ਕਈ ਜਨਮ ਭਏ

ਕਈ ਜਨਮ ਭਏ

ਜਰਨੈਲ ਸਿੰਘ

http://www.understandingguru.com

ਗੁਰੂ ਗ੍ਰੰਥ ਸਾਹਿਬ ਦੇ ਪੰਨਾ 176 ਤੇ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ ਜਿਸ ਦੇ ਅਰਥ ਕਰਦਿਆਂ ਇਸ ਨੂੰ ਹਿੰਦੂ ਧਰਮ ਦੇ ਰਵਾਇਤੀ ਆਵਾਗਵਣ ਦੀ ਪ੍ਰੋੜਤਾ ਵਿੱਚ ਵਰਤਿਆ ਜਾਂਦਾ ਹੈ। ਆਓ ਇਸ ਸ਼ਬਦ ਦੀ ਵਿਚਾਰ ਕਰੀਏ ਤੇ ਸੱਚ ਜਾਨਣ ਦੀ ਕੋਸ਼ਿਸ਼ ਕਰੀਏ। ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਗਉੜੀ ਗੁਆਰੇਰੀ ਮਹਲਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ਕਈ ਜਨਮ ਸੈਲ ਗਿਰਿ ਕਰਿਆ ਕਈ ਜਨਮ ਗਰਭ ਹਿਰਿ ਖਰਿਆ ਕਈ ਜਨਮ ਸਾਖ ਕਰਿ ਉਪਾਇਆ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ਤਿਆਗਿ ਮਾਨੁ ਝੂਠੁ ਅਭਿਮਾਨੁ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ਅਵਰੁ ਦੂਜਾ ਕਰਣੈ ਜੋਗੁ ਤਾ ਮਿਲੀਐ ਜਾ ਲੈਹਿ ਮਿਲਾਇ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ {ਪੰਨਾ ੧੭੬}

ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਆਓ ਇੱਕ ਜਰੂਰੀ ਨੁਕਤਾ ਸਮਝੀਏ।ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਜਨਮ ਮੌਤ ਕਿਸ ਨੂੰ ਕਿਹਾ ਗਿਆ ਹੈ? ਇਸ ਨੁਕਤੇ ਦੀ ਸਮਝ ਪੈਣ ਤੇ ਗੁਰਬਾਣੀ ਦੇ ਅਰਥਾਂ ਦੇ ਕਈ ਹੋਰ ਭੁਲੇਖੇ ਵੀ ਦੂਰ ਹੋ ਜਾਂਦੇ ਨੇ।ਗੁਰਬਾਣੀ ਵਿੱਚ ਜਨਮ ਅਤੇ ਮੌਤ ਤਿੰਨ ਤਰ੍ਹਾਂ ਦੇ ਦੱਸੇ ਗਏ ਨੇ।

ਕੁਦਰਤੀ ਜਨਮ ਤੇ ਮੌਤ

ਜੰਮਣ ਮਰਣ ਦੀ ਉਹ ਕਿਰਿਆ ਜੋ ਦੁਨੀਆਂ ਵਿੱਚ ਪ੍ਰਤੱਖ ਹਰ ਪਲ ਹਰ ਵਕਤ ਵਰਤ ਰਹੀ ਏ।ਜੋ ਵੀ ਉਪਜਦਾ ਹੈ ਉਹ ਬਿਨਸਦਾ ਵੀ ਹੈ।ਇਸ ਵਿਧਾਨ ਤੋਂ ਕੋਈ ਨਹੀਂ ਬਚ ਸਕਦਾ ਚਾਹੇ ਉਹ ਆਮ ਇਨਸਾਨ ਹੈ ਜਾਂ ਕੋਈ ਖਾਸ।ਚਾਹੇ ਉਹ ਕੋਈ ਦੁਸ਼ਟ ਹੈ ਜਾਂ ਕੋਈ ਪੀਰ ਪੈਗੰਬਰ।ਗੁਰੂ ਸਹਿਬਾਨ ਵੀ ਇਸੇ ਵਿਧਾਨ ਅੰਦਰ ਜਨਮੇ ਤੇ ਮੌਤ ਨੂੰ ਪਿਆਰੇ ਹੋਏ।ਇਹ ਇੱਕ ਅਟੱਲ ਸਚਾਈ ਹੈ।ਇਸ ਧਰਤੀ ਤੇ ਜੋ ਵੀ ਜੀਵਨ ਹੈ ਉੁਹ ਕੁਝ ਤੱਤਾਂ ਦੇ ਜੋੜ ਤੋੜ ਨਾਲ ਬਣਦਾ ਹੈ।ਜੀਵਨ ਖਤਮ ਹੋਣ ਤੇ ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ ਇਹ ਤੱਤ ਮੁੜ ਧਰਤੀ ਵਿੱਚ ਸਮਾ ਕੇ ਫਿਰ ਤੋਂ ਕਿਸੇ ਹੋਰ ਨਵੇਂ ਜੀਵਨ ਦਾ ਹਿੱਸਾ ਬਣ ਜਾਂਦੇ ਨੇ।ਗੁਰ ਨਾਨਕ ਸਾਹਿਬ ਇਸ ਨੂੰ ਬਾਖੂਬੀ ਬਿਆਨ ਕਰਦੇ ਹੋਏ ਪੰਨਾ 1237 ਤੇ ਫੁਰਮਾਉਂਦੇ ਨੇ ਕਿ ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥ਜੀਵਿ ਜੀਵਿ ਮੁਏ ਮੁਏ ਜੀਵੇ॥”।ਇਹ ਕਰਤਾਰ ਦੀ ਅਨੋਖੀ ਖੇਡ ਹੈ ਜੋ ੳਸਦੇ ਹੁਕਮ ਤਹਿਤ ਵਰਤ ਰਹੀ ਹੈ।ਇਸ ਦਾ ਜ਼ਿਕਰ ਵਾਰ ਵਾਰ ਗੁਰਬਾਣੀ ਵਿੱਚ ਕੀਤਾ ਗਿਆ ਹੈ।ਮਿਸਾਲ ਦੇ ਤੌਰ ਤੇ:

     ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ॥ ਪੰਨਾ 579

     ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ॥ਪੰਨਾ 934

     ਖਿਨ ਮਹਿ ਢਾਹੇ ਫੇਰਿ ਉਸਾਰੇ॥ਪੰਨਾ 1034

     ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ॥ ਪੰਨਾ 1061      

     ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ਪੰਨਾ 1289

ਜਿਸ ਨੂੰ ਅਸੀਂ ਅਕਸਰ ਆਤਮਾ ਜਾਂ ਰੂ੍ਹ ਕਹਿੰਦੇ ਹਾਂ ਉਸ ਦਾ ਗੁਰਬਾਣੀ ਵਿੱਚ ਕੋਈ ਜ਼ਿਕਰ ਨਹੀਂ ਕੀਤਾ      ਗਿਆ।ਹਾਂ ਗੁਰਬਾਣੀ ਜੋਤ ਜਾਂ ਨੂਰ ਦੀ ਗੱਲ ਕਰਦੀ ਏ।ਪਰ ਇਸ ਨੂੰ ਆਤਮਾ ਸਮਝਣਾ ਗਲਤ ਹੋਏਗਾ।ਜੋਤ ਜਾਂ ਨੂਰ ਉਹ ਊਰਜਾ ਹੈ ਜੋ ਜੀਵਨ ਪੈਦਾ ਕਰਦੀ ਹੈ।ਜਿਵੇਂ ਬਾਣੀ ਅਨੰਦੁ ਵਿੱਚ ਹੀ ਕਿਹਾ ਗਿਆ ਹੈ ਕਿ:

ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥ {ਪੰਨਾ ੯੨੧}

ਇੱਕ ਗੱਲ ਇੱਥੇ ਕਾਬਲੇ ਗੌਰ ਹੈ ਕਿ ਇਹ ਜੋਤ ਪੂਰੀ ਸ੍ਰਿਸ਼ਟੀ ਦਾ ਮੂਲ਼ ਹੈ ਨ ਕਿ ਵੱਖਰੇ ਵੱਖਰੇ ਸਰੀਰਾਂ ਵਿੱਚ ਵਿਚਰਦੀ ਵੱਖ ਵੱਖ ਜੋਤ ਜਿਵੇਂ ਆਤਮਾ ਜਾਂ ਰੂਹ ਵਾਰੇ ਕਿਹਾ ਜਾਂਦਾ ਏ।ਇਸ ਜੋਤ ਅਤੇ ਬਾਕੀ ਤੱਤਾਂ ਵਿੱਚ ਕੋਈ ਫਰਕ ਨਹੀ ਹੈ।ਜਿਵੇਂ ਕਿ ਅੱਜ ਕਲ ਵਿਗਿਆਨ ਵੀ ਊਰਜਾ ਅਤੇ ਪਦਾਰਥ ਵਿੱਚ ਕੋਈ ਭੇਦ ਨਹੀਂ ਕਰਦਾ।ਇਸ ਕਰਕੇ ਜਦੋਂ ਗੁਰੂ ਸiਾਹਬ ਕਹਿੰਦੇ ਨੇ ਕਿ ਜੋਤੀ ਮਹਿ ਜੋਤਿ ਰਲਿ ਜਾਇਆ॥ ਤਾਂ ਇਸਦਾ ਮਤਲਬ ਸਰੀਰ ਚ ਬਲਦੀ ਊਰਜਾ ਦਾ ਬਾਕੀ ਸ੍ਰਿਸ਼ਟੀ ਦੀ ਊਰਜਾ ਨਾਲ ਮਿਲਣਾ ਹੈ।ਬਿਲਕੁਲ ਉਵੇਂ ਜਿਵੇਂ ਸਰੀਰ ਦੀ ਮਿੱਟੀ ਬਾਕੀ ਮਿੱਟੀ ਵਿੱਚ ਮਿਲ ਜਾਂਦੀ ਹੈ ਉਸੇ ਤਰ੍ਹਾਂ ਸਰੀਰ ਦੀ ਊਰਜਾ ਬਾਕੀ ਊਰਜਾ ਵਿੱਚ ਜਾ ਮਿਲਦੀ ਹੈ।

ਗੁਰਬਾਣੀ ਇਸ ਜਨਮ ਮੌਤ ਦਾ ਕਾਰਨ ਹਉਮੇ ਦੱਸਦੀ ਹੈ।“ਹਉਮੈ ਕਰਿ ਕਰਿ ਜੰਤ ਉਪਾਇਆ॥ ਪੰਨਾ 466 ।ਇਹ ਗੱਲ ਵਿਗਿਆਨ ਨਾਲ ਵੀ ਮੇਲ ਖਾਦੀ ਹੈ।ਡਾਰਵਿਨ ਦੇ ਕੁਦਰਤੀ ਵਿਕਾਸ ਦੇ ਸਿਧਾਂਤ ਅਨੁਸਾਰ ਇਹ ਜੀਣ ਦੀ ਜਦੋਜਹਿਦ ਹੈ ਅਤੇ ਇਸ ਜਦੋਜਹਿਦ ਦਾ ਸਰੋਤ ਵੀ ਜੀਵ ਦੀ ਹਉਮੇ ਹੀ ਹੈ।ਥੋੜਾ ਗੌਰ ਕੀਤਿਆਂ ਹੀ ਸਮਝ ਪੈ ਜਾਂਦੀ ਹੈ ਕਿ ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ ਉਹ ਛੋਟੀ ਨਜ਼ਰੇ ਤਾਂ ਮੌਤ ਲਗਦੀ ਹੈ ਪਰ ਜਰਾ ਦੂਰ ਦੇਖਿਆਂ ਪਤਾ ਲਗਦਾ ਹੈ ਕਿ ਇਹ ਮੌਤ ਤਾਂ ਦੂਸਰੇ ਜੀਵਨ ਵਿੱਚ ਹੀ ਤਬਦੀਲ ਹੋ ਰਹੀ ਹੈ।ਇਸੇ ਕਰਕੇ ਗੁਰਬਾਣੀ ਵਿੱਚ ਇਹ ਵੀ ਕਿਹਾ ਗਿਆ ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ਨਾ ਕੋਈ ਮਰੇ ਨਾ ਆਵੈ ਜਾਇਆ॥ ਪੰਨਾ 885

ਸੁਭਾਅ ਕਾਰਨ ਜਨਮ ਤੇ ਮੌਤ

ਦੂਸਰੇ ਕਿਸਮ ਦਾ ਜਨਮ ਮਰਣ ਹੈ ਜੀਉਂਦੇ ਜੀਅ ਹੀ ਆਪਣੀ ਕਰਤੂਤ ਕਾਰਨ ਕਿਸੇ ਹੋਰ ਜੂਨ ਜਾਂ ਜਨਮ ਦਾ ਸੁਭਾਅ ਅਪਨਾਉਣਾ।ਜਿਵੇਂ ਗੁਰਬਾਣੀ ਵਿੱਚ ਕਿਹਾ ਗਿਆ ਏ ਕਿ ਕਰਤੂਤਿ ਪਸੂ ਕੀ ਮਾਨਸ ਜਾਤਿ॥ (ਪੰਨਾ 267) ਅਤੇ ਗੁਰ ਮੰਤ੍ਰ ਹੀਣਸਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ਕੁਕਰਹ ਸੁਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥ ਪੰਨਾ 1356। ਜੋ ਗੁਰੂ ਦੀ ਸਿਖਿਆ ਤੋਂ ਸੱਖਣਾ ਰਹਿੰਦਾ ਹੈ ਉਹ ਬੰਦਾ ਆਪਣੀ ਕਰਤੂਤ ਕਰਕੇ ਕਦੇ ਕੁੱਤੇ ਦੀ ਜੂਨੇ, ਕਦੇ ਸੂਰ ਦੀ ਜੂਨੇ, ਕਦੇ ਗਧੇ ਦੀ ਜੂਨੇ,ਕਦੇ ਕਾਂ ਦੀ ਜੂਨੇ ਤੇ ਕਦੇ ਸੱਪ ਦੀ ਜੂਨੇ ਪੈ ਕੇ ਜੀਉਂਦਾ ਹੈ।ਦੇਖਣ ਨੂੰ ਉਹ ਬੰਦਾ ਹੀ ਲਗਦਾ ਏ ਪਰ ਉਸ ਦੇ ਕੰਮ ਕਾਰ ਦੂਸਰੀਆਂ ਜੂਨਾ ਵਾਲੇ ਹੁੰਦੇ ਨੇ।ਕਬੀਰ ਸਾਹਿਬ ਵੀ ਆਪਣੇ ਇੱਕ ਸਲੋਕ ਵਿੱਚ ਆਖਦੇ ਨੇ ਕਿ ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਹਿ ਜਗਾਵਨ ਜਾਇ॥ਸਰਪਨਿ ਹੋਇ ਕੈ ਅਉਤਰੈ ਜਾਏ ਆਪੁਨੇ ਖਾਇ ਪੰਨਾ 1356 ।ਇਸ ਆਵਾਗਵਣ ਦਾ ਕਾਰਨ ਬਿਬੇਕ ਬੁਧ ਜਾਂ ਗੁਰੂ ਦੀ ਸਿਖਿਆ ਤੋ ਦੂਰੀ ਜਾਂ ਅਣਹੋਂਦ ਹੈ।ਜਿਨ੍ਹਾਂ ਅਭਾਗੇ ਮਨਮੁਖ ਬੰਦਿਆਂ ਨੂੰ ਸਤਿਗੁਰ (ਗਿਆਨ) ਨਹੀਂ ਮਿਲਦਾ ਉਹ ਇਸ ਆਵਾਗਵਣ ਜਾਂ ਜਨਮ ਮਰਨ ਦੇ ਚੱਕਰ ਵਿੱਚ ਹਮੇਸ਼ਾਂ ਫਸੇ ਰਹਿੰਦੇ ਨੇ।ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤ ਪਉਦਾ ਜੀਉ॥ ਪੰਨਾ 95 ।ਅਸੀਂ ਅਕਸਰ ਦੇਖਦੇ ਹਾਂ ਕਿ ਅਜਿਹਾ ਮਨੁੱਖ ਦਿਨ ਵਿੱਚ ਵੀ ਕਈ ਤਰ੍ਹਾਂ ਦੇ ਜਨਮ ਧਾਰਦਾ ਏ।ਕਿਸੇ ਨਾਲ ਸਾਊ ਤੇ ਕਿਸੇ ਨਾਲ ਬਦਮਾਸ਼ ਬਣ ਜਾਂਦਾ ਏ।ਕਿਸੇ ਨੂੰ ਬਘਿਆੜ ਤੇ ਕਿਸੇ ਅਗੇ ਮਿਆਉਂ ਕਰਦਾ ਏ।ਕਿਸੇ ਨਾਲ ਚਲਾਕੀ ਤੇ ਕਿਸੇ ਤੋਂ ਧੋਖਾ ਖਾਂਦਾ ਹੈ।

ਗਿਆਨ ਕਾਰਨ ਜਨਮ ਤੇ ਮੌਤ

ਇੱਕ ਹੋਰ ਜੀਵਨ ਮੌਤ ਦੀ ਵੀ ਗੁਰਬਾਣੀ ਗੱਲ ਕਰਦੀ ਹੈ। ਉਹ ਹੈ ਜੀਉਂਦੇ ਜੀਅ ਗੁਰੂ ਦੇ ਸ਼ਬਦ ਤੇ ਮਰ ਕੇ ਜੀਣਾ ਭਾਵ ਆਪਣੀ ਮਤ ਛੱਡ ਗੁਰੂ ਦੀ ਮੱਤ ਨੂੰ ਅਪਨਾਉਣਾ।ਇਸ ਦਾ ਜ਼ਿਕਰ ਗੁਰੂ ਸਾਹਿਬ ਸੋ ਦਰੁ ਬਾਣੀ ਵਿੱਚ ਹੀ ਕਰ ਦਿੰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਆਖਾ ਜੀਵਾ ਵਿਸਰੈ ਮਰਿ ਜਾਉ॥ ਗਰਬਾਣੀ ਵਿੱਚ ਇਸ ਨੂੰ ਮਰਜੀਵੜਾ ਹੋਣਾ ਵੀ ਆਖਿਆ ਗਿਆ ਏ।ਜਿਸ ਨੂੰ ਦੁਨੀਆਂ ਜ਼ਿੰਦਗੀ ਆਖਦੀ ਏ ਉਹ ਦਰਅਸਲ ਸਾਡੀ ਮੌਤ ਹੈ।ਜਿਸ ਨੂੰ ਦੁਨੀਆਂ ਜ਼ਿੰਦਗੀ ਆਖਦੀ ਏ ਉਸ ਨੂੰ ਮਾਰ ਕੇ ਜੀੳਣਾ ਮਰਜੀਵਾ ਹੋਣਾ ਏ।ਗੁਰੂ ਸਾਹਿਬ ਇਸ ਨੁਕਤੇ ਨੂੰ ਹੋਰ ਵੀ ਖੋਲ ਕੇ ਸਮਝਾਉਂਦੇ ਨੇ ਕਿ ਕਿਉ ਕਿਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ॥ਕਹਿਆ ਸਬਦੁ ਮਾਨਈ ਹਉਮੈ ਛਡੈ ਕੋਇ॥ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ॥ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਲਾਗੈ ਕੋਇ॥ਪੰਨਾ 948 । ਇਸ ਨੂੰ ਗੁਰਬਾਣੀ ਵਿੱਚ ਸ਼ਬਦ ਕਮਾਉਣਾ ਵੀ ਕਿਹਾ ਗਿਆ ਹੈ।ਗੁਰੂ ਦਾ ਫੁਰਮਾਨ ਹੈ ਕਿ ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹੁੳਮੇ ਮੈਲ ਚੁਕਾਵਣਿਆ॥ ਪੰਨਾ 129 ।ਇਹ ਮੌਤ ਦਰਅਸਲ ਸਾਡੀ ਸਰੀਰਕ ਮੌਤ ਨਹੀਂ ਬਲਕਿ ਸਾਡੀ ਹਉਮੇ ਦੀ ਮੌਤ ਹੈ।ਇਸ ਮੌਤ ਨਾਲ ਅਸੀਂ ਮੌਤ ਤੋ ਪਰੇ ਚਲੇ ਜਾਂਦੇ ਹਾਂ ਅਤੇ ਸਾਡਾ ਉਹ ਆਵਾਗਵਨ ਜਿਸ ਵਿੱਚ ਅਸੀਂ ਆਪਣੇ ਸੁਭਾਅ ਕਾਰਨ ਹਰ ਰੋਜ਼ ਜੰਮਦੇ ਮਰਦੇ ਹਾਂ ਵੀ ਮਿਟ ਜਾਂਦਾ ਏ।ਇਸੇ ਆਵਾਗਵਣ ਵਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਆਵਾ ਗਵਨੁ ਮਿਟੈ ਪ੍ਰਭ ਸੇਵ॥ ਪੰਨਾ 288 ਅਤੇ ਇਸੇ ਨੂੰ ਭਵਜਲ ਤਰਨਾ ਵੀ ਕਿਹਾ ਗਿਆ ਏ ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ॥ ਪੰਨਾ 69 ।ਇਸ ਮੌਤ ਤੋਂ ਬਾਅਦ ਕੋਈ ਮੌਤ ਨਹੀਂ ਹੁੰਦੀ।ਗੁਰ ਫੁਰਮਾਨ ਹੈ ਕਿ ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਦੂਜੀ ਵਾਰ॥ ਪੰਨਾ 58 । ਇਸੇ ਕਰਕੇ ਇਸ ਨੂੰ ਹੀ ਮੁਕਤੀ ਕਿਹਾ ਗਿਆ ਹੈ।ਮੁਕਤੀ ਸਰੀਰਕ ਮੌਤ ਤੋਂ ਬਾਅਦ ਨਹੀ ਬਲਕਿ ਇਸ ਹਉਮੇ ਦੀ ਮੌਤ ਤੋਂ ਬਾਅਦ ਮਿਲਦੀ ਹੈ।“ਸਬਦਿ ਮਰੈ ਸੋਈ ਜਨੁ ਮੁਕਤਾ॥ ਪੰਨਾ 1063 ।ਇਹ ਮੌਤ ਦਰਅਸਲ ਅਨੰਦਮਈ ਜੀਵਨ ਹੈ ਸਬਦਿ ਮਰੈ ਸਹਿਲਾ ਜੀਵੈ ਸੋਇ॥“ ਪੰਨਾ 1344

ਸ਼ਬਦ ਦੇ ਅਰਥ

ਜਨਮ ਅਤੇ ਮੌਤ ਵਾਰੇ ਗੁਰਮਤ ਦਾ ਨਜ਼ਰੀਆ ਸਮਝਣ ਤੋਂ ਬਾਅਦ ਇਸ ਸ਼ਬਦ ਦੇ ਅਰਥ ਵੀ ਬੜੀ ਅਸਾਨੀ ਨਾਲ ਸਮਝ ਪੈ ਜਾਂਦੇ ਨੇ।ਸ਼ਬਦ ਦੀ ਰਹਾਓ ਵਾਲੀ ਤੁਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਬੜੀ ਦੇਰ ਬਾਅਦ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ।ਇਹੀ ਮੌਕਾ ਹੈ ਤੂੰ ਕਰਤੇ ਦੀ ਖੇਡ ਨੂੰ ਸਮਝ ਕੇ ਆਪਣੀ ਹਉਮੇਂ ਤੋਂ ਨਿਜਾਤ ਪਾ।ਗੌਰ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਇੱਥੇ ਲਫ਼ਜ਼ ਚਿਰੰਕਾਲ ਵਰਤਦੇ ਨੇ।ਅਗਰ ਹਿੰਦੂ ਧਰਮ ਵਾਲੇ ਰਵਾਇਤੀ ਆਵਾਗਵਣ ਜਾਂ ਪੁਨਰ ਜਨਮ ਦੀ ਗੱਲ ਹੁੰਦੀ ਤਾਂ ਇਹ ਲਫ਼ਜ਼ ਨਹੀ ਸੀ ਢੁਕਦਾ।ਉਸ ਅਨੁਸਾਰ ਤਾਂ   ਤਾਂ ਸਿਰਫ 49 ਦਿਨ ਦੱਸਦੇ ਨੇ ਤੇ ਕੋਈ ਸਿਰਫ 3 ਤੋਂ 12 ਸਾਲ ਤਕ ਦਾ ਸਮਾਂ। ਇਸ ਨੂੰ ਤਾਂ ਚਿਰੰਕਾਲ ਨਹੀ ਕਿਹਾ ਜਾ ਸਕਦਾ।ਸ਼ਬਦ ਦੇ ਪਹਿਲੇ ਦੋ ਬੰਦਾਂ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਾਡੇ ਸਰੀਰ ਦੇ ਤੱਤ, (ਕਾਰਬਨ, ਸੋਡੀਅਮ, ਪੁਟਾਸ਼ੀਅਮ ਆਦਿ) , ਮੁੜ ਕਦੋਂ ਜੁੜ ਕੇ ਮਨੁੱਖਾ ਸਰੀਰ ਬਣਦੇ ਨੇ ਕਿਹਾ ਨਹੀ ਜਾ ਸਕਦਾ।ਇਸ ਤੋਂ ਪਹਿਲਾਂ ਇਹ ਤੱਤ ਕੋਈ ਕੀੜਾ ਮਕੌੜਾ ਵੀ ਬਣ ਸਕਦੇ ਨੇ, ਪਾਣੀ ਵਿਚਲੀ ਮੱਛੀ ਜਾਂ ਕੋਈ ਹਿਰਨ ਜਾਂ ਹਾਥੀ ਜਾਂ ਫਿਰ ਸੱਪ, ਜਾਂ ਹਾਥੀ ਘੋੜਾ ਤੇ ਜਾਂ ਫਿਰ ਬਲਦ ਵੀ ਬਣ ਸਕਦੇ ਨੇ।ਕਦੇ ਇਹ ਤੱਤ ਪੱਥਰਾਂ ਪਹਾੜਾਂ ਦਾ ਹਿੱਸਾ ਬਣ ਜਾਂਦੇ ਨੇ।ਕਦੇ ਇਹ ਜਨਮ ਲੈਣ ਤੋਂ ਪਹਿਲਾ ਹੀ ਖਤਮ ਹੋ ਸਕਦੇ ਨੇ।ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਨਮ ਤੋਂ ਪਹਿਲਾਂ ਹੀ ਖਤਮ ਹੋਣ ਦੀ ਗੱਲ ਕਰਨਾਂ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਇੱਥੇ ਕਿਸ ਪੁਨਰ ਜਨਮ ਦੀ ਗੱਲ ਨਹੀਂ ਕਰ ਰਹੇ।ਕਦੇ ਇਹ ਤੱਤ ਕਿਸੇ ਰੁੱਖ ਤੇ ਟਹਿਕ ਸਕਦੇ ਨੇ।ਇਹ ਤੱਤ ਜਿਸ ਨੂੰ ਤੁਸੀਂ ਚੁਰਾਸੀ ਲੱਖ ਜੂਨਾਂ ਦੱਸਦੇ ਹੋ ਵਿਚੋਂ ਕਿਸੇ ਦਾ ਵੀ ਹਿੱਸਾ ਬਣ ਸਕਦੇ ਨੇ।

ਸ਼ਬਦ ਦੇ ਤੀਜੇ ਬੰਦ  ਦੇ ਸ਼ੁਰੂ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਸਾਧਸੰਗਤਿ ਭਇਓ ਜਨਮੁ ਪਰਾਪਤਿ॥। ਇਸ ਤੁਕ ਤੇ ਜਰਾ ਗੌਰ ਕਰਨ ਦੀ ਲੋੜ ਹੈ।ਗੁਰੂ ਸਾਹਿਬ ਕਹਿੰਦੇ ਨੇ ਕਿ ਤੈਨੂੰ ਚੰਗੀ ਸੰਗਤ ਦੀ ਬਦੌਲਤ ਇਹ ਜਨਮ ਭਾਵ ਮਨੁੱਖਾ ਜਨਮ ਮਿਲਿਆ ਹੈ।ਇਸ ਤੁਕ ਦੇ ਅਰਥ ਬਹੁਤੇ ਕਥਾ ਵਾਚਕਾਂ ਦੁਆਰਾ ਅਕਸਰ ਇਸ ਤਰ੍ਹਾਂ ਕੀਤੇ ਜਾਂਦੇ ਨੇ ਕਿ ਸਾਨੂੰ ਚੰਗੀ ਸੰਗਤ ਕਰਕੇ ਹੀ ਮਨੁੱਖਾ ਜਨਮ ਮਿਲਦਾ ਹੈ।ਪਰ ਇਹ ਸਾਧ ਸੰਗਤ ਜਾਂ ਚੰਗੀ ਸੰਗਤ ਤਾਂ ਮਨੁੱਖਾ ਜਨਮ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।ਕੋਈ ਕਾਂ ਜਾਂ ਗਧਾ ਤਾਂ ਸਾਧ ਸੰਗਤ ਨਹੀਂ ਕਰ ਸਕਦਾ।ਫਿਰ ਇਹ ਕਹਿਣਾ ਤਾਂ ਗਲਤ ਹੋਇਆ ਕਿ ਚੰਗੀ ਸੰਗਤ ਕਾਰਨ ਮਨੁੱਖਾ ਜਨਮ ਮਿਲਦਾ ਹੈ ਬਲਕਿ ਮਨੁੱਖਾ ਜਨਮ ਤੋਂ ਬਾਅਦ ਹੀ ਸਾਧ ਸੰਗਤ ਸੰਭਵ ਹੈ।ਅਗਰ ਮਨੁੱਖਾ ਜਨਮ ਤੋਂ ਬਾਅਦ ਸਾਧ ਸੰਗਤ ਮਿਲਦੀ ਹੈ ਤਾਂ ਇੱਥੇ ਕਿਸੇ ਹੋਰ ਜਨਮ ਦੀ ਗੱਲ ਹੋ ਰਹੀ ਹੈ।ਦਰਅਸਲ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਬੰਦਾ ਇਨਸਾਨ ਦੀ ਜੂਨ ਵਿੱਚ ਪੈਦਾ ਹੋਣ ਨਾਲ ਹੀ ਇਨਸਾਨ ਦੀ ਜੂਨ ਵਿੱਚ ਨਹੀਂ ਆਉਂਦਾ ਬਲਕਿ ਇਸ ਜੂਨ ਚ ਰਹਿੰਦਿਆਂ ਚੰਗੀ ਸੰਗਤ ਕਰ ਕੇ ਇਨਸਾਨ ਬਣਦਾ ਹੈ।ਵਰਨਾ ਅਗਰ ਕਰਤੁਤ ਪਸੂ ਵਾਲੀ ਰਹਿੰਦੀ ਹੈ ਤਾਂ ਸਰੀਰ ਬੇਸ਼ੱਕ ਮਨੁੱਖ ਦਾ ਹੋਏਗਾ ਪਰ ਸੁਭਾਅ ਵਲੋ ਬੰਦਾ ਪਸੂ ਹੀ ਰਹਿੰਦਾ ਹੈ।ਸੋ ਗੁਰੂ ਸਾਹਿਬ ਇੱਥੇ ਬੰਦੇ ਦੇ ਸੁਭਾਅ ਅਨੁਸਾਰ ਇਨਸਾਨ ਦੀ ਜੂਨੇ ਪੈਣ ਦੀ ਗੱਲ ਕਰ ਰਹੇ ਨੇ ਅਤੇ ਸਮਝਾਉਂਦੇ ਨੇ ਕਿ ਗੁਰੂ ਦੀ ਸਿਖਿਆ ਤੇ ਤੁਰਦੇ ਹੋਏ ਮਿਹਨਤ ਕਰੋ।ਝੂਠ ਨੂੰ ਤਿਆਗ, ਹਉਮੇ ਤੋਂ ਛੁਟਕਾਰਾ ਪਾਓ।ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਮਰਜੀਵੜਾ ਬਣੋ।ਆਪਣੀ ਮੱਤ ਤਿਆਗ ਤੇ ਗੁਰੂ ਦੀ ਮੱਤ ਅਪਣਾਓ।ਅਗਰ ਤੈਨੂੰ ਮਨੁੱਖ ਜਨਮ ਮਿਲ ਹੀ ਗਿਆ ਹੈ ਤਾਂ ਇਸ ਦਾ ਪੂਰਾ ਲਾਹ ਲੈ, ਚੰਗੇ ਬੰਦਿਆ ਦੀ ਸੰਗਤ ਵਿਚ ਰਹਿ ਕੇ ਬਿਬੇਕੀ ਬਣ।ਸ਼ਬਦ ਦੇ ਆਖਰੀ ਬੰਦ ਵਿੱਚ ਗੁਰੂ ਸਾਹਿਬ ਇਹ ਵੀ ਸਮਝਾ ਦਿੰਦੇ ਨੇ ਕਿ ਇਹ ਸੱਭ ਕਰਤੇ ਦੀ ਖੇਡ ਹੈ।ਜੋ ਕੁਝ ਵੀ ਹੈ ਉਹ ਹੀ ਕਰਦਾ ਏ।ਤੇਰੀ ਮਿਹਨਤ ਨੂੰ ਫਲ ਉਸ ਨੇ ਹੀ ਲਾਉਣਾ ਹੈ।ਅਗਰ ਤੇਰੀ ਮਿਹਨਤ ਉਸ ਨੂੰ ਪਸੰਦ ਆਈ ਤਾਂ ਹੀ ਤੂੰ ਮਰਜੀਵੜਾ ਬਣ ਜੀਵਨ ਮੁਕਤ ਹੋ ਸਕੇਂਗਾ।ਤੂੰ ਸਿਰਫ ਉਸ ਦੇ ਗੁਣਾਂ ਦੀ ਸੁਰ ਤਾਲ ਨੂੰ ਸਮਝ।

ਅਸੀਂ ਦੇਖਦੇ ਹਾਂ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਹਿੰਦੂ ਧਰਮ ਦੇ ਆਵਾਗਵਣ ਦੀ ਪ੍ਰੌੜਤਾ ਕਰਨ ਦੀ ਵਜਾਏ ਜਨਮ ਮੌਤ ਦੇ ਚੱਕਰ ਵਾਰੇ ਆਪਣੀ ਨਿਵੇਕਲੀ ਸੋਚ ਪੇਸ਼ ਕਰ ਰਹੇ ਨੇ।

ਸਿਡਨੀ ਅਸਟ੍ਰੇਲੀਆ

ਅਪਰੈਲ , 2022

2 thoughts on “ਕਈ ਜਨਮ ਭਏ

  1. ਸਤਿ ਸ੍ਰੀ ਅਕਾਲ ਜੀ। ਅਪਣੇ ਇਸ ਅਤੇ “ਆਵਾਗਵਣ” ਲੇਖ ਦੇ ਅਧਾਰ ਤੇ ਕ੍ਰਿਪਾ ਕਰਕੇ ‘ਸੁਖਮਨੀ ਸਾਹਿਬ’ ਦੀਆਂ ਹੇਠ ਲਿਖੀਆਂ ਤੁਕਾਂ ਦੇ ਭਾਵ-ਅਰਥ ਦੱਸਣਾ ਜੀ:

    • ਮਨ ਮੂਰਖ ਕਾਹੇ ਬਿਲਲਾਈਐ ॥
ਪੁਰਬ ਲਿਖੇ ਕਾ ਲਿਖਿਆ ਪਾਈਐ ॥

    • ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
ਪੁਰਬ ਲਿਖੇ ਕਾ ਲਹਣਾ ਪਾਹਿ ॥

    •ਤਿਹੁ ਗੁਣ ਮਹਿ ਜਾ ਕਉ ਭਰਮਾਏ ॥
ਜਨਮਿ ਮਰੈ ਫਿਰਿ ਆਵੈ ਜਾਏ ॥

    •ਆਵਨ ਜਾਨੁ ਇਕੁ ਖੇਲੁ ਬਨਾਇਆ ॥
ਆਗਿਆਕਾਰੀ ਕੀਨੀ ਮਾਇਆ ॥

    1. ਸ ਸੁਖਵਿੰਦਰ ਸਿੰਘ ਜੀ
      ਗੁਰ ਫਤਿਹ ਪਰਿਵਾਨ ਕਰਨਾ।
      ਤੁਸੀਂ ਸੁਖਮਨੀ ਸਾਹਿਬ ਦੀਆਂ ਜਿਨ੍ਹਾਂ ਚਾਰ ਤੁਕਾਂ ਦੇ ਭਾਵ ਅਰਥ ਪੁੱਛੇ ਨੇ, ਉਹ ਵੱਖ ਵੱਖ ਅਸ਼ਟਪਦੀਆਂ ਵਿੱਚੋਂ ਹਨ।ਪਹਿਲੀ ਤੁਕ ਪੰਦਰਵੀਂ ਅਸ਼ਟਪਦੀ ਦੇ ਚੌਥੇ ਪਦ ਵਿੱਚ ਆਉਂਦੀ ਹੈ।ਦੂਜੀ ਤੁਕ ਇਸੇ ਅਸ਼ਟਪਦੀ ਦੇ ਸਤਵੇਂ ਪਦ ਵਿੱਚ ਸ਼ੁਸ਼ੋਬਤ ਹੈ।ਤੀਸਰੀ ਤੁੱਕ ਸੋਲਵੀਂ ਅਸ਼ਟਪਦੀ ਦੇ ਤੀਜੇ ਪਦ ਵਿੱਚੌ ਹੈ ਅਤੇ ਚੌਥੀ ਤੁੱਕ ਤੇਈਵੀਂ ਅਸ਼ਟਪਦੀ ਦੇ ਛੇਵੇਂ ਪਦੇ ਵਿੱਚ ਆਉਂਦੀ ਹੈ।
      ਤੁਕਾਂ ਦੇ ਭਾਵ ਅਰਥ ਮੇਰੀ ਸਮਝ ਅਨੁਸਾਰ ਇਸ ਤਰ੍ਹਾਂ ਹਨ।
      ਮਨ ਮੂਰਖ ਕਾਹੇ ਬਿਲਲਾਈਐ॥ਪੁਰਬ ਲਿਖੈ ਕਾ ਲਿਖਿਆ ਪਾਈਐ॥
      ਹੇ ਮਨ ਤੂੰ ਕਿਉਂ ਵਿਲਕਦਾ ਹਾਂ।ਤੇਰੇ ਨਾਲ ਕੋਈ ਜ਼ਿਆਦਤੀ ਤਾਂ ਨਹੀਂ ਹੋਈ।ਤੂੰ ਆਪਣੇ ਕੀਤੇ ਦਾ ਹੀ ਫਲ ਪਾਇਆ ਹੈ।ਗੁਰਬਾਣੀ ਵਿੱਚ ਜਦੋਂ ਵੀ ਪੂਰਬ ਲਿਖਿਆ ਲਫ਼ਜ਼ ਆਉਦਾ ਹੈ ਤਾਂ ਇਸ ਦਾ ਭਾਵ ਅਸੀਂ ਅਕਸਰ ਅਖੌਤੀ ਪਿਛਲੇ ਜਨਮ ਦੇ ਕਰਮਾਂ ਦਾ ਫਲ ਮੰਨ ਲੈਂਦੇ ਹਾਂ ਜੋ ਸਹੀ ਨਹੀਂ ਹੈ।ਗੁਰਬਾਣੀ ਇਸ ਦਾ ਖੰਡਨ ਕਰਕੇ ਸਵਾਲ ਕਰਦੀ ਹੈ ਕਿ ਜਦੋਂ ਕੁਝ ਵੀ ਨਹੀਂ ਸੀ ਉਦੋਂ ਕਿਹੜੇ ਕਰਮਾਂ ਕਾਰਨ ਜੀਵ ਹੋਂਦ ਵਿੱਚ ਆਏ।ਖੈਰ ਮੇਰੀ ਗੱਲ ਜਾਂ ਹੋਰ ਕਿਸੇ ਨੂੰ ਵੀ ਮੰਨਣ ਦੀ ਵਜਾਏ ਆਪਣੀ ਖੁਦ ਦੀ ਜ਼ਿੰਦਗੀ ਵਲ ਤਕ ਅਸੀਂ ਇਹ ਸੱਚ ਜਾਣ ਸਕਦੇ ਹਾਂ ਕਿ ਪੁਰਬ ਲਿਖਿਆ ਸਾਡੇ ਇਸੇ ਜਨਮ ਦੇ ਕਰਮ ਨੇ।ਸਾਡੇ ਕਲ ਦੇ ਕਰਮ ਅਸੀੰ ਅੱਜ ਭੁਗਤ ਰਹੇਂ ਹਾਂ ਅਤੇ ਅੱਜ ਦੇ ਕਰਮਾਂ ਦਾ ਫਲ ਭਲਕ ਨੂੰ ਭੂਗਤਾਂਗੇ।
      ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ॥ਪੁਰਬ ਲਿਖੇ ਕਾ ਲਹਣਾ ਪਾਹਿ॥
      ਇਸ ਤੁਕ ਤੋਂ ਪਹਿਲੀ ਤੁਕ ਵਿੱਚ ਮੁਰਦੇ ਨੂੰ ਜੀਉਂਦੇ ਕਰਨ ਦੀ ਗੱਲ ਕੀਤੀ ਹੈ।ਇਸ ਦੁਨੀਆਂ ਵਿੱਚ ਕੋਈ ਸਰੀਰਕ ਤੌਰ ਤੇ ਮੁਰਦਾ ਤਾਂ ਕਦੀਂ ਜੀਉਂਦਾ ਨਹੀਂ ਹੋਇਆ।ਜਾਹਰ ਹੈ ਇਥੇ ਉਸ ਬੰਦੇ ਦੀ ਗੱਲ ਕੀਤੀ ਗਈ ਹੈ ਜੋ ਇਨਸਾਨ ਦੇ ਤੌਰ ਤੇ ਮਰ ਚੁੱਕਾ ਹੈ ਅਤੇ ਪਸ਼ੂ ਵਿਰਤੀ ਵਿੱਚ ਜੀਅ ਰਿਹਾ ਹੈ।ਸੋ ਇਸ ਤੁਕ ਵਿੱਚ ਵੀ ਜਿਸ ਖਜ਼ਾਨੇ ਦਾ ਜ਼ਿਕਰ ਹੈ ਉਹ ਪਸ਼ੂ ਤੋਂ ਇਨਸਾਨ ਬਣਨ ਦਾ ਗੁਣ ਪੈਦਾ ਹੋਣਾ ਹੀ ਹੈ।ਕਰਤਾਰ ਦੀ ਮਿਹਰ ਭਰੀ ਨਜ਼ਰ ਵਿੱਚ ਹੀ ਸਾਰੇ ਖਜ਼ਾਨੇ ਹਨ ਜੋ ਸਾਨੂੰ ਸਾਡੇ ਆਪਣੇ ਕੀਤੇ ਦੇ ਫਲ ਰੂਪ ਵਿੱਚ ਮਿਲਦੇ ਨੇ।ਯਾਦ ਰਹੇ ਕਿ ਇਸ ਪਦੇ ਦੇ ਆਖਰ ਵਿੱਚ ਜੋ ਨਿਰਮਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਉਹ ਹੀ ਮਿਰਤਕ ਦਾ ਜੀਉਂਦਾ ਹੋਣਾ ਹੈ।
      ਤਿਹ ਗੁਣ ਮਹਿ ਜਾ ਕਉ ਭਰਮਾਏ॥ਜਨਮਿ ਮਰੈ ਫਿਰਿ ਆਵੈ ਜਾਏ॥
      ਗੁਰਬਾਣੀ ਵਿੱਚ ਅਤੇ ਭਾਰਤੀ ਫਲਸਫੇ ਵਿੱਚ ਇਹ ਕਿਹਾ ਗਇਆ ਹੈ ਕਿ ਕਰਤਾਰ ਮਾਇਆ ਦੇ ਤਿੰਨ ਗੁਣਾਂ ਰਾਹੀਂ ਸ਼੍ਰਿਸ਼ਟੀ ਦੀ ਰਚਨਾ ਕਰ ਰਿਹਾ ਹੈ।ਇਹ ਤਿੰਨ ਗੁਣ ਰਜ, ਸਤ ਤੇ ਤਮ ਹਨ।ਇਹ ਗੁਣ ਮਿਲਕੇ ਹੳਮੇ ਦਾ ਬਾਇਸ ਬਣਦੇ ਨੇ॥ ਸਿਧਾਂ ਨਾਲ ਵਾਰਤਾਲਾਪ ਵਿੱਚ ਵੀ ਗੁਰੁ ਸਾਹਿਬ ਕਹਿੰਦੇ ਨੇ ਕੇ, “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)। ਇਹੀ ਗੱਲ ਇੱਥੇ ਕੀਤੀ ਗਈ ਹੈ।ਯਾਦ ਰਹੇ ਇਸ ਦੁਨੀਆਂ ਨੂੰ ਸੰਸਾਰ ਇਸੇ ਕਰਕੇ ਕਿਹਾ ਗਿਆ ਹੈ ਕਿ ਇੱਥੇ ਹਰ ਸ਼ੈ ਜਨਮ ਮਰਨ ਦੇ ਚੱਕਰ ਵਿੱਚ ਹੈ।ਮਾਇਆ ਦੇ ਤਿੰਨ ਗੁਣ ਇਸ ਚੱਕਰ ਨੂੰ ਚਲਾਉਂਦੇ ਨੇ।ਆਪਣੇ ਇਰਦ ਗਿਰਦ ਨਿਗ੍ਹਾ ਮਾਰ ਕੇ ਵੇਖੋ ਹਰ ਪਾਸੇ ਹਰ ਪਲ ਤੱਤਾਂ ਚੋਂ ਜੀਵਨ ਪੈਦਾ ਹੋ ਰਿਹਾ ਹੈ ਅਤੇ ਮਰਨ ਉਪਰੰਤ ਮੁੜ ਤੱਤਾਂ ਵਿੱਚ ਹੀ ਸਮਾ ਜਾਂਦਾ ਹੈ। ਮੁਕਤੀ ਦਾ ਰਾਹ ਚੌਥਾ ਪਦ ਜਾਂ ਤੁਰੀਆ ਅਵਸਥਾ ਨੂੰ ਮੰਨਿਆ ਹੈ।ਇਹ ਚੌਥਾ ਪਦ ਗਿਆਨ ਅਵਸਥਾ ਨੂੰ ਕਿਹਾ ਗਿਆ ਹੈ।ਗਿਆਨ ਸਦਕੇ ਤਿੰਨਾਂ ਗੁਣਾ ਦੀ ਸੋਝੀ ਹੋਣ ਤੇ ਬੰਦਾ ਇਹਨਾਂ ਤੋਂ ਉਪਰ ੳੱਠ ਜੀਵਨ ਮੁਕਤ ਹੋਕੇ ਜੀਉਂਦਾ ਹੈ।ਇਸੇ ਨੂੰ ਮਰਜੀਵੜਾ ਕਹਿੰਦੇ ਨੇ। ਜਦੋਂ ਜੀਵਨ ਹੀ ਨਹੀਂ ਤਾਂ ਮੌਤ ਦੀ ਹੋਂਦ ਵੀ ਖਤਮ ਹੋ ਜਾਂਦੀ ਹੈ। ਗੁਰਬਾਣੀ ਅਨੁਸਾਰ ਇਹ ਹੀ ਆਵਾਗਵਣ ਤੋਂ ਮੁਕਤੀ ਹੈ ਜੋ ਜੀਉਂਦੇ ਜੀਅ ਹੀ ਹਾਸਲ ਹੁੰਦੀ ਹੈ।
      ਆਵਨ ਜਾਨੁ ਇਕੁ ਖੇਲੁ ਬਨਾਇਆ॥ਆਗਿਆਕਾਰੀ ਕੀਨੀ ਮਾਇਆ॥
      ਇਸ ਸੰਸਾਰ ਵਿੱਚ ਜਨਮ ਤੇ ਮੌਤ ਦੀ ਇੱਕ ਖੇਡ ਵਰਤ ਰਹੀ ਹੈ।ਦਰਅਸਲ ਸੰਸਾਰ ਦੇ ਅੱਖਰੀ ਅਰਥ ਹੀ ਇਹ ਹਨ।ਹਰ ਪਲ ਕੁਝ ਜਨਮਦਾ ਹੈ ਤੇ ਮਰਦਾ ਹੈ।ਕਰਤਾਰ ਦੀ ਇਹ ਸੰਸਾਰ ਨੂੰ ਚਲਾਉਣ ਦੀ ਖੇਡ ਹੈ।ਇਹ ਖੇਡ ਮਾਇਆ ਦੇ ਤਿੰਨ ਗੁਣਾ ਜਰੀਏ ਵਰਤ ਰਹੀ ਹੈ ਜੋ ਕਰਤੇ ਦੇ ਹੁਕਮ ਅਧੀਨ ਹਨ।ਭਾਵ ਹਰ ਚੀਜ਼ ਨਿਰਧਾਰਿਤ ਨਿਯਮਾਂ ਥੱਲੇ ਚਲ ਰਹੀ ਹੈ।ਕਰਤਾ ਆਪ ਸਭ ਕੁਝ ਕਰਦਾ ਵੀ ਅਲੋਪ ਹੈ।ਕੁਦਰਤ ਦੇ ਨਿਯਮਾਂ ਤੋਂ ਉਲਟ ਨ ਕੋਈ ਜੰਮ ਸਕਦਾ ਹੈ ਅਤੇ ਨ ਹੀ ਮਰ ਸਕਦਾ ਹੈ।

      ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਉਪਰੋਕਿਤ ਸਤਰਾਂ ਵਿੱਚ ਮਿਲ ਗਿਆ ਹੋਵੇਗਾ।
      ਆਖਰ ਵਿੱਚ ਇੱਕ ਵਾਰ ਫਿਰ ਗੁਰ ਫਤਿਹ ਦੀ ਸਾਂਝ ਪਾਉਂਦਾ ਹੋਇਆ।
      ਆਪ ਜੀ ਦਾ ਸ਼ੁਭਚਿੰਤਕ
      ਜਰਨੈਲ ਸਿੰਘ
      ਸਿਡਨੀ ਅਸਟ੍ਰੇੁਲੀਆ
      ਦਸੰਬਰ 19, 2022

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s