਹੈ । ਈਸਾਈ ਧਰਮ ਵਿੱਚ ਸੁਰਗ ਵਿੱਚ ਜਾਣ ਤੋਂ ਪਹਿਲਾਂ ਰੂਹਾਂ ਨੂੰ ਕੀਤੇ ਪਾਪਾਂ ਦੀ ਸਜ਼ਾ ਦੇ ਸ਼ੁਧ ਕਰਨ ਲਈ ਜਿਸ ਜਗ੍ਹਾ ਤੇ ਰੱਖਿਆ ਜਾਂਦਾ ਹੈ ਉਸਨੂੰ ਸ਼ੁਧੀ ਸਥਾਨ ਜਾਂ purgatory ਆਖਿਆ ਗਿਆ ਹੈ । ਅਗਰ ਪੁਜਾਰੀ ਅਰਦਾਸ ਕਰਨ ਤਾਂ ਇਸ ਜਗ੍ਹਾ ਤੇ ਤੁਹਾਡੇ ਰਹਿਣ ਦਾ ਸਮਾਂ ਘਟ ਜਾਂਦਾ ਹੈ ਭਾਵ ਤੁਹਾਡੇ ਪਾਪ ਸਜ਼ਾ ਤੋਂ ਬਿਨਾ ਹੀ ਧੋਤੇ ਜਾਂਦੇ ਹਨ । ਪੁਜਾਰੀ ਅਜਿਹਾ ਕਰਨ ਦੇ ਚੋਖੇ ਪੈਸੇ ਵਸੂਲਦੇ ਰਹੇ ਨੇ । ਸਿੱਖ ਵੀ ਮਰਣ ਉਪਰੰਤ ਪ੍ਰਾਣੀ ਦੇ ਨਮਿਤ ਅਨੇਕਾਂ ਅਰਦਾਸਾਂ ਤੇ ਪਾਠ ਜਾਂ ਹੋਰ ਕਈ ਕਰਮ ਕਾਂਡ ਕਰਦੇ ਅਕਸਰ ਦੇਖੇ ਜਾ ਸਕਦੇ ਹਨ । ਬਾਕੀ ਧਰਮਾਂ ਵਿੱਚ ਵੀ ਰਲਦੀਆਂ ਮਿਲਦੀਆਂ ਰਹੁਰੀਤਾਂ ਮੌਜ਼ੂਦ ਨੇ ।

ਵਿਗਿਆਨਿਕ ਨਜ਼ਰੀਆ

ਅੱਜ ਕਲ ਵਿਗਿਆਨ ਵੀ ਇਸ ਬਹਿਸ ਵਿੱਚ ਕੁੱਦ ਪਿਆ ਹੈ । ਆਈਨਸਟਾਈਨ ਦੀ ਇਕ ਮਸ਼ਹੂਰ ਕਹਾਵਤ ਹੈ ਕਿ ਰੱਬ ਸੱਟਾ ਨਹੀਂ ਖੇਡਦਾ (God does not play dice) ਭਾਵ ਕੁਦਰਤ ਰੱਬ ਦੇ ਇੱਕ ਬੱਝਮੇ ਹੁਕਮ ਮੁਤਾਬਿਕ ਹੀ ਚਲ ਰਹੀ ਹੈ । ਕਈ ਲੋਕ ਇਸ ਨੂੰ ਵਿਗਿਆਨਿਕ ਨਿਸਚੇਵਾਦ (Scientific Determinism) ਦਾ ਨਾਂ ਵੀ ਦਿੰਦੇ ਨੇ । ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨਿਕ ਲੈਪਲਾਸ (Laplace) ਨੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ । ਉਸ ਨੇ ਕਿਹਾ ਕਿ ਬ੍ਰਹਿਮੰਡ ਇੱਕ ਬੱਝਵੈਂ ਨਿਯਮ ਵਿੱਚ ਚਲ ਰਿਹਾ ਹੈ ਅਤੇ ਇਸ ਵਿੱਚ ਕਿਸੇ ਗੈਰ ਕੁਦਰਤੀ ਸ਼ਕਤੀ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ । ਦਰਅਸਲ ਜਦ ਉਸਨੂੰ ਨਪੋਲੀਅਨ ਨੇ ਪੁਛਿਆ ਕਿ ਇਸ ਵਿੱਚ ਰੱਬ ਦੀ ਭੂਮਿਕਾ ਕਿਥੇ ਹੈ । ਤਾਂ ਉਸ ਨੇ ਕਿਹਾ ਕਿ ਇਸ ਦੀ ਕੋਈ ਜਰੂਰਤ ਨਹੀਂ ਪਈ ।8 ਕੁਐਂਟਿਮ ਫਿਜ਼ਿਕਸ ਦੇ ਪ੍ਰਗਟ ਹੋਣ ਤੋਂ ਪਹਿਲਾਂ ਤਾ ਵਿਗਿਆਨ ਇਹ ਕਹਿ ਰਿਹਾ ਸੀ ਕਿ ਹਰ ਚੀਜ਼ ਦੀ ਭਵਿਖਬਾਣੀ ਕੀਤੀ ਜਾ ਸਕਦੀ ਹੈ ਕਿਉਂਕਿ ਹਰ ਕਾਰਜ਼ ਇੱਕ ਬੱਝਵੇਂ ਨਿਯਮ ਵਿੱਚ ਹੋ ਰਿਹਾ ਹੈ ਜਿਸ ਦਾ ਸਿੱਟਾ ਇੱਕ ਹੀ ਨਿਕਲੇਗਾ । ਪਰ ਕੁਐਂਟਮ ਫਿਜ਼ਿਕਸ ਨੇ ਇਹ ਗੱਲ ਗਲਤ ਸਾਬਤ ਕਰ ਦਿੱਤੀ ਅਤੇ ਸਿੱਧ ਕੀਤਾ ਕਿ ਹਰ ਕਾਰਜ਼ ਦੇ ਇੱਕ ਤੋਂ ਜਿਆਦਾ ਸਿੱਟੇ ਹੋ ਸਕਦੇ ਨੇ ਭਾਵੇਂ ਇਨਸਾਨ ਕੋਲ ਇਹ ਜਾਨਣ ਦੀ ਸ਼ਕਤੀ ਨਹੀਂ ਹੈ ਕਿ ਕਿਹੜੇ ਵੇਲੇ ਕਿਹੜਾ ਸਿੱਟਾ ਨਿਕਲੇਗਾ । ਹਾਕਿੰਗ ਦਾ ਮੰਨਣਾ ਹੈ ਕਿ ਕੁਐਂਟਿਮ ਫਿਜ਼ਿਕਸ ਨਿਰਧਾਰਿਤਵਾਦ ਨੂੰ ਰੱਦ ਕਰਨ ਦੀ ਬਜਾਏ ਨਵੇਂ ਨਿਰਧਾਰਿਤਵਾਦ ਨੂੰ ਜਨਮ ਦਿੰਦੀ ਹੈ । ਉਸ ਦਾ ਕਹਿਣਾ ਹੈ, “Quantum physics might seem to undermine the idea that nature is governed by laws, but that is not the case. Instead it leads us to accept a new form of determinism: given the state of a system at some time, the laws of nature determine the probabilities of various futures and pasts rather than determining the future and past with certainty.”9. ਇਹ ਕਿਹਾ ਜਾ ਸਕਦਾ ਹੈ ਕਿ ਕੁਐਂਟਿਮ ਫਿਜ਼ਿਕਸ ਇਹ ਕਹਿ ਰਹੀ ਹੈ ਕਿ ਕਿਸੇ ਵੀ ਕਾਰਜ਼ ਦੇ ਸਿੱਟੇ ਦੀ ਭਵਿਖਵਾਣੀ ਨਹੀਂ ਹੋ ਸਕਦੀ ਕਿਉਂਕਿ ਇੱਕ ਤੋਂ ਜ਼ਿਆਦਾ ਸਿੱਟਿਆਂ ਦੀ ਸੰਭਾਵਨਾ ਹੈ । ਪਰ ਜੋ ਵੀ ਸਿੱਟਾ ਨਿਕਲਦਾ ਹੈ ਉਹ ਪਹਿਲਾਂ ਤੋ ਹੀ ਨਿਰਧਾਰਿਤ ਕਾਰਣਾ ਕਰਕੇ ਹੀ ਘਟਦਾ ਹੈ । ਸੰਖੇਪ ਵਿੱਚ ਕਹਿਣਾ ਹੋਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦਾ ਭੇਤ ਸਾਇੰਸ ਵੀ ਨਹੀਂ ਪਾ ਸਕੀ । ਸਾਇੰਸ ਇਸ ਤੱਥ ਨੂੰ ਮੰਨਦੀ ਵੀ ਹੈ ਪਰ ਨਾਲ ਹੀ ਕੁਦਰਤ ਦੇ ਭੇਤ ਜਾਨਣ ਲਈ ਨਿਰੰਤਰ ਕੋਸ਼ਿਸ ਵੀ ਕਰ ਰਹੀ ਹੈ । ਕੁਦਰਤ ਦਾ ਭੇਤ ਪਾਉਣ ਦੀ ਕੋਸ਼ਿਸ਼ ਕੁਦਰਤ ਦੇ ਜਾਂ ਕਾਦਰ ਦੇ ਖਿਲਾਫ ਜਾਣਾ ਨਹੀਂ ਕਿਹਾ ਜਾ ਸਕਦਾ ।

ਨਿਰਧਾਰਿਤਵਾਦ ਅਤੇ ਖੁਦਮੁਖਤਿਆਰੀ ਦੀ ਬਹਿਸ ਵਿੱਚ ਵਿਗਿਆਨ ਦਾ ਸੱਭ ਤੋਂ ਵੱਧ ਚਰਚਾ ਵਾਲਾ ਯੋਗਦਾਨ ਬੈਂਜਮਿਨ ਲਿਬਿਟ10 ਦਾ ਤਜ਼ਰਬਾ
ਹੈ । ਲਿਬਿਟ, ਜੋ ਕਿ ਕੈਲੀਫੋਰਨੀਆ ਯੁਨੀਵਰਸਟੀ ਵਿੱਚ ਨਿਉਰੋਲੋਜਿਸਟ ਜਾਂ ਫਿਜਿਔਲਜਿਸਟ ਸੀ, ਨੇ ਪਿਛਲੀ ਸਦੀ ਦੇ ਅੱਸੀਵੇਂ ਦਹਾਕੇ ਵਿੱਚ ਤਜ਼ਰਬੇ ਕਰਕੇ ਸਿੱਧ ਕੀਤਾ ਕਿ ਬੰਦਾ ਕੋਈ ਕਾਰਜ ਕਰਨ ਲਈ ਜਦੋ ਚੇਤਨ ਤੋਰ ਤੇ ਫੇੈਸਲਾ ਕਰਦਾ ਹੈ ਉਸਦਾ ਦਿਮਾਗ ਜਾਂ ਅਚੇਤ ਮਨ ਇਹ ਫੈਸਲਾ ਉਸਤੋਂ ਕਰੀਬ ਅੱਧਾ ਸਕਿੰਡ ਪਹਿਲਾਂ ਹੀ ਕਰ ਚੱੁਕਾ ਹੁੰਦਾ ਹੈ । ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਬੰਦੇ ਦੀ ਕੋਈ ਵੀ ਕਾਰਜ਼ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਮਰਜ਼ੀ ਨਹੀਂ ਹੈ । ਉਸਦਾ ਦਿਮਾਗ ਸਾਰੇ ਫੈਸਲੇ ਉਸਦੀ ਚੇਤਨਤਾ ਤੋਂ ਪਹਿਲਾਂ ਹੀ ਕਰ ਚੱੁਕਾ ਹੁੰਦਾ ਹੈ । ਜਦੋਂ ਕੋਈ ਇਹ ਫੈਸਲਾ ਕਰਦਾ ਹੈ ਕਿ ਹੁਣ ਖੱਬੇ ਮੁੜਨਾ ਹੈ । ਇਹ ਫੈਸਲਾ ਉਸ ਨੇ ਖੁਦ ਕੀਤਾ ਇਹ ਮਹਿਜ਼ ਇੱਕ ਭਰਮ ਹੈ ਕਿਉਂਕਿ ਉਸਦਾ ਦਿਮਾਗ ਤਾਂ ਇਹ ਫੈਸਲਾ ਪਹਿਲਾਂ ਹੀ ਕਰ ਚੁਕਾ ਸੀ । ਲਿਬਿਟ ਦੇ ਵਕਤ ਕੋਈ ਬਹੁਤ ਵਧੀਆ ਮਸ਼ੀਨਾ ਨਹੀਂ ਸਨ ਪਰ ਉਸ ਨੇ ਜੋ ਸਿੱਟਾ ਕੱਢਿਆ ਉਸ ਨੂੰ ਅਜਕਲ ਦੀਆਂ ਅਤੀ ਆਧੁਨਿਕ ਮਸ਼ੀਨਾ ਨੇ ਵੀ ਸਹੀ ਸਾਬਤ ਕੀਤਾ ਹੈ । ਸਾਇੰਸ ਅਗੇ ਕਿਸੇ ਦਾ ਜ਼ੋਰ ਨਹੀਂ ਚਲਦਾ । ਇਸ ਲਈ ਇਸ ਖੋਜ਼ ਨੇ ਖੁਦਮੁਖਤਿਆਰੀ ਦੇ ਸਮਰਥਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ । ਪਰ ਲਿਬਿਟ ਦਾ ਇਹ ਵੀ ਮੰਨਣਾ ਸੀ ਕਿ ਤਰਕ ਕਰਕੇ ਬੰਦਾ ਦਿਮਾਗ ਦੇ ਫੈਸਲੇ ਵੀਟੋ ਵੀ ਕਰ ਸਕਦਾ
ਹੈ । ਉਸਦੀ ਇਸ ਧਾਰਨਾ ਨਾਲ ਬਾਕੀ ਕਈ ਵਿਗਿਆਨੀ ਅਸਹਿਮਤ ਵੀ ਹਨ ।

ਬੰਦੇ ਦਾ ਦਿਮਾਗ ਕੋਈ ਸੌ ਕੁ ਟਿ੍ਰਲੀਅਨ ਸੈਲਾਂ ਦਾ ਬਣਿਆ ਹੋਇਆ ਦੱਸਦੇ ਨੇ । ਇਹ ਸਾਰੇ ਸੈੱਲ ਫਿਜ਼ਿਕਸ ਦੇ ਕਨੂੰਨ ਮੁਤਾਬਿਕ ਹੀ ਚਲ ਰਹੇ ਨੇ ਜਿਸ ਤੇ ਬੰਦੇ ਦਾ ਕੋਈ ਜ਼ੋਰ ਨਹੀਂ ਚਲਦਾ । ਇਹ ਬੰਦੇ ਨੂੰ ਹੁਕਮ ਕਰਦੇ ਨੇ ਉਸਦਾ ਹੁਕਮ ਨਹੀ ਮੰਨਦੇ । ਇਸ ਸਬੰਧ ਵਿੱਚ ਦੋ ਘਟਨਾਵਾਂ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਹੈ ।

  • 1. ਅਮਰੀਕਾ ਵਿੱਚ ਸੰਨ 2000 ਵਿੱਚ ਇਕ ਵਿਅਕਤੀ ਨੂੰ ਆਪਣੀ ਨਾਬਾਲਗ ਮਤਰੇਈ ਬੱਚੀ ਨਾਲ ਅਸ਼ਲੀਲ਼ ਹਰਕਤਾਂ ਕਰਨ ਕਰਕੇ ਗਿ੍ਰਫਤਾਰ ਕੀਤਾ ਗਿਆ । ਪਹਿਲਾਂ ਉਹ ਬਿਲਕੁਲ ਤੰਦਰੁਸਤ ਸੋਚ ਦਾ ਧਾਰਨੀ ਸੀ ਪਰ ਅਚਾਨਿਕ ਉਸ ਦੀ ਵਿਰਤੀ ਇਸ ਤਰ੍ਹਾਂ ਦੀ ਹੋ ਗਈ । ਮੁਕੱਦਮੇ ਦੌਰਾਨ ਉਸ ਨੂੰ ਭਿਆਨਿਕ ਸਿਰ ਪੀੜ ਹੋਣ ਲਗ ਪਈ । ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਚਲਿਆ ਕਿ ੳਸੁ ਦੇ ਦਿਮਾਗ ਵਿੱਚ ਮਗਰੌੜੀ ਜਾਂ ਰਸੌਲੀ ਹੈ ਜਿਸ ਨੂੰ ਕੱਢਣ ਨਾਲ ਉਸ ਦੀ ਵਿਰਤੀ ਮੁੜ ਤੰਦਰੁਸਤ ਹੋ ਗਈ । ਸਾਲ ਬਾਅਦ ਉਹ ਫਿਰ ਉਹੀ ਹਰਕਤਾ ਕਰਨ ਲਗ ਪਿਆ । ਚੈਕ ਕਰਨ ਤੇ ਪਤਾ ਲਗਾ ਕਿ ਉਸਦੇ ਦਿਮਾਗ ਦੀ ਰਸੌਲੀ ਫਿਰ ਉਂਗਰ ਪਈ ਹੈ ਜਿਸ ਨੂੰ ਚੰਗੀ ਤਰ੍ਹਾਂ ਹਟਾਉਣ ਨਾਲ ਉਹ ਹਮੇਸ਼ਾਂ ਲਈ ਸਹੀ ਸੋਚ ਦਾ ਧਾਰਨੀ ਬਣ ਗਿਆ ।11 ਇਥੇ ਸੋਚਣ ਵਾਲੀ ਗਲ ਇਹ ਹੈ ਕਿ ਕੀ ਉਹ ਵਿਅਕਤੀ ਆਪਣੀ ਮਰਜ਼ੀ ਮੁਤਾਬਿਕ ਚਲ ਰਿਹਾ ਸੀ ਜਾਂ ਉਹਦੇ ਕਾਰਜ਼ ਬਸੋਂ ਬਾਹਰੇ ਕਾਰਨ ਨਿਰਧਾਰਿਤ ਕਰ ਰਹੇ ਹਨ ।
  • 2. ਇਸੇ ਤਰ੍ਹਾਂ 1966 ਵਿੱਚ ਚਾਰਲਸ ਵਿਟਮੈਨ12 ਦੁਆਰਾ ਕੀਤੇ ਗਏ ਸਮੂਹਿਕ ਕਤਲ ਦੀ ਵਾਰਦਾਤ ਦਾ ਜ਼ਿਕਰ ਵੀ ਅਕਸਰ ਕੀਤਾ ਜਾਂਦਾ ਹੈ । ਚਾਰਲਸ ਛੋਟਾ ਹੁੰਦਾ ਬੜ੍ਹਾ ਹੀ ਬੀਬਾ ਮੁੰਡਾ ਹੁੰਦਾ ਸੀ ਅਤੇ ਪੜ੍ਹਨ ਵਿੱਚ ਵੀ ਹੁਸ਼ਿਆਰ ਸੀ । ਉਸ ਦਾ ਆਈ ਕਿਉ ਵੀ 139 ਦਸਦੇ ਹਨ ਜੋ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਪਰ ਇਸ ਬੀਬੇ ਜਿਹੇ ਮੁੰਡੇ ਨੇ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਅਤੇ ਫਿਰ ਆਪਣੀ ਘਰਵਾਲੀ ਦਾ ਖੂਨ ਕੀਤਾ । ਇਹ ਕਤਲ ਕਰਦਿਆ ਹੀ ਉਸਨੇ ਇੱਕ ਨੋਟ ਲਿਖਿਆ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਉਸ ਨੂੰ ਕੀ ਹੋ ਗਿਆ ਹੈ ਜੋ ਉਸ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕਰ ਰਿਹਾ ਹੈ । ਇਸ ਲਈ ਉਸ ਨੇ ਉਸ ਦੀ ਮੋਤ ਤੋਂ ਬਾਅਦ ਆਪਣੀ ਡਾਕਟਰੀ ਜਾਂਚ ਕਰਨ ਦੀ ਗੁਜ਼ਾਰਿਸ਼ ਕੀਤੀ । ਨੋਟ ਲਿਖ ਕੇ ਉਹ ਟੈਕਸਾਸ ਯੁਨੀਵਰਸਟੀ ਚਲਾ ਗਿਆ ਅਤੇ ਇੱਕ ਟਾਵਰ ਤੇ ਚੜ੍ਹ ਕੇ ਅੰਧਾਧੁੰਦ ਗੋਲੀਆਂ ਚਲਾ 17 ਬੰਦੇ ਮਾਰਤੇ ਅਤੇ 31 ਜ਼ਖਮੀ ਕੀਤੇ । ਉਸ ਦੀ ਮੌਤ ਤੋਂ ਬਾਅਦ ਉਸਦੀ ਜਾਂਚ ਕਰਨ ਤੇ ਪਾਇਆ ਗਿਆ ਕੇ ਉਸਦੇ ਦਿਮਾਗ ਵਿੱਚ ਮਗਰੌਲੀ ਸੀ ਜੋ ੳਸੁ ਨੂੰ ਇਸ ਸਭ ਕਰਨ ਲਈ ਮਜ਼ਬੂਰ ਕਰ ਰਹੀ ਸੀ । ਹੁਣ ਇਸ ਸਭ ਜਾਨਣ ਤੋਂ ਬਾਅਦ ਕੀ ਅਸੀ ਚਾਰਲਸ ਨੂੰ ਉਸਦੇ ਘਿ੍ਰਣਤ ਕਾਰਨਾਮੇ ਲਈ ਜੁੰਮੇਵਾਰ ਠਹਿਰਾਵਾਂਗੇ ?

ਹੇਠਾਂ ਮੈ ਦੋ ਹੋਰ ਤਾਜ਼ਾ ਘਟਨਾਵਾਂ ਪੰਜਾਬ ਦੀ ਅੰਗਰੇਜ਼ੀ ਅਖਬਾਰ ਟਿ੍ਰਬਿਊਨ ਵਿਚੋਂ ਦੇ ਰਿਹਾਂ ਹਾਂ ।

  • 3. 19 ਜੂਨ ਦੀ ਟਿ੍ਰਬਿਊਨ ਵਿੱਚ ਇਕ ਖਬਰ ਛਪੀ ਹੋਈ ਹੈ ਕਿ ਹਰਿਆਣੇ ਦੇ ਮਹਿੰਦਰਗੜ ਸ਼ਹਿਰ ਵਿੱਚ ਸੰਤ ਲਾਲ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੈ ਜਿਸ ਨੂੰ ਗਰਮੀ ਵਿੱਚ ਸਰਦੀ ਲਗਦੀ ਹੈ ਅਤੇ ਸਰਦੀ ਵਿੱਚ ਗਰਮੀ ਲਗਦੀ ਹੈ ।13 ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਦਿਮਾਗ ਵਿੱਚ ਗਰਮੀ ਸਰਦੀ ਦੇ ਸਿਗਨਲ ਵਿੱਚ ਗੜਬੜ ਹੈ । ਇਸ ਤੋਂ ਕੀ ਇਹ ਸਾਬਤ ਨਹੀਂ ਹੁੰਦਾ ਕਿ ਸਾਡਾ ਦਿਮਾਗ ਹੀ ਸਾਰਾ ਕੁਝ ਕੰਟਰੋਲ ਕਰ ਰਿਹਾ ਹੈ ।
  • 4. ਟਿ੍ਰਬਿਊਨ ਦੀ ਹੀ 2 ਜੁਲਾਈ ਦੀ ਖਬਰ ਹੈ ਬਠਿੰਡਾ ਦੀ ਇਕ ਮਾਂ ਨੇ ਆਪਣੇ 6 ਸਾਲ ਦੇ ਮਸੂਮ ਬੱਚੇ ਦੀ ਉਸ ਨੂੰ ਨਹਾਉਂਦੇ ਹੋਏ ਛੁਰਾ ਮਾਰ ਕੇ ਜਾਨ ਲੈ ਲਈ ।14 ਉਸਦੇ ਘਰ ਵਾਲਿਆਂ ਦਾ ਕਹਿਣਾ ਸੀ ਉਹ ਆਪਣੇ ਬੱਚੇ ਤੇ ਜਾਨ ਲੁਟਾਉਣ ਵਾਲੀ ਮਾਂ ਸੀ ਅਤੇ ਉਸ ਦਾ ਹਰ ਵਕਤ ਖਿਆਲ ਰੱਖਦੀ ਸੀ । ਉਸ ਮਾਂ ਜੋ ਕਿ ਖਾਸਾ ਪੜ੍ਹੀ ਲਿਖੀ ਅੋਰਤ ਵੀ ਹੈ ਦਾ ਵੀ ਬਿਆਨ ਸੀ ਕਿ ਉਸ ਨੂੰ ਵੀ ਨਹੀਂ ਪਤਾ ਉਸ ਨੇ ਇਹ ਕਾਰਾ ਕਿਉਂ ਕੀਤਾ । ਸੋਚਣ ਵਾਲੀ ਗੱਲ ਹੈ ਫਿਰ ਪਤਾ ਕਿਸਨੂੰ ਸੀ । ਕੀ ਇਹ ਘਿ੍ਰਣਤ ਕਾਰਨਾਮਾ ਉਸਦੀ ਮਰਜ਼ੀ ਸੀ ।

ਉਪਰ ਬਿਆਨ ਕੀਤੀਆ ਘਟਨਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਬੰਦਾ ਆਪਣੇ ਦਿਮਾਗ ਦਾ ਗੁਲਾਮ ਹੈ । ਅਗਰ ਉਸ ਵਿੱਚ ਕੋਈ ਗੜਬੜ ਹੋ ਗਈ ਤਾਂ ਉਹ ਨ ਚਾਹੰਦਾ ਹੋਇਆ ਵੀ ਉਹ ਕੰਮ ਕਰੇਗਾ ਜੋ ਉਸ ਨੂੰ ਨਹੀਂ ਕਰਨੇ ਚਾਹੀਦੇ । ਪੰਜਾਬੀ ਆਮ ਗਲਬਾਤ ਵਿੱਚ ਇਹ ਕਹਿੰਦੇ ਅਕਸਰ ਸੁਣੇ ਜਾ ਸਕਦੇ ਨੇ ਕਿ ਫਲਾਣੇ ਆਦਮੀ ਦੇ ਦਿਮਾਗ ਵਿੱਚ ਕੀੜਾ ਬੜ ਗਿਆ ਹੈ ਜਾਂ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ ਕਿਉਂਕਿ ਹੁਣ ਉਸਦਾ ਵਰਤਾਅ ਠੀਕ ਨਹੀਂ ਰਿਹਾ । ਇਹ ਲੋਕਾਂ ਦੀ ਪੁਸ਼ਤਾਂ ਦੇ ਤਜ਼ਰਬੇ ਤੋ ਬਣੀ ਸੋਚ ਹੈ ਜੋ ਸੱਚ ਦੇ ਬਹੁਤ ਨੇੜੇ ਹੈ ।  

ਵਿਗਿਆਨ ਦੇ ਇਸ ਸੱਚ ਨੂੰ ਹੁਣ ਹਰ ਕੋਈ ਮੰਨਦਾ ਹੈ ਕਿ ਬੰਦੇ ਦੇ ਜ਼ੀਨਜ਼ ਹੀ ਇਹ ਨਿਰਧਾਰਿਤ ਕਰਦੇ ਨੇ ਕੇ ੳਸੁਦਾ ਕੱਦ ਕਾਠ ਕੀ ਹੋਏਗਾ, ਰੰਗ ਰੂਪ ਕੀ ਹੋਏਗਾ । ਇਸੇ ਤਰ੍ਹਾਂ ਉਸਦੀ ਦਿਮਾਗੀ ਕਾਬਲੀਅਤ ਵੀ ਬਹਤ ਹੱਦ ਤਕ ਉਸਦੇ ਜ਼ੀਨਜ਼ (genes) ਤੇ ਹੀ ਨਿਰਭਰ ਹੈ । ਕੁੜੀ ਮੁੰਡੇ ਆਪਸ ਵਿੱਚ ਕਿਸ ਨੂੰ ਪਸੰਦ ਕਰਦੇ ਨੇ ਇਹ ਵੀ ਉਹਨਾਂ ਦਾ ਦਿਮਾਗ ਉਹਨਾਂ ਤੋਂ ਪਹਿਲਾਂ ਹੀ ਕਰ ਲੈਂਦਾ ਹੈ । ਮੁੰਡੇ ਨੂੰ ਕੁੜੀ ਅਤੇ ਕੁੜੀ ਨੁੰ ਮੁੰਡਾ ਕਿਸ ਤਰ੍ਹਾਂ ਦਾ ਪਸੰਦ ਹੈ ਇਹ ਉਹਨਾਂ ਦੇ ਜੀਨਜ਼, ਰਹਿਣ ਸਹਿਣ ਅਤੇ ਮਹੌਲ ਜਿਨ੍ਹਾ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਪਹਿਲਾਂ ਹੀ ਨਿਰਧਾਰਿਤ ਕਰ ਚੁੱਕੇ ਹੁੰਦੇ ਨੇ । ਕੁੜੀਆਂ ਚੰਗੇ ਖਿਲਾੜੀਆਂ ਤੇ ਲੱਟੂ ਹੁੰਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ । ਇਸ ਪਿੱਛੇ ਵੀ ਔਰਤ ਦੇ ਜੀਨਜ਼ ਹੀ ਕੰਮ ਕਰਦੇ ਨੇ । ਕੁਦਰਤੀ ਵਿਕਾਸ ਜਾਂ ਐਵੋਲੂਸ਼ਨ ਅਨੁਸਾਰ ਔਰਤ ਆਪਣੀ ਔਲਾਦ ਤਕੜੀ ਅਤੇ ਹੁੰਦੜਹੇਲ ਦੇਖਣਾ ਚਾਹੁੰਦੀ ਹੈ ਜਿਸ ਲਈ ਉਸ ਨੂੰ ਅਜਿਹੇ ਮਨੁਖਾਂ ਦੇ ਬੀਰਜ਼ ਜਾਂ ਸਪਰਮ ਦੀ ਲੋੜ ਹੈ । ਕੁੜੀਆਂ ਨੂੰ ਲਗਦਾ ਹੈ ਕਿ ਉਹ ਇਹ ਆਪਣੀ ਮਰਜ਼ੀ ਨਾਲ ਕਰ ਰਹੀਆਂ ਹਨ ਪਰ ਦਰਅਸਲ ਇਹ ਸਭ ਉਹਨਾਂ ਦੇ ਜੀਨਜ਼ ਹੀ ਕਰਵਾ ਰਹੇ ਨੇ । ਬੰਦੇ ਦਾ ਸਮਾਜਿਕ ਅਤੇ ਸੱਭਿਆਚਾਰਿਕ ਸੁਭਾੳੇ ਅਤੇ ਵਰਤਾਰਾ ਮੀਮਜ਼15 ਦੁਆਰਾ ਨਿਰਧਾਰਿਤ ਹੁੰਦਾ ਅਤੇ ਫੈਲਦਾ ਹੈ । ਮੀਮਜ਼ (memes) ਦਾ ਸੰਕਲਪ ਰਿਚਰਡ ਡਾਕਨਜ਼ ਨੇ 1976 ਵਿੱਚ ਪੇਸ਼ ਕੀਤਾ । ਇਹ ਲਫਜ਼ ਗਰੀਕੀ ਭਾਸ਼ਾ ਦੇ ਮਮੀਮ (mimime) ਅਤੇ ਜੀਨਜ਼ ਦਾ ਸੁਮੇਲ ਕਰ ਕੇ ਬਣਾਇਆ ਗਿਆ ਹੈ । ਇਸ ਸਕੰਲਪ ਅਨੁਸਾਰ ਸਭਿਆਚਾਰ ਮੀਮਜ਼ ਦੀਆਂ ਇਕਾਈਆਂ ਦਾ ਬਣਿਆ ਹੋਇਆ ਹੈ । ਸਾਡੇ ਸਾਰੇ ਰੀਤੀ ਰਿਵਾਜ ਮੀਮਜ਼ ਦਾ ਗੱਠ ਜੋੜ ਹੀ ਹਨ । ਨਵੇਂ ਮੀਮਜ਼ ਪੈਦਾ ਹੋਣ ਨਾਲ ਇਸ ਗੱਠ ਜੋੜ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ । ਇਸੇ ਕਰਕੇ ਸੱਭਿਆਚਾਰ ਹਮੇਸ਼ਾ ਇਕਸਾਰ ਨਹੀਂ ਰਹਿੰਦਾ । ਸਾਡਾ ਬਹਿਣ ਉਠਣ ਬੋਲਣ ਚਾਲਣ ਸਮੇਂ ਸਮੇ ਨਾਲ ਬਦਲਦਾ ਰਹਿੰਦਾ
ਹੈ । ਮੀਮਜ਼ ਕੰਪਿਉਟਰ ਵਾਇਰਸ ਦੀ ਤਰ੍ਹਾਂ ਫੈਲ ਜਾਂਦੇ ਹਨ । ਇਸ ਕਰਕੇ ਮੀਮਜ਼ ਉਹੀ ਕਾਮਯਾਬ ਅਤੇ ਕਾਇਮ ਰਹਿੰਦੇ ਨੇ ਜਿਹਨਾਂ ਦੀ ਨਕਲ ਅਸਾਨੀ ਨਾਲ ਹੁੰਦੀ ਰਹਿੰਦੀ ਹੈ । ਉਹ ਦੂਜੇ ਮੀਮਜ਼ ਨੂੰ ਹਰਾ ਕੇ ਖਤਮ ਵੀ ਕਰ ਦਿੰਦੇ ਨੇ । ਮਿਸਾਲ ਦੇ ਤੌਰ ਤੇ ਗੋਡਿਆਂ ਤੋਂ ਪਾਟੀ ਹੋਈ ਜੀਨ ਪਾਉਣਾ, ਪੁੱਠੀ ਟੋਪੀ ਪਹਿਨਣਾ, ਭੰਗੜੇ ਦਾ ਬਾਲੀਬੁਡ ਡਾਂਸ ਬਣਨਾ, ਸਿੱਖ ਸੰਗਤਾਂ ਵਿੱਚ ਖਾਸ ਖਾਸ ਸ਼ਬਦਾਂ ਦਾ ਖਾਸ ਮੌਕਿਆਂ ਤੇ ਕੀਰਤਨ ਗਾਇਨ ਪ੍ਰਚਲਤ ਹੋਣਾ, ਵਾਹਿ ਗੁਰੂ ਦਾ ਵਿਗੜਿਆ ਰੂਪ ਵਾਹਗੁਰੂ ਪ੍ਰਚਲਤ ਹੋਣਾ ਆਦਿ ਕਾਮਯਾਬ ਮੀਮਜ਼ ਹਨ । ਜਿਸ ਤਰ੍ਹਾਂ ਕੋਈ ਜਾਣਕਾਰੀ ਫੇਸਬੁੱਕ ਤੇ ਬਰਸਾਤੀ ਭਵੱਕੜਾਂ ਵਾਂਗ ਫੈਲਦੀ ਹੈ ਉਸੇ ਤਰ੍ਹਾਂ ਸਮਾਜਕ ਜਾਂ ਸੱਭਿਆਚਾਰਿਕ ਵਰਤਾਰਾ ਇੱਕ ਸ਼ਖਸ਼ ਤੋਂ ਦੂਜੇ ਸ਼ਖਸ਼ ਤਕ ਕਾਪੀ ਹੋ ਹੋ ਪਹੁੰਚੀ ਜਾਂਦਾ ਹੈ । ਸਾਡੇ ਖਾਣ ਪੀਣ, ਪਹਿਨਣ ਅਤੇ ਬੋਲ ਚਾਲ ਵਿੱਚ ਵੀ ਮੀਮਜ਼ ਵੱਡਾ ਰੋਲ ਅਦਾ ਕਰ ਰਹੇ ਨੇ । ਬੱਚਾ ਜਿਹੋ ਜਿਹੇ ਮਹੌਲ ਵਿੱਚ ਪਲਦਾ ਹੈ ਉਹੌ ਜਿਹੇ ਉਸ ਦੇ ਸੰਸਕਾਰ ਹੋ ਜਾਂਦੇ ਨੇ । ਸਿਖ ਧਰਮ ਦੇ ਮਹੌਲ ਵਿੱਚ ਪਲੇ ਬੱਚੇ ਦੇ ਮੂੰਹੋਂ ਆਪ ਮੁਹਾਰੇ ਵਾਹਿਗੁਰੂ ਨਿਕਲਦਾ ਹੈ ਅਤੇ ਹਿੰਦੂ ਦੇ ਮੂੰਹੋਂ ਜੈ ਸ਼੍ਰੀ ਰਾਮ ਨਿਕਲਦਾ ਹੈ । ਮਾਸ ਖਾਣਾ ਨਾ ਖਾਣਾ ਵੀ ਸੱਭਿਆਚਾਰ ਦੀ ਦੇਣ ਹੈ ਨਾ ਕਿ ਧਰਮ ਦੀ ਅਤੇ ਨਾ ਹੀ ਇਸ ਵਿੱਚ ਕੋਈ ਪਾਪ ਪੁੰਨ ਹੈ । ਉਪਰਲੀ ਸਾਰੀ ਵਿਚਾਰ ਤੋਂ ਬਾਅਦ ਬੰਦੇ ਦੇ ਸਭਿਆਚਾਰਕ ਵਰਤਾਰੇ ਵਿੱਚ ਉਸ ਦੀ ਕੋਈ ਮਰਜ਼ੀ ਨਜ਼ਰ ਨਹੀਂ ਆਉਂਦੀ । ਪੰਜਾਬੀ ਦੇ ਪੰਜਾਬੀ ਹੋਣ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਹੈ । ਹਿੰਦੂ ਦੇ ਗਊ ਨੂੰ ਪਵਿੱਤਰ ਮੰਨਣ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ ਹੈ । ਈਸਾਈ ਦੇ ਸੁਰਗ ਨਰਕ ਵਿੱਚ ਵਿਸ਼ਵਾਸ਼ ਵਿੱਚ ਉਸਦੀ ਕੋਈ ਮਰਜ਼ੀ ਨਹੀਂ । ਅਗਰ ਕੋਈ ਕਿਸੇ ਸ਼ਖਸ ਦੇ ਧਰਮ ਵਾਰੇ ਅਜਿਹੀ ਕੋਈ ਗਲ ਕਰਦਾ ਹੈ ਜੋ ਉਸਨੂੰ ਚੰਗੀ ਲਗਦੀ ਹੈ ਉਹ ਉਸ ਨੂੰ ਬਿਨਾ ਪਰਖੇ ਮੰਨ ਲੈਂਦਾ ਹੈ ਪਰ ਦੂਜੇ ਧਰਮਾਂ ਵਾਰੇ ਗੱਲ ਮੰਨਣ ਵਿੱਚ ਦੇਰ ਲਾਉਂਦਾ ਹੈ ਜਾ ਨਹੀਂ ਮੰਨਦਾ । ਇਹ ਉਸਦੇ ਧਾਰਮਿਕ ਮਹੌਲ ਦੀ ਦੇਣ ਹੈ । ਪੁਜਾਰੀ ਲੋਕ ਇਸ ਦਾ ਭਲੀਭਾਂਤ ਲਾਭ ਉਠਾਉਂਦੇ ਨੇ । ਉਸੇ ਬੱਚੇ ਨੂੰ ਦੁਸਰੇ ਧਰਮ ਦੇ ਮਹੌਲ ਵਿੱਚ ਪਾਲਣ ਨਾਲ ਉਹ ਬਦਲ ਜਾਂਦਾ ਹੈ । ਬੰਦਾ ਕੱਪੜਾ ਕਿਹੋ ਜਿਹਾ ਪਾਉਂਦਾ ਹੈ ਇਹ ਵੀ ਉਸ ਦੀ ਮਰਜ਼ੀ ਨਹੀਂ ਹੈ । ਫੈਸ਼ਨ ਇਸੇ ਗਲ ਦੀ ਉਪਜ ਹੈ । ਇਸ ਦਾ ਮੰਡੀਕਰਣ ਦਾ ਢੋਲ ਢਮੱਕਾ ਵੀ ਖੂਬ ਲਾਭ ਲੈਂਦਾ ਹੈ ।

ਵਿਗਿਆਨ ਮੁਤਾਬਿਕ ਮਨ ਜਾਂ ਚੇਤਨਤਾ ਵੀ ਸਾਡੇ ਦਿਮਾਗ ਦੀ ਹੀ ਉਪਜ ਹਨ । ਇਸੇ ਵਿਸ਼ੇ ਤੇ ਲਗਾਤਾਰ ਖੋਜ ਹੋ ਰਹੀ ਹੈ । ਵਿਗਿਆਨ ਨੂੰ ਵੀ ਦਿਮਾਗ ਦੀ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਨ ਹੀ ਵਿਗਿਆਨ ਇਹ ਦਾਅਵਾ ਕਰਦਾ ਹੈ । ਅਕਾਸ਼ ਵਿੱਚ ਉੰਨ੍ਹੇ ਤਾਰੇ ਨਹੀਂ ਹਨ ਜਿੰਨੇ ਸਾਡੇ ਦਿਮਾਗ ਵਿੱਚ ਤੰਤੂ ਜਾਂ ਨਿਉਰੌਨ ਹਨ । ਜਿਵੇਂ ਆਪਾਂ ਉੱਪਰ ਲਿਬਿਟ ਦੇ ਤਜ਼ਰਬੇ ਵਾਰੇ ਪੜ੍ਹ ਆਏ ਹਾਂ ਜਿਸ ਨੇ ਇਹ ਸਾਬਤ ਕੀਤਾ ਹੈ ਕਿ ਸਾਡਾ ਦਿਮਾਗ ਸਾਤੋਂ ਪਹਿਲਾਂ ਹੀ ਸਾਰੇ ਫੈਸਲੇ ਕਰ ਲੈਂਦਾ ਹੈ ।  ਇਹ ਵੀ ਸਾਬਤ ਹੋ ਚੁੱਕਾ ਹੈ ਕਿ ਸਾਡੇ ਦਿਮਾਗ ਦੇ ਅੱਡ ਅੱਡ ਹਿੱਸੇ ਅੱਡ ਅੱਡ ਕੰਮ ਕਰ ਰਹੇ ਨੇ । ਬੰਦੇ ਦੇ ਖੁਸ਼ ਜਾਂ ਉਦਾਸ ਹੋਣ,ਸ਼ਰਧਾ ਜਾਂ ਹੋਰ ਭਾਵਨਾਵਾਂ ਨੂੰ ਦਿਮਾਗ ਦਾ ਅਮਿਗਡਲਾ (amygdala) ਕੰਟਰੋਲ ਕਰਦਾ ਹੈ । ਸੋਚਣ, ਤਰਕ ਅਤੇ ਗੁੰਝਲ ਹੱਲ ਕਰਨ ਵਾਲੇ ਹਿਸੇ ਨੂੰ ਫ੍ਰੰਟਲ ਲੋਬ (frontal lobe) ਕਹਿੰਦੇ ਨ । ਇਸੇ ਤਰ੍ਹਾਂ ਸਾਡੀ ਸੁਣਨ ਸ਼ਕਤੀ, ਨਜ਼ਰ, ਯਾਦਾਸ਼ਤ ਅਤੇ ਸਰੀਰ ਦੇ ਬਾਕੀ ਸਾਰੇ ਕਾਰਜ਼ਾਂ ਨੂੰ ਦਿਮਾਗ ਦੇ ਅੱਡ ਅੱਡ ਹਿੱਸੇ ਕੰਟਰੋਲ ਕਰਕੇ ਚਲਾਉਂਦੇ ਹਨ । ਵਿਗਿਆਨੀ ਇਹ ਤਜ਼ਰਬੇ ਨਾਲ ਸਿੱਧ ਕਰ ਚੁੱਕੇ ਨੇ ਕਿ ਦਿਮਾਗ ਦਾ ਜਿਹੜਾ ਹਿੱਸਾ ਕੰਮ ਕਰਦਾ ਹੈ ਉਸ ਵਿੱਚ ਆਕਸੀਜ਼ਨ ਜ਼ਿਆਦਾ ਜਾਣ ਲਗ ਪੈਂਦੀ ਹੈ । ਇੱਕ ਤਰ੍ਹਾਂ ਨਾਲ ਉਹ ਹਿੱਸਾ ਜਗਮਗ ਜਗਮਗ ਕਰਨ ਲਗ ਪੈਂਦਾ ਹੈ । ਅਗਰ ਦਿਮਾਗ ਦਾ ਕੋਈ ਹਿੱਸਾ ਕਿਸੇ ਕਾਰਨ ਜ਼ਖ਼ਮੀ ਹੋ ਜਾਏ ਤਾਂ ਉਸ ਹਿੱਸੇ ਨਾਲ ਸਬੰਧਤ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਨੇ । ਅਧਰੰਗ ਦੀ ਬਿਮਾਰੀ ਇਸ ਦਾ ਪ੍ਰਤੱਖ ਪ੍ਰਮਾਣ ਹੈ । ਕਈ ਵਾਰੀ ਅਜਿਹੇ ਸ਼ਖਸ਼ ਜਿੰਦਗੀ ਵਿੱਚ ਮਿਲਦੇ ਨੇ ਜਿਹਨਾਂ ਨੂੰ ਭੁਖ ਨਹੀਂ ਲਗਦੀ ਜਾਂ ਕਈਆ ਨੂੰ ਭੁਖ ਬਹੁਤ ਲਗਦੀ ਹੈ ਇਸਦਾ ਕਾਰਨ ਵੀ ਦਿਮਾਗ ਦੇ ਉਸ ਹਿੱਸੇ ਵਿੱਚ ਗੜਬੜ ਹੁੰਦੀ ਹੈ ਜੋ ਹਿੱਸਾ ਸਰੀਰ ਦੀ ਇਸ ਲੋੜ ਨੂੰ ਕੰਟਰੋਲ ਕਰਦਾ ਹੈ । ਇੱਕ ਤਰ੍ਹਾਂ ਨਾਲ ਸਾਡਾ ਦਿਮਾਗ ਸਾਡੇ ਸਰੀਰ ਦਾ ਸੀ ਪੀ ਯੂ ਹੈ ਜੋ ਇਸ ਸਰੀਰ ਰੂਪੀ ਕੰਪਿਊਟਰ ਨੂੰ ਚਲਾ ਰਿਹਾ ਹੈ । ਇਸ ਦੀ ਭਾਸ਼ਾ, ਸ਼ਬਦਾਵਲੀ, ਯਾਦਸਕਤੀ, ਸਪੀਡ, ਪਸੰਦ ਜਾਂ ਨਾ ਪਸੰਦ ਆਦਿ ਸਭ ਪਹਿਲਾਂ ਤੋਂ ਹੀ ਪਏ ਹੋਏ ਪ੍ਰੋਗਰਾਮ ਮੁਤਾਬਿਕ ਨਿਰਧਾਰਿਤ
ਹਨ । ਜਿਸ ਤਰ੍ਹਾਂ ਕੰਪਿਉਟਰ ਬਣਾਏ ਹੋਏ ਪ੍ਰੋਗਰਾਮ ਤਹਿਤ ਕੰਮ ਕਰ ਰਿਹਾ ਹੈ । ਦਿਮਾਗ ਦੇ ਤੰਤੂੂ ਜਾਂ ਨਿਉਰੌਨ ਵੀ ਫਿਜਿਕਸ ਦੇ ਕਨੂੰਨ ਤਹਿਤ ਹੀ ਕੰਮ ਕਰਦੇ ਨੇ । ਬੰਦੇ ਦੇ ਦਿਮਾਗ ਰੂਪੀ ਸ਼ੀ ਪੀ ਯੂ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਾਂ ਐਪਲੀਕੇਸ਼ਨਜ਼ ਹਨ ਇਹ ਬੰਦੇ ਦੇ ਆਪਣੇ ਵਸ ਵਿੱਚ ਨਹੀਂ ਹੈ । ਮਨ ਜਾਂ ਚੇਤਨਤਾ ਵੀ ਇਸੇ ਦਿਮਾਗ ਦੀ ਉਪਜ ਹਨ । ਬੇਸ਼ੱਕ ਕਈ ਇੱਕ ਵਿਦਵਾਨ ਜਾਂ ਲੇਖਕ ਇਸ ਨਾਲ ਸਹਿਮਤ ਵੀ ਨਹੀਂ ਹਨ ।

ਵਿਗਿਆਨ ਅਨੁਸਾਰ ਬੰਦੇ ਦੀ ਮਰਜ਼ੀ ਜਾਂ ਖੁਦਮੁਖਿਤਿਆਰੀ ਇੱਕ ਭਰਮ ਹੈ । ਸੈਮ ਹੈਰਿਸ ਆਪਣੀ ਕਿਤਾਬ “ਫਰੀ ਵਿੱਲ” ਵਿੱਚ ਤਾਂ ਇੱਥੋਂ ਤਕ ਕਹਿੰਦਾ ਹੈ ਕਿ ਇਹ ਮਹਿਜ਼ ਇੱਕ ਭਰਮ ਹੀ ਨਹੀਂ ਬਲਕਿ ਇੱਕ ਉਘੜ ਦੁਗੜਾ ਖਿਆਲ ਹੈ ਜਿਸ ਦੀ ਕੋਈ ਤੁਕ ਨਹੀਂ ਬਣਦੀ ।16 ਆਈਨਸਟਾਈਨ ਇੱਕ ਜਗ੍ਹਾ ਲਿਖਦਾ ਹੈ ਕਿ “ਅਗਰ ਚੰਦ ਕੋਲ ਆਪਣੀ ਚਾਲੇ ਚਲਦੇ ਹੋਏ ਸਵੈ ਚੇਤਨਤਾ ਆ ਜਾਏ ਤਾਂ ਉਸ ਨੂੰ ਇਹ ਵਿਸ਼ਵਾਸ਼ ਹੋ ਜਾਏਗਾ ਕਿ ਉਹ ਇਹ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ । ਇਸੇ ਤਰ੍ਹਾਂ ਅਗਰ ਕੋਈ ਉੱਚ ਪਾਏ ਦੀ ਸੂਝ ਬੂਝ ਅਤੇ ਅਕਲ ਵਾਲਾ ਸ਼ਖਸ਼ ਬੰਦੇ ਵਲ ਝਾਤੀ ਮਾਰੇ ਉਹ ਬੰਦੇ ਦੀ ਆਪਣੀ ਖੁਦਮੁਖਿਤਿਆਰੀ ਦੇ ਭਰਮ ਤੇ ਮੁਸਕਰਾਏਗਾ ।”17

ਇੱਥੇ ਇਕ ਹੋਰ ਗੱਲ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਵਿਗਿਆਨ ਬੰਦੇ ਨੂੰ ਜੋ ਵਸੋਂ ਬਾਹਰੇ ਕਾਰਨਾ ਕਰਕੇ ਕੋਈ ਕੰਮ ਕਰਨ ਲਈ ਮਜਬੂਰ ਹੈ ਉਹਨਾਂ ਕੰਮਾ ਲਈ ਜੁੰਮੇਵਾਰ ਨਹੀਂ ਮੰਨਦਾ । ਇਸ ਦੇ ਉਲਟ ਧਰਮ ਉਸ ਨੂੰ ਫਿਰ ਵੀ ਜੁੰਮੇਵਾਰ ਮੰਨਦਾ ਹੈ । ਪਰ ਵਿਗਿਆਨ ਇਹ ਵੀ ਨਹੀਂ ਕਹਿੰਦਾ ਕਿ ਬੰਦਾ ਅਗਰ ਅਪਰਾਧ ਕਰਦਾ ਹੈ ਤਾਂ ਉਹ ਉਸ ਲਈ ਜੁੰਮੇਵਾਰ ਨਹੀ ਹੈ । ਖੈਰ ਇਸ ਨੁਕਤੇ ਤੇ ਅਸੀਂ ਲੇਖ ਵਿੱਚ ਅੱਗੇ ਜਾ ਕੇ ਹੋਰ ਵਿਚਾਰ
ਕਰਾਂਗੇ ।

ਗਰਬਾਣੀ ਅਤੇ ਸਵਾਲ

ਗੁਰਬਾਣੀ ਵਿੱਚ ਇਹ ਗੱਲ ਪੈਰ ਪੈਰ ਤੇ ਕਹੀ ਗਈ ਹੈ ਕਿ ਇਸ ਸਿ੍ਰਸ਼ਟੀ ਵਿੱਚ ਹਰ ਚੀਜ ਕਰਤਾਰ ਦੇ ਹੁਕਮ ਅਧੀਨ ਕੰਮ ਕਰ ਰਹੀ ਹੈ ।  ਪਰ ਨਾਲ ਹੀ ਇਹ ਵੀ ਬੜੇ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਬੰਦਾ ਆਪਣੇ ਕੰਮਾਂ ਲਈ ਖੁਦ ਆਪ ਜੁੰਮੇਵਾਰ ਹੈ । ਗੁਰ ਨਾਨਕ ਸਾਹਿਬ ਜਪੁ ਬਾਣੀ ਦੇ ਸ਼ੁਰੂ ਵਿੱਚ ਹੀ ਕਹਿੰਦੇ ਨੇ ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ 2 ॥

ਅਗੇ ਪੰਨਾ 55 ਤੇ ਫਿਰ ਸਾਨੂੰ ਯਾਦ ਦਵਾਉਂਦੇ ਨੇ ਕਿ

ਹੁਕਮੀ ਸਭੈ ਉਪਜਹਿ ਹੁਕਮੀ ਕਾਰ ਕਮਾਹਿ॥ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਨਾਨਕ ਜੋ ਤਿਸ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛ ਨਾਹਿ ॥

ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ ਕਿ “ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥” ਪੰਨਾ 523 । ਬੇਸ਼ੱਕ ਬੰਦਾ ਰਾਹ ਸਿਰ ਹੈ ਜਾਂ ਭਟਕ ਗਿਆ ਹੈ ਪਰ ਰਹਿੰਦਾ ਉਸਦੇ ਹੁਕਮ ਅਧੀਨ ਹੀ ਹੈ । ਫੁਰਮਾਨ ਹੈ, “ਭਾਣੈ ਉਝੜ ਭਾਣੈ ਰਾਹਾ ॥” ਪੰਨਾ 98 । ਇਸ ਲਈ ਗੁਰੂ ਰਾਮ ਦਾਸ ਸਪਸ਼ਟ ਕਰਦੇ ਕਹਿੰਦੇ ਨੇ ਕਿ “ਭਾਈ ਮਤ ਕੋ ਜਾਣਹੁ ਕਿਸੀ ਕੇ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨ ਹਰਿ ਕਾ ਲਾਇਆ॥” ਪੰਨਾ 168 ।  ਬਲਕਿ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਹੁਕਮਰਾਨ ਅਤੇ ਅਫਰਸਾਨ ਵੀ ਕਰਤਾਰ ਦੇ ਹੀ ਪੈਦਾ ਕੀਤੇ ਜਾਂ ਬਣਾਏ ਹੋਏ ਹਨ ਅਤੇ ਉਹ ਉਸ ਦਾ ਹੀ ਹੁਕਮ ਵਜਾ ਰਹੇ ਨੇ । “ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ॥ਜੋ ਕਿਛੁ ਹਰਿ ਕਰਾਵੇ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥” ਪੰਨਾ 851 ।  ਦਰਅਸਲ ਅਸੀਂ ਸਾਰੇ ਇਕ ਸਾਜ਼ ਹਾਂ ਜਿਸ ਨੂੰ ਕਰਤਾਰ ਵਜਾ ਰਿਹਾ ਹੈ । “ਹਮ ਤੇਰੇ ਜੰਤ ਤੂ ਬਜਾਵਨਹਾਰਾ ॥” ਪੰਨਾ 1144 ਕਬੀਰ ਸਾਹਿਬ ਹੋਰ ਵੀ ਸਪੱਸ਼ਟ ਕਰਦੇ ਹੋਏ ਕਹਿੰਦੇ ਨੇ ਕਿ “ਕਬੀਰ ਜੋ ਮੈ ਚਿਤਵਉ ਨ ਕਰੈ ਕਿਆ ਮੇਰੇ ਚਿਤਵੈ ਹੋਇ॥ਆਪਨ ਚਿਤਵਿਆ ਹਰਿ ਕਰੇ ਜੋ ਮੇਰੇ ਚਿਤਿ ਨ ਹੋਇ ॥” ਪੰਨਾ 1376 ।

ਦੂਸਰੇ ਪਾਸੇ ਇਹ ਵੀ ਬੜਾ ਠੋਕ ਵਜਾ ਕਿ ਕਿਹਾ ਗਿਆ ਹੈ ਕਿ ਬੰਦਾ ਆਪਣੇ ਅਮਲਾਂ ਦਾ ਹੀ ਫਲ ਪਾਉਂਦਾ ਹੈ । “ਦਦੈ ਦੋਸ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੇ ਅਵਰ ਜਨਾ ॥” ਪੰਨਾ 433 । ਆਸਾ ਦੀ ਵਾਰ ਵਿੱਚ ਗੁਰ ਨਾਨਕ ਸਾਹਿਬ ਸ਼ੱਕ ਦੀ ਕੋਈ ਗੁੰਜਾਇਸ਼ ਨਹੀ ਰਹਿਣ ਦਿੰਦੇ ਕਿ ਬੰਦੇ ਨੇ ਜੋ ਕੀਤਾ ਉਹਦਾ ਹੀ ਫਲ ਪਾਉਣਾ ਜਾਂ ਭੁਗਤਣਾ ਹੈ । “ਫਲ ਤੇਵੇਹੋ ਪਾਈਐ ਜੇਵੇੇਹੀ ਕਾਰ
ਕਮਾਈਐ ॥” ਪੰਨਾ 468 ।  ਜਪੁ ਵਿੱਚ ਵੀ ਸਿੱਖ ਰੋਜ਼ ਪੜ੍ਹਦਾ ਹੈ ਕਿ ਜੋ ਉਸ ਨੇ ਬੀਜਣਾ ਹੈ ਉਹੀ ਉਸਨੇ ਖਾਣਾ ਹੈ । “ਆਪੇ ਬੀਜਿ ਆਪੇ ਹੀ
ਖਾਹੁ ॥” ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਰਤਾਰ ਦੇ ਸੱਚੇ ਦਰਬਾਰ ਵਿੱਚ ਕਰਮਾਂ ਮੁਤਾਬਿਕ ਹੀ ਫੈਸਲਾ ਹੁੰਦਾ ਹੈ । “ਕਰਮੀ ਕਰਮੀ ਹੋਇ ਵਚਿਾਰੁ ॥” ਫਿਰ ਕਿਆ ਇਹ ਦੋਵੇ ਗੱਲਾਂ ਕਾਟਵੀਆਂ ਨਹੀਂ ਹਨ । ਅਗਰ ਸਭ ਕੁਝ ਕਰਤਾਰ ਦੇ ਹੁਕਮ ਅਧੀਨ ਹੀ ਹੋ ਰਿਹਾ ਹੈ ਤਾਂ ਬੰਦਾ ਮਾੜੇ ਕੰਮਾ ਲਈ ਕਿਵੇਂ ਜੁੰਮੇਵਾਰ ਠਹਿਰਾਇਆ ਜਾ ਸਕਦਾ ਹੈ । ਕੁਝ ਹੋਰ ਸਵਾਲ ਵੀ ਉੱਠ ਕੇ ਜਵਾਬ ਮੰਗਦੇ ਨੇ ।

  1. ਕੀ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਸਮੇਂ ਕਰਤਾਰ ਦਾ ਹੁਕਮ ਮੰਨ ਰਿਹਾ ਸੀ ?
  2. ਕੀ ਜਿੰਨ੍ਹੇ ਵੀ ਸਿੰਘ ਸ਼ਹੀਦ ਹੋਏ ਨੇ ਕਰਤਾਰ ਦੇ ਹੁਕਮ ਅਧੀਨ ਹੋਏ ਨੇ ?
  3. ਕੀ ਇੰਦਰਾ ਗਾਂਧੀ ਨੇ ਜੋ ਕੀਤਾ, ਭਿੰਡਰਾਵਾਲੇ ਨੇ ਜੋ ਕੀਤਾ, ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜੋ ਕੀਤਾ ਅਤੇ 84 ਦਾ ਜੋ ਸਿੱਖ ਕਤਲੇਆਮ ਹੋਇਆ – ਇਹ ਸਭ ਕਰਤਾਰ ਦੀ ਹੀ ਖੇਡ ਸੀ ?
  4. ਕੀ ਪੰਜਾਬ ਦੇ ਮੌਜ਼ੂਦਾ ਦੌਰ ਦੇ ਹਾਕਮ ਚਾਹੇ ਉਹ ਅਕਾਲੀ ਨੇ ਜਾਂ ਕਾਂਗਰਸੀ – ਕੀ ਉਹ ਜੋ ਕਰ ਰਹੇ ਨੇ ਜਾਂ ਜੋ ਕਰ ਚੁੱਕੇ ਨੇ ਇਹ ਸਭ ਕਰਤਾਰ ਦਾ ਹੀ ਕੀਤਾ ਕਰਾਇਆ ਹੈ ?
  5. ਹਾਦਸਿਆਂ ਦੌਰਾਨ ਜੋ ਨਿਰਦੌਸ਼ ਮਾਰੇ ਗਏ ਉਹਨਾਂ ਕਿਸ ਕਰਮ ਦਾ ਫਲ ਜਾਂ ਸਜ਼ਾ ਭੁਗਤੀ ?

ਇਹਨਾਂ ਸਵਾਲਾਂ ਦਾ ਉੱਤਰ ਵੀ ਅਸੀਂ ਇਸ ਵਿਸ਼ੇ ਦੀ ਵੀਚਾਰ ਚਰਚਾ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ।

ਆਉ ਪਹਿਲਾਂ ਇਹ ਸਮਝੀਏ ਕਿ ਗੁਰਬਾਣੀ ਨਿਰਧਾਰਿਤਵਾਦ ਬਨਾਮ ਖੁਦੁਮਖਿਤਿਆਰੀ ਬਾਰੇ ਕੀ ਕਹਿੰਦੀ ਹੈ ।  ਇਹ ਸਮਝਣ ਲਈ ਸਾਨੂੰ ਗੁਰਬਾਣੀ ਵਿੱਚ ਦੱਸੇ ਜ਼ਿੰਦਗੀ ਦੇ ਦੋ ਰਾਹਾਂ ਵਾਰੇ ਜਾਨਣਾ ਪਏਗਾ । ਬੰਦੇ ਦੀ ਜ਼ਿੰਦਗੀ ਇਹਨਾਂ ਰਾਹਾਂ ਤੇ ਕਿਵੇਂ ਚਲਦੀ ਹੈ ਸਾਨੂੰ ਇਹ ਸਮਝਣ ਵਿੱਚ ਸਹਾਇਤਾ ਕਰੇਗਾ ਕਿ ਬੰਦਾ ਜੋ ਵੀ ਕਰਦਾ ਹੈ ਉਸ ਵਿੱਚ ਉਸ ਦੀ ਕਿੰਨੀ ਕੁ ਆਪਣੀ ਮਰਜ਼ੀ ਹੈ । ਜਾਂ ਸਭ ਕੁਝ ਪੂਰਬ ਨਿਰਧਾਰਿਤ ਹੈ । ਇਹ ਰਾਹ ਹਨ ਲਿਵ ਅਤੇ ਧਾਤ ।

ਲਿਵ ਅਤੇ ਧਾਤ

ਲਿਵ ਅਤੇ ਧਾਤ ਨੂੰ ਸਮਝ ਇਸ ਗੁੰਝਲ ਦਾ ਹਲ ਹੋ ਸਕਦਾ ਹੈ । ਗੁਰਬਾਣੀ ਵਿੱਚ ਮਨਮੁੱਖ ਤੇ ਗੁਰਮੁੱਖ ਦਾ ਜੋ ਸੰਕਲਪ ਦਿੱਤਾ ਗਿਆ ਹੈ ਉਹ ਵੀ ਇਨ੍ਹਾਂ ਰਾਹਾਂ ਨਾਲ ਜੁੜਿਆ ਹੋਇਆ ਹੈ । ਇਹਨਾਂ ਰਾਹਾਂ ਤੇ ਚਲਦੇ ਹੋਏ  ਮਨੁੱਖ ਗੁਰਮੁਖ ਜਾਂ ਮਨਮੁਖ ਬਣਦਾ ਹੈ । ਪਰ ਇਹ ਵੀ ਕਿਹਾ ਗਿਆ ਹੈ ਕਿ ਰਾਹ ਜਿਹੜੇ ਮਰਜ਼ੀ ਤੁਰੇ ਪਰ ਮਨੁੱਖ ਹਮੇਸ਼ਾਂ ਕਰਤਾਰ ਦੇ ਹੁਕਮ ਵਿੱਚ ਹੀ ਰਹਿੰਦਾ ਹੈ ।  ਲਿਵ ਵੀ ਹੁਕਮ ਅੰਦਰ ਵਰਤਦੀ ਹੈ ।  ਧਾਤ ਵੀ ਹੁਕਮ ਅਧੀਨ
ਹੈ । ਕਿਉਂਕਿ ਜਿਵੇਂ ਜਪੁ ਬਾਣੀ ਦੇ ਸ਼ੁਰੁ ਵਿੱਚ ਹੀ ਇਹ ਫੁਰਮਾਨ ਹੈ ਕਿ ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 87 ਤੇ ਗੁਰੂ ਅਮਰ ਦਾਸ ਦਾ ਸਲੋਕ ਲਿਵ ਅਤੇ ਧਾਤ ਵਾਰੇ ਕਈ ਗੱਲਾਂ ਸਪੱਸ਼ਟ ਕਰਦਾ ਹੈ ।

ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥ ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥ ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥ ਮਨ ਹੀ ਨਾਲ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ ਮਨ ਜੋ ਇਛੈ ਸੋ ਲਹੈ ਸਚੈ ਸਬਦਿ ਸੁਭਾਇ ॥ ਅੰਮਿ੍ਰਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥ ਗੁਰ ਪਰਸਾਦ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥ ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁੀਖ ਆਵੈ ਜਾਇ ॥ 2 ॥

ਇਸ ਸ਼ਬਦ ਤੇ ਗੌਰ ਕਰਦਿਆਂ ਜੋ ਗੱਲਾਂ ਸਪੱਸ਼ਟ ਹੁੰਦੀਆਂ ਹਨ, ਉਹ ਹਨ :-

  • ਜ਼ਿੰਦਗੀ ਸਿਰਫ ਦੋ ਰਾਹਾਂ ਤੇ ਚਲਦੀ ਹੈ- ਲਿਵ ਜਾਂ ਧਾਤ ।
  • ਲਿਵ ਅਤੇ ਧਾਤ ਦੋਨੋਂ ਰੱਬ ਦੇ ਹੁਕਮ ਅਧੀਨ ਹਨ ।
  • ਧਾਤ ਵਸ ਪਿਆ ਬੰਦਾ ਮੁਨਮੁਖ ਬਣਦਾ ਹੈ ਅਤੇ ਲਿਵ ਬੰਦੇ ਨੂੰ ਗੁਰਮੁਖ ਬਣਾਉਂਦੀ ਹੈ ।
  • ਅਗਰ ਮਨ ਨੂੰ ਮਾਰ ਲਿਆ ਜਾਂ ਜਿੱਤ ਲਿਆ ਤਾਂ ਧਾਤ ਖਤਮ ਹੋ ਜਾਂਦੀ ਹੈ ਅਤੇ ਲਿਵ ਲੱਗ ਜਾਂਦੀ ਹੈ ।
  • ਮਨ ਮਾਰਨ ਲਈ ਮਨ ਦੀ ਹਰ ਗਲ ਗੁਰੂ ਦੇ ਸ਼ਬਦ ਜਾਂ ਗਿਆਨ ਕਸਵੱਟੀ ਤੇ ਪਰਖਣੀ ਪਏਗੀ ।
  • ਇਸੇ ਜਿੱਤ ਚੋਂ ਹੀ ਅੰਮਿ੍ਰਤ ਪੈਦਾ ਹੁੰਦਾ ਹੈ ।
  • ਮਨ ਮਾਰਨ ਤੋਂ ਬਿਨਾ ਕੋਈ ਹੋਰ (ਕਰਮ ਕਾਂਢ ਆਦਿ) ਪਾਸੇ ਜਾਣਾ ਜ਼ਿੰਦਗੀ ਵਿਅਰਥ ਗਵਾਉਣਾ ਹੈ ।
  • ਇਸ ਜਿੱਤ ਲਈ ਗੁਰੂ ਦੀ ਮਿਹਰ ਭਾਵ ਉਸ ਦੇ ਗਿਆਨ ਦੀ ਸਮਝ ਜਰੂਰੀ ਹੈ ।
  • ਜਿਸ ਨੂੰ ਸਮਝ ਆ ਗਈ ੳਹੁ ਸੱਚ ਨਾਲ ਜੁੜ ਜਾਂਦਾ ਹੈ ਅਤੇ ਮਨਮੁਖ ਭਟਕਦਾ ਰਹਿੰਦਾ ਹੈ ।

ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਸਪਸ਼ਟ ਕਰ ਦਿਤਾ ਗਿਆ ਹੈ ਕਿ ਇਹਨਾਂ ਦੋਹਾਂ ਰਾਹਾਂ ਨੂੰ ਮੇਲਦੀ ਸਮਝੋਤੇ ਵਾਲੀ ਕੋਈ ਡੰਡੀ ਵੀ ਨਹੀਂ ਹੈ । ਗੁਰੂ ਦੇ ਬਚਨ ਹਨ, “ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ ਜਿਨ ਕਉ ਪੋਤੈ ਪੁੰਨ੍ਹ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥ 2 ॥” ਪੰਨਾ 316 । ਬਲਕਿ ਇਹ ਕਿਹਾ ਗਿਆ ਹੈ ਕਿ ਧਾਤੁ ਧਾਤੁ ਨਾਲ ਹੀ ਮਿਲ ਕੇ ਖੁਸ਼ ਹੈ ਜਦ ਕਿ ਲਿਵ ਲਿਵ ਨੂੰ ਭੱਜ ਭੱਜ ਮਿਲਦੀ ਹੈ । “ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥” ਪੰਨਾ 725 । ਜ਼ਿੰਦਗੀ ਵਿੱਚ ਵੀ ਇਹ ਸਚਾਈ ਦੇਖਣ ਨੂੰ ਆਮ ਮਿਲਦੀ ਹੈ ਕਿ ਬੰਦਾ ਆਪਣੇ ਸਭਾਉ ਵਾਲੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਦਾ ਹੈ । ਪਰ ਇਸ ਦੇ ਨਾਲ ਹੀ ਇਹ ਸਮਝਣ ਅਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਦੋਵੇਂ ਰਾਹ ਕਰਤਾਰ ਦੇ ਹੀ ਚਲਾਏ ਹੋਏ ਨੇ । ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ, “ਆਪੇ ਲਿਵ ਧਾਤੁ ਹੈ ਆਪੈ॥ਆਪਿ ਬੁਝਾਏ ਆਪੇ ਜਾਪੇ॥ਆਪਿ ਸਤਿਗੁਰੁ ਸਬਦੁ ਹੈ ਆਪੈ ॥ ਨਾਨਕ ਆਖਿ ਸੁਣਾਏ ਆਪੈ ॥ 4 ॥” ਪੰਨਾ 797

ਕਬੀਰ ਸਾਹਿਬ ਕਹਿੰਦੇ ਨੇ ਜਦੋ ਮੇਰੀ ਉਹ ਮੱਤ ਜਿਹੜੀ ਮੈਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਪਾਈ ਰੱਖਦੀ ਸੀ ਖ਼ਤਮ ਹੋ ਗਈ ਤਾਂ ਮੇਰੀ ਉਸ ਪ੍ਰਭੂ ਨਾਲ ਲਿਵ ਲਗ ਗਈ । “ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਿਜ ਲਿਵ ਲੀਣਾ ॥” ਪੰਨਾ 475 ।  ਇਹੀ ਖਿਆਲ ਪੰਨਾ 503 ਤੇ ਗੁਰੂ ਨਾਨਕ ਸਹਿਬ ਦਾ ਹੈ ਜਦੋ ਉਹ ਕਹਿੰਦੇ ਨੇ, “ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥” । ਗੁਰ ਨਾਨਕ ਸਾਹਿਬ ਪੰਨਾ 55 ਤੇ ਫੁਰਮਾਉਂਦੇ ਹਨ ਕਿ ਅਗਰ ਇਨਸਾਨ ਹੁਕਮ (ਨਾਮ) ਵਿੱਚ ਜ਼ਿੰਦਗੀ ਜੀਉਂਦਾ ਹੈ ਤਾਂ ਮਨ ਵਿੱਚ ਨਾਮ ਵਸ ਜਾਂਦਾ ਹੈ । “ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥” ਗੁਰੂ ਦੀ ਮੱਤ ਨਾਲ ਇਹੋ ਜਿਹਾ ਚਾਨਣ ਹੁੰਦਾ ਹੈ ਕਿ ਸੱਚ ਨਾਲ ਲਿਵ ਲਗ ਜਾਦੀ ਹੈ । “ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥” ਇਕ ਹੋਰ ਜਗ੍ਹਾ ਗੁਰੂ ਸਾਹਿਬ ਕਹਿੰਦੇ ਹਨ ਲਿਵ ਤਾਂ ਹੀ ਲਗਦੀ ਹੈ ਜਦੋਂ ਗੁਰੂ ਗਿਆਨ ਤੋ ਆਪਾ ਕੁਰਬਾਨ ਕਰ ਦਈਏ ਭਾਵ ਆਪਣੀ ਅਕਲ ਛੱਡ ਦਈਏ । “ਸਬਦਿ ਮਰੈ ਤਾਂ ਏਕ ਲਿਵ ਲਾਏ ॥” ਪੰਨਾ 416  । ਲਿਵ ਟਿਕਾਅ ਹੈ ।  ਧਾਤ ਭਟਕਣਾ ਹੈ । ਲਿਵ ਜਾਗਣ ਦਾ ਨਾਮ ਹੈ ।  ਧਾਤ ਸੌਣ ਦਾ । “ਜਾਗਤੁ ਜਾਗਿ ਰਹੈ ਲਿਵ ਲਾਇ ॥” ਪੰਨਾ 840 । “ਅਨਦਿਨੁ ਜਾਗਿ ਰਹੇ ਲਿਵ ਲਾਈ ॥” ਪੰਨਾ 904

ਗੁਰੂ ਅਮਰਦਾਸ ਇਹ ਸਪਸ਼ਟ ਕਰਦੇ ਨੇ ਕਿ ਹਿੰਦੂ ਮੱਤ ਅਨੁਸਾਰ ਜੋ ਮਾਇਆ ਦੇ ਤਿੰਨਾਂ ਗੁਣ18 ਹਨ ਉਹ ਵੀ ਧਾਤ ਵਿੱਚ ਹੀ ਹਨ ਜੋ ਲਿਵ ਨਾਲ ਖਤਮ ਹੋ ਜਾਂਦੀ ਹੈ । “ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥” ਪੰਨਾ 66 । ਲਿਵ ਲਾਉਣ ਲਈ ਗੁਰੂ ਦੇ ਗਿਆਨ ਜਾਂ ਸ਼ਬਦ ਨਾਲ ਜੋੜਨ ਦੀ ਹਦਾਇਤ ਹੈ । ਜਿਉਂ ਜਿਉਂ ਇਨਸਾਨ ਦੀ ਉਮਰ ਪੱਕਦੀ ਹੈ ਤਾਂ ਸੋਝੀ ਆਉਣੀ ਸ਼ੁਰੁ ਹੋ ਜਾਂਦੀ ਹੈ ।  ਗੁਰੂ ਨਾਨਕ ਸਾਹਿਬ ਦੇ ਬਚਨ ਹਨ “ਕਹੁ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭੁ ਚੇਤਹੁ ਲਿਵ ਲਾਇ ॥” ਪੰਨਾ 76  ।  ਪਰ ਜਿਵੇਂ ਇਸੇ ਪੰਨੇ ਤੇ ਗੁਰੂ ਰਾਮਦਾਸ ਕਹਿੰਦੇ ਨੇ ਕਿ ਕੋਈ ਵਿਰਲਾ ਸਖਸ਼ ਹੀ ਗੁਰੂ ਵਲ ਮੁੜ ਵਿਚਾਰ ਕਰ ਆਪਣੇ ਮਨ ਦੀ ਵਿਰਤੀ ਨੂੰ ਇਕਾਗਰ ਕਰਦਾ ਹੈ । “ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥” ਇਹ ਕ੍ਰਿਪਾ ਉਹਨਾਂ ਤੇ ਹੁੰਦੀ ਹੈ ਜਿੰਨਾਂ ਨੂੰ ਬਿਬੇਕ ਗੁਰੂ ਸਚ ਨਾਲ ਜੋੜ ਦਿੰਦਾ ਹੈ । “ਸਤਿਗੁਰਿ ਸਚੁ ਦਿ੍ਰੜਾਇਆ ਸਚਿ ਰਹਹੁ ਲਿਵ ਲਾਇ ॥” ਪੰਨਾ 84 । ਲਿਵ ਲੱਗਣ ਦੀ ਸ਼ਰਤ ਅਤੇ ਨਤੀਜਾ ਇਹ ਹੈ ਕਿ ਹਉਮੇ ਦਾ ਨਾਸ ਹੋ ਜਾਂਦਾ ਹੈ ਅਤੇ ਨਾਲ ਹੀ ਹੁਕਮ (ਨਾਮ) ਦੀ ਸੋਝੀ ਹੋ ਜਾਂਦੀ ਹੈ । “ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥” ਪੰਨਾ 86 । ਧਾਤ ਦੁਬਿਧਾ ਪੈਦਾ ਕਰਦੀ ਹੈ ਜੋ ਲਿਵ ਨਾਲ ਮਿਟ ਜਾਂਦੀ ਹੈ । “ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥” ਪੰਨਾ 119 । ਧਾਤ ਮਨ ਵਿੱਚ ਕਲੇਸ਼ ਪੈਦਾ ਕਰਦੀ ਹੈ ਜੋ ਲਿਵ ਨਾਲ ਮਿਟ ਜਾਂਦੇ ਨੇ । “ਕਲਿ ਕਲੇਸ ਮਿਟੈ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥” ਪੰਨਾ 1206  ।  ਗੁਰੂ ਸਾਹਿਬ ਪੰਨਾ 129 ਤੇ ਬਚਨ ਕਰਦੇ ਨੇ ਕਿ “ਮਾਇਆ ਮੋਹੁ ਜਗਤੁ
ਸਬਾਇਆ ॥ ਤ੍ਰੈ ਗੁਣ ਦੀਸਹਿ ਮੋਹਿ ਮਾਇਆ ॥ ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥ 1 ॥” ਇਹ ਚੌਥਾ ਪਦ ਕੀ ਹੈ ਇਹ ਸਾਨੂੰ ਪੰਨਾ 165 ਤੇ ਪਤਾ ਲਗਦਾ ਹੈ ਜਿਥੇ ਗੁਰੂ ਰਾਮ ਦਾਸ ਸਾਹਿਬ ਲਿਖਦੇ ਹਨ ਕਿ ਜਿਨ੍ਹਾ ਨੇ ਗੁਰੂ ਗਿਆਨ ਅਗੇ ਸਿਰ ਝੁਕਾ ਦਿੱਤਾ ੳੋੁਹ ਕੂੜ ਤਿਆਗ ਹਰੀ ਭਾਵ ਸੱਚ ਨਾਲ ਲਿਵ ਲਾ ਲੈਂਦੇ ਨੇ । “ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ॥ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥ ਤੇ ਦਰਗਹ ਮੁਖ ਊਜਲ ਭਾਈ ॥ 3 ॥” । ਗੁਰੂ ਗਿਆਨ ਹੀ ਚੌਥਾ ਪਦ ਹੈ ਜੋ ਧਾਤ ਨੂੰ ਮਾਰ ਲਿਵ ਨਾਲ ਜੋੜਦਾ ਹੈ । ਗਿਆਨ ਤੋ ਬਿਨਾ ਲਿਵ ਨਹੀਂ ਲਗ ਸਕਦੀ । ਗੁਰੂ ਸਪਸ਼ਟ ਕਰ ਰਹੇ ਨੇ । “ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੈ ॥ ਅਗਿਆਨ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥ 3 ॥ ਪੰਨਾ 172 । ਗੁਰੂ ਸਾਹਿਬ ਨੇ ਬੰਦੇ ਦੀ ਲਿਵ ਬਿਹੂਣੀ ਦੇਹ (ਜ਼ਿੰਦਗੀ) ਨੂੰ ਨਿਮਾਣੀ ਆਖਿਆ ਹੈ । “ਸਾਚੀ ਲਿਵੈ ਬਿਨੁ ਦੇਹ ਨਿਮਾਣੀ ।” ਪੰਨਾ 917  ।  ਮਤਲਬ ਗਿਆਨ ਬਿਹੂਣਾ ਇਨਸਾਨ ਨਿਮਾਣਾ ਹੈ ਪਰ ਅਗਰ ਗਿਆਨ ਦਾ ਪ੍ਰਕਾਸ਼ ਹੋ ਜਾਏ ਤਾਂ ਦੇਹ ਸਨਮਾਨ ਯੋਗ ਹੋ ਜਾਂਦੀ ਹੈ । ਇਹੀ ਦੇਹ ਲਿਵ ਨਾਲ ਇਸ਼ਨਾਨ ਯੋਗ ਸਰੋਵਰ ਵੀ ਬਣ ਜਾਂਦੀ ਹੈ । “ਇਹ ਸਰੀਰ ਸਰਵਰੁ ਹੈ ਸੰਤਹੁ ਇਸਨਾਨੁ ਕਰੈ ਲਿਵ
ਲਾਈ ॥” ਪੰਨਾ 909  । ਇਸ਼ਨਾਨ ਕਿਵੇਂ ਕਰਨਾ ਹੈ? ਦੇਹ ਦੇ ਅੰਦਰ ਬੜ ਤਾਂ ਚੁੱਬੀ ਲਾ ਨਹੀਂ ਸਕਦੇ । ਉਸ ਸਰੀਰ ਨੂੰ ਜੋ ਗਿਆਨ ਹੈ ਉਹ ਸੁਣ ਸਮਝ ਅਗਿਆਨਤਾ ਦੀ ਮੈਲ ਧੋਣੀ ਹੈ ।  ਇਹ ਮੈਲ ਧਾਤ ਤੋਂ ਲਗਦੀ ਹੈ ਜਿਸ ਨੂੰ ਲਿਵ ਧੋ ਦਿੰਦੀ ਹੈ ।  

ਗੁਰ ਨਾਨਕ ਸਾਹਿਬ ਪੰਨਾ 145 ਤੇ ਕਹਿੰਦੇ ਨੇ ਕਿ “ਆਖਣ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ” ਸਭ ਧਾਤੁ ਹੀ ਹੈ ਜੋ ਹੁਕਮ ਵਿੱਚ ਵਰਤ ਰਹੀ ਹੈ । ਧਾਤ ਨੂੰ ਹੋਰ ਬਰੀਕੀ ਨਾਲ ਸਮਝਣ ਲਈ ਆਉ ਦੇਖੀਏ ਗੁਰਬਾਣੀ ਵਿੱਚ ਧਾਤ ਕਿਸ ਨੂੰ ਕਿਹਾ ਗਿਆ ਹੈ ।

  1. ਮਾਇਆ ਦੇ ਤਿੰਨ ਗੁਣ – “ਤ੍ਰੈ ਗੁਣ ਸਭਾ ਧਾਤੁ ਹੈ ਦੁਜਾ ਭਾਉ ਵਿਕਾਰੁ ॥” ਪੰਨਾ 33
  2. ਪ੍ਰਭੂ ਪ੍ਰੀਤ ਤੋਂ ਸੱਖਣੀ ਕੋਈ ਵੀ ਤਾਂਘ – “ਹੋਰੁ ਬਿਰਹਾ ਸਭ ਧਾਤੁ ਹੈ ਜਬੁ ਲਗੁ ਸਾਹਿਬ ਪ੍ਰੀਤ ਨ ਹੋਇ ॥” ਪੰਨਾ 83
  3. ਖਾਣ ਪੀਣ ਦੀ ਵਿਰਤੀ – “ਪੰਜਵੈ ਖਾਣ ਪੀਣ ਕੀ ਧਾਤੁ” ਪੰਨਾ 137
  4. ਚੰਗਾ ਛੱਡ ਮਾੜੈ ਕੰਮ ਨੂੰ ਭੱਜਣਾ – “ਕੁਤੇ ਚੰਦਨੁ ਲਾਈਐ ਬੀ ਸੋ ਕੁਤੀ ਧਾਤੁ ॥” ਪੰਨਾ 143
  5. ਹਉਮੇ – “ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥” ਪੰਨਾ 246
  6. ਅਹੰਕਾਰ, ਤਿ੍ਰਸ਼ਨਾ ਆਦਿ – “ਕਾਇਆ ਲਾਹਿਣ ਆਪੁ ਮਦੁ ਮਜਲਸ ਤਿ੍ਰਸਨਾ ਧਾਤੁ ॥” ਪੰਨਾ 553
  7. ਮੋਹ, ਝੂਠ, ਗੁਮਾਨ – “ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥” ਪੰਨਾ 786
  8. ਕਾਮ, ਇੰਦ੍ਰੀ – “ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥” ਪੰਨਾ 993
  9. ਪੈਸਾ, ਅਮੀਰੀ – “ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥” ਪੰਨਾ 1012
  10. ਮਨਮੁਖਤਾਈ – “ਮਨਮੁਖ ਧਾਤੁ ਦੂਜੈ ਹੈ ਲਾਗਾ ॥” ਪੰਨਾ 1045
  11. ਮੋਹ ਦੀ ਹਉਮੇ – “ਹਉਮੈ ਧਾਤੁ ਮੋਹ ਰਸਿ ਲਾਈ ॥” ਪੰਨਾ 1047
  12. ਮੂਰਖਤਾ ਵਿੱਚ ਅੰਨਾ ਹੋਣਾ – “ਮੂਰਖ ਅੰਧਿਆ ਅੰਧੀ ਧਾਤੁ ॥” ਪੰਨਾ 1239
  13. ਵਿਦਵਤਾ – “ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵਚਿਾਰੁ ॥” ਪੰਨਾ 1277
  14. ਕੁਦਰਤ ਰਚਨਾ ਦੇ ਤੱਤ – “ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥” ਪੰਨਾ 1411
  15. ਕਾਇਆ ਰਚਨਾ ਸਮੱਗਰੀ – “ਅਸਟਮੀ ਅਸਟ ਧਾਤੁ ਕੀ ਕਾਇਆ ॥” ਪੰਨਾ 343
  16. ਸਰੀਰ ਕੱਚਾ ਭਾਂਡਾ – “ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥” ਪੰਨਾ 1376
  17. ਕਾਮ, ਕਰੋਧ, ਲੋਭ, ਮੋਹ, ਅਹੰਕਾਰ – “ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥” ਪੰਨਾ 1078
  18. ਭਟਕਣਾ – “ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥” ਪੰਨਾ 909
  19. ਕਰਮ ਕਾਂਢ ਦੀ ਪ੍ਰੇਰਣਾ – “ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥” ਪੰਨਾ 603
  20. ਕਰਤਾਰ – “ਆਪੇ ਪਾਰਸੁ ਧਾਤੁ ਆਪਿ ਹੈ ਆਪਿ ਕੀਤੋਨੁ ਕੰਚਨੁ ॥” ਪੰਨਾ 552
  21. ਮਨ ਦੀ ਆਵਾਰਗੀ – “ਮਨੁ ਮਾਰੇ ਧਾਤੁ ਮਰਿ ਜਾਇ ॥” ਪੰਨਾ 159
  22. ਅਸਲਾ, ਕੁਦਰਤੀ ਸੁਭਾਉ – “ਜੇਹੀ ਧਾਤੁ ਤੇਹਾ ਤਿਨ ਨਾਉ ॥” ਪੰਨਾ 25

ਧਾਤ ਜ਼ਿੰਦਗੀ ਪੈਦਾ ਕਰਦੀ ਹੈ । ਜ਼ਿੰਦਗੀ ਦਾ ਪੂਰਾ ਕਾਰ ਵਿਹਾਰ ਧਾਤ ਹੀ ਕਰਦੀ ਹੈ ।  ਇਸ ਤੋਂ ਬਿਨਾ ਜ਼ਿੰਦਗੀ ਅਸੰਭਵ ਹੈ । ਜਿੰਦਗੀ ਕਾਮ, ਕਰੋਧ, ਲੋਭ , ਮੋਹ ਅਤੇ ਹੰਕਾਰ ਤੋਂ ਬਿਨਾ ਨਹੀ ਚਲ ਸਕਦੀ ਅਤੇ ਇਹ ਸਭ ਧਾਤ ਹੀ ਦਿੰਦੀ ਹੈ । ਨਾਲ ਹੀ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੇਣ ਵਾਲਾ ਕਰਤਾਰ ਹੈ ਇਸ ਲਈ ਧਾਤ ਵੀ ਕਰਤਾਰ ਦੀ ਹੀ ਦੇਣ ਹੈ । ਕਿਆਸ ਕਰੋ ਅਗਰ ਇਸ ਧਰਤੀ ਤੇ ਕਾਮ ਨਾ ਹੋਵੇ ਤਾਂ ਜ਼ਿੰਦਗੀ ਪੈਦਾ ਹੀ ਨਹੀ ਹੋ ਸਕਦੀ । ਅਗਰ ਮੋਹ ਨਹੀ ਹੈ ਤਾਂ ਮਾਂ ਬਾਪ ਆਪਣੇ ਬੱਚੇ ਨੂੰ ਪਾਲ ਹੀ ਨਹੀ ਸਕਦੇ । ਕਰੋਧ, ਲੋਭ, ਅਹੰਕਾਰ ਆਦਿ ਨਹੀ ਹੋਣਗੇ ਤਾਂ ਜ਼ਿੰਦਗੀ ਅੱਗੇ ਵਧਣੋ ਰੁਕ ਜਾਏਗੀ । ਧਾਤ ਉਹ ਜੁਗਾੜ ਹੈ ਜੋ ਜ਼ਿੰਦਗੀ ਨੂੰ ਇਸ ਧਰਤੀ ਤੇ ਰੋੜੀ ਰੱਖਦਾ ਹੈ । ਦੁਨੀਆਂ ਦਾ ਐਸਾ ਕੋਈ ਸ਼ਖਸ ਪੈਦਾ ਨਹੀਂ ਹੋਇਆ ਜਿਸ ਵਿੱਚ ਧਾਤ ਨ ਹੋਵੇ । ਬਲਕਿ ਐਸਾ ਕੋਈ ਜੀਵ ਜੰਤੂ, ਰੁਖ ਬਿਰਖ, ਪੰਛੀ ਪੰਖੇਰੂ ਵੀ ਨਹੀ ਹੈ ਜੋ ਧਾਤ ਰਹਿਤ ਹੋਵੇ । ਧਾਤ ਜੀਉਣ ਦੀ ਇੱਛਾ ਹੈ । ਇਹ ਇੰਨੀ ਪ੍ਰਬਲ ਹੈ ਕਿ ਜੀਉਣ ਲਈ ਕਤਲ ਵੀ ਕਰ ਸਕਦੀ ਹੈ । ਦੂਸਰੇ ਨੂੰ ਧੋਖਾ ਦੇ ਸਕਦੀ ਹੈ । ਆਪਣਿਆਂ ਨਾਲ ਧੋਖਾ ਕਰ ਸਕਦੀ ਹੈ । ਦੂਸਰਿਆਂ ਲਈ ਮਰ ਵੀ ਸਕਦੀ ਹੇ । ਆਪਣੀ ਲੋੜ ਤੋਂ ਵੱਧ ਗ੍ਰਹਿਣ ਕਰਦੀ ਹੈ । ਧਾਤ ਅੰਨ੍ਹਾ ਕਰ ਦਿੰਦੀ ਹੇ । ਆਪਣੇ ਜਾਂ ਆਪਣਿਆਂ ਤੋਂ ਸਿਵਾ ਕੋਈ ਨਹੀਂ ਦੀਹਦਾ । ਧਾਤ ਇੱਕ ਅਮਲ ਜਾਂ ਨਸ਼ੇ ਦੀ ਤਰ੍ਹਾਂ ਹੈ । ਇਹ ਉਹ ਠਗ ਬੂਟੀ ਹੈ ਜੋ ਖਾ ਕੇ ਰਾਹੀ ਠਗੇ ਜਾਂਦੇ ਨੇ । “ਪਾਇ ਠਗਉਲੀ ਸਭੁ ਜਗੁ ਜੋਹਿਆ ॥” ਪੰਨਾ 394  । ਧਾਤ ਇੱਕ ਕੂੜ ਹੈ ਜੋ ਨਸ਼ੈ ਦੀ ਲੋਰ ਵਿੱਚ ਸੱਚ ਭਾਸਦਾ ਹੈ । “ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾੇਰ ॥” ਪੰਨਾ 15 ਤੇ ਗੁਰ ਨਾਨਕ ਸਾਹਿਬ ਦੇ ਬਚਨ ਹਨ । ਇਸ ਨਸ਼ੇ ਦੀ ਲੋਰ ਵਿੱਚ ਸਿਰਫ ਜਿੰਦਗੀ ਹੀ ਯਾਦ ਰਹਿੰਦੀ ਹੈ ਮੌਤ ਭੁਲ ਜਾਂਦੀ ਹੈ । “ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥” ਧਾਤ ਸੱਚ ਅਤੇ ਬੰਦੇ ਵਿਚਕਾਰ ਪਰਦਾ ਹੈ । ਧਾਤ ਕੂੜ ਦੀ ਪਾਲ ਹੈ । ਇਸੇ ਲਈ ਜਦੋਂ ਗੁਰੂ ਗਿਆਨ ਮਿਲਦਾ ਹੈ ਤਾਂ ਇਹ ਪਰਦਾ ਚੁੱਕਦਾ ਹੈ । ਉਦੋਂ ਲਿਵ ਲਗਦੀ ਹੈ ਭਾਵ ਕਰਤਾਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ । “ਸਚੁ ਮਿਲਿਆਂ ਤਿਨ ਸੋਫੀਆ ਰਾਖਣ ਕਉ ਦਰਵਾਰੁ ॥” ਪੰਨਾ 15 । ਧਾਤ ਨਸ਼ਾ ਹੈ ਜਿਸਦੇ ਅਸਰ ਹੇਠ ਬੰਦਾ ਆਪਣੇ ਆਪ ਨੂੰ ਬਾਦਸਾਹ ਸਮਝਦਾ ਹੈ ।

ਇੱਕ ਹੋਰ ਗੱਲ ਗੌਰ ਕਰਨ ਵਾਲੀ ਹੈ ਕਿ ਪੂਰੇ ਬ੍ਰਹਿਮੰਡ ਵਾਰੇ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਸਿ੍ਰਸ਼ਟੀ ਦੀ ਰਚਨਾ ਤੋੰ ਪਹਿਲਾਂ ਕਰਤਾਰ ਸੁੰਨ ਅਵਸਥਾ ਵਿੱਚ ਸੀ । ਇਸ ਸੁੰਨ ਤੋਂ ਹੀ ਸਾਰਾ ਖਲਾਰਾ ਹੋਂਦ ਵਿੱਚ ਆਇਆ । ਇਥੋਂ ਹੀ ਸਾਰੇ ਭਵਣ ਪੈਦਾ ਹੋਏ ਜੋ ਲਿਵ ਲਾਈ ਬੈਠੇ ਨੇ ।  ਇਸ ਸਭ ਦਾ ਕਾਰਣੁ ਕਰਤਾ ਆਪ ਹੀ ਹੈ । ਭਾਵ ਸਭ ਕੁਝ ਕਰਤੇ ਵਲੋਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ । ਗੁਰੂ ਦੇ ਬਚਨ ਹਨ “ਸੁੰਨਹੁ ਸਪਤ ਪਾਤਾਲ ਉਪਾਏ ॥ ਸੁੰਨਹੁ ਭਵਣ ਰਖੇ ਲਿਵ ਲਾਏ॥ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥” ਪੰਨਾ 1038 ।  ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਭਵਣਾ ਵਾਰੇ ਇਹ ਹੀ ਕਿਹਾ ਹੈ ਕਿ ਉਹ ਲਿਵ ਲਾਈ ਬੈਠੇ ਨੇ । ਇੱਥੇ ਧਾਤ ਦਾ ਜ਼ਿਕਰ ਨਹੀਂ ਕੀਤਾ ਗਿਆ । ਇਸਦਾ ਮਤਲਬ ਇਹ ਹੋਇਆਂ ਕਿ ਧਾਤ ਉੱਥੇ ਹੀ ਪੈਦਾ ਹੁੰਦੀ ਹੈ ਜਿੱਥੈ ਧਰਤੀ ਵਰਗਾ ਜੀਵਨ ਹੋਂਦ ਵਿੱਚ ਆਉਂਦਾ ਹੈ । ਧਾਤ ਹੀ ਜ਼ਿੰਦਗੀ ਪੈਦਾ ਕਰਦੀ ਹੈ । ੁਇਹ ਉਹ ਤਾਕਤ ਹੈ ਜਿਸ ਰਾਹੀਂ ਡਾਰਵਿਨ ਦਾ “ਕੁਦਰਤੀ ਵਿਕਾਸ” ਪੈਦਾ ਹੋਇਆ ਅਤੇ ਹੋ ਰਿਹਾ ਹੈ ।

ਉਪਰਲੀ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਦੇ ਦੋਹਾਂ ਰਾਹਾਂ ਤੇ ਚਲਦਾ ਬੰਦਾ ਕਰਤਾਰ ਦੇ ਹੁਕਮ ਅਧੀਨ ਹੀ ਰਹਿੰਦਾ ਹੈ । ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਚਲਦੀ । ਪਰ ਲਿਵ ਵਾਲੇ ਰਾਹ ਤੇ ਇਕ ਚੀਜ਼ ਜੋ ਵੱਖਰੀ ਹੁੰਦੀ ਹੈ ਉਹ ਹੈ ਗੁਰ ਗਿਆਨ । ਆਪਾਂ ਅੱਗੇ ਚਲ ਕੇ ਦੇਖਾਂਗੇ ਕਿ ਗੁਰ ਗਿਆਨ ਕਿਵੇ ਬੰਦੇ ਦੀ ਖੁਦਮੁਖਤਿਆਰੀ ਅਤੇ ਨਿਸ਼ਚੇਵਾਦ ਨੂੰ ਪ੍ਰਭਾਵਿਤ ਕਰਦਾ ਹੈ ।  ਹੁਣ ਤੱਕ ਦੀ ਵੀਚਾਰ ਤੋਂ ਆਪਾਂ ਸਮਝ ਚੁੱਕੇ ਹਾਂ ਕਿ

  • ਲਿਵ ਅਤੇ ਧਾਤ ਦੋਨੋ ਕਰਤਾਰ ਦੇ ਹੁਕਮ ਅਧੀਨ ਕੰਮ ਕਰਦੀਆਂ ਹਨ ।
  • ਧਾਤ ਇਸ ਧਰਤੀ ਤੇ ਜ਼ਿੰਦਗੀ ਲਈ ਜ਼ਰੂਰੀ ਹੈ । ਜ਼ਿੰਦਗੀ ਨੂੰ ਪੈਦਾ ਕਰਦੀ ਹੈ, ਸਾਂਭਦੀ ਹੈ ਆਪਣੀਆਂ ਉਂਗਲੀਆਂ ਤੇ ਨਚਾਉੁਂਦੀ ਹੈ, ਹਸਾਉਂਦੀ ਹੈ, ਰੁਆਉਂਦੀ ਹੈ, ਕੁਟਦੀ ਮਾਰਦੀ ਹੈ ।
  • ਧਾਤ ਦੇ ਨਸ਼ੇ ਅਧੀਨ ਬੰਦਾ ਆਪਣੇ ਆਪ ਨੂੰ ਆਪਣੀ ਹੋਣੀ ਦਾ ਮਾਲਕ ਸਮਝਦਾ ਹੈ । ਉਹ ਹੀ ਸਭ ਕੁਝ ਦਾ ਕਾਰਣ ਅਤੇ ਕਰਤਾ ਹੈ ।  ਬਲਕਿ ਕੁਝ ਸ਼ਖਸ ਤਾਂ ਆਪਣੇ ਆਪ ਨੂੰ ਖੁਦਾ ਸਮਝਣ ਲਗ ਜਾਂਦੇ ਨੇ ।
  • ਲਿਵ ਕਰਤਾਰ ਦੇ ਹੁਕਮ ਨੂੰ ਸਮਝਣ ਲਈ ਜ਼ਰੁਰੀ ਹੈ । ਜਿਸ ਲਈ ਗੁਰੂ ਗਿਆਨ ਜ਼ਰੂਰੀ ਹੈ ।
  • ਹੁਕਮ ਸਮਝਣ ਨਾਲ ਧਾਤ ਮਰ ਜਾਂਦੀ ਹੈ ਭਾਵ ਬੰਦੇ ਦੇ ਕੰਟਰੋਲ ਵਿੱਚ ਚਲਣ ਲਗਦੀ ਹੈ । ਉਹ ਜ਼ਿੰਦਗੀ ਦੇ ਘੋੜੇ ਦਾ ਉਹ ਸਵਾਰ ਬਣ ਜਾਦਾ ਹੈ ਜੋ ਘੋੜੇ ਨੂੰ ਅੱਛੀ ਤਰ੍ਹਾਂ ਸਮਝ ਕੇ ਆਪਣੀ ਮੰਜਲ ਵਲ ਦੌੜਾਉਂਦਾ ਹੈ ।

ਇਸ ਦਾ ਮਤਲਬ ਹੋਇਆ ਕਿ ਬੇਸ਼ੱਕ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਅਤੇ ਬੰਦੇ ਦੀ ਆਪਣੀ ਕੋਈ ਵੀ ਮਰਜ਼ੀ ਨਹੀਂ ਚਲਦੀ । ਪਰ ਧਾਤ ਵਿੱਚ ਮਦਹੋਸ਼ ਬੰਦਾ ਸਮਝਦਾ ਹੈ ਕਿ ਉਸਦੀ ਹੀ ਮਰਜ਼ੀ ਚਲ ਰਹੀ ਹੈ । ਲਿਵ ਲਗਣ ਨਾਲ ਹੋਸ਼ ਆਉਂਦੀ ਹੈ ਤਾਂ ਭੇਤ ਖੁਲਦਾ ਹੈ । ਅਸੀਂ ਦੇਖਦੇ ਹਾਂ ਕਿ ਧਾਤ ਤੋਂ ਲਿਵ ਤਕ ਦੇ ਸਫਰ ਵਿੱਚ ਦੋ ਚੀਜ਼ਾਂ ਅਹਿਮ ਨੇ । ਮਨੁੱਖਾ ਮਨ ਜੋ ਇੱਕ ਤਰ੍ਹਾਂ ਨਾਲ ਧਾਤ ਦਾ ਘੋੜਾ ਬਣ ਦੌੜਦਾ ਹੈ,ਛੜੱਪੇ ਮਾਰਦਾ ਹੈ, ਦੁਲੱਤੇ ਮਾਰਦਾ ਹੈ । ਧਾਤ ਦੇ ਸਾਰੇ ਕਾਰਜ ਇਸ ਰਾਹੀਂ ਹੀ ਹੁੰਦੇ ਨੇ । ਗੁਰੂ ਗਿਆਨ ਜੋ ਬਿਬੇਕ ਵਿਰਤੀ ਪੈਦਾ ਕਰਦਾ ਹੈ ਰਾਹੀਂ ਇਸ ਘੋੜੇ ਤੇ ਕਾਠੀ ਪਾਈ ਜਾਂਦੀ ਹੈ ਅਤੇ ਲਗਾਮ ਲਾਈ ਜਾਂਦੀ ਹੈ । ਸੋ ਸਾਡੇ ਲਈ ਇਸ ਵਿਸ਼ੇ ਤੇ ਅੱਗੇ ਵਧਣ ਲਈ ਇਹ ਸਮਝਣਾ ਜਰੂਰੂ ਹੈ ਕਿ ਗੁਰਬਾਣੀ ਮਨ ਅਤੇ ਬਿਬੇਕ ਵਿਰਤੀ ਵਾਰੇ ਕੀ ਕਹਿੰਦੀ ਹੈ ।

ਮਨ

ਇਕੱਲਾ “ਮਨੁ” ਲਫ਼ਜ਼ ਹੀ ਗੁਰੂ ਗਰੰਥ ਸਾਹਿਬ ਵਿੱਚ 1426 ਵਾਰ ਆਇਆ ਹੈ । ਇਸ ਦੀ ਇੱਕ ਹੋਰ ਵੰਨਗੀ “ਮਨਿ” 1378 ਵਾਰ ਆਈ ਹੈ । ਬਾਕੀ ਵੰਨਗੀਆਂ ਇਸ ਤੋਂ ਇਲਾਵਾ ਨੇ । ਇਸੇ ਤਰ੍ਹਾਂ ਮਨ ਦਾ ਸਮਾਨਆਰਥਕ ਲਫ਼ਜ਼ “ਜੀਉ” ਵੀ ਕੋਈ 1241 ਵਾਰੀ ਆਇਆ ਹੈ । ਇਹ ਸਭ ਇਸ ਗਲ ਦਾ ਸਬੂਤ ਹੈ ਕਿ ਗੁਰੂ ਸਾਹਿਬ ਨੇ ਇਸ ਵਿਸ਼ੇ ਤੇ ਬਹੁਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਹੈ । ਕਈ ਵਿਦਵਾਨ (19) ਤਾਂ ਇਥੋਂ ਤਕ ਵੀ ਕਹਿ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਮਨ ਦੀ ਹੀ ਗਲ ਕਰਦੇ ਨੇ । ਧਰਮ (7) ਦੀੇ ਗਲ ਕਰਦਿਆਂ ਹਰ ਜਗ੍ਹਾ ਮਨ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ । ਅਸਲ ਵਿੱਚ ਮਨ ਅਤੇ ਤਨ ਨੂੰ ਨਿਖੇੜ ਕੇ ਵਿਚਾਰ ਕੀਤੀ ਜਾਂਦੀ ਹੈ । ਪ੍ਰਚਲਤ ਧਰਮਾਂ ਦੇ ਪੈਦਾ ਹੋਣ ਦਾ ਇਹ ਹੀ ਮੁਖ ਕਾਰਣ ਹੈ । ਮਨੋਵਿਗਿਆਨੀ ਪਾਲ ਬਲੂਮ ਨੇ 2005 ਵਿੱਚ ਠਹੲ ਅਟਲੳਨਟਚਿ ਵਿੱਚ ਲਿਖਦੇ ਹੋਏ ਕਿਹਾ ਕਿ ਮਨੁੱਖ ਅੰਦਰ ਜਮਾਂਦਰੂ ਹੀ ਇਹ ਪ੍ਰਵਿਰਤੀ ਹੈ ਕਿ ਭੌਤਿਕ ਤੇ ਮਾਨਸਿਕ ਕਾਰਨਾਂ ਨੂੰ ਅੱਡ ਅੱਡ ਕਰਕੇ ਵੇਖੇ । ਇਹ ਪ੍ਰਵਿਰਤੀ ਸਾਰੇ ਧਰਮਾਂ ਵਿੱਚ ਆਮ ਪਾਈ ਜਾਂਦੀ ਹੈ । ਬਲੂਮ ਦਾ ਕਹਿਣਾ ਹੈ ਕਿ “We perceive the world of objects as essentially separate from the world of minds, making it possible for us to envision soulless bodies and bodiless souls.”(20) । ਇਸੇ ਵੀਚਾਰ ਨੂੰ ਅੱਗੇ ਤੋਰਦਿਆਂ ਡੇਨੀਅਲ ਕਾਹਨਮੈਨ ਲਿਖਦਾ ਹੈ ਕਿ ਇਸ ਪ੍ਰਵਿ੍ਰਤੀ ਕਾਰਨ ਹੀ ਧਰਮ ਦੀਆਂ ਦੋ ਕੇਂਦਰੀ ਮਨੌਤਾਂ ਜਾਂ ਵਿਸ਼ਵਾਸ਼ ਪ੍ਰਚਲਤ ਅਤੇ ਪਰਵਾਨ ਹੋਏ । ਇਹ ਵਿਸ਼ਵਾਸ਼ ਹਨ ਕਿਸੇ ਪਰਾਭੌਤਿਕ ਦੈਵੀ ਤਾਕਤ ਦਾ ਇਸ ਭੋਤਿਕ ਦੁਨੀਆਂ ਦਾ ਕਾਰਨ ਸਮਝਣਾ ਅਤੇ ਅਮਰ ਰੂਹਾਂ ਦਾ ਸਰੀਰਾਂ ਨੂੰ ਕੰਟਰੋਲ ਕਰਨ ਲਈ ਉਹਨਾਂ ਦੀ ਮੌਤ ਤੱਕ ਉਹਨਾਂ ਵਿੱਚ ਆਰਜ਼ੀ ਤੌਰ ਤੇ ਨਿਵਾਸ ਕਰਨਾ । ਉਸ ਦੇ ਆਪਣੇ ਲਫ਼ਜ਼ ਹਨ “the two modes of causation that we are set to perceive make it natural for us to accept the two central beliefs of many religions: an immaterial divinity is the ultimate cause of the physical world, and immortal souls temporarily control our bodies while we live and leave them behind as we die.”  ।  ਇਹ ਪ੍ਰਵਿ੍ਰਤੀਆਂ ਮਨੁੱਖਾ ਜੀਵਨ ਦੇ ਵਿਕਾਸ ਵਿੱਚ ਵੱਖ ਵੱਖ ਤੌਰ ਤੇ ਵਿਕਸਤ ਹੋਈਆਂ । ਕਾਹਨਮੈਨ ਇਸ ਲਈ ਧਰਮ ਦੀ ਉਤਪਤੀ ਨੂੰ ਦਿਮਾਗ ਦੇ ਅਮਿਗਡਲਾ ਹਿੱਸੇ ਨਾਲ ਜੋੜਦਾ ਹੈ ਜਿਸਨੂੰ ੳਹੁ ਸਿਸਟਮ ਇੱਕ ਦਾ ਵੀ ਨਾਂ ਦਿੰਦਾ ਹੈ ।(21) ਅਮਿਗਡਲਾ ਦਿਮਾਗ ਦਾ ਉਹ ਹਿੱਸਾ ਹੈ ਜਿਥੋਂ ਸ਼ਰਧਾ ਅਤੇ ਹੋਰ ਹਰ ਤਰ੍ਹਾਂ ਦੀਆਂ ਭਾਵਨਾਵਾਂ ਦਾ ਕੰਟਰੋਲ ਹੁੰਦਾ ਹੈ । ਪਰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਭਾਵਨਾਵਾਂ ਨੂੰ ਛੱਡ ਬਿਬੇਕ ਦੀ ਗਲ ਕਰਦਾ ਹੈ ਅਤੇ ਅਕਲ ਦੀ ਵਰਤੋਂ ਕਰਨ ਦੀ ਹਦਾਇਤ ਦੇ ਰਿਹਾ ਹੈ । ਸੇਵਾ ਵੀ ਅਕਲ ਨਾਲ ਕਰੋ ਅਤੇ ਦਾਨ ਵੀ ਅਕਲ ਨਾਲ ਕਰੋ । ਪਰ ਗੁਰਦਵਾਰਿਆਂ ਵਿੱਚ ਪ੍ਰਚਲਤ ਸਿੱਖ ਧਰਮ ਸ਼ਰਧਾ ਉੱਤੇ ਹੀ ਜ਼ੋਰ ਦੇ ਰਿਹਾ ਹੈ । ਇਸ ਕਰਕੇ ਉੱਥੇ ਵੀ ਉੱਪਰ ਦੱਸੇ ਧਰਮ ਦੇ ਦੋ ਕੇਂਦਰੀ ਵਿਸ਼ਵਾਸ ਅਕਸਰ ਸੁਣਨ ਨੂੰ ਮਿਲਦੇ ਹਨ । ਆਮ ਸਿੱਖਾਂ ਦਾ ਵੀ ਇਹਨਾਂ ਵਿੱਚ ਪੱਕਾ ਯਕੀਨ ਹੈ ।

ਆਉ ਹੁਣ ਦੇਖੀਏ ਗੁਰਬਾਣੀ ਮਨ ਵਾਰੇ ਕੀ ਕਹਿੰਦੀ ਹੈ । ਗੁਰ ਨਾਨਕ ਸਾਹਿਬ ਦਾ ਆਸਾ ਰਾਗ ਵਿੱਚ ਪੰਨਾ 415 ਤੇ ਇੱਕ ਸ਼ਬਦ ਹੈ ਜੋ ਇਸ ਤਰ੍ਹਾਂ ਹੈ ।

ਮਨੁ ਮੈਗਲੁ ਸਾਕਤੁ ਦੇਵਾਨਾ॥ਬਨ ਖੰਡਿ ਮਾਇਆ ਮੋਹਿ ਹੈਰਾਨਾ॥ਇਤ ਉਤ ਜਾਹਿ ਕਾਲ ਕੇ ਚਾਪੇ॥ਗੁਰਮੁਖਿ ਖੋਜਿ ਲਹੈ ਘਰੁ ਆਪੈ॥1॥ਬਿਨੁ ਗੁਰ ਸਬਦੈ ਮਨੁ ਨਹੀ ਠਉਰਾ॥ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ॥1॥ਰਹਾਉ॥ਇਹ ਮਨ ਮੁਗਧੁ ਕਹਹੁ ਕਿਉ ਰਹਸੀ॥ਬਿਨ ਸਮਝੇ ਜਮ ਕਾ ਦੁਖੁ ਸਹਸੀ॥ਆਪੈ ਬਖਸੇ ਸਤਿਗੁਰੁ ਮੇਲੈ॥ਕਾਲੁ ਕੰਟਕੁ ਮਾਰੇ ਸਚੁ ਪੇਲੈ॥2॥ਇਹ ਮਨੁ ਕਰਮਾ ਇਹ ਮਨੁ ਧਰਮਾ॥ਇਹ ਮਨੁ ਪੰਚ ਤਤੁ ਤੇ ਜਨਮਾ॥ਸਾਕਤੁ ਲੋਭੀ ਇਨ ਮਨ ਮੂੜਾ॥ਗੁਰਮੁਖਿ ਨਾਮੁ ਜਪੈ ਮਨ ਰੂੜਾ॥3॥ਗੁਰਮੁਖਿ ਮਨੁ ਅਸਥਾਨੇ ਸੋਈ॥ਗੁਰਮੁਖਿ ਤਿ੍ਰਭਵਣਿ ਸੋਝੀ ਹੋਈ॥ਇਹ ਮਨੁ ਜੋਗੀ ਭੋਗੀ ਤਪੁ ਤਾਪੈ॥ਗੁਰਮੁਖਿ ਚੀਨਹੈ ਹਰਿ ਪ੍ਰਭੁ ਆਪੈ॥4॥ਮਨੁ ਬੈਰਾਗੀ ਹਉਮੈ ਤਿਆਗੀ । ਘਟਿ ਘਟਿ ਮਨਸਾ ਦੁਬਿਧਾ ਲਾਗੀ॥ਰਾਮ ਰਸਾਇਣੁ ਗੁਰਮੁਖਿ ਚਾਖੈ॥ਦਰਿ ਘਰਿ ਮਹਲੀ ਹਰਿ ਪਤਿ ਰਾਖੈ॥5॥ਇਹੁ ਮਨੁ ਰਾਜਾ ਸੂਰ ਸੰਗ੍ਰਾਮਿ॥ਇਹੁ ਮਨੁ ਨਿਰਭਉ ਗੁਰਮੁਖਿ ਨਾਮਿ॥ਮਾਰੇ ਪੰਚ ਅਪੁਨੇ ਵਸਿ ਕੀਏ॥ਹਉਮੈ ਗ੍ਰਾਸਿ ਇਕਤੁ ਥਾਇ ਕੀਏ॥6॥ਗੁਰਮੁਖਿ ਰਾਗ ਸੁਆਦ ਅਨ ਤਿਆਗੇ॥ਗੁਰਮੁਖਿ ਇਹੁ ਮਨੁ ਭਗਤੀ ਜਾਗੇ॥ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ॥ਆਤਮੁ ਚੀਨਿਹ ਭਦੇ ਨਿਰੰਕਾਰੀ॥7॥ਇਹੁ ਮਨੁ ਨਿਰਮਲੁ ਦਰਿ ਘਰਿ ਸੋਈ॥ਗੁਰਮੁਖਿ ਭਗਤਿ ਭਾਉ ਧੁਨਿ ਹੋਈ॥ਅਹਿਨਿਸਿ ਹਰਿ ਜਸੁ ਗੁਰ ਪਰਸਾਦਿ॥ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ॥8॥ਰਾਮ ਰਸਾਇਣ ਇਹੁ ਮਨੁ ਮਾਤਾ॥ ਸਰਬ ਰਸਾਇਣੁ ਗੁਰਮੁਖਿ ਜਾਤਾ॥ਭਗਤਿ ਹੇਤੁ ਗੁਰ ਚਰਣ ਨਿਵਾਸਾ॥ਨਾਨਕ ਹਰਿ ਜਨ ਕੇ ਦਾਸਿਨ ਦਾਸਾ॥9॥8॥

ਰਹਾਉ ਦੀ ਤੁੱਕ ਵਿੱਚ ਗੁਰੂ ਸਾਹਿਬ ਦਸਦੇ ਹਨ ਕਿ ਗੁਰੂ ਗਿਆਨ ਤੋਂ ਬਿਨਾ ਮਨ ਟਿਕਦਾ ਨਹੀ ਇਸ ਲਈ ਉਸ ਪ੍ਰਭੂ ਦੇ ਨਿਰਮਲ ਨਾਮੁ ਭਾਵ ਹੁਕਮ ਨੂੰ ਸਮਝ ਹਉਮੇ ਦੀ ਕੁੜੱਤਣ ਦੂਰ ਕਰੋ । ਸ਼ਬਦ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਇਹ ਮਨ ਧਾਤ ਵਸ ਹੋ ਪਾਗਲਾਂ ਦੀ ਤਰ੍ਹਾਂ ਦੌੜਿਆ ਫਿਰਦਾ ਹੈ । ਮੌਤ ਦਾ ਸਹਿਮ ਬਣਿਆਂ ਰਹਿੰਦਾ ਹੈ । ਦੁਬਿਧਾ ਬਣੀ ਰਹਿੰਦੀ ਹੈ । ਗੁਰੂ ਦੀ ਮਤ ਅਨਾਸਾਰ ਚਲਣ ਵਾਲਾ ਮਨੁੱਖ ਖੋਜ ਕਰ ਲਾਹਾ ਖਟ ਜਾਂਦਾ ਹੈ । ਅੱਗੇ ਗੁਰੂ ਸਾਹਿਬ ਦੋ ਸਵਾਲਾਂ ਦੇ ਜਵਾਬ ਦਿੰਦੇ ਨੇ । ਇਹ ਮਨ ਪੈਦਾ ਕਿਥੌਂ ਹੁੰਦਾ ਹੈ? ਅਤੇ ਕਾਬੂ ਕਿਵੇਂ ਆਉਂਦਾ ਹੈ । ਇਹ ਮਨ ਪੈਦਾ ਉਹਨਾਂ ਤੱਤਾਂ ਤੋਂ ਹੀ ਹੁੰਦਾ ਹੈ ਜਿਹਨਾਂ ਤੱਤਾਂ ਤੋ ਸਾਡਾ ਸਰੀਰ ਪੈਦਾ ਹੁੰਦਾ ਹੈ । “ਇਹ ਮਨੁ ਪੰਚ ਤੱਤੁ ਤੇ ਜਨਮਾ॥” ਅਤੇ ਇਸ ਵਿੱਚਲੇ ਸੰਸਕਾਰ ਮਨੁੱਖ ਜੋ ਵੀ ਕਰਮ ਧਰਮ ਕਰਦਾ ਹੈ ਉਸਤਂੋ ਆਉਦੇ ਹਨ । “ ਇਹ ਮਨੁ ਕਰਮਾ ਇਹ ਮਨੁ ਧਰਮਾ॥” ਭਾਵ ਮਨ ਦੀ ਹੋਂਦ ਵੀ ਸਾਡੇ ਜੀਨਜ਼ ਅਤੇ ਮੀਮਜ਼ ਤੇ ਹੀ ਨਿਰਭਰ ਹੈ । ਇੱਥੇ ਨੋਟ ਕਰਨ ਵਾਲੀ ਗਲ ਇਹ ਹੈ ਕਿ ਗੁਰ ਨਾਨਕ ਸਾਹਿਬ ਦੇ ਵਿਚਾਰ “ਧਰਮ” ਨਾਲੋਂ ਜ਼ਿਆਦਾ ਵਿਗਿਆਨ ਦੇ ਨੇੜੇ ਹਨ । ਇਸ ਮਨ ਨੂੰ ਕਾਬੂ ਕਰਨ ਲਈ ਗੁਰੂ ਗਿਆਨ ਦੀ ਜ਼ਰੂਰਤ ਹੈ । ਗੁਰੂ ਗਿਆਨ ਨੂੰ ਸਮਰਪਿਤ ਗੁਰਮੁਖ ਬੰਦੇ ਦਾ ਮਨ “ਮੂੜੈ” ਤੋਂ “ਰੂੜਾ” ਬਣ ਜਾਂਦਾ ਹੈ । ਜਿਸ ਮਨ ਦੇ ਪਿਛੇ ਲਗ ਜੋਗੀ ਤਪ ਸਾਧਨਾ ਕਰਦੇ ਫਿਰਦੇ ਨੇ ਉਸ ਮਨ ਨੂੰ ਫਿਰ ਟਿਕਾਅ ਆ ਜਾਂਦਾ ਹੈ; ਹਉਮੈ ਵੀ ਤਿਆਗ ਦਿੰਦਾ ਹੈ, ਦੁਬਿਧਾ ਛੱਡ ਦਿੰਦਾ ਹੈ । ਸਾਰੇ ਵਿਕਾਰ ਦੂਰ ਹੋ ਜਾਂਦੇ ਹਨ । ਮਨ ਮਰ ਜਾਂਦਾ ਹੈ ਭਾਵ ਕਾਬੂ ਆ ਜਾਂਦਾ ਹੈ । ਮਨ ਮਾਰ ਲਿਆਂ ਤਾਂ ਧਾਤ ਖਤਮ ਹੋ ਗਈ । ਫਿਰ ਇਹ ਸਮਝ ਆਂ ਜਾਂਦੀ ਹੈ ਕਿ ਸਭ ਕੁਝ ਕਰਨ ਕਰਾਵਨ ਵਾਲਾ ਕਰਤਾਰ ਹੀ ਹੈ । ਜਿਹੜਾ ਮਨ ਕੂੜ ਦੇ ਅਮਲ ਦਾ ਗੋਲਾ ਖਾਈ ਆਕੜਿਆ ਦੋੜਿਆ ਫਿਰਦਾ ਸੀ ਉਹ ਹੁਣ ਟਿਕ ਕੇ ਬੈਠ ਜਾਂਦਾ ਹੈ ।

ਮਨ ਅਤੇ ਸਰੀਰ ਦੇ ਸਬੰਧ ਨੂੰ ਕਬੀਰ ਸਾਹਿਬ ਦਾ ਇੱਕ ਸ਼ਬਦ ਹੋਰ ਸਪੱਸ਼ਟ ਕਰਦਾ ਹੈ । ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 330 ਤੇ ਹੈ ਅਤੇ ਇੱਥੇ ਉਹ ਮਨ ਨੂੰ ਤਨ ਵਿੱਚ ਵੇਖਣ ਦੀ ਤਾਗੀਦ ਕਰ ਰਹੇ ਨੇ । ਪੂਰਾ ਸ਼ਬਦ ਇਸ ਤਰ੍ਹਾ ਹੈ ।

ਸੁਖੁ ਮਾਂਗਤ ਦੁਖੁ ਆਗੈ ਆਵੈ॥ਸੋ ਸੁਖੁ ਹਮਹੇ ਨ ਮਾਂਗਿਆ ਭਾਵੈ॥1॥ਬਿਖਿਆ ਅਜਹੁ ਸੁਰਤਿ ਸੁਖ ਆਸਾ॥ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ॥1॥ਰਹਾਉ॥ਇਸ ਸੁਖ ਤੇ ਸਿਵ ਬ੍ਰਹਮ ਡਰਾਨਾ॥ਸੋ ਸੁਖੁ ਹਮਹੁ ਸਾਚੁ ਕਰ ਜਾਨਾ॥2॥ਸਨਕਾਦਿਕ ਨਾਰਦ ਮੁਨਿ ਸੇਖਾ॥ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥3॥ਇਸੁ ਮਨ ਕਉ ਕੋਈ ਖੋਜਹੁ ਭਾਈ॥ਤਨ ਛੂਟੇ ਮਨੁ ਕਹਾ ਸਮਾਈ॥4॥ਗੁਰ ਪਰਸਾਦੀ ਜੈਦੇਉ ਨਾਮਾਂ॥ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾ॥5॥ਇਸੁ ਮਨ ਕਉ ਨਹੀ ਆਵਨ ਜਾਨਾ॥ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ॥6॥ਇਸੁ ਮਨ ਕਉ ਰੂਪ ਨ ਰੇਖਿਆ ਕਾਈ॥ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥7॥ਇਸ ਮਨ ਕਾ ਕੋਈ ਜਾਨੈ ਭੇਉ॥ਇਹ ਮਨਿ ਲੀਣ ਭਏ ਸੁਕਦੇਉ॥8॥ਜੀਉ ਏਕੁ ਅਰ ਸਗਲ ਸਰੀਰਾ॥ਇਸੁ ਮਨ ਕਉ ਰਵਿ ਰਹੇ ਕਬੀਰਾ॥9॥

ਮਨ ਨੂੰ ਤਨ ਵਿੱਚ ਕਿਵੇਂ ਵੇਖ ਸਕਦੇ ਹਾਂ । ਮਨ ਕੋਈ ਵੇਖਣ ਵਾਲੀ ਚੀਜ਼ ਤਾਂ ਹੈ ਨਹੀ । ਇੱਥੇ ਭਾਵ ਇਹੀ ਹੈ ਕਿ ਮਨ ਨੂੰ ਤਨ ਵਿੱਚ ਹੀ ਸਮਝੋ । (ਪੇਖਣ ਦਾ ਇੱਕ ਅਰਥ ਭਾਈ ਕਾਹਨ ਸਿੰਘ ਨੇ ਵਿਚਾਰਨਾ, ਸੋਚਣਾ ਵੀ ਕੀਤਾ ਹੈ । ) ਇੱਕ ਗੱਲ ਹੋਰ ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਮਨ ਦੇ ਦੋ ਸਮਾਨਆਰਥਿਕ ਸ਼ਬਦ ਜੀਉ ਅਤੇ ਸੁਰਤ ਵੀ ਵਰਤੇ ਹਨ । ਰਹਾਉ ਵਾਲੀ ਤੁੱਕ ਵਿਚ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਤਕ ਸਾਡੀ ਸੁਰਤ ਵਿੱਚ ਬਿਖਿਆ ਕਾਇਮ ਹੈ ਭਾਵ ਮਨ ਨੇ ਕੂੜ ਦਾ ਜ਼ਹਿਰ ਪੀਤਾ ਹੋਇਆ ਹੈ ਉਦੋਂ ਤਕ ਸੁਖ ਨਹੀ ਹੋ ਸਕਦਾ । ਪ੍ਰਭੂ ਦਾ ਹੁਕਮ ਨਹੀ ਸਮਝ ਆ ਸਕਦਾ । ਜਿਹੜੀ ਗੱਲ ਤੋਂ ਸ਼ਿਵ ਬ੍ਰਹਮਾ ਵੀ ਡਰਦੇ ਸਨ ਅਸੀ ਉਹ ਹੀ ਕਰਦੇ ਹਾਂ । ਮਨ ਨੂੰ ਤਨ ਤੋਂ ਅਲਿਹਦਾ ਵੇਖਦੇ ਹਾਂ । ਜਰਾ ਇਸ ਮਨ ਵਾਰੇ ਖੋਜ ਕਰੋ ਕਿ ਜਦੋਂ ਤਨ ਨਹੀਂ ਰਹਿੰਦਾ ਤਾਂ ਮਨ ਕਿੱਥੇ ਜਾਂਦਾ ਹੈ । ਜੈ ਦੇਵ, ਨਾਮਦੇਵ ਆਦਿ ਭਗਤਾਂ ਨੇ ਇਹ ਜਾਣ ਲਿਆ ਕਿ ਇਹ ਮਨ ਕਿਤੇ ਨਹੀਂ ਜਾਂਦਾ । ਉਹਨਾਂ ਦਾ ਭਰਮ ਦੂਰ ਹੋ ਗਿਆ ਹੈ ਅਤੇ ਉਹ ਸਮਝ ਗਏ ਨੇ ਕਿ ਮਨ ਦੀ ਆਪਣੀ ਕੋਈ ਅਜ਼ਾਦ ਹਸਤੀ ਨਹੀ ਹੈ । ਇਹ ਵੀ ਕਰਤਾਰ ਦੇ ਬੱਝੇ ਨਿਯਮਾਂ ਨਾਲ ਹੀ ਪੈਦਾ ਹੁੰਦਾ ਹੇ ਅਤੇ ਸਮਾ ਜਾਂਦਾ ਹੈ । ਜਿਸ ਨੂੰ ਇਹ ਭੇਤ ਹੋ ਗਿਆ ਉਹ ਸੁਖੀ ਹੋ ਜਾਂਦਾ ਹੈ । ਸਾਰੇ ਸਰੀਰਾਂ ਵਿੱਚ ਇੱਕ ਹੀ ਜੋਤ ਹੈ ਜਿਸ ਨੂੰ ਕਬੀਰ ਧਿਆਉਂਦਾ ਹੈ । ਭਾਵ ਸਾਰੇ ਸਰੀਰਾ ਵਿੱਚ ਇੱਕ ਹੀ ਬੱਝਵੇ ਨਿਯਮ ਨਾਲ ਮਨ ਪੈਦਾ ਹੋ ਰਹੇ ਨੇ ਕਬੀਰ ਦੀ ਉਸ ਨਿਯਮ ਨੂੰ ਨਮਸਕਾਰ ਹੈ ।

ਅਸੀਂ ਦੇਖ ਰਹੇ ਹਾਂ ਕਿ ਗੁਰਬਾਣੀ ਦਾ ਮਨ ਵਾਰੇ ਫਲਸਫਾ ਆਮ ਧਰਮਾਂ ਨਾਲੋਂ ਬਹੁਤ ਹਟਵਾਂ ਹੈ । ਗੁਰਬਾਣੀ ਮਨ ਨੂੰ ਤਨ ਨਾਲੋਂ ਵੱਖਰਾ ਨਹੀਂ ਮੰਨਦੀ । ਇਸੇ ਕਰਕੇ ਗੁਰਬਾਣੀ ਵਿੱਚ ਆਤਮਾ ਜਾਂ ਰੂਹ ਦਾ ਪ੍ਰਚਲਤ ਸੰਕਲਪ ਵੀ ਨਹੀਂ ਮਿਲਦਾ । ਅਗਰ ਮਨ ਤਨ ਨਾਲੋਂ ਵੱਖਰਾ ਹੋਵੇ ਤਾਂ ਇਸਤੇ ਧਾਤ ਦਾ ਵੀ ਕੋਈ ਖਾਸ ਅਸਰ ਨਹੀਂ ਪੈ ਸਕੇਗਾ । ਕਿਉਕਿ ਗੁਰਬਾਣੀ ਮਨ ਨੂੰ ਤਨ ਨਾਲੋਂ ਵੱਖਰਾ ਨਹੀਂ ਦੇਖਦੀ ਇਸ ਲਈ ਇਹ ਧਾਤ ਅਧੀਨ ਵੀ ਹੋ ਜਾਂਦਾ ਹੈ । ਦੂਸਰੇ ਇਸ ਤੇ ਵੀ ਫਿਜ਼ਿਕਸ ਦੇ ਕਨੂੰੂਨ ਵੀ ਲਾਗੂ ਹੋ ਜਾਂਦੇ ਨੇ ਅਤੇ ਇਸ ਦਾ ਹਰ ਕਾਰਜ ਪੂਰਬ ਨਿਰਧਾਰਿਤ ਹੋ ਜਾਂਦਾ ਹੈ ।

ਗੁਰੂ ਗਿਆਨ

ਗੁਰਬਾਣੀ ਵਿੱਚ ਦੂਜੀ ਗਲ ਸ਼ਬਦ ਜਾਂ ਗੁਰੂ ਗਿਆਨ ਦੀ ਕੀਤੀ ਗਈ ਹੈ ਜੋ ਜੋ ਮਨ ਮਾਰਨ ਲਈ ਜ਼ਰੂਰੀ ਹੈ ਅਥੇ ਮਨ ਮਾਰੇ ਬਿਨ ਧਾਤ ਦਾ ਮਰਨਾ ਅਤੇ ਲਿਵ ਲੱਗਣੀ ਅਸੰਭਵ ਹੈੈ । ਕਬੀਰ ਸਾਹਿਬ ਦਾ ਇੱਕ ਸ਼ਬਦ ਆਸਾ ਰਾਗ ਵਿੱਚ ਪੰਨਾ 476 ਤੇ ਹੈ ਜੋ ਇਹ ਸਮਝਾਉਂਦਾ ਹੈ ਕਿ ਧਾਤ ਕਿਵੇਂ ਕੰਟਰੋਲ ਹੁੰਦੀ ਹੈ । ਸ਼ਬਦ ਦਾ ਪਾਠ ਇਸ ਤਰ੍ਹਾਂ ਹੈ ।

ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ॥ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ॥1॥ਨਕਟੀ ਕੋ ਠਨਗਨੁ ਬਾਡਾ ਡੂੰ॥ਕਿਨਿਹ ਬਿਬੇਕੀ ਕਾਟੀ ਤੂੰ॥1॥ਰਹਾਉ॥ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ॥ਸਗਲਿਆ ਕੀ ਹਉ ਬਹਿਨ ਭਾਨਜੀ ਜਿਨਿਹਿ ਬਰੀ ਤਿਸੁ ਚੇਰੀ॥2॥ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ॥ਓਹੁ ਹਮਾਰੇ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ॥3॥ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ॥ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ॥4॥

ਕਬੀਰ ਸਾਹਿਬ ਸਮਝਾਉਂਦੇ ਨੇ ਕਿ ਧਾਤ (ਮਾਇਆ) ਪੂਰੇ ਜ਼ੋਰ ਸ਼ੋਰ ਨਾਲ ਆਪਣਾ ਕੰਮ ਕਰ ਰਹੀ ਹੈ । ਬੰਦੇ ਦੇ ਖਾਣ ਪੀਣ ਰਹਿਣ ਸਹਿਣ ਵਿੱਚ ਇਸ ਦੀ ਭਰਮਾਰ ਹੈ । ਪੰਜੇ ਵਿਕਾਰ ਇਸ ਦੇ ਹੇਠ ਕੰਮ ਕਰ ਰਹੇ ਨੇ । ਧਾਤ ਦਾ ਬਿਗਲ ਉੱਚੀ ਸੁਰ ਵਿੱਚ ਵੱਜ ਰਿਹਾ ਹੈ । ਪਰ ਕੋਈ ਵਿਰਲਾ ਬਿਬੇਕ ਬੁਧ ਨਾਲ ਇਸ ਤੇ ਕਾਬੂ ਪਾ ਲੈਂਦਾ ਹੈ । ਸਾਰੀ ਦੁਨੀਆਂ ਵਿੱਚ ਧਾਤ ਦੀ ਧੁੰਮ ਪਈ ਹੋਈ ਹੈ । ਸਭ ਨੂੰ ਇਸਨੇ ਮਾਰ ਮੁਕਾਇਆ ਹੈ । ਸਭ ਇਸ ਦੇ ਗੁਲਾਮ ਨੇ ਪਰ ਕੋਈ ਵਿਰਲਾ ਇਸ ਦਾ ਮਾਲਕ ਵੀ ਬਣ ਜਾਂਦਾ ਹੈ । ਉਹ ਉਹੀ ਹੈ ਜਿਸਨੇ ਬਿਬੇਕ ਬੁੱਧ ਨੂੰ ਆਪਣਾ ਗੁਰੂ ਮੰਨ ਲਿਆ । ਅਗਰ ਬਿਬੇਕ ਬੁੱਧ ਮੱਥੇ ਵਿੱਚ ਕਾਇਮ ਹੈ ਤਾਂ ਧਾਤ ਦਾ ਕੋਈ ਅਸਰ ਨਹੀਂ ਹੁੰਦਾ । ਸਾਰਾ ਜਹਾਨ ਅੰਨ੍ਹਾ ਹੋਇਆ ਇਸ ਦੇ ਪਿੱਛੇ ਦੌੜਿਆ ਫਿਰਦਾ ਹੈ । ਇਸ ਦੇ ਇਸ਼ਕ ਵਿੱਚ ਦੀਵਾਨਾ ਹੈ । ਪਰ ਬਿਬੇਕ ਬੁਧ ਵਾਲੇ ਵਿਰਲੇ ਮਨੁੱਖ ਇਸ ਦੀ ਅਸਲੀਅਤ ਨੂੰ ਸਮਝਦੇ ਨੇ ।

ਇੱਥੇ ਜੋ ਗੱਲ ਗੌਰ ਕਰਨ ਵਾਲੀ ਹੈ ਉਹ ਇਹ ਹੈ ਕਿ ਧਾਤ ਜਾਂ ਮਾਇਆ ਜਾਂ ਪੰਜ ਵਿਕਾਰ ਖਤਮ ਕਰਨ ਲਈ ਬਿਬੇਕ ਬੁਧ ਤੇ ਜ਼ੋਰ ਦਿੱਤਾ ਗਿਆ ਹੈ । ਬਿਬੇਕਬੁਧਿ ਦਾ ਅਰਥ ਭਾਈ ਕਾਨ੍ਹ ਸਿੰਘ ਨੇ “ਯਥਾਰਥ ਜਾਣਨ ਦੀ ਸਮਝ,ਸਤਯ ਅਸਤਯ ਦਾ ਵਿਚਾਰ,ਪ੍ਰਕ੍ਰਿਤਿ ਅਤੇ ਬ੍ਰਹਮ ਦਾ ਯਥਾਰਥ ਗਿਆਨ” ਕੀਤੇ ਹਨ । ਕਿਸੇ ਵੇਲੇ ਸਿੱਖ ਧਰਮ ਦੇ ਨਿਯਮਾ ਨੂੰ ਦਿ੍ਰੜ ਕਰਨ ਵਾਲੇ ਨੂੰ ਵੀ “ਬਿਬੇਕੀ” ਆਖਦੇ ਸਨ ਜੋ ਹੁਣ ਸੁਣਨ ਵਿੱਚ ਨਹੀਂ ਆਉਂਦਾ । (22) ਅਜਕਲ ਜ਼ਿਆਦਾ ਸੁਣਨ ਵਿੱਚ “ਸ਼ਰਧਾਵਾਨ ਸਿੱਖ” ਹੀ ਆਉਂਦਾ ਹੈ ਜੋ ਕਿ ਬਿਬੇਕੀ ਦਾ ਉਲਟ ਹੈ । ਕਬੀਰ ਸਾਹਿਬ ਬਿਬੇਕ ਬੁਧ ਵਾਰੇ ਇਹ ਵੀ ਕਹਿੰਦੇ ਨੇ ਕਿ ਇਹ ਮੱਥੇ ਵਿੱਚ ਹੁੰਦੀ ਹੈ । ਵਿਗਿਆਨ ਵੀ ਇਹ ਹੀ ਕਹਿੰਦਾ ਹੈ ਕਿ ਸਾਡੇ ਦਿਮਾਗ ਦਾ ਉਹ ਹਿੱਸਾ ਜੋ ਸਹੀ ਗਲਤ ਦੀ ਪਹਿਚਾਣ ਕਰਦਾ ਹੈ, ਭਾਵ ਬਿਬੇਕ ਨਾਲ ਵਿਚਾਰ ਕਰਦਾ ਹੈ ਉਹ ਸਾਡਾ ਮੱਥਾ ਜਾਣੀ ਫ੍ਰੰਟਲ ਲੋਬ ਹੀ ਹੈ । ਅਸੀਂ ਇਹ ਆਪ ਵੀ ਅਨੁਭਵ ਕਰ ਸਕਦੇ ਹਾਂ ਕਿ ਜਦੋਂ ਵੀ ਅਸੀਂ ਕਿਸੇ ਵਿਸ਼ੇ ਤੇ ਗਹਿਰ ਗੰਭੀਰ ਵਿਚਾਰ ਕਰਦੇ ਹਾਂ ਤਾਂ ਆਪਣਾ ਮੱਥਾ ਕੰਮ ਕਰਦਾ ਮਹਿਸੂਸ ਕਰਦੇ ਹਾਂ ।

ਬਿਬੇਕ ਵਿਰਤੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਹਤ ਜ਼ੋਰ ਦਿੱਤਾ ਗਿਆ ਹੈ । ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੇ ਮੈ ਸਾਰਾ ਕੁਝ ਕਰ ਕੇ ਵੇਖ ਲਿਆਂ ਅਤੇ ਅੰਤ ਵਿੱਚ “ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥” ਪੰਨਾ 641  । ਕਿਉਂਕਿ ਇਸ ਨਾਲ ਹੀ ਅਗਿਆਨਤਾ ਦਾ ਘੁਪ ਹਨੇਰਾ ਕਟਿਆ ਜਾ ਸਕਦਾ ਹੈ । “ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ॥”ਪੰਨਾ 1209  । ਕਬੀਰ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਕਿਸੇ ਬਿਬੇਕੀ ਪੁਰਖ ਨਾਲ ਹੀ ਕਰਤਾਰ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ । “ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ॥” ਪੰਨਾ 333  । ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਅਗਰ ਕੋਈ ਸ਼ੰਕਾ ਹੈ ਤਾਂ ਬਿਬੇਕੀ ਪੁਰਖਾਂ ਨਾਲ ਗੱਲ ਬਾਤ ਕਰਕੇ ਨਿਵਿਰਤ ਕਰੋ । “ਪਾਵੈ ਮੁਕਤਿ ਨ ਹੋਰ ਥੈ ਪੁਛਹੁ ਬਿਬੇਕੀਆ ਜਾਇ॥” ਪੰਨਾ 920  । ਕਿਉਂਕਿ ਜੋ “ਅੰਤਰਿ ਬਿਬੇਕੁ ਸਦਾ ਆਪੁ ਵੀਚਾਰੈ” (ਪੰਨਾ 168} ਵਾਲੀ ਅਵਸ਼ਥਾ ਵਿੱਚ ਹੁੰਦੇ ਹਨ ਉਹਨਾ ਦੀ ਹਉਮੇ ਖਤਮ ਹੋ ਜਾਂਦੀ ਹੈ ਅਤੇ ਜਿਵੇਂ ਗੁਰ ਨਾਨਕ ਸਾਹਿਬ ਪੰਨਾ 355 ਤੇ ਆਖਦੇ ਨੇ ਉਹ ਕਰਤਾਰ ਨੂੰ ਪਾ ਲੈਂਦੇ ਨੇ “ਬੂਝੈ ਬ੍ਰਹਮ ਅੰਤਰਿ ਬਿਬੇਕੁ॥” । ਪਰ ਗੁਰਬਾਣੀ ਨਾਲ ਇਹ ਵੀ ਕਹਿੰਦੀ ਹੈ ਕਿ ਇਹ ਬਿਬੇਕ ਬੁਧ ਜਿਸ ਨੂੰ ਬਖਸ਼ਿਸ਼ ਹੋਇ ਉਸ ਨੂੰ ਹੀ ਨਸੀਬ ਹੁੰਦੀ ਹੈ । ‘ਸੋ ਬੁਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ॥” ਪੰਨਾ 646  । ਕਬੀਰ ਸਾਹਿਬ ਤਾਂ ਇਥੋਂ ਤਕ ਕਹਿ ਦਿੰਦੇ ਨੇ ਕਿ ਉਸਦੇ ਗੁਰੂ ਦਾ ਨਾਂ ਹੀ ਬਿਬੇਕ ਹੈ । “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ॥” ਪੰਨਾ 793  । ਗੁਰੂ ਰਾਮ ਦਾਸ ਵੀ ਕਹਿੰਦੇ ਨੇ ਕਿ “ਬਿਬੇਕੁ ਗੁਰੁ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ॥” ਪੰਨਾ 981  । ਜਿਸਨੂੰ ਬਿਬੇਕ ਬੁਧ ਮਿਲ ਜਾਂਦੀ ਹੈ ਉਸ ਦਾ ਸਭਾਉ ਬਿਬੇਕੀ ਹੋ ਜਾਂਦਾ ਹੈ । “ਨਾਨਕ ਜਨ ਕੈ ਬਿਰਤਿ ਬਿਬੇਕੈ॥” ਪੰਨਾ 264 ।  ਫਿਰ ਉਹ ਦੁਸਰਿਆਂ ਤੋਂ ਨਿਵੇਕਲਾ ਹੀ ਨਜ਼ਰ ਆਉਂਦਾ ਹੈ । “ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰਿ ਬਿਬੇਕ ਬੀਚਾਰੁ॥” ਪੰਨਾ 28  । ਕਿਉਂਕਿ ਉਹ ਹੁਣ ਸੱਚ ਝੂਠ ਦੀ ਪਰਖ ਕਰਦਾ ਹੈ “ਬੂਝੇ ਦੇਖੈ ਕਰੈ ਬਿਬੇਕ॥” ਪੰਨਾ 279  । ਇਹ ਬਿਬੇਕ ਬੁਧ ਮਿਲਦੀ ਕਿਵੇਂ ਹੈ । ਚੰਗੇ ਇਨਸਾਨਾਂ ਦੀ ਸੋਹਬਤ ਵਿੱਚ । ਗੁਰਬਾਣੀ ਫੁਰਮਾਨ ਹੈ “ਸਾਧਸੰਗਤਿ ਮਿਲਿ ਬੁਧਿ ਬਿਬੇਕ॥” ਪੰਨਾ 377  । ਕਬੀਰ ਸਾਹਿਬ ਵੀ ਇਸ ਦੀ ਪ੍ਰੋੜਤਾ ਕਰਦੇ ਕਹਿੰਦੇ ਨੇ “ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥” ਪੰਨਾ 481  । ਦੁਨੀਆਂ ਦਾ ਸਭ ਤੋਂ ਧਨੀ ਮਨੁੱਖ ਵੀ ਉਹੀ ਹੈ ਜਿਸ ਕੋਲ ਬਿਬੇਕ ਬੁਧ ਹੈ । “ਸੋ ਧਨਵੰਤਾ ਜਿਸੁ ਬੁਧਿ ਬਿਬੇਕ॥” ਪੰਨਾ 1150

ਅਸੀਂ ਹੁਣ ਤਕ ਦੀ ਵੀਚਾਰ ਤੋਂ ਗੁਰਬਾਣੀ ਦਾ ਇਸ ਸਵਾਲ ਵਾਰੇ ਜੋ ਨਜ਼ਰੀਆ ਸਮਝਿਆ ਹੈ ਉਹ ਇਸ ਤਰ੍ਹਾਂ ਹੈ।

• ਗੁਰਬਾਣੀ ਅਨੁਸਾਰ ਸਬ ਕੁਝ ਕਰਤਾਰ ਦੇ ਹੁਕਮ ਅਧੀਨ ਹੋ ਰਿਹਾ ਹੈ।
• ਧਾਤ ਦੇ ਪ੍ਰਭਾਵ ਹੇਠ ਮਨੁੱਖ ਹਉਮੇ ਵਿੱਚ ਆ ਇਹ ਸਮਝਦਾ ਹੈ ਕਿ ਉਹ ਹੀ ਸਭ ਕੁਝ ਕਰ ਰਿਹਾ ਹੈ।
• ਵਿਰਲੇ ਮਨੁੱਖਾਂ ਦੀ ਗੁਰ ਗਿਆਨ ਦੀ ਕ੍ਰਿਪਾ ਨਾਲ ਬਿਬੇਕ ਬੁਧ ਜਾਗਦੀ ਹੈ
• ਬਿਬੇਕ ਬੁਧ ਨਾਲ ਧਾਤ ਦਾ ਪ੍ਰਭਾਵ ਘਟ ਜਾਂਦਾ ਹੈ ਅਤੇ ਰੱਬੀ ਹੁਕਮ ਦੀ ਸੋਝੀ ਹੋ ਜਾਂਦੀ ਹੈ।
• ਕਿਉਂਕਿ ਉਹ ਬੰਦਾ ਹੁਣ ਹੁਕਮ ਵਿੱਚ ਵਿਚਰਦਾ ਹੇ ਇਸ ਲਈ ਉਸਦੀ ਅਤੇ ਖੁਦਾ ਦੀ ਖੁਦੀ ਵਿੱਚ ਅੰਤਰ ਨਹੀਂ ਰਹਿੰਦਾ।

ਸਵਾਲਾਂ ਦੇ ਜਵਾਬ

ਗੁਰਬਾਣੀ ਦਾ ਨਜ਼ਰੀਆ ਸਮਝਣ ਲਗੇ ਅਸੀ ਸ਼ੁਰੂ ਵਿੱਚ ਹੀ ਕੁਝ ਸਵਾਲ ਉਠਾਏ ਸਨ।ਆਉ ਹੁਣ ਦੇਖਦੇ ਹਾਂ ਕਿ ਸਾਨੂੰ ਇਨ੍ਹਾ ਸਵਾਲਾਂ ਦਾ ਕੀ ਜਵਾਬ ਮਿਲਦਾ ਹੈ।

  1. ਕੀ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਸਮੇਂ ਕਰਤਾਰ ਦਾ ਹੁਕਮ ਮੰਨ ਰਿਹਾ ਸੀ?
  2. ਕੀ ਜਿੰਨ੍ਹੇ ਵੀ ਸਿੰਘ ਸ਼ਹੀਦ ਹੋਏ ਨੇ ਕਰਤਾਰ ਦੇ ਹੁਕਮ ਅਧੀਨ ਹੋਏ ਨੇ?
  3. ਕੀ ਇੰਦਰਾ ਗਾਂਧੀ ਨੇ ਜੋ ਕੀਤਾ, ਭਿੰਡਰਾਵਾਲੇ ਨੇ ਜੋ ਕੀਤਾ, ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜੋ ਕੀਤਾ ਅਤੇ 84 ਦਾ ਜੋ ਸਿੱਖ ਕਤਲੇਆਮ ਹੋਇਆ- ਇਹ ਸਭ ਕਰਤਾਰ ਦੀ ਹੀ ਖੇਡ ਸੀ?
  4. ਕੀ ਪੰਜਾਬ ਦੇ ਮੌਜ਼ੂਦਾ ਦੌਰ ਦੇ ਹਾਕਮ ਚਾਹੇ ਉਹ ਅਕਾਲੀ ਨੇ ਜਾਂ ਕਾਂਗਰਸੀ- ਕੀ ਉਹ ਜੋ ਕਰ ਰਹੇ ਨੇ ਜਾਂ ਜੋ ਕਰ ਚੁੱਕੇ ਨੇ ਇਹ ਸਭ ਕਰਤਾਰ ਦਾ ਹੀ ਕੀਤਾ ਕਰਾਇਆ ਹੈ?
  5. ਹਾਦਸਿਆਂ ਦੌਰਾਨ ਜੋ ਨਿਰਦੌਸ਼ ਮਾਰੇ ਗਏ ਉਹਨਾਂ ਕਿਸ ਕਰਮ ਦਾ ਫਲ ਜਾਂ ਸਜ਼ਾ ਭੁਗਤੀ?

ਇਹਨਾਂ ਸਾਰੇ ਸਵਾਲਾਂ ਵਿੱਚ ਸਾਰੇ ਕਿਰਦਾਰ ਕਰਤਾਰ ਦੇ ਹੁਕਮ ਅਧੀਨ ਹੀ ਕੰਮ ਕਰ ਰਹੇ ਹਨ । ਸਭ ਕਰਤਾਰ ਦੀ ਖੇਡ ਸੀ/ਹੈ । ਫਰਕ ਸਿਰਫ ਇੰਨਾਂ ਹੈ ਕਿ ਕੋਈ ਧਾਤ ਵਸ ਕਰ ਰਿਹਾ ਹੈ ਕੋਈ ਲਿਵ ਰਾਹੀ ਕਰ ਰਿਹਾ ਹੈ । ਹੁਣ ਇਹ ਕਿਵੇਂ ਪਤਾ ਲਗੇ ਕਿ ਕੌਣ ਧਾਤ ਵਸ ਕਰ ਰਿਹਾ ਹੈ ਅਤੇ ਕਿਸ ਦੀ ਲਿਵ ਲੱਗੀ ਹੋਈ ਹੈ । ਇਸ ਉਸ ਕੰਮ ਦੇ ਨਤੀਜ਼ੇ ਤੋਂ ਪਤਾ ਚਲਦਾ ਹੈ । ਮਿਸਾਲ ਦੇ ਤੌਰ ਤੇ ਸੂਬਾ ਸਰਹੰਦ ਨੂੰ ਆਪਣੀ ਤਾਕਤ ਦਾ ਹੰਕਾਰ ਹੈ, ਆਪਣਿਆਂ ਤੋ ਉਪਰ ਵਾਲਿਆਂ ਤੋ ਡਰ ਉਹਨਾਂ ਨੂੰ ਖੁਸ਼ ਕਰਨ ਲਈ ਬਿਬੇਕ ਬੁਧ ਗੁਆ ਬੈਠਾ ਹੈ । ਇਸ ਦੇ ਉਲਟ ਸਾਹਿਬਜ਼ਾਦੇ ਲਿਵ ਨਾਲ ਜੁੜੇ ਹੋਏ ਨੇ ਇਸੇ ਕਰਕੇ ਉਹਨਾ ਦੇ ਮਨ ਵਿੱਚ ਕੋਈ ਡਰ ਭੈ ਨਹੀਂ ਹੈ । ਇਸੇ ਤਰ੍ਹਾਂ ਜਿਹਨਾਂ ਸਿੰਘਾ ਨੇ ਸ਼ਹੀਦੀਆਂ ਦਿੱਤੀਆਂ ਉਹ ਹੳਮੇ ਤਿਆਗ ਲਿਵ ਨਾਲ ਜੁੜੇ ਹੋਏ ਸਨ ਇਸੇ ਕਰਕੇ ਹੱਸਦੇ ਹੋਏ ਬੰਦ ਬੰਦ ਕਟਵਾ ਗਏ, ਖੋਪਰੀਆਂ ਲਹਾ ਗਏ, ਚਰਖੜੀਆਂ ਤੇ ਚੜ੍ਹ ਗਏ, ਆਰਿਆਂ ਨਾਲ ਚੀਰੇ ਗਏ, ਦੇਗ ਵਿੱਚ ਉਬਾਲੇ ਗਏ, ਪਰ ਸੀ ਨਹੀਂ ਕੀਤੀ । ਇਸ ਦੇ ਉਲਟ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਸੂਬਾ ਸਰਹੰਦ ਵਾਲੀ ਮਾਨਸਿਕਤਾ ਦੇ ਸ਼ਿਕਾਰ ਸਨ । ਜੋ ਭਿੰਡਰਾਵਾਲੇ ਨੇ ਕੀਤਾ, ਜੋ ਇੰਦਰਾ ਗਾਂਧੀ ਨੇ ਕੀਤਾ, ਜੋ ਬੇਅੰਤ ਸਿੰਘ ਸਤਵੰਤ ਸਿੰਘ ਨੇ ਕੀਤਾ ਇਸ ਸਭ ਵੀ ਧਾਤ ਵਸ ਹੋਇਆ । ਉਹਨਾਂ ਜੋ ਵੀ ਕੀਤਾ ਉਹ ਚਾਹੁੰਦੇ ਹੋਏ ਵੀ ਉਸ ਤੋਂ ਉਲਟ ਨਹੀਂ ਸਨ ਕਰ ਸਕਦੇ । ਉਹਨਾਂ ਦੇ ਦਿਮਾਗ ਵਿੱਚ ਜੋ ਮੀਮਜ਼ ਕੰਮ ਕਰ ਰਹੇ ਸਨ ਉਹਨਾਂ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਸੀ । ਇੰਦਰਾ ਗਾਂਧੀ ਸੱਚ ਨੂੰ ਤਿਆਗ ਆਪਣੇ ਰਾਜਨੀਤਕ ਲਾਭ ਦੇਖ ਰਹੀ ਸੀ । ਧਾਤ ਵਸ ਉਹ ਇਹ ਹੀ ਕਰ ਸਕਦੀ ਸੀ । ਉਸ ਨੂੰ ਇਹ ਹੀ ਠੀਕ ਲਗਦਾ ਸੀ । ਭਿੰਡਰਾਂਵਾਲਾ ਕਈ ਗਲਤਫਹਿਮੀਆਂ ਦਾ ਸ਼ਿਕਾਰ ਹੋ ਬਿਬੇਕ ਬੁਧ ਗੁਆ ਬੈਠਾ ਸੀ । ਉਸ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ । ਅਗਰ ਉਹ ਬਿਬੇਕ ਬੁੱਧ ਤੋਂ ਕੰਮ ਲੈਂਦਾ ਤਾਂ ਇਤਿਹਾਸ ਕੁਝ ਹੋਰ ਹੀ ਹੋਣਾ ਸੀ । 84 ਦੇ ਨਿਰਦੋਸ਼ਾਂ ਦਾ ਕੀ ਕਸੂਰ ਸੀ । ਜਿਸ ਭੀੜ ਨੇ ਉਹਨਾਂ ਦਾ ਕਤਲ ਕੀਤਾ ਉਸਨੂੰ ਤਾਂ ਕਹਿ ਸਕਦੇ ਹਾਂ ਕਿ ਉਹ ਧਾਤ ਵਸ ਕਰ ਰਹੀ ਸੀ । ਭੀੜ ਦੇ ਪਾਗਲਪਨ ਦਾ ਬਿਬੇਕ ਬੁਧ ਨਾਲ ਕੋਈ ਸਬੰਧ ਨਹੀਂ ਹੁੰਦਾ । ਇਹ ਜੋ ਕੁਝ ਵੀ ਹੋਇਆ ਹੋਇਆ ਤਾਂ ਕਰਤਾਰ ਦੇ ਹੁਕਮ ਨਾਲ ਹੀ ਹੈ । ਆਪਾਂ ਨੂੰ ਇਹ ਨਿਰਦੋਸ਼ਾਂ ਦਾ ਦਰਦ ਇਸ ਲਈ ਆ ਰਿਹਾ ਕਿਉਂਕਿ ਇਹ ਅਤਿਆਚਾਰ ਮਨੁੱਖ ਵਲੋਂ ਮਨੁੱਖ ਤੇ ਹੋਇਆ ਹੈ । ਮਿਸਾਲ ਦੇ ਤੌਰ ਤੇ ਅਗਰ ਇਹ ਸਾਰੇ ਸਿੱਖ ਕਿਸੇ ਭਿਆਨਕ ਕੁਦਰਤੀ ਹਾਦਸੇ ਵਿੱਚ ਮਾਰੇ ਜਾਂਦੇ ਤਾਂ ਸ਼ਾਇਦ ਅਸੀ ਇਹ ਸੌਖਿਆਂ ਹੀ ਕਬੂਲ ਕਰ ਲੈਂਦੇ ਕਿ ਇਹ ਸਭ ਕਰਤਾਰ ਦਾ ਹੀ ਭਾਣਾ ਸੀ । ਭੀੜ ਦਾ ਪਾਗਲਪਨ ਵੀ ਤਾ ਇੱਕ ਕੁਦਰਤੀ ਵਰਤਾਰਾ ਹੈ । ਪਰ ਅਸੀਂ ਸ਼ਾਇਦ ਇਸ ਵਾਰੇ ਇਸ ਕਰਕੇ ਸਵਾਲ ਕਰਦੇ ਹਾਂ ਕਿਉਂਕਿ ਸਾਡੀ ਸਮਝ ਵਿੱਚ ਇਸ ਨੂੰ ਰੋਕਿਆ ਜਾ ਸਕਦਾ ਸੀ/ਹੈ । ਸਾਡੀ ਸਮਝ ਠੀਕ ਹੈ । ਗੁਰੂ ਨੇ ਸਿੱਖ ਨੂੰ ਜੋ ਕ੍ਰਿਪਾਨ ਦੀ ਬਖਸ਼ਿਸ਼ ਕੀਤੀ ਹੈ ਉਹ ਬਹੁਤ ਮਾਅਨੇ ਰੱਖਦੀ ਹੈ । ਕ੍ਰਿਪਾਨ ਮਹਿਜ਼ ਇੱਕ ਹਥਿਆਰ ਹੀ ਨਹੀਂ ਇਹ ਇੱਕ ਸੋਚ ਹੈ । ਇਹ ਸੋਚ ਹੈ ਸੱਚ ਲਈ ਖੜਨ ਦੀ, ਸੰਘਰਸ਼ ਕਰਨ ਦੀ । ਜਿਹਨਾਂ ਮੁਲਖਾਂ ਦੀ ਜਨਤਾਂ ਇਸ ਸੋਚ ਤੇ ਖੜ ਕੇ ਸਹੀ ਸਰਕਾਰ ਚੁਣਦੀ ਹੈ ਉਥੇ ਇਹੋ ਜਿਹੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਜਾਂ ਤਾਂ ਘਟ ਜਾਂਦੀ ਹੈ ਜਾਂ ਹੁੰਦੀਆਂ ਹੀ ਨਹੀਂ । ਅਗਰ ਕੋਈ ਘਟਨਾ ਹੋ ਵੀ ਜਾਏ ਤਾਂ ਬਕਾਇਦਾ ਬਣਦੇ ਕਦਮ ਚੁੱਕੇ ਜਾਂਦੇ ਹਨ ਤਾਂ ਕੇ ਫਿਰ ਤੋਂ ਅਜਿਹੀ ਘਟਨਾ ਨਾ ਵਾਪਰੇ । ਅਸੀਂ ਸਾਰੇ ਆਪਣੇ ਆਪ ਨੂੰ ਇਹ ਸਵਾਲ ਪੁੱਛੀਏ ਕਿ ਕਿਰਪਾਨਾਂ ਪਹਿਨ ਕੇ ਵੀ ਕੀ ਅਸੀਂ ਸਰਕਾਰਾਂ ਚੁਣਨ ਵੇਲੇ ਸੱਚ ਨਾਲ ਖੜਦੇ ਹਾਂ । ਕੀ ਅਸੀ ਸਰਕਾਰ ਬਿਬੇਕ ਬੁਧ ਨਾਲ ਚੁਣਦੇ ਹਾਂ ਜਾ ਧਾਤ ਵਸ ਕਿਸੇ ਲਾਲਚ, ਡਰ ਜਾ ਭਾਵਨਾਵਾਂ ਦੇ ਵਹਿਣ ਵਿੱਚ ਰੁੜ ਕੇ ਵੋਟ ਪਾਉਂਦੇ ਹਾਂ । ਕੁਝ ਲੋਕ ਭਿੰਡਰਾਂਵਾਲੇ ਦੇ ਅੰਨੇ ਸਮਰਥਕ ਹਨ । ਕਈ ਤਾਂ ਉਸ ਨੂੰ ਗੁਰੂ ਸਹਿਬਾਨ ਦੇ ਬਰਾਬਰ ਹੀ ਸਮਝਦੇ ਹਨ । ਉਹ ਵੀ ਆਪਣੇ ਆਪ ਨੂੰ ਸਵਾਲ ਪੁਛਣ ਕੀ ਉਹ ਇਹ ਸਭ ਬਿਬੇਕ ਬੁਧ ਨਾਲ ਕਰ ਰਹੇ ਨੇ । ਇਸੇ ਤਰ੍ਹਾਂ ਪੰਜਾਬ ਦੇ ਜੋ ਮੌਜ਼ੁਦਾ ਦੌਰ ਦੇ ਸਾਰੇ ਹਾਕਮ ਵੀ ਕਰਤਾਰ ਦਾ ਹੁਕਮ ਹੀ ਵਜਾ ਰਹੇ ਨੇ । ਜੋ ਉਹ ਧਾਤ ਵਸ ਕਰ ਰਹੇ ਨੇ ਤੇ ਭੁਗਤ ਰਹੇ ਨੇ । ਜੋ ਪੰਜਾਬੀ ਵੋਟਰ ਧਾਤ ਵਸ ਕਰ ਰਿਹਾ ਹੈ ਭੁਗਤ ਰਿਹਾ ਹੈ । ਧਾਤ ਵਸ ਕੀਤੇ ਕੰਮ ਦੀ ਕਰਤਾਰ ਦੇ ਹੁਕਮ ਅਨੁਸਾਰ ਸਜ਼ਾ ਮਿਲਦੀ ਹੈ । ਬਿਬੇਕ ਬੁਧ ਨਾਲ ਕੀਤੇ ਕੰਮਾ ਨੂੰ ਫਲ ਲਗਦਾ ਹੈ । ਇਸ ਨੂੰ ਸਜ਼ਾ ਜਾਂ ਫਲ ਕਹਿਣ ਦੀ ਵਜਾਏ ਕੀਤੇ ਕੰਮਾਂ ਦੇ ਨਿਰਧਾਰਿਤ ਨਤੀਜ਼ੇ ਕਹਿਣਾ ਜ਼ਿਆਦਾ ਠੀਕ ਹੋਵੇਗਾ । ਹਿੰਦੁਸਤਾਨ ਵਿੱਚ ਵੋਟਰਾਂ ਨੇ ਭਾਵਨਾਵਾਂ ਦੇ ਵਹਿਣ ਵਿੱਚ ਆ ਮੋਦੀ ਨੂੰ ਚੁਣਿਆ ਜਿਸ ਦੇ ਨਤੀਜ਼ੇ ਸਭ ਦੇ ਸਾਹਮਣੇ ਹਨ । ਆਪਾਂ ਮੁਕਾਬਲਾ ਕਰ ਕੇ ਵੇਖੀਏ ਜਿਹਨਾਂ ਮੁਲਕਾਂ ਦੇ ਵੋਟਰ ਆਪਣੀਆਂ ਸਰਕਾਰਾਂ ਬਿਬੇਕ ਬੁਧ ਨਾਲ ਚੁਣਦੇ ਹਨ ੳਹ ਸਰਕਾ੍ਰਰਾਂ ਕਿਹੋ ਜਿਹੇ ਕੰਮ ਕਰਦੀਆਂ ਹਨ ਅਤੇ ਜਿਥੇ ਵੋਟਰ ਆਪਣੀ ਵੋਟ ਭਾਵਨਾਵਾਂ ਵਿੱਚ ਵਹਿ ਕੇ ਜਾਂ ਕਿਸੇ ਡਰ ਜਾਂ ਲਾਲਚ ਵਿੱਚ ਆ ਪਾਉਂਦੇ ਨੇ ਉਹ ਸਰਕਾਰਾਂ ਕੀ ਕੰਮ ਕਰਦੀਆਂ ਹਨ । ਇਹ ਸਵਾਲ ਵੀ ਅਕਸਰ ਉਠਦਾ ਹੈ ਕਿ ਕਈ ਵਾਰ ਨਿਰਦੋਸ਼ ਮਾਰਿਆ ਜਾਂਦਾ ਹੈ । ਉਹ ਕਿਸ ਪਾਪ ਦੀ ਸਜ਼ਾ ਭੁਗਤ ਰਿਹਾ ਹੈ । ਅਗਰ ਕੋਈ ਸੜਕ ਤੇ ਜਾ ਰਿਹਾ ਹੈ ਅਤੇ ਅਚਾਨਕ ਉਸਈ ਕਾਰ ਤੇ ਰੁੱਖ ਡਿਗ ਪਏ ਤੇ ਉਸਦੀ ਮੋਤ ਹੋ ਜਾਏ ਤਾਂ ਅਸੀ ਇਹ ਕਹਿੰਦੇ ਹਾਂ ਕਿ ਨਿਰਦੋਸ਼ਾ ਮਾਰਿਆ ਗਿਆ । ਇਸੇ ਤਰ੍ਹਾਂ ਕੋਈ ਹਵਾਈ ਹਾਦਸਾ ਹੋ ਜਾਏ ਜਾਂ ਕੋਈ ਹੋਰ ਹਾਦਸਾ ਹੋ ਜਾਏ ਤਾਂ ਅਸੀਂ ਨਿਰਦੋਸ਼ ਮਾਰੇ ਗਏ ਬੰਦਿਆ ਲਈ ਹਾਅ ਦਾ ਨਾਅਰਾ ਮਾਰਦੇ ਹਾਂ । ਪਰ ਸਮਾਜਿਕ ਤੌਰ ਤੇ ਅਸੀਂ ਅਗਰ ਕੋਈ ਕਦਮ ਨਹੀਂ ਚੁਕੱਦੇ ਤਾਂ ਇਹ ਹਾਦਸੇ ਘਟਣ ਦੀ ਵਜਾਏ ਵਧਣਗੇ । ਪੱਛਮੀ ਸਰਕਾਰਾਂ ਅਤੇ ਭਾਰਤ ਜਾਂ ਪੰਜਾਬ  ਦੀ ਸਰਕਾਰ ਵਿੱਚ ਇਹ ਫਰਕ ਸਾਫ ਦਿਖਾਈ ਦਿੰਦਾ ਹੈ । ਕੀ ਇਸ ਸਭ ਵਿੱਚ ਸਾਡਾ ਆਪਣਾ ਕੋਈ ਦੋਸ਼ ਨਹੀਂ ਹੈ । ਗੁਰੂ ਨੇ ਜੋ ਬਿਬੇਕ ਬੁਧ ਵਰਤਣ ਲਈ ਪ੍ਰੇਰਣਾ ਦਿੱਤੀ ਸੀ ਕੀ ਅਸੀਂ ਉਸ ਤੇ ਅਮਲ ਕੀਤਾ । ਜੇ ਨਹੀਂ ਤਾਂ ਅਸੀ ਵੀ ਦੋਸ਼ ਮੁਕਤ ਨਹੀਂ ਹੋ ਸਕਦੇ । ਪੰਜਾਬ ਦੀ ਧਰਤੀ ਹੇਠਲਾ ਪਾਣੀ ਮੁੱਕਣ ਦੀਆਂ ਆਮ ਖਬਰਾਂ ਮਿਲਦੀਆਂ ਹਨ । ਪੰਜਾਬ ਦੀ ਕਿਸੇ ਸਰਕਾਰ ਜਾਂ ਪੰਜਾਬੀਆਂ ਨੇ ਕਦੇ ਮਾਹਰਾਂ ਦੀ ਦਿੱਤੀ ਸਲਾਹ ਤੇ ਗੌਰ ਕੀਤਾ । ਜੇ ਨਹੀ ਤਾਂ ਹੁਣ ਆਪਾਂ ਕਿਸ ਗਲ ਦਾ ਰੋਣਾ ਰੋ ਰਹੇ ਹਾਂ ।

ਨਿਚੋੜ

ਹੇਠਾਂ ਲਿਖੀਆਂ ਕੁਝ ਗੱਲਾਂ ਵਾਰੇ ਸੋਚਣ ਨਾਲ ਸਾਨੂੰ ਸਾਰੀ ਬਹਿਸ ਦਾ ਨਿਚੋੜ ਕੱਢਣ ਵਿੱਚ ਸਹਾਇਤਾ ਮਿਲੇਗੀ ।

  1. ਇਹ ਅਕਸਰ ਕਿਹਾ ਜਾਂਦਾ ਹੈ ਕਿ ਨਿਤਨੇਮ ਕਰਦੇ ਵਕਤ ਮਨ ਇੱਧਰ ਉੱਧਰ ਬਹੁਤ ਦੌੜਦਾ ਹੈ।ਪਾਠ ਕਰਦੇ ਕਰਦੇ ਸੋਚ ਕਿਤੇ ਦੀ ਕਿਤੇ ਚਲਾ ਜਾਂਦੀ ਹੈ।ਪਤਾ ਉਦੋਂ ਹੀ ਲਗਦਾ ਹੈ ਜਦੋਂ ਪਾਠ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਉਦੋਂ ਵੀ ਪਤਾ ਨਹੀ ਲਗਦਾ।ਇਹ ਸਵਾਲ ਗੁਰਦਵਾਰਿਆਂ ਵਿੱਚ ਅਕਸਰ ਪ੍ਰਚਾਰਕਾ ਨੂੰ ਕੀਤਾ ਜਾਂਦਾ ਹੈ।ਸੋਚਣ ਵਾਲੀ ਗਲ ਇਹ ਹੈ ਕਿ ਇਹ ਇੱਧਰ ਉੱਧਰ ਦੀਆਂ ਸੋਚਾ ਕੋਣ ਪੈਦਾ ਕਰ ਰਿਹਾ ਹੈ।ਕੀ ਨਿਤਨੇਮ ਕਰਨ ਵਾਲੇ ਦਾ ਇਨ੍ਹਾਂ ਸੋਚਾਂ ਤੇ ਕੋਈ ਕੰਟਰੋਲ ਹੈ।ਜੇ ਨਹੀਂ ਤਾਂ ਉਸ ਦਾ ਆਪਣੇ ਦਿਮਾਗ ਤੇ ਕੋਈ ਕੰਟਰੋਲ ਨਹੀਂ ਹੈ।
  2. ਕੀ ਅਸੀਂ ਸਿਰਫ ਇੱਕ ਮਿੰਟ ਲਈ ਆਪਣੇ ਦਿਮਾਗ ਨੂੰ ਕਾਬੂ ਕਰ ਇਹ ਕਰ ਸਕਦੇ ਹਾਂ ਕਿ ਕੋਈ ਵੀ ਵਿਚਾਰ ਜਾਂ ਸੋਚ ਦਿਮਾਗ ਵਿੱਚ ਪੈਦਾ ਨਾ ਹੋ ਸਕੇ।ਕਰ ਕੇ ਦੇਖੋ।ਇਹ ਨਹੀਂ ਹੋ ਸਕਦਾ।ਅੱਧੇ ਮਿੰਟ ਲਈ ਵੀ ਨਹੀਂ।ਇਸ ਦਾ ਸਾਫ ਮਤਲਬ ਇਹੀ ਨਿਕਲਦਾ ਹੈ ਕਿ ਸਾਡਾ ਆਪਣੇ ਦਿਮਾਗ ਤੇ ਕੋਈ ਕੰਟਰੋਲ ਨਹੀਂ ਹੈ।
  3. ਕੀ ਸਾਨੂੰ ਕਦੇ ਇਹ ਇਲਮ ਹੁੰਦਾ ਹੈ ਕਿ ਸਾਡੇ ਦਿਮਾਗ ਵਿੱਚ ਅਗਲਾ ਖਿਆਲ ਕਿਹੜਾ ਆਏਗਾ।
  4. ਕੀ ਇਹ ਸੱਚ ਨਹੀਂ ਹੈ ਕਿ ਸਾਡੇ ਦਿਮਾਗ ਵਿੱਚ ਖਿਆਲ ਇੱਕ ਦਰਿਆ ਦੀ ਤਰ੍ਹਾਂ ਵਗਦੇ ਚਲੇ ਆ ਰਹੇ ਹਨ।ਇਹ ਦਰਿਆ ਕਿਥੌਂ ਸ਼ੁਰੂ ਹੁੰਦਾ ਹੈ ਕਿਧਰ ਨੂੰ ਜਾ ਰਿਹਾ ਹੈ ਇਸਦਾ ਸਾਨੂੰ ਕੋਈ ਇਲਮ ਨਹੀਂ ਹੈ।ਸਾਨੂੰ ਇਸਦਾ ਇਲਮ ਨਹੀਂ ਹੋ ਸਕਦਾ ਕਿਉਂਕਿ ਅਸੀ ਇਸ ਦਰਿਆ ਦੇ ਵਹਿਣ ਵਿੱਚ ਰੁੜਦੇ ਜਾ ਰਹੇ ਹਾਂ ਇਸਦੇ ਕੰਢੇ ਤੇ ਨਹੀਂ ਖੜੇ।
  5. ਆਪਣੀ ਪਿਛਲੀ ਜ਼ਿੰਦਗੀ ਤੇ ਯਾਤੀ ਮਾਰੀਏ ਤਾਂ ਦੇਖੀਏ ਇਸ ਵਿੱਚ ਸਾਡੀ ਕਿੰਨੀ ਕੁ ਮਰਜ਼ੀ ਚਲੀ ਹੈ।ਅਗਰ ਅਸੀਂ ਕੁਝ ਠਾਣ ਕੇ ਕੀਤਾ ਹੈ ਤਾਂ ੳਸਦਾ ਟੁੰਬਣਾ ਕਿਸ ਨੇ ਲਾਇਆ।ਜੇ ਟੁੰਬਣਾ ਲਾਣ ਨਾਲ਼ ਕੁਝ ਠਾਣ ਕੇ ਕੀਤਾ ਤਾਂ ਉਹ ਵੀ ਸਾਡੀ ਆਪਣੀ ਮਰਜ਼ੀ ਤਾਂ ਨ ਹੋਈ।

ਹੁਣ ਤਕ ਦੀ ਕੀਤੀ ਵਿਚਾਰ ਤੇ ਯਾਤ ਮਾਰੀਏ ਤਾਂ ਅਸੀਂ ਸੰਖੇਪ ਵਿੱਚ ਇਹ ਕਹਿ ਸਕਦੇ ਹਾਂ ਕਿ ਪ੍ਰਚਲਤ ਧਰਮਾਂ ਦਾ ਇਸ ਵਿਸ਼ੇ ਤੇ ਨਜ਼ਰੀਆ ਸਵੈ ਵਿਰੋਧੀ ਹੈ । ਰੱਬ ਨੂੰ ਸਰਬਸ਼ਕਤੀਮਾਨ, ਸਰਬਗਿਆਤਾ ਕਹਿ ਕੇ ਬੰਦੇ ਨੂੰ ਪਾਪ ਪੁੰਨ ਕਰਨ ਦੀ ਖੁਲ ਵੀ ਦਿੰਦੇ ਨੇ । ਬਾਅਦ ਵਿੱਚ ਸਜ਼ਾ ਅਤੇ ਪਾਪ ਬਖਸ਼ਾਉਣ ਦਾ ਵੀ ਲੰਬਾ ਚੌੜਾ ਵਿਧੀ ਵਿਧਾਨ ਹੈ । ਵਿਗਿਆਨ ਹਰ ਕੰਮ ਨੂੰ ਨਿਰਧਾਰਿਤ ਮੰਨਦਾ ਹੈ । ਗੁਰਮਤਿ ਦਾ ਨਜ਼ਰੀਆ ਵੀ ਵਿਗਿਆਨ ਦੇ ਜ਼ਿਆਦਾ ਨੇੜੇ ਹੈ । ਪਰ ਜਿੱਥੇ ਵਿਗਿਆਨ ਹਰ ਕੰਮ ਨੂੰ ਫਿਜ਼ਿਕਸ ਦੇ ਕਨੂੰਨ ਤਹਿਤ ਨਿਰਧਾਰਤਿ ਮੰਨਦਾ ਹੈ ਗੁਰਮਤਿ ਨੇ ਇਸ ਨੂੰ ਲਿਵ ਅਤੇ ਧਾਤ ਦੇ ਸੰਕਲਪ ਰਾਹੀਂ ਬਿਆਨ ਕੀਤਾ ਹੈ ।

ਸਾਇੰਸ ਨੇ ਤਜ਼ਰਬੇ ਕਰ ਕੇ ਇਹ ਹੁਣ ਸਾਬਤ ਕੀਤਾ ਹੈ ਕਿ ਸਾਡੇ ਸਭ ਦੇ ਦਿਮਾਗ ਵਿੱਚ ਦੋਹਰਾ ਅਮਲ ਜਾਂ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ । ਡੇਨੀਅਲ ਕਾਹਨਮੈਨ ਇੱਕ ਮਨੋਵਿਗਿਆਨੀ ਹੈ ਜਿਸ ਨੂੰ 2002 ਵਿੱਚ ਖਪਤਕਾਰ ਜਾਂ ਗਹਿਕ ਦੇ ਵਤੀਰੇ ਸਬੰਧੀ ਖੋਜ਼ ਲਈ ਅਰਥ ਸ਼ਾਸਤਰ ਦਾ ਨੋਬਲ ਇਨਾਮ ਦਿੱਤਾ ਗਿਆ ਸੀ । ਉਸਦਾ ਕਹਿਣਾ ਹੈ ਕਿ ਬੰਦੇ ਦੇ ਦੋ ਆਪੇ (ਸੲਲਡ) ਹਨ । ਇਕ ਨੂੰ ਉਹ ਸਿਸਟਮ 1 ਆਖਦਾ ਹੇ ਅਤੇ ਦੂਜੇ ਨੂੰ ਸਿਸਟਮ 2 । ਉਸਦੇ ਆਪਣੇ ਲਫ਼ਜ਼ਾਂ ਵਿੱਚ “The two characters were the intuitive system 1, which does the fast thinking, and the effortful and slower system 2, which does the slow thinking, monitors System 1,and maintains control as best as it can withing its limited resources.” (23) ਸੈਮ ਹੈਰਿਸ ਇੱਕ ਨਿੳਰੋਸਾਇੰਸਟਿਸਟ ਅਤੇ ਲਿਖਾਰੀ ਹੈ ।  ਉਸਦੀ ਇੱਕ ਕਿਤਾਬ ਢਰੲੲ ਾਂਲਿਲ ਬਹੁਤ ਮਸ਼ਹੂਰ ਹੋਈ ਹੈ । ਇਸ ਵਿੱਚ ਉਹ ਲਿਖਦਾ ਹੈ “We now know that at least two systems in the brain -often referred to as “dual processes”-govern human congintion, emotion, and behaviour. One is evolutionarily older, unconscious , slow to learn, and quick to respond; the other evolved more recently and is conscious, quick to learn, and slow to respond.” (24) ਗੁਰਮਤਿ ਵਿੱਚ ਜਿਹੜੇ ਦੋ ਰਾਹ (ਲਿਵ ਅਤੇ ਧਾਤ) ਦੱਸੇ ਗਏ ਨੇ ਉਹ ਵੀ ਦਿਮਾਗ ਦੀਆਂ ਇਹਨਾਂ ਦੋ ਪ੍ਰੀਕ੍ਰਿਆਵਾਂ ਜਾਂ ਪਰੋਸੈਸਿਜ਼ ਚੋਂ ਹੀ ਉਪਜਦੇ ਨੇ । ਧਾਤ ਦਿਮਾਗ ਦੇ ਸਿਸਟਮ 1 ਚੋਂ ਪੈਦਾ ਹੁੰਦੀ ਹੈ ਜਦਕਿ ਲਿਵ ਸਿਸਟਮ 2 ਦੀ ਉਪਜ਼ ਹੈ । ਮਨਮੁਖ ਸਿਸਟਮ 1 ਦੀ ਵਰਤੋ ਕਰਦਾ ਹੈ ।  ਗੁਰਮੁਖ ਸਿਸਟਮ 2 ਦੀ ਵਰਤੋ ਕਰਦਾ ਹੈ । ਇਹ ਇੱਕ ਆਮ ਕਹਾਵਤ ਵੀ ਹੈ (ਮੈ ਕਈਆਂ ਨੂੰ ਕਹਿੰਦੇ ਸੁਣਿਆ ਹੈ) ਕਿ ਕਚਿਹਰੀ ਵਿੱਚ ਬਾਅਦ ਦੁਪਹਿਰ ਹੋਏ ਫੈਸਲੇ ਵਿੱਚ ਅਕਸਰ ਸਜ਼ਾ ਹੋ ਜਾਂਦੀ ਹੈ । ਇਸਦਾ ਕਾਰਨ ਇੱਕ ਮਨੋਵਿਗਿਆਨਿਕ ਸਚਾਈ ਹੈ । (25) ਜਦੋ ਜੱਜ ਥੱਕੇ ਹੋਣ ਜਾਂ ਭੁੱਖੇ ਹੋਣ ਉਦੋ ਉਹ ਦਿਮਾਗ ਤੇ ਜ਼ੋਰ ਪਾ ਕੇ ਸੱਚ ਝੂਠ ਜਾਨਣ ਦੀ ਵਜਾਏ ਸੌਖਾ ਰਾਹ ਅਪਣਾ ਸਜਾ ਹੀ ਸੁਣਾ ਦਿੰਦੇ ਹਨ । ਭੁੱਖੇ ਜੱਜ ਸਹਿਬਾਨ ਸਿਸਟਮ 2 ਦੀ ਵਰਤੋ ਕਰਨ ਦੀ ਵਜਾਏ ਸਿਸਟਮ 1 ਦੀ ਵਰਤੋਂ ਕਰਕੇ ਬੁੱਤਾ ਸਾਰ ਲੈਂਦੇ ਨੇ ।

ਅਮਰੀਕਾ ਦੀ ਸਟੈਨਫੋਰਡ ਯੂਨਵਿਰਸਟੀ ਵਿੱਚ ਮਨੋਵਿਗਿਆਨੀ ਵਾਲਟਰ ਮਿੱਸ਼ਚਲ ਨੇ 1990 ਵਿੱਚ ੱਿੲੱਕ ਤਜ਼ਰਬਾ ਕੀਤਾ ਜੋ ਮਾਰਸ਼ਮੈਲੋ ਤਜ਼ਰਬੇ (Marshmallow Experiment) ਦੇ ਨਾਮ ਨਾਲ ਬਹੁਤ ਮਸ਼ਹੂਰ ਹੈ । (26) ਇਹ ਤਜ਼ਰਬਾ ਬਹੁਤ ਹੀ ਦਿਲਚਸਪ ਹੈ । ਵਾਲਟਰ ਮਿੱਸ਼ਚਲ ਨੇ ਛੋਟੇ ਛੋਟੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਇਕ ਪਲੇਟ ਵਿੱਚ ਇੱਕ ਮਾਰਸ਼ਮੈਲੋ (ਬੱਚਿਆਂ ਦੀ ਇੱਕ ਬਹੁਤ ਹੀ ਪਸੰਦੀਦਾ ਮਿਠਾਈ) ਦੇ ਕੇ ਇਕੱਲਿਆਂ ਛੱਡ ਦਿੱਤਾ । ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਗਰ ਉਹ 20 ਮਿੰਟ ਤਕ ਇਸ ਨੂੰ ਨਹੀਂ ਖਾਣਗੇ ਤਾਂ ਉਨ੍ਹਾ ਨੂੰ ਇਕ ਹੋਰ ਮਾਰਸ਼ਮੈਲੋ ਖਾਣ ਲਈ ਦਿੱਤਾ ਜਾਵੇਗਾ । ਬੱਚੇ ਹੁਣ ਮਨ ਵਿੱਚ ਸੰਘਰਸ਼ ਕਰ ਰਹੇ ਨੇ ਕਿ ਖਾਵੇ ਕਿ ਨ ਖਾਵੇ । ਕਈ ਬਹੁਤ ਹੀ ਹਾਸੇ ਵਾਲੀਆਂ ਹਰਕਤਾਂ ਕਰਦੇ ਨੇ । ਕੁਝ ਖਾ ਲੈਂਦੇ ਨੇ, ਕੁਝ ਸਬਰ ਕਰ ਲੈਂਦੇ ਨੇ ਕੁਝ ਅੱਧ ਵਿਚਾਲੇ ਰਹਿ ਜਾਂਦੇ ਨੇ । ਜਿਹੜੇ ਬੱਚਿਆਂ ਨੇ ਇਸ ਤਜ਼ਰਬੇ ਵਿੱਚ ਭਾਗ ਲਿਆ ਉਹਨਾਂ ਦੀ ਜ਼ਿੰਦਗੀ ਤੇ ਬਾਅਦ ਵਿੱਚ ਲਗਾਤਾਰ ਨਿਰੰਤਰ ਨਜ਼ਰ ਰੱਖ ਕੇ ਘੋਖ ਪੜਤਾਲ ਕੀਤੀ ਗਈ ਜਿਸ ਤੋਂ ਇਹ ਸਾਬਤ ਹੋਇਆ  ਕਿ ਜਿਹੜੇ ਬੱਚੇ ਸਬਰ ਕਰਨ ਵਿੱਚ ਕਾਮਯਾਬ ਹੋਏ ਸਨ ਉਹ ਬੱਚੇ ਜ਼ਿੰਦਗੀ ਵਿੱਚ ਵੀ ਕਾਮਯਾਬ ਰਹੇ ਸਨ ।  ਜਦਕਿ ਦੂਸਰੇ ਜ਼ਿੰਦਗੀ ਵਿੱਚ ਭਟਕ ਕੇ ਗਲਤ ਰਸਤੇ ਪੈ ਗਏ । ਇਸ ਤਜ਼ਰਬੇ ਤੋਂ ਵੀ ਸਾਨੂੰ ਗੁਰਮਤਿ ਵਾਲੀ ਸੇਧ ਹੀ ਮਿਲਦੀ ਹੈ । ਜਿਹੜੇ ਬੱਚੇ ਧਾਤ ਵੱਸ ਹੋ ਆਪਣੇ ਆਪ ਤੇ ਕਾਬੂ ਖੋ ਬੈਠੇ ਉਹ ਇਸ ਤਜ਼ਰਬੇ ਵਿੱਚ ਅਤੇ ਬਾਅਦ ਵਿੱਚ ਜ਼ਿੰਦਗੀ ਅੰਦਰ ਕਾਮਜ਼ਾਬ ਨਹੀਂ ਹੋਏ । ਜਿਹਨਾਂ ਬੱਚਿਆਂ ਨੇ ਲਿਵ ਰਾਹੀ ਆਪਣੇ ਆਪ ਤੇ ਕਾਬੂ ਪਾ ਲਿਆ ਉਹਨਾਂ ਹਰ ਮੈਦਾਨ ਫਤਿਹ ਹਾਸਲ ਕੀਤੀ । ਕਿਉਂਕਿ ਗੁਰਮਤਿ ਅਨੁਸਾਰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਭਾਵਨਾਵਾਂ ਦੇ ਵਹਿਣ ਵਿੱਚੋਂ ਨਿਕਲ ਕੇ ਅਕਲ ਅਤੇ ਬਿਬੇਕ ਬੁਧ ਤੋ ਕੰਮ ਲੈਣ ਦੀ ਜ਼ਰੂਰਤ ਹੈ । ਇਥੋਂ ਤਕ ਕਿ ਦਾਨ ਵੀ ਅਕਲ ਨਾਲ ਕਰਨ ਲਈ ਕਿਹਾ ਹੈ, ਪੂਜਾ ਪਾਠ ਵੀ ਅਕਲ ਨਾਲ ਕਰਨ ਲਈ ਕਿਹਾ ਹੈ । ਸਾਨੂੰ ਪੈਰ ਪੈਰ ਤੇ ਗੁਰੂ ਦੀ ਗੱਲ ਮੰਨਣ ਲਈ ਕਹਿਣਾ, ਮਤਲਬ ਹਮੇਸ਼ਾਂ ਬਿਬੇਕ ਬੁਧ ਤੋਂ ਕੰਮ ਲੈਣਾ, ਇਸ ਗਲ ਦਾ ਸਬੂਤ ਹੈ ।  ਗੁਰੂ ਗਿਆਨ ਨਾਲ ਹੀ ਅਸੀਂ ਧਾਤ ਦੇ ਘੋੜੇ ਨੂੰ ਲਗਾਮ ਪਾ ਸਕਦੇ ਹਾਂ ।  ਇਥੇ ਕਨੇਡਾ ਦੀ ਵਿਗਿਆਨੀ ਪਟਰੀਸ਼ੀਆ ਚਰਚਲੈਂਡ (Patricia Churchland)  ਦੀ ਗੱਲ ਵੀ ਢੁਕਵੀਂ ਹੈ ।  ਉਸਦਾ ਮੰਨਣਾ ਹੈ ਕਿ ਖੁਦਮੁਖਤਿਆਰੀ ਅਤੇ ਨਿਸਚੇਵਾਦ ਦੀ ਗੁੰਝਲ ਦਾ ਹੱਲ ਲੱਭਣ ਲਈ ਸਾਨੂੰ ਇਹ ਬਹਿਸ ਨਹੀਂ ਕਰਨੀ ਚਾਹੀਦੀ ਕਿ ਕਾਰਜ ਦਾ ਕਾਰਣ ਕਿੱਥੇ ਹੈ ਬਲਕਿ ਚੇਤਾਵਿਗਿਆਨ ਜਾਂ ਤੰਤਵਿਗਆਨ ਰਾਹੀ ਇਹ ਲੱਭਣਾ ਚਾਹੀਦਾ ਹੈ ਕਿ ਸਾਡੇ ਕਾਰਜ ਤੇ ਸਾਡਾ ਕਿੰਨਾ ਕੁ ਵੱਸ ਚਲਿਆ ਹੈ । ਭਾਵ ਸਾਡਾ ਆਪਣੇ ਆਪ ਤੇ ਕਿੰਨਾ ਕੁ ਕਾਬੂ ਹੈ । (27)

ਡੈਨੀਅਲ ਡੈਨਿਟ ਨੇ ਇਸੇ ਵਿਸ਼ੇ ਤੇ ਕਾਫੀ ਕੁਝ ਲਿਖਿਆ ਹੈ । (28) ਡੈਨਿਟ ਦਾ ਅਜ਼ਾਦ ਇੱਛਾ ਜਾਂ ਖੁਦਮੁਖਤਿਆਰੀ ਅਤੇ ਚੇਤਨਾ ਵਾਰੇ ਆਪਣਾ ਅੱਡ ਨਜ਼ਰੀਆ ਹੈ । ਉਹ ਆਪਣੀ ਕਿਤਾਬ “ਢਰੋਮ ਭੳਚਟੲਰੳਿ ਟੋ ਭੳਚਕ ੳਨਦ ਭੳਚਕ” ਵਿੱਚ ਕਹਿੰਦਾ ਹੈ ਕਿ “Consciousness exists, but just isn’t what some folks think it is;and free will exists,but it is also not what many think it must be…..Consciousness is not a nonphysical phenomenon and free will is not a phenomenon isolated from causation.” ਡੈਨਿਟ ਮੁਤਾਬਿਕ ਚੇਤਨਾ ਨੂੰ ਪਰਾਭੌਤਿਕ ਰੂਹ ਜਾਂ ਆਤਮਾ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਅਜ਼ਾਦ ਇੱਛਾ ਵੀ ਆਪਣੇ ਆਪ ਬਿਨਾ ਕਿਸੇ ਕਾਰਨ ਤੋਂ ਨਹੀਂ ਪੈਦਾ ਹੁੰਦੀ । ਵਿਗਿਆਨ ਦੀ ਮਿਹਰਬਾਨੀ ਨਾਲ ਜਿਉਂ ਜਿਉਂ ਸਾਨੂੰ ਆਪਣੇ ਦਿਮਾਗ ਦੀ ਸਮਝ ਆਉਂਦੀ ਜਾਂਦੀ ਹੈ, ਇਨਸਾਨ ਦੇ ਕੁਦਰਤੀ ਵਿਕਾਸ ਦਾ ਪਤਾ ਚਲਦਾ ਹੈ ਤਿਵੇਂ ਤਿਵੇਂ ਇਹ ਧਾਰਣਾ ਹੋਰ ਵੀ ਪੱਕੀ ਹੁਂਦੀ ਜਾਂਦੀ ਹੈ ਕਿ ਬੰਦੇੇ ਬੰਦੇ ਵਿੱਚ ਅਤੇ ਬੰਦੇ ਅਤੇ ਹੋਰ ਜੀਵ ਜੰਤੂਆਂ ਵਿੱਚ ਫਰਕ ਕਿਸੇ ਆਤਮਾ ਦਾ ਫਰਕ ਨਹੀਂ ਬਲਕਿ ਦਿਮਾਗ ਦੀ ਬਣਤਰ ਵਿਚਲੇ ਫਰਕ ਕਰਕੇ ਹੈ । ਉਸਦਾ ਕਹਿਣਾ ਹੈ ਕਿ ਕਰੋੜਾਂ ਸਾਲਾਂ ਤੋ ਧਰਤੀ ਤੇ ਜੀਵਨ ਚਲ ਰਿਹਾ ਹੈ । ਸ਼ੁਰੂ ਸ਼ੁਰੂ ਵਿੱਚ ਭਾਵ ਜਦੋਂ ਜੀਵਨ ਸਿਰਫ ਬਕਟੀਰੀਆ ਦੇ ਸਤਰ ਤਕ ਹੀ ਸੀ ਉਦਂੋ ਕੋਈ ਅਜਾਦ ਇੱਛਾ ਨਹੀ ਸੀ । ਪਰ ਹੁਣ ਹੈ । ਇਸ ਦੋਰਾਨ ਸਾਇੰਸ ਨਹੀਂ ਬਦਲੀ ਭਾਵ ਫਿਜਿਕਸ ਦੇ ਕਨੂੰਨ ਉਦੋ ਵੀ ਉਹੀ ਸਨ ਅਤੇ ਹੁਣ ਵੀ ਉਹੋ ਹਨ । ਪਰ ਹੁਣ ਚੇਤਨਤਾ ਪੈਦਾ ਹੋ ਗਈ ਹੈ ।  ਇਹ ਚੇਤਨਤਾ ਮਨੁੱਖੀ ਦਿਮਾਗ ਦੇ ਵਿਕਸਤ ਹੋਣ ਨਾਲ ਪੈਦਾ ਹੋਈ ਹੈ । ਇਸੇ ਚੇਤਨਤਾ ਵਿੱਚੋਂ ਅਜਾਦ ਇੱਛਾ ਪੈਦਾ ਹੁੰਦੀ ਹੈ । ਅਸੀਂ ਦੇਖ ਰਹੇ ਹਾਂ ਕਿ ਡੈਨਿਟ ਦੇ ਵਿਚਾਰ ਵੀ ਗੁਰਮਤਿ ਦੇ ਲਿਵ ਅਤੇ ਧਾਤ ਦੇ ਸੰਕਲਪ ਤੋਂ ਦੂਰ ਨਹੀਂ ਹਨ ।

ਇਸਦੇ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਜਦੋ ਬੰਦਾ ਆਪਣੇ ਮਨ ਚ ਕੋਈ ਨਿਰਨਾ ਕਰਦਾ ਹੈ, ਕੋਈ ਗਲ ਮਿੱਥ ਕੇ ਕਰਦਾ ਹੈ ਕੀ ਇਸ ਵਿੱਚ ਤਾਂ ਵੀ ਉਸਦੀ ਕੋਈ ਮਰਜੀ ਜਾਂ ਅਜ਼ਾਦ ਇੱਛਾ ਨਹੀਂ ਹੈ । ਮਿਸਾਲ ਦੇ ਤੌਰ ਤੇ ਕੋਈ ਇਹ ਧਾਰ ਲੈਂਦਾ ਹੈ ਕਿ ਉਸ ਨੇ ਜੋ ਮਰਜ਼ੀ ਹੋ ਜ਼ਾਏ ਪਰ ਆਈ ਏ ਐੱਸ ਦਾ ਇਮਤਹਾਨ ਪਾਸ ਕਰ ਡੀਸੀ ਲੱਗਣਾ ਹੈ । ਉਹ ਇਸ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ । ਪਰ ਉਸਦੀ ਇਸ ਧਾਰਨਾ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ ਇਹ ਸਮਝ ਆਉਣ ਤੇ ਸਾਨੂੰ ਇਹ ਪਤਾ ਲਗਦਾ ਹੈ ਕਿ ਇਸ ਵਿੱਚ ਵੀ ਉਸਦੀ ਮਰਜ਼ੀ ਨਹੀਂ ਸੀ ।  ਹੋ ਸਕਦਾ ਉਸ ਨੂੰ ਕਿਸੇ ਰੋਲ ਮਾਡਲ ਨੇ ਪ੍ਰੇਰਿਆ ਹੋਵੇ । ਇਹ ਪ੍ਰੇਰਨਾ ਮਨ ਚ ਕਿਵੇਂ ਪੈਦਾ ਹੋਈ ਇਹ ਇੱਕ ਭੇਦ ਹੀ ਹੈ । ਸੈਮ ਹੈਰਿਸ ਆਪਣੀ ਕਿਤਾਬ ਫਰੀ ਵਿੱਲ ਵਿੱਚ ਲਿਖਦਾ ਹੈ “Choices, efforts, intentions, and reasoning influence our behaviour-but they are themselves part of a chain of causes that precede conscious awareness and over which we exert no ultimate control….I do not choose to choose what I choose.” (29) ਮਿੱਥ ਕੇ ਕੋਈ ਮੰਜ਼ਲ ਸਰ ਕਰਨ ਵੇਲੇ ਅਸੀਂ ਆਪਣੇ ਦਿਮਾਗ ਦਾ ਸਿਸਟਮ 2 ਇਸਤੇਮਾਲ ਕਰਦੇ ਹਾਂ । ਭਾਵ ਬਿਬੇਕ ਬੁਧ ਦੀ ਵਰਤੋ ਕਰਦੇ ਹਾਂ ।

ਹੁਣ ਤਕ ਦੀ ਵਿਚਾਰ ਤੋਂ ਸਾਨੂੰ ਇਹ ਹੀ ਸਿੱਟਾ ਮਿਲਦਾ ਹੈ ਕਿ ਅਜ਼ਾਦ ਇੱਛਾ ਜਾਂ ਫਰੀ ਵਿੱਲ ਨਾਂ ਦੀ ਕੋਈ ਚੀਜ਼ ਨਹੀਂ ਹੈ । ਫਿਰ ਸਵਾਲ ਪੈਦਾ ਹੁੰਦਾ ਹੈ ਅਗਰ ਇਹ ਸੱਚ ਹੈ ਤਾਂ ਕੀ ਕੋਈ ਆਪਣੇ ਕੀਤੇ ਲਈ ਜੁੰਮੇਵਾਰ ਵੀ ਹੈ । ਇਸ ਦੇ ਦੋ ਪਹਿਲੂ ਹਨ । ਨਿਰਧਾਰਿਤਵਾਦ ਨੂੰ ਕਿਸਮਤ ਜਾਂ ਪ੍ਰਾਲਬੱਧ ਮੰਨਣਾ । ਦੂਸਰਾ ਆਪਣੀ ਜਿੰਮੇਵਾਰੀ ਤੋਂ ਭੱਜਣ ਦਾ ਬਹਾਨਾ ਬਣਾਉਣਾ । ਆਉ ਹੁਣ ਇਸਤੇ ਵੀ ਵਿਚਾਰ ਕਰੀਏ ।

ਨਿਰਧਾਰਿਤਵਾਦ ਜਾਂ ਕਿਸਮਤ

ਨਿਰਧਾਰਿਤਵਾਦ ਨੂੰ ਅਕਸਰ “ਧਾਰਮਿਕ” ਵਿਰਤੀ ਵਾਲੇ ਲੋਕ ਕਿਸਮਤ ਕਹਿੰਦੇ ਨੇ । ਇਹ ਅਕਸਰ ਸੁਣਿਆ ਜਾ ਸਕਦਾ ਹੈ ਕਿ ਭਾਈ ਜੋ ਕਿਸਮਤ ਵਿੱਚ ਲਿਖਿਆ ਹੋਇਆ ਹੁੰਦਾ ਹੈ (ਚੰਗਾ ਜਾ ਮਾੜਾ) ਉਹ ਮਿਲ ਹੀ ਜਾਂਦਾ ਹੈ । ਇਸ ਨੂੰ ਪ੍ਰਾਲਬੱਧ (ਢੳਟੳਲਸਿਮ) ਵੀ ਕਿਹਾ ਜਾਂਦਾ ਹੈ । ਪ੍ਰਚਲਤ ਧਰਮ (ਜਿਨ੍ਹਾਂ ਵਿੱਚ ਸਿੱਖ ਧਰਮ ਜੋ ਅਜੋਕੇ ਸਮੇ ਵਿੱਚ ਗੁਰਦਵਾਰਿਆਂ ਵਿੱਚ ਪੇਸ਼ ਕੀਤਾ ਜਾਂਦਾ ਹੈ ਵੀ ਸ਼ਾਮਲ ਹੈ) ਇਸ ਦੀ ਜ਼ੋਰਦਾਰ ਪ੍ਰੋੜਤਾ ਕਰਦੇ ਨੇ । ਵਿਗਿਆਨ ਨਿਰਧਾਰਿਤਵਾਦ ਨੂੰ ਪ੍ਰਾਲਬੱਧ ਜਾਂ ਕਿਸਮਤ ਨਾਲ ਨਹੀ ਜੋੜਦਾ । ਵਿਗਿਆਨ ਦਾ ਨਿਰਧਾਰਿਤਵਾਦ ਕੁਦਰਤ ਦੇ ਬੱਝਵੇ ਨਿਯਮ ਹਨ ਜਿਨ੍ਹਾ ਨੂੰ ਅਗਰ ਸਮਝ ਕੇ ਜਿੰਦਗੀ ਬਸਰ ਕਰੀਏ ਤਾਂ ਅਸੀਂ ਸੌਖੇ ਰਹਾਂਗੇ । ਇੱਕ ਤਾਜ਼ਾ ਮਿਸਾਲ ਨਾਲ ਇਸ ਗੱਲ ਨੂੰ ਸਮਝਦੇ ਹਾਂ । ਕੁਝ ਦੇਰ ਪਹਿਲਾਂ ਦੀ ਹੀ ਗਲ ਹੈ ਕਿ ਥਾਈਲੈਂਡ ਦੇ ਛੋਟੇ ਛੋਟੇ 12 ਫੁਟਬਾਲ ਖਿਡਾਰੀ ਅਤੇ ਉਹਨਾਂ ਦਾ ਕੋਚ ਇਕ ਗੁਫਾ (Tham Luang Caves) ਵਿੱਚ ਫਸ ਗਏ ਜੋ ਪਾਣੀ ਨਾਲ ਭਰ ਗਈ ਅਤੇ ਉਹਨਾਂ ਦੇ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਹੋ ਗਏ । ਉਹਨਾਂ ਦਾ ਮਰਨਾ ਨਿਸ਼ਚਤ ਸੀ ਅਗਰ ਉਹਨਾਂ ਨੂੰ ਬਾਹਰ ਨਾ ਕੱਢਿਆ ਗਿਆ । ਇੱਥੇ ਵਿਗਿਆਨ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ । ਜਿਸ ਵਿੱਚ ਵੱਖ ਵੱਖ ਮੁਲਖਾਂ ਦੇ ਮਾਹਰ ਸ਼ਾਮਲ ਹੋਏ । ਕਈ ਉਪਚਾਰ ਫੇਲ ਵੀ ਹੋਏ । ਇੱਕ ਗੋਤੇਖੋਰ ਮਾਰਿਆ ਵੀ ਗਿਆ । ਆਖਰ ਵਿੱਚ ਵਿਗਿਆਨ ਕੁਦਰਤ ਦੇ ਨਿਯਮਾਂ ਦੀ ਸਮਝ ਦੀ ਵਰਤੋਂ ਕਰ ਕੇ ਉਹਨਾਂ ਨੂੰ ਬਾਹਰ ਕੱਢਣ ਵਿੱਚ ਸਫਲ ਰਿਹਾ । ਦੁਨੀਆਂ ਭਰ ਵਿੱਚ ਲੋਕ ਇਸ ਮਿਸ਼ਨ ਨੂੰ ਬੜੀ ਬੇਤਾਬੀ ਨਾਲ ਦੇਖ ਰਹੇ ਸਨ । ਉਹਨਾਂ ਬਚਾਉਣ ਵਾਲੀ ਟੀਮ ਦੀ ਰੱਜ਼ ਕੇ ਸ਼ਲਾਘਾ ਕੀਤੀ । ਸੁਣਦੇ ਹਾਂ ਇਸ ਮਿਸ਼ਨ ਤੇ ਇਕ ਫਿਲਮ ਬਣਾਉਣ ਦੀ ਵੀ ਯੋਜਨਾ ਬਣ ਰਹੀ ਹੈ । ਅਸਟ੍ਰੇਲੀਆ ਨੇ ਆਪਣੇ ਨਾਗਰਕਾਂ ਨੂੰ ਜੋ ਇਸ ਮਿਸ਼ਨ ਵਿੱਚ ਸ਼ਾਮਲ ਸਨ ਬਹਾਦਰੀ ਦੇ ਤਗਮੇ ਦੇ ਕਿ ਸਨਮਾਨਤ ਕੀਤਾ । ਜਿਨ੍ਹਾਂ ਵਿੱਚੋ ਰਿਚਰਡ ਹੈਰਿਸ ਅਤੇ ਕਰੇਗ ਚੈਲਨ ਨੂੰ ਤਾਂ ਸਟਾਰ ਆਫ ਕੱਰਿਜ਼ (Star of Courage) ਦਾ ਇਨਾਮ ਦਿੱਤਾ ਗਿਆ । ਮਜ਼ੇ ਦੀ ਗਲ ਇਹ ਹੈ ਕਿ ਇਸ ਮਿਸ਼ਨ ਦੀ ਕਾਮਯਾਬੀ ਤੋਂ ਬਾਅਦ ਧਰਮ ਹਰਕਤ ਵਿੱਚ ਆਇਆ । ਸ਼ੁਕਰਾਨੇ ਵਜੋਂ ਇਨ੍ਹਾਂ ਸਾਰੇ ਬੱਚਿਆਂ ਨੇ ਸਿਰ ਮੁਨਾ ਕੇ ਪੂਜਾ ਪਾਠ ਕੀਤੀ ਅਤੇ 9 ਦਿਨਾਂ ਲਈ ਭਿਕਸ਼ੂ ਬਣ ਗਏ ਤਾਂ ਜੋ ਰੱਬ ਦਾ ਸ਼ੁਕਰਾਨਾ ਕੀਤਾ ਜਾ ਸਕੇ । (30) ਮੈ ਉੱਪਰ ਗਲ ਕੀਤੀ ਸੀ ਕਿ ਧਰਮ ਕੋੜੀ ਕੌੜੀ ਥੂ ਅਤੇ ਮਿੱਠੀ ਹੜੱਪ ਦੀ ਨੀਤੀ ਅਪਣਾਉਂਦਾ ਹੈ । ਇਹ ਇਸ ਦੀ ਇਕ ਤਾਜ਼ਾ ਮਿਸਾਲ ਹੈ । ਇਸੇ ਤਰ੍ਹਾਂ ਕੁਦਰਤੀ ਆਫਤਾਂ ਨੂੰ ਵੀ ਧਰਮ ਵਲੋਂ ਰੱਬ ਦੀ ਕਰੋਪੀ ਕਿਹਾ ਜਾਂਦਾ ਸੀ/ਹੈ । ਪਰ ਵਿਗਿਆਨ ਨੇ ਕੁਦਰਤ ਦੇ ਕਨੂੰਨ ਦੀ ਸਮਝ ਨਾਲ ਇਨ੍ਹਾਂ ਆਫਤਾਂ ਤੋਂ ਬਚਣ ਦੇ ਰਸਤੇ ਕੱਢੇ ਹਨ । ਗੁਰਮਤਿ ਵਿੱਚ ਵੀ ਨਿਰਧਾਰਿਤਵਾਦ ਨੂੰ ਪ੍ਰਾਲਬੱਧ ਨਹੀਂ ਕਿਹਾ ਗਿਆ । ਗੁਰਮਤਿ ਦਾ ਨਿਰਧਾਰਿਤਵਾਦ ਲਈ ਲਫ਼ਜ਼ “ਹੁਕਮ” ਹੈ । ਹੁਕਮ ਅਤੇ ਕਿਸਮਤ ਵਿੱਚ ਬਹੁਤ ਫਰਕ ਹੈ । ਹੁਕਮ ਇੱਕ ਨਿਰੰਤਰ ਵਰਤਾਰਾ ਹੈ ਜਦਕਿ ਕਿਸਮਤ ਇੱਕ ਮਿਥੀ ਹੋਈ ਤਹਿਸ਼ੁਦਾ ਹਕੀਕਤ ਮੰਨੀ ਜਾਂਦੀ ਹੈ ਜੋ ਬਦਲ ਨਹੀ ਸਕਦੀ । ਕਿਸਮਤ ਨੂੰ ਸਮਝ ਕੇ ਕੁਝ ਹਾਸਲ ਨਹੀਂ ਹੁੰਦਾ ਪਰ ਹੁਕਮ ਨੂੰ ਬੁਝ ਕੇ ਬਹੁਤ ਕੁਝ ਹਾਸਲ ਹੁੰਦਾ ਹੈ । ਬਲਕਿ ਗੁਰਮਤਿ ਤਾਂ ਇਥੌਂ ਤਕ ਕਹਿੰਦੀ ਹੈ ਕਿ ਸਭ ਕੁਝ ਹਾਸਲ ਹੋ ਜਾਂਦਾ ਹੈ ਕਿਉਂਕਿ ਹਉਮੇ ਖਤਮ ਹੋ ਜਾਂਦੀ ਹੈ । ਅਗਰ ਅਸੀਂ ਨਿਰਧਾਰਿਤਵਾਦ ਵਿੱਚ ਯਕੀਨ ਕਰਦੇ ਹਾਂ ਤਾਂ ਵੀ ਸਾਡੀ ਹਉਮੇ ਦੂਰ ਹੁੰਦੀ ਹੈ ਕਿਉਂਕਿ ਜਦ ਕੋਈ ਵੀ ਸ਼ਖਸ ਸਾਰੇ ਕਾਰਜ ਆਪਣੇ ਵਸੋਂ ਬਾਹਰੇ ਕਾਰਨਾ ਕਰਕੇ ਕਰਦਾ ਹੈ ਤਾਂ ਫਿਰ ਉਸਤੇ ਗੁੱਸਾ ਗਿਲਾ ਜਾਂ ਮਾਣ ਕਾਹਦਾ । ਦੁਸਰੇ ਕਿਸਮਤ ਜਾਂ ਪ੍ਰਾਲਬੱਧ ਆਲਸ ਲਈ ਪ੍ਰੇਰਦੇ ਨੇ ਜਦਕਿ ਗੁਰਮਤਿ ਉਦਮ ਕਰਨ ਲਈ ਕਹਿੰਦੀ ਹੈ । ਜੋ ਵੀ ਗੁਰਮਤਿ ਸਮਝਦਾ ਹੈ ਉਹ ਇਹ ਨਹੀਂ ਕਹਿੰਦਾ ਕਿ ਜੋ ਉਸ ਦੀ ਕਿਸਮਤ ਵਿੱਚ ਸੀ ਮਿਲ ਗਿਆ ਬਲਕਿ ਇਹ ਕਹਿੰਦਾ ਹੈ ਕੇ ਕਰਤਾਰ ਦੀ ਬਖਸ਼ਿਸ਼ ਨਾਲ ਜੋ ਵੀ ਉਸਨੇ ਉੱਦਮ ਕੀਤਾ ਉਸ ਦਾ ਹੀ ਉਸ ਨੂੰ ਫਲ ਮਿਲਿਆ । ਉਹ ਆਪਣੇ ਕਰਮਾਂ ਤੋਂ ਸਿਵਾ ਕਿਸੇ ਨੂੰ ਵੀ ਦੋਸ਼ ਨਹੀਂ ਦਿੰਦਾ । ਉਹ ਉਦਮ ਵੀ ਕਰਦਾ ਹੈ ਪਰ ਨਾਲ ਹੀ ਕੋਈ ਚਿੰਤਾ ਵੀ ਨਹੀਂ ਕਰਦਾ ਕਿਉਂਕਿ ਗੁਰਮਤਿ ਉਸਨੂੰ ਸਬਰ ਕਰਨਾ ਵੀ ਸਿਖਾਉਂਦੀ ਹੈ । ਸੋ ਗੁਰਮਤਿ ਕਿਸਮਤ ਜਾਂ ਪ੍ਰਤਲਬੱਧ ਨੂ ਮੁਢੋ ਹੀ ਰੱਦ ਕਰਦੀ ਹੈ ।

ਨੈਤਿਕ ਜੁੰਮੇਵਾਰੀ

ਇਸਦੇ ਨਾਲ ਹੀ ਸਵਾਲ ਉਠਦਾ ਹੈ ਕਿ ਜਦ ਆਪਾਂ ਕਿਸੇ ਨੂੰ ਕੀਤੇ ਕਾਰੇ ਲਈ ਜੁੰਮੇਵਾਰ ਹੀ ਨਹੀਂ ਮੰਨਦੇ ਤਾਂ ਫਿਰ ਸਜ਼ਾ ਕਾਹਦੀ ਦਿੰਦੇ ਹਾਂ । ਦੁਨੀਆਂ ਵਿੱਚ ਅਦਾਲਤਾਂ ਕਿਸ ਕੰਮ ਲਈ ਬਣੀਆਂ ਹਨ । ਇੰਨ੍ਹੇ ਵੱਡੇ ਵੱਡੇ ਵਕੀਲ ਇੰਨ੍ਹੀਆਂ ਵੱਡੀਆਂ ਫੀਸਾਂ ਕਿਸ ਲਈ ਲੈਂਦੇ ਨੇ । ਅਗਰ ਹਰ ਕੰੰਮ ਪੂਰਬ ਕਾਰਣਾ ਕਰਕੇ ਨਿਰਧਾਰਿਤ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੰਮ ਕਰਨ ਵਾਲਾ ਉਸ ਕੰੰਮ ਲਈ ਜੁੰਮੇਵਾਰ ਨਹੀਂ ਹੈ । ਅਗਰ ਤੁਸੀਂ ਪੂਰਬ ਨਿਰਧਾਰਿਤ ਕਾਰਨਾਂ ਕਰਕੇ ਜੁਰਮ ਕਰਦੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਜੋ ਉਸ ਜੁਰਮ ਦਾ ਸ਼ਿਕਾਰ ਹੈ ਉਸ ਨੂੰ ਕੋਈ ਬਚਾਅ ਦਾ ਅਧਿਕਾਰ ਨਹੀਂ ਹੈ । ਪ੍ਰਚਲਤ ਧਰਮਾਂ ਵਿੱਚ ਅਜ਼ਾਦ ਇੱਛਾ ਜਾਂ ਖੁਦਮੁਖਤਿਆਰੀ ਰਾਹੀਂ ਪਾਪ ਨੂੰ ਜ਼ਾਇਜ਼ ਠਹਿਰਾ ਕੇ ਸਜ਼ਾ ਦਾ ਵਿਧੀ ਵਿਧਾਨ ਬਣਾਇਆ ਗਿਆ ਹੈ । ਜੋ ਕਿਸੇ ਤਰ੍ਹਾਂ ਵੀ ਸਮੱਸਿਆ ਦਾ ਹੱਲ ਨਹੀਂ ਹੈ । ਇਸ ਮਸਲੇ ਨੂੰ ਇੱਕ ਹੋਰ ਪਹਿਲੂ ਤੋਂ ਦੇਖੋ । ਇਹ ਇੱਕ ਆਮ ਗੱਲ ਹੈ ਕਿ ਅਗਰ ਕੋਈ ਬੱਚਾ ਗਲਤੀ ਕਰੇ ਅਸੀਂ ਉਸ ਨੂੰ ਉਤਨੀ ਵੱਡੀ ਗਲਤੀ ਨਹੀਂ ਮੰਨਦੇ ਜਿੰਨੀ ਵੱਡੀ ਗਲਤੀ ਸਿਆਣੇ ਬੰਦੇ ਦੀ ਮੰਨੀ ਜਾਂਦੀ ਹੈ । ਅਦਾਲਤਾਂ ਵੀ ਨਬਾਲਗ ਨੂੰ ਜੁਰਮ ਦੀ ਸਜ਼ਾ ਹੋਰ ਦਿੰਦੀਆਂ ਹਨ ਤੇ ਬਾਲਗ ਨੂੰ ਹੋਰ । ਕਈ ਹਾਲਾਤਾਂ ਵਿੱਚ ਤਾਂ ਨਬਾਲਗ ਬਿਨਾ ਸਜ਼ਾ ਹੀ ਬਚ ਨਿਕਲਦਾ ਹੈ । ਇਸੇ ਤਰ੍ਹਾਂ ਅਗਰ ਕਿਸੇ ਨਬਾਲਗ ਤੇ ਜੁਰਮ ਹੁੰਦਾ ਹੈ ਤਾਂ ਉਸ ਦੀ ਸਜ਼ਾ ਜ਼ਿਆਦਾ ਮਿਲਦੀ ਹੈ । ਇਸ ਦਾ ਕਾਰਨ ਇਹ ਹੈ ਕਿ ਨਬਾਲਗ ਨਾ ਤਾਂ ਇੰਨੀ ਸੂਝ ਬੂਝ ਦਾ ਮਾਲਕ ਹੁੰਦਾ ਹੈ ਕਿ ਉਹ ਗਲਤ ਠੀਕ ਦੀ ਪਹਿਚਾਣ ਕਰ ਸਕੇ ਅਤੇ ਨਾ ਹੀ ਇੰਨਾ ਤਕੜਾ ਹੁੰਦਾ ਹੈ ਕਿ ਆਪਣਾ ਬਚਾ ਕਰ ਸਕੇ । ਇਸੇ ਤਰ੍ਹਾਂ ਅਗਰ ਕਿਸੇ ਸ਼ਖਸ਼ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤਾਂ ਅਦਾਲਤਾਂ ਉਸ ਦੁਆਰਾ ਕੀਤੇ ਗਏ ਕਿਸੇ ਵੀ ਅਹਿਦਨਾਮੇ ਜਾਂ ਕਿਸੇ ਹੋਰ ਇਕਰਾਰ ਨੂੰ ਕਨੂੰਨੀ ਤੌਰ ਦੇ ਜਾਇਜ ਨਹੀਂ ਮੰਨਦੀਆਂ । ਲੋਕ ਆਪਣੇ ਮਾਂ ਬਾਪ ਨੂੰ ਪਾਗਲ ਕਰਾਰ ਦੇ ਵਸੀਅਤਾਂ ਨੂੰ ਝੂਠੀਆਂ ਸਿੱਧ ਕਰ ਦਿੰਦੇ ਨੇ । ਇਸ ਸਭ ਵਿੱਚ ਜੋ ਗਲ ਸਾਂਝੀ ਹੈ ਕਿ ਬੰਦੇ ਦੀ ਦਿਮਾਗੀ ਹਾਲਤ ਦਾ ਉਸ ਦੇ ਦੋਸ਼ੀ ਹੋਣ ਨਾਲ ਗੂੜਾ ਸਬੰਧ ਹੈ । ਹੁਣ ਇਸ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵੇਖੀਏ । ਜਿਵੇਂ ਅਸੀ ਉਪਰ ਕਿਹਾ ਸੀ ਕਿ ਗੁਰਮਤਿ ਦੇ ਦੋ ਰਾਹ ਹਨ । ਇਕ ਲਿਵ ਅਤੇ ਦੂਜੀ ਧਾਤ । ਲਿਵ ਵਾਲੇ ਰਾਹ ਤੇ ਬਿਬੇਕ ਬੁੱਧ ਨਾਲ ਚਲ ਹੁੰਦਾ ਹੈ । ਗੁਰਮਤਿ ਇਹ ਵੀ ਕਹਿੰਦੀ ਹੈ ਕਿ ਲਿਵ ਵਾਲੇ ਰਾਹ ਤੇ ਚਲ ਧਾਤ ਤੇ ਕਾਬੂ ਪਾਉਣਾ ਹੈ । ਅਗਰ ਤੁਸੀਂ ਅਜਿਹਾ ਨਹੀ ਕਰਦੇ ਤਾਂ ਤੁਹਾਨੂੰ ਸਜ਼ਾ ਮਿਲੇਗੀ ਮਿਲੇਗੀ ਬੇਸ਼ੱਕ ਤੁਸੀਂ ਇਹ ਸਭ ਹੁਕਮ ਅੰਦਰ ਹੀ ਕਰ ਰਹੇ ਹੋ । ਹੁਕਮ ਅਨੁਸਾਰ ਸਰੀਰ ਵਿੱਚ ਮਲ ਮੂਤਰ ਬਣਦਾ ਅਤੇ ਨਿਕਲਦਾ ਹੈ ਪਰ ਬਿਬੇਕ ਬੁਧ ਤੁਹਾਨੂੰ ਇਹ ਦੱਸਦੀ ਹੈ ਕਿ ਇਹ ਕਿਰਿਆ ਸੁਚੱਜੇ ਢੰਗ ਨਾਲ ਕਿਵੇਂ ਕਰਨੀ ਹੈ । ਅਗਰ ਬੰਦਾ ਇਹ ਕਹੇ ਕਿ ਮਲ ਮੂਤਰ ਰੱਬ ਦੇ ਹੁਕਮ ਨਾਲ ਬਣਦਾ ਹੈ ਇਸ ਲਈ ਮੈਂ ਬੇਸ਼ੱਕ ਕਿਸੇ ਦਾ ਦਰ ਜਾਂ ਵਿਹੜਾ ਗੰਦਾ ਕਰ ਦੇਵਾਂ ਤਾਂ ਵੀ ਮੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਤਾਂ ਉਹ ਬੰਦਾ ਗਲਤ ਹੈ । ਇਸੇ ਤਰ੍ਹਾਂ ਜੋ ਪੱਕੇ ਜਰਾਇਮ ਪੇਸ਼ਾ ਬਣ ਜਾਂਦੇ ਨੇ ਬੇਸ਼ੱਕ ਉਹ ਆਪਣੇ ਵੱਸ ਤੋਂ ਬਾਹਰੇ ਕਾਰਨਾ ਕਰਕੇ ਬਣਦੇ ਨੇ ਪਰ ਕਿਉਂਜੋ ਉਹ ਸਮਾਜ ਲਈ ਹੁਣ ਖਤਰਾ ਨੇ ਇਸ ਲਈ ਸਮਾਜ ਉਹਨਾਂ ਨੂੰ ਕੈਦ ਆਦਿ ਢੁਕਵੀ ਸਜ਼ਾ ਵੀ ਇਫਿਰ ਗੁਰੂ ਨੇ ਸਾਨੂੰ ਜੋ ਕ੍ਰਿਪਾਨ ਦੀ ਬਖਸ਼ਿਸ਼ ਕੀਤੀ ਹੈ ਉਸ ਦਾ ਵੀ ਮਤਲਬ ਇਹ ਹੈ ਕਿ ਲੋੜ ਪੈਣ ਤੇ ਅਸੀਂ ਆਪਣੇ ਅਤੇ ਦੂਜਿਆਂ ਦੇ ਹੱਕ ਲਈ ਸੰਘਰਸ਼ ਕਰੀਏ । ਅਗਰ ਕੋਈ ਵੀ ਸ਼ਖਸ ਕਿਸੇ ਵੀ ਕੰਮ ਲਈ ਜੁੰਮੇਵਾਰ ਹੀ ਨਹੀਂ ਤਾਂ ਗੁਰੂ ਨੂੰ ਇਹ ਬਖਸ਼ਿਸ਼ ਕਰਨ ਦੀ ਕੀ ਲੋੜ ਸੀ । ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰੂ ਆਪ ਸੰਘਰਸ਼ ਵਿੱਚ ਕੁੱਦੇ,ਲੜੇ ਅਤੇ ਜਿੱਤੇ ।

ਸੋ ਨ ਤਾਂ ਵਿਗਿਆਨ ਤੇ ਨ ਹੀ ਗੁਰਮਤਿ ਨਿਰਧਾਰਿਤਵਾਦ ਨੂੰ ਨੈਤਿਕ ਜਾਂ ਕਿਸੇ ਵੀ ਤਰ੍ਹਾਂ ਦੀ ਜੁੰਮੇਵਾਰੀ ਤੋ ਭੱਜ ਨਿਕਲਣ ਦਾ ਰਸਤਾ ਮੰਨਦੇ ਨੇ । ਬਲਕਿ ਜੋ ਵੀ ਜੁਰਮ ਹੋ ਰਹੇ ਨੇ ਉਸ ਦਾ ਸਹੀ ਹੱਲ ਲੱਭਣ ਵਿੱਚ ਸਹਾਈ ਹੁੰਦਾ ਦੱਸਦੇ ਨੇ । ਸਮੱਸਿਆ ਦਾ ਹੱਲ ਬਿਬੇਕ ਬੁੱਧ ਨਾਲ ਜੁਰਮ ਦੇ ਕਾਰਨ ਅਤੇ ਹੱਲ ਲੱਭਣਾ ਹੈ । ਇਸ ਦੇ ਉਲਟ ਪ੍ਰਚਲਤ ਧਰਮ ਅਜ਼ਾਦ ਇੱਛਾ ਰਾਹੀ ਪਾਪ ਪੁੰਨ ਦਾ ਵਿਧੀ ਵਿਧਾਨ ਬਣਾ ਪੁਜਾਰੀ ਰਾਹੀ ਲੁਕਾਈ ਦੀ ਲੁਟ ਤਾਂ ਜ਼ਰੂਰ ਕਰਦੇ ਨੇ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ।

ਅੰਗਰੇਜ ਲਿਖਾਰੀ ਸੈਮੁਯਲ ਜੋਹਨਸਨ ਦਾ ਕਹਿਣਾ ਹੈ ਕਿ ਸਿਧਾਂਤ ਵਿੱਚ ਖੁਦਮੁਖਤਿਆਰੀ ਨਜ਼ਰ ਨਹੀਂ ਆਉਂਦੀ ਪਰ ਤਜ਼ਰਬੇ ਵਿੱਚ ਜ਼ਾਹਰ ਤੌਰ ਤੇ ਭਾਸਦੀ ਹੈ । (31) ਦੁਨੀਆਂ ਲਈ ਇਹ ਮੰਨਣਾ ਬਹਤ ਮੁਸ਼ਕਲ ਹੈ ਕਿ ਅਜਾਦ ਇੱਛਾ ਇੱਕ ਭਰਮ ਹੈ । ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆਂ ਝੂਠ ਦਾ ਅਮਲ ਕਰ ਮਦਹੋਸ਼ ਹੋਈ ਸੱਚ ਜਾਨਣ ਤੋਂ ਇਨਕਾਰੀ ਹੈ ।  ਇਕ ਤਰ੍ਹਾਂ ਨਾਲ ਦੁਨੀਆਂ ਖੁਦਮੁਖਤਿਆਰੀ ਜਾਂ ਫਰੀ ਵਿੱਲ ਦੇ ਨਸ਼ੇ ਦੀ ਲੋਰ ਵਿੱਚ ਮਸਤ ਹੈ ।

ਉੱਪਰ ਅਸੀਂ ਆਈਨਸਟਾਈਨ ਦਾ ਕਹਿਆ ਪੜਿਆ ਸੀ ਕਿ “ਅਗਰ ਕੋਈ ਉੱਚ ਪਾਏ ਦੀ ਸੂਝ ਬੂਝ ਅਤੇ ਅਕਲ ਵਾਲਾ ਸ਼ਖਸ਼ ਬੰਦੇ ਵਲ ਝਾਤੀ ਮਾਰੇ ਉਹ ਬੰਦੇ ਦੀ ਆਪਣੀ ਖੁਦਮੁਖਿਤਿਆਰੀ ਦੇ ਭਰਮ ਤੇ ਮੁਸਕਰਾਏਗਾ । ” ਭਗਤ ਰਵਿਦਾਸ ਜੀ ਨੂੰ ਪੰਨਾ 487 ਤੇ ਮਿੱਟੀ ਦੇ ਪੁਤਲੇ ਮਨੁੱਖ ਤੇ ਮੁਸਕਰਾਉਂਦੇ ਹੋਏ ਪ੍ਰਤੱਖ ਵੇਖੋ ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥1॥ਰਹਾਉ॥ਜਬ ਕਛੁ ਪਾਵੈ ਤਬ ਗਰਬੂ ਕਰਤੁ ਹੈ॥ਮਾਇਆ ਗਈ ਤਬੁ ਰੋਵਨੁ ਲਗਤੁ ਹੈ॥1॥ਮਨ ਬਚ ਕ੍ਰਮ ਰਸ ਕਸਿਹ ਲੁਭਾਨਾ॥ਬਿਨਸਿ ਗਇਆ ਜਾਇ ਕਹੰੂ ਸਮਾਨਾ॥2॥ਕਹਿ ਰਵਿਦਾਸ ਬਾਜੂ ਜਗੁ ਭਾਈ॥ਬਾਜੀਗਰ ਸਉ ਪ੍ਰੀਤਿ ਬਨਿ ਆਈ॥3॥

ਪੁਤਲੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਪਰ ਨੱਚਦਾ ਟੱਪਦਾ ਖੂਬ ਹੈ । ਦੇਖਣ ਵਾਲੇ ਨੂੰ ਇਹੀ ਲਗਦਾ ਹੈ ਕਿ ਉਹ ਆਪਣੇ ਆਪ ਨੱਚ ਟੱਪ ਰਿਹਾ ਹੈ ।

ਹਵਾਲੇ ਅਤੇ ਨੋਟ

  1. ਇਸ ਪਰਾਜੈਕਟ ਦਾ ਨਾਮ Big Questions in Free Will ਸੀ ਅਤੇ ਇਸ ਦੀ ਵੀਡੀਓ ਹੇਠਾਂ ਦਿੱਤੇ ਲੰਿਕ ਤੇ ਦੇਖੀ ਜਾ ਸਕਦੀ ਹੈ।ਇਸ ਸੰਸਥਾ ਬਹੁਤ ਅਮੀਰ ਹੈ ਅਤੇ ਵਿਦਵਾਨਾਂ, ਲੇਖਕਾਂ ਅਤੇ ਸਾਇੰਸਦਾਨਾਂ ਨੂੰ ਚੋਖਾ ਇਨਾਮ ਵੀ ਦਿੰਦੀ ਹੈ ਜੋ ਨੋਬਲ ਇਨਾਮ ਤੋਂ ਵੀ ਵੱਧ ਹੁੰਦਾ ਹੈ।ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸੰਸਥਾ ਪੈਸੇ ਦੇ ਜੋਰ ਨਾਲ ਧਰਮ (ਈਸਾਈ ਮੱਤ) ਨੂੰ ਪ੍ਰੋਮੋਟ ਕਰ ਰਹੀ ਹੈ ਭਾਵੇਂ ਇਹ ਦੇਖਣ ਨੂੰ ਇੰਜ ਦੀ ਨਹੀਂ ਲਗਦੀ।
    https://www.youtube.com/watch?v=9uRTjfhIf4M
  2. There is no absolute or free will; the mind is determined to wish this or that by a cause” Brauch Spinoza in Ethics
  3. Man can do what he wills but he cannot will what he wills.” Arthur Schopenhauer
  4. “The will is by its nature so free that it can never be constrained” Rene Decartes (Passions of the Soul, I, art. 41). 
  5. “No limits to my freedom can be found except freedom itself, or, if you prefer, we are not free to cease being free.”  Jean-Paul Sartre in Beng and Nothingness
  6. Chris Field mentions this in the you tube video titled Quantum Theory and Free Will. Conway Kochen theory is available on the link below:
    https://www.youtube.com/watch?v=7ZqUEAACfyk
  7. ਇੱਥੇ ਧਰਮ ਤੋਂ ਮੇਰਾ ਭਾਵ ਸਾਰੇ ਧਰਮ ਹੈ ਸਮੇਤ ਪ੍ਰਚਲਤ ਸਿੱਖ ਧਰਮ ਜੋ ਅਸੀਂ ਅੱਜ ਕੱਲ ਗੁਰਦੁਵਾਰਿਆਂ ਵਿੱਚ ਦੇਖ ਰਹੇਂ ਹਾਂ।
  8. “Sire,I have not needed that hypothesis” as quoted by Stephen Hawkings in his book “ The Granad Design” page 44
  9. “The Grand Design”, page 93
  10. ਗੂਗਲ ਤੇ ਲਿਬਿਟ ਦਾ ਨਾਮ ਭਰਨ ਨਾਲ ਇਸ ਤਜ਼ਰਬੇ ਵਾਰੇ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ।
  11. ਇਹ ਵਾਕਿਆ ਅਕਸਰ ਇਸ ਮੁੱਦੇ ਦੀ ਬਹਿਸ ਵਿੱਚ ਬਿਆਨ ਕੀਤਾ ਜਾਂਦਾ ਹੈ। ਪਟਰੀਸ਼ੀਆ ਚਰਚਲੈਂਡ ਨੇ ਵੀ ਇਸ ਦਾ ਆਪਣੇ ਨਿਊ ਸਾਇੰਸਟਿਸਟ ਵਾਲੇ ਲੇਖ ਵਿੱਚ ਜਿਕਰ ਕੀਤਾ ਹੈ।ਹੇਠਾਂ ਹਵਾਲਾ ਨੰਬਰ 15 ਦੇਖੋ।
  12. ਗੂਗਲ ਤੇ ਚਾਰਲਸ ਬਿਟਮੈਨ ਭਰ ਕੇ ਖੋਜ਼ ਕਰਨ ਤੇ ਇਸ ਘਟਨਾ ਵਾਰੇ ਕਾਫੀ ਕੁਝ ਪੜ੍ਹਨ ਨੂੰ ਮਿਲ ਜਾਂਦਾ ਹੈ।
  13. http://www.tribuneindia.com/news/haryana/docs-baffled-by-man-who-feels-cold-in-summer-and-hot-in-winter/607732.html
  14. Bathinda woman stabs six-yr-old son to death
  15. ਇਸ ਪਦ ਦੀ ਕਾਢ ਰਿਚਰਡ ਡਾਕਨਜ਼ ਨੇ ਆਪਣੀ ਕਿਤਾਬ “ਦ ਸੈਲਫਿਸ਼ ਜ਼ੀਨ” ਵਿੱਚ ਕੀਤੀ ਅਤੇ ਅਜਕਲ ਇਹ ਆਕਸਫੋਰਦ ਡਿਕਸ਼ਨਰੀ ਵਿੱਚ ਵੀ ਮਿਲਦਾ ਹੈ।
  16. “Free will is actually more than an illusion (or less), in that it cannot be made conceptually coherent. Either our wills are determined by prior causes and we are not responsible for them, or they are product of product of chance and we are not responsible for them.” Free Will , Page 5
  17. “If the moon, in the act of completing its eternal way around the Earth, were gifted with self-consciousness, it would feel thoroughly convinced that it was traveling its way of its own accord…. So would a Being, endowed with higher insight and more perfect intelligence, watching man and his doings, smile about man’s illusion that he was acting according to his own free will”. This is oftem quoted remarks of Eienstein. I could not find the exact source of the quote but a google search gives this quote at the first page.
  18. ਹਿੰਦੂ ਮਤ ਵਿੱਚ ਇਹ ਤਿੰਨ ਗੁਣ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਕਰਕੇ ਜਾਣੇ ਜਾਂਦੇ ਹਨ।ਇਸ ਨੂੰ ਭਗਵਤ ਗੀਤਾ ਵਿੱਚ ਪੈਦਾ ਕਰਨ ਵਾਲੀ, ਸੰਭਾਲਣ ਵਾਲੀ ਅਤੇ ਨਾਸ ਕਰਨ ਵਾਲੀ ਪ੍ਰਕ੍ਰਿਤੀ ਦੀ ਸ਼ਕਤੀ ਵੀ ਕਿਹਾ ਗਿਆ ਹੈ ਜਿਸ ਨੂੰ ਅੱਡ ਅੱਡ ਦੇਵਤੇ (ਬ੍ਰਹਮਾ, ਵਿਸ਼ਨੂੰ , ਮਹੇਸ਼) ਕੰਟਰੋਲ ਕਰਦੇ ਦਸੀਂਦੇ ਨੇ।ਇਹਨਾਂ ਗੁਣਾਂ ਮੁਤਾਬਿਕ ਭੋਜਨ ਦੀ ਵੀ ਵੰਡ ਕੀਤੀ ਹੋਈ ਹੈ।ਮਿਸਾਲ ਦੇ ਤੌਰ ਤੇ ਗੰਡੇ, ਲਸਣ, ਮੀਟ, ਸ਼ਰਾਬ ਆਦਿ ਤਮੋ ਗੁਣ ਵਾਲੇ ਭੋਜਨ ਮੰਨੇ ਜਾਂਦੇ ਨੇ।ਕਈ ਲੋਕ ਇਹਨਾਂ ਗੁਣਾਂ ਨੂੰ ਮਾਨਸਿਕ ਸਥਿਤੀ ਵੀ ਦਸਦੇ ਨੇ।ਜਿੰਨੇ ਗੁਣ ਵੱਧ ਘੱਟ ਹੁੰਦੇ ਨੇ ਉਸੇ ਤਰ੍ਹਾਂ ਦੀ ਵਿਅਕਤੀ ਦੀ ਸ਼ਖਸੀਅਤ ਬਣ ਜਾਂਦੀ ਹੈ।ਜਿਆਦਾ ਸਤੋ ਗੁਣ ਵਾਲਾ ਸ਼ਾਂਤ ਸੁਬਾੳੇ ਅਤੇ ਜ਼ਿਆਦਾ ਤਮੋ ਗੁਣ ਵਾਲਾ ਗੁਸੇਖੋਰ ਮੰਨਿਆ ਜਾਂਦਾ ਹੈ।ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਗੁਰੂ ਸਾਹਿਬ ਇੱਥੇ ਮਾਇਆ ਦੇ ਤਿੰਨ ਗੁਣੀ ਸੰਕਲਪ ਦੀ ਪ੍ਰੋੜਤਾ ਨਹੀਂ ਕਰ ਰਹੇ ਬਲਕਿ ਇਹ ਕਹਿ ਰਹੇ ਨੇ ਕਿ ਧਾਤ ਵਿੱਚ ਇਹ ਸਭ ਕੁਝ ਵੀ ਆ ਜਾਂਦਾ ਹੈ।ਸੋ ਸਾਨੂੰ ਧਾਤ ਸਮਝਣ ਦੀ ਲੋੜ ਹੈ।
  19. ਮਿਸਾਲ ਦੇ ਤੌਰ ਤੇ ਮੈ ਵੀਰ ਭੁਪਿੰਦਰ ਸਿੰਘ ਹੁਰਾਂ ਨੂੰ ਆਪਣੀ ਕਥਾ ਵਿੱਚ ਇਹ ਗਲ ਕਹਿੰਦਿਆਂ ਕਈ ਵਾਰ ਸੁਣਿਆ ਹੈ।
  20. Quoted by Daniel Kahneman in his international best seller, “Thinking Fast and Slow” at page 77
  21. Daniel Kahneman in Thinking Fast and Slow
  22. ਦੇਖੋ ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ ਵਿੱਚ ਇੰਦਰਾਜ ਬਿਬੇਕੀ ਦੇ ਅਰਥ।
  23. Daniel Kahneman , Thinking Fast and Slow, page 408
  24. Sam Harris, Free Will, Page 69
  25. You can read more details on this link for magazine Nature.
    https://www.nature.com/news/2011/110411/full/news.2011.227.html
  26. ਮਾਰਸ਼ਮੈਲੋ ਤਜ਼ਰਬੇ ਦੇ ਨਾਂ ਤੇ ਗੂਗਲ ਤੇ ਖੋਜ ਕੀਤਿਆਂ ਤੁਹਾਨੂੰ ਕਈ ਵੀਡੀਓਜ਼ ਮਿਲ ਜਾਣਗੀਆਂ ਜਿਨ੍ਹਾ ਵਿੱਚ ਇਹ ਤਜ਼ਰਬਾ ਦਿਖਾਇਆ ਗਿਆ ਹੈ।
  27. “To begin to update our ideas of free will, I suggest we first shift the debate away from the puzzling metaphysics of causal vacuums to the neurobiology of self-control.” Patricia Churchland in New Scientist, November 2006, Page 42-45
  28. See Daniel C Dennett’s books on this subject especially Freedom Evolves, Conciousness Explained and From Bacteria to Bach and Back
  29. Free Will, Page 39
  30. ੍Read this news on this link. https://www.tribuneindia.com/news/world/thai-boys-turn-monks-for-9-days/626310.html
  31. “All theory is against free will; all experience is for it.” quoted by Susan Blackmore in her video on free will.

ਜਰਨੈਲ਼ ਸਿੰਘ
ਸਿਡਨੀ, ਅਸਟ੍ਰੁੇਲੀਆ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s