ਪਵਨੈ ਮਹਿ ਪਵਨੁ ਸਮਾਇਆ


ਉਪਰੋਕਿਤ ਸਿਰਲੇਖ ਗੁਰੂ ਗ੍ਰੰਥ ਸਾਹਿਬ ਦੇ ਪੰਨਾ 885 ਤੇ ਅੰਕਿਤ ਸ਼ਬਦ ਵਿੱਚੋਂ ਲਿਆ ਗਿਆ ਹੈ।ਅਕਸਰ ਇਹ ਸ਼ਬਦ ਮਰਗ ਦੇ ਮੌਕੇ ਆਵਾਗਵਣ ਜਾਂ ਪੁਨਰ ਜਨਮ ਦੀ ਪ੍ਰੋੜਤਾ ਵਿੱਚ ਗਾਇਆ ਜਾਂਦਾ ਹੈ।ਪਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰਬਾਣੀ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ।ਅਗਰ ਇਹ ਸ਼ਬਦ ਪੁਨਰਜਨਮ ਦੀ ਪ੍ਰੋੜਤਾ ਹੈ ਤਾਂ ਇਹ ਸ਼ਬਦ ਉੁਨ੍ਹਾਂ ਲਈ ਤਾਂ ਬੇਮਾਇਨਾ ਜੋ ਜਾਂਦਾ ਏ ਜੋ ਪੁਨਰਜਨਮ ਨੂੰ ਨਹੀਂ ਮੰਨਦੇ।ਆਉ ਵਿਚਾਰ ਕਰੀਏ ਕਿ ਕੀ ਇਹ ਸ਼ਬਦ ਆਵਾਗਵਣ ਦੀ ਪ੍ਰੋੜਤਾ ਕਰਦਾ ਹੈ ਜਾਂ ਇਸਦਾ ਖੰਡਨ ਕਰ ਪੂਰੀ ਮਾਨਵਤਾ ਲਈ ਕੋਈ ਸੰਦੇਸ਼ ਦੇ ਰਿਹਾ ਏ।ਪੂਰਾ ਸ਼ਬਦ ਇਸ ਤਰ੍ਹਾਂ ਹੈ।

ਪਵਨੈ ਮਹਿ ਪਵਨੁ ਸਮਾਇਆ॥ਜੋਤੀ ਮਹਿ ਜੋਤਿ ਰਲਿ ਜਾਇਆ॥ਮਾਟੀ ਮਾਟੀ ਹੋਈ ਏਕ॥ਰੋਵਨਹਾਰੇ ਕੀ ਕਵਨ ਟੇਕ॥1॥ਕਉਨ ਮੂਆ ਰੇ ਕਉਨ ਮੂਆ॥ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥1॥ਰਹਾਉ॥ਅਗਲੀ ਕਿਛੁ ਖਬਰਿ ਪਾਈ॥ਰੋਵਨਹਾਰੁ ਭਿ ਉਠਿ ਸਿਧਾਈ॥ਭਰਮ ਮੋਹ ਕਿੇ ਬਾਂਧੇ ਬੰਧ॥ਸੁਪਨੁ ਭਇਆ ਭਕਲਾਏ ਅੰਧ॥2॥ਇਹ ਤਉ ਰਚਨੁ ਰਚਿਆ ਕਰਤਾਰਿ॥ਆਵਤ ਜਾਤਿ ਹੁਕਮਿ ਅਪਾਰਿ॥ਨਹ ਕੋ ਮੂਆ ਮਰਣੈ ਜੋਗੁ॥ਨਹ ਬਿਨਸੈ ਅਬਿਨਾਸੀ ਹੋਗੁ॥3॥ਜੋ ਇਹੁ ਜਾਣਹੁ ਸੋ ਇਹੁ ਨਾਹਿ॥ਜਾਨਣਹਾਰੈ ਕਉ ਬਲਿ ਜਾਉ॥ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ਨਾ ਕੋਈ ਮਰੈ ਆਵੈ ਜਾਇਆ॥4॥10

ਪ੍ਰੋ ਸਾਹਿਬ ਸਿੰਘ ਹੁਰੀਂ ਵੀ ਆਪਣੇ ਸਟੀਕ ਵਿੱਚ ਜੋ ਅਰਥ ਕਰਦੇ ਨੇ ਉਹ ਭੁਲੇਖਾ ਪਾਊ ਨੇ।ਰਹਾਉ ਵਾਲੀ ਤੁਕ ਦੇ ਅਰਥ ਕਰਦਿਆਂ ਉਹ ਲਿਖਦੇ ਨੇ ਕਿ “ਹੇ ਭਾਈ! ਅਸਲ ਵਿੱਚ ਕੋਈ ਵੀ ਜੀਵਾਤਮਾ ਮਰਦਾ ਨਹੀ, ਇਹ ਪੱਕੀ ਗੱਲ ਹੈ।ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੁੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਏ।“ ਰਹਾਉ ਵਾਲੀ ਤੁਕ ਵਿੱਚ ਤਾਂ ਸਵਾਲ ਕੀਤਾ ਗਿਆ ਹੈ ਕਿ ਬੁਝੋ “ਕਉਨ ਮੂਆ ਰੇ ਕਉਨ ਮੂਆ॥” ਇਹ ਇਕ ਸ਼ਬਦਬਾਣ ਹੈ ਜਾਣੀ ਕਿ ਉਹ ਸਵਾਲ ਜਿਸ ਦਾ ਜਵਾਬ ਸਵਾਲ ਵਿੱਚ ਹੀ ਛੁਪਿਆ ਹੋਇਆ ਹੈ।ਅੰਗਰੇਜੀ ਵਿੱਚ ਇਸ ਨੂੰ ਰ੍ਹਟਿੋਰੀਕਲ (Rhetorical) ਸਵਾਲ ਕਿਹਾ ਜਾਂਦਾ ਹੈ।ਇਸ ਸਵਾਲ ਦਾ ਜਵਾਬ ਹੈ ਕਿ ਕੁਝ ਵੀ ਨਹੀਂ ਮਰਦਾ ਅਤੇ ਇਹ ਸ਼ਬਦ ਦੀ ਅੰਤਲੀ ਤੁਕ ਵਿੱਚ ਵੀ ਸਪਸ਼ਟ ਕਰ ਦਿੱਤਾ ਗਿਆ ਹੈ।“ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ਨ ਕੋਈ ਮਰੈ ਨ ਆਵੈ ਜਾਇਆ॥” ਪ੍ਰੋ ਸਾਹਿਬ ਸਿੰਘ ਦੇ ਇਹ ਕਹਿਣ ਨਾਲ ਕਿ ਜੀਵਾਤਮਾ ਮਰਦਾ ਨਹੀ ਇਹ ਭੁਲੇਖਾ ਪੈਂਦਾ ਹੈ ਕਿ ਮਨੁੱਖ ਵਿੱਚ ਅਜਿਹੀ ਕੋਈ ਸ਼ੈ ਹੈ ਜਾਣੀ ਕਿ ਜੀਵਆਤਮਾ ਜੋ ੳਸਦੀ ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੀ ਹੈ।ਜਦ ਕਿ ਗੁਰੂ ਸਾਹਿਬ ਅਜਿਹਾ ਕੁਝ ਨਹੀਂ ਕਹਿ ਰਹੇ।ਉਹ ਤਾਂ ਇਹ ਕਹਿ ਰਹੇ ਨੇ ਕਿ ਕੁਝ ਵੀ ਨਹੀਂ ਮਰਦਾ।ਇਹ ਗੱਲ ਹੋਰ ਵੀ ਸ਼ਪਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਪੂਰੇ ਸ਼ਬਦ ਦੇ ਅਰਥ ਭਾਵ ਕਰਦੇ ਹਾਂ।

ਗੁਰਮੁਖ ਸੱਜਣ ਜਦੋਂ ਮਿਲ ਬੈਠ ਕਿ ਮੌਤ ਵਾਰੇ ਵਿਚਾਰ ਕਰਦੇ ਨੇ ਤਾਂ ਸਮਝ ਆਉਂਦੀ ਹੈ ਕਿ ਜਨਮ ਮੌਤ ਕਾਦਰ ਦੀ ਰਚੀ ਇੱਕ ਖੇਡ ਹੀ ਹੈ ਅਸਲ ਵਿੱਚ ਕਦੀ ਵੀ ਕੁਝ ਵੀ ਨਹੀਂ ਮਰਦਾ।ਰਹਾਉ।

ਹੁੰਦਾ ਕੀ ਹੈ ਕਿ ਮੌਤ ਵੇਲੇ ਹਵਾ ਹਵਾ ਵਿੱਚ ਰਲ ਜਾਂਦੀ ਹੈ, ਸਰੀਰ ਨੂੰ ਚਲਾਉਣ ਵਾਲੀ ਊਰਜਾ (ਜੋਤ) ਊਰਜਾ ਵਿੱਚ ਸਮਾ ਜਾਂਦੀ ਹੈ ਅਤੇ ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ।ਨ ਹਵਾ ਮਰਦੀ ਏ, ਨ ਊਰਜਾ ਖਤਮ ਹੁੰਦੀ ਏ ਅਤੇ ਨ ਹੀ ਮਿੱਟੀ ਮੁਕਦੀ ਏ।(ਸੋਚਣ ਵਾਲੀ ਗੱਲ ਹੈ ਫਿਰ) ਰੋਣ ਵਾਲਾ ਕਿਸ ਕਾਰਨ ਰੋਂਦਾ ਏ? 1

ਸ਼ਬਦ ਦੇ ਦੂਸਰੇ ਬੰਦ ਵਿੱਚ ਮਰਗ ਤੇ ਮਾਤਮ ਕਰਨ ਆਏ ਰੋ ਰਹੇ ਸਕੇ ਸਬੰਧੀਆਂ ਦੀ ਮਨੋਸਥਿਤੀ ਬਿਆਨ ਕੀਤੀ ਹੈ।ਕਿਸੇ ਨੂੰ ਵੀ ਮੌਤ ਤੋਂ ਪਾਰਲੇ ਬੰਨੇ ਦਾ ਪਤਾ ਨਹੀਂ ਲਗਿਆ।(ਭਾਵ ਇਹ ਦਾਅਵੇ ਨਿਰਾਆਧਾਰ ਨੇ ਕਿ ਮਰਨ ਵਾਲਾ ਅਗੇ ਕਿਹੜੀ ਜੂਨ ਵਿੱਚ ਪਿਆ ਏ ਜਾਂ ਕੀ ਉਹ ਸਵਰਗ ਜਾਂ ਨਰਕ ਵਿੱਚ ਗਿਆ ਹੈ।) ਉਹ ਸਾਰੇ ਰੋ ਧੋ ਕਿ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ।ਰੋਣ ਦਾ ਕਾਰਨ ਮੋਹ ਦੀਆਂ ਤੰਦਾ ਨੇ ਜਿਹਨਾਂ ‘ਚ ਜਕੜਿਆ ਮਨੁੱਖ ਅਗਿਆਨਤਾ ਵਿੱਚ ਭਕਲਾਇਆ ਮੌਤ ਨੂੰ ਭੁੱਲ ਸੁਪਨੇ ਵਿੱਚ ਜੀਉਂਦਾ ਹੈ।2

ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਇਹ ਜੰਮਣ ਮਰਨ ਦਾ ਗੇੜ ਤਾਂ ਕਰਤਾਰ ਦੀ ਰਚੀ ਹੋਈ ਰਚਨਾ ਹੈ।ਕੁਦਰਤ ਦੇ ਨਿਯਮਾਂ ਅਧੀਨ ਹੀ ਮਨੁੱਖੀ ਸਰੀਰ ਦੀ ਸਿਰਹਣਾ ਤੇ ਖਾਤਮਾ ਹੁੰਦਾ ਹੈ।ਪਰ ਜਿਹਨਾਂ ਤੱਤਾਂ ਤੋਂ ਇਹ ਸਰੀਰ ਬਣਦਾ ਏ ਉਹ ਕਦੇ ਖਤਮ ਨਹੀਂ ਹੁੰਦੇ।ਜਿਸ ਮਿੱਟੀ ਤੋਂ ਅਸੀ ਬਣਦੇ ਹਾਂ ਉਸ ਮਿੱਟੀ ਵਿੱਚ ਮੁੜ ਰਲ ਜਾਂਦੇ ਹਾਂ ਅਤੇ ਉਸ ਮਿੱਟੀ ਤੋਂ ਕਰਤਾਰ ਦੇ ਹੁਕਮ ਮੁਤਾਬਿਕ ਫਿਰ ਕੋਈ ਨਵਾਂ ਸਰੀਰ ਸਿਰਜਿਆ ਜਾਂਦਾ ਏ।ਜਪੁ ਬਾਣੀ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ “ਕਰਿ ਕਰਿ ਵੇਖੈ ਸਿਰਜਣਹਾਰੁ॥” ਇਸ ਗੱਲ ਨਾਲ ਵਿਗਿਆਨ ਵੀ ਸਹਿਮਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਆਵਾਗਵਣ ਦੀ ਗੱਲ ਤਾਂ ਕੀਤੀ ਹੈ ਪਰ ਉਸ ਆਵਾਗਵਣ ਦੀ ਗੱਲ ਕਿਤੇ ਨਹੀਂ ਕੀਤੀ ਗਈ ਜਿਸ ਵਿੱਚ ਰੂਹ  ਇੱਕ ਸਰੀਰ ਨੂੰ ਛੱਡ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ  ਏ।ਕਿਉਕਿ ਇੱਕ ਘੁਮਾਰ ਦੀ ਤਰ੍ਹਾਂ ਕਰਤਾਰ ਉਸੇ ਮਿੱਟੀ ਵਿਚੋਂ ਵਾਰ ਵਾਰ ਨਵੇਂ ਭਾਂਡੇ ਸਿਰਜਦਾ ਏ ਇਸ ਲਈ ਜਿਸ ਨੂੰ ਅਸੀ ਮੌਤ ਸਮਝਦੇ ਹਾਂ ਉਹ ਇੱਕ ਤਰ੍ਹਾਂ ਨਾਲ ਮੌਤ ਨਹੀਂ ਹੈ।ਕੁਝ ਵੀ ਨਹੀਂ ਮਰਦਾ।ਸਭ ਨਾਸ ਤੋਂ ਰਹਿਤ ਹੈ।ਮੌਤ ਸਿਰਫ ਛੋਟੇ ਪੱਧਰ ਤੇ ਹੁੰਦੀ ਏ।ਵੱਡੇ ਪੱਧਰ ਤੇ ਕੁਝ ਵੀ ਨਹੀਂ ਬਿਨਸਦਾ।

ਸ਼ਬਦ ਦੇ ਅਖੀਰਲੇ ਬੰਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਨੇ ਇਹ ਜਾਣ ਲਿਆ ਉਸਦਾ ਮੌਤ ਵਾਰੇ ਭਰਮ ਦੂਰ ਹੋ ਜਾਂਦਾ ਏ।ਅਜਿਹੇ ਗਿਆਨਵਾਨ ਦੇ ਮੈਂ  ਬਲਿਹਾਰੇ ਜਾਂਦਾ ਹਾਂ।ਹੇ ਨਾਨਕ ਜਿਸ ਦਾ ਗੁਰੂ ਨੇ ਇਹ ਭਰਮ ਖਤਮ ਕਰ ਦਿੱਤਾ ਉਸ ਨੂੰ ਇਹ ਸੋਝੀ ਹੋ ਜਾਂਦੀ ਏ ਕਿ ਨ ਹੀ ਕੋਈ ਮਰਦਾ ਏ ਤੇ ਨਾ ਹੀ ਕੋਈ ਆਵਾਗਵਣ ਹੁੰਦਾ ਹੈ।ਜਿਵੇਂ ਗੁਰੂ ਸਾਹਿਬ ਬਾਣੀ ਸ਼ੁਖਮਨੀ ਵਿੱਚ ਵੀ ਸਪਸ਼ਟ ਕਰਦੇ ਨੇ ਕਿ “ਨਹ ਕਿਛੁ ਜਨਮੇ ਨਹ ਕਿਛੁ ਮਰੈ॥ਆਪਨ ਚਲਿਤੁ ਆਪੁ ਹੀ ਕਰੈ॥” (ਪੰਨਾ 281) ।ਇਹ ਜੰਮਣ ਮਰਨ ਦੀ ਖੇਡ ਕਰਤੇ ਦੀ ਆਪਦੀ ਰਚੀ ਹੋਈ ਖੇਡ ਹੈ।ਜਿਵੇਂ ਪਤਝੜ ਵਿੱਚ ਦਰਖਤਾਂ ਦੇ ਪੱਤੇ ਝੜ ਕਿ ਧਰਤੀ ਵਿੱਚ ਉਹ ਸਾਰੇ ਤੱਤ ਵਾਪਸ ਕਰ ਦਿੰਦੇ ਨੇ ਜਿਹਨਾਂ ਤੱਤਾਂ ਨੂੰ ਲੈ ਦਰਖਤ ਉੱਪਰ ਉਹ ਪੱਤੇ ਪੁੰਗਰਦੇ ਨੇ।ਇਸ ਸਿਲਸਲਾ ਹਰ ਸਾਲ ਜਾਰੀ ਰਹਿੰਦਾ ਏ।ਇਹੀ ਕਰਤੇ ਦੀ ਖੇਡ ਜਾਂ ਚਲਿਤ ਹੈ।

ਇਸ ਸਾਰੀ ਵਿਚਾਰ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਇਹ ਸ਼ਬਦ ਆਵਾਗਵਨ ਦੇ ਪ੍ਰਚਲਤ ਸੰਕਲਪ ਦਾ ਖੰਡਨ ਕਰਦਾ ਏ ਅਤੇ ਇਸ ਦਾ ਉਪਦੇਸ਼ ਸਮੁੱਚੀ ਮਾਨਵ ਜਾਤੀ ਲਈ ਹੈ।ਬਦਕਿਸਮਤੀ ਨਾਲ ਜਿਸ ਵਿਗਿਆਨਕ ਅਤੇ ਬਿਬੇਕੀ ਆਵਾਗਵਣ ਦੀ ਗਲ ਗੁਰੂ ਸਾਹਿਬ ਕਰਦੇ ਨੇ ਉਸ ਨੂੰ ਅਸੀਂ ਨਹੀਂ ਪ੍ਰਚਾਰਦੇ।ਅਗਰ ਇਸ ਆਵਗਵਣ ਦਾ ਪ੍ਰਚਾਰ ਹੂੰਦਾ ਹੈ ਤਾਂ ਬੇਅੰਤ ਕਰਮਕਾਂਡ ਆਪਣੇ ਆਪ ਖਤਮ ਹੋ ਜਾਂਦੇ ਨੇ।ਝੂਠੇ ਆਵਾਗਵਣ ਦੇ ਚੱਕਰ ਵਿੱਚ ਅਸੀਂ ਅਸਲੀ ਆਵਾਗਵਣ ਭੱੁਲ ਆਪਣਾ ਅੱਗਾ ਸਵਾਰਨ ਦੇ ਆਹਰ ਵਿੱਚ ਲੱਗੇ ਹੋਏੇ ਹਾਂ।ਅਸੀਂ ਆਪਣਾ ਅੱਗਾ ਸਵਾਰਦੇ ਸਵਾਰਦੇ ਆਪਣੀ ਹੁਣ ਦੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ।

ਅਕਤੂਬਰ 24, 2021

One thought on “ਪਵਨੈ ਮਹਿ ਪਵਨੁ ਸਮਾਇਆ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s