ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ

ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਹਿਲਾਦ ਭਗਤ ਨੂੰ ਸਿਮਰਣ ਦੇ ਰੋਲ ਮਾਡਲ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।ਗੁਰ ਵਾਕ ਹੈ।“ਰਾਮ ਜਪਉ ਜੀਅ ਅੇਸੇ ਅੇਸੇ॥ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥” (ਪੰਨਾ 337) ਪਰ ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪ੍ਰਹਿਲਾਦ ਵਾਰੇ ਪ੍ਰਚਲਤ ਸਾਖੀਆਂ ਦਾ ਵੀ ਜ਼ਿਕਰ ਹੈ ਜੋ ਗੁਰਬਾਣੀ ਦੇ ਮੂਲ ਸਿਧਾਂਤਾਂ ਦਾ ਖੰਡਨ ਕਰਦੀਆਂ ਜਾਪਦੀਆਂ ਹਨ।ਇਹ ਸਾਖੀਆਂ ਕਈ ਗੈਰ ਕੁਦਰਤੀ ਗੱਲਾਂ ਨਾਲ ਭਰਪੂਰ ਨੇ ਜੋ ਬੇਧਿਆਨੇ ਪਾਠਕ ਨੂੰ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨ।ਉਹ ਸੋਚਦਾ ਹੈ ਕਿ ਉਹ ਕਿਸ ਤੇ ਯਕੀਨ ਕਰੇ।ਪਾਠਕ ਇਕ ਦੋਰਾਹੇ ਤੇ ਆ ਖਲੋਂਦਾ ਹੈ।ਕੀ ਸੱਚ ਹੈ ਕੀ ਨਹੀਂ।ਮਸਲਨ ਇੱਕ ਪਾਸੇ ਸਾਖੀ ਵਿੱਚ ਰੱਬ ਦਾ ਨਰਸਿੰਘ ਅਵਤਾਰ ਧਾਰ ਪ੍ਰਗਟ ਹੋਣਾ।ਅਤੇ ਦੂਜੇ ਪਾਸੇ ਗੁਰਬਾਣੀ ਨ ਤਾਂ ਅਵਤਾਰਵਾਦ ਨੂੰ ਮੰਨਦੀ ਹੈ ਅਤੇ ਨਾ ਹੀ ਕਿਸੇ ਐਸੇ ਜੀਵ ਨੂੰ ਜੋ ਅੱਧਾ ਆਦਮੀ ਅਤੇ ਅੱਧਾ ਸ਼ੇਰ ਹੋਵੇ।ਇਸ ਲੇਖ ਵਿੱਚ ਇਸ ਵਿਰੋਧਾਭਾਸ ਦੀ ਗੁੰਝਲ ਨੂੰ ਸੁਲਝਾਉਣ ਦਾ ਯਤਨ ਕੀਤਾ ਗਿਆ ਹੈ।

ਪ੍ਰਹਿਲਾਦ ਕੌਣ ਸੀ

ਭਗਤ ਪ੍ਰਹਿਲਾਦ ਵਾਰੇ ਅੇਸਾ ਕੋਈ ਵੀ ਦਸਤਵੇਜ਼ ਉਪਲਭਦ ਨਹੀਂ ਹੈ ਜਿਸ ਤੋਂ ਸਟੀਕ ਇਤਿਹਾਸਿਕ ਜਾਣਕਾਰੀ ਹਾਸਲ ਹੋ ਸਕੇ।ਜੋ ਵੀ ਜਾਣਕਾਰੀ ਹੈ ਉਸਨੂੰ ਮਿਥਿਹਾਸਿਕ ਹੀ ਕਿਹਾ ਜਾ ਸਕਦਾ ਹੈ।ਪ੍ਰਚਲਤ ਸਾਖੀਆਂ ਅਨੁਸਾਰ ਹਿਰਨਾਕਸ਼ੁ ਅਤੇ ਹਿਰਨਕਸਪੁ ਦੋ ਜੌੜੇ ਦੈਂਤ ਭਰਾ ਹੋਏ ਸਨ।ਇਨ੍ਹਾਂ ਦੋਨਾਂ ਦੀ ਮੌਤ ਵੀ ਵਿਸ਼ਨੂੰ ਦੇ ਹੱਥੋਂ ਹੀ ਹੋਈ ਦੱਸੀ ਜਾਂਦੀ ਹੈ।ਹਿਰਨਾਕਸੁ ਧਰਤੀ ਨੂੰ ਸਮੁੰਦਰ ਥੱਲੇ ਡੂੰਘੇ ਪਾਣੀ ਵਿੱਚ ਲੈ ਗਿਆ ਜਿਸ ਕਰਕੇ ਵਿਸ਼ਨੂੰ ਨੇ ਇਸ ਨੂੰ ਵਰਾਹ ਦਾ ਅਵਤਾਰ ਧਾਰ ਮਾਰਿਆ।ਭਰਾ ਦੀ ਮੌਤ ਤੇ ਗੁੱਸੇ ਹੋ ਹਿਰਨਕਸੁਪ ਨੇ ਦੇਵਤਿਆਂ ਤੇ ਚੜਾਈ ਕਰ ਦਿੱਤੀ ਅਤੇ ਇੰਦ੍ਰ ਨੂੰ ਹਰਾ ਕੇ ਉਸ ਤੋਂ ਸਵਰਗ ਦਾ ਰਾਜ ਖੋ ਲਿਆ। ਪ੍ਰਹਿਲਾਦ ਹਿਰਨਕਸੁਪ ਦਾ ਬੇਟਾ ਸੀ।ਹਿਰਨਕਸੁਪ ਆਪਣੀ ਜਿੱਤ ਤੋਂ ਬਾਅਦ ਬਹੁਤ ਹੰਕਾਰ ਵਿੱਚ ਆ ਗਿਆ ਅਤੇ ਜਨਤਾ ਤੋਂ ਆਪਣੀ ਪੂਜਾ ਕਰਾਉਣ ਲਗ ਪਿਆ।ਆਪਣੇ ਆਪ ਨੂੰ ਰੱਬ ਸਮਝਣ ਅਤੇ ਪ੍ਰਚਾਰਨ ਲਗ ਪਿਆ।ਕਹਿੰਦੇ ਨੇ ਉਸ ਨੂੰ ਬ੍ਰਹਮਾ ਤੋਂ ਵਰਦਾਨ ਵੀ ਮਿਲਿਆ ਹੋਇਆ ਸੀ ਕਿ ਨ ਉਹ ਦਿਨ ਨੂੰ ਮਰੇਗਾ, ਨ ਰਾਤ ਨੂੰ।ਨਾ ਘਰ ਅੰਦਰ ਅਤੇ ਨਾ ਹੀ ਬਾਹਰ, ਨਾ ਹੀ ਉਸ ਨੂੰ ਮਾਰਨ ਵਾਲਾ ਇਨਸਾਨ ਹੋਏਗਾ ਅਤੇ ਨਾ ਹੀ ਕੋਈ ਜਾਨਵਰ, ਨ ਹੀ ਉਹ ਕਿਸੇ ਸ਼ਸਤਰ ਨਾਲ ਮਰੇਗਾ।ਕਹਿਣ ਦਾ ਮਤਲਬ ਉਸ ਦੀ ਮੌਤ ਨਾ ਮੁਮਕਿਨ ਸੀ।ਭਾਣਾ ਰੱਬ ਦਾ ਉਸ ਦੇ ਆਪਣੇ ਪੁੱਤਰ ਨੇ ਹੀ ਉਸ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਉਹ ਬਹੁਤ ਹੀ ਗੁੱਸੇ ਹੋਇਆ।ਪਹਿਲਾਂ ਪ੍ਰਹਿਲਾਦ ਦੀ ਮਾਂ ਰਾਹੀ ਉਸ ਨੂੰ ਸਮਝਾਇਆ।ਫਿਰ ਉਸ ਨੂੰ ਡਰਾਵੇ ਦਿੱਤੇ ਗਏ।ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।ਸੱਪ ਦਾ ਡਰਾਵਾ ਦਿੱਤਾ ਗਿਆ।ਹੋਰ ਅਨੇਕਾਂ ਡਰਾਵੇ ਦਿੱਤੇ ਗਏ ਪਰ ਬਾਲਕ ਪ੍ਰਹਿਲਾਦ ਨ ਡਰਿਆ, ਅਡੋਲ ਰਿਹਾ।ਆਪਣੇ ਸਿਰੜ ਤੇ ਕਾਇਮ ਰਿਹਾ ਅਤੇ ਬੁਲੰਦ ਅਵਾਜ਼ ਵਿੱਚ ਕਿਹਾ ਕਿ ਉਹ ਕਿਸੇ ਦੁਬਿਧਾ ਵਿੱਚ ਨਹੀਂ ਹੈ ਅਤੇ ਉਹ ਸਿਰਫ ਅਕਾਲ ਪੁਰਖ ਨੂੰ ਹੀ ਸਿਮਰੇਗਾ। ਸਮੱਸਿਆ ਹੋਰ ਵੀ ਗੰਭੀਰ ਹੋ ਗਈ ਜਦ ਉਸ ਦੇ ਨਾਲ ਉਸ ਦੇ ਸਹਿਪਾਠੀ ਵੀ ਅਕਾਲ ਪੁਰਖ ਦੀ ਪੂਜਾ ਵੱਲ ਪ੍ਰੇਰਤ ਹੋਣ ਲਗ ਪਏ।ਆਖਰਕਾਰ ਪ੍ਰਹਿਲਾਦ ਦੇ ਪਿਤਾ ਦਾ ਸਬਰ ਖਤਮ ਹੋ ਗਿਆ ਅਤੇ ਉਸ ਨੂੰ ਵੰਗਾਰ ਕੇ ਕਿਹਾ ਕਿ ਉਹ ਆਪਣੇ ਰੱਬ ਨੂੰ ਕਹੇ ਕਿ ਉਹ ਤੈਨੂੰ ਉਸ ਦੇ ਹੱਥੋਂ ਹੁੰਦੀ ਤੇਰੀ ਮੌਤ ਤੋਂ ਬਚਾ ਲਏ।ਉਸ ਨੇ ਤਲਵਾਰ ਸੂਤ ਲਈ ਅਤੇ ਪ੍ਰਹਿਲਾਦ ਨੂੰ ਮਾਰਨ ਲਗਾ ਤਾਂ ਐਨ ਉਸ ਵਕਤ ਇੱਕ ਥੰਮ ਚੋਂ ਵਿਸ਼ਨੂੰ ਭਗਵਾਨ ਨਰਸਿੰਘ ਦਾ ਰੂਪ ਧਾਰ ਪ੍ਰਗਟ ਹੋ ਗਏ ਅਤੇ ਹਿਰਨਕਸੁਪ ਨੂੰ ਚੁੱਕ ਦਹਿਲੀਜ਼ ਤੇ ਬਹਿ ਗਏ (ਮਤਲਬ ਨ ਘਰ ਅੰਦਰ ਨ ਹੀ ਬਾਹਰ) ਅਤੇ ਜਦੋਂ ਸੂਰਜ ਐਨ ਡੂਬਣ ਲੱਗਾ (ਮਤਲਬ ਨ ਦਿਨ ਸੀ ਨਾ ਰਾਤ) ਤਾਂ ਨਰਸਿੰਘ ( ਜੋ ਨ ਇਨਸਾਨ ਸੀ ਨ ਹੀ ਜਾਨਵਰ) ਨੇ ਉਸ ਨੂੰ ਆਪਣੀ ਗੋਦ ਵਿੱਚ ਬਿਠਾ ਆਪਣੀਆਂ ਨਹੁੰਦਰਾਂ ਨਾਲ (ਮਤਲਬ ਕੋਈ ਹਥਿਆਰ ਨਹੀਂ ਵਰਤਿਆ) ਮਾਰ ਦਿੱਤਾ।ਇਸ ਤੋਂ ਬਾਅਦ ਪ੍ਰਹਿਲਾਦ ਨੂੰ ਉਸ ਦੀ ਗੱਦੀ ਤੇ ਬਿਠਾ ਦਿੱਤਾ।

ਇੱਕ ਹੋਰ ਕਹਾਣੀ ਅਨੁਸਾਰ ਇਕ ਲੋਹੇ ਦੇ ਥੰਮ ਨੂੰ ਗਰਮ ਕਰ ਲਾਲ ਕਰ ਦਿੱਤਾ ਗਿਆ ਅਤੇ ਪ੍ਰਹਿਲਾਦ ਨੂੰ ਕਿਹਾ ਗਿਆ ਕਿ ਅਗਰ ਉਸ ਨੂੰ ਆਪਣੇ ਰੱਬ ਤੇ ਭਰੋਸਾ ਹੈ ਕਿ ਉਹ ਉਸ ਦੀ ਰੱਖਵਾਲੀ ਕਰੇਗਾ ਤਾਂ ਉਹ ਉਸ ਗਰਮ ਥੰਮ ਨੂੰ ਜੱਫੀ ਪਾ ਕੇ ਦਿਖਾਵੇ। ਪ੍ਰਹਿਲਾਦ ਨੇ ਉਸ ਥੰਮ ਵਲ ਵੇਖਿਆ ਤਾਂ ਇੱਕ ਕੀੜੀ ਉਸ ਤੇ ਤੁਰੀ ਜਾਂਦੀ ਦੇਖੀ ਤੇ ਉਸ ਨੇ ਫਟ ਦੇਣੀ ਥੰਮ ਨੂੰ ਜੱਫੀ ਪਾ ਲਈ।ਕਿਹਾ ਜਾਂਦਾ ਹੈ ਕਿ ਉਹ ਕੀੜੀ ਭਗਵਾਨ ਵਿਸ਼ਨੂੰ ਸੀ ਜੋ ਪ੍ਰਹਿਲਾਦ ਨੂੰ ਦੱਸਣ ਆਈ ਸੀ ਕਿ ਜੱਫੀ ਪਾ ਲਵੇ ਉਸ ਨੂੰ ਕੁਝ ਨਹੀਂ ਹੋਏਗਾ।

ਇੱਕ ਹੋਰ ਕਹਾਣੀ ਇਹ ਵੀ ਹੈ ਕਿ ਹੋਲਕਾ ਜੋ ਪ੍ਰਹਲਾਦ ਦੀ ਭੂਆ ਲਗਦੀ ਸੀ ਉਸ ਨੂੰ ਵਰਦਾਨ ਵਿੱਚ ਇੱਕ ਚਾਦਰ ਮਿਲੀ ਹੋਈ ਸੀ ਜਿਸ ਨੂੰ ਅਗਰ ਉਹ ਪਹਿਨਦੀ ਸੀ ਤਾਂ ਉਸ ਤੇ ਅੱਗ ਦਾ ਕੋਈ ਅਸਰ ਨਹੀਂ ਸੀ ਹੁੰਦਾ।ਹਿਰਨਕਸੁਪ ਨੇ ਆਪਣੀ ਭੇਣ ਨੂੰ ਕਿਹਾ ਕਿ ਤੂੰ ਚਾਦਰ ਲੈ ਕੇ ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਬਲਦੀ ਅੱਗ ਤੇ ਬਹਿ ਜਾ।ਮਕਸਦ ਇਹ ਸੀ ਕਿ ਹੋਲਕਾ ਤਾਂ ਚਾਦਰ ਦੀ ਵਜਾਹ ਨਾਲ ਬਚ ਜਾਏਗੀ ਪਰ ਪ੍ਰਹਿਲਾਦ ਸੜ ਕੇ ਮਰ ਜਾਏਗਾ।ਹੋਲਕਾ ਨੇ ਇਸ ਤਰ੍ਹਾਂ ਹੀ ਕੀਤਾ ਪਰ ਕੁਦਰਤ ਐਸੀ ਵਰਤੀ ਕਿ ਇੱਕ ਹਨੇਰੀ ਆਈ ਜਿਸ ਨਾਲ ਚਾਦਰ ਨੇ ਹੋਲਕਾ ਤੋਂ ਉੜ ਕੇ ਪ੍ਰਹਿਲਾਦ ਨੂੰ ਢੱਕ ਲਿਆ।ਹੋਲਕਾ ਸੜ ਕੇ ਮਰ ਗਈ।ਪ੍ਰਹਿਲਾਦ ਬਚ ਗਿਆ।ਕਹਾਣੀ ਅਨੁਸਾਰ ਅਜਿਹਾ ਪ੍ਰਹਿਲਾਦ ਵਲੋਂ ਵਿਸ਼ਨੂੰ ਨੂੰ ਯਾਦ ਕਰਨ ਕਰਕੇ ਹੋਇਆ।ਕਿਹਾ ਜਾਂਦਾ ਹੈ ਹੋਲੀ ਦਾ ਤਿਉਹਾਰ ਵੀ ਹੋਲਕਾ ਨਾਲ ਹੀ ਜੁੜਿਆ ਹੋਇਆਂ ਹੈ।

ਹਿੰਦੂ ਮਿਥਿਹਾਸ ਕੋਸ਼ ਅਨੁਸਾਰ ਪਦਮ ਪੁਰਾਣ ਵਿੱਚ ਇਹ ਲਿਖਿਆ ਹੈ ਕਿ ਪਹਿਲੇ ਜਨਮ ਵਿੱਚ ਪ੍ਰਹਲਾਦ ਇੱਕ ਬ੍ਰਾਹਮਣ ਸੀ।ਇਸ ਦਾ ਨਾ ਸੋਮਸ਼ਰਮਨ ਸੀ ਜੋ ਸ਼ਿਵਸਰਮਨ ਦਾ ਪੰਜਵਾਂ ਪੁੱਤਰ ਸੀ। ਇਸਦੇ ਚਾਰੇ ਭਰਾ ਮਰਕੇ ਵਿਸ਼ਨੂੰ ਵਿੱਚ ਲੀਨ ਹੋ ਗਏ।ਇਸ ਨੇ ਵੀ ਇਸ ਇੱਛਾ ਪੂਰਤੀ ਲਈ ਬਹੁਤ ਭਗਤੀ ਕੀਤੀ ਪਰ ਤਪੱਸਿਆ ਕਰਦਾ ਹੋਇਆ ਦੈਂਤਾਂ ਕੋਲੋਂ ਡਰ ਗਿਆ।ਇਸ ਕਾਰਨ ਇਸ ਨੂੰ ਦੈਂਤ ਦੇ ਘਰ ਜਨਮ ਲੈਣਾ ਪਿਆ।ਪਹਿਲੇ ਜਨਮ ਵਿੱਚ ਇਸ ਨੇ ਦੇਵਤਿਆਂ ਅਤੇ ਦੈਂਤਾ ਦੀ ਲੜਾਈ ਵਿੱਚ ਹਿੱਸਾ ਲਿਆ ਅਤੇ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਨਾਲ ਮਾਰਿਆ ਗਿਆ।ਉਸ ਤੋਂ ਬਾਅਦ ਫਿਰ ਇਸ ਦਾ ਪ੍ਰਹਿਲਾਦ ਦੇ ਰੂਪ ਵਿੱਚ ਹਿਰਨਕਸੁਪ ਦੇ ਘਰ ਜਨਮ ਹੋਇਆ।

ਪ੍ਰਹਿਲਾਦ ਦੇ ਨਾਂ ਤੇ ਇੱਕ ਮੰਦਰ ਵੀ ਹੈ ਜੋ ਮੁਲਤਾਨ ਪਾਕਿਸਤਾਨ ਵਿੱਚ ਦੱਸਿਆ ਜਾਂਦਾ ਹੈ।ਇਹ ਹੁਣ ਵੀ ਹੈ ਜਾਂ ਨਹੀਂ ਇਸ ਵਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।ਪਰ ਇਸ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਸ ਸਵਰਗ ਨੂੰ ਪ੍ਰੁਹਲਾਦ ਦੇ ਬਾਪ ਨੇ ਇੰਦ੍ਰ ਤੋ ਖੋਹਿਆ ਸੀ ਉਹ ਹੋਰ ਕੋਈ ਨਹੀ ਬਲਕਿ ਪੰਜਾਬ ਹੀ ਸੀ।

ਸਾਖੀ ਦਾ ਮੁਲਾਂਕਣ

ਇਸ ਸਾਖੀ ਵਿੱਚੋਂ ਕੁਝ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।

  • ਇਸ ਮਿਥਿਹਾਸਿਕ ਸਾਖੀ ਵਿੱਚ ਬੇਅੰਤ ਗੈਰ ਕੁਦਰਤੀ ਗੱਲਾਂ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਇਹ ਬਿਪਰ ਦੀ ਕਾਢ ਹੈ।
  • ਆਮ ਤੌਰ ਤੇ ਇਹ ਹੀ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਪ੍ਰਹਿਲਾਦ ਹਰਨਾਖਸ਼ ਦਾ ਪੂਤਰ ਸੀ ਪਰ ਹਿੰਦੂ ਮਿੀਥਹਾਸ ਕੋਸ਼ ਅਤੇ ਮਹਾਨ ਕੋਸ਼ ਅਨੁਸਾਰ ਉਹ ਉਸ ਦਾ ਭਤੀਜਾ ਸੀ।
  • ਇਸ ਸਾਖੀ ਵਿੱਚ ਵੀ ਪ੍ਰਹਿਲਾਦ ਨੂੰ ਪਿਛਲੇ ਜਨਮ ਵਿੱਚ ਬ੍ਰਾਹਮਣ ਦਾ ਪੁੱਤਰ ਦੱਸਿਆ ਗਿਆ ਹੈ।ਇਸ ਤਰ੍ਹਾਂ ਕਰਕੇ ਬਿਪਰ ਕਿਸੇ ਦੂਸਰੀ ਜਾਤ ਕੁਲ ਵਿੱਚ ਪੈਦਾ ਹੋਏ ਚੰਗੇ ਬੰਦੇ ਤੇ ਵੀ ਆਪਣਾ ਹੱਕ ਜਮਾਂ ਲੈਂਦਾ ਹੈ ਅਤੇ ਨਾਲ ਹੀ ੳਸ ਨੂੰ ਕਿਸੇ ਗਲਤੀ ਦੀ ਸਜਾ ਦੇ ਛੋਟੀ ਜਾਤ ਵਿੱਚ ਜਨਮ ਦਵਾ ਆਪਣੀ ਜਾਤ ਨੂੰ ਸਰਬਉਚ ਘੋਸ਼ਿਤ ਕਰਨ ਵਿੱਚ ਸਫਲ ਹੋ ਜਾਂਦਾ ਹੈ।ਯਾਦ ਰਹੇ ਇਹੀ ਤਰੀਕਾ ਕਬੀਰ ਸਾਹਿਬ ਅਤੇ ਰਵਿਦਾਸ ਸਾਹਿਬ ਨਾਲ ਵੀ ਵਰਤਿਆ ਗਿਆ ਹੈ।
  • ਸਾਖੀ ਵਿੱਚ ਕਿਹਾ ਗਿਆ ਹੈ ਕਿ ਜਦੋਂ ਹਿਰਨਕਸੁਪ ਖੜਗ ਉਠਾ ਗੁੱਸੇ ਵਿੱਚ ਲਾਲ ਪੀਲਾ ਹੋ ਪ੍ਰਹਿਲਾਦ ਵਲ ਵਧਿਆ ਤਾ ਵਿਸ਼ਨੂੰ ਨੇ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਹੋ ਉਸ ਨੂੰ ਮਾਰ ਦਿੱਤਾ।ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਉਸ ਵੇਲੇ ਕੋਈ ਦਿਲ ਦਾ ਦੌਰਾ ਪਿਆ ਹੋਵੇ ਅਤੇ ਦਿਲ ਦਾ ਦੌਰਾ ਪੈਣ ਤੇ ਲੜਖੜਾ ਕੇ ਉਹ ਥੰਮ ਦਾ ਸਹਾਰਾ ਲੈ ਬੈਠ ਦਰਦ ਨਾਲ ਕਰਲਾਉਂਦਾ ਮਰ ਗਿਆ ਹੋਵੇ।ਇਸ ਘਟਨਾ ਤੋਂ ਬਾਅਦ ਹੋਲ਼ੀ ਹੋਲੀ ਇਹ ਕਹਾਣੀ ਬਣ ਗਈ ਹੋਵੇ।
  • ਇਸ ਸਾਖੀ ਵਿੱਚ ਜੋ ਗਰਮ ਲੋਹੇ ਤੇ ਤੁਰਦੀ ਕੀੜ੍ਹੀ ਦਾ ਜ਼ਿਕਰ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਉਂਦਾ।ਨ ਹੀ ਹੋਲਕਾ ਵਾਲੀ ਕਹਾਣੀ ਦਾ ਕੋਈ ਜ਼ਿਕਰ ਹੈ।ਹੋ ਸਕਦਾ ਹੈ ਇਹ ਕਿੱਸੇ ਇਸ ਸਾਖੀ ਵਿੱਚ ਗੁਰੂ ਕਾਲ ਤੋਂ ਬਾਅਦ ਜੋੜੇ ਗਏ ਹੋਣ।

ਇਸ ਦੇ ਨਾਲ ਹੀ ਇਹ ਸਾਖੀ ਗੁਰਮਤਿ ਦੇ ਬਿਲਕੁਲ ਉਲਟ ਜਾਂਦੀ ਹੈ।ਮਸਲਨ

  • ਇਹ ਸਾਖੀ ਅਵਤਾਰਵਾਦ ਨੂੰ ਮਾਨਤਾ ਦਿੰਦੀ ਹੈ।
  • ਇਸ ਸਾਖੀ ਗੈਰ ਕੁਦਰਤੀ ਵਰਤਾਰੇ ਨੂੰ ਮਾਨਤਾ ਦਿੰਦੀ ਹੈ।

ਇਸ ਸਾਖੀ ਤੋਂ ਅਗਰ ਮਿਥਿਹਾਸ ਦੀ ਮਿੱਟੀ ਝਾੜ ਦੇਈਏ ਤਾਂ ਇਹ ਬੜੀ ਇਨਕਲਾਬੀ ਦਾਸਤਾਨ ਬਣ ਜਾਂਦੀ ਹੈ।ਇੱਕ ਬਾਲ ਜੋ ਬਹੁਤ ਹੀ ਜ਼ਹੀਨ ਹੈ ਸੱਚ ਤੇ ਰਾਹ ਤੇ ਤੁਰਦਾ ਆਪਣੇ ਪਿਉ ਨਾਲ ਵੀ ਬਗਾਵਤ ਕਰ ਦਿੰਦਾ ਹੈ।ਗੁਰ ਨਾਨਕ ਸਾਹਿਬ ਨੇ ਵੀ ਇਹੀ ਕੀਤਾ ਸੀ।ਇਹੋ ਜੇਹੀਆਂ ਦਾਸਤਾਨਾਂ ਸਾਰੀ ਦੁਨੀਆਂ ਵਿੱਚ ਹੀ ਮਿਲਦੀਆਂ ਹਨ।ਅੱਜ ਵੀ ਹੈਨ, ਕੱਲ ਨੂੰ ਵੀ ਹੋਣਗੀਆਂ।

ਇੱਕ ਹੋਰ ਪੱਖ

ਇਸ ਤੋਂ ਪਹਿਲਾਂ ਕਿ ਗੁਰਬਾਣੀ ਵਿੱਚ ਇਸ ਸਾਖੀ ਦੀ ਵਰਤੋਂ ਵੱਲ ਆਈਏ ਸਾਨੂੰ ਇੱਕ ਹੋਰ ਪੱੱਖ ਵੀ ਵਿਚਾਰਣਾ ਚਾਹੀਦਾ ਹੈ।ਇਸ ਸਾਖੀ ਅਤੇ ਹੋਰ ਅਨੇਕਾਂ ਸਾਖੀਆਂ ਨੂੰ ਸਮਝਣ ਵਿੱਚ ਇਹ ਪੱਖ ਕਾਫੀ ਸਹਾਈ ਹੁੰਦਾ ਹੈ।ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਜਿਹਨਾਂ ਨੂੰ ਬਿਪਰ ਅਕਸਰ ਆਪਣੀਆਂ ਸਾਖੀਆਂ ਵਿੱਚ ਦੈਂਤ ਜਾਂ ਅਸੁਰ ਬਣਾ ਕੇ ਪੇਸ਼ ਕਰਦਾ ਹੈ ਉਹ ਦਰਅਸਲ ਭਾਰਤ ਦੇ ਮੂਲ ਵਸ਼ਿੰਦੇ ਸਨ ਜਿਨ੍ਹਾਂ ਨੂੰ ਬਾਹਰੋਂ ਆਏ ਆਰੀਅਨ ਧਾੜਵੀਆਂ ਨੇ ਹਰਾ ਕਿ ਆਪਣਾ ਗੁਲਾਮ ਬਣਾ ਲਿਆ ਜਾਂ ਦੱਖਣ ਵੱਲ ਧਕੇਲ ਦਿੱਤਾ।ਜਾਹਰ ਹੈ ਇਹ ਜਿੱਤ ਕੋਈ ਅਸਾਨੀ ਨਾਲ ਤਾਂ ਨਹੀਂ ਹੋਈ ਹੋਵੇਗੀ ਬੇਅੰਤ ਉਤਰਾਅ ਚੜਾਅ ਆਏ ਹੋਣਗੇ।ਕਦੇ ਕਿਸੇ ਦੀ ਜਿੱਤ ਕਦੇ ਕਿਸੇ ਦੀ ਹਾਰ।ਇੰਦ੍ਰ ਦਾ ਕਈ ਵਾਰ ਸਵਰਗ ਦਾ ਰਾਜ ਖੋ ਦੇਣਾ।ਫਿਰ ਵਿਸ਼ਨੂੰ ਦੀ ਮਦਦ ਨਾਲ ਦੁਵਾਰਾ ਹਾਸਲ ਕਰਨਾ।ਇਹ ਅੱਜ ਕੱਲ ਵੀ ਤਾਂ ਸਾਡੇ ਸਾਹਮਣੇ ਹੀ ਹੋ ਰਿਹਾ ਹੈ।ਰਾਜ ਪਲਟੇ ਹੁੰਦੇ ਨੇ।ਬਗਾਵਤ ਹੁੰਦੀ ਹੈ।ਕਿਸੇ ਦੀ ਪਿੱਠ ਤੇ ਅਮਰੀਕਾ ਹੁੰਦਾ ਹੈ ਅਤੇ ਕਿਸੇ ਦੀ ਪਿੱਠ ਤੇ ਰੂਸ।ਜਿਵੇਂ ਅੱਜ ਕਲ ਹੋ ਰਿਹਾ ਹੈ ਇਸ ਜੰਗੀ ਜਦੋਜਹਿਦ ਵਿੱਚ ਹਰ ਤਰ੍ਹਾਂ ਦੇ ਜ਼ਾਇਜ਼ ਨਜ਼ਾਇਜ਼ ਤਰੀਕੇ ਵੀ ਅਪਣਾਏ ਗਏ ਹੋਣਗੇ।ਜਸੂਸੀ, ਧਨ, ਨਸ਼ੇ ਤੋਂ ਇਲਾਵਾ ਕਾਮ ਦਾ ਹਥਿਆਰ ਵੀ ਖੁੱਲ ਕੇ ਵਰਤਿਆ ਗਿਆ ਹੋਏਗਾ।ਕਈ ਉਲਟੇ ਸਿੱਧੇ ਸਮਝੋਤੇ ਵੀ ਹੋਏ ਹੋਣਗੇ।ਇਹ ਗੱਲਾਂ ਅਜੇ ਵੀ ਅੱਜ ਦੀ ਸਿਆਸਤ ਵਿੱਚ ਜ਼ਾਰੀ ਨੇ।ਅਗਰ ਸਿੱਧੀ ਉਂਗਲ ਨਾਲ ਘਿਉ ਨਾ ਨਿਕਲੇ ਤਾਂ ਸਿਆਸਤਦਾਨ ਉਂਗਲ ਟੇਢੀ ਕਰਨ ਵਿੱਚ ਜ਼ਰਾ ਜਿੰਨੀ ਵੀ ਦੇਰ ਨਹੀਂ ਕਰਦਾ।ਜਿਹਨਾਂ ਨੂੰ ਦੇਵਤੇ ਕਿਹਾ ਜਾਂਦਾ ਹੈ ਉਹ ਦਰਅਸਲ ਆਰੀਅਨ ਲੋਕ ਸਨ ਅਤੇ ਜੋ ਦੈਂਤ ਕਹਿ ਕੇ ਦੁਰਕਾਰੇ ਗਏ ਨੇ ਉਹ ਇੱਥੋਂ ਦੇ ਮੂਲ ਵਾਸੀ ਜਾਣੀ ਅਨਾਰੀਆ ਲੋਕ ਸਨ।ਬਿਨਾ ਸ਼ੱਕ ਹਿਰਨਕਸਪੁ ਕਾਫੀ ਬਹਾਦਰ ਸੀ ਤੇ ਉਸ ਨੇ ਇੰਦਰ ਨੂੰ ਹਰਾ ਦਿੱਤਾ ਸੀ।ਧਿਆਨ ਗੋਚਰੇ ਗੱਲ ਇਹ ਹੈ ਕਿ ਫਿਰ ਵੀ ਉਸ ਦੇ ਰਾਜ ਵਿੱਚ ਬਿਪਰ ਦੀ ਵਿੱਦਿਆ (ਗਾਇਤ੍ਰੀ ਤਪਰਣ ਆਦਿ) ਨੂੰ ਹੀ ਮਾਨਤਾ ਸੀ।ਬਿਪਰ ਨੇ ਚਲਾਕੀ ਨਾਲ ਉਸ ਤੋਂ ਇਸ ਨੂੰ ਉਸਦੀ ਆਪਣੀ ਪੂਜਾ ਦੱਸ ਕੇ ਇਸ ਦੀ ਮਾਨਤਾ ਲੈ ਲਈ ਹੋਵੇਗੀ।ਯਾਦ ਰਹੇ ਸ਼ਖਸ਼ੀ ਰੱਬ ਜਾਂ ਜਾਤੀ ਰੱਬ ਬਿਪਰ ਦੇ ਫਲਸਫੇ ਨੂੰ ਬਹੁਤ ਸੂਤ ਬੈਠਦਾ ਹੈ।ਇਹ ਵੀ ਸੱਚ ਹੈ ਕਿ ਜਿਸਦੀ ਵਿਦਿਆ ਕਾਬਜ ਹੈ ਉਸੇ ਦਾ ਰਾਜ ਵੀ ਹੋਏਗਾ।ਹੁਣ ਜਦੋਂ ਉਸ ਦੇ ਪੁੱਤਰ ਨੇ ਬਿਬੇਕ ਬੱੁਧ ਵਰਤਦਿਆਂ ਇਸ ਵਿਦਿਆ ਤੋਂ ਮੰੁ੍ਹਹ ਮੋੜ ਲਿਆ ਤਾਂ ਉਸ ਦੇ ਹੱਥੋਂ ਪਹਿਲਾਂ ਪ੍ਰਹਿਲਾਦ ਨੂੰ ਮਰਵਾਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਹੋਣ ਤੇ ਉਸ ਨੂੰ ਹੀ ਮਰਵਾ ਦਿੱਤਾ।ਦੋਨਾਂ ਸੂਰਤਾਂ ਵਿੱਚ ਜਿੱਤ ਬਿਪਰ ਦੀ ਹੀ ਹੋਣੀ ਸੀ।ਕਿਉਂਕਿ ਸਾਡੇ ਕੋਲ ਕੋਈ ਵੀ ਇਤਿਹਾਸਿਕ ਦਸਤਾਵੇਜ਼ ਨਹੀਂ ਹੈ ਜਿਥੋਂ ਕਿਸੇ ਵੀ ਗੱਲ ਦੀ ਪੁਸ਼ਟੀ ਹੋ ਸਕੇ ਪਰ ਲਗਦਾ ਇਹ ਹੀ ਹੈ ਕਿ ਇਸ ਸਭ ਬਿਪਰ ਦੀ ਸਿਆਸੀ ਖੇਡ ਸੀ।ਇਹ ਸਭ ਅੱਜ ਵੀ ਸਿਆਸਤ ਵਿੱਚ ਹੋ ਰਿਹਾ ਹੈ।ਆਉਣ ਵਾਲੇ ਸਮੇ ਵਿੱਚ ਵੀ ਹੁੰਦਾ ਰਹੇਗਾ।ਇਹ ਲਿਵ ਅਤੇ ਧਾਤ ਦੀ ਲੜਾਈ ਹੈ।ਇਹ ਹਰ ਇਨਸਾਨ ਦੇ ਅੰਦਰ ਵੀ ਹੋ ਰਹੀ ਹੈ ਅਤੇ ਬਾਹਰ ਦੁਨੀਆਂ ਵਿੱਚ ਵੀ ਹੋ ਰਹੀ ਹੈ।ਇਹ ਨ ਕਦੇ ਖਤਮ ਹੋਈ ਹੈ ਅਤੇ ਨ ਹੀ ਹੋਣੀ ਹੈ।

ਗੁਰਬਾਣੀ ਅਤੇ ਇਹ ਸਾਖੀ

ਗੁਰਬਾਣੀ ਵਿੱਚ ਪ੍ਰਹਿਲਾਦ ਅਤੇ ਉਸ ਦੇ ਪਿਤਾ ਦਾ ਕਈ ਜਗ੍ਹਾ ਤੇ ਜ਼ਿਕਰ ਹੋਣ ਤੋਂ ਇਲਾਵਾ ਚਾਰ ਅਜਿਹੇ ਸ਼ਬਦ ਨੇ ਜਿਨ੍ਹਾਂ ਵਿੱਚ ਇਹ ਸਾਖੀ ਪੂਰੇ ਰੂਪ ਵਿੱਚ ਬਿਆਨ ਕੀਤੀ ਗਈ ਹੈ।ਤਿੰਨ ਸ਼ਬਦ ਗੁਰ ਅਮਰ ਦਾਸ ਦੇ ਹਨ ਅਤੇ ਇਕ ਭਗਤ ਨਾਮ ਦੇਵ ਜੀ ਦਾ।ਇਹ ਸਾਰੇ ਸ਼ਬਦਾਂ ਦਾ ਪੂਰਾ ਪਾਠ ਹੇਠ ਦਿੱਤੇ ਅਨੁਸਾਰ ਹੈ।

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ॥ਦੂਜੈ ਭਾਇ ਫਾਥੇ ਜਮ ਜਾਲਾ।ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ॥ਹਰਿ ਸੁਖਦਾਤਾ ਮੇਰੈ ਨਾਲਾ॥1॥ਗੁਰ ਉਪਦੇਸ਼ਿ ਪ੍ਰਹਿਲਾਦ ਹਰਿ ਉਚਰੈ॥ਸਾਸਨ ਤੇ ਬਾਲਕੁ ਗਮੁ ਨ ਕਰੈ॥ਰਹਾਉ॥ਮਾਤਾ ਉਪਦੇਸੈ ਪ੍ਰਹਿਲਾਦ ਪਿਆਰੈ॥ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ॥ਪ੍ਰਹਿਲਾਦ ਕਹੈ ਸੁਨਹੁ ਮੇਰੀ ਮਾਇ॥ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥2॥ਸੰਡਾ ਮਰਕਾ ਸਭਿ ਜਾਇ ਪੁਕਾਰੈ॥ਪ੍ਰਹਿਲਾਦ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ॥ਦੁਸਟ ਸਭਾ ਮਹਿ ਮੰਤ੍ਰ ਪਕਾਇਆ॥ਪ੍ਰਹਿਲਾਦ ਕਾ ਰਾਖਾ ਹੋਇ ਰਘੁਰਾਇਆ॥3॥ਹਾਥਿ ਖੜਗੁ ਕਰਿ ਧਾਇਆ ਅਤਿ ਅੰਹਕਾਰਿ॥ਹਰਿ ਤੇਰਾ ਕਹਾ ਤੁਝੁ ਲਏ ਉਬਾਰਿ॥ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ ਉਪਾੜਿ॥ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦ ਲੀਆ ਉਬਾਰਿ॥4॥ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ॥ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ਗੁਰ ਕੈ ਸਬਦਿ ਹਉਮੈ ਬਿਖੁ ਮਾਰੇ॥ਨਾਨਕ ਰਾਮ ਨਾਮਿ ਨਿਸਤਾਰੇ॥5॥ਪੰਨਾ 1133

ਆਪੈ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ॥ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ॥1॥ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥ਦੈਤ ਪੁਤ੍ਰ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੁ ਨ ਜਾਣੈ ਸਬਦੇ ਮੇਲਿ ਮਿਲਾਇਆ॥ਰਹਾਉ॥ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਿਬਧਾ ਸਬਦੇ ਖੋਈ॥ਸਦਾ ਨਿਰਮਲ ਹੈ ਜੋ ਸਚਿ ਰਤੇ ਸਚੁ ਵਸਿਆ ਮਨਿ ਸੋਈ॥2॥ਮੂਰਖ ਦੁਬਿਧਾ ਪੜਹਿ ਮੂਲ਼ੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ॥ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ॥3॥ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ॥ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ॥4॥ਆਪਣੀ ਪੈਜ ਆਪੈ ਰਾਖੈ ਭਗਤਾਂ ਦੇਇ ਵਡਿਆਈ॥ਨਾਨਕ ਹਰਨਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ॥5॥ ਪੰਨਾ 1133

ਤਿਨਿ ਕਰਤੈ ਇਕੁ ਚਲਤੁ ਉਪਾਇਆ॥ਅਨਹਦ ਬਾਣੀ ਸਬਦੁ ਸੁਣਾਇਆ॥ਮਨਮੁਖਿ ਭੂਲੇ ਗੁਰਮੁਖਿ ਬੁਝਾਇਆ॥ਕਾਰਣੁ ਕਰਤਾ ਕਰਦਾ ਆਇਆ॥1॥ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ॥ਹਉ ਕਬਹੁ ਨ ਛੋਡਉ ਹਰਿ ਕਾ ਨਾਮ॥ਰਹਾਉ॥ਪਿਤਾ ਪ੍ਰਹਲਾਦ ਪੜਣ ਪਠਾਇਆ॥ਲੈ ਪਾਟੀ ਪਾਧੈ ਕੈ ਆਇਆ॥ਨਾਮ ਬਿਨਾ ਨਹ ਪੜਉ ਅਚਾਰ॥ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ॥2॥ਪੁਤ੍ਰ ਪ੍ਰਹਲਾਦ ਸਿਉ ਕਹਿਆ ਮਾਇ॥ਪਰਵਿਰਤਿ ਨ ਪੜਹੁ ਰਹੀ ਸਮਝਾਇ॥ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ॥ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ॥3॥ਪ੍ਰਹਲਾਦਿ ਸਭਿ ਚਾਟੜੇ ਵਿਗਾਰੇ॥ਹਮਰਾ ਕਹਿਆ ਨ ਸੁਣੈ ਆਪਣੈ ਕਾਜ਼ ਸਵਾਰੈ॥ਸਭ ਨਗਰੀ ਮਹਿ ਭਗਤਿ ਦਿ੍ਰੜਾਈ॥ਦੁਸਟ ਸਭਾ ਕਾ ਕਿਛ ਨ ਵਸਾਈ॥4॥ਸੰਡੈ ਮਰਕੇ ਕੀਈ ਪੁਕਾਰ॥ਸਭੇ ਦੈਤ ਰਹੇ ਝਖ ਮਾਰਿ॥ਭਗਤ ਜਨਾ ਕੀ ਪਤਿ ਰਾਖੈ ਸੋਈ॥ਕੀਤੈ ਕੈ ਕਹਿਆ ਕਿਆ ਹੋਈ॥5॥ਕਿਰਤ ਸੰਜੋਗੀ ਦੈਤਿ ਰਾਜਿ ਚਲਾਇਆ॥ਹਰਿ ਨ ਬੁਝੈ ਤਿਨਿ ਆਪਿ ਭੁਲਾਇਆ॥ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ॥ਅੰਧਾ ਨ ਬੂਝੈ ਕਾਲੁ ਨੇੜੈ ਆਇਆ॥6॥ ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ॥ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ॥ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ॥ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ॥7॥ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ॥ਕਹਾਂ ਤੁਮ੍ਹਾਰਾ ਜਗਦੀਸ ਗੁਸਾਈ॥ਜਗਜੀਵਨ ਦਾਤਾ ਅੰਤਿ ਸਖਾਈ॥ਜਹ ਦੇਖਾ ਤਹ ਰਹਿਆ ਸਮਾਈ॥8॥ਥੰਮ ਉਪਾੜਿ ਹਰਿ ਆਪੁ ਦਿਖਾਇਆ॥ਅਹੰਕਾਰੀ ਦੈਤ ਮਾਰਿ ਪਚਾਇਆ॥ਭਗਤਾ ਮਨਿ ਆਨੰਦੁ ਵਜੀ ਵਧਾਈ॥ਅਪਨੇ ਸੇਵਕ ਕਉ ਦੇ ਵਡਿਆਈ॥9॥ਜੰਮਣ ਮਰਣਾ ਮੋਹੁ ਉਪਾਇਆ॥ਆਵਣੁ ਜਾਣਾ ਕਰਤੈ ਲਿਖਿ ਪਾਇਆ॥ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ॥ਭਗਤਾ ਕਾ ਬੋਲੁ ਆਗੈ ਆਇਆ॥10॥ ਪੰਨਾ 1154

ਉਪਰਲੇ ਤਿੰਨੇ ਸ਼ਬਦ ਗੁਰ ਅਮਰਦਾਸ ਸਾਹਿਬ ਦੇ ਹਨ।ਹੇਠਾਂ ਦਿੱਤਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ।

ਸੰਡਾ ਮਰਕਾ ਜਾਇ ਪੁਕਾਰੇ।ਪੜੈ ਨਹੀ ਹਮ ਹੀ ਪਚਿ ਹਾਰੇ॥ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੈ।1॥ਰਾਮ ਨਾਮਾ ਜਪਿਬੋ ਕਰੈ॥ਹਿਰਦੈ ਹਰਿ ਜੀ ਕੋ ਸਿਮਰਨੁ ਧਰੈ॥ਰਹਾਉ॥ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ॥ਪੁਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ॥2॥ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮ ਮਇਆ ਫੇਰੀ॥3॥ਕਾਢਿ ਖਵਗੁ ਕਾਲੁ ਭੈ ਕੋਪਿਓ ਮੋਇ ਬਤਾਉ ਜੁ ਤੁਹਿ ਰਾਖੈ॥ਪੀਤ ਪੀਤਾਂਬਰ ਤਿ੍ਰਭਵਣ ਧਣੀ ਮਾਹਿ ਹਰਿ ਭਾਖੈ॥4॥ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ॥ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ॥5॥ ਪੰਨਾ 1165

ਗੁਰੂ ਅਮਰਦਾਸ ਦੇ ਤਿੰਨਾਂ ਸ਼ਬਦਾਂ ਵਿੱਚੋਂ ਪਹਿਲੇ ਦੋ ਸ਼ਬਦ ਤਾਂ ਰਾਗ ਭੈਰਉ ਵਿੱਚ ਬਿਲਕੁਲ ਨਾਲ ਨਾਲ ਹਨ।ਇਹਨਾਂ ਦੋ ਸ਼ਬਦਾਂ ਦਾ ਇਕੱਠੇ ਪੜ੍ਹ ਸਮਝਣਾ ਬਹੁਤ ਜ਼ਰੂਰੀ ਹੈ।ਤੀਸਰਾ ਸ਼ਬਦ ਵੀ ਰਾਗ ਭੈਰਉ ਵਿੱਚ ਗੁਰ ਅਮਰਦਾਸ ਦੀ ਅਸਟਪਦੀ ਹੈ।ਨਾਮਦੇਵ ਜੀ ਦਾ ਸ਼ਬਦ ਵੀ ਇਸੇ ਹੀ ਰਾਗ ਵਿੱਚ ਹੈ।ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋੲਗੀ ਕਿ ਗੁਰ ਅਮਰਦਾਸ ਨੇ ਇਹ ਸ਼ਬਦ ਨਾਮਦੇਵ ਜੀ ਦੇ ਸ਼ਬਦ ਦੇ ਪ੍ਰਥਾਏ ਉਚਾਰੇ ਹੋਣ।ਆਉ ਹੁਣ ਸ਼ਬਦ ਦੀ ਵਿਚਾਰ ਸਮਝੀਏ।ਜਿਵੇਂ ਅਸੀ ਸ਼ਭ ਜਾਣਦੇ ਹਾਂ ਕਿ ਕਿਸੇ ਵੀ ਸ਼ਬਦ ਦੇ ਸਹੀ ਅਰਥ ਸਮਝਣ ਲਈ ਦੋ ਗੱਲਾਂ ਦਾ ਬਹੁਤ ਧਿਆਨ ਰੱਖਣਾ ਪਏਗਾ।ਸ਼ਬਦ ਦੀ ਰਹਾਉ ਵਾਲੀ ਤੁਕ ਜੋ ਸ਼ਬਦ ਦਾ ਧੁਰਾ ਹੈ ਅਤੇ ਮੂਲ ਮੰਤ੍ਰ ਜੋ ਸਾਰੀ ਗੁਰਬਾਣੀ ਦਾ ਧੁਰਾ ਹੈ।ਆਉ ਪਹਿਲਾਂ ਰਹਾਉ ਵਾਲੀ ਤੁਕ ਤੇ ਗੌਰ ਕਰੀਏ।

ਪਹਿਲੇ ਸ਼ਬਦ ਦੇ ਰਹਾਉ ਵਿੱਚ ਕਿਹਾ ਗਿਆ ਹੈ ਕਿ “ਗੁਰ ਉਪਦੇਸ਼ਿ ਪ੍ਰਹਿਲਾਦ ਹਰਿ ਉਚਰੈ॥ਸਾਸਨ ਤੇ ਬਾਲਕੁ ਗਮੁ ਨ ਕਰੈ॥ਰਹਾਉ॥” ਭਾਵ ਪ੍ਰਹਿਲਾਦ ਬਿਬੇਕ ਬੁਧ ਨਾਲ ਜਾਂ ਅਕਲ ਨਾਲ ਸਿਮਰਣ ਕਰਦਾ ਹੈ ਅਤੇ ਉਹ ਕਿਸੇ ਤਰ੍ਹਾਂ ਦਾ ਵੀ ਡਰ ਭੌ ਨਹੀਂ ਮੰਨਦਾ।ਦੂਜੇ ਸ਼ਬਦ ਦੇ ਰਹਾਉ ਵਿੱਚ ਕਿਹਾ ਗਿਆ ਹੈ ਕਿ “ਜੁਗਿ ਜੁਗਿ ਭਗਤਾ ਕੀ ਰਖਦਾ ਆਇਆ॥ਦੈਤ ਪੁਤ੍ਰ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੁ ਨ ਜਾਣੈ ਸਬਦੇ ਮੇਲਿ ਮਿਲਾਇਆ॥ਰਹਾਉ॥” ਭਾਵ ਪ੍ਰਹਿਲਾਦ ਬਿਪਰ ਦੀ ਵਿੱਦਿਆ ਜਾਂ ਪੂਜਾ ਅਰਚਾ ਨੂੰ ਤਿਆਗ ਬਿਬੇਕ ਗੁਰੂ ਨਾਲ ਜੁੜ ਗਿਆ ਹੈ।ਕਰਤਾਰ ਆਪਣੇ ਪਿਆਰਿਆਂ ਦੀ ਹਰ ਸਮੇ ਅੰਦਰ ਦੇਖ ਭਾਲ ਕਰਦਾ ਹੈ।ਕਿਸੇ ਵੀ ਸਮੇ ਵਿੱਚ ਕੋਈ ਵੀ ਅਗਰ ਗੁਰੂ ਵਲ ਕਦਮ ਚੁੱਕਦਾ ਹੈ ਤਾਂ ਗੁਰੂ ਉਸ ਨੂੰ ਭੱਜ ਕੇ ਮਿਲਦਾ ਹੈ।ਤੀਸਰੇ ਸ਼ਬਦ ਦੇ ਰਹਾਉ ਵਿੱਚ ਕਿਹਾ ਗਿਆ ਹੈ ਕਿ “ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ॥ਹਉ ਕਬਹੁ ਨ ਛੋਡਉ ਹਰਿ ਕਾ ਨਾਮ॥ਰਹਾਉ॥” ਭਾਵ ਜਦੋ ਕੋਈ ਇੱਕ ਵਾਰ ਬਿਬੇਕ ਗੁੂਰੂ ਨਾਲ ਜੁੜ ਜਾਂਦਾ ਹੈ ਫਿਰ ਉਹ ਆਪਣੀ ਮੰਜਲ ਤੋਂ ਕਦੇ ਨਹੀ ਭਟਕਦਾ।ਗਰੂ ਦਾ ਦਰ ਕਦੇ ਨਹੀ ਛੱਡਦਾ।ਚੋਥੇ ਸ਼ਬਦ ਦੇ ਰਹਾਉ ਵਿੱਚ ਕਿਹਾ ਗਿਆ ਹੈ ਕਿ “ਰਾਮ ਨਾਮਾ ਜਪਿਬੋ ਕਰੈ॥ਹਿਰਦੈ ਹਰਿ ਜੀ ਕੋ ਸਿਮਰਨੁ ਧਰੈ॥ਰਹਾਉ॥” ਨਾਮਦੇਵ ਜੀ ਕਹਿੰਦੇ ਨੇ ਕਿ ਪ੍ਰਹਿਲਾਦ ਹਰ ਵੇਲੇ ਚਿੱਤ ਵਿੱਚ ਕਰਤਾਰ ਨੂੰ ਰੱਖ ਉਸੇ ਨੂੰ ਹੀ ਸਿਮਰਦਾ ਰਹਿੰਦਾ ਹੈ।ਚੌਹਾਂ ਸ਼ਬਦਾਂ ਦੀਆਂ ਰਹਾੳ ਵਾਲੀਆਂ ਤੁਕਾਂ ਦੇ ਅਰਥਾਂ ਵਿੱਚ ਸਾਂਝ ਬਹੁਤ ਹੀ ਸਪਸ਼ਟ ਅਤੇ ਸੁਆਦਲੀ ਹੈ।ਗੁਰੂ ਦੀ ਹਦਾਇਤ ਹੈ ਕਿ ਅਸੀਂ ਇਹਨਾਂ ਸ਼ਬਦਾਂ ਦੇ ਅਰਥ ਕਰਨ ਸਮਝਣ ਵੇਲੇ ਇਸ ਸੇਧ ਤੋਂ ਨਹੀਂ ਭਟਕਣਾ।ਮੂਲ ਮੰਤ੍ਰ ਦੀ ਹਦਾਇਤ ਨੂੰ ਵੀ ਅਸੀਂ ਹਮੇਸ਼ਾ ਯਾਦ ਰੱਖਣਾ ਹੈ।

ਇੱਕ ਗੱਲ ਹੋਰ ਜੋ ਸਾਨੂੰ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਚਾਹੇ ਇਤਿਹਾਸ ਹੋਵੇ ਚਾਹੇ ਮਿਥਿਹਾਸ ਗੁਰਬਾਣੀ ਵਿੱਚ ਦੋਨਾਂ ਨੂੰ ਸਿਰਫ ਕਰਤਾਰ ਦੇ ਹੁਕਮ ਦੇ ਵਰਤਾਰੇ ਨੂੰ ਸਮਝਣ ਲਈ ਵਰਤਿਆ ਗਿਆ ਹੈ।ਕਦੇ ਵੀ ਕਿਸੇ ਘਟਨਾਂ ਦੇ ਪਾਤਰਾਂ ਨਾਲ ਖੜੇ ਹੋਣ ਦੀ ਵਜਾਏ ਇਹਨਾਂ ਘਟਨਾਵਾਂ ਅਤੇ ਪਾਤਰਾਂ ਰਾਹੀਂ ਵਰਤ ਰਹੇ ਹੁਕਮ ਦੀ ਪ੍ਰੋੜਤਾ ਕੀਤੀ ਗਈ ਹੈ।ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਇਹਨਾਂ ਸਾਖੀਆਂ ਵਿੱਚੋਂ ਨਿਕਲਦੀ ਸਰਬ ਸਾਂਝੀ ਸਿੱਖਿਆ ਵੱਲ ਹੀ ਧਿਆਨ ਕੇਂਦਰਿਤ ਕਰਨਾ ਹੈ।“ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ॥” ਪੰਨਾ 647

ਆਉ ਹੁਣ ਸਭ ਤੋਂ ਪਹਿਲੇ ਸ਼ਬਦ ਦੇ ਪੂਰੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ।ਰਹਾਉ ਵਾਲੀ ਤੁਕ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਪ੍ਰਹਿਲਾਦ ਬਿਬੇਕ ਬੁਧ ਜਾਂ ਅਕਲ ਨਾਲ ਸਿਮਰਣ ਕਰਦਾ ਹੋਇਆ ਕਿਸੇ ਵੀ ਤਰ੍ਹਾਂ ਦੇ ਡਰ ਭੈ ਤੋਂ ਮੁਕਤ ਹੋ ਜਾਂਦਾ ਹੈ।ਦੁੂਜੇ ਸ਼ਬਦ ਦੇ ਰਹਾਉ ਵਿੱਚ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪ੍ਰਹਿਲਾਦ ਨੇ ਬਿਪਰ ਦਾ ਪੂਜਾ ਅਰਚਾ ਦਾ ਢੰਗ ਤਿਆਗ ਦਿੱਤਾ ਹੈ।ਜ਼ਾਹਰ ਹੈ ਇਸ ਤੋਂ ਬਿਪਰ ਬਹੁਤ ਗੁੱਸੇ ਹੋਇਆ ਹੋਏਗਾ।ਪ੍ਰਹਿਲਾਦ ਨੇ ਪਾਧੇ ਨੁੰ ਕਹਿ ਦਿੱਤਾ ਕੇ ਮੈਨੂੰ ਗਾਇਤ੍ਰੀ ਜਾਂ ਤਰਪਣ ਸਿਖਾਉਣ ਦੀ ਵਜਾਏ ਮੇਰੀ ਪੱਟੀ ਤੇ ਤਾਂ ਗੋਵਿੰਦ ਗੋਪਾਲ ਭਾਵ ਕਰਤਾਰ ਦਾ ਨਾਮ ਲਿਖ ਮੈਨੂੰ ਪੜਣ ਲਈ ਦੇ ਕਿਉਂਕਿ ਹੋਰ ਕੁਝ ਪੜਨ ਨਾਲ ਤਾਂ ਮੇਰਾ ਮੌਤ ਦਾ ਡਰ ਨਹੀਂ ਜਾਂਦਾ।ਅਗਰ ਮੈ ਬਿਬੇਕ ਗੁਰੂ ਨਾਲ ਜੁੜਦਾ ਹਾਂ ਤਾਂ ਉਹ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ ਅਤੇ ਮੇਰੀ ਹਰ ਤਰ੍ਹਾ ਦੇ ਭੈ ਤੋਂ ਰੱਖਿਆ ਕਰਦਾ ਹੈ।ਭਾਵ ਗਾਇਤ੍ਰੀ ਅਤੇ ਤਰਪਣ ਆਦਿਕ ਮੰਤ੍ਰ ਇਹ ਕੰਮ ਨਹੀਂ ਕਰਦੇ।(ਇਸ ਬਗਾਵਤ ਨੂੰ ਸੁਣ ਖੂਬ ਹੱਲਾ ਗੁਲਾ ਹੋਇਆ ਹੋਵੇਗਾ ਅਤੇ ਬਾਲਕ ਪ੍ਰਹਿਲਾਦ ਨੂੰ ਸਮਝਾਉਣ ਦੇ ਯਤਨ ਵਜੋਂ ਪਹਿਲਾਂ ਉਸ ਦੀ ਮਾਂ ਦੇ ਪਿਆਰ ਦਾ ਹਥਿਆਰ ਵਰਤਿਆ ਗਿਆ।) ਪ੍ਰਹਿਲਾਦ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਆਪਣੀ ਜ਼ਿਦ ਛੱਡ ਆਪਣੇ ਬਾਪ ਦੀ ਗੱਲ ਮੰਨ ਲਵੇ ਅਤੇ ਆਪਣੀ ਜਾਨ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਲਵੇ।ਪਰ ਪ੍ਰਹਿਲਾਦ ਨੇ ਆਪਣੀ ਮਾਤਾ ਨੂੰ ਕਿਹਾ ਕਿ ਇਹ ਮੁਮਕਿਨ ਨਹੀਂ ਹੈ।ਉਹ ਤਾਂ ਉਹੀ ਕਰਗਾ ਜੋ ਉਸਦਾ ਗੁਰੂ ਕਹਿੰਦਾ ਹੈ।ਭਾਵ ਉਹ ਬਿਬੇਕ ਬੁੱਧ ਦਾ ਪੱਲਾ ਨਹੀਂ ਤਿਆਗੇਗਾ।ਸੰਡ ਅਤੇ ਅਮਰਕ ਜੋ ਬਿਪਰ ਵਿੱਦਿਆ ਪੜਾਉਂਦੇ ਸਨ ਨੇ ਵੀ ਹਾਰ ਮੰਨ ਲਈ।(ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪ੍ਰਹਿਲਾਦ ਦੇ ਬਾਪ ਦੇ ਰਾਜ ਵਿੱਚ ੱਿਵੱਦਿਆ ਦਾ ਕੰਟਰੋਲ ਬਿਪਰ ਦੇ ਹੱਥ ਸੀ।ਉਸ ਦੇ ਗੁਰੂ ਦਾ ਨਾਮ ਵੀ ਸ਼ੁਕਰਾਚਾਰੀਆ ਸੀ) ਸੰਡ ਅਤੇ ਅਮਰਕ ਨੇ ਸਗੋਂ ਇਹ ਵੀ ਦੱਸਿਆ ਕਿ ਪ੍ਰਹਿਲਾਦ ਦਾ ਦੂਜੇ ਵਿਦਿਆਰਥੀਆਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਇਹ ਸਭ ਸੁਣ ਕੇ ਦੁਸ਼ਟਾਂ ਨੇ ਰਲ ਕੇ ਸਲਾਹ ਕੀਤੀ ਕਿ ਪ੍ਰਹਿਲਾਦ ਨੂੰ ਮਾਰ ਮੁਕਾਉਣ ਵਿੱਚ ਹੀ ਭਲਾ ਹੈ ਪਰ ਕਰਤਾਰ ਨੇ ਉਸ ਦੀ ਆਪ ਰਖਵਾਲੀ ਕੀਤੀ।ਜਦੋਂ ਹੱਥ ਵਿੱਚ ਤਲਵਾਰ ਫੜੀ ਗੁੱਸੇ ਵਿੱਚ ਲਾਲ ਪੀਲਾ ਹੋ ਹੰਕਾਰ ਦੀ ਸ਼ਾਕਸ਼ਾਤ ਮੂਰਤ ਬਣ ਪ੍ਰਹਿਲਾਦ ਦੇ ਪਿਤਾ ਨੇ ਉਸ ਨੂੰ ਵੰਗਾਰ ਕੇ ਕਿਹਾ ਕਿ ਜਿਸ ਰੱਬ ਨੂੰ ਉਹ ਯਾਦ ਕਰਦਾ ਹੈ ਉਹ ਹੁਣ ਤੈਨੂੰ ਉਹਦੇ ਕੋਲੋਂ ਬਚਾ ਕੇ ਦੱਸੇ।ਪਰ ਦੇਖੋ ਰੱਬ ਦਾ ਭਾਣਾ ਉਸੇ ਵਕਤ ਹਰਨਾਕਸ਼ ਨੂੰ ਇੱਕ ਭਿਆਨਕ ਸ਼ਕਲ ਥੰਮ ਪਾੜ ਕੇ ਨਿਕਲਦੀ ਨਜ਼ਰ ਆਈ ਜਿਸ ਨੇ ਉਸ ਨੂੰ ਮਾਰ ਦਿੱਤਾ ਅਤੇ ਪ੍ਰਹਿਲਾਦ ਸਹੀ ਸਲਾਮਤ ਬਚ ਗਿਆ।ਅਕਾਲ ਪੁਰਖ ਆਪਣੇ ਪਿਆਰਿਆਂ ਦੇ ਹਰ ਕੰਮ ਸਵਾਰਦਾ ਹੈ।ਪ੍ਰਹਿਲਾਦ ਨੂੰ ਵੀ ਸਦਾ ਸਦਾ ਲਈ ਤਾਰ ਦਿੱਤਾ।ਇੱਥੇ ਇੱਕੀ ਕੁਲ ਤਾਰਨ ਦੀ ਗੱਲ ਦਾ ਮਤਲਬ ਇਹ ਨਹੀਂ ਕਿ ਪ੍ਰਹਿਲਾਦ ਦੀਆਂ ਇੱਕੀ ਪੀੜ੍ਹੀਆਂ ਤਰ ਗਈਆਂ।ਪ੍ਰਹਿਲਾਦ ਦੇ ਪੁੱਤਰ ਬਲਿ (ਜਿਸਨੇ ਆਪਣੇ ਦਾਦੇ ਦੀ ਤਰ੍ਹਾਂ ਇੰਦ੍ਰ ਨੂੰ ਹਰਾਇਆ ਸੀ) ਨੇ ਵੀ ਬਿਬੇਕ ਬੁਧ ਤਿਆਗ ਦਿੱਤੀ ਸੀ ਜਿਸ ਕਾਰਨ ਉਹ ਵਾਮਨ ਰੂਪ ਵਿੱਚ ਆਏ ਵਿਸ਼ਨੂੰ ਨੂੰ ਨ ਪਹਿਚਾਣ ਸਕਿਆ ਅਤੇ ਉਸ ਹੱਥੋਂ ਧੋਖੇ ਨਾਲ ਮਾਰਿਆ ਗਿਆ।ਸੋ ਇੱਕੀ ਕੁਲਾਂ ਇੱਕ ਮੁਹਾਵਰੇ ਦੇ ਰੂਪ ਵਿੱਚ ਕਿਹਾ ਗਿਆ ਹੈ।ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਬਿਬੇਕ ਦੇ ਲੜ ਲਗਿਆਂ, ਕਰਤੇ ਦਾ ਹੁਕਮ ਪਛਾਣਦਿਆਂ ਸਾਡੇ ਅੰਦਰੋ ਹਉਮੇ ਦੀ ਜ਼ਹਰ ਖਤਮ ਹੋ ਜਾਂਦੀ ਹੈ।ਨਾਨਕ ਆਖਦਾ ਹੈ ਕਿ ਬਿਬੇਕ ਬੁਧ ਨਾਲ ਹੁਕਮ ਪਛਾਣ ਕੇ ਸਾਡਾ ਛੁਟਕਾਰਾ ਹੋ ਜਾਂਦਾ ਹੈ।

ਸਿਟਾ

ਆਪਾਂ ਉਪਰ ਸ਼ਬਦ ਦੇ ਅਰਥ ਦੇਖ ਲਏ ਹਨ।ਆਉ ਹੁਣ ਇਹ ਸਮਝੀਏ ਕਿ ਗੁਰੂ ਸਾਹਿਬ ਨੇ ਇਸ ਸਾਖੀ ਵਾਰੇ ਕਿਉਂ ਲਿਖਿਆ।ਇਹਨਾਂ ਸ਼ਬਦਾਂ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪ੍ਰਹਿਲਾਦ ਨੇ ਬਿਪਰ ਵਿਰੁੱਧ ਬਗਾਵਤ ਕੀਤੀ ਸੀ।ਪਰ ਪ੍ਰਹਿਲਾਦ ਵਾਰੇ ਜੋ ਵੀ ਮਿਥਿਹਾਸ ਜਾ ਪੁਰਾਣਾ ਵਿੱਚ ਲਿਖਿਆ ਮਿਲਦਾ ਹੈ ਉਸ ਵਿੱਚ ਉਸ ਨੂੰ ਵਿਸ਼ਨੂੰ ਭਗਤ ਹੀ ਪ੍ਰਚਾਰਿਆ ਜਾਂਦਾ ਹੈ ਇੱਥੋਂ ਤਕ ਕੇ ਉਸ ਨੂੰ ਪੂਰਬਲੇ ਜਨਮ ਵਿੱਚ ਵੀ ਬ੍ਰਾਹਮਣ ਪੁੱਤਰ ਵੀ ਦੱਸਿਆ ਗਿਆ ਹੈ।ਗੁਰੂ ਸਾਹਿਬ ਇਸ ਸਾਖੀ ਨੂੰ ਇਸਦੇ ਸਹੀ ਪਰਿਪੇਖ ਵਿੱਚ ਦਰਸਾਉਣਾ ਚਾਹੁੰਦੇ ਸਨ।ਬਿਲਾ ਸ਼ੱਕ ਇਹ ਸਾਖੀ ਮਿਥਿਹਾਸਿਕ ਗੱਲਾਂ ਨਾਲ ਭਰਪੂਰ ਹੈ ਪਰ ਇਸ ਦਾ ਸੱਚ ਵੀ ਤਾਂ ਸਾਹਮਣੇ ਲਿਆਉਣਾ ਸੀ।ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਹਿਲਾਦ ਕਿਸੇ ਦੁਬਿਧਾ ਵਿੱਚ ਨਹੀ ਸੀ।ਜਦੋਂ ਹੀ ਅਸੀਂ ਦੁਬਿਧਾ ਵਿੱਚ ਪੈਂਦੇ ਹਾਂ ਤਾਂ ਹੀ ਗੁਰਮਤਿ ਤੋਂ ਦੂਰ ਹੋ ਜਾਂਦੇ ਹਾਂ।ਦੁਬਿਧਾ ਬਿਬੇਕ ਬੁੱਧ ਰਾਹੀਂ ਹੀ ਖਤਮ ਹੁੰਦੀ ਹੈ।ਗੁਰੂ ਸਾਹਿਬ ਇੱਕ ਗੱਲ ਹੋਰ ਵੀ ਸਪੱਸ਼ਟ ਕਰਦੇ ਨੇ ਕਿ ਦੈਂਤ ਜੋ ਵੀ ਕਰਦਾ ਹੈ ਉਹ ਵੀ ਕਰਤੇ ਦੇ ਹੁਕਮ ਅੰਦਰ ਹੀ ਕਰਦਾ ਹੈ।ਭਗਤ ਜਨਾਂ ਦੀ ਰਾਖੀ ਵੀ ਕਰਤੇ ਦੇ ਹੁਕਮ ਅੰਦਰ ਹੀ ਹੋ ਰਹੀ ਹੈ।ਗੁਰੂ ਸਾਹਿਬ ਪ੍ਰਚਲਤ ਸਾਖੀ ਦੀਆਂ ਮਿਥਿਹਾਸਿਕ ਗੱਲਾਂ ਦਾ ਜ਼ਿਕਰ ਕਰਕੇ ਵੀ ਆਪਣੀ ਗੱਲ ਨੂੰ ਹੀ ਸਮਝਾ ਰਹੇ ਨੇ।ਅਗਰ ਇਹ ਸ਼ਬਦ ਨਾ ਹੋਣ ਤਾਂ ਕੀ ਅਸੀਂ ਸਮਝ ਸਕਾਂਗੇ ਕਿ ਪ੍ਰਹਿਲਾਦ ਨੇ ਕੀ ਪੜ੍ਹਨ ਤੋਂ ਇਨਕਾਰ ਕੀਤਾ ਸੀ।ੳਹ ਕਿਸ ਗੁਰੂ ਦੇ ਲੜ ਲਗਾ ਸੀ।ਹਿਰਨਕਸਪੁ ਦੀ ਮੌਤ ਅੰਹਕਾਰ ਦੀ ਮੌਤ ਹੈ।ਪ੍ਰਹਿਲਾਦ ਨੂੰ ਮਾਰਨ ਲਈ ਹੰਕਾਰ ਅੱਗੇ ਆਉਂਦਾ ਹੈ।“ਹਾਥਿ ਖੜਗੁ ਕਰਿ ਧਾਇਆ ਅਤਿ ਅੰਹਕਾਰਿ॥”।ਹੰਕਾਰ ਹੀ ਮਰਦਾ ਹੈ।ਇਹੀ ਸਰਬ ਸਾਂਝੀ ਸਿਖਿਆ ਹੈ।ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਕਿ ਇਹ ਜ਼ਰੂਰੀ ਨਹੀ ਕਿ ਅਕਾਾਲ ਪੁਰਖ ਆਪਣੇ ਪਿਆਰਿਆਂ ਦੀ ਜਾਨ ਬਚਾ ਕੇ ਹੀ ਰੱਖਿਆ ਕਰਦਾ ਹੈ।ਉਹ ੳਹਨਾਂ ਨੂੰ ਆਪਣੇ ਅਸੂਲਾਂ ਤੇ ਨਿਰਭੈਤਾ ਨਾਲ ਟਿਕੇ ਰਹਿ ਸ਼ਹੀਦ ਹੋਣ ਲਈ ਸਹਾਇਤਾ ਕਰ ਕੇ ਵੀ ਉਹਨਾਂ ਦੀ ਰੱਖਿਆ ਕਰਦਾ ਹੈ।ਰੱਖਿਆ ਸਰੀਰ ਦੀ ਨਹੀਂ ਬਲਕਿ ਅਸੂਲ ਦੀ ਹੈ।ਸੱਚ ਤੇ ਟਿਕੇ ਰਹਿਣ ਦੀ ਹੈ।ਅਗਰ ਗੁਰ ਤੇਗ ਬਹਾਦਰ ਜਾਂ ਗੁਰ ਅਰਜਨ ਸਾਹਿਬ ਸ਼ਹੀਦੀ ਪਾ ਗਏ ਤਾਂ ਕੀ ਇਹ ਸਮਝਿਆ ਜਾਏ ਕਿ ਉਨ੍ਹਾਂ ਦੀ ਅਕਾਲ ਪੁਰਖ ਨੇ ਕੋਈ ਰੱਖਿਆ ਨਹੀਂ ਕੀਤੀ।ਰੱਖਿਆ ਸੱਚ ਤੇ ਟਿਕੇ ਰਹਿਣ ਦੀ ਹਿੰਮਤ ਅਤੇ ਹੌਸਲੇ ਵਿੱਚ ਹੈ ਨਾ ਕਿ ਸਰੀਰਕ ਤੌਰ ਤੇ ਖਤਮ ਹੋਣ ਜਾਂ ਨ ਹੋਣ ਵਿੱਚ।ਅਗਰ ਪ੍ਰਹਿਲਾਦ ਨੂੰ ਉਸ ਦਾ ਪਿਤਾ ਮਾਰਨ ਵਿੱਚ ਕਾਮਯਾਬ ਹੋ ਜਾਂਦਾ ਤਾਂ ਵੀ ਉਸ ਦੀ ਸ਼ਹਾਦਤ ਉਸ ਦੇ ਸੱਚ ਦਾ ਗਵਾਹ ਹੁੰਦੀ।ਇਸ ਲਈ ਕਿਸੇ ਨਰਸਿੰਘ ਅਵਤਾਰ ਦਾ ਪ੍ਰਗਟ ਹੋਣਾ ਨਹੀ ਬਲਕਿ ਅਸਲੀ ਕਰਾਮਾਤ ਤਾਂ ਪ੍ਰਹਿਲਾਦ ਦਾ ਸੱਚ ਤੇ ਦਲੇਰੀ ਨਾਲ ਖੜਨਾ ਹੈ।ਬਸ ਇਹਨਾਂ ਸ਼ਬਦਾਂ ਵਿੱਚ ਇਸੇ ਗੋਲ ਤੇ ਜ਼ੋਰ ਹੈ।

ਬੇਨਤੀ

ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ ਲਈ ਮੇਰੀ ਵੈੱਬ ਸਾਈਟ http://www.understandingguru.com ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s