ਐਸੀ ਚਿੰਤਾ ਮਹਿ ਜੇ ਮਰੈ
ਜਰਨੈਲ ਸਿੰਘ
http://www.understandingguru.com
ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਰਾਗ ਗੁਜਰੀ ਵਿੱਚ ਹੈ ਜਿਸ ਦੇ ਅਰਥ ਕਰਕੇ ਇਸ ਨੂੰ ਗੁਰਮਤਿ ਵਿਰੋਧੀ ਹੋਣ ਦਾ ਫਤਵਾ ਦਿੱਤਾ ਜਾਂਦਾ ਰਿਹਾ ਏ।ਇਸ ਫਤਵੇ ਦਾ ਪ੍ਰੋ ਸਾਹਿਬ ਸਿੰਘ ਨੇ ਆਪਣੇ ਸਟੀਕ ਵਿੱਚ ਬਾਖੂਬੀ ਜਵਾਬ ਵੀ ਦਿੱਤਾ ਏ।ਭਗਤ ਬਾਣੀ ਦੇ ਵਿਰੋਧੀਆਂ ਵਲੋਂ ਕਿਹਾ ਗਿਆ ਹੈ ਕਿ ਇਸ ਸ਼ਬਦ ਵਿੱਚ ਨਾ ਸਿਰਫ ਹਿੰਦੂ ਧਰਮ ਦੇ ਆਵਾਗਵਣ ਜਾਂ ਪੁਨਰ ਜਨਮ ਦੀ ਪ੍ਰੋੜਤਾ ਕੀਤੀ ਗਈ ਹੈ ਬਲਕਿ ਇਹ ਵੀ ਦੱਸਿਆ ਗਿਆ ਹੈ ਕਿ ਮਰਨ ਤੋਂ ਬਾਅਦ ਬੰਦਾ ਕਿਸ ਜੂਨ ਵਿੱਚ ਪੈਂਦਾ ਏ ਜੋ ਕਿ ਗੁਰਮਤਿ ਅਨੁਸਾਰ ਤਾਂ ਨ ਮੁਮਕਿਨ ਹੈ।ਜੋ ਲੋਕ ਇਸ ਨੂੰ ਗੁਰਮਤਿ ਵਿਰੋਧੀ ਦੱਸਦੇ ਨੇ ਉਹ ਇਹ ਇਤਰਾਜ਼ ਕਰਦੇ ਨੇ ਕਿ ਭਗਤ ਜੀ ਨੂੰ ਕਿਵੇਂ ਪਤਾ ਲਗਾ ਮਰਨ ਤੋਂ ਬਾਅਦ ਬੰਦਾ ਕਿਸ ਜੂਨ ਵਿੱਚ ਗਿਆ ਏ।ਪ੍ਰੋ ਸਾਹਿਬ ਸਿੰਘ ਨੇ ਇਸ ਗੱਲ ਦਾ ਤਾਂ ਬਾਖੂਬੀ ਖੰਡਨ ਕਰ ਕੇ ਇਹ ਸਮਝਾਇਆ ਹੈ ਕਿ ਭਗਤ ਜੀ ਦਰਅਸਲ ਇਹ ਨਹੀਂ ਦੱਸ ਰਹੇ ਕਿ ਮਰਨ ਤੋਂ ਬਾਅਦ ਕਿਹੜੀ ਜੂਨ ਮਿਲਦੀ ਏ।ਉਹ ਤਾਂ ਸਿਰਫ ਹਿੰਦੂ ਜਨਤਾ ਵਿੱਚ ਪ੍ਰਚਲਤ ਧਾਰਨਾਵਾਂ ਦਾ ਬਿਆਨ ਕਰ ਉਹਨਾਂ ਨੁੰ ਸਹੀ ਰਸਤਾ ਸਮਝਾ ਰਹੇ ਨੇ ਜੋ ਕਿ ਗੁਰਮਤਿ ਅਨੁਸਾਰੀ ਹੈ।ਪਰ ਪ੍ਰੋ ਸਾਹਿਬ ਸਿੰਘ ਪੁਨਰ ਜਨਮ ਵਾਰੇ ਚੁੱਪ ਨੇ।ਆਓ ਇਸ ਸ਼ਬਦ ਦੇ ਅਰਥ ਸਮਝ ਕੇ ਦੇਖੀਏ ਕੇ ਇਹ ਸ਼ਬਦ ਹਿੰਦੂ ਧਰਮ ਦੇ ਪੁਨਰ ਜਨਮ ਦੀ ਪ੍ਰੋੜਤਾ ਕਰਦਾ ਏ ਜਾਂ ਕਿਸੇ ਹੋਰ ਪੁਨਰ ਜਨਮ ਦੀ ਗੱਲ ਕਰਦਾ ਏ। ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।
ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ ੫੨੬}
ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਕੁਝ ਜਰੂਰੀ ਨੁਕਤੇ ਸਮਝਣ ਦੀ ਲੋੜ ਹੈ।
1.ਇਸ ਸ਼ਬਦ ਵਿੱਚ ਜਿਹਨਾਂ ਜੂਨਾਂ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਵਿੱਚ ਕੁਝ ਨੂੰ ਤਾਂ ਜੂਨ ਵੀ ਨਹੀਂ ਕਿਹਾ ਜਾ ਸਕਦਾ।ਜਿਵੇਂ ਵੇਸਵਾ ਤੇ ਪ੍ਰੇਤ।ਵੇਸਵਾ ਕੰਜਰੀ ਜਾਂ ਇਖਲਾਕ ਤੋਂ ਗਿਰੀ ਔਰਤ ਨੂੰ ਕਿਹਾ ਜਾਂਦਾ ਏ।ਜੂਨ ਤਾਂ ਔਰਤ ਹੋਈ ਫਿਰ ਭਗਤ ਜੀ ਵੇਸਵਾ ਦਾ ਜ਼ਿਕਰ ਕਿਉਂ ਕਰਦੇ ਨੇ।ਕੀ ਇਥੇ ਕਿਸੇ ਸੁਭਾਅ ਜਾਂ ਇਖਲਾਕ ਦੀ ਗਿਰਾਵਟ ਦੀ ਗੱਲ ਤਾਂ ਨਹੀਂ ਕੀਤੀ ਗਈ।ਇਸੇ ਤਰ੍ਹਾਂ ਪ੍ਰੇਤ ਕੋਈ ਜੂਨ ਨਹੀਂ ਬਲਕਿ ਕਿਸੇ ਮੁਰਦੇ ਜਾਂ ਜਿੰਨ ਭੁਤ ਨੂੰ ਕਹਿੰਦੇ ਨੇ।ਗੁਰੂ ਗ੍ਰੰਥ ਸਾਹਿਬ ਵਿੱਚ ਮਾਇਆ ਮੋਹ ਕਾਮ ਕਰੋਧ ਤੇ ਹੰਕਾਰ ਨੂੰ ਵੀ ਪ੍ਰੇਤ ਕਿਹਾ ਗਿਆ ਹੈ।“ਮਾਇਆ ਮੋਹੁ ਪਰੇਤੁ ਹੈ ਕਾਮੂ ਕ੍ਰੋਧੁ ਅਹੰਕਾਰਾ॥” ਪੰਨਾ 513 । ਕੀ ਇੱਥੇ ਵੀ ਇਹਨਾਂ ਵਲ ਇਸ਼ਾਰਾ ਤਾਂ ਨਹੀਂ।ਗੁਰ ਨਾਨਕ ਸਾਹਿਬ ਆਪਣੇ ਇੱਕ ਸਲੋਕ ਵਿੱਚ ਦੱਸਦੇ ਨੇ ਕਿ ਜਦੋਂ ਕਲਯੁਗ ਵਰਤ ਰਿਹਾ ਹੋਵੇ ਭਾਵ ਇਨਸਾਨ ਦੀ ਬਿਰਤੀ ਭੈੜੀ ਬਣ ਜਾਏ ਤਾਂ ਧੀ ਪੁੱਤ ਤੇ ਮਾਂ ਬਾਪ ਸਭ ਜਿੰਨ ਦਾ ਅਵਤਾਰ ਧਾਰ ਲੈਂਦੇ ਨੇ।“ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥” ਪੰਨਾ 556 ।
2.ਦੂਸਰਾ ਨੁਕਤਾ ਇਹ ਹੈ ਕਿ ਭਗਤ ਜੀ ਇੱਥੇ ਕਹਿ ਰਹੇ ਨੇ ਕਿ “ਵਲਿ ਵਲਿ ਅਉਤਰੈ” ਭਾਵ ਵਾਰ ਵਾਰ ਜਨਮ ਹੋ ਰਿਹਾ ਏ।ਅਗਰ ਇੱਥੇ ਪੁਨਰ ਜਨਮ ਦੀ ਗਲ ਹੁੰਦੀ ਤਾਂ ਸਿਰਫ ਇੱਕ ਵਾਰ ਜਨਮ ਦੀ ਗੱਲ ਹੋਣੀ ਸੀ ਕਿਉਂਕਿ ਦੂਜੀ ਵਾਰ ਤਾਂ ਪਤਾ ਨਹੀਂ ਕਰਮਾਂ ਅਨੁਸਾਰ ਕਿਹੜੀ ਹੋਰ ਜੂਨ ਵਿੱਚ ਜਾਣਾ ਏ।ਕੀ ਭਗਤ ਤ੍ਰਿਲੋਚਨ ਜੀ ਇੱਥੇ ਵੀ ਉਹਨਾਂ ਭਾਗਹੀਣਾ ਦੀ ਗੱਲ ਤਾਂ ਨਹੀਂ ਕਰ ਰਹੇ ਜਿਹਨਾਂ ਵਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ “ਮਨਮੁਖੁ ਗਰਭ ਜੂਨੀ ਨਿਤ ਪਉਦਾ ਜੀਉ॥”ਪੰਨਾ 95 । ਵਾਰ ਵਾਰ ਜਨਮ ਲੈਣਾ ਤਾਂ ਨਿੱਤ ਨਿੱਤ ਜੂਨੀ ਪੈਣਾ ਹੀ ਹੋਇਆ।
ਇਹਨਾਂ ਨੁਕਤਿਆਂ ਨੂੰ ਸਮਝਣ ਤੋਂ ਬਾਅਦ ਸ਼ਬਦ ਦੇ ਅਰਥ ਵੀ ਸਾਫ ਹੋ ਜਾਂਦੇ ਨੇ।ਇਸ ਸ਼ਬਦ ਵਿੱਚ ਭਗਤ ਤ੍ਰਿਲੋਚਨ ਜੀ ਉਹਨਾਂ ਬੰਦਿਆਂ ਨੂੰ ਸਿਖਿਆ ਦੇ ਰਹੇ ਨੇ ਜਿਹਨਾਂ ਦੀ ਜਾਤ ਤਾਂ ਇਨਸਾਨ ਦੀ ਏ ਪਰ ਕਰਤੂਤ ਪਸੂਆਂ ਵਾਲੀ ਏ।ਇਹੋ ਜਿਹੇ ਬੰਦਿਆਂ ਵਾਰੇ ਗੁਰ ਅਰਜਨ ਸਾਹਿਬ ਕਹਿੰਦੇ ਨੇ ਕਿ “ਗੁਰ ਮੰਤ੍ਰ ਹੀਣਸਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ਕੁਕਰਹ ਸੁਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥” ਪੰਨਾ 1356 । ਇਸੇ ਕਰਕੇ ਭਗਤ ਜੀ ਅਜਿਹੇ ਬੰਦਿਆਂ ਨੂੰ ਰਹਾਓ ਵਾਲੀ ਤੁਕ ਵਿੱਚ ਚਿਤਾਵਨੀ ਦੇਂਦੇ ਹੋਏ ਕਹਿੰਦੇ ਨੇ ਧਿਆਨ ਰੱਖੋ ਅਕਾਲ ਪੁਰਖ ਨੂੰ ਨ ਭੁੱਲ ਜਾਇਓ।ਰੱਬ ਦਾ ਭੁਲਣਾ ਗੁਰਮਤਿ ਵਿੱਚ ਮੌਤ ਮੰਨੀ ਗਈ ਏ।(ਆਖਾ ਜੀਵਾ ਵਿਸਰੈ ਮਰਿ ਜਾਉ॥) ਇਸ ਸਰੀਰਕ ਮੌਤ ਨਹੀ ਬਲਕਿ ਆਤਮਿਕ ਮੌਤ ਹੈ।ਭਗਤ ਤ੍ਰਿਲੋਚਨ ਜੀ ਵੀ ਇੱਥੇ ਅੰਤ ਕਾਲ ਆਤਮਿਕ ਮੌਤ ਨੂੰ ਹੀ ਕਹਿ ਰਹੇ ਨੇ।ਸਰੀਰਕ ਮੌਤ ਸਿਰਫ ਇੱਕ ਵਾਰ ਹੁੰਦੀ ਏ।ਆਤਮਿਕ ਮੌਤ ਹਰ ਰੋਜ਼ ਜਾਂ ਦਿਨ ਵਿੱਚ ਵੀ ਕਈ ਵਾਰ ਹੋ ਸਕਦੀ ਏ।ਇਸੇ ਕਰਕੇ ਭਗਤ ਜੀ “ਵਲਿ ਵਲਿ ਅਉਤਰੈ” ਕਹਿ ਰਹੇ ਨੇ।ਜੋ ਆਦਮੀ ਮਾਇਆ ਵਿੱਚ ਹੀ ਖਚਿਤ ਰਹਿੰਦਾ ਏ ਉਹ ਮਾਨੋ ਸੱਪ ਦੀ ਜੂਨ ਭੁਗਤ ਰਿਹਾ ਏ।ਯਾਦ ਰਹੇ “ਸਿਧ ਗੋਸਟਿ” ਵਿੱਚ ਗੁਰ ਨਾਨਕ ਸਾਹਿਬ ਵੀ ਮਾਇਆ ਜਾਂ ਲੱਛਮੀ ਨੂੰ ਸੱਪਣੀ ਆਖਦੇ ਨੇ।“ਦੁਰਮਤਿ ਬਾਧਾ ਸਰਪਨਿ ਖਾਧਾ॥”ਪੰਨਾ 939 ।ਸਵਾਲ ਕਰਨ ਵਾਲਾ ਜੋਗੀ ਵੀ ਮਾਇਆ ਨੂੰ ਸਪਣੀ ਹੀ ਆਖਦਾ ਹੈ ਜੋ ਇਸ ਗਲ ਦਾ ਸਬੂਤ ਹੈ ਕਿ ਮਾਇਆ ਨੂੰ ਇਸ ਤਸ਼ਬੀਹ ਜਾਂ ਉਪਮਾ ਨਾਲ ਪੁਕਾਰਨਾ ਕਾਫੀ ਪ੍ਰਚਲਤ ਸੀ।ਸ਼ਬਦ ਦੇ ਦੂਜੇ ਬੰਦ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਜੋ ਸ਼ਖਸ਼ ਹਮੇਸ਼ਾਂ ਅੋਰਤ ਜਾਂ ਕਾਮ ਵਾਸਨਾ ਵਾਰੇ ਹੀ ਸੋਚਦਾ ਰਹਿੰਦਾ ਹੈ ਉਸਦਾ ਇਖਲਾਕੀ ਕਿਰਾਦਾਰ ਮਰ ਜਾਂਦਾ ਏ ਤੇ ਉਹ ਇੱਕ ਵੇਸਵਾ ਦੀ ਨਿਆਂਈ ਜਿਉਂਦਾ ਹੇ।ਤੀਸਰੇ ਬੰਦ ਵਿੱਚ ਕਹਿ ਰਹੇ ਨੇ ਜੋ ਸ਼ਖਸ ਆਪਣੇ ਪਰਿਵਾਰ ਵਿੱਚ ਹੀ ਖਚਿਤ ਰਹਿੰਦਾ ਏ ਉਹ ਮਾਨੋ ਸੂਰ ਦੀ ਜ਼ਿੰਦਗੀ ਜੀ ਰਿਹਾ ਏ।ਭਗਤ ਜੀ ਇੱਥੇ ਪਰਿਵਾਰਿਕ iਜੰਦਗੀ ਦੀ ਅਲੋਚਨਾ ਨਹੀਂ ਕਰ ਰਹੇ ਬਲਕਿ ਪਰਿਵਾਰ ਨੂੰ ਹੀ ਪਰਮਾਰਥ ਸਮਝਣ ਤੋਂ ਵਰਜ ਰਹੇ ਨੇ।ਇਹ ਗੱਲ ਅਨੰਦ ਬਾਣੀ ਵਿੱਚ ਵੀ ਸਮਝਾਈ ਗਈ ਹੈ।“ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੈ॥” ਚੌਥੇ ਬੰਦ ਵਿੱਚ ਭਗਤ ਜੀ ਕਹਿੰਦੇ ਨੇ ਕਿ ਜੋ ਸ਼ਖਸ਼ ਹਮੇਸ਼ਾ ਮਹਿਲ ਮਾੜੀਆਂ ਜਾਂ ਜਾਇਦਾਦ ਵਾਰੇ ਸੋਚਦਾ ਹੈ ਉਹ ਮਾਨੋ ਮਰ ਗਿਆ ਤੇ ਉਹ ਆਪਣੇ ਜਿਸਮ ਦੇ ਖੰਡਰ ਵਿੱਚ ਭੁਤ ਪ੍ਰੇਤ ਦੀ ਤਰ੍ਹਾਂ ਰਹਿ ਰਿਹਾ ਏ।ਭੂਤਾਂ ਪਰੇਤਾਂ ਵਾਰੇ ਇਹ ਆਮ ਧਾਰਣਾ ਵੀ ਹੈ ਕਿ ਉਹ ਖੰਡਰਾਂ ਵਿੱਚ ਵਸਦੇ ਨੇ।ਸ਼ਬਦ ਦੇ ਆਖਰੀ ਬੰਦ ਵਿੱਚ ਗੁਰਮਤਿ ਦਾ ਨਜ਼ਰੀਆ ਪੇਸ਼ ਕਰਦੇ ਕਹਿੰਦੇ ਨੇ ਕਿ ਜੋ ਸ਼ਖਸ਼ ਗੁਰੂ ਗਿਆਨ ਤੇ ਮਰ ਮਿਟਦਾ ਏ ਉਹ ਸ਼ਖਸ ਅਸਲ ਵਿੱਚ ਜੀਉਂਦੇ ਜੀ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।ਗੁਰਬਾਣੀ ਵਿੱਚ ਅਜਿਹੀ ਮੁਕਤੀ ਦਾ ਬੇਅੰਤ ਵਾਰ ਜ਼ਿਕਰ ਆਇਆ ਹੈ।ਪੰਨਾ 374 ਤੇ ਕਿਹਾ ਗਿਆ ਹੈ ਕਿ “ਜੀਵਤ ਮੁਏ ਮੁਏ ਸੇ ਜੀਵੇ॥”ਇਹੀ ਗੱਲ ਭਗਤ ਜੀ ਕਹਿ ਰਹੇ ਨੇ।
ਉਪਰੋਕਿਤ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਸ਼ਬਦ ਜੀ ਕਿਸੇ ਪੁਨਰ ਜਨਮ ਦੀ ਪ੍ਰੌੜਤਾ ਨਹੀਂ ਕਰ ਰਰੇ ਬਲਕਿ ਗੁਰਮਤਿ ਵਿੱਚ ਜੋ “ਆਖਾ ਜੀਵਾ ਵਿਸਰੈ ਮਰਿ ਜਾਉ॥” ਦਾ ਸਿਧਾਂਤ ਹੈ ਉਸਦੀ ਪ੍ਰੋੜਤਾ ਕਰ ਰਹੇ ਨੇ।
ਅਪਰੈਲ 28, 2022
Thanks for sharing wisdom 🙏
We need more intellectuals like you.