ਕਾਹੇ ਕੰਮਿ ਉਪਾਏ

ਜਰਨੈਲ ਸਿੰਘ

http://www.understandingguru.com

ਗਉੜੀ ਚੇਤੀ ਮਹਲਾ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ਅਗਨਿ ਬਿੰਬ ਜਲ ਭੀਤਰਿ ਨਿਪਜੇ  ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ਕਹੇ ਜਾਨੀ ਅਉਗਣ ਮੇਰੇ ॥੧॥ ਰਹਾਉ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ {ਪੰਨਾ ੧੫੬}

ਉਪਰੋਕਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 156 ‘ਤੇ ਅੰਕਿਤ ਹੈ।ਇਸ ਦੇ ਅਰਥ ਕਰਦਿਆਂ ਅਕਸਰ ਇਸ ਨੂੰ ਗੁਰੂ ਸਾਹਿਬ ਵਲੋਂ ਮਨੁੱਖ ਦੇ ਵੱਖ ਵੱਖ ਜੂਨਾਂ ਦੇ ਗੇੜ ਵਿੱਚ ਪੈਣ ਦਾ ਸਮਰਥਨ ਕਰਦੇ ਦਰਸਾਇਆ ਜਾਂਦਾ ਹੈ।ਇਹ ਗੱਲ ਗਲੇ ਨਹੀਂ ਉੱਤਰਦੀ ਕਿ ਇੱਕ ਪਾਸੇ ਗੁਰੂ ਸਾਹਿਬ ਇਹ ਕਹਿਣ ਕਿ ਕਰਤੇ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਦੂਜੇ ਪਾਸੇ ਜੂਨਾਂ ਦੀ ਗਿਣਤੀ ਮਿਣਤੀ ਦੱਸਣ।ਫਿਰ ਫਰੀਦ ਸਾਹਿਬ,ਜਿਨ੍ਹਾਂ ਦੀ ਬਾਣੀ ਨੂੰ ਵੀ ਗੁਰੂ ਦਰਜਾ ਪ੍ਰਾਪਤ ਹੈ, ਆਪਣੀ ਬਾਣੀ ਵਿੱਚ ਆਵਾਗਵਣ ਦਾ ਕੋਈ ਜ਼ਿਕਰ ਨਹੀਂ ਕਰਦੇ।ਜ਼ਰੂਰ ਦਾਲ ਵਿੱਚ ਕੁੱਛ ਕਾਲਾ ਹੈ। ਆਓ ਪੜਚੋਲ ਕਰੀਏ ਕਿ ਕੀ ਇਹ ਸ਼ਬਦ 84 ਦੇ ਗੇੜ ਦਾ ਸਮਰਥਨ ਕਰਦਾ ਏ ਜਾਂ ਫਿਰ ਇਸ ਦੇ ਪ੍ਰਚਲਤ ਅਰਥ ਗਲਤ ਹਨ ਅਤੇ ਇਹ ਸ਼ਬਦ ਵੀ ਬਾਕੀ ਸਾਰੀ ਬਾਣੀ ਦੀ ਤਰ੍ਹਾਂ ਮਾਨਵਤਾ ਲਈ ਕੋਈ ਸਰਬ ਸਾਂਝਾਂ ਉਪਦੇਸ਼ ਦੇ ਰਿਹਾ ਏ।

ਇਸ ਸ਼ਬਦ ਦੇ ਅਰਥ ਸਮਝਣ ਲਈ ਭਾਰਤ ਵਿੱਚ ਆਵਾਗਵਣ ਸਬੰਧੀ ਇੱਕ ਪ੍ਰਚਲਤ ਧਾਰਣਾ ਦਾ ਜ਼ਿਕਰ ਜ਼ਰੂਰੀ ਏ।ਇਹ ਮੰਨਿਆ ਜਾਂਦਾ ਏ ਕਿ ਬੰਦੇ ਦੇ ਕੀਤੇ ਕਰਮਾਂ ਮੁਤਾਬਿਕ ਹੀ ਉਸ ਨੂੰ ਅਗਲੇ ਜਨਮ ਵਿੱਚ ਗਰੀਬ ਅਮੀਰ ਜਾਂ ਚੰਗੇ ਮੰਦੇ ਮਾਂ ਬਾਪ ਤੇ ਭੇਣ ਭਰਾ ਮਿਲਦੇ ਨੇ।ਭਾਵ ਇਹ ਪਹਿਲਾਂ ਤੋਂ ਹੀ ਨਿਰਧਾਰਿਤ ਹੋ ਜਾਂਦਾ ਹੈ ਕਿ ਅਗਲੇ ਜਨਮ ਵਿੱਚ ਕਿਹੜੇ ਮਾਂ ਬਾਪ ਤੇ ਸਕੇ ਸਬੰਧੀ ਹੋਣਗੇ।ਇਸ ਸ਼ਬਦ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਵੀ ਇਸੇ ਧਾਰਨਾ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ।ਸ਼ਬਦ ਦੇ ਪਹਿਲੇ ਬੰਦ ਦਾ ਅਰਥ ਕਰਦਿਆਂ ਉਹ ਕਹਿੰਦੇ ਨੇ

“(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ।੧।“

ਸਪਸ਼ਟ ਹੈ ਕਿ ਪ੍ਰੋ ਸਾਹਿਬ ਸਿੰਘ ਵੀ ਅਸਿੱਧੇ ਤੌਰ ਤੇ ਇਸੇ ਧਾਰਣਾ ਦਾ ਸਮ੍ਰਥਨ ਕਰ ਰਹੇ ਨੇ ਕਿ ਸਾਡੇ ਮਾਂ ਬਾਪ ਸਾਡੀਆ ਪਿਛਲੀਆਂ ਜੂਨਾਂ ਤੋਂ ਹੀ ਨਿਰਧਾਰਿਤ ਹੁੰਦੇ ਨੇ।ਉਹ ਇਹ ਤਾਂ ਕਹਿੰਦੇ ਨੇ ਕੇ ਪਤਾ ਨਹੀਂ ਸਾਡੇ ਮਾਂ ਬਾਪ ਸਾਡੀ ਕਿਸ ਜੂਨ ਦਾ ਨਿਰਣਾ ਨੇ ਪਰ (ਉਹਨਾਂ ਅਨੁਸਾਰ ਯਕੀਨਨ) ਇਹ ਹੈ ਕਿਸੇ ਜੂਨ ਵਿੱਚ ਜਮਾਂ ਕੀਤੇ ਗੁਣਾ ਅੋਗਣਾ ਦਾ ਨਤੀਜਾ।ਵੈਸੇ ਇਹ ਗਲ ਆਪਣੇ ਆਪ ਨੂੰ ਆਪ ਹੀ ਕੱਟਦੀ ਏ।ਅਗਰ ਸਾਡੇ ਮਾਂ ਬਾਪ ਕਿਸੇ ਪਿਛਲੀ ਜੂਨ ਦਾ ਫਲ ਨੇ ਤਾਂ ਸਾਨੂੰ ਇਹ ਹੀ ਪਤਾ ਹੋਣਾਂ ਚਾਹੀਦਾ ਹੈ ਕਿ ਕਿਹੜੀ ਜੂਨ ਦੇ ਕਰਮਾਂ ਦਾ ਇਹ ਨਤੀਜ਼ਾ ਹੈ। ਪ੍ਰੋ ਸਾਹਿਬ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਵਿੱਚ ਵਡਮੁੱਲੀ ਦੇਣ ਹੈ ਪਰ ਉਹ ਆਪਣੇ ਮਨ ਵਿੱਚੋਂ ਹਿੰਦੂ ਮੱਤ ਦੇ ਆਵਾਗਵਣ ਦਾ ਭੂਤ ਨਹੀਂ ਕੱਢ ਸਕੇ।ਸ਼ਾਇਦ ਇਸੇ ਕਰਕੇ ਉਹਨਾਂ ਇਸ ਬੰਦ ਦੇ ਅਰਥ ਕਰਦਿਆਂ ਲਫ਼ਜ਼ “ਕਤ” ਦੇ ਅਰਥ “ਕਦੋ”ਕੀਤੇ ਨੇ ਜੋ ਠੀਕ ਨਹੀ ਜਾਪਦੇ।ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਵਿੱਚ ਇਸ ਤੁਕ ਦੇ ਹਵਾਲੇ ਨਾਲ “ਕਤ” ਦੇ ਅਰਥ “ਕਿਸ” ਕੀਤੇ ਨੇ ਜੋ ਜ਼ਿਆਦਾ ਢੁੱਕਦੇ ਨੇ।“ਕਤ”ਦੇ ਅਰਥ “ਕਿਸ”ਕਰਕੇ ਸਪਸ਼ਟ ਹੋ ਜਾਂਦਾ ਹੈ ਕਿ ਦਰਅਸਲ ਇਸ ਪਹਿਲੀ ਤੁਕ ਵਿੱਚ ਹੀ ਗੁਰੂ ਸਾਹਿਬ ਇਸ ਪ੍ਰਚਲਤ ਧਾਰਨਾ ਦਾ ਖੰਡਨ ਕਰਦੇ ਨੇ ਕਿ ਸਾਡੇ ਮਾਂ ਬਾਪ ਪਿਛਲੀਆਂ ਜੂਨਾਂ ਦਾ ਸਬੱਬ ਨੇ।ਗੁਰੂ ਸਾਹਿਬ ਪੁੱਛਦੇ ਨੇ ਕਿ ਕਿਸਦੀ ਮਾਂ ਤੇ ਕਿਸਦਾ ਬਾਪ, ਸਾਨੂੰ ਤਾਂ ਇਹ ਵੀ ਨਹੀ ਪਤਾ ਅਸੀਂ ਕਿਥੋਂ ਆਏ ਹਾਂ।ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕੇ ਸਾਡੇ ਮਾਪੇ ਕਿਸੇ ਪਿਛਲੀ ਜੂਨ ਦੇ ਕਰਮਾ ਦਾ ਫਲ ਨੇ।ਪਰ ਇੱਕ ਗੱਲ ਸਾਫ ਹੈ ਕਿ ਅਸੀਂ ਸਭ ਪਿਤਾ ਦੇ ਵੀਰਜ ਤੋਂ ਮਾਂ ਦੇ ਪੇਟ ਵਿੱਚ ਪੈਦਾ ਹੁੰਦੇ ਹਾਂ।ਇੱਥੇ ਨੋਟ ਕਰਨ ਵਾਲੀ ਗਲ ਹੈ ਕਿ ਗੁਰੂ ਸਾਹਿਬ ਲਫ਼ਜ਼ “ਨਿਪਜੇ”ਵਰਤਿਆ ਹੈ ਜਿਸਦਾ ਅਰਥ ਹੈ ਉਪਜਣਾ, ਉੱਗਣਾ ਜਾਂ ਪੈਦਾ ਹੋਣਾ।ਅਗਰ ਗੁਰੂ ਸਾਹਿਬ ਨੇ ਆਵਾਗਵਣ ਦਾ ਸਮਰਥਨ ਕਰਨਾ ਹੁੰਦਾ ਤਾਂ ਉਹ ਮਾਂ ਦੇ ਗਰਭ ਵਿੱਚ ਕਿਸੇ ਆਤਮਾ ਦੇ ਪ੍ਰਵੇਸ਼ ਦੀ ਗੱਲ ਕਰਦੇ।ਇਸ ਲਫ਼ਜ਼ ਦੀ ਵਰਤੋਂ ਇਹ ਦੱਸਦੀ ਹੈ ਕਿ ਗੁਰੂ ਸਾਹਿਬ ਮਨੁੱਖ ਦੀ ਪੈਦਾਇਸ਼ ਨੂੰ ਕਾਦਰ ਦੀ ਰਚਨਾ ਦੀ ਲੜੀ ਦਾ ਹੀ ਇੱਕ ਭਾਗ ਸਮਝਦੇ ਨੇ।ਜਿਸ ਤਰ੍ਹਾਂ ਬਾਕੀ ਰਚਨਾ ਹੋਂਦ ਵਿੱਚ ਆ ਰਹੀ ਏ ਉਸੇ ਤਰ੍ਹਾਂ ਮਨੁੱਖ ਵੀ ਕਰਤੇ ਦੇ ਹੁਕਮ ਤਹਿਤ ਉਪਜ ਨਿਪਜ ਰਹੇ ਨੇ।ਇਸੇ ਕਰਕੇ “ਅਨੰਦ”ਬਾਣੀ ਵਿੱਚ ਗੁਰੂ ਸਾਹਿਬ ਕਰਤਾਰ ਨੂੰ ਹੀ ਮਾਤਾ ਪਿਤਾ ਆਖਦੇ ਨੇ, “ਹਰਿ ਆਪੇ ਮਾਤਾ ਹਰਿ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥” (ਪੰਨਾ 921) ਜਿਹਨਾਂ ਨੂੰ ਅਸੀਂ ਆਪਣੇ ਮਾਪੇ ਸਮਝਦੇ ਹਾਂ ਉਹ ਤਾਂ ਕਰਤਾਰ ਦੀ ਖੇਡ ਜਾਂ ਚਲਤ ਦਾ ਸਾਧਨ ਨੇ।ਸਾਡਾ ਅਸਲ ਮਾਂ ਬਾਪ ਤਾਂ ਕਰਤਾਰ ਆਪ ਹੈ।ਬੰਦ ਦੇ ਆਖਰੀ ਹਿੱਸੇ ਵਿੱਚ ਗੁਰੂ ਸਾਹਿਬ ਇੱਕ ਸਵਾਲ ਉਠਾਉਂਦੇ ਨੇ ਜਿਸਦਾ ਜਵਾਬ ਬਾਕੀ ਸ਼ਬਦ ਵਿੱਚੋਂ ਮਿਲਦਾ ਏ।ਗੁਰੂ ਸਾਹਿਬ ਪੁੱਛਦੇ ਨੇ “ਕਾਹੇ ਕੰਮ ਉਪਾਏ”? ਭਾਵ ਅਸਲ ਮੁੱਦਾ ਇਹ ਸਮਝਣਾ ਹੈ ਕਿ ਮਨੁੱਖਾ ਜਨਮ ਦਾ ਮਨੋਰਥ ਕੀ ਹੈ?

ਰਹਾਓ ਵਾਲੇ ਬੰਦ ਨੂੰ ਸ਼ਬਦ ਦਾ ਧੁਰਾ ਮੰਨਿਆ ਜਾਂਦਾ ਏ।ਇਸ ਬੰਦ ਵਿੱਚ ਕਰਤੇ ਦੇ ਅਣਗਿਣਤ ਗੁਣਾ ਦੇ ਮੁਕਾਬਲੇ ਬੰਦੇ ਦੇ ਅਣਗਿਣਤ ਅੋਗੁਣਾ ਨੂੰ ਰੱਖ ਇੱਕ ਸੁਨੇਹਾ ਦਿੱਤਾ ਗਿਆ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ।ਇਸ ਸੁਨੇਹੇ ਨੂੰ ਸਮਝਣ ਨਾਲ “ਕਾਹੇ ਕੰਮ ਉਪਾਏ” ਦੀ ਗੁੱਥੀ ਵੀ ਸੁਲਝ ਜਾਂਦੀ ਏ।ਇਸ ਬੰਦ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਕਹਿੰਦੇ ਨੇ ਕਿ ਕਿਉਂਕਿ ਬੰਦੇ ਅੰਦਰ ਅਣਗਿਣਤ ਔਗਣ ਹਨ ਇਸ ਕਰਕੇ ਉਹ ਰੱਬ ਦੇ ਗੁਣਾ ਨਾਲ ਡੁੰਘੀ ਸਾਂਝ ਨਹੀਂ ਪਾ ਸਕਦਾ।ਇਹ ਵਿਚਾਰ ਨਿਰਾਸ਼ਾਜਨਕ ਵੀ ਨੇ ਅਤੇ ਬਾਕੀ ਸ਼ਬਦ ਤੇ ਵੀ ਨਹੀਂ ਢੁਕਦੇ ਅਤੇ ਨ ਹੀ ਸ਼ਬਦ ਦੇ ਅਰਥ ਸਮਝਣ ਲਈ ਕੋਈ ਸੇਧ ਦਿੰਦੇ ਨੇ।ਗੁਣਾਂ ਔਗੁਣਾਂ ਦੀ ਪਹਿਚਾਣ ਕੰਮਾਂ ਤੋਂ ਹੁੰਦੀ ਏ।ਕਰਤੇ ਦੇ ਕੰਮ ਉਸ ਦੀ ਰਚਨਾ ਤੋਂ ਪ੍ਰਗਟ ਹੁੰਦੇ ਨੇ ਅਤੇ ਇਹੀ ਉਸਦੇ ਗੁਣਾਂ ਦੀ ਗਵਾਹ ਏ।ਬੰਦੇ ਦੇ ਅੋਗੁਣ ਵੀ ਉਸਦੇ ਕੰਮਾਂ ਚੋਂ ਪ੍ਰਗਟ ਹੁੰਦੇ ਨੇ।ਇਸੇ ਗੱਲ ਨੂੰ ਅਗੇ ਪੂਰੇ ਸ਼ਬਦ ਵਿੱਚ ਖੋਲ ਕੇ ਬਿਆਨ ਕੀਤਾ ਤੇ ਸਮਝਾਇਆ ਗਿਆ ਏ।ਇਸੇ ਕਰਕੇ ਪਹਿਲੇ ਬੰਦ ਵਿੱਚ ਹੀ ਇਹ ਸਵਾਲ ਕੀਤਾ ਏ ਕਿ ਸਭ ਤੋਂ ਵੱਡੀ ਲੋੜ ਇਹ ਸਮਝਣ ਦੀ ਏ ਕਿ ਮਨੁੱਖਾ ਜਨਮ ਦਾ ਮਨੋਰਥ ਕੀ ਏ।ਭਾਵ ਮਨੁੱਖ ਦੇ ਕੰਮ ਕਿਹੋ ਜਿਹੇ ਹੋਣੇ ਚਾਹੀਦੇ ਨੇ।

ਸ਼ਬਦ ਦੇ ਦੂਜੇ ਬੰਦ ਵਿੱਚ ਕਰਤੇ ਦੀ ਰਚਨਾ ਦਾ ਜ਼ਿਕਰ ਕਰ ਉਸ ਦੇ ਗੁਣ ਦਰਸਾਏ ਗਏ ਨੇ।ਇਸ ਬੰਦ ਦੀ ਪਹਿਲੀ ਸਤਰ ਵਿੱਚ “ਰੁਖ” ਅਤੇ “ਬਿਰਖ”ਪਦ ਸ਼ੇਦ ਕਰਕੇ ਵੱਖ ਵੱਖ ਲਫ਼ਜ਼ ਲਿਖੇ ਗਏ ਨੇ ਪਰ ਉਸ ਵੇਲੇ ਦੀ ਪੰਜਾਬੀ ਵਿੱਚ “ਰਖਬਿਰਖ” ਵੀ ਇੱਕ ਲ਼ਫ਼ਜ਼ ਸੀ ਜਿਸਦਾ ਅਰਥ ਭਾਈ ਕਾਨ੍ਹ ਸਿੰਘ ਨੇ “ਘਾਹ ਅਤੇ ਬਿਰਛ, ਬੇਲ ਬੂਟੇ” ਕੀਤਾ ਹੈ।ਭਾਵ ਰੁਖਬਿਰਖ ਪੂਰੀ ਬਨਸਪਤੀ ਦਾ ਲਖਾਇਕ ਹੈ।ਅਸੀਂ ਦੇਖ ਰਹੇ ਹਾਂ ਕਿ ਕਰਤੇ ਨੇ ਇਸ ਧਰਤੀ ਉਪਰ ਅਣਗਿਣਤ ਤਰ੍ਹਾਂ ਦੀ ਬਨਸਪਤੀ, ਅਣਗਿਣਤ ਤਰ੍ਹਾਂ ਦੇ ਪਸ਼ੂ (ਮਨੁੱਖ ਵੀ ਇੱਕ ਪਸ਼ੂ ਹੈ) ਪੈਦਾ ਕੀਤੇ ਨੇ।ਇਸੇ ਤਰ੍ਹਾਂ ਧਰਤੀ ਦੇ ਅੰਦਰ ਜਾਂ ਹੇਠਾਂ ਰਹਿਣ ਵਾਲੇ ਜੀਵ ਜਿਵੇਂ ਨਾਗ ਪੈਦਾ ਕੀਤੇ ਅਤੇ ਹਵਾ ਵਿੱਚ ਉੱਡਣ ਵਾਲੇ ਅਣਗਿਣਤ ਜੀਵ ਪੈਦਾ ਕੀਤੇ ਨੇ।ਇਹ ਸਾਰੀ ਰਚਨਾ ਕਰਤੇ ਦੇ ਨਿਰਭਉ ਤੇ ਨਿਰਵੈਰ ਹੋਣ ਦਾ ਸਬੂਤ ਹੈ।ਇਹ ਸਾਰੀ ਉਤਪਤੀ ਬਿਨਾਂ ਕਿਸੇ ਵੈਰ ਜਾਂ ਭੇਦ ਭਾਵ ਨਾਲ ਹੋ ਰਹੀ ਹੈ।

ਸ਼ਬਦ ਦੇ ਤੀਸਰੇ, ਚੌਥੇ ਤੇ ਪੰਜਵੇ ਬੰਦ ਵਿੱਚ ਸਾਨੂੰ ਕਰਤਾਰ ਦੇ ਗੁਣਾਂ ਦੇ ਮੁਕਾਬਲੇ ਬੰਦੇ ਦੇ ਗੁਣ ਦਿਖਾਏ ਗਏ ਨੇ ਜੋ ਉਸਦੇ ਕੰਮਾਂ ਵਿੱਚੋਂ ਹੀ ਪ੍ਰਗਟ ਹੋ ਰਹੇ ਨੇ।ਲੋਭ ਲਾਲਚ ਵਸ ਬੰਦੇ ਲੁਕ ਛਿਪ ਕੇ ਇੱਕ ਦੂਜ਼ੇ ਨੂੰ ਲੁੱਟ ਰਹੇ ਨੇ। ਨਗਰਾਂ ਸ਼ਹਿਰਾਂ ਵਿੱਚ ਚੋਰੀ ਕਰਦੇ ਫਿਰਦੇ ਨੇ।ਆਪਣੇ ਵਲੋਂ ਬੜੇ ਚੌਕਸ ਨੇ ਪਰ ਭੁਲ ਜਾਂਦੇ ਨੇ ਕਿ ਕਰਤਾਰ ਸਭ ਕੁਝ ਦੇਖ ਰਿਹਾ ਏ।ਇਸ ਚੋਰੀ ਠੱਗੀ ਦਾ ਸਿਲਸਲਾ ਧਾਰਮਿਕ ਸਥਾਨਾਂ, ਤੀਰਥਾਂ, ਸ਼ਹਿਰਾਂ ਨਗਰਾਂ ਤੇ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਦਾ ਏ। ਪਰ ਅਣਜਾਣ ਬੰਦਾ ਨਹੀ ਜਾਣਦਾ ਕਿ ਉਸਦੇ ਕੰਮਾ ਦਾ ਲੇਖਾ ਜੋਖਾ ਵੀ ਨਾਲੋ ਨਾਲ ਉਸਦੇ ਅੰਦਰ ਹੀ ਹੋ ਰਿਹਾ ਏ।ਜਦੋਂ ਸਮਝ ਪੈਂਦੀ ਏ ਤਾਂ ਪਤਾ ਚਲਦਾ ਏ ਕਿ ਬੰਦੇ ਦੇ ਅੋਗਣ ਤਾਂ ਸਮੁੰਦਰ ਦੇ ਪਾਣੀ ਵਾਙ ਅਮਿਤ ਨੇ।ਹੁਣ ਸਿਰਫ ਕਰਤਾਰ ਦੀ ਕਿਰਪਾ ਹੀ ਉਸਦਾ ਡੁਬਦਾ ਬੇੜਾ ਬੰਨੇ ਲਗਾ ਸਕਦੀ ਏ।ਇਹ ਬੇੜਾ ਕਿਵੇਂ ਪਾਰ ਲਗੇਗਾ ਇਹ ਸ਼ਬਦ ਦੇ ਆਖਰੀ ਬੰਦ ਵਿੱਚ ਸਮਝਾਇਆ ਗਿਆ ਏ।

ਸ਼ਬਦ ਦੇ ਆਖਰੀ ਬੰਦ ਵਿੱਚ ਫੈਸਲਾ ਦਿੱਤਾ ਗਿਆ ਏ।ਇਹਨਾਂ ਅੋਗਣਾ ਦੀ ਬਦੌਲਤਾ ਬੰਦਾ ਸਾਰੀ ਉਮਰ ਅੰਦਰ ਹੀ ਅੰਦਰ  ਸੜਦਾ ਤਪਦਾ ਰਹਿੰਦਾ ਏ।ਇਹ ਅੋਗਣ ਉਸ ਨੂੰ ਚੈਨ ਨਾਲ ਨਹੀ ਬੈਠਣ ਦਿੰਦੇ ਮਾਨੋ ਉਸ ਦੇ ਅੰਦਰ ਕੋਈ ਛੁਰੀ ਵਗ ਰਹੀ ਹੋਵੇ।ਪਰ ਜੋ ਮਨੁੱਖ ਬਿਬੇਕ ਬੁੱਧ ਵਰਤ ਕੇ ਕਰਤਾਰ ਦੇ ਹੁਕਮ ਨੂੰ ਪਛਾਣਦਾ ਏ ਤਾਂ ਫਿਰ ਉਸ ਨੂੰ ਆਪਣੇ ਅੋਗਣਾ ਦੇ ਕਾਰਨ ਸਮਝ ਪੈ ਜਾਂਦੇ ਨੇ।ਉਹ ਆਪਣੇ ਮਨ ਪਿੱਛੇ ਤੁਰਨ ਦੀ ਵਜਾਏ ਬਿਬੇਕ ਬੁੱਧ ਜਾਣੀ ਗੁਰੂ ਦੀ ਮੱਤ ਪਿਛੇ ਲਗ ਜਾਂਦਾ ਏ।ਫਿਰ ਉਸ ਦਾ ਲੋਭ ਲਾਲਚ ਤੋਂ ਛੁਟਕਾਰਾ ਹੋ ਜਾਂਦਾ ਏ ਅਤੇ ਸੁਖ ਦੀ ਜ਼ਿੰਦਗੀ ਬਤੀਤ ਕਰਦਾ ਏ।ਬੰਦਾ ਜਦੋਂ ਕਰਤਾਰ ਦੇ ਹੁਕਮ ਦੀ ਰਜ਼ਾ ਚ ਤੁਰਦਾ ਏ ਤਾਂ ਜਿਸ ਕੂੜ ਦੀ ਕੰਧ ਉਹਲੇ ਲੁਕਿਆ ਹੁੰਦਾ ਏ ਉਹ ਢਹਿ ਢੇਰੀ ਹੋ ਜਾਂਦੀ ਏ।ਉਹ ਸਚਿਆਰ ਹੋ ਜਾਂਦਾ ਏ।“ਜਪ”ਬਾਣੀ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਕਿ “ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ॥ਹੁਕਮਿ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ॥”।ਇਹੀ ਜਵਿਨ ਦਾ ਮਨੋਰਥ ਏ।ਇਹੀ “ਕਾਹੇ ਕੰਮਿ ਉਪਾਏ” ਦਾ ਜਵਾਬ ਏ ।

ਦਸੰਬਰ 1, 2021

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s