ਮੇਲਾ ਯੂਬਾ ਸਿਟੀ ਦਾ

ਮੇਲਾ ਯੂਬਾ ਸਿਟੀ ਦਾ

ਮੈਂ ਮੇਲੇ ਵਿੱਚ ਗੁਆਚ ਗਿਆ

ਸਿੱਖ ਨੂੰ ਅੇਸੀ ਦਿੱਤੀ ਭੁਆਂਟਣੀ

ਗੁਰੂ ਦੀ ਉਂਗਲ ਛੁੱਟ ਗਈ, ਸਿੱਖ ਮੇਲੇ  ਵਿੱਚ ਗੁਆਚ ਗਿਆ

ਮੇਲਾ ਭਰਿਆ ਨੱਕੋ ਨੱਕ

ਕੋਈ ਵੇਚ ਰਿਹਾ ਸੀ ਖਾਲਸਤਾਨ

ਕੋਈ ਕਹੇ ਗੁਰਧਾਮ ਮੁਰੰਮਤ ਮੰਗਦੇ ਹੈਨ ਜੋ ਪਾਕਸਤਾਨ

ਕੋਈ ਮੁਫਤ ਕਿਤਾਬਾਂ ਵੰਡਦਾ ਪਰ ਲੈਂਦਾ ਖੁੱਲ ਕੇ ਦਾਨ

ਖੋਲ ਕਿਤਾਬ ਮੈ ਦੇਖਿਆ, ਨ ਲੱਭਿਆ ਗੁਰੂ ਗਿਆਨ

ਸਿਰਫ ਇੱਕ ਸਾਧ ਦੀ ਕਰਾਮਾਤ ਦਾ ਬਿਆਨ

ਲੰਗਰ ਭਾਂਤ ਸੁਭਾਂਤ ਦਾ ਮਿਲਦਾ ਹਰ ਪਕਵਾਨ

ਗੁਰੂ ਦੀ ਗੋਲਕ ਭੁੱਲ ਕੇ ਕਰਨ ਕੁਥਾਵੇਂ ਦਾਨ

ਰੱਜੇ ਲੋਕੀ ਖਾਂਵਦੇ ਕਹਿੰਦੇ ਗੁਰੂ ਬੜਾ ਮਿਹਰਬਾਨ

ਰਾਗੀ ਰਾਗ ਅਲਾਪਦਾ ਅੰਦਰ ਗੁਰ ਦਰਬਾਰ

ਖੋਟ ਮਿਲਾ ਗੁਰ ਸ਼ਬਦ ਵਿੱਚ ਗਾਵੇ ਸੁਰ ਤੇ ਤਾਲ

ਅੱਖਾਂ ਮੀਚ ਲੋਕ ਝੂਮਦੇ ਭੁਲ ਗਏ ਗੁਰੂ ਗਿਆਨ

ਰੱਬ ਰਾਗੀ ਨਾਦੀ ਨਹੀ ਭਿੱਜਦਾ, ਭਿੱਜਦਾ ਅਮਲਾਂ ਨਾਲ

ਗਾਵਿਆ ਸੁਣਿਆ ਹਰਿ ਥਾਇ ਪਾਵੈ ਜੇ ਚੱਲੀਏ ਗੁਰ ਦੱਸੀ ਚਾਲ

ਭੀੜ ਭੜੱਕਾ ਜੂਝਦੇ ਲੈ ਮਾਇਆ ਮੱਥਾ ਟੇਕਣ ਜਾਣ

ਭੁੱਲੜ ਸਿੱਖ ਨ ਜਾਣਦੇ ਗੁਰੂ ਪੈਸਾ ਨਹੀ ਸਿਰ ਲੋੜਦਾ

ਮਨਮਤ ਦਾ ਸਿਰ ਕੱਟ ਕੇ ਗੁਰਮੱਤ ਦਾ ਸਿਰ ਜੋੜਦਾ

ਗੁਰ ਬੱਧੀ ਧਰਮਸਾਲ ਸੀ ਬਣ ਗਏ ਪੂਜਾ ਥਾਨ

ਘੜਨੀ ਸੁਰਤ ਮੱਤ ਮਨ ਬੁੱਧ ਸੀ ਹੁਣ ਸਿੱਖ ਮੰਗਣ ਮਾਇਆ ਦਾਨ

ਮਾਇਆ ਗੋਲਕ ਪਾਂਵਦੇ ਗੁਰ ਨਾਲ ਕਰਨ ਬਿਉਪਾਰ

ਦੇ ਦੇ ਮੰਗੇ ਸਹਸਾ ਗੁਣਾ ਨਾਲੇ ਸੋਭ ਕਰਨ ਸੰਸਾਰ

ਮੈਂ ਬੁੱਧ ਬਿਬੇਕ ਨਾਲ ਵੇਖਿਆ ਗੁਰ ਤਾਂ ਮੇਰੇ ਨਾਲ

ਗੁਰ ਮੈਨੂੰ ਸਮਝਾਇਆ ਇਹ ਖੇਡ ਰਚੀ ਕਰਤਾਰ

ਅਮਲ ਗਲੋਲਾ ਕੂੜ ਦਾ ਦਿੱਤਾ ਦੇਵਣਹਾਰ

ਮੱਤੀਂ ਗੁਰੂ ਵਿਸਾਰਿਆ ਮੇਲਾ ਲਾਇਆ ਦਿਨ ਚਾਰ

ਇਹ ਮੇਲਾ ਹਰ ਥਾਂ ਸਜਦਾ, ਹਰ ਧਰਮ, ਹਰ ਦੇਸ਼

ਹਰ ਧਰਮ ਦਾ ਸਿੱਖ ਗੁਆਚਦਾ ਇਸ ਮੇਲੇ ਵਿੱਚ ਆ

ਕੋਈ ਲੁੱਟਦਾ ਕੋਈ ਲੁੱਟ ਹੋ ਰਿਹਾ ਸਭ ਰਹੇ ਨੇ ਘਾਟਾ ਖਾ

ਪੱਲਾ ਗੁਰੂ ਦਾ ਛੱਡ ਕੇ ਤੜਪਨ ਦਿਨ ਤੇ ਰਾਤ

ਖਾ ਕੇ ਇੱਕ ਭੁਆਂਟਣੀ ਜਾਂਦੇ ਮੇਲੇ ਵਿੱਚ ਗੁਆਚ

ਕਦੇ ਛੱਡੋ ਨ ਲੜ ਬਿਬੇਕ ਦਾ ਇਹ ਸਿਰੇ ਦੀ ਬਾਤ

ਜੇ ਲੜ ਫੜੇਂ ਬਿਬੇਕ ਦਾ ਗੁਰ ਰਹੇ ਸੰਗ ਤੇਰੇ ਨਾਲ

ਗੁਰਪਰਸਾਦੀ ਸਹਿਜ ਉਪਜੇ ਸਹਸਾ ਮਨ ਦਾ ਜਾਵੇ

ਨ ਫਿਰ ਡਰੇਂ ਡਰਾਵੇਂ ਕਾਸ ਤੋਂ, ਨ ਲੁੱਟੇਂ ਨ ਲੁੱਟ ਖਾਵੇਂ

ਉਂਗਲ ਗੁਰੂ ਦੀ ਫੜ ਕੇ ਮੇਲੇ ਵਿੱਚ ਫਿਰ ਜਾਵੇਂ

ਜਰਨੈਲ ਸਿੰਘ

http://www.understandingguru.com

 ਨਵੰਬਰ 15, 2021

Leave a comment