ਆਦਿ ਕਾਲ ਤੋਂ ਮਨੁੱਖ ਦੋ ਸਵਾਲਾਂ ਨਾਲ ਜੂਝਦਾ ਆ ਰਿਹਾ ਹੈ।ਪਹਿਲਾ ਸਵਾਲ ਕਿ ਮਨੁੱਖ ਕਿੱਥੋਂ ਆਉਂਦਾ ਹੈ ਤੇ ਮਰਨ ਬਾਅਦ ਕਿੱਥੇ ਜਾਂਦਾ ਹੈ।ਦੁਜਾ ਸਵਾਲ ਕਿ ਇਹ ਸਿ੍ਰਸ਼ਟੀ ਕਿਵੇਂ ਬਣੀ ਤੇ ਕਿਵੇਂ ਚਲਦੀ ਹੈ।ਦੁਨੀਆਂ ਦੇ ਸਾਰੇ ਗਿਆਨ ਵਿਗਿਆਨ, ਸਾਰੇ ਫਲਸਫੇ, ਸਾਰੇ ਧਰਮ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਹੀ ਕੋਸ਼ਿਸ਼ ਦਾ ਇੱਕ ਨਿਰੰਤਰ ਸਿਲਸਲਾ ਹਨ।ਰੱਬ ਦਾ ਸੰਕਲਪ ਵੀ ਇਸੇ ਕੋਸ਼ਿਸ਼ ਦੇ ਸਿੱਟੇ ਵਜੋਂ ਹੋਂਦ ਵਿੱਚ ਆਇਆ ਹੈ।ਜ਼ਾਹਰ ਹੈ ਗੁਰੂ ਗ੍ਰੰਥ ਸਾਹਿਬ ਵੀ ਇਨ੍ਹਾ ਸਵਾਲਾਂ ਨੂੰ ਮੁਖਾਤਿਬ ਹਨ।ਗੁਰ ਗ੍ਰੰਥ ਸਾਹਿਬ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਮੂਲ ਮੰਤਰ ਜਾਂ ਮੰਗਲਾਚਰਣ ਵਿੱਚ ਹੀ ਦੇ ਦਿੱਤਾ ਗਿਆ ਹੈ।ਮੂਲ ਮੰਤ੍ਰ ਨੂੰ ਗੁਰਬਾਣੀ ਦੀ ਰੱਬ ਦੀ ਪ੍ਰੀਭਾਸ਼ਾ ਵੀ ਕਿਹਾ ਜਾ ਸਕਦਾ ਹੈ।ਪਰ ਇਸ ਨੂੰ ਪ੍ਰੀਭਾਸ਼ਾ ਕਹਿਣ ਨਾਲੋ ਅਗਰ ਗੁਰਬਾਣੀ ਦੇ ਰੱਬ ਦਾ ਸੰਕਲਪ ਕਿਹਾ ਜਾਏ ਤਾਂ ਜ਼ਿਆਦਾ ਬੇਹਤਰ ਹੈ।(ਅਜਿਹਾ ਕਿਉਂ ਇਹ ਇਸ ਲੇਖ ਵਿੱਚ ਅਗੇ ਜਾ ਕੇ ਸਪਸ਼ਟ ਹੋ ਜਾਏਗਾ)।ਆਉ ਹੁਣ ਗੁਰਬਾਣੀ ਦੇ ਇਸ ਸੰਕਲਪ ਨੂੰ ਡੁੰਘਿਆਈ ਵਿੱਚ ਸਮਝਣ ਦਾ ਯਤਨ ਕਰੀਏ।
ਗੁਰਮਤਿ ਦੇ ਰੱਬ ਦਾ ਸੰਕਲਪ
ਰੱਬ ਦੀ ਪ੍ਰੀਭਾਸ਼ਾ ਕੀ ਹੈ।ਕੀ ਰੱਬ ਨੂੰ ਪ੍ਰੀਭਾਸ਼ਿਤ ਕੀਤਾ ਵੀ ਜਾ ਸਕਦਾ ਹੈ।ਇਹ ਬਹੁਤ ਹੀ ਕਠਨ ਸਵਾਲ ਹੈ।ਸਹੀ ਤੇ ਸੰਪੂਰਣ ਪ੍ਰੀਭਾਸ਼ਾ ਉਸ ਦੀ ਹੀ ਹੋ ਸਕਦੀ ਹੈ ਜਿਸ ਨੂੰ ਅਸੀਂ ਪੂਰਾ ਜਾਣ ਲਈਏ ਜਾਂ ਪੂਰਾ ਸਮਝਣ ਦੀ ਸਮਰੱਥਾ ਰੱੱਖਦੇ ਹੋਈਏ।ਇਹ ਗੱਲ ਵਿਗਿਆਨ ਅਤੇ ਗੁਰਮਤਿ ਦੋਨੋਂ ਹੀ ਮੰਨਦੇ ਹਨ ਕਿ ਇਹ ਨ ਮੁਮਕਿਨ ਹੈ।ਗੁਰਬਾਣੀ ਕਰਤਾਰ ਨੂੰ ਥਾਂ ਥਾਂ ਤੇ ਅਗੰਮ ਅਗੋਚਰ ਕਹਿ ਕੇ ਸੰਬੋਧਨ ਕਰਦੀ ਹੈ।ਵਿਗਿਆਨ ਵੀ ਕਹਿੰਦਾ ਹੈ ਸਾਡੇ ਗਿਆਨ ਦੇ ਵਾਧੇ ਨਾਲ ਸਾਡੀ ਅਗਿਆਨਤਾ ਵਿੱਚ ਵੀ ਉਸੇ ਅਨੁਪਾਤ ਨਾਲ ਵਾਧਾ ਹੋ ਰਿਹਾ ਹੈ।ਕਿਉਂਕਿ ਸਾਨੂੰ ਇਹ ਵੀ ਇਲਮ ਨਾਲੋ ਨਾਲ ਹੋ ਰਿਹਾ ਹੈ ਕਿ ਅਸੀ ਕੀ ਕੁਝ ਨਹੀਂ ਜਾਣਦੇ।ਨਿਊਟਿਨ ਦੀ ਖੋਜ਼ ਤੋਂ ਬਾਅਦ ਦੁਨੀਆਂ ਨੂੰ ਇਹ ਲੱਗਣ ਲਗ ਪਿਆ ਸੀ ਕਿ ਅਸੀਂ ਹੁਣ ਕੁਦਰਤ ਦੇ ਸਾਰੇ ਭੇਤ ਪਾ ਲਏ ਹਨ।ਅੰਗਰੇਜ਼ੀ ਕਵੀ ਅਲੈਗਜ਼ੈਂਡਿਰ ਪੋਪ ਨੇ ਉਸ ਦੀ ਕਬਰ ਤੇ ਲਿਖਣ ਲਈ ਇਹ ਦੋਹਾ ਉਚਾਰਿਆ ਸੀ।
Nature, and Nature’s Laws lay hid in Night
God said, Let Newton be! And all was Light.
ਪਰ ਫਿਰ ਆਈਨਸਟਾਈਨ ਨੇ ਆ ਕੇ ਸਭ ਕੁਝ ਬਦਲ ਦਿੱਤਾ ਅਤੇ ਵਿਗਿਆਨ ਨਿਊਟਿਨ ਦੀ ਕਲਾਸੀਕਲ ਫਿਜ਼ਿਕਸ ਤੋਂ ਕੁਐਂਟਿਮ ਫਿਜ਼ਿਕਸ ਰਾਹੀਂ ਅੇਮ ਥਿਊਰੀ ਤਕ ਪਹੁੰਚ ਕੇ ਵੀ ਸਿਰਫ ਇਹੀ ਦਾਅਵਾ ਕਰਨ ਦੇ ਕਾਬਲ ਹੋਇਆ ਹੈ ਕਿ ਅਸੀਂ ਤਾਂ ਹਾਲੇ ਬਹੁਤ ਹੀ ਘਟ ਜਾਣਦੇ ਹਾ।ਬਹੁਤ ਕੁਝ ਹੋਰ ਜਾਨਣ ਲਈ ਬਾਕੀ ਹੈ।ਇਸ ਸਬੰਧੀ ਆਈਨਸਟਾਈਨ ਨੇ ਇੱਕ ਜਗ੍ਹਾ ਬਹੁਤ ਹੀ ਖੁਬਸੂਰਤ ਇਕਬਾਲ ਕੀਤਾ ਕਿ ,“What I see in Nature is a magnificent structure that we can comprehend only very imperfectly, and that must fill a thinking person with a feeling of humility.”(1) ਖੈਰ ਇਨ੍ਹਾ ਨਿਰਾਸ਼ ਹੋਣ ਦੀ ਵੀ ਲੋੜ ਨਹੀਂ।ਬਿਲਾ ਸ਼ੱਕ ਅਸੀਂ ਕਾਦਰ ਅਤੇ ਉਸਦੀ ਕੁਦਰਤ ਨੂੰ ਮੁਕੰਮਲ ਤੌਰ ਤੇ ਨਹੀਂ ਜਾਣ ਸਕਦੇ ਪਰ ਅਸੀਂ ਉਸ ਨੂੰ ਸਮਝ ਜਰੂਰ ਸਕਦੇ ਹਾਂ।ਕਿਸੇ ਚੀਜ਼ ਦੀ ਮੁਕੰਮਲ ਜਾਣਕਾਰੀ ਹੋਣਾ ਅਤੇ ਉਸ ਦੀ ਸਮਝ ਹੋਣ ਵਿੱਚ ਫਰਕ ਹੈ।ਕਾਰ ਕਿਵੇਂ ਚਲਦੀ ਹੈ ਇਸਦੀ ਮੁਕੰਮਲ ਜਾਣਕਾਰੀ ਤਾਂ ਉਸ ਨੂੰ ਬਣਾਉਣ ਵਾਲਾ ਮਕੈਨਿਕ ਹੀ ਰੱਖਦਾ ਹੈ ਪਰ ਇਸ ਨੂੰ ਚਲਾਉਣ ਦੀ ਸਮਝ ਹਰ ਡਰਾਈਵਰ ਨੂੰ ਹੁੰਦੀ ਹੈ।ਆਈਨਸਟਾਈਨ ਦਾ ਹੀ ੱਿੲੱਕ ਹੋਰ ਕਥਨ ਹੈ ਕਿ “The most incomprehensible thing about the universe is that it is comprehensible.” (2) ਗੁਰਮਤਿ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਕਰਤੇ ਦਾ ਹੁਕਮ ਅਗਾਧ ਹੈ ਪਰ ਫਿਰ ਵੀ ਇਸ ਨੂੰ ਸਮਝਣ ਦੀ ਹਦਾਇਤ ਕੀਤੀ ਗਈ ਹੈ।ਬਲਕਿ ਇੱਥੋਂ ਤਕ ਕਿਹਾ ਗਿਆ ਹੈ ਕਿ ਹੁਕਮ ਬੱੁਝ ਕੇ ਹੀ ਸੱੁਖ ਪਾਇਆ ਜਾ ਸਕਦਾ ਹੈ।ਸੋ ਅਸੀਂ ਬੇਸ਼ੱਕ ਕਾਦਰ ਅਤੇ ਉਸਦੀ ਕੁਦਰਤ ਨੂੰ ਪੂਰੇ ਰੂਪ ਵਿੱਚ ਤਾਂ ਸ਼ਾਇਦ ਹੀ ਜਾਣ ਸਕੀਏ ਪਰ ਇਹ ਤਾਂ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਕਾਦਰ ਦਾ ਹੁਕਮ ਕਿਵੇਂ ਕੁਦਰਤ ਵਿੱਚ ਵਰਤ ਰਿਹਾ ਹੈ।ਜਦੋਂ ਅਸੀਂ ਇਹ ਸਮਝਦੇ ਹੀ ਕਿ ਗੁਰਬਾਣੀ ਕਾਦਰ ਅਤੇ ਉਸਦੀ ਕੁਦਰਤ ਵਾਰੇ ਕੀ ਕਹਿੰਦੀ ਹੈ ਤਾਂ ਸਾਨੂੰ ਪਤਾ ਲਗਦਾ ਹੈ ਕਿ ਗੁਰਬਾਣੀ ਵਿੱਚ ਰੱਬ ਦਾ ਸੰਕਲਪ ਕੀ ਹੈ।ਜਿਵੇਂ ਮੈਂ ਉਪਰ ਕਿਹਾ ਹੈ ਕਿ ਰੱਬ ਦੀ ਪ੍ਰੀਭਾਸ਼ਾ ਜਾਂ ਰੱਬ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀਆਂ ਸਤਰਾਂ ਵਿੱਚ ਹੀ ਅੰਕਿਤ ਕਰ ਦਿੱਤਾ ਗਿਆ ਹੈ।ਇਸ ਨੂੰ ਮੂਲ ਮੰਤ੍ਰ ਜਾਂ ਮੰਗਲਾਚਰਣ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।ਵੈਸੇ ਗੁਰਬਾਣੀ ਦਾ ਮੰਨਣਾ ਹੈ ਕਿ ਰੱਬ ਦੀ ਹਸਤੀ ਕਿਸੇ ਵੀ ਲਫਜ਼ਾਂ ਵਿੱਚ ਕੈਦ ਨਹੀਂ ਕੀਤੀ ਜਾ ਸਕਦੀ। ਸੋ ਇਸ ਪ੍ਰੀਭਾਸ਼ਾ ਦਾ ਮੁਖ ਮਨੋਰਥ ਰੱਬ ਨੂੰ ਚੰਦ ਲ਼ਫਜ਼ਾਂ ਵਿੱਚ ਬਿਆਨ ਕਰਨਾ ਨਹੀ ਬਲਕਿ ਇਹ ਸਾਡੇ ਲਈ ਇੱਕ ਚਿਤਾਵਨੀ ਜਾਂ ਸੇਧ ਹੈ ਕਿ ਅਸੀਂ ਗੁਰਬਾਣੀ ਦੇ ਅਰਥ ਇਸੇ ਪ੍ਰੀਭਾਸ਼ਾ ਜਾਂ ਸੰਕਲਪ ਅਨੁਸਾਰ ਕਰਨੇ ਤੇ ਸਮਝਣੇ ਹਨ।ਕਿਉਂਕਿ ਇਹ ਮੰਗਲਾਚਰਣ ਸਾਰੀ ਗੁਰਬਾਣੀ ਦਾ ਧੁਰਾ ਹੈ।ਗੁਰਬਾਣੀ ਨੂੰ ਸਮਝਣ ਵੇਲੇ ਇਸ ਸੇਧ ਤੋਂ ਅਗਰ ਅਸੀਂ ਭਟਕ ਜਾਂਦੇ ਹਾਂ ਤਾਂ ਗੁਰਬਾਣੀ ਦੇ ਤਾਂ ਗ਼ਲਤ ਅਰਥ ਕਰਾਂਗੇ ਹੀ ਬਲਕਿ ਆਪ ਵੀ ਕੁਰਾਹੇ ਪੈ ਧੱਕੇ ਹੀ ਖਾਂਦੇ ਰਹਾਂਗੇ।ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਹਰ ਮੋੜ ਤੇ ਇਸ ਸੰਕਲਪ ਜਾਂ ਪ੍ਰੀਭਾਸ਼ਾ ਨੂੰ ਸੰਪੂਰਨ ਜਾਂ ਸੰਖੇਪ ਰੂਪ ਵਿੱਚ ਨੋਟਿਸ ਬੋਰਡ ਦੀ ਤਰ੍ਹਾਂ ਸਜਾਇਆ ਗਿਆ ਹੈ।ਗੁਰਬਾਣੀ ਦੇ ਅਰਥਾਂ ਵਿੱਚ ਵਿਚਰਦਿਆਂ ਇਸ ਨੋਟਿਸ ਬੋਰਡ ਦੀ ਹਦਾਇਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਨੋਟਿਸ ਬੋਰਡ ਤੋਂ ਨਜ਼ਰ ਹਟਾਉਂਦਿਆਂ ਹੀ ਸਾਡੇ ਪੈਰ ਥਿੜਕ ਜਾਂਦੇ ਨੇ।
ਆਉ ਹੁਣ ਇਸ ਪ੍ਰੀਭਾਸ਼ਾ ਜਾਂ ਸੰਕਲਪ ਨੂੰ ਸਮਝਣ ਦਾ ਯਤਨ ਕਰੀਏ।ਪ੍ਰੀਭਾਸ਼ਾ ਦਾ ਪੂਰਾ ਪਾਠ ਇਸ ਤਰ੍ਹਾਂ ਹੈ।“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਇਸ ਪ੍ਰਭਿਾਸ਼ਾ ਦੇ ਤਿੰਨ ਹਿੱਸੇ ਕੀਤਿਆਂ ਇਸ ਨੂੰ ਸਮਝਣ ਵਿੱਚ ਕਾਫੀ ਅਸਾਨੀ ਹੋ ਜਾਂਦੀ ਹੈ।ਵੱਖ ਵੱਖ ਹਿੱਸਿਆਂ ਦੀ ਆਪਣੀ ਸਮਝ ਅਨੁਸਾਰ ਵਿਆਖਿਆ ਹੇਠਾਂ ਕਰ ਰਿਹਾਂ ਹਾਂ।
- ੴ ਤੋਂ ਪੁਰਖੁ ਤਕ – ਇਸ ਪਹਿਲੇ ਭਾਗ ਵਿੱਚ ਇਸ ਸਿ੍ਰਸ਼ਟੀ ਦੀ ਰਚਨਾ ਅਤੇ ਰਚਨਾ ਤੋਂ ਪਹਿਲੀ ਹਾਲਤ ਦਾ ਜ਼ਿਕਰ ਹੈ।ਗੁਰਬਾਣੀ ਵਿੱਚ ਰੱਬ ਨੂੰ ਰਚਨਾ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾਂਦਾ ਇਸ ਕਰਕੇ ਇਸ ਰਚਨਾ ਦੇ ਅਮਲ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ।ੴ ਜਿਸ ਨੂੰ ਏਕੰਕਾਰ ਜਾਂ ਓਅੰਕਾਰ ਕਹਿ ਕੇ ਬੋਲਿਆ ਜਾਂਦਾ ਹੈ ਕਰਤੇ ਦਾ ਇਸ ਪਸਾਰੇ ਤੋਂ ਪਹਿਲਾ ਰੂਪ ਹੈ।ਗੁਰਬਾਣੀ ਵਿੱਚ ਇਹ ਵਾਰ ਵਾਰ ਕਿਹਾ ਗਿਆ ਹੈ ਕਿ ਬ੍ਰਹਮੰਡ ਦਾ ਪਸਾਰਾ ਕਈ ਵਾਰ ਹੋ ਚੁੱਕਾ ਹੈ ਅਤੇ ਜਦੋਂ ਇਹ ਪਸਾਰਾ ਸਿਮਟਦਾ ਹੈ ਤਾ ਕਰਤਾ ਮੁੜ ਏਕੰਕਾਰ ਹੋ ਜਾਂਦਾ ਹੈ।“ਸਾਂਗੁ ਉਤਾਰਿ ਥਮਮਿ੍ਹਓ ਪਸਾਰਾ॥ਤਬ ਏਕੋ ਏਕੰਕਾਰਾ॥” ਪੰਨਾ 736। ਇਸ ਅਵਸਥਾ ਨੂੰ ਗੁਰਬਾਣੀ ਵਿੱਚ ਸੁੰਨ ਵੀ ਆਖਿਆ ਗਿਆ ਹੈ।ਇਸ ਨੂੰ ਗਣਿਤ ਦੇ ਹਿੰਦਸੇ 1 (ਇੱਕ) ਨਾਲ ਵੀ ਚਿਤਰਿਆ ਗਿਆ ਹੈ।ਪਸਾਰਾ ਅਨੇਕ ਹੈ ਅਤੇ ਪਸਾਰੇ ਤੋਂ ਪਹਿਲਾਂ ਇੱਕ ਸੀ ਅਤੇ ਹੈ।ਮਜ਼ੇਦਾਰ ਗੱਲ ਹੈ ਕਿ ਵਿਗਿਆਨ ਵੀ ਬਿੱਗ ਬੈਂਗ (ਜਿਸ ਰਾਹੀਂ ਸਾਰੀ ਸਿ੍ਰਸ਼ਟੀ ਬਣੀ) ਤੋਂ ਪਹਿਲੀ ਅਵਸਥਾ ਨੂੰ ਸਿੰਗੂਲੈਰਟੀ ਕਹਿ ਕੇ ਪੁਕਾਰਦਾ ਹੈ।ਇਹ ਵਿਗਿਆਨ ਅਤੇ ਗੁਰਬਾਣੀ ਵਿੱਚਲੀ ਬੜੀ ਸੁਆਦਲੀ ਸਾਂਝ ਹੈ।ਸਤਿ ਤੋਂ ਭਾਵ ਹੈ ਕਿ ਗੁਰਮਤਿ ਦਾ ਰੱਬ ਸਦਾ ਸਦਾ ਲਈ ਹੈ।ਪਸਾਰੇ ਤੋਂ ਪਹਿਲਾਂ ਵੀ , ਹੁਣ ਵੀ ਅਤੇ ਬਾਅਦ ਵਿੱਚ ਵੀ ਉਸ ਦੀ ਹੋਂਦ ਸੀ ਅਤੇ ਰਹੇਗੀ।ਕਰਤੇ ਵਾਰੇ ਗੁਰਬਾਣੀ ਵਾਰ ਵਾਰ ਕਹਿੰਦੀ ਹੈ ਕਿ ਉਹ ਮਾਜ਼ੀ ਜਾਂ ਭੁਤ ਕਾਲ ਵਿੱਚ ਵੀ ਸੀ ਅਤੇ ਹੁਣ ਵੀ ਹੈ ਅਤੇ ਆਉਣ ਵਾਲੇ ਸਮੇ ਵਿੱਚ ਵੀ ਰਹੇਗਾ।“ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ਪੰਨਾ 1”।ਨਾਮੁ ਕਰਤੇ ਦੇ ਹੁਕਮ ਦਾ ਬੋਧਿਕ ਹੈ।ਭਾਵ ਜੋ ਕਰਤੇ ਨੇ ਨਿਯਮ ਸਿ੍ਰਸ਼ਟੀ ਸਾਜਣ ਲਈ ਰਚੇ ਉਹਨਾਂ ਨਿਯਮਾਂ ਦਾ ਲਖਾਇਕ ਹੈ।ਇਸੇ ਕਰਕੇ ਸਤਿ ਨਾਮੁ ਨੂੰ ਕਰਤੇ ਦਾ ਪਰਾ ਪੁਰਬਲਾ ਨਾਂ ਕਿਹਾ ਗਿਆ ਹੈ।ਹੁਕਮ ਕਰਤੇ ਦੇ ਉਹ ਨਿਯਮ ਹਨ ਜਿਹਨਾਂ ਤਹਿਤ ਇਹ ਪਸਾਰਾ ਹੋਇਆ ਅਤੇ ਹੋ ਰਿਹਾ ਹੈ।ਜਪੁ ਦੀ ਦੂਜੀ ਪੌੜੀ ਵਿੱਚ ਹੀ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਿ ਸਾਰੀ ਕਾਇਨਾਤ ਜਾਂ ਕੌਜ਼ਮੌਸ ਇਸ ਹੁਕਮ ਅੰਦਰ ਹੀ ਪੈਦਾ ਹੋਈ ਹੈ ਅਤੇ ਹੋ ਰਹੀ ਹੈ।ਨਾਲ ਇਹ ਵੀ ਕਹਿ ਦਿੱਤਾ ਕਿ ਇਸ ਹੁਕਮ ਨੂੰ ਕੋਈ ਵੀ ਸੰਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ।ਇਸ ਗੱਲ ਨਾਲ ਵਿਗਿਆਨ ਵੀ ਸਹਿਮਤ ਹੈ।ਕੁਝ ਨਿਯਮਾਂ ਤਹਿਤ ਹੀ ਬਿੱਗ ਬੈਂਗ ਹੋਇਆ।ਇਹਨਾਂ ਨਿਯਮਾਂ ਤਹਿਤ ਹੀ ਸਾਰਾ ਬ੍ਰਹਮੰਡ ਚਲ ਰਿਹਾ ਹੈ।ਗੁਰਬਾਣੀ ਵਿੱਚ ਰੱਬ ਨੂੰ ਕਰਤਾ ਜਾਂ ਕਰਤਾਰ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ।ਕਰਤਾ ਤੋਂ ਭਾਵ ਇਹ ਹੈ ਕਿ ਇਸ ਪਸਾਰੇ ਦਾ ਕਰਤਾ ਉਹ ਹੁਕਮ ਹੀ ਹੈ ਜਾਂ ਸਤਿ ਨਾਮ ਹੀ ਹੈ।ਇਹ ਗੱਲ ਹੁਣ ਸਾਬਤ ਹੋ ਚੁੱਕੀ ਹੈ ਕਿ ਇਹ ਜੋ ਪਸਾਰਾ ਹੋ ਰਿਹਾ ਹੈ ਇਹ ਕਰਤੇ ਦੇ ਹੁਕਮ ਜਾਂ ਨਿਯਮਾਂ ਤਹਿਤ ਹੀ ਹੋ ਰਿਹਾ ਹੈ।ਇੱਥੇ ਕਰਤੇ ਦੇ ਸੰਕਲਪ ਨੂੰ ਪ੍ਰੰਪਰਗਤ ਧਰਮਾਂ ਦੇ ਕਰੀਏਸ਼ਨਿਸਟ (Creationist) ਵਾਲੇ ਸੰਕਲਪ ਤੋਂ ਨਿਖੇੜਨਾ ਜ਼ਰੂਰੀ ਹੈ।ਇਹ ਵਖਰੇਵਾਂ ਗੁਰੂ ਸਾਹਿਬ ਨੇ ਕਰਤਾ ਨਾਲ ਪੁਰਖ ਜੋੜ ਕੇ ਕਰ ਦਿੱਤਾ ਹੈ।ਪੁਰਖ ਤੋਂ ਭਾਵ ਹੈ ਕਿ ਕਰਤਾ ਆਪਣੀ ਇਸ ਰਚਨਾ ਵਿੱਚ ਹੀ ਵਿਰਾਜਮਾਨ ਹੈ।ਇੱਥੇ ਇਹ ਵੀ ਵਰਣਨ ਯੋਗ ਗੱਲ ਹੈ ਕਿ ਕਰਤੇ ਦੇ ਨਾਲ ਪੁਰਖ ਲਿਖਣ ਨਾਲ ਗੁਰਬਾਣੀ ਦੀ ਇਹ ਪ੍ਰੀਭਾਸ਼ਾ ਗੁਰਮਤਿ ਦੇ ਰੱਬ ਨੂੰ ਸਾਮੀ ਧਰਮਾਂ ਦੇ ਨਿਰਮਾਣਵਾਦੀ (Creationist) ਰੱਬ ਦੇ ਸੰਕਲਪ ਨਾਲੋਂ ਤੋੜ ਕੇ ਵਿਗਿਆਨ ਦੇ ਅੇਵੋਲੂਸ਼ਨ ਦੇ ਸਿਧਾਂਤ ਦੇ ਨੇੜੇ ਕਰ ਦਿੰਦੀ ਹੈ।ਇਸ ਕਾਇਨਾਤ ਦੀ ਸਿਰਜਣਾ ਇਸ ਕਾਇਨਾਤ ਵਿੱਚ ਸਮਾਏ ਹੁਕਮ ਜਾਂ ਨਿਯਮਾਂ ਤਹਿਤ ਹੀ ਹੋਈ ਅਤੇ ਹੋ ਰਹੀ ਹੈ।ਇਸ ਸਿਰਜਣਾ ਕੋਈ ਬਾਹਰੀ ਹਸਤੀ ਨਹੀਂ ਕਰ ਰਹੀ। ਗੁਰਬਾਣੀ ਦੇ ਰੱਬ ਦੀ ਹਸਤੀ ਇਸ ਕਾਇਨਾਤ ਤੋਂ ਅਲਿਹਦਾ ਨਹੀਂ ਹੈ।ਗੁਰਬਾਣੀ ਅਨੁਸਾਰ ਸਾਰੀ ਕਾਇਨਾਤ ਰੱਬ ਦੀ ਹਸਤੀ ਨਾਲ ਭਰਪੂਰ ਹੈ।ਨਿਰਮਾਣਵਾਦ ਅਨੁਸਾਰ ਸਿਰਜਣਹਾਰ ਆਪਣੀ ਸਿਰਜਣਾ ਤੋਂ ਅਲਿਹਦਾ ਹਸਤੀ ਰੱਖਦਾ ਹੈ ਪਰ ਗੁਰਮਤਿ ਦਾ ਰੱਬ ਆਪਣੀ ਸਿਰਜਣਾ ਤੋਂ ਅੱਡ ਨਹੀ ਹੈ।ਉਹ ਕਰਤਾ ਪੁਰਖ ਹੈ।ਅਕਾਲ ਪੁਰਖ ਹੈ।
- ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ- ਪ੍ਰੀਭਾਸ਼ਾ ਦੇ ਇਸ ਦੂਜੇ ਭਾਗ ਵਿੱਚ ਰੱਬ ਨੂੰ ਅਤੇ ਉਸ ਦੇ ਹੁਕਮ ਨੂੰ ਖਾਸ ਵਿਸ਼ੇਸ਼ਣ ਦੇ ਕੇ ਇਸ ਬ੍ਰਹਮੰਡ ਦੀ ਰਚਨ ਕਿਰਿਆ ਨੁੰ ਸਮਝਾਇਆ ਗਿਆ ਹੈ।ਨੋਟ ਕਰਨ ਵਾਲੀ ਗੱਲ ਇਹ ਹੈ ਕਿ ਰੱਬ ਨੂੰ ਸਰਬ ਸ਼ਕਤੀਮਾਨ, ਸਰਬੱਗ ਜਾਂ ਸਰਬਵਿਆਪੀ ਅਦਿਕ ਆਮ ਦਿੱਤੇ ਜਾਂਦੇ ਵਿਸ਼ੇਸ਼ਣ ਨਹੀਂ ਦਿੱਤੇ ਗਏ।ਇਹਨਾਂ ਵਿਸ਼ੇਸਣਾ ਦੀ ਲੋੜ ਤਾਂ ਪੈਂਦੀ ਜੇ ਰੱਬ ਦਾ ਕੋਈ ਸ਼ਰੀਕ ਹੋਵੇ ਜਾਂ ਉਹ ਇਸ ਸਿ੍ਰਸ਼ਟੀ ਤੋਂ ਅਲਹਿਦਾ ਹੋਵੇ।ਕਰਤੇ ਦੇ ਹੁਕਮ ਦੀ ਪ੍ਰਕਿਰਿਆ ਬਿਨਾ ਕਿਸੇ ਭੈ ਦੇ ਬੇਰੋਕ ਅਟੱਲ ਵਰਤ ਰਹੀ ਹੈ।ਉਹ ਨਿਰਭਉ ਹੈ।ਬਾਕੀ ਸਾਰੀ ਸਿ੍ਰਸ਼ਟੀ ਉਸ ਦੇ ਭੈ ਵਿੱਚ ਹੈ।ਉਹ ਨਿਰਵੈਰ ਹੈ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜੋ ਉਸ ਨੂੰ ਪੱਖਪਾਤ ਕਰਨ ਲਈ ਮਜਬੂਰ ਕਰੇ।ਉਸ ਦਾ ਹੁਕਮ ਬਿਨਾ ਕਿਸੇ ਰੋਕ ਟੋਕ ਅਤੇ ਪੱਖਪਾਤ ਦੇ ਵਰਤ ਰਿਹਾ ਹੈ।ਨਿਰਵੈਰ ਹੋਣ ਲਈ ਨਿਰਭਉ ਹੋਣਾ ਬਹੁਤ ਜ਼ਰੂਰੀ ਹੈ।ਕਰਤਾਰ ਨੂੰ ਅਕਾਲ ਮੂਰਤਿ ਕਹਿਣ ਦਾ ਭਾਵ ਇਹ ਹੈ ਕਿ ਉਹ ਸਮੇ ਦੇ ਬੰਧਨ ਤੋਂ ਬਾਹਰ ਹੈ।ਪ੍ਰੰਪਰਾਗਤ ਧਰਮਾਂ ਵਾਲੇ ਰੱਬ ਨੂੰ ਅਮਰ ਕਹਿੰਦੇ ਸੁਣੀਂਦੇ ਨੇ ਪਰ ਕਿਸੇ ਨੇ ਉਸ ਨੂੰ ਸਮੇ ਦੀ ਪਕੜ ਤੋਂ ਬਾਹਰ ਨਹੀਂ ਕਿਹਾ।ਕਰਤੇ ਨੂੰ ਅਕਾਲ ਮੂਰਤਿ ਕਹਿਣਾ ਗੁਰ ਨਾਨਕ ਸਾਹਿਬ ਦੀ ਵਿਗਿਆਨਿਕ ਸੋਚ ਦਾ ਸਬੂਤ ਹੈ।ਦੁਨੀਆਂ ਵਿੱਚ ਸਭ ਕੁਝ ਸਮੇਂ ਅੰਦਰ ਕੈਦ ਹੈ।ਸਭ ਦੀ ਇੱਕ ਉਮਰ ਹੈ।ਸੂਰਜ ਦੀ ਵੀ ਉਮਰ ਹੈ।ਇੱਕ ਸਮੇ ਬਾਅਦ ਉਸ ਦੀ ਵੀ ਮੌਤ ਲਾਜ਼ਮੀ ਹੈ।ਪੂਰੇ ਬ੍ਰਹਮੰਡ ਦੀ ਉਮਰ ਨਿਰਧਾਰਿਤ ਹੈ।ਪਰ ਕਰਤਾਰ ਇਸ ਸਮੇਂ ਦੇ ਬੰਧਨ ਤੋਂ ਅਜ਼ਾਦ ਹੈ।ਸੋ ਅਗਰ ਕਰਤਾਰ ਸਮੇ ਦੀ ਕੈਦ ਵਿੱਚ ਨਹੀਂ ਹੈ ਤਾਂ ਫਿਰ ਨਾ ਉਸ ਦੀ ਮੌਤ ਹੈ ਨ ਹੀ ਜਨਮ।ਇਸ ਲਈ ਉਹ ਅਜੂਨੀ ਵੀ ਹੈ।ਉਹ ਨ ਜੰਮਦਾ ਏ ਨ ਮਰਦਾ ਏ।ਫਿਰ ਸਵਾਲ ਉਠਦਾ ਹੈ ਕਿ ਕਰਤਾਰ ਦੀ ਹੋਂਦ ਕਿਵੇਂ ਹੈ?ਅਗਰ ਉਹ ਜਨਮ ਨਹੀਂ ਲੈਂਦਾ ਤਾ ਫਿਰ ਉਸ ਦੀ ਹੋਂਦ ਕਿਵੇਂ ਕਾਇਮ ਹੋਈ।ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹ ਸਦਾ ਸਦਾ ਲਈ ਹੈ ਪਰ ਉਹ ਆਇਆ ਕਿਵੇਂ ਅਤੇ ਕਿੱਥੋਂ।ਇਸ ਦਾ ਜਵਾਬ ਗੁਰੂ ਸਾਹਿਬ ਸੈਭੰ ਕਹਿ ਕੇ ਦਿੰਦੇ ਨੇ।ਸੈਭੰ ਦਾ ਮਤਲਬ ਜੋ ਆਪਣੇ ਆਪ ਹੀ ਹੋਂਦ ਵਿੱਚ ਆਇਆ ਹੋਵੇ।ਇਹ ਕਿਵੇਂ ਹੋਇਆ ਇਸ ਦਾ ਕਿਸੇ ਨੂੰ ਕੋਈ ਇਲਮ ਨਹੀਂ।ਨ ਹੀ ਹੋਣ ਦੀ ਸੰਭਾਵਨਾ ਹੈ।ਵਿਗਿਆਨ ਵੀ ਇੱਥੇ ਆਕੇ ਚੁੱਪ ਹੈ।ਵਿਗਿਆਨ ਬਿੱਗ ਬੈਂਗ ਤੋਂ ਪਿੱਛੇ ਜਾ ਕੇ ਝਾਕਣ ਵਿੱਚ ਅਸਮਰੱਥ ਹੈ।ਇਹ ਜਾਨਣ ਲਈ ਤਾਂ ਸਾਨੂੰ ਇਸ ਬ੍ਰਹਮੰਡ ਦੀ ਉਤਪਤੀ ਤੋਂ ਵੀ ਪਹਿਲਾਂ ਵਾਲੇ ਸਮੇ ਵਿੱਚ ਜਾਣਾ ਪਏਗਾ।ਪਰ ਉਸ ਵੇਲੇ ਤਾਂ ਸਮੇਂ ਦੀ ਖੁਦ ਵੀ ਹੋਂਦ ਨਹੀਂ ਸੀ।ਸਮਾ ਵੀ ਪੈਦਾ ਨਹੀਂ ਸੀ ਹੋਇਆ।ਸਮਾਂ ਵੀ ਬ੍ਰਹਮੰਡ ਦੇ ਨਾਲ ਹੀ ਪੈਦਾ ਹੋਇਆ।ਕੋਈ ਸਥਾਨ ਵੀ ਹੋਂਦ ਵਿੱਚ ਨਹੀਂ ਸੀ ਆਇਆ।ਪਰ ਉਸ ਵੇਲੇ ਵੀ ਉਹ ਸੀ।ਸੁੰਨ ਅਵਸਥਾ ਵਿੱਚ।ੴ ਜਾ ਏਕੰਕਾਰ।ਸਮੇ ਅਤੇ ਸਥਾਨ ਤੋਂ ਅਜ਼ਾਦ ਹੋਂਦ ਸੈਭੰ ਨਹੀਂ ਤਾਂ ਹੋਰ ਕੀ ਹੈ।ਉਹਨੇ ਆਪ ਹੀ ਆਪਣੇ ਆਪ ਨੂੰ ਸਿਰਜਿਆ ਤੇ ਫਿਰ ਆਪ ਹੀ ਆਪਣੇ ਹੁਕਮ ਦੀ ਰਚਨਾ ਕਰ ਇਹ ਕੁਦਰਤ ਸਾਜੀ ਜਿਸ ਅੰਦਰ ੳਹ ਭਰਪੂਰ ਸਮਾਇਆ ਹੋਇਆ ਹੈ।ਗੁਰੂ ਤਾਂ ਵਸ ਉਸਦੇ ਬਲਿਹਾਰੇ ਜਾਂਦਾ ਹੈ।ਕੁਝ ਸੱਜਣ ਰੱਬ ਨੂੰ “ਬ੍ਰਹਮੰਡੀ ਨਿਯਮ-ਤੰਤਰ” ਕਹਿ ਕੇ ਪ੍ਰੀਭਾਸ਼ਿਤ ਕਰਦੇ ਨੇ।ਇਸ ਸਹੀ ਨਹੀਂ ਜਾਪਦਾ ਕਿਉਂਕਿ ਰੱਬ ਤਾਂ ਇਸ ਬ੍ਰਹਮੰਡ ਦੇ ਨਿਯਮਾਂ ਦੇ ਹੋਂਦ ਵਿੱਚ ਆੳਣ ਤੋਂ ਪਹਿਲਾਂ ਵੀ ਸੀ।ਜਦੋਂ ਇਹ ਬ੍ਰਹਮੰਡ ਸਿਮਟ ਕੇ, ਭਾਵ ਵਿਗਿਆਨੀਆਂ ਦੇ ਕਹਿਣ ਮੁਤਾਬਿਕ ਬਿੱਗ ਕਰੰਚ ਤੋਂ ਬਾਅਦ, ਮੁੜ ਏਕੰਕਾਰ ਦੀ ਅਵਸਥਾ ਵਿੱਚ ਜਾਂਦਾ ਹੈ ਤਾਂ ਇਹ ਸਾਰੇ ਨਿਯਮ ਖਤਮ ਹੋ ਜਾਂਦੇ ਨੇ।ਪਰ ੴ ਜਾਂ ਏਕੰਕਾਰ ਤਾਂ ਉਦੋਂ ਵੀ ਰਹੇਗਾ।ਕਿਉਂਕਿ ਉਹ ਤਾਂ ਆਦਿ ਸੱਚ, ਜੁਗਾਦਿ ਸੱਚ,ਹੈ ਭੀ ਸੱਚ ਅਤੇ ਹੋਸੀ ਭੀ ਸੱਚ ਹੈ।ਅੱਜ ਕਲ ਵਾਹਿ ਗੁਰੂ ਦਾ ਵਿਗੜਿਆ ਰੁਪ ਵਾਹਿਗੁਰੂ ਸਿੱਖਾ ਅੰਦਰ ਰੱਬ ਲਈ ਬਾਕੀ ਸਾਰੇ ਨਾਵਾਂ ਤੇ ਭਾਰੀ ਪੈ ਰਿਹਾ ਹੈ।ਮੇਰੀ ਸਮਝ ਅਨੁਸਾਰ ਰੱਬ ਦੇ ਜੋ ਨਾਮ ਸਿੱਖਾਂ ਵਿੱਚ ਪਹਿਲਾਂ ਕਾਫੀ ਪ੍ਰਚਲਤ ਸਨ ਜਿਵੇ ਅਕਾਲ ਪੁਰਖ, ਕਰਤਾਰ ਅਤੇ ਜੋ ਹੁਣ ਹੋਲੀ ਹੋਲੀ ਅਲੋਪ ਹੋ ਰਹੇ ਨੇ ਗੁਰਮਤਿ ਦੇ ਰੱਬ ਦੀ ਜ਼ਿਆਦਾ ਸਹੀ ਤਰਜਮਾਨੀ ਕਰਦੇ ਨੇ।ਇੱਕ ਹੋਰ ਗੱਲ ਵੀ ਕਾਬਲੇ ਗੌਰ ਹੈ।
- ਗੁਰ ਪ੍ਰਸਾਦਿ –ਇਸ ਪ੍ਰੀਭਾਸ਼ਾ ਦੇ ਤੀਜੇ ਭਾਗ ਵਿੱਚ ਗੁਰੂ ਸਾਨੂੰ ਇਹ ਸਮਝਾਉਂਦੇ ਹਨ ਕਿ ਜਿਸ ਰੱਬ ਦੀ ਉਹ ਵਿਆਖਿਆ ਕਰ ਰਹੇ ਨੇ ਉਸ ਦੀ ਸੋਝੀ ਕਿਵੇਂ ਹੁੰਦੀ ਹੈ।ਇਸ ਦਾ ਇੱਕੋ ਇੱਕ ਤਰੀਕਾ ਗੁਰੂ ਜਾਣੀ ਬਿਬੇਕ ਬੁੱਧ ਹੈ ਜੋ ਸੱਚ ਝੂਠ ਦੀ ਪਰਖ ਕਰ ਸਕੇ।ਇਹ ਗੱਲ ਕਿਸੇ ਸਬੂਤ ਦੀ ਤਲਬਗਾਰ ਨਹੀ ਕਿ ਜਿਉਂ ਹੀ ਬੰਦਾ ਬਿਬੇਕ ਬੁੱਧ ਤੋਂ ਦੁਰ ਗਇਆ ਹੈ ਤਾਂ ਉਹ ਸਹੀ ਰਾਹ ਤੋਂ ਭਟਕਿਆ ਹੈ।ਉਹ ਰੱਬ ਦੇ ਰਾਹ ਤੋਂ ਕੁਰਾਹੇ ਪੈ ਪੁਜਾਰੀ ਦੇ ਚੁੰਗਲ ਵਿੱਚ ਫਸਿਆ ਹੈ।ਕਰਮ ਕਾਂਢ ਦੇ ਚਿੱਕੜ ਵਿੱਚ ਲਿਬੜਿਆ ਹੈ।ਇਸੇ ਕਰਕੇ ਗੁਰੂ ਸਾਨੂੰ ਗਿਆਨ ਦੇ ਲੜ ਲਾਉਂਦੇ ਨੇ, ਅਕਲ ਨਾਲ ਜੋੜਦੇ ਨੇ, ਗੁਰੂ ਗ੍ਰੰੰਥ ਸਾਹਿਬ ਵਿੱਚ ਪੈਰ ਪੈਰ ਤੇ ਬਿਬੇਕਸ਼ੀਲ ਹੋਣ ਲਈ ਆਖਦੇ ਨੇ।ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰੰਪਰਾਗਤ ਧਰਮਾਂ ਵਾਂਙ ਗੁਰੂ ਨੇ ਸਾਨੂੰ ਸ਼ਰਧਾ ਦੇ ਲੜ ਨਹੀਂ ਲਾਇਆ ਬਲਕਿ ਅਕਲ ਦੇ ਲੜ ਲਾਇਆ ਹੈ।ਪ੍ਰੰਪਰਾਗਤ ਧਰਮਾਂ ਵਿੱਚ ਸ਼ਰਧਾ ਨੂੰ ਉਚਤਮ ਸਥਾਨ ੱਿਦੱਤਾ ਜਾਂਦਾ ਹੈ।ਸ਼ਰਧਾ ਦੀ ਵਰਤੋਂ ਅਕਲ ਨੂੰ ਚੁੱਪ ਕਰਾਉਣ ਲਈ ਕੀਤੀ ਜਾਂਦੀ ਹੈ।ਗੁਰੂ ਸਾਨੂੰ ਹਰ ਕੰਮ ਅਕਲ ਨਾਲ ਕਰਨ ਲਈ ਆਖਦੇ ਨੇ।
ਰੱਬ ਦੀ ਇਹ ਪ੍ਰੀਭਾਸ਼ਾ ਧਰਮ ਦੀ ਦੁਨੀਆਂ ਵਿੱਚ ਇਨਕਲਾਬ ਸੀ ਅਤੇ ਹੈ।ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨੇ ਪ੍ਰੰਪਰਾਗਤ ਰੱਬ ਦਾ ਤਖਤਾ ਪਲਟਦੇ ਨੇ।ਕਾਸ਼ ਸਿੱਖ ਇਨ੍ਹਾਂ ਦੇ ਪਾਠ ਦਾ ਕਰਮ ਕਾਂਡ ਕਰਨ ਦੀ ਵਜਾਏ ਇਨ੍ਹਾਂ ਨੂੰ ਸਮਝ ਅਮਲ ਕਰਦੇ।ਇਸ ਪ੍ਰੀਭਾਸ਼ਾ ਜਾਂ ਸੰਕਲਪ ਦਾ ਗੁਰੂ ਗ੍ਰੰਥ ਸਾਹਿਬ ਵਿੱਚ 567 ਵਾਰੀ ਆਉਣਾ ਪਾਠਕ ਲਈ ਪੈਰ ਪੈਰ ਤੇ ਦਿਤਾ ਹੋਇਆ ਦਿਸ਼ਾ ਨਿਰਦੇਸ਼ ਹੈ ਕਿ ਬਾਣੀ ਸਮਝਣ ਵੇਲੇ ਟਪਲਾ ਨਹੀਂ ਖਾਣਾ।ਮੂਲ ਮੰਤਰ ਗੁਰੂ ਸਾਹਿਬ ਦੀ ਸੰਪਾਦਕੀ ਕਲਾ ਦਾ ਵੀ ਇੱਕ ਬੇਮਿਸਾਲ ਨਮੂਨਾ ਹੈ।ਮੂਲ ਮੰਤਰ ਇਸ ਗਲ ਨੂੰ ਪੱਕੀ ਕਰਨ ਲਈ ਕਿ ਬਾਣੀ ਦੇ ਅਰਥ ਕਰਨ ਵੇਲੇ ਇਹ ਸਮਝਿਆ ਜਾਏ ਕਿ ਰੱਬ ਸਚਮੁਚ ਹੀ ਸਭ ਲਈ ਇੱਕ ਹੈ।ਇੱਕ ਇਸ ਲਈ ਨਹੀਂ ਕਿ ਉਹ ਇੱਕ ਹੈ ਬਲਕਿ ਇਸ ਲਈ ਕਿ ਉਸ ਬਨਾ ਹੋਰ ਕੁਝ ਹੈ ਹੀ ਨਹੀਂ। ਇਸ ਲਈ ਕਿ ਉਹ ਸਾਰੀ ਸਿ੍ਰਸ਼ਟੀ ਵਿੱਚ ਸਮੋਇਆਂ ਹੋਇਆ ਹੈ,ਹਰ ਕੋਨੇ ਹਰ ਖੂੰਜੇ ਭਰਪੂਰ ਹੈ, ਉਸਨੂੰ ਕੋਈ ਸਥਾਪਤ ਨਹੀਂ ਕਰ ਸਕਦਾ, ਨ ਹੀ ਉਹ ਅਵਤਾਰ ਧਾਰਦਾ ਹੈ, ੳਸਦੇ ਬਣਾਏ ਨਿਯਮ ਬਦਲੇ ਨਹੀੰ ਜਾ ਸਕਦੇ ਭਾਵ ਕੋਈ ਕਰਾਮਾਤ ਨਹੀ ਹੋ ਸਕਦੀ, ੳਸਨੂੰ ਮਿਲਣ ਲਈ ਜਾਂ ਸਮਝਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਭਾਵ ਕਿਸੇ ਪੁਜਾਰੀ ਦੀ ਲੋੜ ਨਹੀਂ।ਸਿਰਫ ਬਿਬੇਕ ਬੁਧ ਹੀ ਚਾਹੀਦੀ ਹੈ।ਉਸ ਦਾ ਕੋਈ ਖਾਸ ਨਾਮ ਨਹੀਂ ੳਸ ਦਾ ਨਾਮ ਉਸ ਦਾ ਹੁਕਮ ਹੀ ਹੈ ਜਿਸ ਨੂੰ ਸਮਝਣਾ ਹੀ ਜਪਣਾ ਹੈ।ਇਸੇ ਕਰਕੇ ਉਸਦੇ ਕਿਰਤਮ ਨਾਮ ਨਕਾਰ ਕੇ ਸਿਰਫ ਸਤਿ ਨਾਮ (ਭਾਵ ਉਹ ਅਟੱਲ ਨਿਯਮ ਜਿਹਨਾਂ ਰਾਹੀਂ ਉਹ ਇਕ ਤੋਂ ਅਨੇਕ ਹੋਇਆ ਹੈ) ਨੂੰ ਹੀ ਪਰਾ ਪੁਰਬਲਾ ਕਿਹਾ ਗਿਆ ਹੈ।ਅਗਰ ਇੰਨ੍ਹੀ ਜਬਰਦਸਤ ਹਦਾਇਤ ਅਤੇ ਪੈਰ ਪੈਰ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲਗਿਆ ਟਪਲਾ ਖਾਂਦਾ ਹੈ ਫਿਰ ਤਾਂ ਇਹ ਹੀ ਕਿਹਾ ਜਾ ਸਕਦਾ ਹੈ:“ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਉ ਸਿਖਾ ਮਹਿ ਚੂਕ॥” ਪੰਨਾ 1372।
ਗੁਰਮਤਿ ਅਤੇ ਵਿਗਿਆਨ ਦੀ ਸਾਂਝ
ਇਸ ਨੂੰ ਇੱਕ ਇਤਫਾਕ ਕਹਿ ਲਉ ਜਾ ਹੋਰ ਕੁਝ।ਗੁਰੂ ਗ੍ਰੰਥ ਸਾਹਿਬ ਦਾ ਕਰਤੇ ਜਾਂ ਰੱਬ ਦਾ ਇਹ ਸੰਕਲਪ ਵਿਗਿਆਨ ਦੇ ਬਹੁਤ ਨੇੜੇ ਹੈ।ਆਪਾਂ ਲੇਖ ਦੇ ਸ਼ੁਰੂ ਵਿੱਚ ਦੋ ਸਵਾਲਾਂ ਦਾ ਜ਼ਿਕਰ ਕੀਤਾ ਸੀ ਜੋ ਮਨੁੱਖ ਨੂੰ ਆਦਿ ਕਾਲ ਤੋਂ ਹੀ ਪਰੇਸ਼ਾਨ ਕਰ ਰਹੇ ਨੇ।ਵਿਗਿਆਨ ਵਿੱਚ ਡਾਰਵਿਨ ਦਾ ਕੁਦਰਤੀ ਚੋਣ ਦਾ ਸਿਧਾਂਤ ਪਹਿਲੇ ਸਵਾਲ ਦਾ ਸਟੀਕ ਜਵਾਬ ਮੰਨਿਆ ਗਿਆ ਹੈ ਅਤੇ ਦੂਜੇ ਸਵਾਲ ਦਾ ਜਵਾਬ ਆਈਨਸਟਇਨ ਦਾ ਸਪੇਖਤਾ ਦਾ ਸਿਧਾਂਤ।ਇਸ ਬ੍ਰਹਮੰਡ ਦੇ ਪਸਾਰੇ ਤੋ ਪਹਿਲਾਂ ਗੁਰਬਾਣੀ ਅਨੁਸਾਰ ਕਰਤੇ ਦਾ ਰੂਪ ੴ ਜਾਂ ਏਕੰਕਾਰ ਸੀ।ਇਸ ਨੂੰ ਸੁੰਨ ਅਵਸਥਾ ਵੀ ਕਿਹਾ ਗਿਆ ਹੈ।ਗੁਰੂ ਗ੍ਰੰਥ ਸਾਹਿਬ ਦੇ ਇਸ ਏਕੰਕਾਰ ਦੇ ਸੰਕਪਲ ਨਾਲ ਵਿਗਿਆਨ ਦਾ ਸਿੰਗੁਲੈਰਟੀ (Singularity) ਦਾ ਸੰਕਲਪ ਕਾਫੀ ਮੇਲ ਖਾਂਦਾ ਹੈ।ਗੁਰਬਾਣੀ ਕਰਤੇ ਦੀ ਕੁਦਰਤ ਥਾਂ ਥਾਂ ਤੇ ਨੂੰ ਅਗੰੰਮ ਅਗੋਚਰ ਆਖਦੀ ਹੈ ਇਹ ਗੱਲ ਹੁਣ ਵਿਗਿਆਨ ਵੀ ਮੰਨਦਾ ਹੈ ਸਾਡੇ ਗਿਆਨ ਦੇ ਵਧਣ ਨਾਲ ਕੁਦਰਤ ਵਾਰੇ ਸਾਡੀ ਅਗਿਆਨਤਾ ਵਿੱਚ ਵੀ ਉਨ੍ਹਾਂ ਹੀ ਵਾਧਾ ਹੋ ਰਿਹਾ ਹੈ।ਕਿਉਂਕਿ ਸਾਨੂਂ ਇਸ ਸੋਝੀ ਵੀ ਹੋ ਰਹੀ ਹੈ ਕਿ ਅਸੀਂ ਕੀ ਕੁਝ ਨਹੀਂ ਜਾਣਦੇ।ਗੁਰਬਾਣੀ ਵੀ ਵਿਗਿਆਨ ਦੀ ਤਰ੍ਹਾਂ ਇਸ ਬ੍ਰਹਮੰਡ ਦੇ ਪਸਾਰੇ ਨੂੰ ਇੱਕ ਬੱਝਵੇਂ ਹੁਕਮ ਵਿੱਚ ਵਾਪਰਦੇ ਬਿਆਨਦੀ ਹੈ।ਗੁਰਬਾਣੀ ਕਰਤਾਰ ਨੂੰ ਅਕਾਲ ਆਖਦੀ ਹੈ ਜੋ ਇਸ ਪਸਾਰੇ ਤੋਂ ਪਹਿਲਾਂ ਵੀ ਮੌਜ਼ੂਦ ਸੀ।ਭਾਵ ਉਹ ਸਮੇ ਦੇ ਬੰਧਣ ਤੋਂ ਬਾਹਰਾ ਹੈ।ਵਿਗਿਆਨ ਵੀ ਇਹੀ ਆਖਦਾ ਹੈ ਕਿ ਜਿਸ ਨੂੰ ਅਸੀਂ ਸਮਾਂ ਆਖਦੇ ਹਾ ਉਹ ਇਸ ਬ੍ਰਹਮੰਡ ਦੀ ਹੋਂਦ ਦੇ ਨਾਲ ਹੀ ਪੈਦਾ ਹੋਇਆ।ਉਸ ਤੋਂ ਪਹਿਲਾਂ ਕੋਈ ਸਮਾਂ ਨਹੀ ਸੀ।ਸਟੀਵ ਹਾਕਿੰਗ ਦੇ ਕਹਿਣ ਅਨੁਸਾਰ, “According to no-boundary proposal, asking what came before the Big Bang is meaningless-like asking what is south of South Pole-because there is no notion of time available to refer to. The concept of time only exists within our universe” (3) ਵਿਗਿਆਨ ਇਸ ਧਰਤੀ ਤੇ ਜੀਵਨ ਦੀ ਰਚਨਾ ਨੂੰ ਡਾਰਵਿਨ ਦੇੇ ਵਿਕਾਸ ਸਿਧਾਂਤ ਅਨੁਸਾਰ ਹੋਇਆ ਮੰਨਦਾ ਹੈ।ਗੁਰਬਾਣੀ ਇਸ ਰਚਨਾ ਦਾ ਮੂਲ਼ ਧਾਤ ਜਾਂ ਹਉਮੇ ਮੰਨਦੀ ਹੈ।ਵਿਗਿਆਨ ਵੀ ਇਹ ਮੰਨਦਾ ਹੈ ਕਿ ਸਾਡੇ ਜ਼ੀਨਜ਼ ਜਾਂ ਡੀਐਨਏ ਆਪਣੇ ਆਪ ਨੁੰ ਜੀਉਂਦੇ ਰੱਖਣ ਦੀ ਦੌੜ ਵਿੱਚ ਹਨ।ਰਿਚਰਡ ਡਾਕਿਨਜ਼ ਨੇ ਇਸ ਸਬੰਧੀ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਮ ਵੀ ਦ ਸੈਲਫਿਸ਼ ਜ਼ੀਨਜ਼ (The Selfish Gene) ਹੈ।ਇਹ ਕੋਈ ਮਹਿਜ਼ ਇਤਫਾਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਵਾਹਿਦ ਧਾਰਮਿਕ ਗ੍ਰੰਥ ਹੈ ਜਿਸ ਵਿੱਚ ਗਣਿਤ ਜਾ ਹਿਸਾਬ ਦਾ ਇਸਤੇਮਾਲ ਕੀਤਾ ਗਿਆ ਹੈ।ਗਣਿਤ ਦੇ ਇਸਤੇਮਾਲ ਨਾਲ ਇਹ ਗਲ ਦਾ ਯਕੀਨ ਬਣਾਇਆ ਗਿਆ ਹੈ ਕਿ ਇਸ ਵਿੱਚ ਕੋਈ ਵਾਧਾ ਘਾਟਾ ਨ ਹੋ ਸਕੇ।ਕਿਉਂਕਿ ਗੁਰਮਤਿ ਦਾ ਰੱਬ ਵਿਗਿਆਨਿਕ ਹੈ ਇਸ ਲਈ ਇਸ ਨੂੰ ਪੂਜਣ ਲਈ ਸ਼ਰਧਾ ਦੀ ਵਜਾਏ ਅਕਲ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ।ਗੁਰਬਾਣੀ ਦੇ ਰਚਨਹਾਰਿਆਂ ਦੀ ਵਿਗਿਆਨਕ ਸੋਚ ਅਤੇ ਮਿਜ਼ਾਜ਼ ਦਾ ਸਬੂਤ ਥਾਂ ਥਾਂ ਤੇ ਪਾਠਕ ਨੁੰ ਬਿਬੇਕਸ਼ੀਲ ਹੋਣ ਦੀ ਪ੍ਰੇਰਣਾ ਦੇਣਾ ਹੈ।
ਗੁਰਮਤਿ ਦਾ ਰੱਬ ਅਤੇ ਨਾਸਤਿਕਤਾ
ਗੁਰਬਾਣੀ ਦੀ ਜਿੰਨੀ ਕੁ ਮੈਨੂੰ ਸਮਝ ਪਈ ਹੈ ਉਸ ਅਨੁਸਾਰ ਇਹ ਸਵਾਲ ਕਿ “ਰੱਬ ਨੂੰ ਮੰਨੀਏ ਕਿ ਨਾ ਮੰਨੀਏ” ਇੱਕ ਬੇਮਾਇਨਾ ਅਤੇ ਬੇਤੁਕਾ ਸਵਾਲ ਹੈ।ਗੁਰਬਾਣੀ ਅਨੁਸਾਰ“ਰੱਬ” ਦੀ ਹੋਂਦ ਤੋਂ ਮੁਨਕਰ ਹੋਣਾ ਹੀ ਨਾ ਮੁਮਕਿਨ ਹੈ।ਇਸੇ ਕਰਕੇ ਗੁਰਬਾਣੀ ਵਿੱਚ ਕਿਤੇ ਵੀ ਨਾਸਤਿਕ ਜਾਂ ਇਸ ਦਾ ਕੋਈ ਸਮਅਰਥੀ ਲਫਜ਼ ਨਹੀਂ ਆਇਆ।ਇਸਦੇ ਬਦਲ ਵਜੋਂ ਗੁਰਬਾਣੀ ਮਨਮੁੱਖ ਦਾ ਸੰਕਲਪ ਪੇਸ਼ ਕਰਦੀ ਹੈ।ਪਰ ਮਨਮੁੱਖ ਅਤੇ ਗੁਰਮੁਖ ਦੋਨੋਂ ਹੀ ਕਰਤਾਰ ਦੇ ਹੁਕਮ ਤਹਿਤ ਬਣਦੇ ਅਤੇ ਵਿਚਰਦੇ ਨੇ।ਜਿਸ ਤਰ੍ਹਾਂ ਅਗਰ ਕੋਈ ਕਿਸੇ ਮੁਲਖ ਦੇ ਹੁਕਮ ਜਾਂ ਕਨੂੰਨ ਦੀ ਉਲੰਘਣਾ ਵੀ ਕਰਦਾ ਹੈ ਤਾਂ ਵੀ ਉਹ ਉਸ ਮੁਲਖ ਦੇ ਹੁਕਮ ਅੰਦਰ ਹੀ ਰਹਿੰਦਾ ਹੈ।ਇਸੇ ਤਰ੍ਹਾਂ ਮਨਮੁੱਖ ਵੀ ਕਰਤਾਰ ਦੇ ਹੁਕਮ ਅੰਦਰ ਹੀ ਵਿਚਰਦਾ ਹੈ।ਬੰਦਾ ਬਾਕੀ ਧਰਮਾਂ ਦੇ ਪ੍ਰੰਪਰਾਗਤ ਰੱਬ ਤੋਂ ਤਾਂ ਮੁਨਕਿਰ ਹੋ ਸਕਦਾ ਹੈ ਪਰ ਗੁਰਬਾਣੀ ਦੇ ਰੱਬ ਤੋਂ ਨਹੀਂ।ਬਾਕੀ ਧਰਮਾਂ ਵਿੱਚ ਰੱਬ ਦੀ ਹੋਂਦ ਕੁਦਰਤ ਤੋਂ ਅਲਹਿਦਾ ਹੈ ਜਿਸ ਨੂੰ ਮੰਨਣਾ ਨਾ ਮੰਨਣਾ ਬੰਦੇ ਦੇ ਅਖਤਿਆਰ ਵਿੱਚ ਹੈ।ਇਸੇ ਕਰਕੇ ਬਾਕੀ ਧਰਮਾਂ ਵਿੱਚ ਨਾਸਤਿਕ ਜਾਂ ਕਾਫਰ ਆਦਿ ਦੇ ਸੰਕਲਪ ਪਾਏ ਜਾਂਦੇ ਨੇ।ਪਰ ਗੁਰਬਾਣੀ ਅਨੁਸਾਰ ਸਭ ਕੁਝ ਹੁਕਮ ਅੰਦਰ ਹੋ ਰਿਹਾ ਹੈ।ਹੁਕਮ ਤੋਂ ਬਾਹਰ ਕੁਝ ਵੀ ਨਹੀਂ।ਇਸ ਕਰਕੇ ਗੁਰਬਾਣੀ ਵਿੱਚ ਰੱਬ ਦਾ ਕੋਈ ਸ਼ਰੀਕ ਨਹੀ ਮੰਨਿਆ ਗਿਆ।ਕਿਸੇ ਵੀ ਸ਼ੈਤਾਨ ਦੀ ਹੋੱਦ ਨੂੰ ਗੁਰਬਾਣੀ ਮਾਨਤਾ ਨਹੀਂ ਦਿੰਦੀ।ਸਾਰੇ ਚੰਗੇ ਮਾੜੇ ਕੰਮ ਹੁਕਮ ਅੰਦਰ ਹੋ ਰਹੇ ਨੇ।“ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨ ਅਭਿਮਾਨੁ॥” ਪੰਨਾ 464।ਇਸੇ ਕਰਕੇ ਗਰੁਬਾਣੀ ਵਿੱਚ ਅਖੌਤੀ ਸੁਰਗ ਨਰਕ ਨੂੰ ਵੀ ਮਾਨਤਾ ਨਹੀਂ ਦਿੱਤੀ ਗਈ।
ਇੱਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਖਾਸ ਕਰਕੇ ਨਾਸਤਕ ਵਰਗ ਵਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਰੱਬ ਦਾ ਸੰਕਲਪ ਪੁਜਾਰੀ ਵਰਗ ਨੇ ਆਮ ਆਦਮੀ ਦੀ ਲੁੱਟ ਖਸੁੱਟ ਲਈ ਪੈਦਾ ਕੀਤਾ ਹੈ।ਪਹਿਲੀ ਗੱਲ ਇਹ ਕਿ ਇਹ ਇਲਜ਼ਾਮ ਰੱਬ ਦੇ ਪ੍ਰੰਪਰਾਗਤ ਸੰਕਲਪ ਤੇ ਤਾਂ ਲਗ ਸਕਦਾ ਹੈ ਪਰ ਗੁਰਮਤਿ ਦੇ ਸੰਕਲਪ ਤੇ ਇਹ ਢੁਕਦਾ ਨਹੀਂ ਹੈ ਕਿਉਂਕਿ ਗੁਰਮਤਿ ਤਾਂ ਪੁਜਾਰੀ ਵਰਗ ਨੂੰ ਮਾਨਤਾ ਹੀ ਨਹੀਂ ਦਿੰਦੀ।ਦੂਸਰੇ ਗੁਰਮਤਿ ਅਨੁਸਾਰ ਸਮਝਿਆਂ ਇਹ ਪਤਾ ਲਗਦਾ ਹੈ ਕਿ ਇਹ ਗੱਲ ਸੱਚ ਤਾਂ ਹੈ ਪਰ ਪੂਰਾ ਸੱਚ ਨਹੀਂ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੱਬ ਦੇ ਨਾਂ ਤੇ ਪੁਜਾਰੀ ਵਰਗ ਵਲੋਂ ਆਮ ਜਨਤਾ ਦੀ ਬੇਤਹਾਸ਼ਾ ਲੁੱਟ ਖਸੁੱਟ ਹੋਈ ਹੈ, ਹੋ ਰਹੀ ਹੈ ਅਤੇ ਹੁੰਦੀ ਵੀ ਰਹੇਗੀ।ਪਰ ਸਵਾਲ ਉੱਠਦਾ ਹੈ ਕਿ ਪੁਜਾਰੀ ਵਰਗ ਨੂੰ ਇਹ ਸਭ ਕਰਨ ਲਈ ਕਿਹੜੀ ਸ਼ਕਤੀ ਉਕਸਾਉਂਦੀ ਜਾਂ ਪ੍ਰੇਰਦੀ ਹੈ? ਉਹ ਸ਼ਕਤੀ ਕਿਸ ਨੇ ਪੈਦਾ ਕੀਤੀ ਹੈ? ਅਗਰ ਉਹ ਲਾਲਚ ਹੈ, ਲਾਲਸਾ ਹੈ, ਹਉਮੈ ਹੈ ਤਾਂ ਇਹ ਕਿਸ ਨੇ ਪੈਦਾ ਕੀਤੇ ਨੇ।ਗੁਰਬਾਣੀ ਇਸ ਸਭ ਨੂੰ ਧਾਤ ਕਹਿੰਦੀ ਹੈ ਜਿਸ ਦਾ ਮੋੜ ਗੁਰਬਾਣੀ ਲਿਵ ਦੱਸਦੀ ਹੈ।ਦੋਨੋ ਕਰਤਾਰ ਦੇ ਪੈਦਾ ਕੀਤੇ ਹੋਏ ਨੇ ਜੋ ਇਸ ਸਿ੍ਰਸ਼ਟੀ ਦਾ ਕਾਰੋਬਾਰ ਚਲਾਉਣ ਲਈ ਜ਼ਰੂਰੀ ਹਨ।ਇਸ ਦਾ ਇਹ ਮਤਲਬ ਕਦਾਚਿੱਤ ਨਹੀ ਕਿ ਇਹ ਲੁੱਟ ਖਸੁੱਟ ਜ਼ਾਇਜ਼ ਹੈ ਜਾਂ ਇਸ ਨੂੰ ਬਰਦਾਸ਼ਤ ਕਰਦੇ ਰਹਿਣਾ ਚਾਹੀਦਾ ਹੈ।ਇਸੇ ਕਰਕੇ ਗੁਰੂ ਸਾਹਿਬ ਸਾਨੂੰ ਅਕਲ ਜਾਂ ਬਿਬੇਕ ਬੁੱਧ ਰਾਹੀਂ ਰੱਬ ਨੂੰ ਮੰਨਣ, ਪੂਜਣ ਲਈ ਪ੍ਰੇਰਦੇੇ ਨੇ।ਲੋੜ ਪੈਣ ਤੇ ਹਥਿਆਰਬੰਦ ਸੰਘਰਸ਼ ਕਰਨ ਨੂੰ ਵੀ ਕਹਿੰਦੇ ਨੇ।ਉਹਨਾਂ ਖੁਦ ਇਹ ਸਭ ਕਰਕੇ ਮਿਸਾਲ ਵੀ ਕਾਇਮ ਕੀਤੀ ਹੈ।
ਗੁਰਬਾਣੀ ਬਨਾਮ ਪ੍ਰੰਪਰਾਗਤ ਰੱਬ ਦਾ ਸੰਕਲਪ
ਅਸੀ ਰੱਬ ਦੇ ਸੰਕਲਪ ਦੀ ਗੱਲ ਕਰਦਿਆਂ ਕਈ ਵਾਰ ਪ੍ਰੰਪਰਾਗਤ ਜਾਂ ਰਵਾਇਤੀ ਰੱਬ ਦਾ ਜ਼ਿਕਰ ਕੀਤਾ ਹੈ।ਆਉ ਹੁਣ ਗੁਰਬਾਣੀ ਦੇ ਰੱਬ ਅਤੇ ਪ੍ਰੰਪਰਾਗਤ ਰੱਬ ਵਿੱਚਲਾ ਭੇਦ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।ਇਹ ਬਹਤ ਲਾਹੇਵੰਦ ਹੋਵੇਗਾ।
- ਪ੍ਰੰਪਰਾਗਤ ਰੱਬ ਦਾ ਸੰਕਲਪ ਸਟੈਟਿਕ ਜਾਣੀ ਸਥਿਰ ਹੈ ਇਸੇ ਕਰਕੇ ਉਹ ਆਪਣੀ ਅਰਾਮਗਾਹ ਵਿੱਚ ਆਸਨ ਲਾਈ ਬੈਠਾ ਹੈ ਜਦ ਕਿ ਗੁਰਮਤਿ ਦਾ ਰੱਬ ਡਾਇਨਾਮਿਕ ਜਾਣੀ ਕਿਰਿਆਸ਼ੀਲ ਹੈ ਅਤੇ ਇਸੇ ਕਰਕੇ ਉਹ ਆਪਣੀ ਰਚਨਾ ਵਿੱਚ ਹੀ ਰਮਿਆ ਹੋਇਆ ਹੈ।ਲਗਾਤਾਰ ਆਪਣੀ ਇਸ ਰਚਨਾ ਵਿੱਚ ਕਿਰਿਆਸ਼ੀਲ ਹੈ।
- ਪ੍ਰੰਪਰਾਗਤ ਰੱਬ ਕੁੁਦਰਤ ਤੋਂ ਅਲਿਹਦਾ ਹਸਤੀ ਹੈ ਜਦ ਕਿ ਗੁਰਮਤਿ ਦਾ ਰੱਬ ਕੁਦਰਤ ਤੋਂ ਵੱਖ ਕਰਕੇ ਨਹੀਂ ਸਮਝਿਆ ਜਾ ਸਕਦਾ।ਉਹ ਕੁਦਰਤ ਅੰਦਰ ਹੀ ਵਸਦਾ ਹੈ।
- ਪ੍ਰੰਪਰਾਗਤ ਰੱਬ ਨੂੰ ਸਰਬਸ਼ਕਤੀਮਾਨ ਜਾਂ ਸਰਬਗਿਆਤਾ ਜਾਂ ਸਰਬਵਿਆਪੀ ਵਰਗੇ ਵਿਸ਼ੇਸ਼ਣਾ ਨਾਲ ਨਿਵਾਜਿਆ ਜਾਂਦਾ ਹੈ ਜਦ ਕਿ ਗੁਰਮਤਿ ਦੇ ਰੱਬ ਲਈ ਅਜਿਹੇ ਕਿਸੇ ਵਿਸ਼ੇਸਣ ਦੀ ਲੋੜ ਨਹੀਂ ਹੈ ਕਿਉਂਕਿ ਉਸਦਾ ਕੋਈ ਸ਼ਰੀਕ ਹੀ ਨਹੀਂ ਹੈ।
- ਪ੍ਰੰਪਰਾਗਤ ਰੱਬ ਦੀ ਕਾਰੋਬਾਰ ਚਲਾਉਣ ਲਈ ਆਪਣੇ ਮਸੀਹਿਆਂ, ਅਵਤਾਰਾਂ ਅਤੇ ਦੇਵੀ ਦੇਵਤਿਆਂ ਦੀ ਇੱਕ ਵਜ਼ਾਰਤ ਹੈ ਜਦ ਕਿ ਗੁਰਮਤਿ ਦੇ ਰੱਬ ਨੂੰ ਅਜਿਹੀ ਕਿਸੇ ਵਜ਼ਾਰਤ ਦੀ ਲੋੜ ਨਹੀਂ ਹੈ।
- ਪ੍ਰੰਪਰਾਗਤ ਰੱਬ ਦੇ ਉਲਟ ਗੁਰਮਤਿ ਦਾ ਰੱਬ ਸਾਰੀਆਂ ਨੇਕੀਆਂ ਅਤੇ ਸਾਰੀਆਂ ਬਦੀਆਂ ਦਾ ਖੁਦ ਰਚੈਤਾ ਹੈ।ਸਾਰੇ ਪਾਪ ਸਾਰੇ ਪੁੰਨ ਉਸ ਦੇ ਹੁਕਮ ਅੰਦਰ ਹੀ ਹੋ ਰਹੇ ਨੇ।ਇਸ ਕਰਕੇ ਗੁਰਮਤਿ ਵਿੱਚ ਕਿਸੇ ਸ਼ੇਤਾਨ ਜਾਂ ਡੈਵਿਲ ਦੀ ਹੋਂਦ ਨੂੰ ਮਾਨਤਾ ਨਹੀਂ ਦਿੱਤੀ ਗਈ।
- ਪ੍ਰੰਪਰਾਗਤ ਰੱਬ ਪੁਜਾਰੀਵਾਦ ਨੂੰ ਮਾਨਤਾ ਦਿੰਦਾ ਹੈ ਜਦ ਕਿ ਗੁਰਮਤਿ ਦਾ ਰੱਬ ਇਸ ਦਾ ਖੰਡਨ ਕਰਦਾ ਹੈ।ਗੁਰਮਤਿ ਦੇ ਰੱਬ ਨੂੰ ਸਮਝਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ।
- ਪ੍ਰੰਪਰਾਗਤ ਰੱਬ ਅਰਦਾਸ, ਦਾਨ ਪੁੰਨ ਜਾਂ ਪੂਜਾ ਕਰਨ ਨਾਲ ਪਸੀਜ਼ ਜਾਂਦਾ ਹੈ ਆਪਣਾ ਫੈਸਲਾ ਬਦਲ ਲੈਂਦਾ ਹੈ ਪਰ ਗੁਰਮਤਿ ਦਾ ਰੱਬ ਅਜਿਹਾ ਨਹੀਂ ਕਰਦਾ।ਉਸਦਾ ਹੁਕਮ ਅਟੱਲ ਹੈ।
- ਪ੍ਰੰਪਰਾਗਤ ਰੱਬ ਮਨੁੱਖਾ ਜਾਮੇ ਵਿੱਚ ਅਵਤਾਰ ਵੀ ਧਾਰ ਲੈਂਦਾ ਹੈ ਜਾਣੀ ਜੰਮਦਾ ਮਰਦਾ ਵੀ ਹੈ। ਜਦ ਕਿ ਗੁਰਮਤਿ ਦਾ ਰੱਬ ਅਜਿਹਾ ਨਹੀ ਕਰਦਾ।ਨ ਉਸ ਦਾ ਜਨਮ ਹੈ ਨ ਉਸ ਦੀ ਮੌਤ।
- ਪ੍ਰਪਰਾਗਤ ਰੱਬ ਇੱਕ ਤਰ੍ਹਾਂ ਨਾਲ ਜਾਤੀ ਜਾਂ ਸ਼ਖਸ਼ੀ ਰੱਬ ਹੈ।ਵੱਖ ਵੱਖ ਧਰਮਾਂ ਨੇ ੳਸਦੀ ਸ਼ਖਸੀਅਤ ਨੂੰ ਆਪਣੇ ਹਿੱਤ ਮੁਤਾਬਿਕ ਸਿਰਜਿਆ ਹੈ।ਗੁਰਮਤਿ ਦਾ ਰੱਬ ਸ਼ਖਸ਼ੀ ਨਹੀਂ ਹੈ।ਉਸ ਦੀ ਹੋਂਦ ਕਿਸੇ ਵੀ ਸ਼ਖਸ਼ੀਅਤ ਦੀ ਕੈਦ ਵਿੱਚ ਨਹੀਂ ਸਮਾ ਸਕਦੀ।ਇਸੇ ਕਰਕੇ ਗੁਰਮਤਿ ਦਾ ਰੱਬ ਸੱਭ ਲਈ ਇਕੋ ਹੈ।
ਬਹੁਤ ਸਾਰੇ ਸੂਝਵਾਨ ਸੱਜਣ, ਲੋਕਾਈ ਦਾ ਭਲਾ ਸੋਚਣ ਵਾਲੇ ਸੱਜਣ ਅੱਜ ਰੱਬ ਦੀ ਹੋਂਦ ਤੋਂ ਮੁਨਕਿਰ ਹੋ ਰਹੇ ਨੇ।ਪਰ ਜ਼ਰਾ ਕੁ ਧਿਆਨ ਨਾਲ ਉਨ੍ਹਾਂ ਦੇ ਵਿਚਾਰ ਪੜਿਆਂ ਪਤਾ ਲਗ ਜਾਂਦਾ ਹੈ ਕਿ ਜਿਸ ਰੱਬ ਤੋਂ ਉਹ ਮੁਨਕਿਰ ਹੋ ਰਹੇ ਨੇ ਉਹ ਪ੍ਰੰਪਰਾਗਤ ਰੱਬ ਹੈ ਜਿਸ ਨੂੰ ਗੁਰਬਾਣੀ ਵੀ ਨਕਾਰਦੀ ਹੈ।ਦੁਖਦਾਈ ਗੱਲ ਇਹ ਹੈ ਕਿ ਅਸੀ ਗੁਰਮਤਿ ਦੇ ਰੱਬ ਵਾਰੇ ਸੰਕਲਪ ਨੂੰ ਪ੍ਰੰਪਰਾਗਤ ਰੱਬ ਨਾਲੋਂ ਨਿਖੇੜ ਕੇ ਦੁਨੀਆਂ ਅਗੇ ਪੇਸ਼ ਕਰਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।ਇਸ ਕਰਕੇ ਇਹ ਸੂਝਵਾਨ ਸੱਜਣ ਜਿਨ੍ਹਾਂ ਵਿੱਚ ਆਮ ਆਦਮੀ ਤੋਂ ਇਲਾਵਾ ਕਈ ਵਿਗਿਆਨੀ ਅਤੇ ਚਿੰਤਕ ਵੀ ਸ਼ਾਮਲ ਹਨ ਗੁਰਮਤਿ ਦੇ ਇਸ ਇਨਕਲਾਬੀ ਸੰਕਲਪ ਤੋਂ ਅਣਜਾਣ ਹਨ।ਬੁਧ ਧਰਮ ਵਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਰੱਬ ਰਹਿਤ ਧਰਮ ਹੈ।ਇਸ ਵਿੱਚ ਦੁਖਾਂ ਦੇ ਮੁੱਖ ਕਾਰਣ ਇਛਾਵਾਂ ਦੱਸ ਇਸ ਦਾ ਇਲਾਜ਼ ਕਿਸੇ ਰੱਬ ਦੀ ਪੂਜਾ ਜਾ ਹੋਰ ਕਰਮ ਕਾਂਡ ਨਹੀਂ ਬਲਕਿ ਧਿਆਨ ਜਾਂ ਸਮਾਧੀ ਰਾਹੀ ਮਨ ਜਾਂ ਦਿਮਾਗ ਦੀ ਸਾਧਨਾ ਦੱਸਿਆ ਗਿਆ ਹੈ।ਇਹ ਦਲੀਲ ਵਿਗਿਆਨੀਆਂ ਨੂੰ ਬਹੁਤ ਭਾਉਂਦੀ ਏ ਕਿਉਂਕਿ ਵਿਗਿਆਨੀ ਵੀ ਬੰਦੇ ਦੇ ਖੁਸ਼ ਜਾਂ ਨਾ ਖੁਸ਼ ਹੋਣਾ ਬੰਦੇ ਦੇ ਦਿਮਾਗ ਤੇ ਨਿਰਭਰ ਸਮਝਦੇ ਨੇ।ਇਸ ਕਰਕੇ ਬੁੱਧ ਧਰਮ ਵਿਗਿਆਨੀਆਂ ਦਾ ਪਸੰਦੀਦਾ ਧਰਮ ਬਣ ਗਿਆ ਹੈ।ਸਿੱਖ ਧਰਮ ਵੀ ਪ੍ਰੰਪਰਾਗਤ ਰੱਬ ਨੂੰ ਬਾਦਲੀਲ ਨਕਾਰਦਾ ਹੈ ਅਤੇ ਪ੍ਰੰਪਰਾਗਤ ਸ਼ਰਧਾ ਨੂੰ ਛੱਡ ਸਿੱਖ ਨੂੰ ਅਕਲ ਅਤੇ ਬਿਬੇਕ ਨਾਲ ਜੁੜਨ ਦੀ ਸਿਖਿਆ ਅਤੇ ਪ੍ਰੇਰਨਾ ਦਿੰਦਾ ਹੈ।ਸਿੱਖ ਧਰਮ ਦੀ ਸੋਚ ਵਿਗਿਆਨ ਨਾਲ ਕਦਮ ਮਿਲਾ ਕੇ ਚੱਲਣ ਦੀ ਹਾਣੀ ਹੈ।ਪਰ ਸਿੱਖ ਆਪਣੇ ਧਰਮ ਦਾ ਅਸਲੀ ਰੂਪ ਦੁਨੀਆਂ ਸਾਹਮਣੇ ਰੱਖਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਏ ਨੇ।ਬਲਕਿ ਅੱਜਕਲ ਜਿਨ੍ਹਾਂ ਲੋਕਾਂ ਕੋਲ ਸਿੱਖ ਧਰਮ ਦੇ ਪ੍ਰਚਾਰ ਦੀ ਕਮਾਨ ਹੈ ਉਨ੍ਹਾ ਦੀ ਪੁਰਜ਼ੋਰ ਕੋਸ਼ਿਸ ਇਹ ਹੈ ਕਿ ਸਿੱਖ ਧਰਮ ਨੂੰ ਵੀ ਪ੍ਰੰਪਰਾਗਤ ਧਰਮ ਬਣਾ ਕੇ ਪੇਸ਼ ਕੀਤਾ ਅਤੇ ਪ੍ਰਚਾਰਿਆ ਜਾਵੇ।ਇਹ ਉਹਨਾਂ ਦੀ ਨ ਸਮਝੀ ਵੀ ਹੋ ਸਕਦੀ ਹੈ ਅਤੇ ਇਸ ਵਿੱਚ ਉਹਨਾਂ ਦਾ ਜਾਤੀ ਮੁਫਾਦ ਵੀ ਹੋ ਸਕਦਾ ਹੈ।ਦੂਜੀ ਸੰਭਾਵਨਾ ਜ਼ਿਆਦਾ ਹੈ। ਅਗਰ ਸਿੱਖ ਧਰਮ ਦਾ ਅਸਲੀ ਰੂਪ ਦੁਨੀਆ ਦੇ ਸਾਹਮਣੇ ਆ ਜਾਂਦਾ ਤਾਂ ਰਿਚਰਡ ਡਾਕਿਨਸ ਇਸ ਨੂੰ “Einsteinian Religion” (4) ਕਹਿਣ ਲਈ ਮਜ਼ਬੂਰ ਹੋ ਜਾਂਦਾ।ਡਾਕਿਨਜ਼ ਨੇ ਇੱਕ ਕਿਤਾਬ The God Delusion ਲਿਖੀ ਹੈ ਜਿਸ ਵਿੱਚ ਉਹ ਨੇ ਰੱਬ ਦੇ ਸੰਕਲਪ ਨੂੰ ਇਕ ਭਰਮ ਜਾਂ ਧੋਖਾ ਸਿੱਧ ਕਰਦਾ ਹੈ ਪਰ ਉਹ ਇਸ ਕਿਤਾਬ ਦੇ ਸ਼ੁਰੂ ਵਿੱਚ ਹੀ ਕਹਿ ਦਿੰਦਾ ਹੈ ਕਿ “As I continue to clarify the distinction between supernatural religion on the one hand and Einsteinian Religion on the other, bear in mind that I am calling only supernatural gods delusional.” (5)।ਸਿੱਖ ਧਰਮ ਦਾ ਰਵਾਇਤੀ ਜਾਂ ਪ੍ਰੰਪਰਾਗਤ ਧਰਮਾਂ ਨਾਲੋ ਇਹੀ ਤਾਂ ਵਖਰੇਵਾਂ ਹੈ ਕਿ ਇਹ ਪ੍ਰਾਭੌਤਿਕਤਾ ਨੂੰ ਕੋਈ ਮਾਨਤਾ ਨਹੀਂ ਦਿੰਦਾ।
ਹਵਾਲੇ
- Quoted by Richard Dawkins at page 36 of his book The God Delusion ( paperback edition)
- Quoted by Stephen Hawking at the start of chapter 5 of his book The Grand Design
- See page 52 of Brief Answers to the Big Questions by Stephen Hawking 2018 edition.
- ਡਾਕਿਨਜ਼ ਆਪਣੀ ਕਿਤਾਬ ਵਿੱਚ ਮਸ਼ਹੂਰ ਵਿਗਿਆਨੀ ਜਿਵੇ ਕਿ ਨਿਊਟਿਨ, ਡਾਰਵਿਨ, ਹਾਕਿੰਗ, ਆਈਨਸਟਾਈਨ ਜਿਨ੍ਹਾ ਵਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਧਰਮ ਨੂੰ ਮੰਨਦੇ ਸਨ।ਇਹਨਾਂ ਵਿਗਿਆਨੀਆ ਦੇ ਧਾਰਮਿਕ ਅਕੀਦੇ ਨੂੰ ਉਹ “Einsteinian Religion” ਕਹਿ ਕੇ ਪੁਕਾਰਦਾ ਹੈ।
- The God Delusion Page 36
ਕੀ ਰੱਬ ਦੀ ਪ੍ਰੀਭਾਸ਼ਾ ਹੋ ਸਕਦੀ ਹੈ।ਅਗਰ ਹੋ ਸਕਦੀ ਹੈ ਤਾਂ ਗੁਰਬਾਣੀ ਵੱਿਚ ਰੱਬ ਦੀ ਕੀ ਪ੍ਰੀਭਾਸ਼ਾ ਹੈ।ਇਹ ਪ੍ਰੀਭਾਸ਼ਾ ਰਵਾਇਤੀ ਜਾਂ ਪ੍ਰੰਪਰਾਗਤ ਧਰਮਾਂ ਨਾਲੋ ਕਵਿੇਂ ਅੱਡ ਹੈ।ਇਸ ਮਸਲੇ ਤੇ ਵਸਿਥਾਰ ਸਹਤਿ ਪੜਚੋਲ ਲਈ ਮੇਰਾ ਲੇਖ “ਰੱਬ ਦੀ ਪ੍ਰੀਭਾਸ਼ਾ” ਮੇਰੀ ਵੈਬਸਾਈਟ ਤੇ ਪੜ੍ਹ ਕੇ ਵਚਿਾਰ ਦੇਣ ਦੀ ਖੇਚਲ ਕਰ ਧੰਨਵਾਦੀ ਬਣਾਓ।ਵੈਬਸਾਈਟ ਦਾ ਲੰਿਕ ਹੈ
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ