ਸਿੱਖਾਂ ਦਾ ਧਰਮ ਪਰਿਵਰਤਨ

ਸਿੱਖਾਂ ਦਾ ਧਰਮ ਪਰਿਵਰਤਨ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਪਿੱਛੇ ਜਿਹੇ ਇੱਕ ਈਸਾਈ ਪਾਦਰੀ ਅੰਕੁਰ ਨਰੂਲਾ ਵਲੋਂ ਅੰਮ੍ਰਿਤਸਰ ਵਿਖੇ ਈਸਾਈ ਧਰਮ ਦੇ ਪ੍ਰਚਾਰ ਹਿੱਤ ਇੱਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਲੱਖਾਂ ਲੋਕਾਂ ਨੇ, ਜਿਸ ਵਿੱਚ ਬਹੁਤਾਤ ਦਲਿਤ ਸਿੱਖਾਂ ਦੱਸੇ ਜਾਂਦੇ ਨੇ, ਸ਼ਮੂਲੀਅਤ ਕੀਤੀ।ਇਸ ਕਾਰਨ ਇਸ ਦੀਵਾਨ ਨੇ ਸਿੱਖਾਂ ਵਿੱਚ ਕਾਫੀ ਬੇਚੈਨੀ ਪੈਦਾ ਕੀਤੀ। ਧਰਮ ਤਬਦੀਲੀ ਜਮਹੂਰੀ ਹੱਕ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਵੀ ਹੈ।ਵੈਸੇ ਸਿਧਾਂਤਿਕ ਤੌਰ ਤੇ ਧਰਮ ਤਬਦੀਲੀ ਇਨਸਾਨ ਦੇ ਵਿਚਾਰਾਂ ਦੀ ਤਬਦੀਲੀ ਹੀ ਹੈ।ਹਰ ਧਰਮ ਦਾ ਜਨਮ ਇਸ ਤਬਦੀਲੀ ਨਾਲ ਹੀ ਹੋਇਆ ਹੈ।ਆਉਣ ਵਾਲੇ ਸਮੇ ਵਿੱਚ ਵੀ ਇਹ ਵਰਤਾਰਾ ਜਾਰੀ ਰਹੇਗਾ।ਜੋ ਲੋਕ ਧਰਮ ਨੂੰ ਛੱਡ ਨਾਸਤਿਕ ਬਣਦੇ ਨੇ ਉਹ ਵੀ ਵੀਚਾਰਾਂ ਦੀ ਤਬਦੀਲ਼ੀ ਕਾਰਨ ਹੀ ਬਣਦੇ ਨੇ।ਸਿੱਖਾਂ ਦੀ ਇਸ ਬੇਚੈਨੀ ਨੂੰ ਦੋ ਪਹਿਲੂਆਂ ਤੋਂ ਵੀਚਾਰਿਆ ਜਾ ਸਕਦਾ ਹੈ।

ਕਾਰਨ

ਇਹ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਦਲਿਤ ਸਿੱਖ ਹੀ ਆਪਣਾ ਧਰਮ ਤਿਆਗ ਰਹੇ ਨੇ ਅਤੇ ਇਸ ਧਰਮ ਪਰਿਵਰਤਨ ਦੇ ਮੁਖ ਕਾਰਨ ਇਹ ਦੱਸੇ ਜਾਂਦੇ ਨੇ।

•      ਧਰਮ ਤਬਦੀਲੀ ਲਈ ਦਿੱਤੇ ਜਾਂਦੇ ਲਾਲਚ।

•      ਕਰਾਮਾਤਾਂ ਨਾਲ ਭਰਮਾਉਣਾ।

•      ਦਲਿਤ ਸਿੱਖਾਂ ਨਾਲ ਹੋ ਰਿਹਾ ਵਿਤਕਰਾ।

ਇੱਕ ਸਵਾਲ ਉੱਠਦਾ ਹੈ।ਕੀ ਅਗਰ ਈਸਾਈ ਧਰਮ ਦੀ ਵਜਾਏ ਇਹ ਹਿੰਦੂ ਧਰਮ ਦਾ ਕੋਈ ਸਮਾਗਮ ਹੁੰਦਾ ਤਾਂ ਕੀ ਫਿਰ ਵੀ ਸਿੱਖ  ਇਸ ਤਰ੍ਹਾਂ ਹੀ ਚਿੰਤਤ ਹੁੰਦੇ। ਇਸ ਦਾ ਜਵਾਬ ਨਾਂਹ ਵਿੱਚ ਹੀ ਹੋਣਾ ਹੈ।ਕਿਉਂਕਿ ਸਿੱਖਾਂ ਦਾ ਹਿੰਦੂਕਰਣ ਤਾਂ ਬਹਤ ਦੇਰ ਤੋਂ ਹੋ ਰਿਹਾ ਹੈ।ਇਹ ਵੀ ਦਲਿਤ ਸਿੱਖਾਂ ਨਾਲ ਇੱਕ ਵਿਤਕਰਾ ਹੀ ਹੈ ਕਿ ਜਦੋਂ ਬ੍ਰਾਹਮਣ ਅਤੇ ਖੱਤਰੀ ਸਿੱਖੀ ਛੱਡ ਹਿੰਦੂ ਬਣਦੇ ਨੇ ਉਦੋਂ ਕੋਈ ਰੌਲਾ ਨਹੀਂ ਪੈਂਦਾ ਪਰ ਦਲਿਤਾਂ ਵਾਰੀ ਸਾਰੇ ਰੌਲਾ ਪਾਂਦੇ ਨੇ।ਬ੍ਰਾਹਮਣ ਤਾਂ ਬਹੁਤ ਪਹਿਲਾਂ ਹੀ ਹਿੰਦੂ ਧਰਮ ਵਿੱਚ ਵਾਪਸ ਜਾ ਚੁੱਕੇ ਨੇ ਅਤੇ ਖੱਤਰੀ ਵੀ ਹੌਲ਼ੀ ਹੌਲੀ ਸਿੱਖੀ ਛੱਡ ਰਹੇ ਨੇ ਕਿਉਂਕਿ ਅਜੋਕੀ ਸਿੱਖੀ ਅਤੇ ਹਿੰਦੂ ਧਰਮ ਵਿੱਚ ਕੋਈ ਫਰਕ ਵੀ ਨਹੀਂ ਰਿਹਾ। ਵੈਸੇ ਸਿੱਖ ਇਸ ਹਿੰਦੂਕਰਣ ਦੇ ਆਦੀ ਵੀ ਹੋ ਗਏ ਨੇ।ਜਲੰਧਰ ਜ਼ਿਲੇ ਵਿੱਚ ਹੀ ਆਸ਼ੂਤੋਸ਼ ਨੇ ਆਪਣਾ ਡੇਰਾ ਖੋਲ ਰੱਖਿਆ ਹੈ।ਉਸ ਵਾਰੇ ਤਾਂ ਏਨਾ ਰੋਲ਼ ਰੱਪਾ ਨਹੀ ਪਿਆ।ਪੰਜਾਬ ਵਿੱਚ ਜਿੰਨੇ ਵੀ ਛੋਟੇ ਵੱਡੇ ਡੇਰੇ ਨੇ ਸਭ ਸਿੱਖਾ ਨੂੰ ਹਿੰਦੂ ਬਣਾ ਰਹੇ ਨੇ।ਅਸੀੰ ਭਾਵੇਂ ਮੰਨੀਏ ਜਾਂ ਨਾ ਮੰਨੀਏ ਅੱਜ 99% ਸਿੱਖ ਕਰਾਮਾਤਾਂ ਵਿੱਚ ਯਕੀਨ ਕਰਦੇ ਨੇ, ਸਵਰਗ ਨਰਕ ਨੂੰ ਮੰਨਦੇ ਨੇ, ਪੁਨਰ ਜਨਮ ਵਿੱਚ ਯਕੀਨ ਕਰਦੇ ਨੇ, ਹਰ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ, ਦੇਹਧਾਰੀ ਗੁਰੁ ਨੂੰ ਮੰਨਦੇ ਨੇ।ਇਹਨਾਂ ਸਾਧਾਂ ਨੇ ਦੋ ਸਦੀਆਂ ਤੋਂ ਵੱਧ ਸਮਾ ਲਾ ਕੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਇੱਕ ਐਸੇ ਚੁਰਾਹੇ ਤੇ ਲਿਆ ਖੜਾ ਕੀਤਾ ਜਿਥੋਂ ਕੋਈ ਰਾਧਾ ਸੁਆਮੀ ਬਣ ਰਿਹਾ, ਕੋਈ ਰਾਮ ਰਹੀਮ ਦਾ ਚੇਲਾ ਬਣ ਰਿਹਾ, ਕੋਈ ਈਸਾਈ ਬਣ ਰਿਹਾ।ਦਰਅਸਲ ਗੁਰੂ ਨਾਲੋਂ ਟੁੱਟਣਾ ਹੀ ਇਸ ਧਰਮ ਪਰਿਵਰਤਨ ਅਤੇ ਬੇਚੈਨੀ ਦਾ ਅਸਲ ਕਾਰਨ ਹੈ।ਅਣਗਿਣਤ ਉੱਚ ਜਾਤੀ ਦੇ ਅਮੀਰ ਸਿੱਖ ਹਿੰਦੂ ਬਣ ਚੁੱਕੇ ਨੇ।ਉਹਨਾਂ ਨੂੰ ਤਾਂ ਕਿਸੇ ਨੇ ਲਾਲਚ ਨਹੀਂ ਦਿੱਤਾ।

ਇਲਾਜ਼

ਅਗਰ ਕਾਰਨ ਲਾਲਚ, ਵਿਤਕਰਾ ਜਾਂ ਕਰਾਮਾਤਾਂ ਹੀ ਹਨ ਤਾਂ ਇਹਨਾ ਕਾਰਨਾਂ ਦਾ ਇਲਾਜ਼ ਸੌਖਿਆਂ ਹੀ ਸਿੱਖ ਵਿਚਾਰਧਾਰਾ ਨਾਲ ਕੀਤਾ ਜਾ ਸਕਦਾ ਹੈ ।ਅਗਰ ਇਲਾਜ਼ ਸੰਭਵ ਹੈ ਤਾਂ ਸਿੱਖ ਬੇਚੈਨ ਕਿਉਂ ਨੇ? ਅਗਰ ਇਲਾਜ਼ ਸੰਭਵ ਨਹੀ ਹੈ ਤਾਂ ਫਿਰ ਸਿੱਖ iਸੱਖ ਕਿਵੇ ਹੋਏ।ਕਿਉਂਕਿ ਸਿੱਖੀ ਵਿਤਕਰਾ ਨਹੀ ਸਿਖਾਉਂਦੀ ਅਤੇ ਵੰਡ ਛਕਣ ਦਾ ਵੀ ਹੁਕਮ ਦਿੰਦੀ ਹੈ।ਸਿੱਖੀ ਕਰਮਾਤਾਂ ਨੂੰ ਵੀ ਮੁੱਢੋਂ ਨਕਾਰਦੀ ਹੈ।ਪਰ ਅਗਰ ਅਸਲ ਕਾਰਨ ਗੁਰੁ ਨਾਲੋਂ ਟੁਟਣਾ ਹੈ ਤਾਂ ਇਲਾਜ਼ ਵੀ ਗੁਰੁ ਨਾਲ ਜੁੜਣਾ ਹੀ ਹੋਏਗਾ। ਇਹ ਗਲ ਕਹਿਣੀ ਸੌਖੀ ਏ ਪਰ ਕਰਨੀ ਬਹੁਤ ਹੀ ਔਖੀ ਏ।ਗੁਰੁ ਨਾਲੋਂ ਟੁਟਣ ਦੇ ਕਾਰਨ ਲੱਭਣੇ ਹੋਣ ਤਾਂ ਇਹ ਨੇ।

•      ਸਿੱਖੀ ਦਾ ਸੋਮਾ ਗੁਰੁ ਗਰੰਥ ਸਾਹਿਬ ਨੇ।ਡੇਰਿਆਂ ਵਲੋਂ ਆਮ ਸਿੱਖ ਵਿੱਚ ਇਹ ਡਰ ਪੈਦਾ ਕੀਤਾ ਗਿਆ ਹੈ ਕਿ ਉਹ ਗੁਰੁ ਗਰੰਥ ਸਾਹਿਬ ਨੂੰ ਪੜ੍ਹਨਗੇ ਤਾਂ ਬੇਅਦਬੀ ਹੋ ਸਕਦੀ ਹੈ ਜਿਸਦਾ ਬਹੁਤ ਪਾਪ ਲੱਗੇਗਾ।ਆਮ ਸਿਖ ਨੂੰ ਗੁਰੁ ਤੋਂ ਡਰਾ ਕੇ ਦੂਰ ਭਜਾ ਦਿੱਤਾ ਗਿਆ।

•      ਪੰਜਾਬੀ ਵਾਰੇ ਇਹ ਭੰਡੀ ਪ੍ਰਚਾਰ ਕੀਤਾ ਗਿਆ ਕਿ ਇਹ ਅਨਪੜ, ਪੈਂਡੂ ਅਤੇ ਗਵਾਰ ਲੋਕਾਂ ਦੀ ਬੋਲੀ ਹੈ।ਇਸ ਨਾਲ ਪੰਜਾਬੀ ਬੋਲੀ ਦਾ ਗਿਆਨ ਲੋਕਾਂ ਵਿੱਚ ਘਟਦਾ ਗਿਆ ਜਿਸ ਕਾਰਨ ਅਗਰ ਕੋਈ ਸਿੱਖ ਗੁਰੁ  ਗ੍ਰੰਥ ਸਾਹਿਬ ਨੂੰ ਪੜਦਾ ਵੀ ਹੈ ਤਾਂ ਵੀ ਉਸਨੁੰ ਵੀ ਸਮਝਣ ਵਿੱਚ ਮੁਸ਼ਕਿਲ ਆਉਣੀ ਸ਼ੁਰੂ ਹੋ ਗਈ।

•      ਸਮੇਂ ਦਾ ਗੇੜ ਕੁਝ ਅਜਿਹਾ ਚੱਲਿਆ ਕਿ ਸਾਡੇ ਵਿਦਿਅਕ ਢਾਂਚੇ ਵਿਚੋਂ ਅਰਬੀ, ਫਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਅਲੋਪ ਹੋ ਗਈਆਂ।ਇਹਨਾਂ ਭਾਸ਼ਾਂਵਾਂ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਸਹਾਈ ਹੁੰਦਾ ਸੀ ਕਿਉਂਕਿ ਇਹਨਾਂ ਭਾਸ਼ਾਵਾਂ ਦਾ ਪੰਜਾਬੀ ਬੋਲੀ ਅਤੇ ਸੱਭਿਆਚਾਰ ਤੇ ਬਹੁਤ ਗਹਿਰਾ ਅਸਰ ਹੈ।

•      ਬਹੁਤੇ ਸਿੱਖ ਪ੍ਰਵਾਸ ਕਰਕੇ ਪੰਜਾਬ ਛੱਡ ਗਏ ਨੇ।ਉਹਨਾਂ ਦੇ ਬੱਚੇ ਮਜਬੂਰਨ ਪੰਜਾਬੀ ਬੋਲੀ ਦੇ ਗਿਆਨ ਤੋਂ ਸੱਖਣੇ ਰਹਿ ਗਏ ਨੇ।ਉਹਨਾਂ ਨੂੰ ਜੋ ਦੱਸਿਆ ਜਾਂਦਾ ਉਹ ਉਹੀ ਸਿੱਖੀ ਸਮਝਦੇ ਨੇ।

ਫਿਰ ਕੀ ਕੀਤਾ ਜਾਵੇ? ਅੱਜ ਹਾਲ ਇਹ ਹੈ ਕਿ 99% ਪ੍ਰਚਾਰਕ ਉਹਨਾਂ ਡੇਰਿਆਂ ਤੋਂ ਹੀ ਸਿੱਖ ਕੇ ਆਉਂਦੇ ਨੇ ਜਿਹਨਾਂ ਦਾ ਗੁਝਾ ਮੰਤਵ ਸਿੱਖ ਨੂੰ ਗੁਰੂ ਨਾਲੋਂ ਤੋੜ ਆਪਣੇ ਨਾਲ ਜੋੜਨਾ ਹੈ।ਸ਼੍ਰੋਮਣੀ ਕਮੇਟੀ ਸਮੇਤ ਸਿੱਖਾਂ ਦੀਆ ਸਾਰੀਆਂ ਸੰਸਥਾਵਾਂ ਤੇ ਇਹਨਾਂ ਦਾ ਹੀ ਕਬਜ਼ਾ ਹੈ।ਸੋ ਅਸੀਂ ਇਹਨਾਂ ਤੋਂ ਆਸ ਨਹੀ ਕਰ ਸਕਦੇ ਕਿ ਇਹ ਸਿੱਖ ਨੂੰ ਗੁਰੁ ਨਾਲ ਜੋੜਨਗੇ।ਸਾਨੂੰ ਹੇਠ ਲਿਖੇ ਕਦਮ ਚੁਕਣੇ ਚਾਹੀਦੇ ਨੇ।

1.      ਗੁਰੁ ਗ੍ਰੰਥ ਸਾਹਿਬ ਸਾਨੂੰ ਬਿਬੇਕੀ ਤੇ ਤਰਕਸ਼ੀਲ ਬਣਾਉਂਦੇ ਨੇ।ਇਸ ਕਰਕੇ ਸਾਨੂੰ ਵਿਗਿਆਨ ਦੀ ਸਿਖਿਆ ਤੇ ਜ਼ੋਰ ਦੇਣਾ ਚਾਹੀਦਾ ਹੈ।ਇਹ ਸਾਡੇ ਲਈ ਸਹਾਈ ਹੋ ਸਕਦਾ ਹੈ।ਵਿਗਿਆਨ ਦੀ ਸਿਖਿਆ ਪ੍ਰਾਪਿਤ ਇਨਸਾਨ ਬਿਬੇਕੀ ਬਣਦਾ ਹੈ ਉਹ ਫਿਰ ਕਿਸੇ ਵੀ ਡੇਰੇ ਜਾਂ ਈਸਈ ਜਾਂ ਹੋਰ ਕਿਸੇ ਵੀ ਧਰਮ ਦੀਆ ਕਰਾਮਾਤਾਂ ਜਾਂ ਕਰਮ ਕਾਂਢ ਤੋਂ ਪ੍ਰਭਾਵਤ ਨਹੀਂ ਹੋਏਗਾ।

2.     ਇਸ ਦੇ ਨਾਲ ਹੀ ਸਾਨੂੰ ਗੁਰੁ ਗ੍ਰੰਥ ਸਾਹਿਬ ਦੇ ਬਿਬੇਕ ਪੂਰਨ ਗਿਆਨ ਨੂੰ ਦੁਨੀਆਂ ਅੱਗੇ ਪੇਸ਼ ਕਰਨਾ ਚਾਹੀਦਾ ਹੈ।ਵਿਗਿਆਨ ਦੀ ਸਿਖਿਆ ਪ੍ਰਾਪਤ ਸ਼ਖਸ ਸੁਤੇ ਸਿਧ ਹੀ ਗੁਰੁ ਸਾਹਿਬ ਦੀ ਬਿਬੇਕੀ ਸਿਖਿਆ ਵਲ ਆਪਣੇ ਆਪ ਖਿਚਿਆ ਜਾਵੇਗਾ।ਇਸ ਤਰ੍ਹਾਂ ਬੁਧ ਧਰਮ ਦੀ ਤਰ੍ਹਾਂ ਸਿਖ ਧਰਮ ਵੀ ਵਿਗਿਆਨੀਆ ਦਾ ਚਹੇਤਾ ਧਰਮ ਬਣ ਸਕਦਾ ਹੈ।

3.      ਪ੍ਰੋ ਸਾਹਿਬ ਸਿੰਘ ਦਾ ਕੀਤਾ ਕੰਮ ਅੱਗੇ ਤੋਰਨ ਦੀ ਲੋੜ ਹੈ।ਗੁਰੁ ਗ੍ਰੰਥ ਸਾਹਿਬ ਦੇ ਬਿਬੇਕੀ ਅਤੇ ਤਰਕ ਸੰਗਤ ਅਰਥਾਂ ਵਾਲੇ ਟੀਕੇ ਬਣਨੇ ਚਾਹੀਦੇ ਨੇ।

4.      ਗੁਰੁ ਗਰੰਥ ਸਾਹਿਬ ਦੇ ਅੰਗਰੇਜ਼ੀ ਵਿੱਚ ਸਹੀ ਅਨੁਵਾਦ ਦੀ ਬਹੁਤ ਲੋੜ ਹੈ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਸਿੱਖ ਅਤੇ ਬਾਕੀ ਦੁਨੀਆਂ ਇਸ ਨੂੰ ਸਮਝ ਅਤੇ ਅਪਣਾ ਸਕਣ।

ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੇ ਵੀ ਗਰੀਬੀ ਕਾਰਣ ਸਿੱਖੀ ਨਹੀਂ ਛੱਡੀ।ਨਾਂ ਹੀ ਜੁਲਮ ਤੋਂ ਡਰ ਕੇ ਸਿੱਖੀ ਤਿਆਗੀ।ਉਸਦੀ ਵਜਾ ਇਹ ਹੀ ਸੀ ਕਿ ਉਹ ਬਿਬੇਕੀ ਸਿੱਖ ਸਨ, ਗੁਰੁ ਨਾਲ ਜੁੜੇ ਹੋਏ ਸਨ।ਸਿੱਖ ਦਾ ਗੁਰੂ ਵੀ ਬਿਬੇਕ ਹੈ ਅਤੇ ਉਸਦੀ ਬਿਰਤੀ ਵੀ ਬਿਬੇਕ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਸਿੱਖ ਹੀ ਨਹੀ ਬਣ ਸਕਦਾ।ਪਰ ਸਿੱਖ ਸਿੱਖੀ ਨੂੰ ਤਾਂ ਗੁਰੁ ਗਰੰਥ ਸਾਹਿਬ ਤੋਂ ਬਾਹਰ ਲੱਭ ਰਹੇ ਨੇ।ਬਾਹਰ ਉਹਨਾਂ ਨੂੰ ਪਹਿਲਾ ਸਬਕ ਹੀ ਬਿਬੇਕ ਅਤੇ ਤਰਕ ਤਿਆਗ ਕੇ ਅੰਨ੍ਹੀ ਸ਼ਰਧਾ ਦਾ ਪੱਲਾ ਫੜਨ ਵਾਲਾ ਦਿੱਤਾ ਜਾਂਦਾ ਹੈ।ਜਦ ਕਿ ਗੁਰੁ ਦਾ ਫੁਰਮਾਨ ਹੈ ਕਿ “ਬੁਝੇ ਦੇਖੈ ਕਰੈ ਬਿਬੇਕ॥” ਬਸ ਇਹੀ ਕਰਨਾ ਸਿੱਖ ਨੇ ਛੱਡ ਦਿੱਤਾ ਹੈ।ਜਦੋਂ ਗੁਰੁ ਨੂੰ ਹੀ ਤਿਆਗ ਦਿੱਤਾ ਤਾਂ ਬਹੁਤ ਸ਼ਿਕਾਰੀ ਬੇਠੇ ਨੇ ਨਿਸ਼ਾਨਾ ਸਾਧ ਕੇ।ਕੋਈ ਵੀ ਫੁੰਡ ਸਕਦਾ ਹੈ।ਚਾਹੇ ਉਹ ਅੰਕੁਰ ਨਰੂਲਾ ਹੋਏ ਜਾਂ ਰਾਮ ਰਹੀਮ ਜਾਂ ਕੋਈ ਹੋਰ।

ਸਾਨੂੰ ਕੁਦਰਤ ਦਾ ਇੱਕ ਅਸੂਲ ਯਾਦ ਰੱਖਣਾ ਚਾਹੀਦਾ ੍ਹਹੇ।ਅਗਰ ਸਰੀਰ ਦੀ ਰੋਗ ਰੋਕੂ ਸ਼ਕਤੀ ਜਾਂ ਇਮੂਯਨਟੀ ਪੂਰੀ ਕਾਇਮ ਹੈ ਤਾਂ ਕਿਸੇ ਵੀ ਬੀਮਾਰੀ ਦੇ ਜੀਵਾਣੂ ਸਾਡਾ ਕੁਝ ਨਹੀਂ ਬਿਗਾੜ ਸਕਦੇ।ਇਸ ਕਰਕੇ ਅਗਰ ਸਿੱਖ ਨੂੰ ਅਗਰ ਸਿੱਖੀ ਦੀ ਪੂਰੀ ਸੋਝੀ ਹੈ ਤਾਂ ਕੋਈ ਲਾਲਚ ਤਾਂ ਇੱਕ ਪਾਸੇ ਉਹ ਤਾਂ ਬੰਦ ਬੰਦ ਕਟਵਾ ਕੇ ਵੀ ਸਿੱਖੀ ਸਿਦਕ ਨਿਭਾਉਂਦਾ ਹੈ।ਇਸ ਵਿੱਚ ਕੋਈ ਛੱਕ ਨਹੀਂ ਕਿ ਦਲਿਤ ਸਿੱਖਾਂ ਨੂੰ ਲਾਲਚ ਦਿੱਤੇ ਗਏ ਹੋਣਗੇ ਅਤੇ ਉਹ ਲਾਲਚ ਵਿੱਚ ਆਏ ਵੀ ਹੋਣਗੇ ਪਰ ਸਵਾਲ ਇਹ ਹੈ ਉਹ ਲਾਲਚ ਵਿੱਚ ਕਿਉਂ ਆਏ।ਉਹਨਾਂ ਦੇ ਪੁਰਖੇ ਤਾਂ ਇਸ ਲਾਲਚ ਵਿੱਚ ਨਹੀਂ ਆਏ।ਲਲਚਾਉਣ ਦੀ ਵਜ੍ਹਾ ਗੁਰੁ ਨਾਲੋਂ ਟੁਟਣਾ ਹੀ ਹੈ।ਇਸ ਦਾ ਇਲਾਜ਼ ਗੁਰੂ ਨਾਲ ਜੁੜਨਾ ਹੈ।

ਅਗਸਤ 13, 2022

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s