ਰੱਬ ਦਾ ਘਰ

ਰੱਬ ਦਾ ਘਰ – ਸਵਰਗ ਜਾਂ ਕਾਇਨਾਤ

ਜਰਨੈਲ ਸਿੰਘ

http://www.understandingguru.com

ਸਵਾਲ ਉੱਠਦਾ ਹੈ ਕਿ ਜਿਸ ਰੱਬ ਨੂੰ ਸਾਰੀ ਦੁਨੀਆਂ ਲੱਭਦੀ ਫਿਰਦੀ ਏ ਉਹ ਰਹਿੰਦਾ ਕਿੱਥੇ ਏ? ਉਸ ਦਾ ਘਰ ਕਿੱਥੇ ਏ।ਉਸ ਦੇ ਘਰ ਦਾ ਦਰ ਕਿਹੋ ਜਿਹਾ ਹੋਵੇਗਾ।ਉਸ ਦੇ ਘਰ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਮਿਲੀਏ? ਇਹਨਾਂ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ।ਪਰ ਲਗਦਾ ਹੈ ਗੁਰੂ ਸਾਹਿਬ ਵਲੋਂ ਦਿੱਤਾ ਜਵਾਬ ਅੱਖੋਂ ਪਰੋਖੇ ਕਰ ਸਿੱਖ ਰੱਬ ਦੇ ਘਰ ਵਾਰੇ ਉਸੇ ਪ੍ਰਚਲਤ ਧਾਰਨਾ ਪਿੱਛੇ ਹੀ ਲੱਗ ਤੁਰੇ ਨੇ ਜਿਸ ਦਾ ਗੁਰੂ ਸਾਹਿਬ ਨੇ ਆਪਣੇ ਜਵਾਬ ਵਿੱਚ ਤਰਕ ਸਹਿਤ ਖੰਡਨ ਕੀਤਾ ਸੀ।ਗੁਰੂ ਸਾਹਿਬ ਵਲੋਂ ਦੱਸੇ ਰੱਬ ਦੇ ਦਰ ਘਰ ਦੇ ਜ਼ਿਕਰ ਤੋਂ ਪਹਿਲਾਂ ਆਉ ਉਸ ਪ੍ਰਚਲਤ ਧਾਰਨਾ ਤੇ ਵਿਚਾਰ ਕਰੀਏ ਜਿਸ ਤੇ ਸਿੱਖ ਚੱਲ ਪਏ ਨੇ।ਇਸ ਧਾਰਨਾ ਮੁਤਾਬਿਕ ਰੱਬ ਦਾ ਘਰ ਸਵਰਗ ਮੰਨਿਆਂ ਜਾਂਦਾ ਏ ਜਿਥੇ ਉਸ ਦਾ ਵਸੇਬਾ ਏ ਅਤੇ ਜਿਥੋਂ ਉਹ ਸਾਰੀ ਦੁਨੀਆਂ ਦੀ ਸਾਂਭ ਸੰਭਾਲ ਕਰ ਰਿਹਾ ਏ।ਇਸ ਦੇ ਉਲਟ ਨਰਕ ਉਹ ਜਗ੍ਹਾ ਏ ਜਿਥੇ ਉਹ ਪਾਪੀਆਂ ਨੂੰ ਸਜ਼ਾ ਭੁਗਤਣ ਲਈ ਭੇਜਦਾ ਏ।ਸਵਰਗ ਜਾਂ ਬਹਿਸ਼ਤ ਦਾ ਧਾਰਮਿਕ ਪੁਸਤਕਾਂ ਵਿੱਚ ਬੜ੍ਹਾ ਹੀ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਗਿਆ ਏ ਜਿਥੇ ਅਨੰਦ ਹੀ ਅਨੰਦ ਹੈ ਇਸ ਦੇ ਉਲਟ ਨਰਕ ਬੇਹੱਦ ਖੌਫਨਾਕ ਜਗ੍ਹਾਂ ਦੱਸੀ ਜਾਂਦੀ ਏ।ਸਵਰਗ ਨੂੰ ਪਹੁੰਚਣਾ ਅਤੇ ਰੱਬ ਨੂੰ ਪਾਉਣਾ ਇੱਕੋ ਗੱਲ ਮੰਨੀ ਜਾਂਦੀ ਏ।ਜੋ ਰੱਬ ਨੂੰ ਪਾ ਲੈਂਦਾ ਹੈ ਮਾਨੋ ਉਹ ਸਵਰਗ ਪਹੁੰਚ ਗਿਆ।ਪਰ ਗੁਰਬਾਣੀ ਨ ਤਾਂ ਇਸ ਤਰ੍ਹਾਂ ਦੇ ਸਵਰਗ ਨੂੰ ਤੇ ਨ ਹੀ ਨਰਕ ਨੂੰ ਮਾਨਤਾ ਦਿੰਦੀ ਏ।

ਗੁਰੂ ਗ੍ਰੰਥ ਸਾਹਿਬ ਦੇ ਪੰਨਾ 1161 ‘ਤੇ ਕਬੀਰ ਸਾਹਿਬ ਦੇ ਦੋ ਸ਼ਬਦ ਹਨ ਜੋ ਇਸ ਅਖੌਤੀ ਸਵਰਗ ਜਾਂ ਬਹਿਸ਼ਤ ਵਾਰੇ ਗੁਰਬਾਣੀ ਦਾ ਨੁਕਤਾ ਨਜ਼ਰੀਆ ਬਾਖੂਬੀ ਪੇਸ਼ ਕਰਦੇ ਨੇ।ਪਹਿਲੇ ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਸਤਰਿ ਸੈਇ ਸਲਾਰ ਹੈ ਜਾ ਕੇ ਸਵਾ ਲਾਖੁ ਪੈਕਾਬਰ ਤਾ ਕੇ ਸੇਖ ਜੁ ਕਹੀਅਹਿ ਕੋਟਿ ਅਠਾਸੀ ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ ਮੋ ਗਰੀਬ ਕੀ ਕੋ ਗੁਜਰਾਵੈ ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ਤੇਤੀਸ ਕਰੋੜੀ ਹੈ ਖੇਲ ਖਾਨਾ ਚਉਰਾਸੀ ਲਖ ਫਿਰੈ ਦਿਵਾਨਾਂ ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ਉਨਿ ਭੀ ਭਿਸਤਿ ਘਨੇਰੀ ਪਾਈ ॥੨॥ ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ਛੋਡਿ ਕਤੇਬ ਕਰੈ ਸੈਤਾਨੀ ਦੁਨੀਆ ਦੋਸੁ ਰੋਸੁ ਹੈ ਲੋਈ ਅਪਨਾ ਕੀਆ ਪਾਵੈ ਸੋਈ ॥੩॥ ਤੁਮ ਦਾਤੇ ਹਮ ਸਦਾ ਭਿਖਾਰੀ ਦੇਉ ਜਬਾਬੁ ਹੋਇ ਬਜਗਾਰੀ ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ {ਪੰਨਾ ੧੧੬੧}

ਇਸ ਸ਼ਬਦ ਵਿੱਚ ਕਬੀਰ ਸਾਹਿਬ ਸਾਮੀ ਧਰਮਾਂ ਖਾਸ ਕਰਕੇ ਇਸਲਾਮ ਵਿੱਚ ਪ੍ਰਚਲਤ ਬਹਿਸ਼ਤ ਦਾ ਜ਼ਿਕਰ ਅਤੇ ਇਸ ਦਾ ਖੰਡਨ ਕਰਦੇ ਨੇ।ਰਹਾਓ ਵਾਲੇ ਸ਼ਬਦ ਵਿੱਚ ਇਹਨਾਂ ਧਰਮਾਂ ਵਲੋਂ ਬਿਆਨ ਕੀਤੇ ਸਵਰਗ ਨੂੰ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਦਸਦੇ ਹਨ।ਪਹਿਲੇ ਦੋ ਬੰਦਾਂ ਵਿੱਚ ਇਸ ਸਵਰਗ ਦੀ ਤਸਵੀਰ ਖਿੱਚਦੇ ਨੇ ਅਤੇ ਆਖਰੀ ਦੋ ਬੰਦਾਂ ਵਿੱਚ ਅਜਿਹੇ ਸਵਰਗ ਦੀ ਖਾਹਸ਼ ਕਰਨ ਵਾਲਿਆਂ ਦੇ ਰਸਤੇ ਦੀ ਭਟਕਣਾ ਬਿਆਨ ਕਰ ਇਸ ਤੋਂ ਤੋਬਾ ਕਰਨ ਦੀ ਨਸੀਹਤ ਦਿੰਦੇ ਨੇ।

ਸ਼ਬਦ ਦੇ ਪਹਿਲੇ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਇਸਲਾਮ ਧਰਮ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਰੱਬ ਦੇ ਸੱਤਰ ਸੌ ਫਰਿਸ਼ਤੇ ਯੋਧੇ ਹਨ, ਸਵਾ ਲੱਖ ਪੈਗੰਬਰ ਹਨ, ਅਠਾਸੀ ਕਰੋੜ ਸ਼ੇਖ ਹਨ ਅਤੇ ਛਪੰਜਾ ਕਰੋੜ ਖਾਸ ਹਾਜ਼ਰਬਾਸ਼ ਮੁਲਾਜ਼ਮ ਹਨ।(ਸ਼ਬਦ ਖੇਲਖਾਸੀ ਦਾ ਪਦ ਸ਼ੇਦ ਨਹੀਂ ਕਰਨਾ ਚਾਹੀਦਾ।ਇਹ ਆਪਣੇ ਆਪ ਵਿੱਚ ਇੱਕ ਲਫਜ਼ ਹੈ ਜਿਸਦਾ ਅਰਥ ਭਾਈ ਕਾਨ੍ਹ ਸਿੰਘ ਅਨੁਸਾਰ ਹਾਜ਼ਰਬਾਸ਼ ਸੇਵਕ ਹੈ) ਇੱਥੇ ਇੱਕ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ ਕਿ ਅਗਰ ਅਸੀਂ ਇਹਨਾਂ ਫਰਿਸ਼ਤਿਆਂ, ਪੈਗੰਬਰਾਂ, ਸ਼ੇਖਾਂ ਅਤੇ ਹਾਜ਼ਰਬਾਸ਼ ਸੇਵਕਾਂ ਦਾ ਜੋੜ ਕਰੀਏ ਤਾਂ ਇਹ ਇਸਲਾਮ ਦੇ ਸੂਰੂ ਹੋਣ ਵੇਲੇ ਦੁਨੀਆਂ ਦੀ ਕੁਲ ਅਬਾਦੀ ਚੋਂ ਅਗਰ ਸਿਰਫ ਹਿੰਦੁਸਤਾਨ ਦੀ ਅਬਾਦੀ ਮਨਫੀ ਕਰੀਏ ਤਾਂ ਬਚਦੀ ਅਬਾਦੀ ਤੋਂ ਵੀ ਵੱਧ ਹੋ ਜਾਂਦੀ ਹੈ।ਕਬੀਰ ਸਾਹਿਬ ਰਹਾਓ ਵਾਲੀ ਤੁਕ ਵਿੱਚ ਕਹਿੰਦੇ ਨੇ ਕਿ ਅਜਿਹੇ ਸ਼ਾਨੋ ਸ਼ੋਕਤ ਵਾਲੇ ਰੱਬ ਦੇ ਘਰ ਜੋ ਦੂਰ ਸੱਤਮੇ ਅਸਮਾਨ ਤੇ ਹੈ ਮੇਰੇ ਵਰਗੇ ਗਰੀਬ ਬੰਦੇ ਦੀ  ਕੋਣ ਸੁਣੇਗਾ, ਮੈ ਤਾਂ ਉਥੇ ਪੁਹੰਚ ਨਹੀਂ ਸਕਦਾ।ਸ਼ਬਦ ਦੇ ਦੂਸਰੇ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਸਦੇ ਤੇਤੀ ਕਰੋੜ ਦੇਵਤੇ ਉਸਦੇ ਖੇਲਖਾਨਾ ਨੇ ਭਾਵ ਘਰ ਚ ਰਹਿੰਦੇ ਸੇਵਕ ਨੇ।ਚੌਰਾਸੀ ਲੱਖ ਜੂਨਾਂ ਉਸਨੂੰ ਲੱਭਦੀਆਂ ਝੱਲੀਆਂ ਹੋ ਰਹੀਆਂ ਨੇ।ਬਾਬਾ ਆਦਮ ਜੋ ਉਸਦਾ ਖਾਸ ਸੀ ਨੂੰ ਜਦ ਉਸਨੇ ਜ਼ਰਾ ਜਿੰਨੀ ਗਲਤੀ ਕੀਤੀ ਤਾਂ ਸਜ਼ਾ ਦੇ ਤੌਰ ਤੇ ਉਸ ਨੂੰ ਵੀ ਬਹਿਸ਼ਤ ਤੋ ਜਾਣਾ ਪਿਆ।ਬਸ ਥੋੜਾ ਚਿਰ ਹੀ ਬਹਿਸ਼ਤ ਵਿੱਚ ਰਹਿ ਸਕਿਆ।(ਫਿਰ ਮੇਰੇ ਜਿਹੇ ਆਮ ਬੰਦੇ ਦੀ ਕੀ ਅੋਕਾਤ ਹੈ ਕਿ ਉਹ ਬਹਿਸ਼ਤ ਪਾ ਸਕੇ ਤੇ ਉਥੇ ਰਹਿ ਸਕੇ।)

ਤੀਸਰੇ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਦਰਅਸਲ ਅਗਰ ਕੋਈ ਧਰਮ ਤੋਂ ਭਟਕਦਾ ਹੈ ਭਾਵ ਮਾੜੇ ਕੰਮ ਕਰਦਾ ਹੈ ਤਾਂ ਉਸਦੇ ਦਿਲ ਵਿੱਚ ਖਲਬਲੀ ਮਚਦੀ ਹੈ, ਰੰਗ ਵੀ ਪੀਲਾ ਪੈ ਜਾਂਦਾ ਹੈ।ਭਾਵ ਤਨੋਂ ਮਨੋਂ ਪਰੇਸ਼ਾਨ ਹੋ ਜਾਂਦਾ ਹੈ।ਪਰ ਉਹ ਦੋਸ਼ ਦੁਨੀਆਂ ਨੂੰ ਦਿੰਦਾ ਹੈ ਜਦ ਕਿ ਆਪਣਾ ਕੀਤਾ ਹੀ ਪਾ ਰਿਹਾ ਹੁੰਦਾ ਹੈ।ਦਰਅਸਲ ਰੱਬ ਕਿਸੇ ਸੱਤਵੇਂ ਅਸਮਾਨ ਤੇ ਨਹੀਂ ਬੈਠਾ ਬਲਕਿ ਸਾਡਾ ਸਭਦਾ ਖਿਆਲ ਕਰਨ ਵਾਲਾ ਹਰ ਪਲ ਸਾਡੇ ਅੰਗਸੰਗ ਰਹਿਣ ਵਾਲਾ ਦਾਤਾ ਹੈ ਅਤੇ ਅਸੀਂ ਸਭ ਉਸ ਦਾ ਦਿੱਤਾ ਪਾਂਦੇ ਹਾਂ।ਅਸੀਂ ਜੋ ਵੀ ਪਾਂਦੇ ਹਾਂ ਉਹ ਆਪਣਾ ਕੀਤਾ ਪਾਂਦੇ ਹਾਂ ਇਸ ਲਈ ਅਗਰ ਅਸੀ ਉਸਦੇ ਨਿਆਂ ਤੇ ਇਤਰਾਜ਼ ਕਰਦੇ ਹਾਂ ਤਾਂ ਅਸੀਂ ਗੁਨਾਹਗਾਰ ਹਾਂ।(ਇੱਥੇ ਇੱਕ ਗੱਲ ਸਪਸ਼ਟ ਕਰਨੀ ਬਣਦੀ ਹੈ ਕਿ ਰੱਬ ਦੀ ਦਾਤ ਪੈਸਾ ਧੇਲਾ ਜਾਂ ਮਾਇਆ ਨਹੀਂ ਹੈ।ਸਮਾਜਕ ਤੇ ਆਰਥਕ ਅਸਮਾਨਤਾ ਜਾਂ ਕਾਣੀ ਵੰਡ ਬੰਦੇ ਦੀ ਆਪਣੀ ਕਰਨੀ ਹੈ।ਅਮੀਰ ਗਰੀਬ ਹੋਣਾਂ ਨਾ ਤਾਂ ਰੱਬ ਦਾ ਨਿਆਂ ਹੈ ਅਤੇ ਨਾ ਹੀ ਇਸ ਨਾਲ ਬੰਦੇ ਦੀ ਖੁਸ਼ੀ ਦਾ ਕੋਈ ਸਬੰਧ ਹੈ।ਇਸ ਵਿਸ਼ੇ ਤੇ ਵਿਸਥਾਰ ਨਾਲ ਚਰਚਾ ਕਿਸੇ ਦੂਸਰੇ ਲੇਖ ਵਿੱਚ ਕਰਾਂਗਾ)।ਇਸ ਕਰਕੇ ਕਬੀਰ ਕਰਤਾਰ ਦੀ ਸ਼ਰਨ ਵਿੱਚ ਆਇਆ ਹੈ ਅਤੇ ਅਗਰ ਕਰਤਾਰ ਦੀ ਸ਼ਰਨ ਵਿੱਚ ਰਹਿੰਦਾ ਹੈ ਭਾਵ ਮੰਦੇ ਕੰਮਾਂ ਤੋਂ ਤੋਬਾ ਕਰਦਾ ਹੈ ਤਾਂ ਇਹ ਹੀ ਉਸ ਲਈ ਸਵਰਗ ਜਾਂ ਬਹਿਸ਼ਤ ਹੈ।ਇਹ ਉਹ ਸਵਰਗ ਹੈ ਜਿਸ ਤਕ ਹਰ ਅਮੀਰ ਗਰੀਬ ਦੀ ਪਹੁੰਚ ਹੈ।

ਇਸ ਸ਼ਬਦ ਦੇ ਬਿਲਕੁਲ ਨਾਲਦਾ ਸ਼ਬਦ ਕਬੀਰ ਸਾਹਿਬ ਦੇ ਸਵਰਗ ਵਾਰੇ ਨਜ਼ਰੀਏ ਨੂੰ ਹੋਰ ਵੀ ਸਪਸ਼ਟ ਕਰਦਾ ਹੈ।ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਸਭੁ ਕੋਈ ਚਲਨ ਕਹਤ ਹੈ ਊਹਾਂ ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ਆਪ ਆਪ ਕਾ ਮਰਮੁ ਜਾਨਾਂ ਬਾਤਨ ਹੀ ਬੈਕੁੰਠੁ ਬਖਾਨਾਂ ॥੧॥ ਜਬ ਲਗੁ ਮਨ ਬੈਕੁੰਠ ਕੀ ਆਸ ਤਬ ਲਗੁ ਨਾਹੀ ਚਰਨ ਨਿਵਾਸ ॥੨॥ ਖਾਈ ਕੋਟੁ ਪਰਲ ਪਗਾਰਾ ਨਾ ਜਾਨਉ ਬੈਕੁੰਠ ਦੁਆਰਾ ॥੩॥ ਕਹਿ ਕਮੀਰ ਅਬ ਕਹੀਐ ਕਾਹਿ ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥ {ਪੰਨਾ ੧੧੬੧}

ਕਬੀਰ ਸਾਹਿਬ ਇਸ ਸ਼ਬਦ ਦੀ ਰਹਾਓ ਵਾਲੀ ਤੁਕ ਵਿੱਚ ਕਹਿੰਦੇ ਨੇ ਕਿ ਹਰ ਕੋਈ ਕਹਿੰਦਾ ਹੈ ਕਿ ਸਵਰਗ ਨੂੰ ਜਾਣਾ ਏ ਪਰ ਉਹ ਬੈਕੁੰਠ ਜਾਂ ਸਵਰਗ ਹੈ ਕਿੱਥੇ।ਕਿਸੇ ਨੂੰ ਕੋਈ ਪਤਾ ਨਹੀ।ਬੰਦੇ ਨੂੰ ਹਾਲਾਂ ਤੱਕ ਆਪਣੇ ਆਪ ਦੀ ਤਾਂ ਪੂਰੀ ਸਮਝ ਨਹੀਂ ਪਈ ਪਰ ਗੱਲਾਂ ਗੱਲਾਂ ਵਿੱਚ ਸਵਰਗ ਦੇ ਵੀ ਨਕਸ਼ੇ ਖਿੱਚ ਰੱਖੇ ਨੇ।ਬੰਦੇ ਨੂੰ ਹਾਲਾਂ ਤਕ ਆਪਣੇ ਘਰ, ਆਪਣੇ ਮਨ ਦੀ ਤਾਂ ਪੂਰੀ ਸੋਝੀ ਨਹੀਂ ਹੋਈ ਪਰ ਉਹ ਰੱਬ ਦੇ ਘਰ ਨੂੰ ਬਿਆਨ ਕਰਨ ਲੱਗਾ ਹੋਇਆ ਹੈ।ਦਰਅਸਲ ਜਦ ਤਕ ਸਾਡੇ ਮਨ ਵਿੱਚ ਬੈਕੁੰਠ ਦਾ ਲਾਲਚ ਹੈ ਅਸੀਂ ਰੱਬ ਤੋਂ ਦੂਰ ਹੀ ਰਹਿੰਦੇ ਹਾਂ।ਸਵਰਗ ਪਹੁੰਚਣ ਦੇ ਲਾਲਚ ਵਸ ਕੀਤੇ ਉਪਰਾਲੇ ਨੂੰ ਜਦੋਂ ਫਲ ਲਗਦਾ ਤਾਂ ਉਸ ਅੰਦਰ ਲਾਲਚ ਦਾ ਕੀੜਾ ਵੀ ਪੈਦਾ ਹੋ ਜਾਂਦਾ ਏ ਜੋ ਫਲ ਦੇ ਪੱਕਣ ਤੇ ਫਲ ਨੂੰ ਗਾਲ ਦਿੰਦਾ ਹੈ ਤੇ ਫਲ ਕਿਸੇ ਕੰਮ ਦਾ ਨਹੀਂ ਰਹਿੰਦਾ।ਕਬੀਰ ਸਾਹਿਬ ਹੈਰਾਨ ਹੋ ਕੇ ਸਵਾਲ ਕਰਦੇ ਨੇ ਕਿ ਕੋਈ ਪਤਾ ਨਹੀ ਇਹਨਾਂ ਲੋਕਾਂ ਦਾ ਸਵਰਗ ਕਿਹੋ ਜਿਹਾ ਹੈ।ਉਸ ਦਾ ਬੂਹਾ ਕਿਹੋ ਜਿਹਾ ਹੈ।ਕੀ ਇਹ ਇੱਕ ਕਿਲਾ ਹੈ ਜਿਸ ਦੇ ਇਰਦ ਗਿਰਦ ਚਾਰਦੀਵਾਰੀ ਤੇ ਇੱਕ ਖਾਈ ਹੈ।(ਕਿਉਂਕਿ ਇਹਨਾਂ ਅਨੁਸਾਰ ਸਵਰਗ ਦਾ ਰਸਤਾ ਬੜਾ ਕਠਨ ਹੈ।) ਕਬੀਰ ਸਾਹਿਬ ਕਹਿੰਦੇ ਨੇ ਕਿ ਪਰ ਕਿਸ ਨੂੰ ਦੱਸੀਏ ਕਿ ਦਰਅਸਲ ਬੈਕੁੰਠ ਤਾਂ ਚੰਗੇ ਬੰਦਿਆਂ ਦੀ ਸੰਗਤ ਸੋਹਬਤ ਹੈ।ਭਾਵ ਅਗਰ ਅਸੀ ਮੰਦੇ ਕੰਮਾਂ ਤੋਂ ਤੋਬਾਂ ਕਰ ਚੰਗੇ ਕੰਮ ਕਰਦੇ ਹਾਂ ਤਾਂ ਅਸੀਂ ਸਵਰਗ ਵਿੱਚ ਹੀ ਰਹਿੰਦੇਂ ਹਾਂ।

ਗੁਰਬਾਣੀ ਦਾ ਨਜ਼ਰੀਆ

ਜਪੁ ਬਾਣੀ ਦੀ 27ਵੀ ਪੌੜੀ ਵਿੱਚ ਹੀ ਗੁਰੂ ਸਾਹਿਬ ਇਹ ਸਵਾਲ ਕਰਦੇ ਨੇ ਕਿ ਜਿੱਥੇ ਰੱਬ ਰਹਿੰਦਾ ਏ “ਸੋ ਦਰੁ ਕੇਹਾ ਸੋ ਘਰੁ ਕੇਹਾ” । ਫਿਰ ਇਸ ਪੌੜੀ ਦੇ ਸ਼ੁਰੂ ਵਿੱਚ ਪ੍ਰਚਲਤ ਜਵਾਬ ਦਰਜ਼ ਕਰਕੇ ਆਖਰ ਵਿੱਚ ਗੁਰੂ ਸਾਹਿਬ ਆਪਣੇ ਵਿਚਾਰ ਦਿੰਦੇ ਨੇ ਜੋ ਇਸ ਤਰ੍ਹਾਂ ਹਨ।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

ਗੁਰੂ ਸਾਹਿਬ ਦੇ ਜਵਾਬ ਤੋਂ ਕੁਝ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ।

  1. ਕਰਤਾਰ ਜਾਂ ਰੱਬ ਦੀ ਹੋਂਦ ਸਦੀਵੀਂ ਸੱਚ ਹੈ।ਜਿਵੇਂ ਜਪੂ ਬਾਣੀ ਦੇ ਸ਼ੁਰੂ ਵਿੱਚ ਹੀ ਕਿਹਾ ਗਿਆ ਕਿ “ਆਦਿ ਸਚੁ ਜੁਗਾਦਿ ਸਚੁ।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥”
  2. ਕਰਤਾਰ ਜਾਂ ਰੱਬ ਆਪਣੀ ਰਚਨਾ ਵਿੱਚ ਹੀ ਨਿਵਾਸ ਕਰਦਾ ਏ ਉਹ ਕਿਸੇ ਵੱਖਰੇ ਸਵਰਗ ਵਿੱਚ ਨਹੀਂ ਰਹਿੰਦਾ।ਉਹ ਬਲਿਹਾਰੀ ਕੁਦਰਤ ਵਸਿਆ ਹੈ।“ਆਸਾ ਕੀ ਵਾਰ” ਵਿੱਚ ਹੋਰ ਵੀ ਸਪਸ਼ਟ ਕਰ ਦਿੱਤਾ ਗਿਆ ਏ।“ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨੲਾ॥ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥”
  3. ਇਹ ਰਚਨਾ ਵਿਭਿੰਨ ਪ੍ਰਕਾਰ ਦੀ ਹੈ।ਅਤੇ ਇੱਕ ਨਿਰੰਤਰ ਕਿਰਿਆ ਹੈ। “ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥”।ਉਹ ਸਿਰਜਦਾ ਹੈ, ਢਾਹੁੰਦਾ ਹੈ, ਫਿਰ ਸਿਰਜਦਾ ਹੈ।ਪੰਨਾ 579 ਤੇ ਸਪਸ਼ਟ ਬਿਆਨ ਹੈ ਕਿ “ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ॥”।
  4. ਇਸ ਰਚਨਾ ਵਿੱਚ ਕਿਸੇ ਹੋਰ ਦਾ ਕੋਈ ਦਖਲ ਨਹੀਂ ਹੈ।ਕਿਸੇ ਦਾ ਉਸਤੇ ਹੁਕਮ ਨਹੀਂ ਚਲਦਾ।ਪੰਨਾ 53 ਤੇ ਸਪਸ਼ਟ ਬਿਆਨ ਨੈ ਕਿ “ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥”।
  5. ਸਾਡਾ ਭਲਾ ਉਸ ਦੇ ਹੁਕਮ ਨੂੰ ਸਮਝ ਉਸ ਅਨੁਸਾਰ ਆਪਣੀ ਜ਼ਿੰਦਗੀ ਢਾਲਣ ਵਿੱਚ ਹੈ।ਜਿਵੇਂ ਜਪੁ ਬਾਣੀ ਦੇ ਸ਼ੁਰੂ ਵਿੱਚ ਹੀ ਸਮਝਾ ਦਿੱਤਾ ਗਿਆ ਹੈ ਕਿ “ਹੁਕਮਿ ਰਜ਼ਾਈ ਚਲਣਾ ਨਾਨਕ ਲਿਖਿਆ ਨਾਲਿ॥”।

ਜਪੁ ਬਾਣੀ ਨੂੰ ਸਵੇਰੇ ਪੜ੍ਹਨ ਦੀ ਹਦਾਇਤ ਹੈ ਅਤੇ ਇਹੀ ਪੌੜੀ “ਸੋ ਦਰੁ” ਬਾਣੀ ਵਿੱਚ ਫਿਰ ਦੁਹਰਾਈ ਗਈ ਹੈ ਜਿਸ ਨੂੰ ਸ਼ਾਮ ਵੇਲੇ ਪੜ੍ਹਨ ਦੀ ਹਦਾਇਤ ਹੈ।ਗੁਰੂ ਸਾਹਿਬ ਨੇ ਤਾਂ ਰੱਬ ਦੇ ਦਰ ਘਰ ਵਾਰੇ ਆਪਣਾ ਨਜ਼ਰੀਆ ਨਿਤਨੇਮ ਵਿੱਚ ਹੀ ਬਾਖੂਬੀ ਬਿਆਨ ਕਰ ਦਿੱਤਾ ਏ।ਸਿੱਖ ਨੂੰ ਸਵੇਰ ਸ਼ਾਮ ਪੜ੍ਹਨ ਦੀ ਹਦਾਇਤ ਵੀ ਕੀਤੀ ਹੈ।ਸਿੱਖ ਇਸ ਨੂੰ ਸਵੇਰੇ ਸ਼ਾਮ ਪੜ੍ਹਦੇ ਜਰੂਰ ਨੇ ਪਰ ਅਮਲ ਨਹੀਂ ਕਰਦੇ।ਉਹ ਵੀ ਰੱਬ ਨੂੰ ਕਿਸੇ ਕਾਲਪਨਿਕ ਸਵਰਗ ਦਾ ਵਸਿੰਦਾ ਹੀ ਸਮਝਦੇ ਨੇ ਜਦ ਕਿ ਗੁਰਬਾਣੀ ਕੂਕ ਪੁਕਾਰ ਕੇ ਕਹਿ ਰਹੀ ਹੈ ਕਿ ਰੱਬ ਆਪਣੀ ਰਚਨਾ ਵਿੱਚ ਹੀ ਰਮਿਆ ਹੋਇਆ ਹੈ।ਅਗਰ ਸਿੱਖ ਗੁਰਬਾਣੀ ਸਿਖਿਆ ਅਨੁਸਾਰ ਰੱਬ ਨੂੰ “ਬਲਿਹਾਰੀ ਕੁਦਰਤ ਵਸਿਆ” ਸਮਝਣ ਤਾਂ ਕਈ ਉਲਝਣਾ ਸੁਲਝ ਜਾਂਦੀਆਂ ਹਨ।

  • ਸਿੱਖ ਗੁਰਦਵਾਰਿਆਂ ਨੂੰ ਰੱਬ ਦਾ ਘਰ ਸਮਝਣ ਦੀ ਵਜਾਏ ਧਰਮ ਦੀ ਸਿਖਿਆ ਲਈ ਸਕੂਲ਼ ਜਾਂ ਧਰਮਸਾਲ ਸਮਝਣਗੇ।
  • ਇਤਿਹਾਸਿਕ ਗੁਰਦਵਾਰੇ ਪਵਿੱਤਰ ਅਤੇ ਪੂਜਾ ਅਸਥਾਨ ਬਣਨ ਦੀ ਵਜਾਏ ਇਤਿਹਾਸ ਦੇ ਸਰੋਤ ਬਣਨਗੇ।
  • ਸਿੱਖ ਆਪਣੇ ਮਰੇ ਹੋਏ ਸਕੇ ਸਬੰਧੀਆਂ ਨੂੰ ਸਵਰਗਵਾਸੀ ਕਹਿਣਾ ਛੱਡ ਇਹ ਸਮਝ ਜਾਣਗੇ ਕਿਉਂਕਿ ਜਿਸ ਮਿੱਟੀ ਤੋਂ ਅਸੀਂ ਸਭ ਬਣਦੇ ਹਾਂ ਮਰਨ ਤੋਂ ਬਾਅਦ ਉਸੇ ਮਿੱਟੀ ਵਿੱਚ ਰਲ ਜਾਂਦੇ ਹਾਂ।ਗੁਰੂ ਦਾ ਫੇਸਲਾ ਹੈ ਕਿ “ਮਾਟੀ ਮਾਟੀ ਹੋਈ ਏਕ॥” ਪੰਨਾ 885 ।
  • ਸਿੱਖ ਜਪੁ ਬਾਣੀ ਵਿੱਚ ਆਏ “ਸਚ ਖੰਡ” ਨੂੰ ਇਸ ਕਾਲਪਨਿਕ ਸਵਰਗ ਦਾ ਸਮਅਰਥੀ ਸਮਝਣਾ ਛੱਡ ਦੇਣਗੇ ਅਤੇ ਨਾ ਹੀ ਗੁਰਦਵਾਰਿਆਂ ਨੂੰ ਸਚ ਖੰਡ ਕਹਿਣਗੇ। “ਸਚ ਖੰਡ” ਤਾਂ ਉਸ ਸੋਝੀ ਦਾ ਨਾਂ ਹੈ ਜਿਸ ਕਾਰਨ ਕਾਇਨਾਤ ਵਿਚ ਰਮੇ ਹੋਏ ਕਰਤਾਰ ਨੂੰ ਰਚਨਾ ਕਰਦੇ ਦਾ ਇਲਮ ਹੁੰਦਾ ਏ।ਇਹ ਸਮਝ ਪੈਂਦੀ ਹੈ ਕਿ ਲਗਾਤਾਰ ਲੋਅ ਅਕਾਰ ਵਿੱਚ ਆਉਂਦੇ ਨੇ ਤੇ ਮਿਟਦੇ ਨੇ।
  • ਸਿੱਖਾਂ ਨੂੰ ਇਹ ਸਮਝਣ ਵਿੱਚ ਅਸਾਨੀ ਹੋਏਗੀ ਕਿ ਗੁਰਬਾਣੀ ਵਿੱਚ ਅਵਤਾਰਵਾਦ ਅਤੇ ਬੂੱਤ ਪੂਜਾ ਨੂੰ ਕਿਉਂ ਨਕਾਰਿਆ ਗਿਆ ਏ।ਜਦੋਂ ਰੱਬ ਹਮੇਸ਼ਾਂ ਹੀ ਇਸ ਕਾਇਨਾਤ ਵਿੱਚ ਵਸਦਾ ਹੈ ਤਾਂ ਉਸ ਨੂੰ ਅਵਤਾਰ ਧਾਰ ਕੇ ਆਉਣ ਦੀ ਕਿਆ ਜ਼ਰੂਰਤ ਹੈ।
  • ਜਦੋਂ ਇਹ ਸਮਝ ਆ ਗਈ ਉਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਦੀ ਵਜਾਏ ਇਸ ਨੂੰ ਸਮਝਣ ਦਾ ਯਤਨ ਕਰਨਗੇ।ਗੁਰੂ ਦਾ ਫੁਰਮਾਨ ਵੀ ਬਾਣੀ ਨੂੰ ਵੀਚਾਰ ਕਿ ਬਾਣੀ ਬਣਨ ਭਾਵ ਬਾਣੀ ਦੀ ਸਿਖਿਆ ਤੇ ਅਮਲ ਕਰਨ ਦਾ ਹੈ। “ਬਾਣੀ ਬੀਚਾਰੀਐ ਜੀਉ” ਪੰਨਾ 80 ਅਤੇ “ਗੁਰਬਾਣੀ ਬਣੀਐ” ਪੰਨਾ 304।

ਇਸ ਸਾਰੀ ਵਿਚਾਰ ਤੋਂ ਇਹ ਸਾਬਤ ਹੁੰਦਾ ਹੈ ਕਿ ਰੱਬ ਕਿਸੇ ਸਵਰਗ ਵਿੱਚ ਨਹੀਂ ਰਹਿੰਦਾ ਬਲਕਿ ਆਪਣੀ ਰਚਨਾ ਵਿੱਚ ਹੀ ਵਸਦਾ ਹੈ।ਗੁਰ ਅੰਗਦ ਸਾਹਿਬ ਕਿੰਨਾ ਖੁਬਸੂਰਤ ਕਹਿੰਦੇ ਨੇ ਕਿ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੈ ਕਾ ਵਿਚਿ ਵਾਸੁ॥” ਪੰਨਾ 463 ।ਚੰਗਾ ਹੋਵੇ ਅਗਰ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਜਾਏ ਤਾਂ ਉਹ ਸਾਰੇ ਜਗ ਨੂੰ ਹੀ ਗੁਰਦਵਾਰਾ ਸਮਝ ਵਿਚਰਨਗੇ ਅਤੇ ਸਾਰਾ ਜਗ ਹੀ ਉਹਨਾਂ ਦੀ ਕਿਰਤ ਨਾਲ ਲਿਸ਼ਕ ਉਠੇਗਾ।

ਸਿਡਨੀ ਅਸਟ੍ਰੇਲੀਆ

ਫਰਵਰੀ 8, 2022

2 thoughts on “ਰੱਬ ਦਾ ਘਰ

  1. ਵਾਹਿਗੁਰੂ ਜੀ ਕਾ ਖ਼ਾਲਸ ਵਾਹਿਗੁਰੂ ਫ਼ਤਿਹ ਵੀਰ ਜੀ ਬੁਹਤ ਵਧੀਆ ਵਿਚਾਰ ਨੇ ਮੈਨੂੰ ਆਸ ਹੈ ਕਿ ਤੁਸੀਂ ਆਗੇ ਵੀ ਸਾਡੇ ਨਾਲ ਗੁਰੂ ਦੇ ਸ਼ਬਦ ਵਿਚਾਰ ਦੀ ਸਾਂਝ ਪਾਂੳਦੇ ਰਹੋਗੇ ਧੰਨਵਾਦ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s