ਜਰਨੈਲ ਸਿੰਘ
ਹਾਲ ਹੀ ਵਿੱਚ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ।ਇਸ ਸਰਕਾਰ ਦੇ ਹੋਂਦ ਵਿੱਚ ਆਉਣ ਦਾ ਵੱਡਾ ਕਾਰਨ ਕੇਜ਼ਰੀਵਾਲ ਦਾ ਜਾਦੂ ਨਹੀਂ ਬਲਕਿ ਕਿਸਾਨ ਅੰਦੋਲਨ ਹੈ।ਕੇਜ਼ਰੀਵਾਲ ਤਾਂ 2017 ਵਿੱਚ ਵੀ ਮੌਜ਼ੂਦ ਸੀ ਜਦੋਂ ਹਰ ਕੋਈ ਕਹਿੰਦਾ ਸੀ ਕਿ ਆਪ ਦੇ ਹੱਕ ਵਿੱਚ ਹਵਾ ਹੀ ਨਹੀ ਬਲਕਿ ਹਨੇਰੀ ਵਗ ਰਹੀ ਹੈ।ਪਰ ਉਦੋਂ ਆਮ ਆਦਮੀ ਪਾਰਟੀ ਕਾਮਯਾਬ ਨਹੀਂ ਹੋਈ।ਇਸ ਵਾਰ ਜੋ ਨਵਾਂ ਹੋਇਆ ਹੈ ਉਹ ਹੈ ਕਿਸਾਨ ਅੰਦੋਲਨ।ਕਿਸਾਨ ਅੰਦੋਲਨ ਨੇ ਸਾਬਤ ਕੀਤਾ ਕਿ ਲੋਕ ਚੇਤਨਾ ਲਈ ਕਿਸੇ ਵੀ ਰਾਜਨੀਤਕ ਪਾਰਟੀ ਵਲੋਂ ਲਾਮਬੰਦੀ ਕਰਨ ਦੀ ਲੋੜ ਨਹੀ ਹੈ ਬਲਕਿ ਇਮਾਨਦਾਰੀ ਨਾਲ ਲੋਕ ਮਸਲੇ ਉਠਾੳਣ ਦੀ ਲੋੜ ਹੈ।ਪਹਿਲੀ ਵਾਰ ਲੋਕ ਇੱਕ ਤਰ੍ਹਾਂ ਨਾਲ ਰਾਜਨੀਤਕ ਪਾਰਟੀਆਂ ਤੋ ਹਟ ਕੇ ਸੋਚਣ ਲਗ ਪਏ।ਇਹ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਜਾਤ ਜਾਂ ਧਰਮ ਦੇ ਅਧਾਰ ਤੇ ਵੰਡ ਕੇ ਵੋਟਾਂ ਵਟੋਰਦੀਆਂ ਸਨ/ਹਨ।ਇਹ ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ਸਾਫ ਜ਼ਾਹਰ ਸੀ।ਕਾਗਰਸ ਵਲੋਂ ਦਲਿਤ ਮੁੱਖ ਮੰਤਰੀ ਚਿਹਰਾ, ਭਾਜਪਾ ਵਲੋਂ ਸਾਰੇ ਧਰਮਾਂ ਦੇ ਡੇਰੇਦਾਰਾਂ ਦਾ ਸਮਰਥਨ ਹਾਸਲ ਕਰਨਾ, ਅਕਾਲੀਆਂ ਵਲੋ ਸਿੱਖ ਮੁੱਦੇ ਪੇਸ਼ ਕਰਨਾ ਇਸ ਗੱਲ ਦੀ ਗਵਾਹੀ ਹੈ।ਪਰ ਇਸ ਵਾਰ ਕਿਸਾਨ ਅੰਦੋਲਨ ਬਦੌਲਤ ਉਪਜੀ ਲੋਕ ਚੇਤਨਾ ਕਾਰਨ ਲੋਕ ਇਸ ਧੋਖੇ ਵਿੱਚ ਨਹੀਂ ਆਏ ਬਲਕਿ ਲੋਕਾਂ ਨੇ ਜਾਤ ਜਾਂ ਧਰਮ ਤੋਂ ਉਪਰ ਉੱਠ ਕੇ ਵੋਟਾਂ ਪਾਈਆਂ।ਲੋਕਾਂ ਸਾਹਮਣੇ ਸਿਰਫ ਆਮ ਆਦਮੀ ਪਾਰਟੀ ਹੀ ਜੋ ਉਹਨਾਂ ਨਹੀ ਸੀ ਅਜਮਾਈ।ਸੋ ਇਸ ਵਾਰ ਉਹਨਾਂ ਦੀ ਸਰਕਾਰ ਬਣ ਗਈ।ਪਰ ਕਹਿੰਦੇ ਨੇ ਕਿ ਗੱਲਾਂ ਕਰਨੀਆਂ ਤਾਂ ਸੌਖੀਆਂ ਹੁੰਦੀਆਂ ਹਨ ਪਰ ਅਮਲੀ ਤੌਰ ਤੇ ਕੰਮ ਕਰ ਕੇ ਵਿਖਾਉਣਾ ਹੋਰ ਗੱਲ ਹੁੰਦੀ ਹੈ।ਇਸਦੀ ਤਾਜ਼ਾ ਮਿਸਾਲ ਗੁਆਡੀ ਮੁਲਕ ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਹੈ।2018 ਵਿੱਚ ਉਹ ਭ੍ਰਿਸ਼ਟ ਨੇਤਾਵਾਂ ਨੂੰ ਸਜਾ ਦੇਣ ਅਤੇ ਲੁਟਿਆ ਮਾਲ ਵਾਪਸ ਲੈਣ ਦੇ ਅਤੇ ਹੋਰ ਅਨੇਕਾਂ ਬੜੇ ਬੜੇ ਵਾਅਦੇ ਕਰਕੇ ਤਾਕਤ ਵਿੱਚ ਆਏ ਪਰ ਹੁਣ ਤਕ ਕਿਸੇ ਇੱਕ ਵੀ ਭ੍ਰਿਸ਼ਟ ਨੇਤਾ ਨੂੰ ਵੀ ਸਜਾ ਨਹੀਂ ਹੋਈ ਅਤੇ ਨਾ ਹੀ ਕੋਈ ਪੈਸਾ ਵਾਪਸ ਖਜ਼ਾਨੇ ਵਿੱਚ ਆਇਆ।ਇਸ ਦਾ ਕਾਰਨ ਇਮਰਾਨ ਖਾਨ ਦੀ ਨੀਅਤ ਜਾਂ ਇਮਾਨਦਾਰੀ ਨਹੀਂ ਬਲਕਿ ਉਹ ਸਿਸਟਮ ਹੈ ਜਿਸ ਅੰਦਰ ਮਜ਼ਬੂਰਨ ਇਮਰਾਨ ਖਾਨ ਨੂੰ ਕੰਮ ਕਰਨਾ ਪੈ ਰਿਹਾ ਹੈ। ਇਸ ਸਰਕਾਰ ਨੇ ਵੀ ਕਈ ਵਾਅਦੇ ਕੀਤੇ ਹਨ।ਇਹ ਵੀ ਇੱਕ ਤਹਿਸ਼ੁਦਾ ਸਿਸਟਮ ਅਧੀਨ ਹੀ ਕੰਮ ਕਰੇਗੀ।ਕੀ ਇਹ ਆਪਣੀ ਕਹਿਣੀ ਤੇ ਕਰਨੀ ਨੂੰ ਇੱਕ ਕਰ ਪਾਏਗੀ? ਕੀ ਇਹ ਇਸ ਸਿਸਟਮ ਨੂੰ ਬਦਲ ਪਾਏਗੀ? ਇਹ ਬਹੁਤ ਵੱਡਾ ਕੰਮ ਹੈ।
ਪਰੋਫੈਸ਼ਨਲ ਜਾਣੀ ਪੇਸ਼ਾਵਰ ਲੋਕ ਕਿਸੇ ਵੀ ਪਰਾਜੈਕਟ ਜਾਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਾਮਯਬੀ ਹਾਸਲ ਕਰਨ ਲਈ ਉਸਦੀ ਸਵੌਟ (SWOT) ਪੜਚੋਲ ਕਰਦੇ ਨੇ।ਸਵੌਟ ਅੰਗਰੇਜ਼ੀ ਦੇ ਚਾਰ ਲਫ਼ਜ਼ਾਂ ਦੇ ਪਹਿਲੇ ਅੱਖਰਾਂ ਦੇ ਜੋੜ ਤੋਂ ਬਣਿਆ ਇੱਕ ਲ਼ਫ਼ਜ਼ ਹੈ।ਇਹ ਪੜਚੋਲ ਕਿਸੇ ਵੀ ਪਰਾਜੈਕਟ ਦੀ ਸਟਰੈਂਥ ਭਾਵ ਤਾਕਤ, ਵੀਕਨੈਸ ਭਾਵ ਕਮਜ਼ੋਰੀ, ਅਪਰਚਿਉਨਟੀ ਭਾਵ ਮੌਕਾ ਤੇ ਥਰੈੱਟ ਭਾਵ ਖਤਰੇ ਦਾ ਲੇਖਾ ਜੋਖਾ ਕਰਦੀ ਹੈ।ਪੰਜਾਬੀ ਵਿੱਚ ਅਸੀਂ ਇਸ ਨੂੰ ਤਾਕਮੋਖੀ ਛਾਣ ਬੀਣ ਦਾ ਨਾਂ ਦੇ ਸਕਦੇ ਹਾਂ।ਆਉ ਆਪਾਂ ਇਸ ਸਰਕਾਰ ਦੀ ਵੀ ਤਾਕਮੋਖੀ ਪੜਚੋਲ ਕਰਕੇ ਵੇਖੀਏ।
ਤਾਕਤ– ਇਸ ਸਰਕਾਰ ਦੀਆਂ ਤਾਕਤਾਂ ਇਸ ਤਰ੍ਹਾਂ ਹਨ।
1. ਇਸ ਸਰਕਾਰ ਕੋਲ ਦੋ ਤਿਹਾਈ ਤੋਂ ਵੀ ਵੱਧ ਬਹੁ ਮੱਤ ਹੈ।ਆਪਣੇ ਬਲਬੂਤੇ ਤੇ ਕੋਈ ਵੀ ਫੈਸਲਾ ਕਰ ਸਕਦੀ ਹੈ।
2. ਇਸ ਸਰਕਾਰ ਕੋਲ ਲੋਕਾਂ ਦੇ ਹਰ ਵਰਗ ਦਾ ਸਮਰਥਨ ਹਾਸਲ ਹੈ।ਇਹ ਇਹਨਾਂ ਦੀ ਵੋਟ ਪ੍ਰਤੀਸ਼ਤ ਤੋਂ ਸਾਫ ਜਾਹਰ ਹੈ।
3. ਇਸ ਸਰਕਾਰ ਦਾ ਲੀਡਰ ਭਗਵੰਤ ਮਾਨ ਬੇਦਾਗ ਹੈ।
4. ਇਸ ਸਰਕਾਰ ਦੇ ਲੀਡਰ ਨੂੰ ਕਿਸੇ ਕਿਸਮ ਦੀ ਕੋਈ ਚਣੌਤੀ ਨਹੀਂ ਹੈ।ਉਹ ਬੇਖੌਫ ਆਪਣੇ ਕੰਮ ਤੇ ਤਵੱਜੋ ਦੇ ਸਕਦਾ ਹੈ।
5. ਇਸ ਸਰਕਾਰ ਨੂੰ ਪਿਛਲੀ ਕਾਰਗੁਜ਼ਾਰੀ ਦਾ ਵੀ ਕੋਈ ਮਿਹਣਾ ਤਾਹਨਾ ਨਹੀਂ ਦੇ ਸਕਦਾ।ਇਸਦੇ ਕੋਲ ਕੋਰੀ ਸਲੇਟ ਹੈ ਜਿਸ ਤੇ ਇਸ ਨੇ ਆਪਣਾ ਲੇਖਾ ਜੋਖਾ ਲਿਖਣਾ ਹੈ।
6. ਇਸ ਸਰਕਾਰ ਕੋਲ ਇਹਨਾਂ ਦੀ ਪਾਰਟੀ ਦੀ ਦਿੱਲੀ ਵਿਖੇ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੋਣ ਦਾ ਲਾਭ ਵੀ ਹੈ।ਇਸਦੀ ਇਹ ਹਰ ਵਕਤ ਮਿਸਾਲ ਵੀ ਦਿੰਦੇ ਨੇ।
ਕਮਜ਼ੋਰੀ– ਇਸ ਸਰਕਾਰ ਦੀਆਂ ਕਮਜ਼ੋਰੀਆਂ ਇਸ ਤਰ੍ਹਾਂ ਹਨ।
1. ਇਸ ਸਰਕਾਰ ਨੂੰ ਵੀ ਜੋ ਸਿਸਟਮ ਵਿਰਸੇ ਵਿੱਚ ਮਿਲਿਆ ਹੈ ਉਸੇ ਤਹਿਤ ਚਲਣਾ ਪਏਗਾ।ਬਹੁਤੇ ਕੰਮਾ ਲਈ ਇਸਨੂੰ ਕੇਂਦਰ ਵਲ ਝਾਕਣਾ ਪਏਗਾ ਜੋ ਆਪਣੀਆਂ ਸ਼ਰਤਾਂ ਤੇ ਹੀ ਕੰਮ ਕਰੇਗਾ।
2. ਇਸ ਸਰਕਾਰ ਦੇ ਕਈ ਅੇਮ ਅੇਲ ਏ ਦੂਜੀਆਂ ਪਾਰਟੀਆਂ ਵਿੱਚੋਂ ਦਲ ਬਦਲ ਕੇ ਆਏ ਨੇ।ਕੀ ਇਹ ਪਾਰਟੀ ਇਹਨਾਂ ਦਲਬਦਲੂਆਂ ਨੂੰ, ਜਿਹਨਾਂ ਦਾ ਪਿਛੋਕੜ ਕੋਈ ਬਹੁਤਾ ਚੰਗਾ ਨਹੀਂ ਹੈ,ਸੰਭਾਲ ਸਕੇਗੀ।
3. ਇਸ ਸਰਕਾਰ ਦੇ ਲਗਭਗ ਅੱਧੇ ਵਿਧਾਇਕਾਂ ਖਿਲਾਫ ਅਦਾਲਤਾਂ ਵਿੱਚ ਕੇਸ ਦਰਜ ਨੇ।
4. ਇਸ ਸਰਕਾਰ ਕੋਲ ਕੋਈ ਤਜ਼ਰਬਾ ਨਹੀਂ ਹੈ।ਬਹੁਤੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਨੇ।
5. ਇਸ ਸਰਕਾਰ ਨੂੰ ਵਿਰਸੇ ਵਿੱਚ ਖਾਲੀ ਖਜ਼ਾਨਾ ਤੇ ਬੇਸ਼ੁਮਾਰ ਸਮੱਸਿਆਵਾਂ ਮਿਲੀਆਂ ਹਨ।
6. ਇਸ ਸਰਕਾਰ ਦਾ ਲੀਡਰ ਨ ਤਜ਼ਰਬਾਕਾਰ ਹੈ।ਲੋਕ ਸਭਾ ਦਾ ਮੈਂਬਰ ਹੋਣ ਅਤੇ ਸੂਬੇ ਦੇ ਮੁੱਖ ਮੰਤਰੀ ਹੋਣ ਵਿੱਚ ਬਹੁਤ ਫਰਕ ਹੈ।ਭਗਵੰਤ ਮਾਨ ਨੇ ਹੁਣ ਤੱਕ ਸਿਰਫ ਸਰਕਾਰਾਂ ਦੀ ਭੰਡੀ ਹੀ ਕੀਤੀ ਹੈ।ਭੰਡ ਦੇ ਤੌਰ ਤੇ ਵੀ ਅਤੇ ਲੋਕ ਸਭਾ ਦੇ ਮੈਂਬਰ ਦੇ ਤੌਰ ਤੇ ਵੀ।ਉਸਨੇ ਕਦੇ ਖੁਦ ਸਰਕਾਰ ਨਹੀਂ ਚਲਾਈ।
7. ਇਸ ਸਰਕਾਰ ਦਾ ਦਿੱਲੀ ਮਾਡਲ ਪੰਜਾਬ ਵਿੱਚ ਸ਼ਾਇਦ ਲਾਗੂ ਕਰਨਾ ਮੁਸ਼ਕਲ ਹੋਵੇ।ਪੰਜਾਬ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਫਿਤਰਤ ਦਿੱਲੀ ਨਾਲੋਂ ਵੱਖਰੀਆਂ ਹਨ।
ਮੌਕੇ– ਇਸ ਸਰਕਾਰ ਕੋਲ ਇਹ ਮੌਕੇ ਹਨ।
1. ਅਗਰ ਪੰਜਾਬ ਵਿੱਚ ਸਫਲ ਹੁੰਦੀ ਹੈ ਤਾਂ ਇਸ ਪਾਰਟੀ ਕੋਲ ਪੂਰੇ ਦੇਸ਼ ਵਿੱਚ ਪੈਰ ਜਮਉਣੇ ਸੌਖੇ ਹੋ ਜਾਣਗੇ।
2. ਇਸ ਪਾਰਟੀ ਦੇ ਮੁਖ ਕੇਜ਼ਰੀਵਾਲ ਦਾ ਟੀਚਾ ਪ੍ਰਧਾਨ ਮੰਤਰੀ ਦੀ ਕੁਰਸੀ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਕਾਮਯਾਬ ਹੋਏ ਅਤੇ ਉਹ ਆਪਣੇ ਇਸ ਟੀਚੇ ਦੀ ਪ੍ਰਾਪਤੀ ਵਲ ਵਧੇ।
3. ਇਹ ਸਰਕਾਰ ਅੇਸੇ ਮੌਕੇ ਤੇ ਹੋਂਦ ਵਿੱਚ ਆਈ ਹੈ ਜਦੋਂ ਪੰਜਾਬ ਦੇ ਲੋਕ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਨੇ।ਇਹਨਾਂ ਦੀ ਚੰਗੀ ਕਾਰਗੁਜ਼ਾਰੀ ਲੋਕਾਂ ਦਾ ਮਨ ਮੋਹਣ ਲਈ ਦੇਰ ਨਹੀਂ ਲਾਏਗੀ।ਇੱਕ ਤਰ੍ਹਾਂ ਨਾਲ ਇਹ ਹਾਰੀ ਹੋਈ ਧਿਰ ਨਾਲ ਖੇਡ ਰਹੇ ਨੇ।
4. ਇਹ ਸਰਕਾਰ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਤੋਂ ਬਹੁਤ ਕੁਝ ਸਿੱਖ ਸਕਦੀ ਹੈ ਤੇ ਲਾਭ ਵੀ ਲੈ ਸਕਦੀ ਹੈ।ਇਸਦੀ ਥੋੜੀ ਜਿੰਨੀ ਚੰਗਿਆਈ ਵੀ ਪਿਛਲੀਆਂ ਸਰਕਾਰਾਂ ਦੀ ਮਾੜੀ ਕੁਰਗੁਜ਼ਾਰੀ ਦੇ ਮੁਕਾਬਲੇ ਵੱਡੀ ਪ੍ਰਾਪਤੀ ਲੱਗੇਗੀ।
5. ਅਗਰ ਇਸ ਸਰਕਾਰ ਦੀ ਕਾਰਗੁਜ਼ਾਰੀ ਠੀਕ ਰਹਿੰਦੀ ਹੈ ਤਾਂ ਬੇਸ਼ੁਮਾਰ ਚੰਗੀ ਸੋਚ ਵਾਲੇ ਪੜੇ੍ ਲਿਖੇ ਪੰਜਾਬੀ ਸਰਕਾਰ ਦਾ ਸਾਥ ਦੇਣ ਲਈ ਅੱਗੇ ਆ ਜਾਣਗੇ।ਇਸ ਨਾਲ ਇਸ ਸਰਕਾਰ ਨੂੰ ਹਰ ਪੱਖੋਂ ਬਹੁਤ ਫਾਇਦਾ ਹੋਏਗਾ।ਇਹ ਸਾਫ ਸੁਥਰੇ ਕਿਰਦਾਰ ਵਾਲੇ ਸਾਊ ਅਤੇ ਕਾਬਲ ਸ਼ਖਸ ਪਿਛਲੀਆਂ ਸਰਕਾਰਾਂ ਦੇ ਗੰਦੇ ਕਿਰਦਾਰ ਕਾਰਨ ਅੱਗੇ ਨਹੀਂ ਆ ਰਹੇ।
ਖਤਰੇ– ਇਸ ਸਰਕਾਰ ਲਈ ਇਹ ਖਤਰੇ ਵੀ ਹਨ।
1. ਇਸ ਸਰਕਾਰ ਨੂੰ ਹਾਰੀਆਂ ਹੋਈਆਂ ਰਾਜਨੀਤਕ ਪਾਰਟੀਆਂ ਨਾਕਾਮ ਕਰਨ ਦੀ ਹਰ ਜ਼ਾਇਜ਼ ਨਜ਼ਾਇਜ਼ ਕੋਸ਼ਿਸ਼ ਕਰਨਗੀਆਂ।ਵਿਰੋਧੀ ਰਾਜਨੀਤਕ ਪਾਰਟੀਆਂ ਕਦੇ ਨਹੀਂ ਚਾਹੁਣਗੀਆਂ ਕਿ ਕਲ ਦੀ ਜੰਮੀ ਆਮ ਆਦਮੀ ਪਾਰਟੀ ਉਹਨਾਂ ਦੇ ਮੁਕਾਬਲੇ ਖੜ ਉਹਨਾਂ ਨੂੰ ਚਨੌਤੀ ਦੇਵੇ।
2. ਅਕਾਲੀ ਦਲ ਬਾਦਲ ਆਪਣੀ ਹੋਂਦ ਬਚਾਉਣ ਲਈ ਆਪਣਾ ਪੈਂਤੜਾ ਬਦਲ ਪੰਜਾਬੀ ਪਾਰਟੀ ਤੋਂ ਮੁੜ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਬਣਨ ਦੀ ਕੋਸ਼ਿਸ਼ ਵਿੱਚ ਅਕਾਲ ਤਖਤ ਦੀ ਵਰਤੋ ਵੀ ਕਰ ਸਕਦਾ ਹੈ ਅਤੇ ਸਿੱਖਾਂ ਨਾਲ ਸਬੰਧਤ ਜ਼ਜ਼ਬਾਤੀ ਮਸਲੇ ਵੀ ਖੜੇ ਕਰ ਸਕਦਾ ਹੈ।
3. ਭਾਜਪਾ ਜੋ ਕੇਂਦਰ ਵਿੱਚ ਤਾਕਤ ਸੰਭਾਲ ਰਹੀ ਹੈ ਇਸ ਸਰਕਾਰ ਨੂੰ ਸਫਲ ਹੁੰਦਿਆਂ ਦੇਖਣਾ ਪਸੰਦ ਨਹੀਂ ਕਰੇਗੀ।ਭਾਜਪਾ ਦਾ ਹਿੰਦੁਤਵ ਦਾ ਪੈਂਤੜਾਂ ਆਮ ਆਦਮੀ ਪਾਰਟੀ ਦੇ ਲਾ ਦੀਨੀ ਜਾਂ ਧਰਮ ਨਿਰਪੱਖ ਪੈਂਤੜੇ ਨਾਲ ਮੇਲ ਨਹੀਂ ਖਾਂਦਾ।
4. ਖਾਲਸਤਾਨ ਦਾ ਭੂਤ ਫਿਰ ਤੋਂ ਪੈਦਾ ਕੀਤਾ ਜਾ ਸਕਦਾ ਹੈ।
5. ਅੱਤਵਾਦ ਦਾ ਮਸਲਾ ਫਿਰ ਤੋਂ ਖੜਾ ਕੀਤਾ ਜਾ ਸਕਦਾ ਹੈ।
6. ਪੰਜਾਬ ਅਤੇ ਦਿੱਲੀ ਦੇ ਹਿੱਤ ਪਾਣੀ ਬਿਜਲੀ ਦੇ ਮਸਲਿਆਂ ਵਿੱਚ ਆਪਸ ਵਿੱਚ ਟਕਰਾਉਂਦੇ ਨੇ।ਦੇਖਣ ਵਾਲੀ ਗੱਲ ਇਹ ਹੈ ਕਿ ਇਸ ਟਕਰਾ ਨੂੰ ਦੋਹਾਂ ਰਾਜਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕਿਵੇਂ ਸੁਲਝਾਉਂਣਗੀਆਂ।
ਕਾਮਯਾਬ ਪ੍ਰੋਫੈਸ਼ਨਲ ਉਹ ਹੁੰਦਾ ਹੈ ਜੋ ਆਪਣੀਆਂ ਕਮਜ਼ੋਰੀਆਂ ਨੂੰ ਤਾਕਤ ਵਿੱਚ ਬਦਲ ਲਏ ਅਤੇ ਉਸਦੇ ਰਾਹ ਵਿੱਚ ਜੋ ਖਤਰੇ ਦਰਪੇਸ਼ ਨੇ ਉਹਨਾਂ ਵਿਚੋਂ ਕਾਮਯਾਬੀ ਦੇ ਮੌਕੇ ਪੈਦਾ ਕਰੇ।ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਅਤੇ ਸਿਰ ਤੇ ਪੱਗ ਵੀ ਸ਼ਹੀਦ ਭਗਤ ਸਿੰਘ ਦੇ ਪਸੰਦੀਦਾ ਰੰਗ ਢੰਗ ਦੀ ਬੰਨਦਾ ਹੈ।ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਤਾਂ ਸਲਾਮ ਕਰਨੀ ਬਣਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਸ ਦੀ ਸੋਚ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਕਿਵੇਂ ਕਾਰਗਰ ਸਿੱਧ ਹੋਏਗੀ।ਅਸੀਂ ਸਭ ਜਾਣਦੇ ਹਾਂ ਕਿ ਭਗਤ ਸਿੰੰਘ ਲੈਨਿਨ ਅਤੇ ਮਾਰਕਸਵਾਦੀ ਵਿਚਾਰਧਾਰਾ ਤੋ ਮੁਤਾਸਿਰ ਸੀ।ਇਹ ਵਿਚਾਰਧਾਰਾ ਜਿਸ ਜਗ੍ਹਾ ਪੈਦਾ ਹੋਈ ਉਥੇ ਵੀ ਕੁਝ ਦੇਰ ਪਨਪਣ ਤੋ ਬਾਅਦ ਖਤਮ ਹੋ ਗਈ।ਲੈਨਿਨ ਦੇ ਬੁੱਤ ਉਸ ਦੇ ਦੇਸ਼ ਰੂਸ ਵਿੱਚ ਵੀ ਢਾਹ ਢੇਰੀ ਕਰ ਦਿੱਤੇ ਗਏ।ਸੋ ਭਗਤ ਸਿੰਘ ਤੋਂ ਦੇਸ਼ ਭਗਤੀ ਦਾ ਜਜਬਾ ਤਾਂ ਲਿਆ ਸਕਦਾ ਹੈ ਪਰ ਪੰਜਾਬ ਦੇ ਮਸਲੇ ਹਲ ਕਰਨ ਲਈ ਭਗਵੰਤ ਮਾਨ ਨੂੰ ਕਿਸੇ ਹੋਰ ਪਾਸੇ ਦੇਖਣਾ ਪਏਗਾ।ਅਗਰ ਮਸਲੇ ਹਲ ਨਹੀ ਹੁੰਦੇ ਤਾ ਲੋਕ ਇਹੀ ਸਮਝਣਗੇ ਕਿ ਜਿਵੇਂ ਬਾਕੀ ਪਾਰਟੀਆਂ ਧਰਮ ਜਾਂ ਜਾਤ ਦੇ ਨਾਂ ਤੇ ਵੋਟਾਂ ਵਟੋਰਦੀਆਂ ਨੇ, ਭਗਵੰਤ ਮਾਨ ਨੇ ਵੀ ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ ਵੱਟਿਆ ਹੈ।
ਸਿਡਨੀ ਅਸਟ੍ਰੇਲੀਆ
25 ਮਾਰਚ 2022