ਸਿੱਖੀ ਅਤੇ ਖਾਲਸਤਾਨ

ਜਰਨੈਲ ਸਿੰਘ
ਸਿਡਨੀ, ਅਸਟ੍ਰੇਲੀਆ

ਖਾਲਸਤਾਨ ਦਾ ਮੁੱਦਾ ਅਕਸਰ ਉੱਠਦਾ ਹੀ ਰਹਿੰਦਾ ਹੈ ਖਾਸ ਕਰਕੇ ਉਦੋਂ ਜ਼ਰੂਰ ਜਦੋਂ ਪੰਜਾਬ ਵਿੱਚ ਕੋਈ ਅੰਦੋਲਨ ਜਾਂ ਹੱਕਾਂ ਦੀ ਲਹਿਰ ਉੱਠਦੀ ਹੈ।ਇਹ ਮੁੱਦਾ ਉਹ ਹਥਿਆਰ ਹੈ ਜੋ ਵੇਲੇ ਦੀ ਹਕੂਮਤ ਅੰਦੋਲਨ ਜਾਂ ਲਹਿਰ ਨੂੰ ਬਦਨਾਮ ਕਰਨ ਅਤੇ ਲੀਹੋਂ ਲਾਉਣ ਲਈ ਵਰਤਦੀ ਹੈ।ਕੁਝ ਸਿੱਖ ਜਥੇਬੰਦੀਆਂ ਵੀ ਇਸ ਨੂੰ ਗਾਹੇ ਬਗਾਹੇ ਆਪਣੀ ਹੋਂਦ ਹਿੱਤ ਊਠਾਉਂਦੀਆਂ ਰਹਿੰਦੀਆਂ ਹਨ।ਚਲ ਰਹੇ ਕਿਸਾਨ ਅੰਦੋਲਨ ਵਿੱਚ ਵੀ ਇਹ ਮੁੱਦਾ ਕਾਫੀ ਉਭਾਰਿਆ ਗਿਆ।ਇੱਕ ਸਵਾਲ ਉੱਠਦਾ ਹੈ ਕਿ ਕੀ ਸਿੱਖ ਫਲਸਫਾ ਵੀ ਖਾਲਸਤਾਨ ਦਾ ਸਮਰਥਨ ਕਰਦਾ ਹੈ ਜਾਂ ਨਹੀਂ।ਇਸ ਲੇਖ ਵਿੱਚ ਇਸ ਸਵਾਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।

ਦੇਸ਼ ਕੀ ਹੈ?

ਖਾਲਸਸਤਾਨ ਇੱਕ ਨਵੇਂ ਦੇਸ਼ ਦੀ ਸਥਾਪਨਾ ਦਾ ਸੰਕਲਪ ਹੈ।ਸੋ ਇਸ ਸਵਾਲ ਨੂੰ ਸਮਝਣ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੇਸ਼ ਕੀ ਹੈ।ਦੇਸ਼ ਧਰਤੀ ਦੇ ਇੱਕ ਹਿੱਸੇ ਨੂੰ ਕਹਿੰਦੇ ਨੇ ਜਿਸ ਵਿੱਚ ਇੱਕੋ ਸਰਕਾਰ ਦਾ ਪ੍ਰਬੰਧ ਚਲਦਾ ਹੋਏ।ਸਾਰੀ ਧਰਤੀ ਸੱਤ ਮਹਾਂਦੀਪਾਂ ਵਿੱਚ ਵੰਡੀ ਹੋਈ ਹੈ ਅਤੇ ਐਂਟਾਰਕਟਿੱਕਾ ਨੂੰ ਛੱਡ ਬਾਕੀ ਸਾਰੇ ਮਹਾਂਦੀਪਾਂ ਦੀ ਧਰਤੀ ਅੱਗੇ ਛੋਟੇ ਵੱਡੇ ਦੇਸ਼ਾਂ ਵਿੱਚ ਵੰਡੀ ਹੋਈ ਹੈ।ਇਹਨਾਂ ਦੇਸ਼ਾਂ ਦੀ ਹੋਂਦ ਦੀ ਬੁਨਿਆਦ ਮਨੁੱਖ ਦੁਆਰਾ ਧਰਤੀ ਤੇ ਖਿੱਚੀਆਂ ਲਕੀਰਾਂ ਹਨ।ਦੇਸ਼ ਬਣਦੇ ਮਿਟਦੇ ਰਹਿੰਦੇ ਨੇ।ਸ਼ੁਰੂ ਸ਼ੁਰੂ ਵਿੱਚ ਦੇਸ਼ ਸਭਿਆਚਾਰ ਦੀ ਬੁਨਿਆਦ ਤੇ ਬਣਦੇ ਸਨ ਪਰ ਫਿਰ ਇਹ ਸਿਆਸਤ ਤੇ ਅਧਾਰ ਤੇ ਬਣਨ ਲਗ ਪਏ।ਸਾਮਰਾਜਵਾਦ ਨੇ ਵੀ ਆਪਣੀ ਸਹੂਲਤ ਲਈ ਧਰਤੀ ਦੀ ਵੰਡ ਦੇਸ਼ਾਂ ਵਿੱਚ ਕਰ ਲਈ।ਮਿਸਾਲ ਦੇ ਤੌਰ ਤੇ ਯੁਰਪੀ ਸਾਮਰਾਜ ਨੇ ਅਫਰੀਕਾ ਤੇ ਕਬਜ਼ਾ ਕਰ ਸਾਰੇ ਮਹਾਂਦੀਪ ਨੂੰ ਆਪਣੀ ਸਹੂਲਤ ਲਈ ਨਕਸ਼ੇ ਤੇ ਲਕੀਰਾਂ ਮਾਰ ਆਪਸ ਵਿੱਚ ਮਿਲਜੁਲ ਕੇ ਲੁਟੱਣ ਖਾਤਰ ਸੁਲਾਹ ਸਫਾਈ ਨਾਲ ਇੱਕ ਕੇਕ ਦੀ ਦੀ ਤਰ੍ਹਾਂ ਵੰਡ ਲਿਆ।(1) ਇਸ ਕਾਰਵਾਈ ਵਿੱਚ ਇਸ ਗੱਲ ਦਾ ਕੋਈ ਖਿਆਲ ਨਹੀ ਰੱਖਿਆ ਗਿਆ ਕਿ ਇੱਕ ਸੱਭਿਆਚਾਰ ਜਾਂ ਬੋਲੀ ਦੇ ਲੋਕ ਇੱਕ ਦੇਸ਼ ਵਿੱਚ ਹੀ ਰੱਖੇ ਜਾਣ ਅਤੇ ਦਰਿਆ ਇੱਕ ਦੇਸ਼ ਵਿੱਚ ਵਹਿੰਦਾ ਹੋਏ।ਸਿਰਫ ਆਪਣੇ ਸਿਆਸੀ ਹਿੱਤਾਂ ਦਾ ਹੀ ਖਿਆਲ ਕੀਤਾ ਗਿਆ।ਸਮੇਂ ਦੇ ਨਾਲ ਵੀ ਦੇਸ਼ਾਂ ਦੇ ਨਾਮ ਅਤੇ ਨਕਸ਼ੇ ਬਦਲਦੇ ਰਹੇ ਨੇ।ਜੋ 19ਵੀ ਸਦੀ ਵਿੱਚ ਯੂਰਪ ਸੀ ਉਹ ਅੱਜ ਨਹੀਂ ਹੈ।ਗੁਰੂ ਸਾਹਿਬ ਦੇ ਵੇਲੇ ਦਾ ਪੰਜਾਬ ਵੀ ਗਾਇਬ ਹੋ ਚੁੱਕਾ ਹੈ ਅਤੇ ਹਿੰਦੁਸਤਾਨ ਦਾ ਨਕਸ਼ਾਂ ਵੀ ਬਦਲ ਚੁੱਕਾ ਹੈ।ਅਜਿਹਾ ਹੀ ਨਹੀਂ ਬਲਕਿ ਜਦੋਂ ਮਾਨਵ ਜਾਤੀ ਸ਼ਿਕਾਰੀ-ਚੁਗੇਰੇ ਦੀ ਜ਼ਿੰਦਗੀ ਵਸਰ ਕਰ ਰਹੀ ਸੀ ਉਸ ਵੇਲੇ ਤਾਂ ਇਸ ਧਰਤੀ ਤੇ ਕੋਈ ਵੀ ਦੇਸ਼ ਨਹੀਂ ਸੀ।ਔਰ ਅਰਬਾਂ ਖਰਬਾਂ ਸਾਲ ਪਹਿਲਾਂ ਤਾਂ ਇਹ ਮਹਾਂਦੀਪ ਵੀ ਨਹੀ ਸਨ।ਸਾਰੀ ਧਰਤੀ ਇੱਕ ਜੁੱਟ ਸੀ।ਕਿਸੇ ਵੇਲੇ ਆਸਟ੍ਰੇਲੀਆ ਦੀ ਧਰਤੀ ਵੀ ਹਿੰਦੁਸਤਾਨ ਨਾਲ ਜੁੜੀ ਹੋਈ ਸੀ।ਟੈਕਟੋਨਿਕ ਪਲੇਟਾਂ ਦੀ ਹਿਲਜੁਲ ਨਾਲ ਇਹ ਸਾਰੇ ਮਹਾਂਦੀਪ ਤੇ ਮਹਾਂਸਾਗਰ ਹੋਂਦ ਵਿੱਚ ਆਏ ਅਤੇ ਮਨੁੱਖ ਦੀ ਅਬਾਦੀ ਬਧਣ ਨਾਲ ਦੇਸ਼ਾਂ ਦੇ ਨਕਸ਼ੇ ਵੀ ਬਣਦੇ ਗਏ।ਨਕਸ਼ੇ ਬਣਦਿਆਂ ਮਿਟਦਿਆਂ ਨੂੰ ਦੇਰ ਨਹੀਂ ਲਗਦੀ।ਅਜੇ ਕਲ ਦੀ ਹੀ ਗਲ ਹੈ ਕਿ ਯੁਗੋਸਲਾਵੀਆ, ਚੈਕੋਸਲਾਵੀਆ, ਸੋਵੀਅਤ ਯੁਨੀਅਨ ਵਰਗੇ ਦੇਸ਼ ਇਸ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋਏ ਨੇ।ਮੈਸੋਪਟਾਮੀਆ ਅਤੇ ਪਰੂਸ਼ੀਆ ਵੀ ਆਪਣੀ ਹੋਂਦ ਗਵਾ ਚੁੱਕੇ ਹਨ।1948 ਤੋਂ ਪਹਿਲਾਂ ਇਜ਼ਰਾਈਲ ਨਾਂ ਦਾ ਕੋਈ ਦੇਸ਼ ਨਹੀ ਸੀ।ਅੱਜ ਦੀ ਤਰੀਕ ‘ਚ ਜੋ ਮੁਲਖ ਧਰਤੀ ਤੇ ਨਕਸ਼ੇ ਹੋਏ ਨੇ ਉਹ ਵੀ ਆਉਣ ਵਾਲੇ ਸਮੇਂ ‘ਚ ਕਾਇਮ ਰਹਿੰਦੇ ਨੇ ਜਾ ਨਹੀਂ ਇਸ ਵਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।ਦੇਸ਼ ਬੰਦੇ ਨੇ ਬਣਾਏ ਨੇ।ਰੱਬ ਨੇ ਤਾਂ ਸਿਰਫ ਧਰਤੀ ਬਣਾਈ ਏ।ਪਰ ਬੰਦਾ ਇਹ ਗੱਲ ਅਕਸਰ ਭੱੁਲ ਜਾਂਦਾ ਏ।

ਧਰਮ ਅਤੇ ਸਿਆਸੀ ਤਾਕਤ

ਕੀ ਕਿਸੇ ਧਰਮ ਦੇ ਪ੍ਰਫੁਲਤ ਹੋਣ ਲਈ ਦੇਸ਼ ਜਾਂ ਸਿਆਸੀ ਤਾਕਤ ਦਾ ਹੋਣਾ ਜ਼ਰੂਰੀ ਹੈ? ਇਸ ਵਿੱਚ ਕੋਈ ਸ਼ੱਕ ਨਹੀ ਕਿ ਸਿਆਸੀ ਤਾਕਤ ਦੇ ਬਲਬੂਤੇ ਕਈ ਧਰਮ ਬਹੁਤ ਵਧੇ ਫੱੁਲੇ ਨੇ।ਜ਼ਬਰੀ ਧਰਮ ਤਬਦੀਲੀ ਅੱਜ ਦੀ ਦੁਨੀਆਂ ਵਿੱਚ ਵੀ ਆਮ ਗਲ ਹੈ।ਅਗਰ ਸਮਰਾਟ ਅਸ਼ੋਕ ਬੱੁਧ ਧਰਮ ਨ ਅਪਣਾਉਂਦੇ ਤਾਂ ਬੁੱਧ ਧਰਮ ਦਾ ਨਕਸ਼ਾ ਕੋਈ ਹੋਰ ਹੁੰਦਾ।ਅਗਰ ਗੁਪਤਾ ਕਾਲ ਦੇ ਰਾਜੇ ਹਿੰਦੂ ਧਰਮ ਦੀ ਪਿੱਠ ਨ ਠੋਕਦੇ ਅਤੇ ਅਗਰ ਸੰਕਰਾਚਾਰੀਆ ਬੋਧੀ ਭਿਕਸ਼ੂਆਂ ਨੂੰ ਹਿੰਦੁਸਤਾਨ ਤੋਂ ਤਲਵਾਰ ਦੇ ਜ਼ੋਰ ਨਾਲ ਨਾ ਭਜਾਉਂਦਾ ਤਾਂ ਹਿੰਦੂ ਧਰਮ ਦਾ ਬਚਣਾ ਵੀ ਮੁਸ਼ਕਲ ਸੀ।ਇਸੇ ਤਰ੍ਹਾਂ ਅਗਰ ਰੋਮ ਦਾ ਸਮਰਾਟ ਕੰਸਤੈਂਤੀਨ ਈਸਾਈ ਮਤ ਨਾ ਗ੍ਰਹਿਣ ਕਰਦਾ ਤਾਂ ਯੁਰਪ ਵਿੱਚ ਈਸਾਈ ਮੱਤ ਦਾ ਨਾ ਨਿਸ਼ਾਨ ਨਹੀਂ ਸੀ ਹੋਣਾ।ਦੱਖਣੀ ਅਮਰੀਕਾ ਵਿੱਚ ਈਸਾਈ ਮੱਤ ਦੇ ਫੇਲਣ ਦਾ ਮੁਖ ਕਾਰਣ ਸਪੇਨੀ ਸਾਮਰਾਜ ਦੀਆਂ ਜਿੱਤਾਂ ਹਨ।ਹਜ਼ਰਤ ਮੁਹੰਮਦ ਨੇ ਤਾਂ ਖੁਦ ਯੁੱਧ ਕਰ ਮੁਲਖ ਜਿੱਤੇ ਅਤੇ ਇਸਲਾਮ ਨੂੰ ਫੇਲਾਇਆ।ਬਾਅਦ ਵਿੱਚ ਉਸ ਦੇ ਪੈਰੋਕਾਰਾਂ ਨੇ ਵੀ ਇਹ ਅਮਲ ਜਾਰੀ ਰੱਖਿਆ ਅਤੇ ਮੱਧ ਪੂਰਬ,ਪੂਰਬੀ ਯੁਰਪ ਤੇ ਏਸ਼ੀਆ ਤਕ ਇਸਲਾਮ ਦੇ ਝੰਡੇ ਗੱਡ ਦਿੱਤੇ।ਇਹ ਸਭ ਮਿਸਾਲਾਂ ਕਈ ਸੈਂਕੜੇ ਜਾਂ ਹਜਾਰਾਂ ਸਾਲ ਪੁਰਾਣੀਆਂ ਹਨ ਜਿਸ ਕਰਕੇ ਸਵਾਲ ਉਠਦਾ ਹੈ ਕੀ ਇਹ ਅੱਜ ਵੀ ਸੱਚ ਹੈ।ਕੀ ਹੁਣ ਸਮਾ ਬਦਲ ਨਹੀਂ ਗਿਆ।ਕੀ ਅੱਜ ਵੀ ਧਰਮ ਤਲਵਾਰ ਦੇ ਜ਼ੋਰ ਨਾਲ ਫੇਲਦਾ ਹੈ।ਕੀ ਅੱਜ ਵੀ ਜਹਾਦ ਜ਼ਾਇਜ਼ ਹੈ।ਹੁਣ ਤਾਂ ਯੁੱਧ ਵੀ ਬਦਲ ਗਏ ਨੇ।ਸਮੇ ਦੇ ਨਾਲ ਜਹਾਦੀਆਂ ਨੇ ਵੀ ਆਪਣੀ ਰਣਨੀਤੀ ਬਦਲ ਲਈ ਹੈ।ਹੁਣ ਇਹ ਕੰਮ ਪ੍ਰਾਪੇਗੰਡਾ, ਸਿੱਖਿਆ ਦੀ ਨੀਤੀ,ਸਿਆਸੀ ਦਬਾਅ ਅਤੇ ਦਾਨ-ਪੁੰਨ ਦੀਆਂ ਸੰਸਥਾਵਾਂ ਦੇ ਜ਼ਰੀਏ ਕੀਤਾ ਜਾਂਦਾ ਹੈ।ਇੱਕ ਤਰ੍ਹਾਂ ਨਾਲ ਅੱਜ ਵੀ ਸਿਆਸਤ ਅਤੇ ਧਰਮ ਦਾ ਗੂੜ੍ਹਾ ਰਿਸ਼ਤਾ ਕਾਇਮ ਹੈ।ਅਜੋਕੇ ਸਮੇ ਵਿੱਚ ਧਰਮ ਦੇ ਪੁਜਾਰੀ ਅਤੇ ਸਿਆਸੀ ਨੇਤਾ ਮਿਲਕੇ ਲੁੱਟਦੇ ਨੇ।ਅਮ੍ਰੀਕਾ ਅਤੇ ਅਸਟ੍ਰੇਲੀਆ ਵਰਗੇ ਜਮਹੂਰੀ ਦੇਸ਼ ਵੀ ਆਪਣੇ ਆਪ ਨੂੰ ਈਸਾਈ ਦੇਸ਼ ਹੋਣ ਤੇ ਫਖਰ ਕਰਦੇ ਨੇ।ਜ਼ਾਰਜ਼ ਫਲਾਇਡ ਦੇ ਕਤਲ ਤੋਂ ਬਾਅਦ ਭੜਕੇ ਦੰਗਿਆਂ ਦੁਰਾਨ ਡਾਨਲਡ ਟ੍ਰੰਪ ਦੀ ਸੇਂਟ ਜਾਹਨ ਗਿਰਜਾਘਰ (ਜਿਸ ਨੂੰ ਨੁਕਸਾਨ ਪਹੂੰਚਾਇਆ ਗਿਆ ਸੀ) ਸਾਹਮਣੇ ਜੂਨ 2020 ਵਿੱਚ ਕੀਤੀ ਬਾਈਬਲ ਵਾਕ ਸਭ ਨੂੰ ਯਾਦ ਹੋਵੇਗੀ।ਇਸ ਜ਼ਮਹੂਰੀਅਤ ਦੇ ਯੁੱਗ ਵਿੱਚ ਤਲਵਾਰ ਦੀ ਜਗ੍ਹਾ ਵੋਟ ਨੇ ਲੈ ਲਈ ਹੈ।ਕਿਉਂਕਿ ਹੁਣ ਤਾਕਤ ਤਲਵਾਰ ਰਾਹੀਂ ਨਹੀਂ ਬਲਕਿ ਵੋਟਾਂ ਰਾਹੀਂ ਮਿਲਦੀ ਹੈ।ਵੋਟਾਂ ਲੈਣ ਲਈ ਧਰਮ ਨੂੰ ਸ਼ਰੇਆਮ ਵਰਤਿਆ ਜਾਂਦਾ ਹੈ ਭਾਵੇਂ ਇਸ ਲਈ ਪਖੰਡ ਹੀ ਕਿਉਂ ਨ ਕਰਨਾ ਪਵੇ।ਪੰਜਾਬ ਵਿੱਚ ਅਮਰਿੰਦਰ ਸਿੰਘ ਨੇ ਗੁਟਕਾ ਚੱੁਕ ਕੇ ਸੌਂਹ ਖਾਣ ਦਾ ਨਾਟਕ ਚੋਣਾ ਖਾਤਰ ਹੀ ਕੀਤਾ ਸੀ।ਬਾਦਲਾਂ ਦਾ ਵੋਟਾਂ ਖਾਤਰ ਸਿਰਸੇ ਵਾਲੇ ਸਾਧ ਦੇ ਨਤਮਸਤਕ ਹੋਣਾ ਵੀ ਨਾਟਕ ਤੋਂ ਸਿਵਾ ਕੁਝ ਨਹੀ ਸੀ।ਬੀਜੇਪੀ ਦੇ ਰਾਮ ਮੰਦਰ ਪਿੱਛੇ ਰਾਮ ਦਾ ਨਹੀਂ ਬਲਕਿ ਵੋਟਾਂ ਦਾ ਮੋਹ ਹੈ।ਇੱਥੇ ਹੀ ਵਸ ਨਹੀਂ ਵੋਟਾਂ ਖਾਤਰ (ਨ ਕਿ ਧਰਮ ਖਾਤਰ) ਧਰਮ ਦਾ ਪ੍ਰਸਾਰ ਵੀ ਕੀਤਾ ਜਾਂਦਾ ਹੈ ਅਤੇ ਵਿਰੋਧੀ ਧਰਮ ਦੇ ਪ੍ਰਸਾਰ ਨੂੰ ਰੋਕਿਆ ਵੀ ਜਾਂਦਾ ਹੈ।ਮੁਸਲਮਾਨਾਂ ਦੀ ਵਧਦੀ ਵਸੋਂ ਵਾਰੇ ਭਾਰਤ ਅਤੇ ਯੁਰਪ ਵਿੱਚ ਅਕਸਰ ਖਦਸ਼ੇ ਜਾਹਰ ਕੀਤੇ ਜਾਂਦੇ ਨੇ।ਚੋਣਾਂ ਦੌਰਾਨ ਆਪਣੇ ਆਪ ਨੂੰ ਧਰਮੀ ਪੇਸ਼ ਕੀਤਾ ਜਾਂਦਾ ਹੈ ਅਤੇ ਵਿਰੋਧੀ ਨੂੰ ਅਧਰਮੀ ਜਾਂ ਨਾਸਤਿਕ ਕਹਿ ਕਿ ਦੁਰਪ੍ਰਚਾਰਿਆ ਜਾਂਦਾ ਹੈ।ਇਹ ਕੋਈ ਹੈਰਾਨੀ ਵਾਲੀ ਗੱਲ ਨਹੀ ਹੈ ਕਿ ਅੱਜ ਤਕ ਕਿਸੇ ਨੇ ਵੀ ਆਪਣੇ ਆਪ ਨੂੰ ਨਾਸਤਿਕ ਦੱਸ ਕੋਈ ਚੋਣ ਨਹੀਂ ਜਿੱਤੀ।

ਗੁਰਬਾਣੀ ਅਤੇ ਸਿਆਸਤ

ਸਿੱਖਾਂ ਵਿੱਚ ਇੱਕ ਕਹਾਣੀ ਬਹੁਤ ਪ੍ਰਚਲਤ ਹੈ ਕਿ ਛੇਵੇਂ ਗੁਰੂ ਸਾਹਿਬ ਨੇ ਦੋ ਕ੍ਰਿਪਾਨਾਂ ਪਹਿਨ (ਪਹਿਲਾਂ ਗਲਤੀ ਨਾਲ ਪੁੱਠੇ ਪਾਸੇ ਪਾ ਲਈ, ਫਿਰ ਦੂਸਰੀ ਸਿੱਧੇ ਪਾਸੇ ਪਾਈ) ਕੇ ਮੀਰੀ ਪੀਰੀ ਦੇ ਸਿਧਾਂਤ ਦੀ ਨੀਂਹ ਰੱਖੀ।ਕਹਾਣੀ ਵੈਸੇ ਹਾਸੋਹੀਣੀ ਹੈ (ਪਤਾ ਨਹੀਂ ਸਿੱਖਾਂ ਨੂੰ ਕਿਉਂ ਨਹੀਂ ਅਜਿਹੀ ਲਗਦੀ) ਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ ਕਿ ਜੋ ਸ਼ਖਸ ਤਲਵਾਰਬਾਜ਼ੀ ਦਾ ਧਨੀ ਹੋਏ ਉਸ ਨੂੰ ਕ੍ਰਿਪਾਨ ਪਹਿਨਣ ਦਾ ਸਲੀਕਾ ਹੀ ਨਹੀ ਸੀ। ਵੈਸੇ ਇਸ ਕਹਾਣੀ ਨਾਲ ਅਕਸਰ ਇਹ ਸਾਬਤ ਕੀਤਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਰਾਂਹੀਂ ਸਿੱਖੀ ਵਿੱਚ ਸਿਆਸਤ ਸ਼ਾਮਲ ਕੀਤੀ।ਇਹ ਵੀ ਹਾਸੋਹੀਣੀ ਗੱਲ ਹੈ ਕਿ ਇਸ ਸਿਧਾਂਤ ਦਾ ਮੁੱਢ ੱਿੲੱਕ ਭੁੱਲ ਤੋਂ ਬੱਝਾ।ਇਹ ਤਾਂ ਉਹ ਗੱਲ ਹੋਈ ਕਿ ਅਗਰ ਗੁਰੂ ਸਾਹਿਬ ਕ੍ਰਿਪਾਨ ਸਿੱਧੇ ਪਾਸੇ ਪਾ ਲੈਂਦੇ ਤਾਂ ਕੀ ਇਹ ਸਿਧਾਂਤ ਸਿੱਖੀ ਚੋਂ ਗਾਇਬ ਹੀ ਰਹਿੰਦਾ।ਦਰਅਸਲ ਮੀਰੀ ਪੀਰੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਹੀ ਹੈ।ਜਿਸ ਨੇ ਲੋੜ ਪੈਣ ਤੇ ਸਮੇਂ ਦੀ ਨਜ਼ਾਕਤ ਨੂੂੰ ਸਮਝਦਿਆਂ ਗੁਰੂ ਅਰਜਣ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਹੋਣ ਦਾ ਫੇਸਲਾ ਕੀਤਾ।ਧਰਮ ਵਾਰੇ ਅਕਸਰ ਇਹ ਪ੍ਰਚਾਰਿਆਂ ਜਾਂਦਾ ਹੈ ਕਿ ਇਹ ਬੰਦੇ ਦਾ ਜਾਤੀ ਮਾਮਲਾ ਹੈ।ਧਰਮ ਦਾ ਬੰਦੇ ਦੀ ਜਾਤ ਨਾਲ ਗਹਿਰਾ ਸਬੰਧ ਜ਼ਰੂਰ ਹੈ ਪਰ ਇਹ ਬੰਦੇ ਦੀ ਜਾਤ ਤਕ ਹੀ ਮਹਿਦੂਦ ਨਹੀਂ ਹੈ ਕਿਉਂਕਿ ਬੰਦਾ ਇੱਕ ਸਮਾਜਕ ਪ੍ਰਾਣੀ ਹੈ।ਨ ਹੀ ਸਿੱਖੀ ਇਸ ਨੂੰ ਬੰਦੇ ਦੀ ਜਾਤ ਤਕ ਮਹਿਦੂਦ ਮੰਨਦੀ ਹੈ।ਸਿੱਖੀ ਗੁਰਦੁਵਾਰੇ ਅੰਦਰ “ਲੁਕ” ਕੇ ਨਾਮ ਸਿਮਰਣ ਕਰਨਾ ਨਹੀਂ ਹੈ ਬਲਕਿ ਸੁੱਚਜਾ ਸਮਾਜ ਸਿਰਜਣ ਵਾਲਾ ਨਾਗਰਿਕ ਬਣਨਾ ਹੈ।ਸਿੱਖ ਗੁਰੂ ਸਹਿਬਾਨ ਦਾ ਸਾਰਾ ਜੀਵਨ ਇਸੇ ਕਾਰਜ ਹਿੱਤ ਸਮਰਪਿਤ ਰਿਹਾ ਹੈ ਜਿਸ ਲਈ ਉਹਨਾਂ ਨੇ ਅਕਿਹ ਅਤੇ ਅਸਿਹ ਤਸੀਹੇ ਅਤੇ ਜੁਲਮ ਵੀ ਝੱਲੇ।ਗੁਰਬਾਣੀ ਬਾਬਰ ਵਾਰੇ ਖੂਨ ਦੇ ਸੋਹਲੇ ਵੀ ਗਾਉਂਦੀ ਹੈ ਅਤੇ ਭ੍ਰਿਸ਼ਟ ਹੁਕਮਰਾਨਾਂ ਨੁੰ ਸ਼ੀਂਹ ਅਤੇ ਭ੍ਰਿਸ਼ਟ ਮੁਕੱਦਮਾਂ ਨੂੰ ਕੁੱਤੇ ਕਹਿਣ ਤੋਂ ਵੀ ਨਹੀ ਕਤਰਾਉਂਦੀ।ਗੁਰਬਾਣੀ ਧਰਮ ਨੂੰ ਧਾਰਮਿਕ ਅਸਥਾਨਾਂ ਤੋਂ ਅਜਾਦ ਕਰ ਘਰ ਘਰ ਧਰਮਸਾਲ ਬਣਾਉਂਦੀ ਏ।ਜਦੋਂ ਸਿੱਖ ਗੁਰਦਵਾਰੇ ਤੋਂ ਬਾਹਰ ਸਮਾਜ ਅੰਦਰ ਸਿੱਖੀ ਨਿਭਾਉਂਦਾ ਹੈ ਤਾਂ ਉਹ ਸਿਆਸਤ ਵਿੱਚ ਹੀ ਹਿੱਸਾ ਲੈਂਦਾ ਹੈ।ਅਗਰ ਸਿੱਖ ਗੁਰੂ ਸਾਹਿਬਾਨ ਸਿਆਸਤ ਵਿੱਚ ਹਿੱਸਾ ਨ ਲੈਂਦੇ ਹੁੰਦੇ ਤਾਂ ਵੇਲੇ ਦੇ ਹੁਕਮਰਾਨ ਉਹਨਾਂ ਨੂੰ ਕੈਦ ਨ ਕਰਦੇ, ਤਸੀਹੇ ਨ ਦਿੰਦੇ, ਸ਼ਹੀਦ ਨ ਕਰਦੇ।ਸਿਆਸਤ ਸਿਰਫ ਚੋਣਾ ਲੜਨਾ ਜਾਂ ਵਜ਼ੀਰ ਬਣਨਾ ਹੀ ਨਹੀ ਬਲਕਿ ਚੰਗੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਣਾ ਏ।ਇਸ ਲਈ ਕਿਸੇ ਸਿਆਸੀ ਜਮਾਤ ਦਾ ਕਾਰਕੁਨ ਹੋਣਾ ਵੀ ਜ਼ਰੂਰੀ ਨਹੀਂ ਹੈ।ਆਪ ਚੋਣਾਂ ਲੜੇ ਵਗੈਰ ਵੀ ਚੋਣਾਂ ਵਿੱਚ ਸ਼ਿਰਕਤ ਕੀਤੀ ਜਾ ਸਕਦੀ ਹੈ।ਆਸਾ ਕੀ ਵਾਰ, ਜੋ ਸਿੱਖ ਰੋਜ਼ਾਨਾ ਪੜ੍ਹਦੇ ਸੁਣਦੇ ਨੇ, ਵਿੱਚ ਗੁਰੂ ਨਾਨਕ ਸਾਹਿਬ ਪ੍ਰਚਲਤ ਸਮਾਜਿਕ ਰਾਜਨੀਤਕ ਤੇ ਧਾਰਮਿਕ ਕੁਰੀਤੀਆਂ ਦੇ ਬਖੀਏ ਉਧੇੜਦੇ ਹਨ।ਆਸਾ ਰਾਗ ਵਿੱਚ ਹੀ ਗੁਰੂ ਨਾਨਕ ਸਾਹਿਬ ਭ੍ਰਿਸ਼ਟ ਸਮਾਜ ਦੀ ਤਸਵੀਰ ਖਿਚਦੇ ਹੋਏ ਪੰਨਾ 350 ਤੇ ਲਿਖਦੇ ਨੇ ਕਿ ਅਜਿਹਾ ਭੈੜਾ ਸਮਾਂ ਆ ਗਿਆ ਹੈ ਕਿ ਬੰਦਾ ਬੰਦੇ ਤੇ ਹੀ ਤਰਸ ਨਹੀਂ ਖਾਂਦਾ ਅਤੇ ਵੱਢੀ ਲਏ ਬਿਨਾ ਕੋਈ ਕੰਮ ਨਹੀਂ ਹੁੰਦਾ।ਰੱਬ ਦੇ ਨਾਮ ਤੇ ਪਾਇਆ ਵਾਸਤਾ ਵੀ ਬੇਕਾਰ ਜਾਂਦਾ ਹੈ ਇਥੋਂ ਤਕ ਕਿ ਸਰਕਾਰ ਵੀ ਬਿਨਾ ਰਿਸ਼ਵਤ ਦੇ ਕੋਈ ਕੰਮ ਨਹੀ ਕਰਦੀ।

ਦਰਸਨਿ ਦੇਖਿਐ ਦਇਆ ਨ ਹੋਇ॥ਲਏ ਦਿਤੇ ਵਿਣੁ ਰਹੈ ਨ ਕੋਇ॥
ਰਾਜਾ ਨਿਆਉ ਕਰੇ ਹਥਿ ਹੋਇ॥ਕਹੈ ਖੁਦਾਇ ਨ ਮਾਨੈ ਕੋਇ॥

ਇਸ ਤਸਵੀਰ ਵਿੱਚ ਅੱਜ ਦੇ ਸਮਾਜ ਦਾ ਚਿਹਰਾ ਵੀ ਸਾਫ ਦਖਾਈ ਦਿੰਦਾ ਹੈ।ਕਰੋਨਾ ਮਹਾਂਮਾਰੀ ਦੌਰਾਨ ਤਾਂ ਇਹ ਚਿਹਰਾ ਹੋਰ ਵੀ ਉਘੜ ਕੇ ਸਾਹਮਣੇ ਆਇਆ।ਇੱਕ ਸਿੱਖ ਦੀ ਸਿਆਸਤ ਇਸ ਸਮਾਜ ਵਿੱਚ ਵਿਚਰਦੇ ਆਪਣੇ ਚਿਹਰੇ ਤੇ ਗੁਰੂ ਦੀ ਸਿਖਿਆ ਦੀ ਝਲਕ ਦਿਖਾ ਸਮਾਜ ਦੀ ਅਗਵਾਈ ਕਰਨਾ ਹੈ।ਜਪ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਇਸ ਨੂੰ ਹੀ “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥” ਕਹਿੰਦੇ ਨੇ।ਗੁਰ ਨਾਨਕ ਸਾਹਿਬ ਨੇ ਬਾਕੀ ਪੀਰਾਂ ਪੈਗੰਬਰਾਂ ਦੀ ਤਰ੍ਹਾਂ ਕੋਈ ਕਰਾਮਾਤ ਤਾਂ ਨਹੀ ਦਿਖਾਈ ਬਲਕਿ ੳਹਨਾਂ ਨੇ ਇਹ ਸਿਆਸਤ ਜ਼ਰੂਰ ਹਜ਼ਾਰਾਂ ਮੀਲ਼ ਬਿਖੜੈ ਪੈਂਡੇ ਤਹਿ ਕਰ ਕੇ. ਜੰਗਲ ਬੀਆਬਾਨ ਗਾਹ ਕੇ, ਸਮੇ ਦੇ ਸਿਰਕੱਢ ਵਿਦਵਾਨਾ ਨਾਲ ਮੱਥਾ ਡਾਹ ਕੇ, ਸਮੇ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਅੱਖਾ ਪਾ ਕੇ ਕੀਤੀ।ਲੋੜ ਅਨੁਸਾਰ ਇਹ ਸਿਆਸਤ ਹਥਿਆਰਬੰਦ ਹੋ ਕੇ ਲੜੀ ਵੀ।ਪਰ ਗੁਰੂ ਸਾਹਿਬ ਨੇ ਜੰਗ ਦੇ ਮੈਦਾਨ ਵਿੱਚ ਜਿੱਤਾਂ ਦੇ ਬਾਵਜ਼ੁਦ ਵੀ ਕਿਸੇ ਇੱਕ ਖਿੱਤੇ ਵਿੱਚ ਆਪਣੀ ਸਰਕਾਰ ਨਹੀਂ ਕਾਇਮ ਕੀਤੀ ਨ ਹੀ ਕਰਨੀ ਚਾਹੀ।ਬਾਕੀ ਧਰਮ ਇਹ ਕਰਦੇ ਰਹੇ ਨੇ।ਮਹੁੰਮਦ ਸਾਹਿਬ ਨੇ ਕੀਤਾ, ਈਸਾਈ ਕਰਦੇ ਰਹੇ ਨੇ, ਯਹੂਦੀਆਂ ਨੇ ਇਜ਼ਰਾਈਲ ਵਿੱਚ ਕੀਤਾ, ਹੁਣ ਹਿੰਦੁਸਤਾਨ ਵਿੱਚ ਭਾਰਤੀ ਜਨਤਾ ਪਾਰਟੀ ਵੀ ਅਜਿਹਾ ਹੀ ਕਰ ਰਹੀ ਹੈ।ਸਿੱਖ ਗੁਰੂਆਂ ਨੇ ਅਜਿਹਾ ਕਿਉਂ ਨਹੀਂ ਕੀਤਾ।ਇਸ ਸਮਝਣ ਲਈ ਧਰਮ ਅਤੇ ਦੇਸ਼ ਦੇ ਸਬੰਧ ਨੂੰ ਗਰਬਾਣੀ ਦੇ ਨਜ਼ਰੀਏ ਤੋਂ ਸਮਝਣਾ ਪਏਗਾ।

ਧਰਮ ਅਤੇ ਦੇਸ਼

ਗੁਰਦਵਾਰਿਆਂ ਵਿੱਚ ਅਤੇ ਆਮ ਗਲਬਾਤ ਵਿੱਚ ਇੱਕ ਪੰਗਤੀ ਅਕਸਰ ਸੁਣਨ ਨੂੰ ਮਿਲਦੀ ਹੈ ਕਿ “ਰਾਜ ਬਿਨਾ ਨਹੀਂ ਧਰਮ ਚਲੇ ਹੈਂ।ਧਰਮ ਬਿਨਾ ਸਭ ਦਲੇ ਮਲੇ ਹੈਂ”।ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪੰਗਤੀ ਗੁਰੂ ਗੋਬਿੰਦ ਸਿੰਘ ਦੀ ਹੈ ਅਤੇ ਦਸਮ ਗ੍ਰੰਥ ਵਿਚੋਂ ਹੈ।ਅਸਲ ਵਿੱਚ ਨ ਤਾਂ ਦਸਮ ਗ੍ਰੰਥ ਗੂਰੂ ਗੋਬਿੰਦ ਸਿੰਘ ਸਾਹਿਬ ਦਵਾਰਾ ਰਚਿਤ ਹੈ ਅਤੇ ਨ ਹੀ ਇਹ ਪੰਗਤੀ ਉਹਨਾਂ ਦੀ ਉਚਾਰੀ ਹੋਈ ਹੈ।ਦਰਅਸਲ ਇਹ ਪੰਗਤੀ ਭਾਈ ਸੁਖਾ ਸਿੰਘ ਰਚਿਤ “ਗੁਰਬਿਲਾਸ ਪਾਤਸ਼ਾਹੀ 10ਵੀਂ” ਵਿੱਚ ਆਉਂਦੀ ਹੈ।ਇਸ ਪੰਗਤੀ ਨੂੰ ਸਿੱਖ ਇਤਿਹਾਸ ਖੁਦ ਹੀ ਝੂਠਾ ਸਾਬਤ ਕਰਦਾ ਹੈ।ਸਿੱਖ ਧਰਮ ਬਿਨਾ ਕਿਸੇ ਰਾਜ ਸ਼ਕਤੀ ਦੇ ਸ਼ੁਰੂ ਹੋ ਕੇ ਪ੍ਰਫੁਲਿਤ ਵੀ ਹੋਇਆ।ਚੀਨ ਦੇ ਆਗੂ ਮਾਉ ਦਾ ਵੀ ਇੱਕ ਕਥਨ ਬਹੁਤ ਮਸ਼ਹੂਰ ਹੈ ਕਿ ਸਿਆਸੀ ਤਾਕਤ ਬੰਦੂਕ ਦੀ ਨਾਲੀ ਚੋਂ ਨਿਕਲਦੀ ਹੈ।(2) ਇਹ ਕਥਨ ਵੀ ਲੋਕ ਰਾਜ ਦੇ ਆਉਣ ਨਾਲ ਗਲਤ ਸਾਬਤ ਹੋ ਚੁੱਕਾ ਹੈ।ਸੁਖਾ ਸਿੰਘ ਅਤੇ ਮਾਉ ਦੇ ਕਥਨ ਇਸ ਲਈ ਝੂਠੇ ਸਾਬਤ ਹੋਏ ਕਿਉਂਕਿ ਇਹ ਅੱਧਾ ਅਧੂਰਾ ਸੱਚ ਬੋਲ ਰਹੇ ਸਨ ਜਦਕਿ ਗੁਰਬਾਣੀ ਪੂਰਾ ਸੱਚ ਬੋਲਦੀ ਹੈ।ਗੁਰਬਾਣੀ ਧਰਮ ਨੂੰ ਦੇਸ਼ ਜਾਂ ਸਿਆਸੀ ਤਾਕਤ ਤੇ ਨਿਰਭਰ ਨਹੀ ਕਰਦੀ ਅਤੇ ਨ ਹੀ ਧਰਮ ਨੂੰ ਦੇਸ਼ ਪ੍ਰੇਮ ਨਾਲ ਜੋੜਦੀ ਏ।ਸਿੱਖ ਆਪਣੇ ਧਰਮ ਦੀ ਪਾਲਣਾ ਕਰਦੇ ਹੋਏ ਜਿਸ ਵੀ ਮੁਲਖ ਵਿੱਚ ਉਹ ਰਹਿੰਦੇ ਨੇ ਨੂੰ ਉਸ ਮੁਲਖ ਨੂੰ ਪ੍ਰੇਮ ਕਰ ਸਕਦੇ ਨੇ ਬੇਸ਼ੱਕ ਉਹ ਮੁਲਖ ਆਪਸ ਵਿੱਚ ਦੁਸ਼ਮਣ ਹੀ ਕਿਉਂ ਨ ਹੋਣ।ਗੁਰਬਾਣੀ ਅਨੁਸਾਰ ਦੇਸ਼ ਭਗਤੀ ਧਰਮ ਦਾ ਹਿੱਸਾ ਨਹੀਂ ਹੈ।ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਰਹਿੰਦੇ ਸਿੱਖਾਂ ਅਤੇ ਹਿੰਦੂਆਂ ਦਾ ਧਰਮ ਤਾਂ ਇੱਕੋ ਹੈ ਪਰ ਦੇਸ਼ ਪ੍ਰੇਮ ਵੱਖਰਾ ਵੱਖਰਾ ਹੋਏਗਾ।ਦੇਸ਼ ਭਗਤੀ ਬਦਲਦੀ ਵੀ ਰਹਿੰਦੀ ਹੈ।ਸੰਨ ਸੰਤਾਲੀ ਤੋਂ ਪਹਿਲਾਂ ਪਾਕਿਸਤਾਨ ਵਿੱਚ ਵਸਦੇ ਮੁਸਲਮਾਨ ਵੀ ਹਿੰਦਸਤਾਨ ਨਾਲ ਪ੍ਰੇਮ ਕਰਦੇ ਸਨ।ਅਲਾਮਾ ਇਕਬਾਲ ਦਾ ਸੰਨ ਸੰਤਾਲੀ ਤੋਂ ਪਹਿਲਾ ਇੱਕ ਸ਼ੇਅਰ ਬੜਾ ਮਸ਼ਹੂਰ ਹੈ ਕਿ “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬਲੇ ਹੈ ਇਸਕੀ ਯੇ ਗੁਲਸਤਾਨ ਹਮਾਰਾ”।ਪਰ ਹੁਣ ਇਹ ਸ਼ੇਅਰ ਕਿਸੇ ਵੀ ਪਾਕਿਸਤਾਨੀ ਦੇ ਗਲੇ ਨਹੀਂ ਉਤਰੇਗਾ।ਹਿੰਦੁਸਤਾਨੀ ਇਹ ਹੁਣ ਵੀ ਬੜੇ ਸ਼ੋਕ ਨਾਲ ਗਾਉਂਦੇ ਨੇ।ਦਰਅਸਲ ਦੇਸ਼ ਭਗਤੀ ੱਿੲੱਕ ਆਣੀ ਜਾਣੀ ਚੀਜ਼ ਹੈ ਇਸ ਕਰਕੇ ਗੁਰਬਾਣੀ ਇਸ ਨੂੰ ਧੰਨ ਦੌਲਤ ਦੀ ਤਰ੍ਹਾਂ ਧਰਮ ਦੇ ਰਾਹ ਲਈ ਇਕ ਵਿਅਰਥ ਚੀਜ਼ ਹੀ ਮੰਨਦੀ ਹੈ।ਪੰਨਾ 47 ਤੇ ਗੁਰੂ ਦਾ ਫੁਰਮਾਨ ਹੈ।

ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ॥ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ॥
ਹਰਿ ਨਾਮ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ॥

ਇਸੇ ਤਰ੍ਹਾਂ ਪੰਨਾ 547 ਤੇ ਫਿਰ ਯਾਦ ਕਰਾਉਂਦੇ ਨੇ ਕਿ:

ਸੰਗਿ ਤੇਰੇ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ॥ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ॥

ਜਿਹੜੇ ਹੁਕਮਰਾਨ ਨਵੇਂ ਨਵੇਂ ਦੇਸ਼ ੱਿਜੱਤ ਕੇ ਮੱਲ ਬੈਠਦੇ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਮੌਤ ਯਾਦ ਰੱਖਣ ਲਈ ਕਹਿੰਦੇ ਨੇ:

ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਉਠਿ ਸਿਧਾਸ॥ ਪੰਨਾ 496

ਫਿਰ ਸਵਾਲ ਉੱਠਦਾ ਹੈ ਕਿ ਕੀ ਦੇਸ਼ ਭਗਤੀ ਗੁਰਬਾਣੀ ਅਨੁਸਾਰ ਕੋਈ ਮਾੜੀ ਚੀਜ਼ ਹੈ।ਗੁਰਬਾਣੀ ਨਾ ਤਾਂ ਧੰਨ ਦੌਲਤ ਨੂੰ ਮਾੜਾ ਕਹਿੰਦੀ ਹੈ ਅਤੇ ਨ ਹੀ ਦੇਸ਼ ਭਗਤੀ ਨੁੰ।ਪਰ ਗੁਰਬਾਣੀ ਦੇਸ਼ ਭਗਤੀ ਨੂੰ ਧਰਮ ਨਾਲ ਨਹੀਂ ਜੋੜਦੀ।ਇਸ ਦੀ ਪ੍ਰਤੱਖ ਮਿਸਾਲ ਇਹ ਹੈ ਕਿ ਸਿੱਖਾਂ ਨੇ ਅਨੇਕਾਂ ਦੇਸ਼ਾਂ ਵਿੱਚ ਆਪਣੀ ਦੇਸ਼ ਭਗਤੀ ਦੀਆਂ ਮਿਸਾਲਾਂ ਆਪਣੇ ਧਰਮ ਵਿੱਚ ਰਹਿੰਦਿਆਂ ਆਪਣੀਆਂ ਜਾਨਾਂ ਵਾਰ ਕੇ ਕਾਇਮ ਕੀਤੀਆਂ ਹਨ।ਕੋਈ ਵਿਰਲਾ ਦੇਸ਼ ਹੀ ਹੈ ਜਿਥੇ ਸਿਰਫ ਇੱਕ ਧਰਮ ਦੇ ਲੋਕ ਰਹਿੰਦੇ ਹੋਣ।ਸਿਰਫ ਅਜਿਹੀ ਸੂਰਤ ਵਿੱਚ ਧਰਮ ਅਤੇ ਦੇਸ ਭਗਤੀ ਰਲਗੱਡ ਹੋ ਜਾਂਦੇ ਨੇ।ਪਰ ਅਗਰ ਦੇਸ਼ ਭਗਤੀ ਨੂੰ ਧਰਮ ਨਾਲ ਜੋੜਿਆ ਜਾਵੇ ਤਾਂ ਬਹੁ ਧਰਮਾਂ ਵਾਲੇ ਦੇਸ਼ ਵਿੱਚ ਦੇਸ਼ ਭਗਤੀ ਇੱਕ ਮਸਲਾ ਬਣ ਜਾਂਦੀ ਏ।ਜਿਵੇਂ ਭਾਰਤੀ ਜਨਤਾ ਪਾਰਟੀ ਦੀ ਸੋਚ ਕਾਰਨ ਭਾਰਤ ਵਿੱਚ ਦੇਸ਼ ਭਗਤੀ ਇੱਕ ਮਸਲਾ ਬਣ ਗਈ ਏ।ਕਿਉਂਕਿ ਉਹ ਦੇਸ਼ ਭਗਤੀ ਅਤੇ ਹਿੰਦੂ ਧਰਮ ਨੂੰ ਰਲਗਡ ਕਰ ਰਹੇ ਨੇ।ਉਹਨਾ ਅਨੁਸਾਰ ਦੇਸ਼ ਭਗਤੀ ਦਾ ਮਤਲਬ ਭਾਰਤ ਮਾਤਾ ਦੀ ਜੈ ਕਹਿਣਾ ਅਤੇ ਗਊ ਮਾਤਾ ਦਾ ਸਤਿਕਾਰ ਕਰਨਾ ਹੈ।ਉਹ ਇਹ ਸੋਚ ਵੀ ਨਹੀਂ ਸਕਦੇ ਕਿ ਕੋਈ ਗਊ ਦਾ ਮਾਸ ਖਾਣ ਵਾਲਾ ਵੀ ਭਾਰਤ ਲਈ ਦੇਸ਼ ਭਗਤ ਹੋ ਸਕਦਾ ਹੈ।ਧਰਮ ਦੀ ਸਿਆਸੀ ਰੰਗਤ ਨੇ ਉਨ੍ਹਾਂ ਦੀ ਸੋਚ ਨੂੰ ਅਧਰੰਗ ਕਰ ਦਿੱਤਾ ਏ।

ਦੇਸ਼ ਪ੍ਰੇਮ ਕਈ ਵਾਰ ਬੰਦੇ ਨੂੰ ਧਰਮ ਤੋਂ ਦੂਰ ਵੀ ਲੈ ਜਾਂਦਾ ਹੈ।ਦੇਸ਼ ਪ੍ਰੇਮ ਅਤੇ ਫਾਸ਼ੀਵਾਦ ‘ਚ ਕੋਈ ਬਹੁਤਾ ਫਰਕ ਵੀ ਨਹੀਂ ਹੈ।ਇਸ ਵੇਲੇ ਹਿੰਦੁਸਤਾਨ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ ਜੋ ਦੇਸ਼ ਪ੍ਰੇਮ ਨੂੰ ਧਰਮ ਨਾਲ ਜੋੜ ਰਹੀ ਹੈ।ਇਸ ਕਰਕੇ ਇਸ ਰਾਜ ਦੀ ਖਸਲਤ ਫਾਸੀਵਾਦ ਨਾਲ ਕਾਫੀ ਮਿਲਦੀ ਹੈ।ਫਾਸ਼ੀਵਾਦ ਇਟਲੀ ਦੇ ਬਾਦਸ਼ਾਹ ਮਸੋਲੀਨੀ ਦਾ ਫਲਸਫਾ ਹੈ ਜਿਸ ਅਨੁਸਾਰ ਦੇਸ਼ ਪ੍ਰੇਮ ਨੂੰ ਸਰਬਉਚ ਮੰਨ ਸਿਆਸਤ ਨੂੰ ਧਾਰਮਿਕ ਰੰਗ ਦੇ ਡੰਡੇ ਦੇ ਜ਼ੋਰ ਨਾਲ ਰਾਜ ਕੀਤਾ ਜਾਂਦਾ ਹੈ।ਫਾਸ਼ੀਵਾਦ ਦਾ ਨਾਮ ਵੀ ਇਟਾਲੀਅਨ ਸ਼ਬਦ “ਫਾਸ਼ੀ” ਤੋ ਪਿਆ ਜਿਸ ਦਾ ਮਤਲਬ ਸੋਟਿਆਂ ਦੀ ਉਹ ਗਠੜੀ ਹੈ ਜੋੋ ਰੋਮ ਦੇ ਮੈਜਿਸਟ੍ਰੇਟ ਦੇ ਸਹਾਇਕ ਆਪਣੇ ਕੋਲ ਰੱਖਦੇ ਸਨ ਤੇ ਲੋੜ ਪੈਣ ਤੇ ਦੋਸ਼ੀਆਂ ਨੂੰ ਇਹਨਾ ਨਾਲ ਕੁੱਟਦੇ ਵੀ ਸਨ।(3) ਭਾਰਤੀ ਜਨਤਾ ਪਾਰਟੀ ਅਖੰਡ ਭਾਰਤ ਦੀ ਸੌਂਹ ਚੁਕਦੀ ਹੈ ਪਰ ਇਸ ਵੇਲੇ ਭਾਰਤ ਦੀ ਅਖੰਡਤਾ ਨੂੰ ਅਗਰ ਕੋਈ ਖਤਰਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਹੈ।ਇਹ ਸਿਆਸਤ ਲੋਕਾਂ ਨੂੰ ਬਿਬੇਕ ਤੋਂ ਦੂਰ ਲਿਜਾ ਰਹੀ ਹੈ।ਲੋਕਾਂ ਦਾ ਤਰਕ ਨਾਲੋਂ ਨਾਤਾ ਤੋੜ ਭਾਵਨਾਵਾਂ ਦੇ ਹੜ੍ਹ ਵਿੱਚ ਰੋੜ ਰਹੀ ਹੈ।ਭਾਰਤ ਇੱਕ ਬਹੁ ਧਰਮਾ ਵਾਲਾ ਦੇਸ਼ ਹੈ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਖੁਦਕੁਸ਼ੀ ਵਾਲਾ ਕਦਮ ਹੋਏਗਾ।ਇਸ ਲੇਖ ਦਾ ਵਿਸ਼ਾ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨਹੀਂ ਹੈ ਇਸ ਲਈ ਇੱਥੇ ਹੋਰ ਵੇਰਵੇ ਵਿੱਚ ਜਾਣ ਤੋਂ ਗੁਰੇਜ਼ ਕਰਾਂਗਾ।ਇੰਨਾ ਜ਼ਰੂਰ ਕਹਾਂਗਾ ਕਿ ਜਿਸ ਤਰ੍ਹਾਂ ਦੀ ਸਿਆਸਤ ਭਾਰਤੀ ਜਨਤਾ ਪਾਰਟੀ ਹਿੰਦੂ ਧਰਮ ਦੇ ਨਾਂ ਤੇ ਕਰ ਰਹੀ ਹੈ ਉਸ ਤਰ੍ਹਾਂ ਦੀ ਸਿਆਸਤ ਦੀ ਸਿੱਖ ਧਰਮ ਇਜ਼ਾਜ਼ਤ ਨਹੀਂ ਦਿੰਦਾ।ਸ਼ਾਇਦ ਅਸਲੀ ਹਿੰਦੂ ਧਰਮ ਵੀ ਨਹੀਂ ਦਿੰਦਾ ਹੋਏਗਾ।

ਅਗਰ ਸਿੱਖ ਧਰਮ ਦੇਸ਼ ਪ੍ਰੇਮ ਨੂੰ ਵੀ ਧੰਨ ਦੌਲਤ ਦੇ ਪ੍ਰੇਮ ਦੀ ਤਰ੍ਹਾਂ ਹੀ ਸਮਝਦਾ ਹੈ ਫਿਰ ਧਰਮ ਦੇ ਨਾਂ ਤੇ ਕਿਸੇ ਰਾਜ ਦੀ ਸਥਾਪਨਾ ਦੀ ਇਜ਼ਾਜ਼ਤ ਵੀ ਸਿੱਖ ਧਰਮ ਨਹੀਂ ਦੇਵੇਗਾ।ਧਰਮ ਦੇ ਨਾਮ ਤੇ ਜੋ ਵੀ ਦੇਸ਼ ਹੋਂਦ ਵਿੱਚ ਆਏ ਨੇ ਉਨ੍ਹਾਂ ਧਰਮ ਦਾ ਤਾਂ ਕੋਈ ਫਾਇਦਾ ਨਹੀਂ ਕੀਤਾ।ਇਜ਼ਰਾਈਲ ਨੇ ਯਹੂਦੀਆਂ ਨੂੰ ਇੱਕ ਮੁਲਖ ਜ਼ਰੁਰ ਦੇ ਦਿੱਤਾ ਪਰ ਇਸ ਨਾਲ ਯਹੂਦੀ ਧਰਮ ਦਾ ਤਾਂ ਕੁਝ ਨਹੀਂ ਸੰਵਰਿਆ।ਪਾਕਿਸਤਾਨ ਜੋ ਧਰਮ ਦੇ ਨਾਂ ਤੇ ਸਥਾਪਤ ਹੋਇਆ ਇਸ ਨਾਲ ਇਸਲਾਮ ਨੂੰ ਕਿਸੇ ਫਾਇਦੇ ਦੀ ਵਜਾਏ ਨੁਕਸਾਨ ਹੀ ਹੋਇਆ ਹੈ।ਪਾਕਿਸਤਾਨ ਦੀ ਵਜਾਏ ਅਗਰ ਅਜ਼ਾਦ ਪੰਜਾਬ ਬਣਦਾ ਜਿਵੇ ਕਿ ਸਿੱਖ ਚਾਹੁੰਦੇ ਸਨ (4) ਤਾਂ ਉਸ ਵਿੱਚ ਸਭ ਦਾ ਭਲਾ ਸੀ।ਇਹ ਅਜ਼ਾਦ ਪੰਜਾਬ ਬਾਕੀ ਦੇ ਹਿੰਦੁਸਤਾਨ ਨਾਲੋਂ ਇੱਕ ਤਾਕਤਵਰ ਦੇਸ਼ ਸਾਬਤ ਹੋਣਾ ਸੀ ਅਤੇ ਨਾ ਹੀ ਵੰਡ ਦੇ ਰੌਲਿਆਂ ਵਿੱਚ ਲੱਖਾਂ ਜਾਨਾਂ ਦਾ ਨੁਕਸਾਨ ਹੋਣਾ ਸੀ।ਇਸ ਨਾਲ ਬਾਕੀ ਬਚਦੇ ਹਿੰਦੁਸਤਾਨ ਵਿਚਲੇ ਮੁਸਲਮਾਨ ਵੀ ਅੱਜ ਦੇ ਹਿੰਦੁਸਤਾਨ ਨਾਲੋਂ ਜ਼ਿਆਦਾ ਮਹਿਫੂਜ਼ ਹੁੰਦੇ ਕਿਉਂਕਿ ਤਕੜਾ ਪੰਜਾਬ ਉਹਨਾ ਦੇ ਹੱਕ ਚ ਹਿੱਕ ਠੋਕ ਕੇ ਖੜਦਾ ਅਤੇ ਸਿਆਸੀ ਹਮਾਇਤ ਕਰਦਾ। ਖੈੇਰ ਅਜਿਹਾ ਨਹੀਂ ਵਾਪਰਿਆ ਅਤੇ ਨਾ ਹੀ ਅਸੀਂ ਸਮੇ ਨੂੰ ਪੁੱਠਾ ਗੇੜਾ ਦੇ ਮੁੜ ਸੰਨ ਸੰਤਾਲੀ ਵਿੱਚ ਜਾ ਇਸ ਨੂੰ ਠੀਕ ਕਰ ਸਕਦੇ ਹਾਂ।ਇਸ ਗਲਤੀ ਦਾ ਖਮਿਆਜਾ ਆਉਣ ਵਾਲੀਆਂ ਨਸਲਾ ਵੀ ਦੇਰ ਤਕ ਭੁਗਤਣਗੀਆਂ।ਮੁਜ਼ੱਫਰ ਰਾਜ਼ਮੀ ਦਾ ਇਕ ਸ਼ੇਅਰ ਇੱਥੇ ਬਹੁਤ ਢੁਕਦਾ ਹੈ ਕਿ “ਯੇ ਜ਼ਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ”।ਖੈਰ ਚਲਦੇ ਵਿਸ਼ੇ ਸਬੰਧੀ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੰਨ ਸੰਤਾਲੀ ਵਿੱਚ ਵੀ ਸਿੱਖ ਲੀਡਰਸ਼ਿਪ ਖਾਲਸਤਾਨ ਨਹੀਂ ਸੀ ਚਾਹੁੰਦੀ।

ਗੁਰਬਾਣੀ ਅਤੇ ਖਾਲਿਸਤਾਨ

ਉਪਰੋਕਿਤ ਸਾਰੀ ਵਿਚਾਰ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਗੁਰਬਾਣੀ ਧਰਮ ਅਧਾਰਿਤ ਦੇਸ਼ ਦੀ ਸਥਾਪਨਾ ਦਾ ਸਮਰਥਨ ਨਹੀਂ ਕਰਦੀ।ਨ ਹੀ ਸਿੱਖ ਗੁਰੂ ਸਹਿਬਾਨ ਨੇ ਇਸ ਦਿਸ਼ਾ ਵਿੱਚ ਕੋਈ ਉਪਰਾਲਾ ਕੀਤਾ।ਹਾਂ ਗੁਰਬਾਣੀ ਮਨੁੱਖੀ ਅਜ਼ਾਦੀ ਦਾ ਤਾਂ ਜ਼ੋਰਦਾਰ ਸਮਰਥਨ ਕਰਦੀ ਏ ਜਿਸ ਲਈ ਗੁਰੂ ਸਾਹਿਬ ਨੇ ਜੰਗਾਂ ਵੀ ਲੜੀਆਂ ਅਤੇ ਸ਼ਹੀਦੀਆਂ ਵੀ ਦਿੱਤੀਆਂ।ਧਰਮ ਲਈ ਗੁਰੂ ਸਾਹਿਬ ਕਿਸੇ ਦੇਸ਼ ਨੂੰ ਨਹੀਂ ਬਲਕਿ ਪੂਰੀ ਧਰਤੀ ਨੂੰ ਕਾਦਰ ਵਲੋਂ ਬਖਸ਼ੀ ਧਰਮਸਾਲ ਮੰਨਦੇ ਨੇ।ਜਪ ਬਾਣੀ ਦੀ 34ਵੀਂ ਪੋੜੀ ਵਿੱਚ ਗੁਰੂ ਸਾਹਿਬ ਧਰਮ ਖੰਡ ਅਤੇ ਧਰਮ ਦੀ ਨਿਸ਼ਾਨ ਦੇਹੀ ਕਰਦੇ ਫੁਰਮਾਉਂਦੇ ਨੇ:

ਰਾਤੀ ਰੁਤੀ ਥਿਤੀ ਵਾਰ॥ਪਵਣ ਪਾਣੀ ਅਗਨੀ ਪਾਤਾਲ॥ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ਤਿਨ ਕੇ ਨਾਮ ਅਨੇਕ ਅਨੰਤ॥ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ ਸਚਾ ਦਰਬਾਰੁ॥ਤਿਥੇ ਸੋਹਨਿ ਪੰਚ ਪਰਵਾਣੁ॥ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ ਓਥੈ ਪਾਇ॥ਨਾਨਕ ਗਇਆ ਜਾਪੈ ਜਾਇ॥

ਹਰ ਤਰ੍ਹਾਂ ਦੇ ਜੀਆਂ ਲਈ ਰੱਬ ਨੇ ਦਿਨ ਰਾਤ ਤੇ ਰੁੱਤਾਂ ਬਣਾ, ਹਵਾ ਪਾਣੀ ਅੱਗ ਦਾ ਬੰਦੋਬਸਤ ਕਰ, ਸਗਲੀ ਧਰਤੀ ਨੂੰ ਧਰਮਸਾਲ ਥਾਪ ਦਿੱਤਾ ਏ।ਗੁਰਬਾਣੀ ਜਿਸ ਧਰਮ ਦੀ ਗੱਲ ਕਰਦੀ ਏ ਉਹ ਕਿਸੇ ਦੇਸ਼ ਕੌਮ ਦੀ ਹੱਦ ‘ਚ ਕੈਦ ਨਹੀਂ ਹੈ ਨਾ ਹੀ ਇਸ ਨੂੰ ਕਿਸੇ ਹੁਕਮਰਾਨ ਦੇ ਥਾਪੜੇ ਜਾਂ ਸਮਰਥਨ ਦਰਕਾਰ ਹੈ।ਚਾਹੇ ਉਹ ਸਿੱਖ ਹੈ, ਚਾਹੇ ਮੁਸਲਮਾਨ, ਚਾਹੇ ਹਿੰਦੂ, ਚਾਹੇ ਈਸਾਈ ਜਾਂ ਕਿਸੇ ਹੋਰ ਧਰਮ ਦਾ ਪੈਰੋਕਾਰ, ਚਾਹੇ ਉਹ ਨਾਸਤਿਕ ਹੀ ਕਿਉਂ ਨ ਹੋਵੇ, ਸਭਨਾ ਦਾ ਉਹਨਾਂ ਦੇ ਚੰਗੇ ਮੰਦੇ ਕਰਮਾਂ ਅਨੁਸਾਰ ਸੱਚੋ ਸੱਚ ਨਿਬੇੜਾ ਇਸ ਧਰਤੀ ਤੇ ਲਗੀ ਧਰਮਸਾਲ ਵਿੱਚ ਹੋ ਰਿਹਾ ਹੈ।ਮੁਲਖ ਜਾਂ ਵਤਨ ਤਾਂ ਨਕਸ਼ੇ ਦੀਆਂ ਲੀਕਾਂ ਨੇ ਜੋ ਬਣਦੀਆਂ ਮਿਟਦੀਆਂ ਰਹਿੰਦੀਆਂ ਹਨ।ਧਰਮ ਹਮੇਸ਼ਾਂ ਕਾਇਮ ਰਿਹਾ ਹੈ।ਮਹਾਤਮਾ ਬੁੱਧ ਦਾ ਜਿਆਦਤਰ ਜੀਵਨ ਮਗਧ ਦੇਸ਼ ਵਿੱਚ ਵਿਚਰਿਆ।ਮਗਧ ਦੇਸ਼ ਹੁਣ ਧਰਤੀ ਦੇ ਨਕਸ਼ੇ ਤੋਂ ਗਾਇਬ ਹੈ ਪਰ ਬੁਧ ਧਰਮ ਹਾਲੇ ਵੀ ਜਿੰਦਾ ਹੈ।ਹਿੰਦੁਸਤਾਨ ਦੀ ਅਜ਼ਾਦੀ ਵਕਤ ਸਿੱਖ ਲੀਡਰਸ਼ਿਪ ਦੀ ਕਾਰਗੁਜ਼ਾਰੀ ਵਾਰੇ ਕਈ ਗੱਲਾਂ ਹੁੰਦੀਆਂ ਹਨ।ਉਹਨਾਂ ਵਲੋਂ ਖਾਲਸਤਾਨ ਦੀ ਮੰਗ ਉਦੋਂ ਵੀ ਨਹੀਂ ਕੀਤੀ ਗਈ ਜਦੋਂ ਹਿੰਦੁਸਤਾਨ ਦੇ ਟੋਟੇ ਹੋਣਾ ਤਹਿ ਹੋ ਗਿਆ ਸੀ।ਇਹ ਉਨ੍ਹਾ ਦੀ ਸਿਆਸੀ ਨ ਸਮਝੀ ਸੀ ਜਾਂ ਕਮਜ਼ੋਰੀ ਇਸ ਵਾਰੇ ਚਰਚਾ ਵਿਸ਼ੇ ਤੋਂ ਬਾਹਰ ਜਾਣ ਵਾਲੀ ਗਲ ਹੋਏਗੀ ਪਰ ਉਹਨਾਂ ਦੇ ਇਸ ਫੈਸਲੇ ਪਿੱਛੇ ਗੁਰਬਾਣੀ ਵਲੋਂ ਧਰਮ ਅਧਾਰਿਤ ਦੇਸ਼ ਨੂੰ ਮਾਨਤਾ ਨ ਦੇਣਾ ਵੀ ਹੋ ਸਕਦਾ ਹੈ।ਇਸ ਦੇ ਉਲਟ ਜਦੋਂ ਹੀ ਜ਼ਿਨਾਹ ਨੂੰ ਇਹ ਅਹਿਸਾਸ ਹੋਇਆ ਕਿ ਕਾਂਗਰਸੀ ਵੀ ਦਿਲੋਂ ਅਖੰਡ ਭਾਰਤ ਨਹੀਂ ਚਾਹੁੰਦੇ ਤਾਂ ਉਸ ਨੇ ਮੁਸਲਿਮ ਲੀਗ ਰਾਹੀਂ ਪਾਕਿਸਤਾਨ ਦੀ ਮੰਗ ਕਰਨਾ ਸ਼ੁਰੂ ਕਰ ਦਿੱਤੀ।ਕਿਉਂਕਿ ਉਸਦਾ ਧਰਮ ਇਸਦੀ ਇਜ਼ਾਜ਼ਤ ਦਿੰਦਾ ਸੀ। ਬਲਕਿ ਮੁਹੰਮਦ ਸਾਹਿਬ ਨੇ ਖੁਦ ਧਰਮ ਅਧਾਰਿਤ ਦੇਸ਼ ਕਾਇਮ ਕੀਤੇ ਸਨ।(5)

ਖਾਲਸਤਾਨ ਬਣਨਾ ਚਾਹੀਦਾ ਹੈ ਜਾਂ ਨਹੀਂ ਗੁਰਬਾਣੀ ਇਸ ਵਾਰੇ ਕੁਝ ਨਹੀਂ ਕਹਿੰਦੀ।ਇਹ ਫੈਸਲਾ ਤਾਂ ਲੋਕਾਂ ਨੇ ਸਮੇਂ ਦੀ ਲੋੜ ਅਨੁਸਾਰ ਕਰਨਾ ਹੈ ਜਾਂ ਸਮਾਂ ਖੁਦ ਹੀ ਕਰ ਦਿੰਦਾ ਏ।ਗੁਰਬਾਣੀ ਇਸ ਵਾਰੇ ਫਿਰਕਮੰਦ ਨਹੀਂ ਕਿ ਕਿਸੇ ਦੇਸ਼ ਵਿੱਚ ਕਿਸ ਦਾ ਰਾਜ ਹੈ ਜਾਂ ਕਿਸ ਤਰ੍ਹਾਂ ਦਾ ਰਾਜਸੀ ਢਾਂਚਾ ਹੈ ਜਾਂ ਸਿਆਸੀ ਤਾਕਤ ਕਿਵੇਂ ਤੇ ਕੌਣ ਹਾਸਲ ਕਰਦਾ ਹੈ ਬਲਕਿ ਇਸ ਗੱਲ ਤੇ ਗੌਰ ਕਰਦੀ ਹੈ ਕਿ ਸਿਆਸੀ ਤਾਕਤ ਦਾ ਲੋਕਾਂ ਤੇ ਕੀ ਅਸਰ ਹੈ ਅਤੇ ਲੋਕਾਂ ਨੇ ਕੀ ਕਰਨਾ ਹੈ।ਗੁਰਬਾਣੀ ਲੋਕਾਂ ਨੂੰ ਸੁਚੇਤ ਕਰਦੀ ਏ, ਸੱਚ ਕਹਿਣ ਦਾ ਹੌਸਲਾ ਦਿੰਦੀ ਏ, ਸੰਘਰਸ਼ ਲਈ ਪ੍ਰੇਰਦੀ ਹੈ।ਫਰਜ਼ ਕਰੋ ਅਗਰ ਖਾਲਸਤਾਨ ਬਣਦਾ ਏ ਤਾਂ ਉਸ ਅੰਦਰ ਵੀ ਗੁਰਬਾਣੀ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਦੀ ਰਹੇਗੀ।ਇਹ ਗੁਰਬਾਣੀ ਦਾ ਹੀ ਅਸਰ ਹੈ ਕਿ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਜਦੋਜਹਿਦ ਤੇ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ।ਗੁਰਬਾਣੀ ਦਾ ਅਸਰ ਹਰ ਪੰਜਾਬੀ ਤੇ ਪਿਆ ਏ ਚਾਹੇ ਉਹ ਕਿਸੇ ਵੀ ਧਰਮ ਨਾਲ ਬਾਬਸਤਾ ਹੋਏ।ਗੁਰਬਾਣੀ ਧਰਮ ਹੋਣ ਦੇ ਨਾਲ ਨਾਲ ਇੱਕ ਸੋਚ ਵੀ ਹੈ।ਜਿਸ ਤਰ੍ਹਾਂ ਵਿਗਿਆਨਿਕ ਸੋਚ ਦਾ ਅਸਰ ਹਰ ਬੰਦੇ ਤੇ ਪਿਆ ਏ ਭਾਵੇ ਉਹ ਵਿਗਿਆਨ ਨੂੰ ਮੰਨੇ ਜਾਂ ਨ ਮੰਨੇ ਇਸੇ ਤਰ੍ਹਾਂ ਗੁਰਬਾਣੀ ਦੀ ਸੋਚ ਨੇ ਵੀ ਹਰ ਪੰਜਾਬੀ ਨੂੰ ਮੁਤਾਸਰ ਕੀਤਾ ਏ।ਸੰਨ 2020 ਤੋਂ ਚਲ ਰਹੇ ਕਿਸਾਨ ਅੰਦੋਲਨ ਪਿੱਛੇ ਵੀ ਗੁਰਬਾਣੀ ਦੀ ਤਾਕਤ ਸਾਫ ਦਿਸ ਰਹੀ ਹੈ।

ਸਾਰੰਸ਼

ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਗੁਰਬਾਣੀ ਖਾਲਸਤਾਨ ਜਾਂ ਕਿਸੇ ਵੀ ਧਰਮ ਅਧਾਰਿਤ ਦੇਸ ਦੀ ਹਮਾਇਤ ਨਹੀਂ ਕਰਦੀ।ਪਰ ਮਨੁੱਖੀ ਅਜ਼ਾਦੀ ਦੀ ਗੁਰਬਾਣੀ ਅਤੇ ਗੁਰੂ ਸਹਿਬਾਨ ਦਾ ਜੀਵਨ ਇੱਕ ਜ਼ੋਰਦਾਰ ਹਮਾਇਤ ਹੀ ਨਹੀਂ ਬਲਕਿ ਪ੍ਰੇੇਰਨਾ ਸ੍ਰੋਤ ਵੀ ਹੈ।ਸਰਕਾਰ ਗਾਹੇ ਬਗਾਹੇ ਖਾਲਸਤਾਨ ਦਾ ਮੁੱਦਾ ਬਾਰਮਬਾਰ ਸਿਰਫ ਲੋਕਾਂ ਨੂੰ ਭੰਬਲਫੂਸੇ ਵਿੱਚ ਪਾਉਣ ਲਈ ਉਠਾਉਂਦੀ ਹੈ।ਇਹ ਬਹੁਤ ਹੀ ਖਤਰਨਾਕ ਖੇਡ ਹੈ ਜਿਸਦੇ ਨਤੀਜ਼ੇ ਭੈੜੇ ਵੀ ਨਿਕਲ ਸਕਦੇ ਨੇ।ਪਰ ਸਿਆਸੀ ਲੋਕਾਂ ਦੀ ਸੋੜੀ ਸੋਚ ਦੂਰ ਦੀ ਨਹੀਂ ਸੋਚਦੀ।ਅਗਰ ਦੂਰ ਦੀ ਸੋਚਣ ਤਾਂ ਦੇਸ਼ ਦਾ ਤਾਂ ਭਲਾ ਹੋਏਗਾ ਪਰ ਇਸ ਵਿੱਚ ਉਹਨਾਂ ਦੀ ਪਾਰਟੀ ਦਾ ਨੁਕਸਾਨ ਵੀ ਹੋ ਸਕਦਾ ਏ ਜੋ ਉਹ ਕਤਈ ਨਹੀ ਬਰਦਾਸ਼ਤ ਕਰ ਸਕਦੇ।

31/05/2021

ਹਵਾਲੇ ਤੇ ਨੋਟ

  1. See Yuval Noah Harari’s book, Home Deus, page 195-96. “In the late nineteenth century several European powers laid claim to African territories.Fearing that conflicting claims might lead to an all out European war, the concerned parties got got together in Berlin in 1884 and divided Africa as if it were a pie.”
  2. Political power grown out of the barrel of a gun-Mao Zedong
  3. A C Grayling writes in his book “Ideas that Matter”, “Fascism is a philosophy that is nationalistic, avowedly authoritarian, and seeks the supremacy of the race or nation over others through the sacralisation of power. It seeks national unity by invoking racial, cultural or religious bonds, and by identifying internal and external enemies and threats. It takes its name from fasces, the bundle of rods tied round an axe which in ancient Rome was the symbol of authority. The Roam fasces were carried by lictors who assisted magistrates in their duties….and rods themselves were individually used by lictors to punish offenders at magistrates ‘directions.”
  4. Gurtej Singh in his book “Tandav of the Centaur” says like this.”The Akalies however still expressed themselves against Khalistan or Sikh Raj and professed to be votaries of a state free from communal domination from any communal entity. In this context they proposed Azad Punjab scheme of 1942.This was brilliantly conceived in this that it porvided for non oppressionof any community by its rival. It envisaged that Muslims (55%) and Hindus (35%) wold each have 40% representation with the rest going to Sikhs (13%).It was calculated to suffice as an effective insurance against domination by any single religious group in the Punjab” Page 143
  5. Ibid, Gurtej Singh, Tandav of the Centour, in the chpater ttiled “The Shadow of Mohammad Ali Jinnah” gives detailed account of how and why Mr Jinnah changed his mind.

2 thoughts on “ਸਿੱਖੀ ਅਤੇ ਖਾਲਸਤਾਨ

  1. ਸਤਿਕਾਰਤ ਭਾਅ ਜੀ ਬਹੁਤ ਖੋਜ ਭਰਪੂਰ ਲੇਖ ਹੈ। ਇਹ ਸਿੱਖਾਂ ਅਤੇ ਆਮ ਲੋਕਾਂ ਦੀ ਸੰਕੀਰਨ ਸੋਚ ਨੂੰ ਤਬਦੀਲ ਕਰਨ ਅਤੇ ਸਿੱਖ ਫ਼ਲਸਫ਼ੇ ਨੂੰ ਅਸਲ ਅਰਥਾਂ ਵਿੱਚ ਸਮਝਾਉਣ ਦੀ ਸਮਰੱਥਾ ਰੱਖਦਾ ਹੈ। ਮੈਂ ਇਸ ਚੋਂ ਬਹੁਤ ਗਿਆਨ ਹਾਸਲ ਕੀਤਾ ਹੈ। ਇੰਨੀ ਵਧੀਆ ਰਚਨਾ ਦੇਣ ਅਤੇ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏

  2. ਸਤਿਕਾਰਤ ਭਾਅ ਜੀ ਬਹੁਤ ਖੋਜ ਭਰਪੂਰ ਲੇਖ ਹੈ। ਇਹ ਸਿੱਖਾਂ ਅਤੇ ਆਮ ਲੋਕਾਂ ਦੀ ਸੰਕੀਰਨ ਸੋਚ ਨੂੰ ਤਬਦੀਲ ਕਰਨ ਅਤੇ ਸਿੱਖ ਫ਼ਲਸਫ਼ੇ ਨੂੰ ਅਸਲ ਅਰਥਾਂ ਵਿੱਚ ਸਮਝਾਉਣ ਦੀ ਸਮਰੱਥਾ ਰੱਖਦਾ ਹੈ। ਥਾਂ ਥਾਂ ਗੁਰਬਾਣੀ ਦੇ ਵੇਰਵੇ ਇਸ ਨੂੰ ਹੋਰ ਤਰਕ ਪ੍ਰਦਾਨ ਕਰਦੇ ਹਨ। ਮੈਂ ਇਸ ਚੋਂ ਬਹੁਤ ਗਿਆਨ ਹਾਸਲ ਕੀਤਾ ਹੈ। ਇੰਨੀ ਵਧੀਆ ਰਚਨਾ ਦੇਣ ਅਤੇ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s