ਅੱਜ ਕਲ ਕਰੋਨਾ ਦਾ ਕੁਹਰਾਮ ਮਚਿਆ ਹੋਇਆ ਹੈ।ਹਰ ਪਾਸੇ ਬੜੇ ਪੱਧਰ ਤੇ ਸਿਆਸਤ ਵੀ ਹੋ ਰਹੀ ਹੈ।ਦੂਸ਼ਨਬਾਜੀ ਵੀ ਹੋ ਰਹੀ ਹੈ।ਕੋਈ ਕਹਿੰਦਾ ਇਹ ਜੈਵਿਕ ਯੁਧ ਹੋ ਰਿਹਾ ਹੈ।ਕਦੇ ਉਂਗਲੀ ਚੀਨ ਵਲ ਉੱਠਦੀ ਹੈ ਤੇ ਕਦੇ ਅਮਰੀਕਾ ਵਲ।ਪਰ ਇਸ ਲੇਖ ਦਾ ਵਿਸ਼ਾ ਇਹਨਾਂ ਸਵਾਲਾਂ ਦਾ ਜਵਾਬ ਲੱਭਣਾ ਨਹੀ ਬਲਕਿ ਇਸ ਵਬਾ ਜਾਂ ਮਹਾਂਮਾਰੀ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਸਮਝਣਾ ਹੈ।ਇਹ ਵੀ ਸਮਝਣਾ ਹੈ ਕਿ ਇਸ ਮਹਾਂਮਾਰੀ ਪ੍ਰਤੀ ਗੁਰਬਾਣੀ ਸਾਨੂੰ ਕੀ ਰਵੱਈਆ ਅਪਨਾਉਣ ਦੀ ਹਦਾਇਤ ਕਰਦੀ ਹੈ।
ਤਿੰਨ ਤਰ੍ਹਾਂ ਦੇ ਰੋਗ
ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਜਾਂ ਰੋਗ ਅਕਸਰ ਵਾਪਰਦੇ ਰਹੇ ਹਨ ਅਤੇ ਵਾਪਰਦੇ ਰਹਿਣਗੇ।ਗੁਰਬਾਣੀ ਅਤੇ ਭਾਰਤੀ ਸੋਚ ਅਨੁਸਾਰ ਇਹ ਰੋਗ ਤਿੰਨ ਤਰ੍ਹਾਂ ਦੇ ਹਨ ਅਤੇ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਤਿੰਨ ਜਾਂ ਤੀਨੇ ਤਾਪ ਕਰਕੇ ਆਉਂਦਾ ਹੈ। ਇਹਨਾ ਨੂੰ ਆਧਿ, ਵਿਆਧਿ ਅਤੇ ਉਪਾਧਿ ਦਾ ਨਾਂ ਦਿੱਤਾ ਗਿਆ ਹੈ।ਪ੍ਰੋ ਸਾਹਿਬ ਸਿੰਘ ਇਹਨਾ ਤਿੰਨ ਰੋਗਾਂ ਦੀ ਵਿਆਖਿਆ ਕਰਦੇ ਇਹਨਾਂ ਨੂੰ ਮਾਨਸਿਕ ਰੋਗ, ਸਰੀਰਕ ਰੋਗ ਅਤੇ ਝਗੜੇ ਆਖਦੇ ਨੇ।ਭਾਈ ਕਾਨ੍ਹ ਸਿੰਘ ਵੀ ਆਧਿ, ਵਿਆਧਿ ਅਤੇ ਉਪਾਧਿ ਦਾ ਇਹੀ ਅਰਥ ਕਰਦੇ ਨੇ।ਪਰ ਉਹ ਤਿੰਨ ਤਾਪਾਂ ਦੀ ਵੰਡ ਇਸ ਤਰ੍ਹਾਂ ਕਰਦੇ ਨੇ।
ਆਧਿਆਤਮਿਕ– ਦੇਹ ਦੇ ਰੋਗ ਅਤੇ ਕ੍ਰੋਧਾਦਿ ਮਨ ਦੇ ਵਿਕਾਰ
ਆਧਿਭੌਤਿਕ– ਜੋ ਦੁੱਖ ਜੀਵਾਂ ਤੋਂ ਪ੍ਰਾਪਤ ਹੋਣ।ਜੈਸੇ ਮੱਛਰ ਸਰਪ ਸ਼ੇਰ ਆਦਿ ਤੋਂ।
ਆਧਿਦੈਵਿਕ– ਜੋ ਪ੍ਰਾਕ੍ਰਿਤ ਦੇਵਤਾ ਤੋਂ ਪ੍ਰਾਪਤ ਹੋਣ।ਜੈਸੇ ਧੁੱਪ ਪਾਲਾ ਹਨੇਰੀ ਗੋਲੇ ਆਦਿ।
ਤਿੰਨਾਂ ਰੋਗਾਂ ਦੀ ਵਿਆਖਿਆ ਵਿੱਚ ਵਖਰੇਂਵੇ ਨੂੰ ਆਪਾਂ ਹਾਲ ਦੀ ਘੜੀ ਛੱਡ ਦੇਨੇ ਹਾਂ।ਪਰ ਇੱਕ ਗੱਲ ਸਾਫ ਹੈ ਕਿ ਦੁਨੀਆਂ ਵਿੱਚ ਵਾਪਰਦੇ ਸਾਰੇ ਦੁੱਖ ਇਹਨਾਂ ਤਿੰਨਾਂ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ।ਸਮੇਂ ਸਮੇਂ ਅਨੁਸਾਰ ਰੋਗਾਂ ਦੇ ਨਾਂ ਜ਼ਰੂਰ ਬਦਲੇ ਨੇ ਪਰ ਇਹਨਾਂ ਸਾਰੇ ਰੋਗਾਂ ਨੂੰ ਅਸੀਂ ਅਸਾਨੀ ਨਾਲ ਇਹਨਾਂ ਤਿੰਨਾਂ ਕਿਸਮਾਂ ਵਿੱਚ ਵੰਡ ਸਕਦੇ ਹਾਂ।ਆਪਾਂ ਇਸ ਲੇਖ ਵਿੱਚ ਇਹ ਵਿਚਾਰ ਕਰਨੀ ਹੈ ਕਿ ਗੁਰਬਾਣੀ ਅਨੁਸਾਰ ਇਹ ਸਾਰੇ ਰੋਗਾਂ ਦਾ ਕਾਰਣ ਅਤੇ ਨਿਵਾਰਣ ਕੀ ਹੈ।ਅੱਜ ਕਲ ਕਰੋਨਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਇਸ ਲਈ ਇਸ ਸੰਦਰਭ ਵਿੱਚ ਹੀ ਅਸੀਂ ਇਸ ਮਹਾਂਮਾਰੀ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ।ਇਹ ਮਹਾਂਮਾਰੀ ਜਾਂ ਵਬਾ ਵਿਆਧਿ ਸ਼ਰੇਣੀ ਦੇ ਰੋਗਾਂ ਵਿੱਚ ਗਿਣੀ ਜਾਏਗੀ।
ਵਬਾ ਜਾਂ ਮਹਾਂਮਾਰੀ ਕੀ ਹੈ?
ਆਉ ਪਹਿਲਾਂ ਇਸ ਮਹਾਂਮਾਰੀ ਜਿਸ ਨੂੰ ਕਰੋਨਾਂ ਜਾਂ ਕੋਵਿਡ-19 ਕਰਕੇ ਜਾਣਿਆ ਜਾਂਦਾ ਹੈ ਵਾਰੇ ਸਮਝੀਏ ਕਿ ਇਹ ਕੀ ਹੈ।ਕਰੋਨਾਂ 2019 ਦੇ ਅਖੀਰ ਵਿੱਚ ਚੀਨ ਤੋਂ ਸ਼ੁਰੂ ਹੋ ਕੇ ਹੁਣ ਸਾਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ।ਇਹ ਕਿਹਾ ਜਾਂਦਾ ਹੈ ਕਿ ਇਹ ਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿਖੇ ਚਾਮਚੜਿਕ ਨੂੰ ਖਾਣ ਤੋਂ ਇਨਸਾਨ ਅੰਦਰ ਦਾਖਲ ਹੋਇਆ।ਪਰ ਇਸ ਮਹਾਂਮਾਰੀ ਦੇ ਸ਼ੁਰੂ ਹੋਣ ਵਾਰੇ ਹਾਲੇ ਕਾਫੀ ਮਤਭੇਦ ਹਨ ਜਿਨ੍ਹਾਂ ਵਾਰੇ ਇੱਥੇ ਜ਼ਿਕਰ ਕਰਨਾ ਮੁਨਾਸਿਬ ਨਹੀਂ ਕਿਉਂਕਿ ਇਹ ਮੁੱਦਾ ਇਸ ਲੇਖ ਦੇ ਵਿਸ਼ੇ ਤੋਂ ਬਾਹਰ ਹੈ।ਖੈਰ ਨਵੰਬਰ 2020 ਦੇ ਪਹਿਲੇ ਹਫਤੇ ਦੇ ਅਖੀਰ ਤਕ ਲਗਭਗ ਪੰਜ ਕਰੋੜ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਨੇ ਅਤੇ ਬਾਰਾਂ ਲੱਖ ਤੋਂ ਉਪਰ ਮੌਤਾਂ ਵੀ ਹੋ ਚੁੱਕੀਆਂ ਹਨ।ਸਾਰੀ ਦੁਨੀਆਂ ਬੰਦ ਹੈ।ਕਾਰੋਬਾਰ ਬੰਦ ਨੇ।ਲੋਕਾਂ ਦੇ ਆਉਣ ਜਾਣ ਤੇ ਮਨਾਹੀ ਹੈ।ਕਿਸੇ ਵੀ ਕਿਸਮ ਦੇ ਇਕੱਠ ਤੇ ਵੀ ਬੰਦਸ਼ਾਂ ਹਨ।ਤਾਂ ਜੋ ਇਸ ਬੀਮਾਰੀ ਨੂੰ ਮਜ਼ੀਦ ਫੇਲਣ ਤੋਂ ਰੋਕਿਆ ਜਾ ਸਕੇ।ਕਿਉਂਕਿ ਇਹ ਮਰਜ਼ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਬਹੁਤ ਜ਼ਲਦ ਲਗ ਫੇਲਦੀ ਹੈ।ਇਸ ਮਰਜ਼ ਵਿੱਚ ਬੁਖਾਰ ਦੇ ਨਾਲ ਨਾਲ ਸੁੱਕੀ ਖੰਙ ਤੇ ਥਕਾਵਟ ਮਹਿਸੂਸ ਹੁੰਦੀ ਹੈ।ਕਈ ਵਾਰੀ ਬਦਹਜ਼ਮੀ ਅਤੇ ਸਿਰਦਰਦ ਵੀ ਹੁੰਦਾ ਹੈ।ਜਿਉਂ ਹੀ ਇਸ ਮਰਜ਼ ਦੇ ਜਰਾਸੀਮ ਬੰਦੇ ਦੇ ਸਰੀਰ ਵਿੱਚ ਦਾਖਲ ਹੁੰਦੇ ਨੇ ਉਹ ਬਹੁਤ ਤੇਜ਼ੀ ਨਾਲ ਵਧ ਕੇ ਸਰੀਰ ਤੇ ਆਪਣੀ ਸਲਤਨਤ ਕਾਇਮ ਕਰ ਲੈਂਦੇ ਨੇ।ਸਰੀਰ ਦੇ ਸੈੱਲਾਂ ਅੰਦਰ ਦਾਖਲ ਹੋ ਤੇਜ਼ੀ ਨਾਲ ਵਧਣ ਲਗਦੇ ਨੇ।ਜਲਦ ਹੀ ਇਹ ਵਾਇਰਸ ਫੇਫੜਿਆਂ ਤੇ ਮਾਰ ਕਰਦਾ ਹੈ ਜਿਸ ਨਾਲ ਸਾਹ ਦੀ ਤਕਲੀਫ ਹੁੰਦੀ ਹੈ ਜੋ ਘਾਤਿਕ ਸਿੱਧ ਹੁੰਦੀ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।ਸਾਰੀ ਦੁਨੀਆ ਦੇ ਮਾਹਰ ਸਿਰ ਜੋੜ ਕੇ ਬੈਠੇ ਨੇ ਪਰ ਹਾਲਾਂ ਤਕ ਇਸ ਮਰਜ਼ ਦਾ ਕੋਈ ਇਲਾਜ਼ ਨਹੀਂ ਲੱਭ ਹੋਇਆ।ਕਿਉਂਕਿ ਇਸ ਬੀਮਾਰੀ ਨੇ ਸਾਰੇ ਜੱਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਇਸ ਕਰਕੇ ਇਸ ਨੂੰ ਮਹਾਂਮਾਰੀ ਦਾ ਲਕਬ ਦਿੱਤਾ ਗਿਆ ਹੈ।
ਮਹਾਂਮਾਰੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਹੁਣ ਤਕ ਵਾਪਰੀਆਂ ਮਹਾਂਮਾਰੀਆਂ ਤੇ ਇੱਕ ਨਜ਼ਰ ਮਾਰੀਏ।ਮਨੁੱਖ ਆਦਿ ਕਾਲ ਤੋਂ ਹੀ ਮਹਾਂਮਾਰੀਆਂ ਦੀ ਲਪੇਟ ਵਿੱਚ ਆਉਂਦਾ ਰਿਹਾ ਹੈ।ਪਿਛਲੇ ਸਮੇ ਵਿੱਚ ਆਈਆਂ ਮਹਾਂਮਾਰੀਆਂ ਦੇ ਸ਼ੁਰੂ ਹੋਣ ਦੇ ਕਾਰਣ ਅਤੇ ਇਲਾਜ਼ ਦੀ ਜਾਣਕਾਰੀ ਇਸ ਲੇਖ ਦੇ ਵਿਸ਼ੇ ਨੂੰ ਸਮਝਣ ਵਿੱਚ ਬਹੁਤ ਸਹਾਈ ਹੋਏਗੀ।ਨੈਸ਼ਨਲ ਜ਼ੀਓਗ੍ਰਾਫਿਕ ਰਸਾਲੇ ਦੇ ਅਗਸਤ 2020 ਦੇ ਅੰਕ ਵਿੱਚ ਕੁਝ ਮਹਾਂਮਾਰੀਆਂ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਦਿੱਤੀ ਗਈ ਹੈ।
ਰੋਮ ਦੀ ਪਲੇਗ (ਸੰਨ 165-180) – ਇਹ ਰੋਮ ਸਾਮਰਾਜ਼ ਅੰਦਰ ਲਗਾਤਾਰ ਕੋਈ 16 ਸਾਲ ਤਕ ਮਾਰ ਕਰਦੀ ਹਰ ਰੋਜ਼ ਕੋਈ 2000 ਬੰਦਿਆਂ ਦੀ ਮੌਤ ਦਾ ਕਾਰਣ ਬਣੀ। ਕੁਲ ਮੌਤਾਂ ਦੀ ਗਿਣਤੀ 5 ਮਿਲੀਅਨ ਦੱਸੀ ਜਾਂਦੀ ਹੈ।
ਜਸਟੀਨੀਅਨ ਪਲੇਗ (ਸੰਨ 541-588)– ਇਹ ਪਲੇਗ ਕੋਈ 48 ਸਾਲ ਤਕ ਮਾਰ ਕਰਦੀ ਰਹੀ ਅਤੇ ਇਸ ਨਾਲ ਕੋਈ 50 ਮਿਲੀਅਨ ਲੋਕ ਮਾਰੇ ਗਏ।ਇਹ ਮੈਡੀਟ੍ਰੇਨੀਅਨ ਇਲਾਕੇ ਵਿੱਚ ਸਰਗਰਮ ਰਹੀ ਅਤੇ ਇਸਦੇ ਜੀਵਾਣੂ ਜਾਂ ਬੈਕਟੀਰੀਆ ਚੂਹੇ ਅਤੇ ਪਿੱਸੂ ਤੋਂ ਮਨੁੱਖ ਅੰਦਰ ਦਾਖਲ ਹੋਏ।
ਕਾਲੀ ਮੌਤ ( ਸੰਨ 1347-1351) – ਬਲੈਕ ਡੈੱਥ ਜਾਂ ਕਾਲੀ ਮੌਤ ਪੰਜਾ ਸਾਲਾਂ ਵਿੱਚ ਹੀ ਸਾਰੀ ਦੁਨੀਆਂ ਵਿਚ ਫੈਲ ਗਈ ਅਤੇ ਇਸ ਨਾਲ ਕੋਈ 50 ਮਿਲੀਅਨ ਮੌਤਾਂ ਹੋਈਆਂ।ਯੂਰਪ ਦੀ ਤਾਂ 30 ਤੋਂ 50 ਫੀ ਸਦੀ ਅਬਾਦੀ ਇਸ ਦਾ ਸ਼ਿਕਾਰ ਹੋਈ।ਇਸ ਦੇ ਜੀਵਾਣੂ ਜਾਂ ਬੈਕਟੀਰੀਆ ਜੂੰ ਅਤੇ ਪਿੱਸੂ ਤੋਂ ਮਨੁੱਖ ਅੰਦਰ ਦਾਖਲ ਹੋਏ।
ਚੇਚਕ (ਸੰਨ 1519-20) – ਇਹ ਮੈਕਸੀਕੋ ਵਿੱਚ ਸਪੇਨ ਤੋਂ ਆਏ ਬੰਦਿਆਂ ਰਾਹੀ ਉਥੋਂ ਦੀ ਸਥਾਨਿਕ ਅਬਾਦੀ ਵਿੱਚ ਫੈਲ ਉਨਾਂ ਦਾ ਲਗਭਗ ਸਫਾਇਆ ਹੀ ਕਰ ਗਿਆ।ਕੁਲ ਮੌਤਾਂ ਦੀ ਗਿਣਤੀ 8 ਮਿਲੀਅਨ ਦੱਸੀ ਜਾਂਦੀ ਹੈ।
ਪਹਿਲੀ ਕੋਕੋਲਿਜ਼ਲੀ (1545-48) – ਇਹ ਵੀ ਮੈਕਸੀਕੋ ਵਿੱਚ ਫੈਲੀ ਬੀਮਾਰੀ ਹੈ ਜਿਸ ਵਾਰੇ ਬਹੁਤੀ ਜਾਣਕਾਰੀ ਨਹੀਂ ਹੈ।ਇਸ ਵਿੱਚ ਤੇਜ਼ ਬੁਖਾਰ, ਸਿਰਦਰਦ ਅਤੇ ਅੱਖ, ਮੂੰਹ ਤੇ ਨੱਕ ਵਿੱਚੋਂ ਖੂਨ ਵਗਣ ਵਰਗੀਆਂ ਅਲਾਮਤਾਂ ਹੁੰਦੀਆਂ ਹਨ।ਕੁਲ ਮੌਤਾਂ 15 ਮਿਲੀਅਨ ਸੀ।
ਦੂਜੀ ਕੋਕੋਲਿਜ਼ਲੀ (1576-78) – ਕੋਕੋਲਿਜ਼ਲੀ (ਛੋਚੋਲਜ਼ਿਟਲi) ਨੇ ਮੈਕਸੀਕੋ ਨੂੰ ਇਕ ਵਾਰ ਫਿਰ ਘੇਰ ਦੋ ਤਿੰਨਾਂ ਸਾਲਾਂ ਵਿੱਚ ਹੀ ਕੋਈ ਢਾਈ ਮਿਲੀਅਨ ਲੋਕਾਂ ਦੀ ਮੌਤ ਦਾ ਕਾਰਨ ਬਣਿਆ।
ਰੂਸੀ ਫਲੂ (1889-90) – ਇਕ ਵਿਗਿਆਨਿਕ ਰਪੋਟ ਮੁਤਾਬਿਕ ਇਹ ਆਵਾਜਾਈ ਨਾਲ ਜੁੜੀ ਦੁਨੀਆਂ ਦੀ ਪਹਿਲੀ ਮਹਾਂਮਾਰੀ ਸੀ।ਇਸ ਨੇ ਇੱਕ ਸਾਲ ਵਿੱਚ ਹੀ ਕੋਈ ਇੱਕ ਮਿਲੀਅਨ ਲੋਕਾਂ ਦੀ ਜਾਨ ਲਈ।
ਤੀਜੀ ਪਲੇਗ (1894-1922) – ਇਹ ਦੱਖਣੀ ਚੀਨ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿੱਚ 29 ਸਾਲ ਤੱਕ ਚੱਲੀ ਅਤੇ 10 ਮਿਲੀਅਨ ਲੋਕ ਇਸ ਦੀ ਭੇਟ ਚੜ੍ਹੇ।ਇਹ ਵੀ ਚੂਹੇ ਅਤੈ ਪਿਸੂਆਂ ਤੋਂ ਮਨੁੱਖ ਤੱਕ ਆਈ।
ਹੈਜ਼ਾ 6 (1899-1923) – ਇਹ ਜ਼ਿਆਦਾਤਰ ਭਾਰਤ ਵਿੱਚ ਫੈਲਿਆ ਅਤੇ ਅੱਠ ਲੱਖ ਜਾਨਾਂ ਲੈਣ ਦਾ ਕਾਰਣ ਬਣਿਆ।ਭਾਰਤ ਵਿੱਚ ਹੁਣ ਇਹ ਖਤਮ ਹੋ ਚੁੱਕਾ ਹੈ ਪਰ ਇੰਡੋਨੇਸ਼ੀਆ ਵਿੱਚ ਹਾਲੇ ਵੀ ਜ਼ਾਰੀ ਹੈ।ਕੁਲ ਮੌਤਾ ਡੇੜ ਮਿਲੀਅਨ ਹੋ ਚੁੱਕੀਆਂ ਹਨ।
ਸਪੇਨੀ ਫਲੂ (1918-19) – ਇਸ ਦੀ ਸਭ ਤੋਂ ਪਹਿਲਾਂ ਸਪੇਨ ਤੋਂ ਰਿਪੋਟ ਆਈ।ਸ਼ਾਇਦ ਇਸੇ ਕਰਕੇ ਇਸ ਨੂੰ ਸਪੇਨ ਦੇ ਨਾਲ ਜੋੜ ਦਿੱਤਾ ਗਿਆ।ਜਦ ਕਿ ਇਸ ਮਰਜ਼ ਦੇ ਸ਼ਿਕਾਰ ਪਹਿਲੀ ਆਲਮੀ ਜੰਗ ਦੇ ਸਿਪਾਹੀ ਇਸ ਨੂੰ ਸਾਰੇ ਯੁਰਪ ਵਿੱਚ ਹੀ ਫੈਲਾ ਚੁੱਕੇ ਸਨ।ਇਸ ਦੇ ਜੀਵਾਣੂ ਸੂਰ ਤੋਂ ਮਨੁੱਖ ਤਕ ਪਹੁੰਚੇ ਅਤੇ ਇਕ ਸਾਲ ਵਿੱਚ ਹੀ ਇਸ ਨੇ 50 ਮਿਲੀਅਨ ਜਾਨਾਂ ਲੈ ਲਈਆਂ।
ਏਸ਼ੀਆਈ ਫਲੂ (1957-58) – ਇਸ ਦੇ ਜੀਵਾਣੂ ਪੰਛੀਆਂ ਤੋਂ ਮਨੁੱਖ ਤੱਕ ਆਏ ਅਤੇ ਇਹ ਨੋਜਵਾਨਾਂ ਲਈ ਜ਼ਿਆਦਾ ਘਾਤਿਕ ਸਿਧ ਹੋਇਆ।ਕੁਲ ਮੌਤਾਂ ਗਿਆਰਾਂ ਲੱਖ ਹੋਈਆਂ।
ਹਾਂਗਕਾਂਗ ਫਲੂ (1968) – ਇਹ ਵੀਤਨਾਮ ਤੋਂ ਪਰਤੇ ਅਮਰੀਕਣ ਸਿਪਾਹੀਆ ਦੀ ਲਾਗ ਨਾਲ ਅਮਰੀਕਾ ਵਿੱਚ ਫੈਲਿਆ।ਇਹ ਵੀ ਪੰਛੀਆਂ ਤੋਂ ਸ਼ੁਰੂ ਹੋਇਆ ਮੰਨਿਆਂ ਜਾਂਦਾ ਹੈ।ਇਸ ਨਾਲ ਕੋਈ ਇੱਕ ਮਿਲੀਅਨ ਜਾਨਾਂ ਗਈਆਂ।ਹਾਲੇ ਵੀ ਇਹ ਕਿਸੇ ਨ ਕਿਸੇ ਸ਼ਕਲ ਵਿੱਚ ਸਿਰ ਚੁੱਕ ਲੈਂਦਾ ਹੈ।
ਏਡਜ਼ (1981-) – ਇਹ ਅਫਰੀਕਾ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ।ਇਸ ਦੇ ਜੀਵਾਣੂ ਚਿੰਪੈਂਜ਼ੀ ਜਾਣੀ ਵਣਮਾਨੁਸ਼ ਰਾਹੀਂ ਮਨੁੱਖ ਤੱਕ ਪਹੁੰਚੇ।ਹੁਣ ਤੱਕ ਇਸ ਨਾਲ ਕੋਈ 32 ਮਿਲੀਅਲ ਲੋਕ ਮਰ ਚੁੱਕੇ ਨੇ ਅਤੇ ਇਸ ਦਾ ਪ੍ਰਕੋਪ ਹਾਲਾਂ ਵੀ ਜਾਰੀ ਹੈ।
ਇਲਾਜ਼ ਕੀ ਹੈ
ਉਪਰੋਕਿਤ ਮਹਾਂਮਾਰੀਆਂ ਵਾਰੇ ਪੜ੍ਹ ਕੇ ਇੱਕ ਗੱਲ ਸਾਫ ਹੋ ਜਾਂਦੀ ਹੈ ਕਿ ਇਹ ਬੀਮਾਰੀ ਕਿਸੇ ਜੀਵਾਣੂ ਦੇ ਮਨੁੱਖਾ ਸਰੀਰ ਅੰਦਰ ਘਰ ਪਾਉਣ ਤੇ ਹੂੰਦੀ ਹੈ।ਇਹ ਜੀਵਾਣੂ ਕਿਸੇ ਜਾਨਵਰ, ਪੰਛੀ ਜਾਂ ਕਿਸੇ ਹੋਰ ਜੀਵ ਜੰਤੂ ਤੋਂ ਮਨੁੱਖ ਦੇ ਸਰੀਰ ਅੰਦਰ ਦਾਖਲ ਹੋ ਤੇਜ਼ੀ ਨਾਲ ਵਧਣ ਫੁਲਣ ਲਗਦੇ ਨੇ।ਫਿਰ ਇਕ ਬੰਦੇ ਤੋਂ ਦੂਜੇ ਬੰਦੇ ਤਕ ਹਵਾ ਜਾਂ ਛੂਤ ਨਾਲ ਬਹੁਤ ਜਲਦ ਪਹੁੰਚ ਵਬਾ ਦਾ ਰੂਪ ਧਾਰਨ ਕਰ ਲੈਂਦੇ ਨੇ।ਅਗਰ ਮਨੁੱਖ ਦੇ ਸਰੀਰ ਅੰਦਰ ਰੋਗ ਰੋਕੂ (ੀਮਮੁਨਟਿੇ) ਸ਼ਕਤੀ ਹੈ ਤਾਂ ਉਹ ਇਹਨਾਂ ਜੀਵਾਣੂਆਂ ਨੂੰ ਖਤਮ ਕਰ ਦਿੰਦੀ ਹੈ ਅਤੇ ਇਹ ਜੀਵਾਣੂ ਉਸਦਾ ਕੁਝ ਨਹੀਂ ਵਿਗਾੜ ਸਕਦੇ।ਹਰ ਇਨਸਾਨ ਦੀ ਰੋਗ ਰੋਕ ਸ਼ਕਤੀ ਵੱਖਰੀ ਵੱਖਰੀ ਹੁੰਦੀ ਹੈ।ਹਰ ਸਰੀਰ ਇਹ ਰੋਗ ਰੋਕ ਸ਼ਕਤੀ ਰੋਗ ਹੋਣ ਤੇ ਟਾਕਰੇ ਲਈ ਲੋੜ ਅਨੁਸਾਰ ਖੁਦ ਵੀ ਪੈਦਾ ਕਰਦਾ ਹੈ।ਇਸੇ ਕਰਕੇ ਕਈ ਬੀਮਾਰੀਆਂ ਵਾਰੇ ਇਹ ਕਿਹਾ ਜਾਂਦਾ ਹੈ ਕਿ ਅਗਰ ਕਿਸੇ ਨੂੰ ਇੱਕ ਵਾਰ ਹੋ ਕੇ ਹਟ ਜਾਏ ਤਾਂ ਦੁਵਾਰਾ ਨਹੀਂ ਹੁੰਦੀ।ਕਿਉਂਕਿ ਬੀਮਾਰੀ ਹੋਣ ਤੇ ਸਰੀਰ ਉਸ ਤੋਂ ਬਚਾਅ ਲਈ ਲੋੜੀਂਦਾ ਰੋਗਰੋਕ ਸ਼ਕਤੀ ਪੈਦਾ ਕਰ ਚੁੱਕਾ ਹੁੰਦਾ ਹੈ।ਇਸੇ ਕਰਕੇ ਕਈ ਖਿੱਤਿਆਂ ਵਿੱਚ ਵਸਦੇ ਲੋਕਾਂ ਵਿੱਚ ਕਈ ਬੀਮਾਰੀਆਂ ਦੇ ਜੀਵਾਣੂਆਂ ਨੂੰ ਮਾਰਨ ਦੀ ਸ਼ਕਤੀ ਬਿਲਕੁਲ ਨਹੀਂ ਹੂੰਦੀ ਕਿਉਂਕਿ ਉੱਥੇ ਉਹ ਬੀਮਾਰੀ ਕਦੀ ਹੋਈ ਹੀ ਨਹੀਂ ਹੁੰਦੀ।ਇਸੇ ਦੇ ਉਲਟ ਜਿਨ੍ਹਾਂ ਖਿੱਤਿਆਂ ਵਿੱਚ ਇਹ ਬੀਮਾਰੀ ਹੋ ਚੁੱਕੀ ਹੁੰਦੀ ਹੈ ਉਥੋਂ ਦੀ ਵਸੋਂ ਕੋਲ ਇਸ ਬੀਮਾਰੀ ਦੀ ਰੋਗਰੋਕ ਸ਼ਕਤੀ ਹੁੰਦੀ ਹੈ।ਜਦੋਂ ਸਾਮਰਾਜ਼ ਦਾ ਬੋਲ ਬਾਲਾ ਸੀ ਤਾਂ ਧਾੜਵੀ ਕੌਮਾਂ ਆਪਣੇ ਸਰੀਰਾਂ ਅੰਦਰ ਉਹ ਜੀਵਾਣੂ ਵੀ ਲੈ ਆਈਆਂ ਜਿਨਾਂ ਦਾ ਟਾਕਰਾ ਕਰਨ ਲਈ ਸਥਾਨਿਕ ਵਸੋਂ ਦੇ ਸਰੀਰਾਂ ਅੰਦਰ ਕੋਈ ਰੋਗ ਰੋਕ ਸ਼ਕਤੀ ਨਹੀ ਸੀ।ਕਿਉਂਕਿ ਸਥਾਨਿਕ ਵਸੋਂ ਦੇ ਸਰੀਰਾਂ ਨੇ ਇਸ ਬੀਮਾਰੀ ਦਾ ਕਦੇ ਸਾਹਮਣਾ ਹੀ ਨਹੀਂ ਕੀਤਾ ਸੀ।ਇਹ ਇੱਕ ਤਰ੍ਹਾ ਨਾਲ ਅਣਜਾਣੇ ਵਿੱਚ ਕੀਤਾ ਜੈਵਿਕ ਯੁੱਧ ਸੀ।ਉੱਪਰ ਮੈਂ ਮੈਕਸੀਕੋ ਵਿੱਚ ਚੇਚਕ ਦੀ ਵਬਾ ਫੇਲਣ ਦਾ ਜ਼ਿਕਰ ਕੀਤਾ ਹੈ।ਇਸ ਦੇ ਸ਼ੁਰੂ ਹੋਣ ਦੀ ਕਹਾਣੀ ਬੜੀ ਰੌਚਿਕ ਅਤੇ ਦੁਖਦਾਈ ਹੈ।ਹੋਇਆ ਇਸ ਤਰ੍ਹਾਂ ਕਿ ਸਪੇਨੀ ਸਿਪਾਹੀਆ ਦੇ ਨਾਲ ਫਰਾਂਸਿਸਕੋ ਨਾਮੀ ਇਕ ਅਫਰੀਕਨ ਗੁਲਾਮ ਵੀ ਮੈਕਸੀਕੋ ਆਇਆ ਬਦਕਿਸਮਤੀ ਨਾਲ ਉਸ ਦੇ ਜਿਸਮ ਵਿੱਚ ਚੇਚਕ ਦੇ ਜ਼ਰਾਸੀਮ ਵੀ ਸਨ।ਉਥੇ ਪਹੁੰਚਦਿਆ ਹੀ ਚੇਚਕ ਨੇ ਪੂਰਾ ਜ਼ੋਰ ਫੜ ਲਿਆ ਅਤੇ ਉਸਦਾ ਸਾਰਾ ਸਰੀਰ ਚੇਚਕ ਦੇ ਫੋੜਿਆਂ ਨਾਲ ਭਰ ਗਿਆ।ਉਸ ਨੂੰ ਇਕ ਸਥਾਨਿਕ ਵਸ਼ਿੰਦੇ ਦੇ ਘਰ ਅਰਾਮ ਕਰਨ ਲਈ ਕਿਹਾ ਗਿਆ ਜਿਸ ਤੋ ਉਸ ਘਰ ਦਾ ਸਾਰਾ ਪਰਿਵਾਰ ਹੀ ਚੇਚਕ ਦਾ ਮਰੀਜ਼ ਬਣ ਗਿਆ।ਦਸ ਦਿਨ ਦੇ ਅੰਦਰ ਹੀ ਇਸ ਵਬਾ ਨੇ ਸਾਰੀ ਸਥਾਨਿਕ ਵਸੋਂ ਨੂੰ ਘੇਰ ਮੈਕਸੀਕੋ ਨੂੰ ਸਥਾਨਿਕ ਵਸੋਂ ਦਾ ਕਬਰਿਸਤਾਨ ਬਣਾ ਦਿੱਤਾ।ਇਸ ਤੋਂ ਪਹਿਲਾਂ ਮੈਕਸੀਕੋ ਵਿੱਚ ਕਦੇ ਚੇਚਕ ਨਹੀ ਸੀ ਹੋਇਆ ਇਸ ਕਰਕੇ ਸਥਾਨਿਕ ਵਸੋਂ ਦੇ ਸਰੀਰਾਂ ਅੰਦਰ ਇਸ ਰੋਗ ਦੇ ਟਾਕਰੇ ਲਈ ਰੋਗ ਰੋਕ ਸ਼ਕਤੀ ਨਹੀਂ ਸੀ ਜਿਸ ਕਾਰਣ ਇਹ ਭਾਣਾ ਵਾਪਰਿਆ।ਜਦੋਂ ਗੋਰੇ ਅਸਟ੍ਰੇਲੀਆ ਵਿੱਚ ਆਏ ਉਹ ਵੀ ਆਪਣੇ ਨਾਲ ਕਈ ਬੀਮਾਰੀਆਂ ਦੇ ਜ਼ਰਾਸੀਮ ਲੈ ਕੇ ਆਏ ਜੋ ਉਹਨਾਂ ਤੇ ਤਾਂ ਕੋਈ ਅਸਰ ਨਹੀਂ ਕਰ ਸਕੇ ਕਿਉਂਕਿ ਉਨ੍ਹਾ ਦੇ ਸਰੀਰ ਅੰਦਰ ਇਹਨਾਂ ਜ਼ਰਾਸੀਮਾਂ ਨੂੰ ਮਾਰਨ ਲਈ ਰੋਗ ਰੋਕ ਸ਼ਕਤੀ ਸੀ। ਪਰ ਇਨ੍ਹਾਂ ਜਰਾਸੀਮਾਂ ਨੂੰ ਸਥਾਨਿਕ ਵਸੋਂ ਦੇ ਸਰੀਰ ਬਣੀ ਬਣਾਈ ਉਪਜਾਊ ਭੂਮੀ ਮਿਲ ਗਈ ਜਿਥੇ ਉਹ ਤੇਜ਼ੀ ਨਾਲ ਫੈਲ ਗਏ।ਇਸ ਨਾਲ ਇੱੱਥੋਂ ਦੀ ਸਥਾਨਿਕ ਵਸੋਂ ਕਾਫੀ ਤਦਾਦ ਵਿੱਚ ਮਰ ਗਈ ਕਿਉਂਕਿ ਉਹਨਾਂ ਅੰਦਰ ਵੀ ਇਨ੍ਹਾਂ ਜ਼ਰਾਸੀਮਾਂ ਦਾ ਮੁਕਾਬਲਾ ਕਰਨ ਲਈ ਰੋਗ ਰੋਕ ਸ਼ਕਤੀ ਨਹੀਂ ਸੀ।
ਇਸ ਸਾਰੀ ਵਿਚਾਰ ਤੋਂ ਕੁਝ ਗੱਲਾਂ ਸਾਹਮਣੇ ਆਉਂਦੀਆਂ ਹਨ।ਜਿੰਨੀਆਂ ਵੀ ਬੀਮਾਰੀਆਂ ਹਨ ਉਹ ਕਿਸੇ ਜੀਵਾਣੂ ਜਾਂ ਰੋਗਾਣੂ ਦੇ ਸਰੀਰ ਅੰਦਰ ਦਾਖਲ ਹੋਣ ਨਾਲ ਹੁੰਦੀਆਂ ਹਨ।ਇਹ ਰੋਗਾਣੂ ਕਿੱਥੋਂ ਆਉਂਦੇ ਜਾਂ ਉਪਜਦੇ ਨੇ।ਇਸ ਵਾਰੇ ਵਿਗਿਆਨੀਆਂ ਵਿੱਚ ਕਾਫੀ ਮਤਭੇਦ ਨੇ।ਜਾਂ ਇਹ ਕਹਿ ਲਉ ਕਿ ਕਾਦਰ ਦਾ ਇਹ ਭੇਤ ਹਾਲੇ ਜਾਹਰ ਨਹੀਂ ਹੋਇਆ।ਪਰ ਇਕ ਗਲ ਸਾਫ ਹੈ ਕਿ ਇਹ ਰੋਗਾਣੂ ਵੀ ਇਸ ਧਰਤੀ ਤੇ ਜੀਵਨ ਦਾ ਇੱਕ ਹਿੱਸਾ ਨੇ।ਸਾਡਾ ਸਰੀਰ ਵੀ ਕਿਸਾਨ ਦੇ ਇੱਕ ਖੇਤ ਦੀ ਤਰ੍ਹਾਂ ਹੈ।ਜਿਵੇ ਕਿਸਾਨ ਆਪਣੇ ਖੇਤ ਵਿਚਲੀ ਫਸਲ ਨੂੰ ਤੰਦਰੁਸਤ ਰੱਖਣ ਲਈ ਉਸ ਵਿੱਚੋਂ ਘਾਹ-ਫੁਸ ਇਤਿਆਦਿ ਨੂੰ ਖੇਤ ਵਿੱਚੋਂ ਕੱਢਦਾ ਹੈ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਰੋਗਾਣੂਆਂ ਜਾਂ ਵਿਸ਼ਾਣੂਆਂ ਤੋੰ ਮੁਕਤ ਰੱਖਣਾ ਪਏਗਾ।ਪਰ ਜਿਵੇਂ ਕਿ ਇਹ ਘਾਹ-ਫੁਸ ਬਨਸਪਤੀ ਦੀ ਜੀਵਨ ਲੜੀ ਦਾ ਇੱਕ ਹਿੱਸਾ ਨੇ ਇਸੇ ਤਰ੍ਹਾਂ ਇਹ ਜੀਵਾਣੂ, ਵਿਸ਼ਾਣੂ, ਰੋਗਾਣੂ ਤੇ ਬੈਕਟੀਰੀਆ ਵੀ ਧਰਤੀ ਤੇ ਜੀਵਨ ਲੜੀ ਦਾ ਇੱਕ ਹਿੱਸਾ ਨੇ।ਇਹ ਵੀ ਕਰਤੇ ਦੀ ਕੁਦਰਤ ਹੈ।ਸਾਡਾ ਰੋਗ ਇਹਨਾਂ ਰੋਗਾਣੂੰਆਂ ਦੇ ਜੀਵਨ ਦਾ ਸਾਡੇ ਸਰੀਰ ਤੇ ਪਿਆ ਅਸਰ ਹੈ।ਇਸ ਦੇ ਬਚਾਅ ਲਈ ਸਾਡੇ ਸਰੀਰ ਨੂੰ ਕਰਤਾ ਰੋਗ ਰੋਕ ਸ਼ਕਤੀ (ੀਮਮੁਨiਟਿੇ) ਦਿੰਦਾ ਹੈ।ਜਿਸ ਤਰ੍ਹਾਂ ਇੱਕ ਰੁੱਖ ਆਾਪਣੇ ਤੇ ਹੋਏ ਹਮਲੇ ਲਈ ਧਰਤੀ ਅੰਦਰੋ ਤੱਤ ਲੈ ਉਸ ਹਮਲੇ ਦਾ ਮੋੜ ਦਿੰਦਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਵੀ ਇਹਨਾਂ ਰੋਗਾਣੂਆਂ ਦਾ ਮੁਕਾਬਲਾ ਕਰਦਾ ਹੈ।ਮੈਡੀਕਲ ਸਾਇੰਸ ਵੀ ਰੋਗ ਦੇ ਇਲਾਜ਼ ਲਈ ਜੋ ਦਵਾ ਇਜ਼ਾਦ ਕਰਦੀ ਹੈ ਉਹ ਸਾਡੇ ਸਰੀਰ ਨੂੰ ਰੋਗ ਦਾ ਮੁਕਾਬਲਾ ਕਰਨ ਦੀ ਹੀ ਮਦਦ ਕਰਦੀ ਹੈ।ਇੱਕ ਆਮ ਕਹੀ ਸੁਣੀ ਜਾਂਦੀ ਗੱਲ ਹੈ ਕਿ ਖਾਣਾ ਦਵਾ ਹੈ।ਇਸ ਦਾ ਵੀ ਇਹੀ ਮਤਲਬ ਹੈ ਕਿ ਸਾਡਾ ਖਾਣ ਸਾਡੇ ਸਰੀਰ ਦੀ ਰੋਗ ਰੋਕ ਸ਼ਕਤੀ ਨੂੰ ਵਧਾਉਂਦਾ ਹੈ।ਹੁਣ ਇਹ ਇੱਕ ਆਮ ਗੱਲ ਹੈ ਕਿ ਬੱਚੇ ਦੀ ਪੈਦਾਇਸ਼ ਤੋਂ ਬਾਅਦ ਉਸਨੂੰ ਸਮੇ ਸਮੇ ਅੁਨਸਾਰ ਕੁਝ ਟੀਕੇ ਲਗਾਏ ਜਾਂਦੇ ਹਨ ਤਾਂ ਜੋ ਕੁਝ ਜਾਨ ਲੇਵਾ ਰੋਗ ਉਸ ਨੂੰ ਨ ਲਗ ਸਕਣ।ਇਹਨਾਂ ਜਾਨ ਲੇਵਾ ਰੋਗਾਂ ਦਾ ਵਿਗਿਆਨ ਨੂੰ ਹੁਣ ਪੂਰਾ ਇਲਮ ਹੈ ਅਤੇ ਇਹ ਭਲੀ ਭਾਂਤ ਜਾਣਦਾ ਹੈ ਕਿ ਇਹਨਾ ਰੋਗਾਂ ਦੇ ਜਵਿਾਣੂੰਆਂ ਨੂੰ ਕਿਵੇ ਕਾਬੂ ਕਰਨਾ ਹੈ।ਪਰ ਇਹ ਸਭ ਕੁਝ ਹੁੰਦਾ ਕੁਦਰਤ ਦੇ ਵਿਧਾਨ ਅੰਦਰ ਹੀ ਹੈ।
ਧਰਮ ਅਤੇ ਮਹਾਂਮਾਰੀ
ਵਬਾ ਜਾਂ ਮਹਾਂਮਾਰੀ ਨੂੰ ਸਮਝਣ ਤੋਂ ਬਾਅਦ ਆਓ ਹੁਣ ਇਹ ਦੇਖੀਏ ਕਿ ਇਸ ਵਾਰੇ ਧਰਮ ਦਾ ਕੀ ਨਜ਼ਰੀਆ ਹੈ।ਰਵਾਇਤੀ ਧਰਮ ਕਹਿਣ ਨੂੰ ਬੇਸ਼ੱਕ ਰੱਬ ਨੂੰ ਸਰਬ ਸ਼ਕਤੀਮਾਨ ਕਹਿੰਦੇ ਨੇ ਪਰ ਨਾਲ ਹੀ ਰੱਬ ਦੇ ਸ਼ਰੀਕ ਸ਼ੈਤਾਨ ਦੀ ਹੋਂਦ ਨੂੰ ਵੀ ਮਾਨਤਾ ਦਿੰਦੇ ਨੇ।ਇਸੇ ਕਰਕੇ ਹਰ ਕੁਦਰਤੀ ਕਰੋਪੀ ਨੂੰ ਉਹ ਸ਼ੈਤਾਨ ਦਾ ਕਾਰਨਾਮਾਂ ਜਾਂ ਕਿਸੇ ਦੇਵਤੇ ਦੇ ਕਰੋਧ ਦਾ ਪ੍ਰਗਟਾਵਾ ਦੱਸਦੇ ਨੇ।ਹਿੰਦੂ ਧਰਮ ਵਿੱਚ ਤਾਂ ਅਜਿਹੇ ਦੇਵਤਿਆਂ ਦੇ ਕਰੋਧ ਤੋਂ ਬਚਣ ਲਈ ਉਨ੍ਹਾਂ ਦੀ ਪੂਜਾ ਦਾ ਵਿਧਾਨ ਹੈ।ਇਸ ਲਈ ਉਨ੍ਹਾਂ ਦੇ ਨਾਮ ਤੇ ਮੰਦਰ ਬਣ ਜਾਂਦੇ ਨੇ।ਚੇਚਕ ਦੇ ਇਲਾਜ਼ ਲਈ ਸੀਤਲਾ ਦੇਵੀ ਦੀ ਪੂਜਾ ਆਮ ਹੈ।ਏਡਜ਼ ਦਾ ਵੀ ਮੰਦਰ ਬਣ ਚੁੱਕਾ ਹੈ।ਕੋਈ ਹੈਰਾਨੀ ਨਹੀਂ ਹੋਏਗੀ ਅਗਰ ਕਰੋਨਾਂ ਦੇਵਤੇ ਦਾ ਵੀ ਮੰਦਰ ਬਣ ਜਾਏ।ਰੋਜ਼ਾਨਾ ਸਪੋਕਸਮੈਨ ਵਿੱਚ 17 ਅਪਰੈਲ ਨੂੰ ਇੱਕ ਖਬਰ “ਕਰੋਨਾ ਮਹਾਮਾਰੀ ਦੇ ਖਾਤਮੇ ਲਈ ਇੱਕ ਪਾਸੇ ਵਿਗਿਆਨੀ ਦੂਜੇ ਪਾਸੇ ਅੰਧ-ਵਿਸ਼ਵਾਸ” ਦੇ ਸਿਰਲੇਖ ਹੇਠ ਛਪੀ ਹੈ।ਇਸ ਖਬਰ ਵਿੱਚ ਇਜ਼ਰਾਈਲ ਦੇ ਸਿਹਤ ਮੰਤਰੀ ਦਾ ਬਿਆਨ ਹੈ ਕਿ ਕਰੋਨਾ ਤੋਂ ਬਚਾਉਣ ਲਈ ਹੁਣ ਕੋਈ ਮਸੀਹਾ ਆਏਗਾ।ਤਨਜ਼ਾਨੀਆਂ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਈਸਾ ਮਸੀਹ ਦੇ ਸਰੀਰ ਅੰਦਰ ਕਰੋਨਾ ਨਹੀਂ ਬੈਠ ਸਕਦਾ।ਤਬਲੀਗੀ ਜ਼ਮਾਤ ਦਾ ਕਹਿਣਾ ਹੈ ਕਿ ਮਸਜ਼ਿਦ ਵਿੱਚ ਇਕੱਠ ਹੋਣ ਤੇ ਅਵੱਲ ਤਾ ਕਰੋਨੇ ਨਾਲ ਮੌਤ ਹੋ ਹੀ ਨਹੀ ਸਕਦੀ ਅਗਰ ਹੋ ਵੀ ਜਾਏ ਤਾਂ ਮਰਨ ਲਈ ਇਸ ਤੋਂ ਵਧੀਆ ਜਗ੍ਹਾ ਕੋਈ ਹੋਰ ਨਹੀਂ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਰੋਗ ਨੂੰ ਭਜਾਉਣ ਲਈ ਇੱਕ ਖਾਸ ਵਕਤ ਤਾਲੀਆਂ ਵਜਾਉਣ ਲਈ ਅਤੇ ਮੋਮਬੱਤੀਆਂ ਬਾਲਣ ਲਈ ਅਤੇ ਅਵਾਜੇ ਕੱਸਣ ਲਈ ਕਿਹਾ।
ਗੁਰਬਾਣੀ ਦਾ ਨਜ਼ਰੀਆ
ਸਿੱਖ ਧਰਮ ਵੀ ਹੁਣ ਜ਼ਿਆਦਤਰ ਰਵਾਇਤੀ ਧਰਮਾਂ ਵਰਗਾ ਬਣਦਾ ਜਾ ਰਿਹਾ ਹੈ।ਇਸ ਕਰਕੇ ਸਿੱਖ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਅਰਦਾਸਾਂ ਜਾਂ ਅਖੰਡ ਪਾਠ ਕਰਦੇ ਅਕਸਰ ਨਜ਼ਰ ਆਉਣਗੇ।ਪਰ ਸਿੱਖਾ ਦੀ ਇਹ ਕਾਰਗੁਜ਼ਾਰੀ ਸਿੱਖ ਫਲਸਫੇ ਨਾਲ ਮੇਲ ਨਹੀਂ ਖਾਦੀ।ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਇਸ ਦੁਨੀਆਂ ਵਿੱਚ ਹੀ ਨਹੀ ਬਲਕਿ ਕੁਲ ਕਾਇਨਾਤ ਵਿੱਚ ਜੋ ਵੀ ਵਾਪਰ ਰਿਹਾ ਉਹ ਕਰਤੇ ਦੀ ਕੁਦਰਤ ਹੈ।ਇੱਕ ਹੁਕਮ ਅਨੁਸਾਰ ਹੀ ਸਾਰਾ ਵਰਤਾਰਾ ਹੋ ਰਿਹਾ ਹੈ।ਅਕਾਰ ਬਣ ਰਹੇ ਨੇ, ਟੁੱਟ ਰਹੇ ਨੇ।ਜੀਅ ਪੈਦਾ ਹੋ ਰਹੇ ਨੇ, ਮਰ ਰਹੇ ਨੇ।ਗੁਰਵਾਕ ਹੈ ਕਿ “ਸਭ ਤੇਰੀ ਕੁਦਰਤਿ ਤੂੰ ਕਾਦਿਰੂ ਕਰਤਾ ਪਾਕੀ ਨਾਈ ਪਾਕੁ॥”(ਪੰਨਾ 464)।ਇਹ ਗੁਰ ਨਾਨਕ ਸਾਹਿਬ ਦੇ ਬਚਨ ਨੇ ਉਹ ਨ ਕੇਵਲ ਕਾਇਨਾਤ ਦੇ ਵਰਤਾਰੇ ਨੂੰ ਕਰਤੇ ਦੀ ਕਿਰਤ ਆਖ ਰਹੇ ਨੇ ਬਲਕਿ ਇਸ ਨੂੰ ਕਰਤੇ ਦੀ ਵਡਿਆਈ ਵੀ ਕਹਿ ਰਹੇ ਨੇ। ਕਰਤੇ ਦੇ ਇਸ ਹੁਕਮ ਨੂੰ ਪੂਰੀ ਤਰ੍ਹਾ ਬਿਆਨ ਨੀ ਕੀਤਾ ਜਾ ਸਕਦਾ।ਪਰ ਇਸ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਸੌਖੀ ਕਰ ਸਕਦੇ ਹਾਂ।ਦੁਨੀਆਂ ਵਿਚ ਕਰੋਪੀਆਂ ਵਾਪਰਦੀਆਂ ਰਹੀਆਂ ਹਨ ਅਤੇ ਵਾਪਰਦੀਆਂ ਰਹਿਣਗੀਆਂ।ਗੁਰਮਤਿ ਇਸ ਦਾ ਕਾਰਣ ਅਤੇ ਇਲਾਜ਼ ਕਰਤਾਰ ਦੇ ਹੁਕਮ ਨੂੰ ਸਮਝਣਾ ਹੀ ਦੱਸਦੀ ਹੈ।ਗੁਰਬਾਣੀ ਵਿੱਚ ਇਹ ਬਹੁਤ ਹੀ ਸਾਫ ਲਫ਼ਜ਼ਾਂ ਵਿੱਚ ਕਿਹਾ ਗਿਆ ਹੈ ਕਿ ਹਰ ਤਰ੍ਹਾ ਦੀ ਬੀਮਾਰੀ ਕਰਤਾਰ ਦੇ ਹੁਕਮ ਤਹਿਤ ਹੀ ਲਗਦੀ ਹੈ।“ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ਜਰਾ ਮਰਾ ਤਾਪੁ ਸਿਰਤਿ ਸਭੁ ਹਰ ਕੇ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰ ਕਾ ਲਾਇਆ॥(ਪੰਨਾ 168)।ਕਰੋਨਾ ਜਾਂ ਹੋਰ ਕੋਈ ਵੀ ਬੀਮਾਰੀ ਦੇ ਰੋਗਾਣੂ ਕਰਤੇ ਦੇ ਹੁਕਮ ਅੰਦਰ ਹੀ ਪੈਦਾ ਹੋ ਰਹੇ ਨੇ।ਇਹਨਾਂ ਨੂੰ ਕੋਈ ਸ਼ੇਤਾਨ ਨਹੀ ਪੈਦਾ ਕਰਦਾ।ਬਲਕਿ ਗੁਰਬਾਣੀ ਤਾਂ ਕਿਸੇ ਵੀ ਸ਼ੈਤਾਨ ਜਾਂ ਭੈੜੀਆਂ ਰੂਹਾਂ ਦੀ ਹੋਂਦ ਨੂੰ ਮੁਢੋਂ ਹੀ ਨਕਾਰਦੀ ਹੈ।ਨ ਹੀ ਗੁਰਬਾਣੀ ਕਿਸੇ ਦੇਵੀ ਦੇਵਤੇ ਦੀ ਕਰੋਪੀ ਨੂੰ ਮਾਨਤਾ ਦਿੰਦੀ ਹੈ।ਕਿਊਂਕਿ ਗੁਰਬਾਣੀ ਕਰਤੇ ਦੇ ਹੁਕਮ ਨੂੰ ਅਟੱਲ ਕਹਿੰਦੀ ਹੈ।ਕੋਈ ਸ਼ੈਤਾਨ ਕੋਈ ਦੇਵੀ ਦੇਵਤਾ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ।ਬਲਕਿ ਇਨ੍ਹਾ ਸਾਰੇ ਕਹੇ ਜਾਂਦੇ ਅਖੌਤੀ ਦੇਵੀ ਦੇਵਤਿਆਂ ਨੂੰ ਵੀ ਗੁਰਬਾਣੀ ਕਰਤੇ ਦੇ ਹੁਕਮ ਅਧੀਨ ਪੈਦਾ ਹੋਏੇ ਦੱਸਦੀ ਹੈ।ਜਦੋਂ ਕਰਤਾਰ ਨੇ ਹੀ ਇਹ ਰੋਗਾਣੂ ਪੈਦਾ ਕੀਤੇ ਨੇ ਤਾਂ ਉਸ ਅੱਗੇ ਇਨ੍ਹਾਂ ਨੂੰ ਖਤਮ ਕਰਨ ਦੀ ਅਰਦਾਸ ਜਾਂ ਬੇਨਤੀ ਕਰਨਾ ਫਜ਼ੂਲ ਹੋਏਗਾ।ਫਿਰ ਸਵਾਲ ਉਠਦਾ ਹੈ ਕਿ ਇਨ੍ਹਾਂ ਰੋਗਾਣੂਆਂ ਤੋਂ ਕਿਵੇਂ ਬਚਣਾ ਹੈ।ਇਹ ਗਲ ਤਾਂ ਪੱਕੀ ਹੈ ਕਿ ਕਰਤੇ ਦਾ ਹੁਕਮ ਅਟੱਲ ਹੈ।ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਮਹਾਂਮਾਰੀ ਜਾ ਕਿਸੇ ਹੋਰ ਬਿਪਤਾ ਦੇ ਆਉਣ ਬਾਅਦ ਗੁਰਮਤਿ ਸਾਨੂੰ ਹੱਥ ਸੁੱਟ ਕੇ ਬੈਠਣ ਨੂੰ ਕਹਿ ਰਹੀ ਹੈ । ਨ ਹੀ ਕਰਤਾਰ ਅੱਗੇ ਅਰਦਾਸ ਕਰ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਮਨਾਉਣ ਲਈ ਕਹਿੰਦੀ ਹੈ।ਬਲਕਿ ਉਸ ਹੁਕਮ ਨੂੰ ਜਿਸ ਤਹਿਤ ਇਹ ਮਹਾਂਮਾਰੀ ਵਾਪਰ ਰਹੀ ਹੈ ਸਮਝ ਕੇ ਆਪਣਾ ਬਚਾ ਕਰਨ ਲਈ ਪ੍ਰੇਰਦੀ ਹੈ।ਹੁਕਮ ਨੂੰ ਬੁਝ ਕੇ ਹੀ ਅਸੀਂ ਸੁੱਖ ਪਾ ਸਕਦੇ ਹਾਂ।ਗੁਰੂ ਕਾਲ ਦੌਰਾਨ ਕਈ ਕੁਦਰਤੀ ਅਤੇ ਰਾਜਨੀਤਕ ਕਰੋਪੀਆਂ ਦਾ ਹਿੰਦੁਸਤਾਨ ਤੇ ਕਹਿਰ ਟੁੱਟਿਆ।ਆਉ ਦੇਖਦੇ ਹਾਂ ਗੁਰੂ ਸਾਹਿਬ ਦਾ ਕੀ ਰੱਦੇ ਅਮਲ ਸੀ।ਇਸ ਨਾਲ ਗੁਰਬਾਣੀ ਦਾ ਨਜ਼ਰੀਆ ਸਮਝਣ ਵਿੱਚ ਅਸਾਨੀ ਹੋਏਗੀ।ਮਿਸਾਲ ਦੇ ਤੌਰ ਤੇ:
ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਇਸ ਦਾ ਕਾਰਣ ਮੌਜ਼ਦਾ ਹਾਕਮਾਂ ਦੀ ਆਪਣੇ ਫਰਜ਼ ਪ੍ਰਤੀ ਅਣਗਹਿਲੀ ਦੱਸਿਆ।ਬਾਬਰ ਦੀ ਕਾਰਵਾਈ ਵੀ ਕਰਤੇ ਦੇ ਹੁਕਮ ਅੰਦਰ ਹੀ ਹੋ ਰਹੀ ਦੱਸੀ।ਪਰ ਇਹ ਤਾਂ ਹੀ ਹੋਇਆ ਕਿਉਂਕਿ ਵੇਲੇ ਦੇ ਹਾਕਮ ਆਪਣਾ ਫਰਜ਼ ਭੁਲਾ ਚੁੱਕੇ ਸਨ।ਇਸ ਕਰਕੇ ਗੁਰੂ ਵੇਲੇ ਦੇ ਹਾਕਮਾਂ ਨੂੰ ਆਪਣੇ ਫਰਜ਼ ਪ੍ਰਤੀ ਸੁਚੇਤ ਕਰਦੇ ਨੇ।ਜਿਹੜੇ ਲੋਕ ਮੰਤਰ, ਟੇਵੇ ਟਿਪੜੇ ਜਾਂ ਪੂਜਾ ਪਾਠ ਰਾਹੀ ਇਸ ਹਮਲੇ ਦੀ ਰੋਕਥਾਮ ਕਰਦੇ ਸਨ ਉਨ੍ਹਾ ਦੀ ਇਸ ਕਾਰਵਾਈ ਨੂੰ ਬੇਮਾਇਨਾ ਦੱਸਿਆ।
ਜਦੋਂ ਪੰਜਾਬ ਵਿੱਚ ਸੋਕੇ ਕਾਰਨ ਕਾਲ ਪਿਆ ਤਾਂ ਪੀੜਤ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਨੇ ਛੇਹਰਟਾ ਖੂਹ ਲਵਾਏ ਤਾਂ ਜੋ ਆਉਣ ਵਾਲੇ ਸਮੇ ਲਈ ਪਾਣੀ ਦਾ ਪੱਕਾ ਬੰਦੋਬਸਤ ਹੋ ਸਕੇ।
ਜਦੋਂ ਬਾਲ ਹਰਗੋਬਿੰਦ ਚੇਚਕ ਨਾਲ ਬੀਮਾਰ ਹੋਏ ਤਾਂ ਗੁਰੂ ਸਾਹਿਬ ਨੇ ਕਿਸੇ ਕਿਸਮ ਦੀ ਪੂਜਾ ਪਾਠ ਤੋਂ ਇਨਕਾਰ ਕਰ ਸਿਰਫ ਦਵਾ ਦਾਰੂ ਅਤੇ ਕਰਤਾਰ ਤੇ ਭਰੋਸਾ ਰੱਖਿਆ।
ਗੁਰੂ ਹਰਿ ਰਾਏ ਸਾਹਿਬ ਵੇਲੇ ਉਨ੍ਹਾ ਦਾ ਦਵਾਖਾਨਾ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਸੀ।
ਗੁਰੂ ਗੋਬਿੰਦ ਸਿੰਘ ਸਮੇ ਦੀ ਨਾੜ ਨੂੰ ਪਹਿਚਾਣਦਿਆਂ ਆਪਣੀ ਰੱਖਿਆ ਲਈ ਕਿਲੇ ਉਸਾਰੇ ਅਤੇ ਆਪਣੀ ਫੋਜ਼ ਨੂੰ ਸਿਖਿਆ ਦੇ ਲੜਾਈ ਵਿੱਚ ਮਾਹਰ ਬਣਾਇਆ।ਉਹਨਾਂ ਆਪਣੇ ਬਚਾ ਲਈ ਕੋਈ ਅਰਦਾਸ ਨਹੀਂ ਕੀਤੀ।
ਇਸ ਤਰ੍ਹਾਂ ਦੀਆਂ ਹੋਰ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ।ਸਿੱਖ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬ ਨੇ ਕਰਤੇ ਦੇ ਹੁਕਮ ਨੂੰ ਸਮਝ ਲੋੜੀਂਦੀ ਕਾਰਵਾਈ ਕੀਤੀ। ਮਹਾਂਮਾਰੀ ਦੇ ਸੰਦਰਭ ਵਿੱਚ ਕਰਤਾਰ ਦੇ ਹੁਕਮ ਨੁੰ ਬੁਝਣ ਦਾ ਮਤਲਬ ਇਸ ਵਬਾ ਦੇ ਕਾਰਣ ਖੋਜ ਆਪਣੇ ਬਚਾਅ ਲਈ ਉਪਾਅ ਕਰਨੇ ਨੇ।ਉਪਾਅ ਵਿੱਚ ਸਰੀਰ ਅੰਦਰ ਰੋਗਰੋਕ ਸ਼ਕਤੀ ਨੂੰ ਵਧਾਉਣਾ ਅਤੇ ਰੋਗਾਣੂਆਂ ਦੇ ਨਾਸ਼ ਲਈ ਦਵਾ ਦਾਰੂ ਕਰਨਾ ਸ਼ਾਮਲ ਹੈ।ਰੋਗਰੋਕ ਸ਼ਕਤੀ ਇੱਕ ਤਰ੍ਹਾਂ ਨਾਲ ਆਪਣੀ ਰੱਖਿਆ ਲਈ ਕਿਲਾ ਉਸਾਰਨਾ ਹੈ ਅਤੇ ਦਵਾ ਦਾਰੂ ਜੰਗ ਦੇ ਮੈਦਾਨ ਵਿੱਚ ਉੱਤਰ ਵੈਰੀ ਨਾਲ ਦੋ ਹੱਥ ਕਰ ਉਸ ਨੂੰ ਮਾਰ ਮੁਕਾਉਣਾ ਹੈ।ਸਵਾਲ ਉਠਦਾ ਹੈ ਕਿ ਕੀ ਕਰਤਾਰ ਦੇ ਉਪਾਏ ਜੀਵ ਨੂੰ ਮਾਰਨਾ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਹੈ।ਅਜਿਹਾ ਕਰਨ ਨੂੰ ਕਰਤਾਰ ਦੀ ਹੁਕਮ ਅਦੂਲੀ ਕਹਿਣਾ ਗਲਤ ਹੋਵੇਗਾ।ਬੇਸ਼ੱਕ ਰੋਗਾਣੂ ਵੀ ਕਰਤਾਰ ਦੇ ਹੁਕਮ ਅਨੁਸਾਰ ਉਪਜੇ ਜੀਵ ਨੇ।ਪਰ ਇਸ ਧਰਤੀ ਤੇ ਕਰਤਾਰ ਦੇ ਮੁਕੰਮਲ ਹੁਕਮ ਅਨੁਸਾਰ ਜੋ ਜੀਵਨ ਦੀ ਖੇਡ ਚਲਦੀ ਹੈ ਉਸ ਵਿੱਚ ਮੌਤ ਅਤੇ ਜੀਵਨ ਦੇ ਉਹ ਮਾੲਨੇ ਨਹੀਂ ਹਨ ਜੋ ਆਮ ਤੌਰ ਤੇ ਅਸੀਂ ਸਮਝਦੇ ਹਾਂ।ਇਸ ਖੇਡ ਵਿੱਚ ਤਾਂ ਮੌਤ ਵਿੱਚੋਂ ਹੀ ਜੀਵਨ ਉਪਜਦਾ ਹੈ।ਅਸੀ ਜੋ ਵੀ ਜੀਉਂਦੇ ਰਹਿਣ ਲਈ ਖਾਂਦੇ ਹਾਂ ਉਸ ਵਿੱਚ ਅਣਗਿਣਤ ਮੌਤਾਂ ਸ਼ਾਮਲ ਨੇ।ਕਰਤਾਰ ਦੇ ਹੁਕਮ ਅਨੁਸਾਰ ਇੱਕ ਕੀੜਾ ਜਾਣ ਬੁਝ ਕੇ ਘਾਹ ਦੇ ਸਿਰੇ ਤੇ ਜਾ ਬੈਠਦਾ ਹੈ ਤਾਂ ਜੋ ਉਹ ਗਾਂ ਮੱਝ ਦੇ ਪੇਟ ਵਿੱਚ ਜਾ ਗੋਹੇ ਥਾਣੀ ਬਾਹਰ ਆ ਜਾਏ ਅਤੇ ਉਸ ਗੋਹੇ ਦੇ ਫੋਸ ਵਿੱਚ ਉਸਦੇ ਆਡਿਆਂ ਚਂੋ ਉਸਦੇ ਬੱਚੇ ਪੈਦਾ ਹੋ ਜਾਣ।ਇੱਕ ਤਰ੍ਹਾਂ ਨਾਲ ਗਾਂ ਉਸ ਕੀੜੇ ਨੂੰ ਮਾਰ ਜੀਵਨ ਦਿੰਦੀ ਹੈ।ਸੋ ਆਪਣੇ ਬਚਾਅ ਲਈ ਕੀਤੀ ਮੌਤ ਨ ਤਾਂ ਪਾਪ ਹੈ ਅਤੇ ਨ ਹੀ ਕਰਤਾਰ ਦੀ ਹੁਕਮ ਅਦੂਲੀ।ਬਲਕਿ ਕਰਤਾਰ ਦੇ ਹੁਕਮ ਨੂੰ ਸਮਝ ਜੀਉਂਦੇ ਰਹਿਣਾ ਹੈ।ਵਿਗਿਆਨ ਨੇ ਅੱਜ ਤੱਕ ਬੀਮਾਰੀਆਂ ਦੇ ਇਲਾਜ਼ ਲਈ ਜੋ ਵੀ ਦਵਾ ਦਾਰੂ ਬਣਾਈ ਹੇ ਉਹ ਕਰਤੇ ਦੇ ਹੁਕਮ ਨੂੰ ਸਮਝ ਕਿ ਹੀ ਬਣਾਈ ਹੈ।ਵਿਗਿਆਨ ਇਹ ਖੋਜ਼ ਕਰਦਾ ਹੈ ਕਿ ਰੋਗਾਣੂ ਕਿਵੇਂ ਪੈਦਾ ਹੁੰਦੇ ਨੇ, ਕਿਵੇਂ ਵਧਦੇ ਫੁਲਦੇ ਨੇ ਅਤੇ ਕਿਹੜੀ ਚੀਜ਼ ਇਨ੍ਹਾਂ ਨੂੰ ਪੈਦਾ ਹੋ ਵਧਣ ਫੁਲਣ ਤੋਂ ਰੋਕ ਸਕਦੀ ਹੈ।ਇਹ ਗਿਆਨ ਹਾਸਲ ਹੋਣ ਤੋਂ ਬਾਅਦ ਬੀਮਾਰੀ ਦੀ ਰੋਕਥਾਮ ਲਈ ਕੋਈ ਟੀਕਾ ਜਾਂ ਲੋਦਾ ਤਿਆਰ ਕੀਤਾ ਜਾਂਦਾ ਹੈ।ਗੁਰਬਾਣੀ ਵੀ ਸਾਨੂੰ ਅਜਿਹਾ ਕਰਨ ਲਈ ਹੀ ਪ੍ਰੇਰਦੀ ਹੈ।ਗੁਰੂ ਸਾਹਿਬ ਅੱਜ ਦੇ ਸਮੇਂ ਮੁਤਾਬਿਕ ਵਿਗਿਆਨੀ ਨਹੀਂ ਸਨ ਪਰ ਉਹਨਾਂ ਹਮੇਸ਼ਾਂ ਬਿਬੇਕੀ ਬਣਨ ਤੇ ਜੋਰ ਦਿੱਤਾ।ਵਿਗਿਆਨ ਵੀ ਬਿਬੇਕ ਦੇ ਸਹਾਰੇ ਚਲਦਾ ਹੈ।ਇਸੇ ਕਰਕੇ ਗੁਰੂ ਸਾਹਿਬ ਅਤੇ ਵਿਗਿਆਨ ਇੱਕੋ ਨਤੀਜ਼ੇ ਤੇ ਪਹੁੰਚੇ ਨੇ। 07/11/2020
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ