ਸਿੱਖੀ ਅਤੇ ਖਾਲਸਤਾਨ

ਜਰਨੈਲ ਸਿੰਘ
ਸਿਡਨੀ, ਅਸਟ੍ਰੇਲੀਆ

ਖਾਲਸਤਾਨ ਦਾ ਮੁੱਦਾ ਅਕਸਰ ਉੱਠਦਾ ਹੀ ਰਹਿੰਦਾ ਹੈ ਖਾਸ ਕਰਕੇ ਉਦੋਂ ਜ਼ਰੂਰ ਜਦੋਂ ਪੰਜਾਬ ਵਿੱਚ ਕੋਈ ਅੰਦੋਲਨ ਜਾਂ ਹੱਕਾਂ ਦੀ ਲਹਿਰ ਉੱਠਦੀ ਹੈ।ਇਹ ਮੁੱਦਾ ਉਹ ਹਥਿਆਰ ਹੈ ਜੋ ਵੇਲੇ ਦੀ ਹਕੂਮਤ ਅੰਦੋਲਨ ਜਾਂ ਲਹਿਰ ਨੂੰ ਬਦਨਾਮ ਕਰਨ ਅਤੇ ਲੀਹੋਂ ਲਾਉਣ ਲਈ ਵਰਤਦੀ ਹੈ।ਕੁਝ ਸਿੱਖ ਜਥੇਬੰਦੀਆਂ ਵੀ ਇਸ ਨੂੰ ਗਾਹੇ ਬਗਾਹੇ ਆਪਣੀ ਹੋਂਦ ਹਿੱਤ ਊਠਾਉਂਦੀਆਂ ਰਹਿੰਦੀਆਂ ਹਨ।ਚਲ ਰਹੇ ਕਿਸਾਨ ਅੰਦੋਲਨ ਵਿੱਚ ਵੀ ਇਹ ਮੁੱਦਾ ਕਾਫੀ ਉਭਾਰਿਆ ਗਿਆ।ਇੱਕ ਸਵਾਲ ਉੱਠਦਾ ਹੈ ਕਿ ਕੀ ਸਿੱਖ ਫਲਸਫਾ ਵੀ ਖਾਲਸਤਾਨ ਦਾ ਸਮਰਥਨ ਕਰਦਾ ਹੈ ਜਾਂ ਨਹੀਂ।ਇਸ ਲੇਖ ਵਿੱਚ ਇਸ ਸਵਾਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।

Continue reading “ਸਿੱਖੀ ਅਤੇ ਖਾਲਸਤਾਨ”

ਅਸਲੀ ਪਰਜੀਵੀ

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

http://www.understandingguru.com

ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤ੍ਰੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਨਵੀਂ ਸ਼ਬਦਾਬਲੀ ਘੜਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਲੋਕਾਂ ਨੂੰ ਅਮਦੋਲਨਜੀਵੀ ਕਹਿ ਕੇ ਭੰਡਿਆ ਜਿਸ ਦਾ ਸੱਤਾਧਾਰੀ ਪਾਰਟੀ ਦੇ ਮੈਂਬਰਾਨ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਉਹਨਾਂ ਇੱਥੇ ਹੀ ਵਸ ਨਹੀਂ ਕੀਤੀ ਬਲਕਿ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਪਰਜੀਵੀ ਵੀ ਆਖ ਦਿੱਤਾ।ਪਰਜੀਵੀ ਸੁਆਰਥੀ ਅਤੇ ਮੁਫਤੇਖੋਰੇ ਲੋਕਾਂ ਨੂੰ ਆਖਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਪਰਜੀਵੀ ਨੂੰ ਪੈਰਾਸਾਈਟ ਆਖਦੇ ਨੇ।ਇਸ ਦੇ ਪ੍ਰਤੀਕਰਮ ਵਜੋਂ ਬਹੁਤ ਸਾਰੇ ਵੀਡੀਓਜ਼ ਸੋਸ਼ਲ ਮੀਡੀਆ ਤੇ ਆਏ ਤੇ ਆ ਰਹੇ ਨੇ।ਰਵੀਸ਼ ਕੁਮਾਰ ਨੇ ਬੜੇ ਸੁਚੱਜੇ ਢੰਗ ਨਾਲ ਇਤਿਹਾਸ ਦੇ ਵਰਕੇ ਫਰੋਲ ਇਸਦਾ ਉੱਤਰ ਦਿੱਤਾ।ਆਪਣੇ ਭਾਸ਼ਨ ਵਿੱਚ ਪ੍ਰਧਾਨ ਮੰਤ੍ਰੀ ਮੋਦੀ ਸਾਹਿਬ ਨੇ ਇਹ ਤਾਂ ਮੰਨਿਆ ਹੈ ਕਿ ਅੰਦੋਲਨ ਲੋਕਤੰਤਰ ਵਿੱਚ ਇੱਕ ਜ਼ਾਇਜ਼ ਕਿਰਿਆ ਹੈ।ਉਨ੍ਹਾ ਇਸ ਲਈ ਪਵਿੱਤਰ ਲਫ਼ਜ਼ ਵੀ ਵਰਤਿਆ ਜੋ ਸ਼ਲਾਘਾਯੋਗ ਹੈ।ਉਹਨਾਂ ਨੂੰ ਇਤਰਾਜ਼ ਟੋਲਪਲਾਜਿਆਂ ਤੇ ਕਬਜੇ ਤੇ ਮੋਬਾਈਲ ਟਾਵਰਾਂ ਦੀ ਭੰਨਤੋੜ ਤੇ ਹੈ ਜਾਂ ਉਹਨਾਂ ਲੋਕਾਂ ਤੇ ਹੈ ਜੋ ਇਸ ਅੰਦੋਲਨ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ।ਇਸ ਕਰਕੇ ਉਹ ਅਮਦੋਲਨਕਾਰੀ ਤੇ ਅੰਦੋਲਨਜੀਵੀ ਵਿੱਚ ਭੇਦ ਕਰਦੇ ਨੇ।ਆਓ ਦੇਖੀਏ ਕਿ ਕੀ ਸਰਕਾਰ ਸਚਮੁੱਚ ਅੰਦੋਲਨ ਨੂੰ ਜ਼ਾਇਜ਼ ਲੋਕਤੰਤਰੀ ਕਿਰਿਆ ਮੰਨਦੀ ਹੈ।ਕੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਤਾਂ ਨਹੀਂ।
ਅੰਦੋਲਨ ਸ਼ਬਦ ਦੇ ਅੱਖਰੀ ਅਰਥ ਹਲੂਣਾ ਦੇਣ ਦੀ ਕਿਰਿਆ ਹੈ।ਲੋਕਤੰਤਰ ਵਿੱਚ ਲੋਕ ਅੰਦੋਲਨ ਦਾ ਰਾਹ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਚੁਣਦੇ ਨੇ।ਜਾਣੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਂਦੇ ਨੇ ਕਿ ਉਨ੍ਹਾ ਦੀ ਗੱਲ ਸੁਣੀ ਜਾਵੇ।ਮੋਦੀ ਸਾਹਿਬ ਕਹਿੰਦੇ ਤਾਂ ਇਹ ਨੇ ਕਿ ਅੰਦੋਲਨ ਕਰਨਾ ਲੋਕਾਂ ਦਾ ਹੱਕ ਹੈ ਪਰ ਅਸਲੀਅਤ ਵਿੱਚ ਉਹ ਇਹ ਹੱਕ ਲੋਕਾਂ ਨੂੰ ਦੇ ਨਹੀਂ ਰਹੇ ਜਿਸ ਕਰਕੇ ਉਨ੍ਹਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਵੀ ਸ਼ੱਕ ਦੇ ਦਾਇਰੇ ਵਿੱਚ ਆ ਜਾਂਦਾ ਹੈ। ਉਨ੍ਹਾ ਦੀ ਸਰਕਾਰ ਦਾ ਕਿਸਾਨ ਅੰਦੋਲਨ ਵਾਰੇ ਪੂਰਾ ਜ਼ੋਰ ਇਸ ਗਲ ਤੇ ਲੱਗਾ ਹੋਇਆ ਹੈ ਕਿ:


ਇਹ ਅੰਦੋਲਨ ਹੋਣ ਹੀ ਨ ਦਿੱਤਾ ਜਾਏ
ਸਰਕਾਰ ਦੀ ਇਹ ਪੁਰਜੋਰ ਕੋਸ਼ਿਸ਼ ਰਹੀ ਹੈ ਕਿ ਕਿਸਾਨ ਇਹ ਅੰਦੋਲਨ ਕਰ ਹੀ ਨ ਸਕਣ।ਕਿਸਾਨਾਂ ਨੂੰ ਧਰਨੇ ਵਾਲੀ ਜਗ੍ਹਾ ਤੇ ਪਹੁੰਚਣ ਤੋਂ ਰੋਕਣ ਲਈ ਰਾਹ ਵਿੱਚ ਭਾਰੀ ਪੱਥਰ ਰੱਖ ਰੁਕਾਵਟਾਂ ਪਾਈਆਂ ਗਈਆਂ, ਪਾਣੀ ਦੀ ਬੁਸ਼ਾੜਾਂ ਮਾਰ ਕਿਸਾਨਾਂ ਨੂੰ ਰੋਕਿਆ ਗਿਆ, ਸੜਕਾਂ ਤੇ ਮਿੱਟੀ ਦੇ ਪਹਾੜ ਖੜੇ ਕਰ ਦਿੱਤੇ ਗਏ।ਇੱਥੋਂ ਤਕ ਕਿ ਸਰਕਾਰ ਨੇ ਖੁਦ ਸੜਕਾਂ ਹੀ ਪੁੱਟ ਦਿੱਤੀਆਂ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।ਕੀ ਇਹ ਕਾਰਵਾਈ ਇੱਕ ਲੋਕਤੰਤਰੀ ਸਰਕਾਰ ਨੂੰ ਸੋਹੰਦੀ ਹੈ।ਪ੍ਰਧਾਨ ਮੰਤਰੀ ਸਾਹਿਬ ਨੂੰ ਮੋਬਾਈਲ ਟਾਵਰਾਂ ਦੇ ਹੋਏ ਨੁਕਸਾਨ ਤਾਂ ਨਜ਼ਰ ਆਉਂਦੇ ਨੇ ਪਰ ਉਸਦੀ ਆਪਣੀ ਸਰਕਾਰ ਵਲੋਂ ਕੀਤੀ ਭੰਨ ਤੋੜ ਨਹੀਂ ਨਜ਼ਰ ਆ ਰਹੀ।ਹੁਣ ਸੜਕਾਂ ਤੇ ਵੱਡੇ ਵੱਡੇ ਕਿੱਲ ਲਾਏ ਗਏ ਨੇ ਤਾਂ ਜੋ ਕਿਸਾਨ ਆਪਣੇ ਟ੍ਰੈਕਟਰ ਅੱਗੇ ਨ ਲਿਜਾ ਸਕਣ।ਕਿਸਾਨਾਂ ਨੇ ਇਹਨਾਂ ਕਿਲਾਂ ਦੇ ਨਾਲ ਫੁੱਲ ਲਗਾ ਕਿ ਸਰਕਾਰ ਨੂੰ ਆਪਣਾ ਜਵਾਬ ਦਿੱਤਾ।ਪਰ ਸਰਕਾਰੀ ਮੀਡੀਆ ਇਹ ਨਹੀਂ ਦਿਖਾਂਉਂਦਾ।ਸਰਕਾਰ ਦਾ ਤਾਂ ਪਤਾ ਨਹੀਂ ਪਰ ਲੋਕਤੰਤਰ ਇਹ ਦੇਖ ਕੇ ਜ਼ਰੂਰ ਸ਼ਰਮਸਾਰ ਹੋਇਆ ਹੋਏਗਾ।


ਕਿਸਾਨ ਦੀ ਗੱਲ ਸੁਣੀ ਅਣਸੁਣੀ ਕੀਤੀ ਜਾਵੇ
ਜਦ ਕਿਸਾਨ ਹਿੰਮਤ ਕਰਕੇ ਅੰਦੋਲਨ ਕਰਨ ਲਈ ਦਿੱਲੀ ਪੁਹੰਚ ਹੀ ਗਏ ਤਾ ਸਰਕਾਰ ਉਹਨਾਂ ਦੀ ਗੱਲ ਸੁਣਨ ਮੰਨਣ ਲਈ ਤਿਆਰ ਨਹੀਂ ਹੈ।ਕਿਸੇ ਦੀ ਗੱਲ ਨੂੰ ਅਣਸੁਣਿਆਂ ਕਰਨ ਦਾ ਅਸਾਨ ਤਰੀਕਾ ਇਹੀ ਹੁੰਦਾ ਹੈ ਕਿ ਉਸ ਨੂੰ ਅਹਿਸਾਸ ਦਵਾ ਦਿਉ ਕਿ ਉਸ ਦੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ।ਸਰਕਾਰ ਬਿਲਕੁਲ ਇਹੀ ਕਰ ਰਹੀ ਹੈ।ਕਿਸਾਨ ਦੇ ਵਾਰ ਵਾਰ ਇਹ ਕਹਿਣ ਦੇ ਕਿ ਇਹ ਕਨੂੰਨ ਉਸ ਦੇ ਭਲੇ ਲਈ ਨਹੀਂ ਹਨ ਇਸ ਕਰਕੇ ਇਹਨਾਂ ਨੂੰ ਰੱਦ ਕਰੋ।ਸਰਕਾਰ ਬਜ਼ਿਦ ਹੈ ਕਿ ਇਹ ਕਨੂੰਨ ਕਿਸਾਨ ਦੇ ਭਲੇ ਲਈ ਹਨ ਇਸ ਲਈ ਵਾਪਸ ਨਹੀਂ ਹੋ ਸਕਦੇ।ਸਰਕਾਰ ਇਨ੍ਹਾਂ ਕਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ (ਜੋ ਕਿ ਅਸਿੱਧੇ ਤੌਰ ਤੇ ਇਹ ਮੰਨਣਾ ਹੈ ਕਿ ਕਨੂੰਨ ਗਲਤ ਨੇ), ਇਹਨਾਂ ਨੂੰ ਕੁਝ ਸਮੇ ਲਈ ਟਾਲਣ ਲਈ ਵੀ ਤਿਆਰ ਹੈ ਪਰ ਕਨੂੰਨ ਰੱਦ ਕਰਨ ਲਈ ਕਤਈ ਰਾਜ਼ੀ ਨਹੀਂ ਹੋ ਰਹੀ।ਪ੍ਰਧਾਨ ਮੰਤ੍ਰੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਉਹ ਇੱਕ ਫੋਨ ਕਾਲ ਅਵੇ ਨੇ ਭਾਵ ਫੋਨ ਕਰਨ ਦੀ ਦੇਰ ਹੈ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਆ ਜਾਣਗੇ।ਪਿਛਲੇ ਚਾਰ ਮਹੀਨਿਆਂ ਤੋ ਕਿਸਾਨ ਕੜਾਕੇ ਦੀ ਠੰਡ ਵਿੱਚ ਖੁਲੇ ਅਸਮਾਨ ਹੇਠ ਅੰਦੋਲਨ ਵਾਲੀ ਜਗ੍ਹਾ ਤੇ ਪੁਕਾਰ ਪਰ ਪੁਕਾਰ ਦੇ ਰਿਹਾ ਹੈ।ਦੋ ਸੌ ਤੋਂ ਉਪਰ ਕਿਸਾਨ ਮਰ ਚੁੱਕੇ ਨੇ।ਪਰ ਪ੍ਰਧਾਨ ਮੰਤਰੀ ਹਾਲੇ ਵੀ ਫੋਨ ਦੀ ਉਡੀਕ ਵਿੱਚ ਹਨ।ਕੀ ਕਿਸਾਨ ਉਸ ਦੇਸ਼ ਦੇ ਵਸ਼ਿੰਦੇ ਨਹੀਂ ਜਿਸ ਦੇਸ ਦੇ ਉਹ ਪ੍ਰਧਾਨ ਮੰਤ੍ਰੀ ਹਨ।ਸਰਕਾਰ ਦੀ ਨੀਤੀ ਤੋਂ ਸਪਸ਼ਟ ਹੈ ਕਿ ਉਹ ਕਿਸਾਨ ਦੀ ਗੱਲ ਸੁਣੀ ਅਣਸੁਣੀ ਕਰ ਉਸ ਨੂੰ ਥਕਾਉਣਾ ਤੇ ਪਰੇਸ਼ਾਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਅੰਦੋਲਨ ਖਤਮ ਕਰ ਦੇਣ।ਅਗਰ ਖਤਮ ਨਹੀਂ ਕਰਦੇ ਤਾਂ ਅਜਿਹੀ ਕੋਈ ਕਾਰਵਾਈ ਕਰਨ ਜਿਸ ਨਾਲ ਸਰਕਾਰ ਨੂੰ ਸਖਤੀ ਕਰਨ ਦਾ ਬਹਾਨਾ ਮਿਲ ਜਾਏ।ਇੱਕ ਗੱਲ ਜੋ ਹੁਣ ਤੱਕ ਸਾਫ ਹੋ ਚੁੱਕੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਜਾਂ ਤਾਂ ਸਮਝ ਹੀ ਨਹੀ ਰਹੀ ਜਾਂ ਜਾਣ ਬੁਝ ਕੇ ਅਣਜਾਣ ਬਣਦੀ ਹੈ।ਗਾਹੇ ਬਗਾਹੇ ਇਸ ਦੇ ਜੁੰਮੇਵਾਰ ਕਾਰਕੁਨ ਅਜਿਹਾ ਬਿਆਨ ਦਾਗਦੇ ਨੇ ਜਿਨ੍ਹਾਂ ਤੋਂ ਇਨ੍ਹਾ ਦੀ ਕਿਸਾਨ ਨਾਲ ਦੁਸ਼ਮਣੀ ਜ਼ਾਹਰ ਹੁੰਦੀ ਹੈ।ਇਸ ਸਰਕਾਰ ਦੇ ਮੰਤਰੀ ਕਿਸਾਨਾਂ ਦੀ ਖੁਦਕੁਸ਼ੀ ਦਾ ਵੀ ਮਜਾਕ ਉਡਾਉਂਦੇ ਰਹੇ ਨੇ।


ਇਸ ਅੰਦੋਲਨ ਦੀ ਸੱਚਾਈ ਭਾਰਤ ਅੰਦਰ ਅਤੇ ਬਾਹਰ ਲੋਕਾਂ ਨੂੰ ਪਤਾ ਨਾ ਲੱਗੇ
ਇਹ ਗਲ ਕੋਈ ਲੁਕੀ ਛੁਪੀ ਨਹੀ ਹੈ ਕਿ ਸਰਕਾਰ ਦਾ ਸੋਸ਼ਲ ਮੀਡੀਏ ਨੂੰ ਛੱਡ ਬਾਕੀ ਸਾਰੇ ਮੀਡੀਏ ਤੇ ਪੂਰਾ ਕੰਟਰੋਲ ਹੈ।ਆਪਣੀ ਇਸ ਤਾਕਤ ਦਾ ਇਸਤੇਮਾਲ ਕਰ ਸਰਕਾਰ ਇਸ ਅੰਦੋਲਨ ਨੂੰ ਕਦੇ ਟੁਕੜੇ ਟੁਕੜੇ ਗੈਂਗ, ਕਦੇ ਖਾਲਸਤਾਨੀ, ਕਦੇ ਮਾਉਵਾਦੀ, ਕਦੇ ਅੱਤਵਾਦੀ ਕਹਿ ਪਰਚਾਰਦੀ ਹੈ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ।ਸੋਸ਼ਲ ਮੀਡੀਏ ਤੇ ਵੀ ਸਰਕਾਰ ਇਹੀ ਕਰਵਾ ਰਹੀ ਹੈ।ਇਹ ਇਸ ਗੱਲ ਦਾ ਸਬੂਤ ਹੈ ਸਰਕਾਰ ਨਾ ਤਾਂ ਆਪ ਕਿਸਾਨ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਨ ਹੀ ਕਿਸੇ ਹੋਰ ਨੂੰ ਉਨ੍ਹਾਂ ਦੀ ਗੱਲ ਸੁਣਨ ਦੇ ਰਹੀ ਹੈ।ਪਰ ਕਿਸਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾ ਨੇ ਸੋਸ਼ਲ ਮੀਡੀਏ ਰਾਹੀਂ ਆਪਣੀ ਗੱਲ ਦੇਸ਼ ਵਿਦੇਸ਼ ਵਿੱਚ ਪੁਹੰਚਾ ਦਿੱਤੀ।ਹੁਣ ਜਦੋਂ ਇਸ ਅੰਦੋਲਨ ਦੀ ਬਾਤ ਤੁਰਦੀ ਤੁਰਦੀ ਸਾਰੇ ਦੇਸ਼ ਵਿੱਚ ਫੈਲ ਗਈ ਅਤੇ ਸਰਹੱਦੋਂ ਪਾਰ ਵੀ ਚਲੀ ਗਈ ਤਾਂ ਸਰਕਾਰ ਦਾ ਰੱਦੇ ਅਮਲ ਉਸ ਦੀ ਸੋਚ ਨੂੰ ਜੱਗ ਜਾਹਰ ਕਰਦਾ ਏ।
• ਟ੍ਰਿਬਿਊਨ ਦੀ ਖਬਰ ਮੁਤਾਬਿਕ ਸ਼ਿਮਲੇ ਵਿੱਚ ਜਦੋਂ ਕਿਸਾਨ ਲੋਕਾਂ ਨੂੰ ਆਪਣਾ ਪੱਖ ਸੁਣਾ ਰਹੇ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
• ਕੁਝ ਕਿਸਾਨ ਜਦੋਂ ਮੱਧ ਪ੍ਰਦੇਸ਼ ਵਿੱਚ ਉਥੇ ਦੇ ਕਿਸਾਨਾ ਕੋਲ ਪ੍ਰਚਾਰ ਲਈ ਗਏ ਤਾਂ ਉਹਨਾ ਕਿਸਾਨਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਕਾਰਕੁਨਾਂ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਇਹ ਕਨੂੰਨ ਪੰਜਾਬ ਹਰਿਆਣੇ ਦੇ ਕਿਸਾਨ ਜੋ ਕਿ ਪਹਿਲਾਂ ਹੀ ਬਹੁਤ ਅਮੀਰ ਹਨ ਤੋਂ ਖੋ ਕੇ ਤੁਹਾਨੂੰ ਅਮੀਰ ਬਣਾਉਣ ਲਈ ਬਣਾਏ ਗਏ ਹਨ।
• ਪੰਜਾਬ ਦੀ ਨੌਦੀਪ ਕੌਰ ਜੋ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ ਸੀ ਨੂੰ ਸੋਨੀਪਤ ਪੁਲੀਸ ਨੇ ਗ੍ਰਿਫਤਾਰ ਕਰ ਤਸ਼ੱਦਦ ਕੀਤਾ।
• ਸੁਪ੍ਰਸਿੱਧ ਗਾਇਕਾ ਰਿਹਾਨਾ ਨੇ ਜਦ ਟਵਿੱਟਰ ਤੇ ਕਿਸਾਨਾਂ ਦੇ ਹੱਕ ਦੀ ਗਲ ਕੀਤੀ ਤਾਂ ਉਸਦੇ ਪੁਤਲੇ ਸਾੜੇ ਗਏ।
• ਵਾਤਾਵਰਣ ਵਾਰੇ ਸੁਚੇਤ ਗ੍ਰੇਟਾ ਤੇ ਐਫ ਆਈ ਆਰ ਦਰਜ਼ ਕਰ ਦਿੱਤੀ ਗਈ ਕਿਉਂਕਿ ਉਸਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ।
• ਸਰਗਰਮੀ ਦਿਸ਼ਾ ਰਵੀ ਤੇ ਵੀ ਮੁਕੱਦਮਾ ਕੀਤਾ ਗਿਆ ਕਿਉਂਕਿ ਉਸ ਨੇ ਗ੍ਰੇਟਾ ਨੂੰ ਟਵਿਟਰ ਟੂਲ਼ ਕਿੱਟ ਬਣਾ ਕੇ ਦਿੱਤੀ।ਇਹ ਟੂਲ ਕਿੱਟ ਕੋਈ ਮਾਰੂ ਹਥਿਆਰ ਨਹੀਂ ਬਲਕਿ ਟਵਿੱਟਰ ਤੇ ਬਣਿਆ ਹੈਸ਼ਟੈਗ ਹੈ ਜਿਸ ਰਾਹੀਂ ਤੁਹਾਡੀ ਗੱਲ ਇੱਕੋ ਝਟਕੇ ਨਾਲ ਲੱਖਾ ਲੋਕਾਂ ਤੱਕ ਪਹੁੰਚ ਜਾਂਦੀ ਹੈ।ਇਸ ਸਬੰਧੀ ਜਦੋ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਟਵਿੱਟਰ ਤੇ ਬੇਹੂਦਾ ਬਿਆਨਬਾਜੀ ਕੀਤੀ ਤਾਂ ਟ੍ਰਿਬਿਊਨ ਦੀ ਖਬਰ ਮੁਤਾਬਿਕ ਟਵਿੱਟਰ ਨੇ ਉਸਦੇ ਬਿਆਨ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ।
ਕੀ ਇਹ ਸਭ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸਰਕਾਰ ਭਾਰਤ ਅੰਦਰ ਅਤੇ ਭਾਰਤ ਤੋਂ ਬਾਹਰ ਲੋਕਾਂ ਨੂੰ ਇਸ ਅੰਦੋਲਨ ਦੀ ਸਚਾਈ ਤੋਂ ਬੇਖਬਰ ਰੱਖਣਾ ਚਾਹੁੰਦੀ ਹੈ।ਇਹ ਵੱਖਰੀ ਗੱਲ ਹੈ ਕਿ ਉਹ ਇਸ ਕੰਮ ਵਿੱਚ ਕਾਮਯਾਬ ਨਹੀਂ ਹੋਈ।ਇਸ ਨੂੰ ਇੱਕ ਹੋਰ ਪਹਿਲੂ ਤੋਂ ਦੇਖੀਏ ਤਾਂ ਬੀਜੇਪੀ ਦਾ ਮੀਡੀਏ ਤੇ ਕੰਟਰੋਲ ਸਭ ਤੋਂ ਵੱਧ ਨੁਕਸਾਨ ਖੁਦ ਉਹਨਾਂ ਦਾ ਹੀ ਕਰ ਰਿਹਾ ਹੈ।ਇੱਕ ਤਰ੍ਹਾਂ ਨਾਲ ਇਸ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੋਈ ਹੈ ਤਾਂ ਜੋ ਉਹ ਸੁਜਾਖੇ ਹੋਣ ਦੇ ਬਾਵਜੂਦ ਕੁਝ ਵੀ ਦੇਖ ਨ ਸਕਣ।ਇਸ ਦਾ ਸਬੂਤ ਇਹ ਹੈ ਕਿ ਇਸ ਅੰਦੋਲਨ ਦੇ ਲੋਕ ਲਹਿਰ ਬਣਨ ਦੇ ਬਾਵਜੂਦ ਵੀ ਬੀਜੇਪੀ ਨੂੰ ਇਹ ਨਜ਼ਰ ਨਹੀਂ ਆ ਰਿਹਾ।ਲੋਕ ਲਹਿਰ ਬਣਨ ਦੇ ਕੁਝ ਸਬੂਤ ਹਨ:
• ਇਸ ਅੰਦੋਲਨ ਵਿੱਚ ਆਮ ਆਦਮੀ (ਬੱਚਾ, ਬੁਢਾ, ਮਰਦ ਤੇ ਅੋਰਤ ਸਮੇਤ) ਦੀ ਸ਼ਮੂਲੀਅਤ।
• ਇਸ ਅੰਦੋਲਨ ਵਾਰੇ ਲੋਕ ਬੋਲੀਆ, ਸਿਠਣੀਆਂ ਆਦਿ ਦਾ ਪ੍ਰਚਲਤ ਹੋਣਾ।
• ਇਸ ਅੰਦੋਲਨ ਵਾਰੇ ਛੱਲੇ ਦੀ ਤਰਜ ਤੇ ਲੋਕ ਗੀਤ ਬਣ ਜਾਣੇ।ਛੱਲਾ ਜੱਲੇ ਮਲਾਹ ਦਾ ਪੁੱਤਰ ਦਾ ਸੀ ਜੋ ਬੇੜੀ ਰਾਹੀਂ ਝਨਾਂ ਤੋਂ ਸੁਆਰੀਆਂ ਨੂੰ ਪਾਰ ਲਘਾਉਂਦਾ ਸੀ।ਇੱਕ ਦਿਨ ਉਸ ਦੇ ਬੀਮਾਰ ਹੋਣ ਕਾਰਨ ਛੱਲਾ ਬੇੜੀ ਲੈ ਕੇ ਗਿਆ ਪਰ ਮੁੜ ਨਹੀਂ ਆਇਆ।ਪੁੱਤ ਦੇ ਗਮ ਵਿੱਚ ਜੱਲਾ ਪਾਗਲ ਹੋ ਦਰਿਆ ਕੰਢੇ ਗਾਉਂਣ ਲੱਗ ਪਿਆ ਕਿ ਛੱਲਾ ਮੁੜ ਕੇ ਨਹੀਂ ਆਇਆ।ਪੰਜਾਬੀਆਂ ਨੇ ਉਸ ਦੇ ਦਰਦ ਨੂੰ ਆਪਣੀ ਲੋਕਧਾਰਾ ਦਾ ਹਿੱਸਾ ਬਣਾ ਲਿਆ।ਇਹਨਾਂ ਕਾਲੇ ਕਨੂੰਨਾਂ ਦਾ ਦਰਦ ਵੀ ਹੁਣ ਪੰਜਾਬ ਦੀ ਲੋਕਧਾਰਾ ਦਾ ਹਿੱਸਾ ਬਣ ਰਿਹਾ ਹੈ।


ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ
ਹੁਣ ਜਦ ਇਸ ਅੰਦੋਲਨ ਦੀ ਖਬਰ ਹਰ ਪਾਸੇ ਫੈਲ ਗਈ ਤਾਂ ਆਪਣਾ ਪੈਂਤੜਾ ਬੲਲ ਸਰਕਾਰ ਦੀ ਪੂਰੀ ਕੋਸ਼ਿਸ਼ ਇਸ ਅੰਦੋਲਨ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ।
• ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਦੇ ਕਾਰਕੁਨ ਪੁਲਿਸ ਦੀਆ ਨਕਲੀ ਵਰਦੀਆਂ ਪਾਈ ਮੋਰਚੇ ਵਾਲੀ ਜਗ੍ਹਾ ਤੇ ਪਕੜੇ ਗਏ।ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਏ ਤੇ ਵਾਇਰਲ ਹੋਈਆਂ ਸਨ।ਪਰ ਸਰਕਾਰ ਨੇ ਇਹਨਾਂ ਦੋ ਕੋਈ ਨੋਟਿਸ ਨਹੀਂ ਲਿਆ।ਉਹ ਬਿਨਾਂ ਨਾਮ ਦੇ ਵਰਦੀਆਂ ਪਾਈ ਬਿਨਾਂ ਨੰਬਰ ਦੀ ਗੱਡੀ ਵਿੱਚ ਅੰਦੋਲਨ ਵਾਲੀ ਜਗ੍ਹਾ ਤੇ ਪਾਏ ਗਏ।
• ਕਿਸਾਨਾਂ ਨੇ ਕਈ ਵਾਰ ਅਜਿਹੇ ਸ਼ਖਸ਼ ਪਕੜ ਜੇ ਪੁਲਿਸ ਦੇ ਹਵਾਲੇ ਕੀਤੇ ਜੋ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ।
• 26 ਜਨਵਰੀ ਦੀਆਂ ਘਟਨਾਵਾਂ ਵੀ ਇਸੇ ਗਿਣੀ ਮਿਥੀ ਸਾਜਿਸ਼ ਦਾ ਹਿੱਸਾ ਨੇ।ਇਹਨਾਂ ਘਟਨਾਵਾਂ ਤੋਂ ਫੋਰਨ ਬਾਅਦ ਸਰਕਾਰ ਨੇ ਧਰਨੇ ਵਾਲੀ ਜਗ੍ਹਾ ਤੇ ਸਖਤੀ ਕਰਕੇ ਧਰਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ।ਧਰਨੇ ਤੇ ਬੈਠੇ ਕਿਸਾਨਾਂ ਤੇ ਪਥਰਾ ਸ਼ੁਰੂ ਹੋ ਗਿਆ ਅਤੇ ਸਰਕਾਰੀ ਮੀਡੀਏ ਵਿੱਚ ਖਪਰ ਇਹ ਆਈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਿਸਾਨਾਂ ਦੇ ਖਿਲਾਫ ਹੋ ਗਏ ਨੇ।ਕਿਸਾਨਾਂ ਨੇ ਇਸ ਪਥਰਾ ਦਾ ਸਬਰ ਅਤੇ ਸ਼ਾਂਤੀ ਨਾਲ ਜਵਾਬ ਦਿੱਤਾ।ਬਾਅਦ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਪਥਰਾਅ ਕਰਨ ਵਾਲੇ ਪਿੰਡਾਂ ਦੇ ਲੋਕ ਨਹੀ ਬਲਕਿ ਬੀਜੇਪੀ ਵਲੋਂ ਲਿਆਂਦੇ ਭਾੜੇ ਦੇ ਗੁੰਡੇ ਸਨ।
ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਦਾ ਵਿਰੋਧ
ਮੋਦੀ ਸਰਕਾਰ ਨੂੰ ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਤੇ ਵੀ ਸਖਤ ਇਤਰਾਜ਼ ਹੈ।ਪ੍ਰਧਾਨ ਮੰਤਰੀ ਖੁਦ ਇਸ ਦਾ ਸ਼ਬਦੀ ਹੇਰਾਫੇਰੀ ਕਰ ਐਫ ਡੀ ਆਈ ਨੂੰ ਫਾਰਨ ਡਾਇਰੈਕਟ ਇਨਵੈਸਟਮੈਂਟ ਤੋਂ ਫਾਰਨ ਡਿਸਟਰੱਕਟਿਵ ਆਈਡੀਔਲਜ਼ੀ ਬਣਾ ਕਿ ਮਜ਼ਾਕ ਉੜਾਉਂਦੇ ਨੇ।ਭਾਵ ਉਹ ਵਿਦੇਸ਼ਾਂ ਤੋੰ ਆਉਂਦੇ ਪੈਸੇ ਨੂੰ ਤਾਂ ਖੁਸਆਮਦੀਦ ਕਹਿੰਦੇ ਨੇ ਪਰ ਵਿਦੇਸ਼ਾਂ ਤੋਂ ਆਉਂਦੇ ਵਿਚਾਰਾਂ ਤੇ ਸਖਤ ਇਤਰਾਜ਼ ਕਰਦੇ ਨੇ।ਉਹ ਭੁਲ ਰਹੇ ਨੇ ਕਿ ਅਸੀਂ ਇਕੀਵੀਂ ਸਦੀ ਚ ਰਹਿ ਰਹੇ ਹਾਂ।ਵਿਚਾਰਾਂ ਨੂੰ ਸਰਹੱਦੋਂ ਪਾਰ ਜਾਣ ਲਈ ਕੋਈ ਰਾਹਦਾਰੀ ਨਹੀਂ ਲੈਣੀ ਪੈਂਦੀ।2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਮਹੀਨੇ ਬਾਅਦ ਮੋਦੀ ਸਾਹਿਬ ਨੇ ਇਕ ਬਿਆਨ ਦਿੱਤਾ ਸੀ ਕਿ ਬੋਲਣ ਕਹਿਣ ਦੀ ਅਜ਼ਾਦੀ ਤੋਂ ਬਿਨਾਂ ਭਾਰਤ ਵਿੱਚ ਲੋਕਤੰਤਰ ਨਹੀਂ ਬਚ ਸਕਦਾ।ਉਹਨਾਂ ਦੀ ਗੱਲ ਸਹੀ ਸਾਬਤ ਹੋਈ।ਉਨ੍ਹਾ ਸਾਰਾ ਮੀਡੀਆ ਆਪਣੇ ਕਬਜੇ ਵਿੱਚ ਕਰ ਅਸਿੱਧੇ ਤੌਰ ਤੇ ਲੋਕਾਂ ਦੇ ਬੋਲਣ ਕਹਿਣ ਦੀ ਅਜ਼ਾਦੀ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਭਾਰਤੀ ਲੋਕਤੰਤਰ ਵੀ ਆਖਰੀ ਸਾਹਾਂ ਤੇ ਪਹੁੰਚ ਚੁੱਕਾ ਹੈ।ਹੁਣ ਉਹਨਾ ਨੂੰ ਬਾਹਰੋਂ ਆਉਂਦੇ ਵਿਚਾਰ ਵੀ ਬਹੁਤ ਖਤਰਨਾਕ ਲਗਦੇ ਨੇ ਜਿਸ ਕਰਕੇ ਉਹ ਉਹਨਾਂ ਤੇ ਪਾਬੰਦੀ ਲਾ ਰਹੇ ਨੇ।ਆਖਰ ਉਹ ਕਿਉਂ ਇੰਨਾ ਘਬਰਾ ਰਹੇ ਨੇ।ਉਹ ਬਾਹਰੋਂ ਆ ਰਹੇ ਵਿਚਾਰਾਂ ਨੂੰ ਤਬਾਹਕੁਨ ਤੇ ਵਿਨਾਸ਼ਕਾਰੀ ਆਖ ਰਹੇ ਨੇ।ਭਾਰਤ ਵੀ ਤਾਂ ਆਪਣੀ ਵਿਚਾਰਧਾਰਾ ਬਰਾਮਦ ਕਰ ਰਿਹਾ ਹੈ।ਹਿੰਦੂ ਧਰਮ ਦੇ ਅਨੇਕਾਂ ਪ੍ਰਚਾਰਕ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਨੇ।ਕੀ ਉਹ ਉਨ੍ਹਾ ਤੇ ਵੀ ਰੋਕ ਲਾਉਣ ਦੀ ਵਕਾਲਤ ਕਰਨਗੇ।ਵੈਸੇ ਇਹ ਬੜੀ ਹੀ ਵਿਅੰਗਮਈ ਗੱਲ ਹੈ ਕਿ ਖੇਤੀਵਾੜੀ ਸਬੰਧੀ ਜਿਹੜੇ ਕਨੂੰਨਾਂ ਦਾ ਝਮੇਲਾ ਪਿਆ ਹੋਇਆ ਹੈ ਉਹਨਾਂ ਦਾ ਅਧਾਰ ਵੀ ਵਿਕਸਤ ਦੇਸ਼ਾਂ ਤੋਂ ਆਈ ਵਿਚਾਰਧਾਰਾ ਹੈ।ਪ੍ਰਧਾਨ ਮੰਤਰੀ ਨੂੰ ਬਾਹਰੋਂ ਆਈ ਇਹ ਵਿਚਾਰਧਾਰਾ ਤਬਾਹਕੁਨ ਨਹੀਂ ਲਗਦੀ।ਇਹ ਤਾਂ ਉਹੀ ਗੱਲ ਹੋਈ ਨ ਕਿ ਕੌੜੀ ਕੌੜੀ ਥੂ ਮਿੱਠੀ ਮਿੱਠੀ ਹੜੱਪ।ਦਰਅਸਲ ਮੋਦੀ ਸਰਕਾਰ ਦੀ ਅਸਲ ਸਮੱਸਿਆ ਇਸ ਅੰਦੋਲਨ ਨੂੰ ਮਿਲਦੀ ਹਮਾਇਤ ਹੈ ਜੋ ਉਨ੍ਹਾ ਤੋਂ ਸਹਿ ਨਹੀਂ ਹੋ ਰਹੀ ਇਸ ਕਰਕੇ ਤਿਲਮਲਾ ਉਠੇ ਨੇ।ਉਹ ਅੇਸਾ ਸ਼ਬਦਜਾਲ ਬੁਣ ਰਹੇ ਨੇ ਜਿਸ ਵਿੱਚ ਉਹ ਆਪ ਹੀ ਉਲਝ ਕੇ ਰਹਿ ਜਾਂਦੇ ਨੇ।


ਅਸਲੀ ਪਰਜੀਵੀ ਕੋਣ ਹੈ
ਮੋਦੀ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਇਸ ਅੰਦੋਲਨ ਦੇ ਹੱਕ ਵਿੱਚ ਨਿੱਤਰੇ ਲੋਕਾਂ ਨੂੰ ਪਰਜੀਵੀ ਕਹਿ ਕੇ ਭੰਡਿਆ ਹੈ।ਪਰਜੀਵੀ ਦੂਸਰਿਆਂ ਦਾ ਨਜ਼ਾਇਜ਼ ਫਾਇਦਾ ਉਠਾਉਣ ਵਾਲੇ ਮੁਫਤਖੋਰੇ ਸ਼ਖਸ ਨੂੰ ਆਖਿਆ ਜਾਂਦਾ ਹੈ।ਜਿਸ ਹਿਸਾਬ ਨਾਲ ਮੋਦੀ ਸਾਹਿਬ ਅੰਦੋਲਨ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪਰਜੀਵੀ ਕਹਿ ਰਹੇ ਨੇ ਉਸ ਹਿਸਾਬ ਨਾਲ ਤਾ ਭਾਰਤ ਵਿੱਚ ਸਰਗਰਮ ਹਰ ਸਿਆਸੀ ਪਾਰਟੀ ਹੀ ਪਰਜੀਵੀ ਹੋ ਜਾਂਦੀ ਹੈ।ਸਮੇਂ ਸਮੇਂ ਦਾ ਗੇੜ ਹੈ ਕਿਸੇ ਵੇਲੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਖਿਲਾਫ ਵਿੱਢੇ ਅੰਦੋਲਨ ਦਾ ਸਮਰਥਨ ਕਰ ਭਾਰਤੀ ਜਨਤਾ ਪਾਰਟੀ ਨੇ ਵੀ ਪਰਜੀਵੀ ਬਣ ਖੂਬ ਲਾਹਾ ਖੱਟਿਆ ਸੀ।ਪਰਜੀਵੀ ਨੂੰ ਪੰਜਾਬੀ ਵਿੱਚ ਅਕਾਸ਼ ਵੇਲ ਵੀ ਕਿਹਾ ਜਾਂਦਾ ਹੈ।ਇਹ ਹਲਕੇ ਪੀਲੇ ਰੰਗ ਦੀ ਇੱਕ ਵੇਲ ਹੈ ਜੋ ਕਿਸੇ ਰੁੱਖ ਤੇ ਲਗ ਜਾਂਦੀ ਹੈ।ਇਸਦੇ ਨਾਂ ਤਾਂ ਕੋਈ ਪੱਤੇ ਹੁੰਦੇ ਨੇ ਅਤੇ ਨ ਹੀ ਇਸਦੀ ਕੋਈ ਜੜ੍ਹ ਜਮੀਨ ਵਿੱਚ ਲੱਗੀ ਹੁੰਦੀ ਏ।ਜਿਸ ਰੁੱਖ ਤੇ ਇਹ ਲਗਦੀ ਹੈ ਇਹ ਉਸ ਰੁੱਖ ਨੁੰ ਹੀ ਆਪਣਾ ਭੋਜਨ ਬਣਾ ਲੈਂਦੀ ਹੈ।ਥੋੜੀ ਦੇਰ ਬਾਅਦ ਉਹ ਰੁੱਖ ਵੀ ਮਰ ਜਾਂਦਾ ਹੈ ਅਤੇ ਇਹ ਵੇਲ ਵੀ ਸੁੱਕ ਜਾਂਦੀ ਏ।ਅਸਲ ਪਰਜੀਵੀ ਭਾਰਤ ਵਿੱਚ ਵਾਪਰ ਰਹੀ ਗੰਦੀ ਸਿਆਸਤ ਹੈ ਜੋ ਲੋਕਤੰਤਰ ਦੇ ਰੁੱਖ ਤੇ ਚੜ੍ਹ ਫੇਲੀ ਹੋਈ ਹੈ।ਇਸ ਗੰਦੀ ਸਿਆਸਤ ਵਿੱਚ ਮੋਦੀ ਸਾਹਿਬ ਦੀ ਆਪਣੀ ਪਾਰਟੀ ਸਭ ਤੋਂ ਮੋਹਰੇ ਹੈ।ਇਸ ਦੀ ਤਾਜ਼ਾ ਮਿਸਾਲ ਪਾਂਡੀਚਰੀ ਦੀ ਸਰਕਾਰ ਨੂੰ ਚੁਣੇ ਹੋੲੈ ਮੈਂਬਰਾਂ ਨੂੰ ਖਰੀਦ ਕੇ ਤੋੜਨਾ ਹੈ।ਮੋਦੀ ਸਾਹਿਬ ਦੀ ਸਿਆਸਤ ਉਹ ਅਕਾਸ਼ ਵੇਲ ਹੇ ਜੋ ਭਾਰਤੀ ਲੋਕਤੰਤਰ ਦੇ ਰੁੱਖ ਤੇ ਚੜ੍ਹੀ ਹੋਈ ਹੈ।
ਮੋਦੀ ਸਾਹਿਬ ਦਾ ਇਹ ਭਾਸ਼ਣ ਜਿਸ ਨੇ ਵੀ ਲਿਖਿਆ ਹੈ।(ਹੋ ਸਕਦਾ ਇਹ ਉਹਨਾਂ ਆਪ ਲਿਖਿਆ ਹੋਏ ਪਰ ਰਾਜਸੀ ਲੀਡਰਾਂ ਦੇ ਭਾਸ਼ਣ ਅਕਸਰ ਉਹਨਾਂ ਦੇ ਕਰਮਚਾਰੀ ਹੀ ਲਿਖਦੇ ਨੇ।) ਉਹ ਸ਼ਖਸ਼ ਕਿਸਾਨ ਅਤੇ ਕਿਸਾਨ ਅੰਦੋਲਨ ਦਾ ਵੈਰੀ ਤਾਂ ਬਾਅਦ ਵਿੱਚ ਹੋੲਗੇ ਪਰ ਉਹ ਮੋਦੀ ਅਤੇ ਉਹਨਾਂ ਦੀ ਪਾਰਟੀ ਦਾ ਦੁਸ਼ਮਣ ਪਹਿਲਾਂ ਹੈ।ਇਹ ਗੱਲ ਮੋਦੀ ਸਾਹਿਬ ਨੂੰ ਹਾਲਾਂ ਸਮਝ ਨਹੀਂ ਆ ਰਹੀ।ਗੁਰੂ ਸਾਹਿਬ ਸਾਨੂੰ ਜਪ ਬਾਣੀ ਵਿੱਚ ਦੱਸਦੇ ਨੇ ਕਿ:


ਪੰਚ ਪਰਵਾਣ ਪੰਚ ਪਰਧਾਨੁ॥ਪੰਚੇ ਪਾਵਹਿ ਦਰਗਹਿ ਮਾਨੁ॥ਪੰਚੇ ਸੋਹਹਿ ਦਰ ਰਾਜਾਨੁ॥ਪੰਚਾ ਕਾ ਗੁਰੁ ਏਕੁ ਧਿਆਨੁ॥


ਪੰਚ ਤੋਂ ਭਾਵ ਗੁਰਮੁਖ ਤੇ ਬਿਬੇਕੀ ਪੁਰਖ ਤੋਂ ਹੈ ਜੋ ਸੁਚੱਜੀ ਰਾਏ ਕਾਰਨ ਰਾਜ ਦਰਬਾਰ ਵਿੱਚ ਸੋਹੰਦੇ ਨੇ।ਉਹਨਾਂ ਦੀ ਇਹ ਸੁਚੱਜੀ ਰਾਏ ਹੀ ਦੁਨੀਆਂ ਦੀ ਅਗਵਾਈ ਕਰਦੀ ਆ ਰਹੀ ਹੈ।ਅਗਰ ਕੋਈ ਬਿਬੇਕਹੀਣ ਬੰਦਾ ਰਾਜੇ ਦੀ ਅਗਵਾਈ ਕਰਨ ਲਗ ਪਏ ਤਾਂ ਇਤਿਹਾਸ ਨੂੰ ਪੁਠਾ ਗੇੜਾ ਦੇ ਦਿੰਦਾ ਹੈ।ਭਾਰਤ ਅੰਦਰ ਇਹੀ ਹੋ ਰਿਹਾ ਹੈ।ਮੋਦੀ ਸਾਹਿਬ ਨੂੰ ਰਾਏ ਦੇਣ ਵਾਲੇ ਜਾਹਰਾ ਤੌਰ ਤੇ ਬਿਬੇਕੀ ਪੁਰਖ ਨਹੀਂ ਹਨ।ਉਨ੍ਹਾਂ ਦੀਆਂ ਅੱਖਾ ਤੇ ਤਾਕਤ ਦੀ ਹਵਸ ਦੀ ਪੱਟੀ ਬੰਨ੍ਹੀ ਹੋਈ ਹੈ।ਬੀਜੇਪੀ, ਹਿੰਦੂ ਧਰਮ, ਅਤੇ ਭਾਰਤ ਦੇਸ਼ ਦਾ ਸਭ ਤੋ ਵੱਧ ਨੁਕਸਾਨ ਇਹ ਲੋਕ ਕਰ ਰਹੇ ਨੇ।ਮੋਦੀ ਸਾਹਿਬ ਨੂੰ ਆਪਣੀ ਸ਼ਬਦਾਵਲੀ ਵਿੱਚ ਇੱਕ ਹੋਰ ਸ਼ਬਦ ਸ਼ਾਮਲ ਕਰਨਾ ਚਾਹੀਦਾ ਹੈ।ਉਹ ਸ਼ਬਦ ਹੈ ਅੰਦੋਲਨਮਾਰੂ ਜੋ ਕਿ ਸਰਕਾਰ ਅਤੇ ਇਸਦੇ ਸਲਾਹਕਾਰਾਂ ਦੇ ਇਸ ਅੰਦੋਲਨ ਪ੍ਰਤੀ ਰਵੱਈਏ ਦੀ ਤਰਜ਼ਮਾਨੀ ਕਰਦਾ ਹੈ।

7/3/2021

ਭਾਰਤੀ ਲੋਕਰਾਜ ਅਤੇ ਕਿਸਾਨ ਅੰਦੋਲਨ


ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ

http://www.understandingguru.com

ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੇ ਲੋਕਰਾਜੀ ਢਾਂਚੇ ਤੇ ਵੀ ਕੁਝ ਸਵਾਲ ਖੜੇ ਕਰ ਦਿੱਤੇ ਨੇ।ਲੋਕਰਾਜ ਅਜੋਕੇ ਦੌਰ ਦਾ ਬੇਹੱਦ ਮਕਬੂਲ ਸਿਆਸੀ ਪ੍ਰਬੰਧ ਹੈ।ਹਰ ਕੋਈ ਇਸਦੀ ਕਸਮ ਖਾਣ ਨੂੰ ਤਿਆਰ ਹੈ।ਪੱਛਮੀ ਦੇਸ਼ ਤਾਂ ਇਸ ਨੂੰ ਸਾਰੀ ਦੁਨੀਆਂ ਵਿੱਚ ਕਾਇਮ ਕਰਨ ਖਾਤਰ ਹਰ ਹੀਲਾ ਵਰਤਨ ਲਈ ਤਿਆਰ ਹਨ।ਇਸ ਪ੍ਰਬੰਧ ਤਹਿਤ ਲੋਕ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਨੇ।ਇਸ ਵਾਰੇ ਲਿੰਕਨ ਦੀ ਇਕ ਬੜੀ ਮਸ਼ਹੂਰ ਕਹਾਵਤ ਵੀ ਹੈ ਕਿ ਲੋਕਰਾਜ ਲੋਕਾਂ ਦੀ ਲੋਕਾਂ ਰਾਹੀਂ ਲੋਕਾਂ ਦੇ ਭਲੇ ਲਈ ਬਣਿਆ ਰਾਜਸੀ ਪ੍ਰਬੰਧ ਹੈ।ਸਵਾਲ ਉਠਦਾ ਹੈ ਕਿ ਕੀ ਇਹ ਵਾਕਈ ਸੱਚ ਹੈ।ਚਲ ਰਹੇ ਕਿਸਾਨੀ ਸੰਘਰਸ਼ ਤੋਂ ਤਾਂ ਇਹ ਹੀ ਸਿੱਧ ਹੁੰਦਾ ਹੈ ਕਿ ਇਹ ਸੱਚ ਨਹੀਂ ਹੈ।ਭਾਰਤੀ ਕਿਸਾਨ ਉਹਨਾਂ ਕਨੂੰਨਾਂ ਦਾ ਵਿਰੋਧ ਕਰ ਰਹੇ ਨੇ ਜੋ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਭਲੇ ਤੇ ਉਨਤੀ ਲਈ ਬਣਾਏ ਗਏ ਨੇ।ਸਾਮਰਾਜਵਾਦ ਦੇ ਬੋਲਬਾਲੇ ਵੇਲੇ ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ ਤਾਂ ਉਹ ਵੀ ਕਨੂੰਨ ਬਣਾ ਲੋਕਾਂ ਤੇ ਠੋਸਦੇ ਸਨ।ਉਹ ਵੀ ਕਹਿੰਦੇ ਸਨ ਕਿ ਇਹ ਲੋਕਾਂ ਦੇ ਭਲੇ ਲਈ ਹਨ।ਸਾਈਮਨ ਕਮਿਸ਼ਨ ਦਾ ਵਿਰੋਧ ਇਸ ਦੀ ਇੱਕ ਮਿਸਾਲ ਹੈ।ਫਿਰ ਸਾਮਰਾਜਵਾਦੀ ਸਰਕਾਰ ਤੇ ਲੋਕਰਾਜੀ ਸਰਕਾਰ ਵਿੱਚ ਕੀ ਫਰਕ ਹੋਇਆ।ਅਗਰ ਇਹਨਾਂ ਕਨੂੰਨਾ ਦਾ ਵਿਰੋਧ ਇੱਕਾ ਦੁੱਕਾ ਸਿਆਸੀ ਪਾਰਟੀ ਕਰਦੀ ਹੁੰਦੀ ਤਾਂ ਵੀ ਗੱਲ ਹੋਰ ਸੀ ਪਰ ਇਹਨਾਂ ਕਨੂੰਨਾਂ ਦਾ ਵਿਰੋਧ ਤਾਂ ਘਰ ਘਰ ਹੋ ਰਿਹਾ ਹੈ।ਦੇਖਣ ਵਾਲੇ ਦੱਸਦੇ ਨੇ ਕਿ ਇਹ ਵਿਰੋਧ ਜਾਂ ਲੋਕਾਂ ਦਾ ਉਬਾਲ ਬਿਲਕੁਲ ਓਹੋ ਜਿਹਾ ਹੈ ਜਿਹੋ ਜਿਹਾ ਭਾਰਤ ਛੱਡੋ ਅੰਦੋਲਨ ਵੇਲੇ ਸੀ।ਸਰਕਾਰ ਫਿਰ ਵੀ ਬੇਖਬਰ, ਚੁੱਪਚਾਪ ਆਪਣੀ ਜ਼ਿਦ ਤੇ ਖੜੀ ਟੱਸ ਤੋਂ ਮੱਸ ਨਹੀਂ ਹੋ ਰਹੀ।ਫਿਰ ਇਹ ਲੋਕਾਂ ਦੀ ਲੋਕਾਂ ਦੇ ਭਲੇ ਲਈ ਸਰਕਾਰ ਕਿਵੇਂ ਕਹਿਲਾ ਸਕਦੀ ਹੈ।


ਲੋਕਤੰਤਰ ਜਾਂ ਲੋਕਰਾਜੀ ਢਾਂਚਾ ਯੁਨਾਨੀਆਂ ਦੀ ਕਾਢ ਹੈ।ਦੁਨੀਆ ਦਾ ਪਹਿਲਾ ਲੋਕਰਾਜ ਏਥਨਜ਼ ਵਿੱਚ ਸਥਾਪਤ ਹੋਇਆ ਸੀ।ਪਰ ਯੁਨਾਨ ਦੇ ਤਿੰਨ ਵਿਸ਼ਵ ਪ੍ਰਸਿਧ ਫਿਲਸਾਫਰ ਸੁਕਰਾਤ, ਅਫਲਾਤੂਨ (ਪਲੈਟੋ) ਅਤੇ ਅਰਸਤੂ ( ਅਰਿਸਟੋਟਲ) ਇਸ ਢਾਂਚੇ ਨੂੰ ਨਾਪਸੰਦ ਕਰਦੇ ਸਨ।ਅਫਲਾਤੂਨ ਆਪਣੀ ਸੁਪ੍ਰਸਿਧ ਕਿਤਾਬ ਰੀਪਬਲਿਕ ਵਿੱਚ ਲਿਖਦਾ ਹੈ ਕਿ ਲੋਕਰਾਜ ਸਮਾਜ ਨੂੰ ਜੋੜਣ ਦੀ ਵਜਾਏ ਅਨਾਰਕੀ ਜਾਂ ਅਰਾਜਕਤਾ ਫਲਾਉਂਦਾ ਹੈ, ਲੋਕਰਾਜ ਲੋਕਾਂ ਦੇ ਭਲੇ ਦੇ ਉਲਟ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲਦਾ ਹੈ, ਲੋਕਰਾਜ ਵਿੱਚ ਲੋਕਾਂ ਦੀ ਅਵਾਜ ਨਹੀਂ ਸੁਣੀ ਜਾਾਂਦੀ, ਅਤੇ ਲੋਕਰਾਜ ਵਿੱਚ ਮੂਰਖ ਵੀ ਰਾਜਗੱਦੀ ਹਾਸਲ ਕਰ ਲੈਂਦੇ ਨੇ।ਲੋਕਰਾਜ ਨੂੰ ਬਹੁਮੱਤ ਦਾ ਰਾਜ ਕਿਹਾ ਜਾਂਦਾ ਹੈ।ਇਹ ਆਪਣੇ ਆਪ ਵਿੱਚ ਬੜੀ ਹੀ ਸੋਹਣੀ ਗੱਲ ਲਗਦੀ ਹੈ।ਪਰ ਅਸਲੀਅਤ ਵਿੱਚ ਇਹ ਕੁਝ ਹੋਰ ਹੀ ਹੈ।ਕਿਸੇ ਵਿਰਲੇ ਦੇਸ਼ ਵਿੱਚ ਹੀ ਇਹ ਪ੍ਰਬੰਧ ਹੈ ਕਿ ਜੇਤੂ ਉਮੀਦਵਾਰ ਅੱਧਿਓਂ ਵੱਧ ਵੋਟਾਂ ਹਾਸਲ ਕਰੇ ਵਰਨਾ ਜਿਸ ਕੋਲ ਬਾਕੀਆਂ ਨਾਲੋਂ ਜਿਆਦਾ ਵੋਟਾ ਹੋਣ ਉਹ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੇ।ਪੰਜਾਬ ਵਿੱਚ ਇੱਕ ਵਾਰ ਦਸ ਫੀ ਸਦੀ ਵੋਟਾਂ ਹਾਸਲ ਕਰਨ ਵਾਲੀ ਵੀ ਸਰਕਾਰ ਬਣ ਗਈ ਸੀ।ਇਹ ਸਰਕਾਰ ਵੀ ਲੋਕਤੰਤਰੀ ਸਰਕਾਰ ਹੀ ਕਹਿਲਾਉਂਦੀ ਸੀ।ਵੋਟਾਂ ਲੈਣ ਲਈ ਉਮੀਦਵਾਰ ਕੀ ਕਹਿੰਦੇ ਨੇ, ਕੀ ਕਰਦੇ ਨੇ, ਕਿਸ ਕਿਸ ਤਰ੍ਹਾਂ ਵਰਗਲਾਉਂਦੇ ਨੇ ਇਸ ਦਾ ਕੋਈ ਹਿਸਾਬ ਕਿਤਾਬ ਜਾਂ ਪੁਛ ਗਿੱਛ ਨਹੀਂ ਹੁੰਦੀ।ਸਿਧਾਂਤਕ ਤੌਰ ਤੇ ਲੋਕਤੰਤਰ ਉਸੇ ਦੇਸ਼ ਵਿੱਚ ਕਾਮਯਾਬ ਹੋ ਸਕਦਾ ਏ ਜਿਥੇ ਸਿਰਫ ਇੱਕ ਫਿਰਕੇ ਦੇ ਲੋਕ ਹੀ ਵਸਦੇ ਹੋਣ।ਕਿਉਂੀਕ ਬਹੁਮੱਤ ਦੇ ਰਾਜ ਵਿੱਚ ਘੱਟਗਿਣਤੀ ਫਿਰਕੇ ਦੇ ਲੋਕ ਤਾਕਤ ਦੇ ਗਲਿਆਰਿਆਂ ਤੋਂ ਸਦਾ ਲਈ ਬਾਹਰ ਹੋ ਸਕਦੇ ਤੇ ਹੋ ਜਾਂਦੇ ਨੇ।ਚੰਗੀ ਨੀਤ ਅਤੇ ਕਾਬਲੀਅਤ ਵਾਲੇ ਬੰਦੇ ਘੱਟਗਿਣਤੀ ਸਮਾਜ ਵਿੱਚ ਵੀ ਹੋ ਸਕਦੇ ਨੇ ਜਿਹਨਾਂ ਨੂੰ ਆਪਣੀ ਕਾਬਲੀਅਤ ਜੱਗ ਜਾਹਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ।ਸੋ ਲੋਕਰਾਜ ਵਿੱਚ ਕਈ ਕਾਬਲ ਤੇ ਇਮਾਨਦਾਰ ਬੰਦੇ ਤਾਕਤ ਤੋਂ ਵਾਂਝੇ ਰਹਿ ਜਾਂਦੇ ਨੇ।ਇਸ ਦੀ ਸਭ ਤੋਂ ਵਧੀਆ ਉਦਾਹਰਣ ਸਿੱਖਾਂ ਦੀ ਸਿਰਮੌਰ ਸੰਸਥਾਂ ਸ਼ਰੋਮਣੀ ਕਮੇਟੀ ਹੈ ਜਿਸ ਦੇ ਮੈਂਬਰ ਕਥਿਤ ਲੋਕਰਾਜ਼ੀ ਢਾਂਚੇ ਰਾਹੀਂ ਚੁਣੇ ਜਾਂਦੇ ਨੇ।ਪਰ ਸਿਆਸੀ ਗੰਦਗੀ ਵਿੱਚ ਇਹ ਢਾਂਚਾ ਇੰਨਾ ਗਰਕ ਚੁੱਕਾ ਹੈ ਕਿ ਇੱਕ ਅੱਧ ਨੂੰ ਛੱਡ ਚੁਣੇ ਗਏ ਮੈੰਬਰਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਹੀਂ ਜਾਪਦਾ।ਨ ਤਾਂ ਉਹ ਆਮ ਸਿੱਖ ਦੇ ਭਲੇ ਦੀ ਗਲ ਕਰਦੇ ਨੇ ਤੇ ਨ ਹੀ ਸਿੱਖੀ ਨੂੰ ਸਮਝਣ ਪ੍ਰਚਾਰਨ ਦੀ ਕੋਈ ਚੇਸ਼ਟਾ। ਉਨ੍ਹਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਸਿਰਫ ਔਰ ਸਿਰਫ ਆਪਣਾ ਮੁਫਾਦ ਹੈ।


ਭਾਰਤੀ ਲੋਕਰਾਜ ਵੀ, ਸ਼ਰੋਮਣੀ ਕਮੇਟੀ ਦੇ ਲੋਕਰਾਜ ਦੀ ਤਰ੍ਹਾਂ ਲੋਕਰਾਜ ਦਾ ਸਭ ਤੋਂ ਵਿਗਿੜਿਆ ਰੂਪ ਹੈ।ਅਫਲਾਤੂਨ ਵਲੋਂ ਲੋਕਰਾਜ ਦਾ ਵਿਰੋਧ ਸੱਭ ਤੋਂ ਵੱਧ ਇਸ ਕਰਕੇ ਸੀ ਕਿ ਇਹ ਕਾਬਲ ਤੇ ਹੋਣਹਾਰ ਬੰਦਿਆ ਨੂੰ ਤਾਕਤ ਤੋਂ ਬਾਹਰ ਰੱਖਦਾ ਹੈ।ਉਸਦਾ ਅਦਰਸ਼ ਪ੍ਰਬੰਧਕੀ ਢਾਂਚਾ ਕੈਲੀਪੋਲਿਸ ਸੀ ਜਿਸ ਵਿੱਚ ਸਿਆਣੇ ਸੂਝਵਾਨ ਲੋਕਾਂ ਦੇ ਹੱਥ ਰਾਜ ਦੀ ਵਾਗਡੋਰ ਹੋਣੀ ਸੀ।ਭਾਰਤੀ ਲੋਕਰਾਜ ਦੀ ਚੋਣ ਪ੍ਰਕਿਰਿਆ ਵੀ ਐਸੀ ਬਣ ਗਈ ਹੈ ਕਿ ਇਸ ਵਿੱਚੋਂ ਆਮ ਆਦਮੀ ਲਗਭਗ ਮਨਫੀ ਹੋ ਚੁੱਕਾ ਹੈ ਅਤੇ ਸਿਆਣੇ ਲੋਕ ਇਸ ਤੋਂ ਦੂਰ ਰਹਿਣ ਵਿੱਚ ਹੀ ਆਪਣਾ ਭਲਾ ਸਸਮਝਦੇ ਨੇ।ਇਹ ਕੁਝ ਕੁ ਅਮੀਰ ਘਰਾਣਿਆਂ ਦੀ ਕੱਠਪੁਤਲੀ ਬਣ ਗਿਆ ਹੈ।ਇਸ ਨੂੰ ਇੱਕ ਜੱਦੀ ਪੁਸ਼ਤੀ ਕਿੱਤਾ ਕਹਿਣਾ ਵੀ ਗਲਤ ਬਿਆਨੀ ਨਹੀਂ ਹੋਵੇਗੀ।ਕਿਉਂਕਿ ਚੋਣਾ ਤੋਂ ਬਾਅਦ ਇਹ ਅਮੀਰ ਘਰਾਣੇ ਸਿਰਫ ਆਪਣਾ ਮੁਫਾਦ ਹੀ ਸੋਚਦੇ ਨੇ ਇਸ ਕਰਕੇ ਆਮ ਆਦਮੀ ਨੂੰ ਇਸ ਚੋਣ ਪ੍ਰਕ੍ਰਿਆ ਵਿਚੋਂ ਉਸ ਲਈ ਜਾਂ ਸਮਾਜ ਲਈ ਕਿਸੇ ਭਲੇ ਦੀ ਉਮੀਦ ਨਹੀਂ ਰਹੀ।ਚੋਣ ਪ੍ਰਕ੍ਰਿਆ ਦਾ ਸਮਾ ਹੀ ਅਜਿਹਾ ਸਮਾ ਹੈ ਜਿਸ ਦੌਰਾਨ ਆਮ ਆਦਮੀ ਦੀ ਸੁਣੀ ਜਾਂਦੀ ਹੈ ਇਸ ਕਰਕੇ ਉਹ ਇਸ ਦਾ ਸਭ ਤੋਂ ਵੱਧ ਲਾਭ ਉਠਾਉਣ ਦੀ ਕੋਸ਼ਿਸ਼ ਕਰਦਾ ਹੈ।ਹੋਰ ਕੁਝ ਨ ਮਿਲੇ ਨਿਰਾਸ਼ਾ ਵੱਸ ਉਹ ਆਪਣਾ ਵੋਟ ਵੀ ਵੇਚ ਦਿੰਦਾ ਹੈ।ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।ਭਾਰਤ ਵਿੱਚ ਚੋਣਾਂ ਵੇਲੇ ਬਿਜਲਈ ਮਸ਼ੀਨਾਂ ਰਾਹੀ ਵੋਟਾਂ ਪਾਈਆਂ ਅਤੇ ਗਿਣੀਆਂ ਜਾਂਦੀਆਂ ਹਨ।ਸਰਕਾਰ ਤੇ ਇੱਕ ਇਲਜ਼ਾਮ ਇਹ ਵੀ ਲਗਦਾ ਹੈ ਕਿ ਉਹ ਇਹਨਾਂ ਮਸ਼ੀਨਾਂ ਰਾਹੀਂ ਹੇਰਾ ਫੇਰੀ ਕਰਦੀ ਹੈ।ਇਸ ਵਾਰੇ ਤਾਂ ਕੁਝ ਨਹੀਂ ਕਹਿ ਸਕਦੇ ਪਰ ਜੋ ਹੇਰਾ ਫੇਰੀ ਵੋਟਰ ਦੇ ਸਿਰ ਤੇ ਲੱਗੀ ਮਸ਼ੀਨ ਵਿੱਚ ਹੁੰਦੀ ਹੈ ਉਹ ਸਭ ਦੇ ਸਾਹਮਣੇ ਹੈ।ਇਸ ਵਾਰੇ ਕੋਈ ਜ਼ਿਕਰ ਵੀ ਨਹੀਂ ਕਰਦਾ।ਵੋਟਰ ਨੂੰ ਕਦੇ ਮੰਦਰ ਦਾ, ਕਦੇ ਉਸ ਦੀ ਜਾਤ ਦਾ, ਕਦੇ ਉਸ ਦੇ ਧਰਮ ਦਾ, ਕਦੇ ਉਸ ਦੇ ਖਾਤੇ ਵਿੱਚ ਪੰਦਰਾ ਲੱਖ ਰੁਪਏ ਜਮ੍ਹਾ ਕਰਾਉਣ ਦਾ, ਕਦੇ ੳੇਸ ਦਾ ਕਰਜ਼ਾ ਮਾਫੀ ਦਾ ਅੇਸਾ ਝਾਂਸਾ ਦਿੱਤਾ ਜਾਂਦਾ ਹੈ ਕਿ ਉਸ ਦੇ ਸਿਰ ਤੇ ਲੱਗੀ ਮਸ਼ੀਨ ਜਾਣੀ ਉਸ ਦਾ ਦਿਮਾਗ ਬਿਬੇਕ ਖੋ ਬੈਠਦਾ ਹੈ ਤੇ ਉਹ ਆਪਣਾ ਵੋਟ ਉੱੱਥੇ ਪਾਉਂਦਾ ਜਿੱਥੇ ਉਸ ਦਾ ਬਿਬੇਕ ਉਸ ਨੂੰ ਪਾਉਣੋਂ ਸ਼ਾਇਦ ਰੋਕ ਦਿੰਦਾ।ਵਿੰਸਟਨ ਚਰਚਿਲ ਨੂੰ ਜਦੋਂ ਪੁਛਿਆ ਗਿਆ ਕਿ ਲੋਕਤੰਤਰ ਵਿੱਚ ਕੀ ਖਾਮੀ ਹੈ ਤਾਂ ਉਸ ਦਾ ਜਵਾਬ ਸੀ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਖਾਮੀ ਕਿਸੇ ਵੀ ਆਮ ਵੋਟਰ ਨਾਲ ਪੰਜ ਮਿੰਟ ਦੀ ਗਲਬਾਤ ਤੋਂ ਜੱਗ ਜਾਹਰ ਹੋ ਜਾਂਦੀ ਏ।ਉਸ ਦਾ ਮਤਲਬ ਸੀ ਕਿ ਆਮ ਵੋਟਰ ਆਪਣੀ ਵੋਟ ਦੀ ਅਹਿਮੀਅਤ ਨਹੀਂ ਸਮਝੇਗਾ।ਇਹ ਗੱਲ ਭਾਰਤ ਦੇ ਵੋਟਰ ਤੇ ਬਹੁਤ ਢੁੱਕਦੀ ਹੈ।


ਇਸ ਸਮੇ ਭਾਰਤ ਵਿੱਚ ਆਰ ਐੱਸ ਐੱਸ ਦੀ ਸਿਆਸੀ ਜਮਾਤ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ ਜੋ ਐਲਾਨੀਆਂ ਤੌਰ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ।ਹਿੰਦੂਆਂ ਦੀ ਗਿਣਤੀ ਅੱਸੀ ਫੀ ਸਦੀ ਤੋਂ ਵੱਧ ਹੋਣ ਕਾਰਨ ਇਹ ਕੋਈ ਮੁਸ਼ਕਲ ਕੰਮ ਵੀ ਨਹੀਂ ਹੈ।ਉਹ ਇਹ ਕੰਮ ਵੋਟਰਾਂ ਦੇ ਸਿਰ ਤੇ ਲੱਗੀਆਂ ਮਸ਼ੀਨਾਂ ਨੂੰ ਕੰਟਰੋਲ ਕਰ ਅਸਾਨੀ ਨਾਲ ਕਰ ਸਕਦੇ ਨੇ ਅਤੇ ਕਰ ਵੀ ਰਹੇ ਨੇ।ਦੂਸਰੀਆਂ ਸਿਆਸੀ ਜਮਾਤਾਂ ਵੀ ਇਹ ਕੁਝ ਕਰਦੀਆਂ ਰਹੀਆਂ ਨੇ ਅਤੇ ਕਰ ਰਹੀਆਂ ਨੇ।ਪਰ ਇਸ ਵਾਰ ਵੱਖਰਾ ਇਹ ਹੋਇਆ ਹੈ ਕਿ ਲੋਕਰਾਜ ਦੇ ਮੰਨੇ ਜਾਂਦੇ ਥੰਮ ਹੀ ਗਿਰਾਏ ਜਾ ਰਹੇ ਨੇ।ਮੌਜ਼ੂਦਾ ਹਕੂਮਤ ਨੇ ਨਿਆਂ ਪ੍ਰਣਾਲੀ ਜਾਣੀ ਕੋਰਟਾਂ ਅਤੇ ਮੀਡੀਏ ਜਾਣੀ ਅਖਬਾਰ ਰੇਡੀਓ ਅਤੇ ਟੀਵੀ ਆਦਿ ਤੇ ਪੂਰਾ ਕੰਟਰੋਲ ਕਰ ਕੇ ਲੋਕਤੰਤਰ ਲਈ ਭਿਆਨਕ ਖਤਰਾ ਪੈਦਾ ਕਰ ਦਿੱਤਾ ਏ ਜਿਸਦੇ ਨਤੀਜ਼ੇ ਵੀ ਭਿਆਨਕ ਨਿਕਲ ਸਕਦੇ ਨੇ।ਜਿਸ ਤਰੀਕੇ ਨਾਲ ਸਰਕਾਰ ਇਸ ਅੰਦੋਲਨ ਨਾਲ ਨਿਪਟ ਰਹੀ ਹੈ ਉਸ ਤੋਂ ਭਾਰਤੀ ਲੋਕਤੰਤਰ ਲਈ ਕਈ ਖਤਰੇ ਹਨ। ਮਸਲਨ

 1. ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਭਾਰਤ ਵਿੱਚ ਮੀਡੀਆ ਜਿਸ ਨੁੰ ਲੋਕ ਹੁਣ ਗੋਦੀ ਮੀਡੀਆ ਕਹਿਣ ਲਗ ਪਏ ਨੇ ਉਹੀ ਦਿਖਾਉਂਦਾ ਸੁਣਾਉਂਦਾ ਹੈ ਜੋ ਸਰਕਾਰ ਚਾਹੇ।ਸੱਚ ਨੂੰ ਛੁਪਾਉਣ ਅਤੇ ਝੂਠ ਬੋਲਣ ਤੋਂ ਜਰਾ ਵੀ ਗੁਰੇਜ਼ ਨਹੀਂ ਕਰਦਾ।ਇਸ ਗੋਦੀ ਮੀਡੀਏ ਦੀ ਕਿਸਾਨ ਅੰਦੋਲਨ ਵਾਰੇ ਕਵਰੇਜ਼ ਇਸ ਦਾ ਪ੍ਰਤੱਖ ਸਬੂਤ ਹੈ।ਸਰਕਾਰੀ ਇਸ਼ਾਰੇ ਤੇ ਕਿਸਾਨਾਂ ਨੂੰ ਉਨ੍ਹਾ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਵਜਾਏ ਉਹਨਾਂ ਨੂੰ ਅੱਤਵਾਦੀ, ਵੱਖਵਾਦੀ ਤੇ ਦੇਸ਼ਧ੍ਰੋਹੀ ਸਿੱਧ ਕਰਨ ਤੇ ਪੂਰਾ ਜ਼ੋਰ ਲਗ ਰਿਹਾ ਹੈ।
 2. ਲੋਕਾਂ ਦੇ ਇਕੱਠ ਨੂੰ ਰੋਕਣ ਲਈ ਸਰਕਾਰ ਸੜਕਾਂ ਵਿੱਚ ਖੱਡੇ ਪੁੱਟ ਰਹੀ ਹੈ।ਸੜਕਾਂ ਤੇ ਵੱਡੇ ਵੱਡੇ ਕਿੱਲ ਲਗਾ ਰਹੀ ਹੈ ਤਾਂ ਜੋ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ।ਰੇਲ ਗੱਡੀ ਤੇ ਅੰਦੋਲਨ ਵਿੱਚ ਸਾਮਲ਼ ਹੋਣ ਜਾ ਰਹੇ ਕਿਸਾਨਾਂ ਦੀ ਰੇਲ ਗੱਡੀ ਦਾ ਰੂਟ ਹੀ ਬਦਲ ਦਿੱਤਾ।ਇੱਕ ਤਰ੍ਹਾਂ ਨਾਲ ਸਰਕਾਰ ਆਪ ਹੀ ਸਰਕਾਰੀ ਸੰਪਤੀ ਨੂੰ ਨੁਕਸਾਨ ਪੁਹੰਚਾ ਰਹੀ ਹੈ।ਸਰਕਾਰ ਉਹ ਕੰਮ ਕਰ ਰਹੀ ਹੈ ਜੋ ਇੱਕ ਬੇਕਾਬੂ ਭੀੜ ਕਰਦੀ ਹੈ।ਹੈਰਾਨੀ ਹੁੰਦੀ ਹੈ ਕਿ ਇਸ ਸਰਕਾਰ ਵੀ ਲੋਕਰਾਜੀ ਸਰਕਾਰ ਕਹਿਲਾਉਂਦੀ ਏ।
 3. ਸਰਕਾਰ ਨੇ ਅੰਦੋਲਨ ਵਾਲੀ ਜਗ੍ਹਾ ਤੇ ਬਿਜਲੀ ਪਾਣੀ ਬੰਦ ਕਰ ਦਿੱਤਾ ਏ।ਲੋਕਤੰਤਰ ਵਿੱਚ ਇਨਸਾਨੀਅਤ ਤੋ ਗਿਰੇ ਹੋਏ ਕੰਮ ਦੀ ਲੋਕਾਂ ਦੀ ਸਰਕਾਰ ਤੋਂ ਤਾਂ ਉਮੀਦ ਨਹੀ ਕੀਤੀ ਜਾਂਦੀ।
 4. ਲੋਕਾਂ ਨੂੰ ਸ਼ੋਸ਼ਲ ਮੀਡੀਏ ਦੀ ਸਹੂਲਤ ਤੋਂ ਵਾਂਝਾ ਕਰਨ ਲਈ ਸਰਕਾਰ ਨੇ ਇੰਟਰਨੈੱਟ ਤੇ ਰੋਕ ਲਗਾ ਦਿੱਤੀ ਏ।
 5. ਸਰਕਾਰ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਇਸ ਅੰਦੋਲਨ ਦੀ ਸਚਾਈ ਭਾਰਤ ਵਿੱਚ ਹੀ ਨਹੀਂ ਬਲਕਿ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਕਿਸੇ ਨੂੰ ਨਾ ਪਤਾ ਚਲੇ।ਭਾਰਤ ਤੋਂ ਬਾਹਰ ਜੋ ਇਸ ਦੀ ਹਮਾਇਤ ਕਰ ਰਹੇ ਨੇ ਉਨ੍ਹਾਂ ਪਿੱਛੇ ਸਰਕਾਰ ਹੱਥ ਧੋ ਕੇ ਪੈ ਜਾਂਦੀ ਏ।ਪਾਪ ਸਟਾਰ ਰਿਹਾਨਾ ਤੇ ਗ੍ਰੇਟਾ ਥੰਨਬਰਗ ਇਸ ਦੀ ਮਿਸਾਲ ਨੇ।7 ਫਰਵਰੀ ਦੀ ਟ੍ਰਿਬਿਊਨ ਮੁਤਾਬਿਕ ਤਾਂ ਸਰਕਾਰ ਨੇ ਇਸ ਮਕਸਦ ਵਿੱਚ ਕਾਮਯਾਬ ਹੋਣ ਲਈ ਲਤਾ ਮੰਗੇਸ਼ਕਰ ਤੇ ਸਚਿਨ ਤੰਦੂਲਕਰ ਦੀ ਇੱਜ਼ਤ ਵੀ ਦਾਅ ਤੇ ਲਗਾ ਦਿੱਤੀ।ਕਿੰਨੀ ਹਾਸੋਹੀਣੀ ਗੱਲ ਹੈ ਕਿ ਗ੍ਰੇਟਾ ਥੰਨਬਰਗ ਤੇ ਭਾਰਤੀ ਪੁਲੀਸ ਐਫ ਆਈ ਆਰ ਦਰਜ਼ ਕਰ ਰਹੀ ਹੈ।
  ਅਜਿਹਾ ਭਾਰਤੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।ਸਰਕਾਰ ਨੂੰ ਇਸ ਗੱਲ ਦਾ ਗੁਮਾਨ ਹੈ ਕਿ ਤਾਕਤ ਹਮੇਸ਼ਾਂ ਉਸਦੇ ਹੱਥ ਰਹੇਗੀ।ਇਹ ਗੁਮਾਨ ਭਾਰਤ ਵਿੱਚ ਲੋਕਤੰਤਰ ਦੇ ਟੁੱਟਣ ਦੀ ਗਵਾਹੀ ਹੈ।ਦਰਅਸਲ ਇਸ ਸਰਕਾਰ ਨੇ ਲੋਕਤੰੰਤਰ ਨੂੰ ਭੀੜਤੰਤਰ ਜਾਂ ਓਕਲੋਕਰੇਸੀ ਬਣਾ ਦਿੱਤਾ ਹੈ।ਅਫਲਾਤੂਨ ਦੇ ਲੋਕਤੰਤਰ ਪ੍ਰਤੀ ਸਾਰੇ ਖਦਸ਼ੇ ਭਾਰਤ ਵਿੱਚ ਸੱਚ ਸਾਬਤ ਹੋ ਰਹੇ ਨੇ।ਪਰ ਸਰਕਾਰ ਭੁਲ ਰਹੀ ਏ ਕਿ ਭੀੜ ਨੂੰ ਭੜਕਾਉਣਾ ਜਿੰਨਾ ਸੌਖਾ ਏ ਉਨਾ ਹੀ ਇਸ ਨੂੰ ਕਾਬੂ ਕਰਨਾ।ਇਹ ਵੀ ਸੱਚ ਹੈ ਕਿ ਸਰਕਾਰ ਲੋਕਾਂ ਤੋਂ ਸੱਚ ਛਪਾਉਣ ਦੀ ਲੱਖ ਕੋਸ਼ਿਸ਼ ਕਰੇ ਪਰ ਸੱਚ ਉਜਾਗਰ ਹੋ ਹੀ ਜਾਂਦਾ ਏ।ਗੁਰੂ ਸਾਹਿਬ ਆਸਾ ਰਾਗ ਵਿੱਚ ਫੁਰਮਾਉਂਦੇ ਨੇ।
  ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥
  ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥
  ਸਚ ਮਿਲਿਆ ਤਿਨਿ ਸੋਫੀਆ ਰਾਖਣ ਕਉ ਦਰਵਾਰੁ॥

  ਇਸ ਸਰਕਾਰ ਨੂੰ ਵੀ ਇਸ ਵੇਲੇ ਤਾਕਤ ਦੇ ਨਸ਼ੇ ਦਾ ਗਰੂਰ ਹੈ।ਇਸ ਨੂੰ ਆਪਣਾ ਅੰਤ ਨਜ਼ਰ ਹੀ ਨਹੀਂ ਆਉਂਦਾ ਤੇ ਖੁਸੀ ਵਿੱਚ ਝੂਮ ਰਹੀ ਏ।ਪਰ ਇਹ ਭੁਲ ਰਹੀ ਏ ਕਿ ਕਾਦਰ ਹਮੇਸ਼ਾ ਸੱਚ ਦੀ ਚਿਣਗ ਆਪਣੇ ਬੰਦਿਆਂ ਵਿੱਚ ਜਗਾਈ ਰੱਖਦਾ ਹੈ।ਇਸ ਅੰਦੋਲਨ ਵਾਰੇ ਸੱਚ ਬੋਲਣ ਵਾਲੇ ਭਾਰਤ ਵਿੱਚ ਵੀ ਅਤੇ ਭਾਰਤ ਤੋਂ ਬਾਹਰ ਵੀ ਖਤਮ ਨਹੀ ਹੋਏ।ਸਰਕਾਰ ਨੈ ਤਾ ਅਮਲ ਦਾ ਗੋਲਾ ਖਾਧਾ ਹੋਇਆ ਹੈ ਪਰ ਦੁਨੀਆਂ ਵਿੱਚ ਸੋਫੀ ਬੰਦੇ ਵੀ ਮੌਜ਼ੂਦ ਨੇ।
  07/02/21

ਕਰੋਨਾ ਅਤੇ ਗੁਰਬਾਣੀ

ਅੱਜ ਕਲ ਕਰੋਨਾ ਦਾ ਕੁਹਰਾਮ ਮਚਿਆ ਹੋਇਆ ਹੈ।ਹਰ ਪਾਸੇ ਬੜੇ ਪੱਧਰ ਤੇ ਸਿਆਸਤ ਵੀ ਹੋ ਰਹੀ ਹੈ।ਦੂਸ਼ਨਬਾਜੀ ਵੀ ਹੋ ਰਹੀ ਹੈ।ਕੋਈ ਕਹਿੰਦਾ ਇਹ ਜੈਵਿਕ ਯੁਧ ਹੋ ਰਿਹਾ ਹੈ।ਕਦੇ ਉਂਗਲੀ ਚੀਨ ਵਲ ਉੱਠਦੀ ਹੈ ਤੇ ਕਦੇ ਅਮਰੀਕਾ ਵਲ।ਪਰ ਇਸ ਲੇਖ ਦਾ ਵਿਸ਼ਾ ਇਹਨਾਂ ਸਵਾਲਾਂ ਦਾ ਜਵਾਬ ਲੱਭਣਾ ਨਹੀ ਬਲਕਿ ਇਸ ਵਬਾ ਜਾਂ ਮਹਾਂਮਾਰੀ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਸਮਝਣਾ ਹੈ।ਇਹ ਵੀ ਸਮਝਣਾ ਹੈ ਕਿ ਇਸ ਮਹਾਂਮਾਰੀ ਪ੍ਰਤੀ ਗੁਰਬਾਣੀ ਸਾਨੂੰ ਕੀ ਰਵੱਈਆ ਅਪਨਾਉਣ ਦੀ ਹਦਾਇਤ ਕਰਦੀ ਹੈ।


ਤਿੰਨ ਤਰ੍ਹਾਂ ਦੇ ਰੋਗ
ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਜਾਂ ਰੋਗ ਅਕਸਰ ਵਾਪਰਦੇ ਰਹੇ ਹਨ ਅਤੇ ਵਾਪਰਦੇ ਰਹਿਣਗੇ।ਗੁਰਬਾਣੀ ਅਤੇ ਭਾਰਤੀ ਸੋਚ ਅਨੁਸਾਰ ਇਹ ਰੋਗ ਤਿੰਨ ਤਰ੍ਹਾਂ ਦੇ ਹਨ ਅਤੇ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਤਿੰਨ ਜਾਂ ਤੀਨੇ ਤਾਪ ਕਰਕੇ ਆਉਂਦਾ ਹੈ। ਇਹਨਾ ਨੂੰ ਆਧਿ, ਵਿਆਧਿ ਅਤੇ ਉਪਾਧਿ ਦਾ ਨਾਂ ਦਿੱਤਾ ਗਿਆ ਹੈ।ਪ੍ਰੋ ਸਾਹਿਬ ਸਿੰਘ ਇਹਨਾ ਤਿੰਨ ਰੋਗਾਂ ਦੀ ਵਿਆਖਿਆ ਕਰਦੇ ਇਹਨਾਂ ਨੂੰ ਮਾਨਸਿਕ ਰੋਗ, ਸਰੀਰਕ ਰੋਗ ਅਤੇ ਝਗੜੇ ਆਖਦੇ ਨੇ।ਭਾਈ ਕਾਨ੍ਹ ਸਿੰਘ ਵੀ ਆਧਿ, ਵਿਆਧਿ ਅਤੇ ਉਪਾਧਿ ਦਾ ਇਹੀ ਅਰਥ ਕਰਦੇ ਨੇ।ਪਰ ਉਹ ਤਿੰਨ ਤਾਪਾਂ ਦੀ ਵੰਡ ਇਸ ਤਰ੍ਹਾਂ ਕਰਦੇ ਨੇ।

ਆਧਿਆਤਮਿਕ– ਦੇਹ ਦੇ ਰੋਗ ਅਤੇ ਕ੍ਰੋਧਾਦਿ ਮਨ ਦੇ ਵਿਕਾਰ

ਆਧਿਭੌਤਿਕ– ਜੋ ਦੁੱਖ ਜੀਵਾਂ ਤੋਂ ਪ੍ਰਾਪਤ ਹੋਣ।ਜੈਸੇ ਮੱਛਰ ਸਰਪ ਸ਼ੇਰ ਆਦਿ ਤੋਂ।

ਆਧਿਦੈਵਿਕ– ਜੋ ਪ੍ਰਾਕ੍ਰਿਤ ਦੇਵਤਾ ਤੋਂ ਪ੍ਰਾਪਤ ਹੋਣ।ਜੈਸੇ ਧੁੱਪ ਪਾਲਾ ਹਨੇਰੀ ਗੋਲੇ ਆਦਿ।

ਤਿੰਨਾਂ ਰੋਗਾਂ ਦੀ ਵਿਆਖਿਆ ਵਿੱਚ ਵਖਰੇਂਵੇ ਨੂੰ ਆਪਾਂ ਹਾਲ ਦੀ ਘੜੀ ਛੱਡ ਦੇਨੇ ਹਾਂ।ਪਰ ਇੱਕ ਗੱਲ ਸਾਫ ਹੈ ਕਿ ਦੁਨੀਆਂ ਵਿੱਚ ਵਾਪਰਦੇ ਸਾਰੇ ਦੁੱਖ ਇਹਨਾਂ ਤਿੰਨਾਂ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ।ਸਮੇਂ ਸਮੇਂ ਅਨੁਸਾਰ ਰੋਗਾਂ ਦੇ ਨਾਂ ਜ਼ਰੂਰ ਬਦਲੇ ਨੇ ਪਰ ਇਹਨਾਂ ਸਾਰੇ ਰੋਗਾਂ ਨੂੰ ਅਸੀਂ ਅਸਾਨੀ ਨਾਲ ਇਹਨਾਂ ਤਿੰਨਾਂ ਕਿਸਮਾਂ ਵਿੱਚ ਵੰਡ ਸਕਦੇ ਹਾਂ।ਆਪਾਂ ਇਸ ਲੇਖ ਵਿੱਚ ਇਹ ਵਿਚਾਰ ਕਰਨੀ ਹੈ ਕਿ ਗੁਰਬਾਣੀ ਅਨੁਸਾਰ ਇਹ ਸਾਰੇ ਰੋਗਾਂ ਦਾ ਕਾਰਣ ਅਤੇ ਨਿਵਾਰਣ ਕੀ ਹੈ।ਅੱਜ ਕਲ ਕਰੋਨਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਇਸ ਲਈ ਇਸ ਸੰਦਰਭ ਵਿੱਚ ਹੀ ਅਸੀਂ ਇਸ ਮਹਾਂਮਾਰੀ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ।ਇਹ ਮਹਾਂਮਾਰੀ ਜਾਂ ਵਬਾ ਵਿਆਧਿ ਸ਼ਰੇਣੀ ਦੇ ਰੋਗਾਂ ਵਿੱਚ ਗਿਣੀ ਜਾਏਗੀ।


ਵਬਾ ਜਾਂ ਮਹਾਂਮਾਰੀ ਕੀ ਹੈ?
ਆਉ ਪਹਿਲਾਂ ਇਸ ਮਹਾਂਮਾਰੀ ਜਿਸ ਨੂੰ ਕਰੋਨਾਂ ਜਾਂ ਕੋਵਿਡ-19 ਕਰਕੇ ਜਾਣਿਆ ਜਾਂਦਾ ਹੈ ਵਾਰੇ ਸਮਝੀਏ ਕਿ ਇਹ ਕੀ ਹੈ।ਕਰੋਨਾਂ 2019 ਦੇ ਅਖੀਰ ਵਿੱਚ ਚੀਨ ਤੋਂ ਸ਼ੁਰੂ ਹੋ ਕੇ ਹੁਣ ਸਾਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ।ਇਹ ਕਿਹਾ ਜਾਂਦਾ ਹੈ ਕਿ ਇਹ ਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿਖੇ ਚਾਮਚੜਿਕ ਨੂੰ ਖਾਣ ਤੋਂ ਇਨਸਾਨ ਅੰਦਰ ਦਾਖਲ ਹੋਇਆ।ਪਰ ਇਸ ਮਹਾਂਮਾਰੀ ਦੇ ਸ਼ੁਰੂ ਹੋਣ ਵਾਰੇ ਹਾਲੇ ਕਾਫੀ ਮਤਭੇਦ ਹਨ ਜਿਨ੍ਹਾਂ ਵਾਰੇ ਇੱਥੇ ਜ਼ਿਕਰ ਕਰਨਾ ਮੁਨਾਸਿਬ ਨਹੀਂ ਕਿਉਂਕਿ ਇਹ ਮੁੱਦਾ ਇਸ ਲੇਖ ਦੇ ਵਿਸ਼ੇ ਤੋਂ ਬਾਹਰ ਹੈ।ਖੈਰ ਨਵੰਬਰ 2020 ਦੇ ਪਹਿਲੇ ਹਫਤੇ ਦੇ ਅਖੀਰ ਤਕ ਲਗਭਗ ਪੰਜ ਕਰੋੜ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਨੇ ਅਤੇ ਬਾਰਾਂ ਲੱਖ ਤੋਂ ਉਪਰ ਮੌਤਾਂ ਵੀ ਹੋ ਚੁੱਕੀਆਂ ਹਨ।ਸਾਰੀ ਦੁਨੀਆਂ ਬੰਦ ਹੈ।ਕਾਰੋਬਾਰ ਬੰਦ ਨੇ।ਲੋਕਾਂ ਦੇ ਆਉਣ ਜਾਣ ਤੇ ਮਨਾਹੀ ਹੈ।ਕਿਸੇ ਵੀ ਕਿਸਮ ਦੇ ਇਕੱਠ ਤੇ ਵੀ ਬੰਦਸ਼ਾਂ ਹਨ।ਤਾਂ ਜੋ ਇਸ ਬੀਮਾਰੀ ਨੂੰ ਮਜ਼ੀਦ ਫੇਲਣ ਤੋਂ ਰੋਕਿਆ ਜਾ ਸਕੇ।ਕਿਉਂਕਿ ਇਹ ਮਰਜ਼ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਬਹੁਤ ਜ਼ਲਦ ਲਗ ਫੇਲਦੀ ਹੈ।ਇਸ ਮਰਜ਼ ਵਿੱਚ ਬੁਖਾਰ ਦੇ ਨਾਲ ਨਾਲ ਸੁੱਕੀ ਖੰਙ ਤੇ ਥਕਾਵਟ ਮਹਿਸੂਸ ਹੁੰਦੀ ਹੈ।ਕਈ ਵਾਰੀ ਬਦਹਜ਼ਮੀ ਅਤੇ ਸਿਰਦਰਦ ਵੀ ਹੁੰਦਾ ਹੈ।ਜਿਉਂ ਹੀ ਇਸ ਮਰਜ਼ ਦੇ ਜਰਾਸੀਮ ਬੰਦੇ ਦੇ ਸਰੀਰ ਵਿੱਚ ਦਾਖਲ ਹੁੰਦੇ ਨੇ ਉਹ ਬਹੁਤ ਤੇਜ਼ੀ ਨਾਲ ਵਧ ਕੇ ਸਰੀਰ ਤੇ ਆਪਣੀ ਸਲਤਨਤ ਕਾਇਮ ਕਰ ਲੈਂਦੇ ਨੇ।ਸਰੀਰ ਦੇ ਸੈੱਲਾਂ ਅੰਦਰ ਦਾਖਲ ਹੋ ਤੇਜ਼ੀ ਨਾਲ ਵਧਣ ਲਗਦੇ ਨੇ।ਜਲਦ ਹੀ ਇਹ ਵਾਇਰਸ ਫੇਫੜਿਆਂ ਤੇ ਮਾਰ ਕਰਦਾ ਹੈ ਜਿਸ ਨਾਲ ਸਾਹ ਦੀ ਤਕਲੀਫ ਹੁੰਦੀ ਹੈ ਜੋ ਘਾਤਿਕ ਸਿੱਧ ਹੁੰਦੀ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।ਸਾਰੀ ਦੁਨੀਆ ਦੇ ਮਾਹਰ ਸਿਰ ਜੋੜ ਕੇ ਬੈਠੇ ਨੇ ਪਰ ਹਾਲਾਂ ਤਕ ਇਸ ਮਰਜ਼ ਦਾ ਕੋਈ ਇਲਾਜ਼ ਨਹੀਂ ਲੱਭ ਹੋਇਆ।ਕਿਉਂਕਿ ਇਸ ਬੀਮਾਰੀ ਨੇ ਸਾਰੇ ਜੱਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਇਸ ਕਰਕੇ ਇਸ ਨੂੰ ਮਹਾਂਮਾਰੀ ਦਾ ਲਕਬ ਦਿੱਤਾ ਗਿਆ ਹੈ।
ਮਹਾਂਮਾਰੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਹੁਣ ਤਕ ਵਾਪਰੀਆਂ ਮਹਾਂਮਾਰੀਆਂ ਤੇ ਇੱਕ ਨਜ਼ਰ ਮਾਰੀਏ।ਮਨੁੱਖ ਆਦਿ ਕਾਲ ਤੋਂ ਹੀ ਮਹਾਂਮਾਰੀਆਂ ਦੀ ਲਪੇਟ ਵਿੱਚ ਆਉਂਦਾ ਰਿਹਾ ਹੈ।ਪਿਛਲੇ ਸਮੇ ਵਿੱਚ ਆਈਆਂ ਮਹਾਂਮਾਰੀਆਂ ਦੇ ਸ਼ੁਰੂ ਹੋਣ ਦੇ ਕਾਰਣ ਅਤੇ ਇਲਾਜ਼ ਦੀ ਜਾਣਕਾਰੀ ਇਸ ਲੇਖ ਦੇ ਵਿਸ਼ੇ ਨੂੰ ਸਮਝਣ ਵਿੱਚ ਬਹੁਤ ਸਹਾਈ ਹੋਏਗੀ।ਨੈਸ਼ਨਲ ਜ਼ੀਓਗ੍ਰਾਫਿਕ ਰਸਾਲੇ ਦੇ ਅਗਸਤ 2020 ਦੇ ਅੰਕ ਵਿੱਚ ਕੁਝ ਮਹਾਂਮਾਰੀਆਂ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਦਿੱਤੀ ਗਈ ਹੈ।

ਰੋਮ ਦੀ ਪਲੇਗ (ਸੰਨ 165-180) – ਇਹ ਰੋਮ ਸਾਮਰਾਜ਼ ਅੰਦਰ ਲਗਾਤਾਰ ਕੋਈ 16 ਸਾਲ ਤਕ ਮਾਰ ਕਰਦੀ ਹਰ ਰੋਜ਼ ਕੋਈ 2000 ਬੰਦਿਆਂ ਦੀ ਮੌਤ ਦਾ ਕਾਰਣ ਬਣੀ। ਕੁਲ ਮੌਤਾਂ ਦੀ ਗਿਣਤੀ 5 ਮਿਲੀਅਨ ਦੱਸੀ ਜਾਂਦੀ ਹੈ।

ਜਸਟੀਨੀਅਨ ਪਲੇਗ (ਸੰਨ 541-588)– ਇਹ ਪਲੇਗ ਕੋਈ 48 ਸਾਲ ਤਕ ਮਾਰ ਕਰਦੀ ਰਹੀ ਅਤੇ ਇਸ ਨਾਲ ਕੋਈ 50 ਮਿਲੀਅਨ ਲੋਕ ਮਾਰੇ ਗਏ।ਇਹ ਮੈਡੀਟ੍ਰੇਨੀਅਨ ਇਲਾਕੇ ਵਿੱਚ ਸਰਗਰਮ ਰਹੀ ਅਤੇ ਇਸਦੇ ਜੀਵਾਣੂ ਜਾਂ ਬੈਕਟੀਰੀਆ ਚੂਹੇ ਅਤੇ ਪਿੱਸੂ ਤੋਂ ਮਨੁੱਖ ਅੰਦਰ ਦਾਖਲ ਹੋਏ।

ਕਾਲੀ ਮੌਤ ( ਸੰਨ 1347-1351) – ਬਲੈਕ ਡੈੱਥ ਜਾਂ ਕਾਲੀ ਮੌਤ ਪੰਜਾ ਸਾਲਾਂ ਵਿੱਚ ਹੀ ਸਾਰੀ ਦੁਨੀਆਂ ਵਿਚ ਫੈਲ ਗਈ ਅਤੇ ਇਸ ਨਾਲ ਕੋਈ 50 ਮਿਲੀਅਨ ਮੌਤਾਂ ਹੋਈਆਂ।ਯੂਰਪ ਦੀ ਤਾਂ 30 ਤੋਂ 50 ਫੀ ਸਦੀ ਅਬਾਦੀ ਇਸ ਦਾ ਸ਼ਿਕਾਰ ਹੋਈ।ਇਸ ਦੇ ਜੀਵਾਣੂ ਜਾਂ ਬੈਕਟੀਰੀਆ ਜੂੰ ਅਤੇ ਪਿੱਸੂ ਤੋਂ ਮਨੁੱਖ ਅੰਦਰ ਦਾਖਲ ਹੋਏ।

ਚੇਚਕ (ਸੰਨ 1519-20) – ਇਹ ਮੈਕਸੀਕੋ ਵਿੱਚ ਸਪੇਨ ਤੋਂ ਆਏ ਬੰਦਿਆਂ ਰਾਹੀ ਉਥੋਂ ਦੀ ਸਥਾਨਿਕ ਅਬਾਦੀ ਵਿੱਚ ਫੈਲ ਉਨਾਂ ਦਾ ਲਗਭਗ ਸਫਾਇਆ ਹੀ ਕਰ ਗਿਆ।ਕੁਲ ਮੌਤਾਂ ਦੀ ਗਿਣਤੀ 8 ਮਿਲੀਅਨ ਦੱਸੀ ਜਾਂਦੀ ਹੈ।

ਪਹਿਲੀ ਕੋਕੋਲਿਜ਼ਲੀ (1545-48) – ਇਹ ਵੀ ਮੈਕਸੀਕੋ ਵਿੱਚ ਫੈਲੀ ਬੀਮਾਰੀ ਹੈ ਜਿਸ ਵਾਰੇ ਬਹੁਤੀ ਜਾਣਕਾਰੀ ਨਹੀਂ ਹੈ।ਇਸ ਵਿੱਚ ਤੇਜ਼ ਬੁਖਾਰ, ਸਿਰਦਰਦ ਅਤੇ ਅੱਖ, ਮੂੰਹ ਤੇ ਨੱਕ ਵਿੱਚੋਂ ਖੂਨ ਵਗਣ ਵਰਗੀਆਂ ਅਲਾਮਤਾਂ ਹੁੰਦੀਆਂ ਹਨ।ਕੁਲ ਮੌਤਾਂ 15 ਮਿਲੀਅਨ ਸੀ।

ਦੂਜੀ ਕੋਕੋਲਿਜ਼ਲੀ (1576-78) – ਕੋਕੋਲਿਜ਼ਲੀ (ਛੋਚੋਲਜ਼ਿਟਲi) ਨੇ ਮੈਕਸੀਕੋ ਨੂੰ ਇਕ ਵਾਰ ਫਿਰ ਘੇਰ ਦੋ ਤਿੰਨਾਂ ਸਾਲਾਂ ਵਿੱਚ ਹੀ ਕੋਈ ਢਾਈ ਮਿਲੀਅਨ ਲੋਕਾਂ ਦੀ ਮੌਤ ਦਾ ਕਾਰਨ ਬਣਿਆ।

ਰੂਸੀ ਫਲੂ (1889-90) – ਇਕ ਵਿਗਿਆਨਿਕ ਰਪੋਟ ਮੁਤਾਬਿਕ ਇਹ ਆਵਾਜਾਈ ਨਾਲ ਜੁੜੀ ਦੁਨੀਆਂ ਦੀ ਪਹਿਲੀ ਮਹਾਂਮਾਰੀ ਸੀ।ਇਸ ਨੇ ਇੱਕ ਸਾਲ ਵਿੱਚ ਹੀ ਕੋਈ ਇੱਕ ਮਿਲੀਅਨ ਲੋਕਾਂ ਦੀ ਜਾਨ ਲਈ।

ਤੀਜੀ ਪਲੇਗ (1894-1922) – ਇਹ ਦੱਖਣੀ ਚੀਨ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿੱਚ 29 ਸਾਲ ਤੱਕ ਚੱਲੀ ਅਤੇ 10 ਮਿਲੀਅਨ ਲੋਕ ਇਸ ਦੀ ਭੇਟ ਚੜ੍ਹੇ।ਇਹ ਵੀ ਚੂਹੇ ਅਤੈ ਪਿਸੂਆਂ ਤੋਂ ਮਨੁੱਖ ਤੱਕ ਆਈ।

ਹੈਜ਼ਾ 6 (1899-1923) – ਇਹ ਜ਼ਿਆਦਾਤਰ ਭਾਰਤ ਵਿੱਚ ਫੈਲਿਆ ਅਤੇ ਅੱਠ ਲੱਖ ਜਾਨਾਂ ਲੈਣ ਦਾ ਕਾਰਣ ਬਣਿਆ।ਭਾਰਤ ਵਿੱਚ ਹੁਣ ਇਹ ਖਤਮ ਹੋ ਚੁੱਕਾ ਹੈ ਪਰ ਇੰਡੋਨੇਸ਼ੀਆ ਵਿੱਚ ਹਾਲੇ ਵੀ ਜ਼ਾਰੀ ਹੈ।ਕੁਲ ਮੌਤਾ ਡੇੜ ਮਿਲੀਅਨ ਹੋ ਚੁੱਕੀਆਂ ਹਨ।

ਸਪੇਨੀ ਫਲੂ (1918-19) – ਇਸ ਦੀ ਸਭ ਤੋਂ ਪਹਿਲਾਂ ਸਪੇਨ ਤੋਂ ਰਿਪੋਟ ਆਈ।ਸ਼ਾਇਦ ਇਸੇ ਕਰਕੇ ਇਸ ਨੂੰ ਸਪੇਨ ਦੇ ਨਾਲ ਜੋੜ ਦਿੱਤਾ ਗਿਆ।ਜਦ ਕਿ ਇਸ ਮਰਜ਼ ਦੇ ਸ਼ਿਕਾਰ ਪਹਿਲੀ ਆਲਮੀ ਜੰਗ ਦੇ ਸਿਪਾਹੀ ਇਸ ਨੂੰ ਸਾਰੇ ਯੁਰਪ ਵਿੱਚ ਹੀ ਫੈਲਾ ਚੁੱਕੇ ਸਨ।ਇਸ ਦੇ ਜੀਵਾਣੂ ਸੂਰ ਤੋਂ ਮਨੁੱਖ ਤਕ ਪਹੁੰਚੇ ਅਤੇ ਇਕ ਸਾਲ ਵਿੱਚ ਹੀ ਇਸ ਨੇ 50 ਮਿਲੀਅਨ ਜਾਨਾਂ ਲੈ ਲਈਆਂ।

ਏਸ਼ੀਆਈ ਫਲੂ (1957-58) – ਇਸ ਦੇ ਜੀਵਾਣੂ ਪੰਛੀਆਂ ਤੋਂ ਮਨੁੱਖ ਤੱਕ ਆਏ ਅਤੇ ਇਹ ਨੋਜਵਾਨਾਂ ਲਈ ਜ਼ਿਆਦਾ ਘਾਤਿਕ ਸਿਧ ਹੋਇਆ।ਕੁਲ ਮੌਤਾਂ ਗਿਆਰਾਂ ਲੱਖ ਹੋਈਆਂ।

ਹਾਂਗਕਾਂਗ ਫਲੂ (1968) – ਇਹ ਵੀਤਨਾਮ ਤੋਂ ਪਰਤੇ ਅਮਰੀਕਣ ਸਿਪਾਹੀਆ ਦੀ ਲਾਗ ਨਾਲ ਅਮਰੀਕਾ ਵਿੱਚ ਫੈਲਿਆ।ਇਹ ਵੀ ਪੰਛੀਆਂ ਤੋਂ ਸ਼ੁਰੂ ਹੋਇਆ ਮੰਨਿਆਂ ਜਾਂਦਾ ਹੈ।ਇਸ ਨਾਲ ਕੋਈ ਇੱਕ ਮਿਲੀਅਨ ਜਾਨਾਂ ਗਈਆਂ।ਹਾਲੇ ਵੀ ਇਹ ਕਿਸੇ ਨ ਕਿਸੇ ਸ਼ਕਲ ਵਿੱਚ ਸਿਰ ਚੁੱਕ ਲੈਂਦਾ ਹੈ।

ਏਡਜ਼ (1981-) – ਇਹ ਅਫਰੀਕਾ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ।ਇਸ ਦੇ ਜੀਵਾਣੂ ਚਿੰਪੈਂਜ਼ੀ ਜਾਣੀ ਵਣਮਾਨੁਸ਼ ਰਾਹੀਂ ਮਨੁੱਖ ਤੱਕ ਪਹੁੰਚੇ।ਹੁਣ ਤੱਕ ਇਸ ਨਾਲ ਕੋਈ 32 ਮਿਲੀਅਲ ਲੋਕ ਮਰ ਚੁੱਕੇ ਨੇ ਅਤੇ ਇਸ ਦਾ ਪ੍ਰਕੋਪ ਹਾਲਾਂ ਵੀ ਜਾਰੀ ਹੈ।

ਇਲਾਜ਼ ਕੀ ਹੈ
ਉਪਰੋਕਿਤ ਮਹਾਂਮਾਰੀਆਂ ਵਾਰੇ ਪੜ੍ਹ ਕੇ ਇੱਕ ਗੱਲ ਸਾਫ ਹੋ ਜਾਂਦੀ ਹੈ ਕਿ ਇਹ ਬੀਮਾਰੀ ਕਿਸੇ ਜੀਵਾਣੂ ਦੇ ਮਨੁੱਖਾ ਸਰੀਰ ਅੰਦਰ ਘਰ ਪਾਉਣ ਤੇ ਹੂੰਦੀ ਹੈ।ਇਹ ਜੀਵਾਣੂ ਕਿਸੇ ਜਾਨਵਰ, ਪੰਛੀ ਜਾਂ ਕਿਸੇ ਹੋਰ ਜੀਵ ਜੰਤੂ ਤੋਂ ਮਨੁੱਖ ਦੇ ਸਰੀਰ ਅੰਦਰ ਦਾਖਲ ਹੋ ਤੇਜ਼ੀ ਨਾਲ ਵਧਣ ਫੁਲਣ ਲਗਦੇ ਨੇ।ਫਿਰ ਇਕ ਬੰਦੇ ਤੋਂ ਦੂਜੇ ਬੰਦੇ ਤਕ ਹਵਾ ਜਾਂ ਛੂਤ ਨਾਲ ਬਹੁਤ ਜਲਦ ਪਹੁੰਚ ਵਬਾ ਦਾ ਰੂਪ ਧਾਰਨ ਕਰ ਲੈਂਦੇ ਨੇ।ਅਗਰ ਮਨੁੱਖ ਦੇ ਸਰੀਰ ਅੰਦਰ ਰੋਗ ਰੋਕੂ (ੀਮਮੁਨਟਿੇ) ਸ਼ਕਤੀ ਹੈ ਤਾਂ ਉਹ ਇਹਨਾਂ ਜੀਵਾਣੂਆਂ ਨੂੰ ਖਤਮ ਕਰ ਦਿੰਦੀ ਹੈ ਅਤੇ ਇਹ ਜੀਵਾਣੂ ਉਸਦਾ ਕੁਝ ਨਹੀਂ ਵਿਗਾੜ ਸਕਦੇ।ਹਰ ਇਨਸਾਨ ਦੀ ਰੋਗ ਰੋਕ ਸ਼ਕਤੀ ਵੱਖਰੀ ਵੱਖਰੀ ਹੁੰਦੀ ਹੈ।ਹਰ ਸਰੀਰ ਇਹ ਰੋਗ ਰੋਕ ਸ਼ਕਤੀ ਰੋਗ ਹੋਣ ਤੇ ਟਾਕਰੇ ਲਈ ਲੋੜ ਅਨੁਸਾਰ ਖੁਦ ਵੀ ਪੈਦਾ ਕਰਦਾ ਹੈ।ਇਸੇ ਕਰਕੇ ਕਈ ਬੀਮਾਰੀਆਂ ਵਾਰੇ ਇਹ ਕਿਹਾ ਜਾਂਦਾ ਹੈ ਕਿ ਅਗਰ ਕਿਸੇ ਨੂੰ ਇੱਕ ਵਾਰ ਹੋ ਕੇ ਹਟ ਜਾਏ ਤਾਂ ਦੁਵਾਰਾ ਨਹੀਂ ਹੁੰਦੀ।ਕਿਉਂਕਿ ਬੀਮਾਰੀ ਹੋਣ ਤੇ ਸਰੀਰ ਉਸ ਤੋਂ ਬਚਾਅ ਲਈ ਲੋੜੀਂਦਾ ਰੋਗਰੋਕ ਸ਼ਕਤੀ ਪੈਦਾ ਕਰ ਚੁੱਕਾ ਹੁੰਦਾ ਹੈ।ਇਸੇ ਕਰਕੇ ਕਈ ਖਿੱਤਿਆਂ ਵਿੱਚ ਵਸਦੇ ਲੋਕਾਂ ਵਿੱਚ ਕਈ ਬੀਮਾਰੀਆਂ ਦੇ ਜੀਵਾਣੂਆਂ ਨੂੰ ਮਾਰਨ ਦੀ ਸ਼ਕਤੀ ਬਿਲਕੁਲ ਨਹੀਂ ਹੂੰਦੀ ਕਿਉਂਕਿ ਉੱਥੇ ਉਹ ਬੀਮਾਰੀ ਕਦੀ ਹੋਈ ਹੀ ਨਹੀਂ ਹੁੰਦੀ।ਇਸੇ ਦੇ ਉਲਟ ਜਿਨ੍ਹਾਂ ਖਿੱਤਿਆਂ ਵਿੱਚ ਇਹ ਬੀਮਾਰੀ ਹੋ ਚੁੱਕੀ ਹੁੰਦੀ ਹੈ ਉਥੋਂ ਦੀ ਵਸੋਂ ਕੋਲ ਇਸ ਬੀਮਾਰੀ ਦੀ ਰੋਗਰੋਕ ਸ਼ਕਤੀ ਹੁੰਦੀ ਹੈ।ਜਦੋਂ ਸਾਮਰਾਜ਼ ਦਾ ਬੋਲ ਬਾਲਾ ਸੀ ਤਾਂ ਧਾੜਵੀ ਕੌਮਾਂ ਆਪਣੇ ਸਰੀਰਾਂ ਅੰਦਰ ਉਹ ਜੀਵਾਣੂ ਵੀ ਲੈ ਆਈਆਂ ਜਿਨਾਂ ਦਾ ਟਾਕਰਾ ਕਰਨ ਲਈ ਸਥਾਨਿਕ ਵਸੋਂ ਦੇ ਸਰੀਰਾਂ ਅੰਦਰ ਕੋਈ ਰੋਗ ਰੋਕ ਸ਼ਕਤੀ ਨਹੀ ਸੀ।ਕਿਉਂਕਿ ਸਥਾਨਿਕ ਵਸੋਂ ਦੇ ਸਰੀਰਾਂ ਨੇ ਇਸ ਬੀਮਾਰੀ ਦਾ ਕਦੇ ਸਾਹਮਣਾ ਹੀ ਨਹੀਂ ਕੀਤਾ ਸੀ।ਇਹ ਇੱਕ ਤਰ੍ਹਾ ਨਾਲ ਅਣਜਾਣੇ ਵਿੱਚ ਕੀਤਾ ਜੈਵਿਕ ਯੁੱਧ ਸੀ।ਉੱਪਰ ਮੈਂ ਮੈਕਸੀਕੋ ਵਿੱਚ ਚੇਚਕ ਦੀ ਵਬਾ ਫੇਲਣ ਦਾ ਜ਼ਿਕਰ ਕੀਤਾ ਹੈ।ਇਸ ਦੇ ਸ਼ੁਰੂ ਹੋਣ ਦੀ ਕਹਾਣੀ ਬੜੀ ਰੌਚਿਕ ਅਤੇ ਦੁਖਦਾਈ ਹੈ।ਹੋਇਆ ਇਸ ਤਰ੍ਹਾਂ ਕਿ ਸਪੇਨੀ ਸਿਪਾਹੀਆ ਦੇ ਨਾਲ ਫਰਾਂਸਿਸਕੋ ਨਾਮੀ ਇਕ ਅਫਰੀਕਨ ਗੁਲਾਮ ਵੀ ਮੈਕਸੀਕੋ ਆਇਆ ਬਦਕਿਸਮਤੀ ਨਾਲ ਉਸ ਦੇ ਜਿਸਮ ਵਿੱਚ ਚੇਚਕ ਦੇ ਜ਼ਰਾਸੀਮ ਵੀ ਸਨ।ਉਥੇ ਪਹੁੰਚਦਿਆ ਹੀ ਚੇਚਕ ਨੇ ਪੂਰਾ ਜ਼ੋਰ ਫੜ ਲਿਆ ਅਤੇ ਉਸਦਾ ਸਾਰਾ ਸਰੀਰ ਚੇਚਕ ਦੇ ਫੋੜਿਆਂ ਨਾਲ ਭਰ ਗਿਆ।ਉਸ ਨੂੰ ਇਕ ਸਥਾਨਿਕ ਵਸ਼ਿੰਦੇ ਦੇ ਘਰ ਅਰਾਮ ਕਰਨ ਲਈ ਕਿਹਾ ਗਿਆ ਜਿਸ ਤੋ ਉਸ ਘਰ ਦਾ ਸਾਰਾ ਪਰਿਵਾਰ ਹੀ ਚੇਚਕ ਦਾ ਮਰੀਜ਼ ਬਣ ਗਿਆ।ਦਸ ਦਿਨ ਦੇ ਅੰਦਰ ਹੀ ਇਸ ਵਬਾ ਨੇ ਸਾਰੀ ਸਥਾਨਿਕ ਵਸੋਂ ਨੂੰ ਘੇਰ ਮੈਕਸੀਕੋ ਨੂੰ ਸਥਾਨਿਕ ਵਸੋਂ ਦਾ ਕਬਰਿਸਤਾਨ ਬਣਾ ਦਿੱਤਾ।ਇਸ ਤੋਂ ਪਹਿਲਾਂ ਮੈਕਸੀਕੋ ਵਿੱਚ ਕਦੇ ਚੇਚਕ ਨਹੀ ਸੀ ਹੋਇਆ ਇਸ ਕਰਕੇ ਸਥਾਨਿਕ ਵਸੋਂ ਦੇ ਸਰੀਰਾਂ ਅੰਦਰ ਇਸ ਰੋਗ ਦੇ ਟਾਕਰੇ ਲਈ ਰੋਗ ਰੋਕ ਸ਼ਕਤੀ ਨਹੀਂ ਸੀ ਜਿਸ ਕਾਰਣ ਇਹ ਭਾਣਾ ਵਾਪਰਿਆ।ਜਦੋਂ ਗੋਰੇ ਅਸਟ੍ਰੇਲੀਆ ਵਿੱਚ ਆਏ ਉਹ ਵੀ ਆਪਣੇ ਨਾਲ ਕਈ ਬੀਮਾਰੀਆਂ ਦੇ ਜ਼ਰਾਸੀਮ ਲੈ ਕੇ ਆਏ ਜੋ ਉਹਨਾਂ ਤੇ ਤਾਂ ਕੋਈ ਅਸਰ ਨਹੀਂ ਕਰ ਸਕੇ ਕਿਉਂਕਿ ਉਨ੍ਹਾ ਦੇ ਸਰੀਰ ਅੰਦਰ ਇਹਨਾਂ ਜ਼ਰਾਸੀਮਾਂ ਨੂੰ ਮਾਰਨ ਲਈ ਰੋਗ ਰੋਕ ਸ਼ਕਤੀ ਸੀ। ਪਰ ਇਨ੍ਹਾਂ ਜਰਾਸੀਮਾਂ ਨੂੰ ਸਥਾਨਿਕ ਵਸੋਂ ਦੇ ਸਰੀਰ ਬਣੀ ਬਣਾਈ ਉਪਜਾਊ ਭੂਮੀ ਮਿਲ ਗਈ ਜਿਥੇ ਉਹ ਤੇਜ਼ੀ ਨਾਲ ਫੈਲ ਗਏ।ਇਸ ਨਾਲ ਇੱੱਥੋਂ ਦੀ ਸਥਾਨਿਕ ਵਸੋਂ ਕਾਫੀ ਤਦਾਦ ਵਿੱਚ ਮਰ ਗਈ ਕਿਉਂਕਿ ਉਹਨਾਂ ਅੰਦਰ ਵੀ ਇਨ੍ਹਾਂ ਜ਼ਰਾਸੀਮਾਂ ਦਾ ਮੁਕਾਬਲਾ ਕਰਨ ਲਈ ਰੋਗ ਰੋਕ ਸ਼ਕਤੀ ਨਹੀਂ ਸੀ।
ਇਸ ਸਾਰੀ ਵਿਚਾਰ ਤੋਂ ਕੁਝ ਗੱਲਾਂ ਸਾਹਮਣੇ ਆਉਂਦੀਆਂ ਹਨ।ਜਿੰਨੀਆਂ ਵੀ ਬੀਮਾਰੀਆਂ ਹਨ ਉਹ ਕਿਸੇ ਜੀਵਾਣੂ ਜਾਂ ਰੋਗਾਣੂ ਦੇ ਸਰੀਰ ਅੰਦਰ ਦਾਖਲ ਹੋਣ ਨਾਲ ਹੁੰਦੀਆਂ ਹਨ।ਇਹ ਰੋਗਾਣੂ ਕਿੱਥੋਂ ਆਉਂਦੇ ਜਾਂ ਉਪਜਦੇ ਨੇ।ਇਸ ਵਾਰੇ ਵਿਗਿਆਨੀਆਂ ਵਿੱਚ ਕਾਫੀ ਮਤਭੇਦ ਨੇ।ਜਾਂ ਇਹ ਕਹਿ ਲਉ ਕਿ ਕਾਦਰ ਦਾ ਇਹ ਭੇਤ ਹਾਲੇ ਜਾਹਰ ਨਹੀਂ ਹੋਇਆ।ਪਰ ਇਕ ਗਲ ਸਾਫ ਹੈ ਕਿ ਇਹ ਰੋਗਾਣੂ ਵੀ ਇਸ ਧਰਤੀ ਤੇ ਜੀਵਨ ਦਾ ਇੱਕ ਹਿੱਸਾ ਨੇ।ਸਾਡਾ ਸਰੀਰ ਵੀ ਕਿਸਾਨ ਦੇ ਇੱਕ ਖੇਤ ਦੀ ਤਰ੍ਹਾਂ ਹੈ।ਜਿਵੇ ਕਿਸਾਨ ਆਪਣੇ ਖੇਤ ਵਿਚਲੀ ਫਸਲ ਨੂੰ ਤੰਦਰੁਸਤ ਰੱਖਣ ਲਈ ਉਸ ਵਿੱਚੋਂ ਘਾਹ-ਫੁਸ ਇਤਿਆਦਿ ਨੂੰ ਖੇਤ ਵਿੱਚੋਂ ਕੱਢਦਾ ਹੈ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਰੋਗਾਣੂਆਂ ਜਾਂ ਵਿਸ਼ਾਣੂਆਂ ਤੋੰ ਮੁਕਤ ਰੱਖਣਾ ਪਏਗਾ।ਪਰ ਜਿਵੇਂ ਕਿ ਇਹ ਘਾਹ-ਫੁਸ ਬਨਸਪਤੀ ਦੀ ਜੀਵਨ ਲੜੀ ਦਾ ਇੱਕ ਹਿੱਸਾ ਨੇ ਇਸੇ ਤਰ੍ਹਾਂ ਇਹ ਜੀਵਾਣੂ, ਵਿਸ਼ਾਣੂ, ਰੋਗਾਣੂ ਤੇ ਬੈਕਟੀਰੀਆ ਵੀ ਧਰਤੀ ਤੇ ਜੀਵਨ ਲੜੀ ਦਾ ਇੱਕ ਹਿੱਸਾ ਨੇ।ਇਹ ਵੀ ਕਰਤੇ ਦੀ ਕੁਦਰਤ ਹੈ।ਸਾਡਾ ਰੋਗ ਇਹਨਾਂ ਰੋਗਾਣੂੰਆਂ ਦੇ ਜੀਵਨ ਦਾ ਸਾਡੇ ਸਰੀਰ ਤੇ ਪਿਆ ਅਸਰ ਹੈ।ਇਸ ਦੇ ਬਚਾਅ ਲਈ ਸਾਡੇ ਸਰੀਰ ਨੂੰ ਕਰਤਾ ਰੋਗ ਰੋਕ ਸ਼ਕਤੀ (ੀਮਮੁਨiਟਿੇ) ਦਿੰਦਾ ਹੈ।ਜਿਸ ਤਰ੍ਹਾਂ ਇੱਕ ਰੁੱਖ ਆਾਪਣੇ ਤੇ ਹੋਏ ਹਮਲੇ ਲਈ ਧਰਤੀ ਅੰਦਰੋ ਤੱਤ ਲੈ ਉਸ ਹਮਲੇ ਦਾ ਮੋੜ ਦਿੰਦਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਵੀ ਇਹਨਾਂ ਰੋਗਾਣੂਆਂ ਦਾ ਮੁਕਾਬਲਾ ਕਰਦਾ ਹੈ।ਮੈਡੀਕਲ ਸਾਇੰਸ ਵੀ ਰੋਗ ਦੇ ਇਲਾਜ਼ ਲਈ ਜੋ ਦਵਾ ਇਜ਼ਾਦ ਕਰਦੀ ਹੈ ਉਹ ਸਾਡੇ ਸਰੀਰ ਨੂੰ ਰੋਗ ਦਾ ਮੁਕਾਬਲਾ ਕਰਨ ਦੀ ਹੀ ਮਦਦ ਕਰਦੀ ਹੈ।ਇੱਕ ਆਮ ਕਹੀ ਸੁਣੀ ਜਾਂਦੀ ਗੱਲ ਹੈ ਕਿ ਖਾਣਾ ਦਵਾ ਹੈ।ਇਸ ਦਾ ਵੀ ਇਹੀ ਮਤਲਬ ਹੈ ਕਿ ਸਾਡਾ ਖਾਣ ਸਾਡੇ ਸਰੀਰ ਦੀ ਰੋਗ ਰੋਕ ਸ਼ਕਤੀ ਨੂੰ ਵਧਾਉਂਦਾ ਹੈ।ਹੁਣ ਇਹ ਇੱਕ ਆਮ ਗੱਲ ਹੈ ਕਿ ਬੱਚੇ ਦੀ ਪੈਦਾਇਸ਼ ਤੋਂ ਬਾਅਦ ਉਸਨੂੰ ਸਮੇ ਸਮੇ ਅੁਨਸਾਰ ਕੁਝ ਟੀਕੇ ਲਗਾਏ ਜਾਂਦੇ ਹਨ ਤਾਂ ਜੋ ਕੁਝ ਜਾਨ ਲੇਵਾ ਰੋਗ ਉਸ ਨੂੰ ਨ ਲਗ ਸਕਣ।ਇਹਨਾਂ ਜਾਨ ਲੇਵਾ ਰੋਗਾਂ ਦਾ ਵਿਗਿਆਨ ਨੂੰ ਹੁਣ ਪੂਰਾ ਇਲਮ ਹੈ ਅਤੇ ਇਹ ਭਲੀ ਭਾਂਤ ਜਾਣਦਾ ਹੈ ਕਿ ਇਹਨਾ ਰੋਗਾਂ ਦੇ ਜਵਿਾਣੂੰਆਂ ਨੂੰ ਕਿਵੇ ਕਾਬੂ ਕਰਨਾ ਹੈ।ਪਰ ਇਹ ਸਭ ਕੁਝ ਹੁੰਦਾ ਕੁਦਰਤ ਦੇ ਵਿਧਾਨ ਅੰਦਰ ਹੀ ਹੈ।
ਧਰਮ ਅਤੇ ਮਹਾਂਮਾਰੀ
ਵਬਾ ਜਾਂ ਮਹਾਂਮਾਰੀ ਨੂੰ ਸਮਝਣ ਤੋਂ ਬਾਅਦ ਆਓ ਹੁਣ ਇਹ ਦੇਖੀਏ ਕਿ ਇਸ ਵਾਰੇ ਧਰਮ ਦਾ ਕੀ ਨਜ਼ਰੀਆ ਹੈ।ਰਵਾਇਤੀ ਧਰਮ ਕਹਿਣ ਨੂੰ ਬੇਸ਼ੱਕ ਰੱਬ ਨੂੰ ਸਰਬ ਸ਼ਕਤੀਮਾਨ ਕਹਿੰਦੇ ਨੇ ਪਰ ਨਾਲ ਹੀ ਰੱਬ ਦੇ ਸ਼ਰੀਕ ਸ਼ੈਤਾਨ ਦੀ ਹੋਂਦ ਨੂੰ ਵੀ ਮਾਨਤਾ ਦਿੰਦੇ ਨੇ।ਇਸੇ ਕਰਕੇ ਹਰ ਕੁਦਰਤੀ ਕਰੋਪੀ ਨੂੰ ਉਹ ਸ਼ੈਤਾਨ ਦਾ ਕਾਰਨਾਮਾਂ ਜਾਂ ਕਿਸੇ ਦੇਵਤੇ ਦੇ ਕਰੋਧ ਦਾ ਪ੍ਰਗਟਾਵਾ ਦੱਸਦੇ ਨੇ।ਹਿੰਦੂ ਧਰਮ ਵਿੱਚ ਤਾਂ ਅਜਿਹੇ ਦੇਵਤਿਆਂ ਦੇ ਕਰੋਧ ਤੋਂ ਬਚਣ ਲਈ ਉਨ੍ਹਾਂ ਦੀ ਪੂਜਾ ਦਾ ਵਿਧਾਨ ਹੈ।ਇਸ ਲਈ ਉਨ੍ਹਾਂ ਦੇ ਨਾਮ ਤੇ ਮੰਦਰ ਬਣ ਜਾਂਦੇ ਨੇ।ਚੇਚਕ ਦੇ ਇਲਾਜ਼ ਲਈ ਸੀਤਲਾ ਦੇਵੀ ਦੀ ਪੂਜਾ ਆਮ ਹੈ।ਏਡਜ਼ ਦਾ ਵੀ ਮੰਦਰ ਬਣ ਚੁੱਕਾ ਹੈ।ਕੋਈ ਹੈਰਾਨੀ ਨਹੀਂ ਹੋਏਗੀ ਅਗਰ ਕਰੋਨਾਂ ਦੇਵਤੇ ਦਾ ਵੀ ਮੰਦਰ ਬਣ ਜਾਏ।ਰੋਜ਼ਾਨਾ ਸਪੋਕਸਮੈਨ ਵਿੱਚ 17 ਅਪਰੈਲ ਨੂੰ ਇੱਕ ਖਬਰ “ਕਰੋਨਾ ਮਹਾਮਾਰੀ ਦੇ ਖਾਤਮੇ ਲਈ ਇੱਕ ਪਾਸੇ ਵਿਗਿਆਨੀ ਦੂਜੇ ਪਾਸੇ ਅੰਧ-ਵਿਸ਼ਵਾਸ” ਦੇ ਸਿਰਲੇਖ ਹੇਠ ਛਪੀ ਹੈ।ਇਸ ਖਬਰ ਵਿੱਚ ਇਜ਼ਰਾਈਲ ਦੇ ਸਿਹਤ ਮੰਤਰੀ ਦਾ ਬਿਆਨ ਹੈ ਕਿ ਕਰੋਨਾ ਤੋਂ ਬਚਾਉਣ ਲਈ ਹੁਣ ਕੋਈ ਮਸੀਹਾ ਆਏਗਾ।ਤਨਜ਼ਾਨੀਆਂ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਈਸਾ ਮਸੀਹ ਦੇ ਸਰੀਰ ਅੰਦਰ ਕਰੋਨਾ ਨਹੀਂ ਬੈਠ ਸਕਦਾ।ਤਬਲੀਗੀ ਜ਼ਮਾਤ ਦਾ ਕਹਿਣਾ ਹੈ ਕਿ ਮਸਜ਼ਿਦ ਵਿੱਚ ਇਕੱਠ ਹੋਣ ਤੇ ਅਵੱਲ ਤਾ ਕਰੋਨੇ ਨਾਲ ਮੌਤ ਹੋ ਹੀ ਨਹੀ ਸਕਦੀ ਅਗਰ ਹੋ ਵੀ ਜਾਏ ਤਾਂ ਮਰਨ ਲਈ ਇਸ ਤੋਂ ਵਧੀਆ ਜਗ੍ਹਾ ਕੋਈ ਹੋਰ ਨਹੀਂ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਰੋਗ ਨੂੰ ਭਜਾਉਣ ਲਈ ਇੱਕ ਖਾਸ ਵਕਤ ਤਾਲੀਆਂ ਵਜਾਉਣ ਲਈ ਅਤੇ ਮੋਮਬੱਤੀਆਂ ਬਾਲਣ ਲਈ ਅਤੇ ਅਵਾਜੇ ਕੱਸਣ ਲਈ ਕਿਹਾ।
ਗੁਰਬਾਣੀ ਦਾ ਨਜ਼ਰੀਆ
ਸਿੱਖ ਧਰਮ ਵੀ ਹੁਣ ਜ਼ਿਆਦਤਰ ਰਵਾਇਤੀ ਧਰਮਾਂ ਵਰਗਾ ਬਣਦਾ ਜਾ ਰਿਹਾ ਹੈ।ਇਸ ਕਰਕੇ ਸਿੱਖ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਅਰਦਾਸਾਂ ਜਾਂ ਅਖੰਡ ਪਾਠ ਕਰਦੇ ਅਕਸਰ ਨਜ਼ਰ ਆਉਣਗੇ।ਪਰ ਸਿੱਖਾ ਦੀ ਇਹ ਕਾਰਗੁਜ਼ਾਰੀ ਸਿੱਖ ਫਲਸਫੇ ਨਾਲ ਮੇਲ ਨਹੀਂ ਖਾਦੀ।ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਇਸ ਦੁਨੀਆਂ ਵਿੱਚ ਹੀ ਨਹੀ ਬਲਕਿ ਕੁਲ ਕਾਇਨਾਤ ਵਿੱਚ ਜੋ ਵੀ ਵਾਪਰ ਰਿਹਾ ਉਹ ਕਰਤੇ ਦੀ ਕੁਦਰਤ ਹੈ।ਇੱਕ ਹੁਕਮ ਅਨੁਸਾਰ ਹੀ ਸਾਰਾ ਵਰਤਾਰਾ ਹੋ ਰਿਹਾ ਹੈ।ਅਕਾਰ ਬਣ ਰਹੇ ਨੇ, ਟੁੱਟ ਰਹੇ ਨੇ।ਜੀਅ ਪੈਦਾ ਹੋ ਰਹੇ ਨੇ, ਮਰ ਰਹੇ ਨੇ।ਗੁਰਵਾਕ ਹੈ ਕਿ “ਸਭ ਤੇਰੀ ਕੁਦਰਤਿ ਤੂੰ ਕਾਦਿਰੂ ਕਰਤਾ ਪਾਕੀ ਨਾਈ ਪਾਕੁ॥”(ਪੰਨਾ 464)।ਇਹ ਗੁਰ ਨਾਨਕ ਸਾਹਿਬ ਦੇ ਬਚਨ ਨੇ ਉਹ ਨ ਕੇਵਲ ਕਾਇਨਾਤ ਦੇ ਵਰਤਾਰੇ ਨੂੰ ਕਰਤੇ ਦੀ ਕਿਰਤ ਆਖ ਰਹੇ ਨੇ ਬਲਕਿ ਇਸ ਨੂੰ ਕਰਤੇ ਦੀ ਵਡਿਆਈ ਵੀ ਕਹਿ ਰਹੇ ਨੇ। ਕਰਤੇ ਦੇ ਇਸ ਹੁਕਮ ਨੂੰ ਪੂਰੀ ਤਰ੍ਹਾ ਬਿਆਨ ਨੀ ਕੀਤਾ ਜਾ ਸਕਦਾ।ਪਰ ਇਸ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਸੌਖੀ ਕਰ ਸਕਦੇ ਹਾਂ।ਦੁਨੀਆਂ ਵਿਚ ਕਰੋਪੀਆਂ ਵਾਪਰਦੀਆਂ ਰਹੀਆਂ ਹਨ ਅਤੇ ਵਾਪਰਦੀਆਂ ਰਹਿਣਗੀਆਂ।ਗੁਰਮਤਿ ਇਸ ਦਾ ਕਾਰਣ ਅਤੇ ਇਲਾਜ਼ ਕਰਤਾਰ ਦੇ ਹੁਕਮ ਨੂੰ ਸਮਝਣਾ ਹੀ ਦੱਸਦੀ ਹੈ।ਗੁਰਬਾਣੀ ਵਿੱਚ ਇਹ ਬਹੁਤ ਹੀ ਸਾਫ ਲਫ਼ਜ਼ਾਂ ਵਿੱਚ ਕਿਹਾ ਗਿਆ ਹੈ ਕਿ ਹਰ ਤਰ੍ਹਾ ਦੀ ਬੀਮਾਰੀ ਕਰਤਾਰ ਦੇ ਹੁਕਮ ਤਹਿਤ ਹੀ ਲਗਦੀ ਹੈ।“ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ਜਰਾ ਮਰਾ ਤਾਪੁ ਸਿਰਤਿ ਸਭੁ ਹਰ ਕੇ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰ ਕਾ ਲਾਇਆ॥(ਪੰਨਾ 168)।ਕਰੋਨਾ ਜਾਂ ਹੋਰ ਕੋਈ ਵੀ ਬੀਮਾਰੀ ਦੇ ਰੋਗਾਣੂ ਕਰਤੇ ਦੇ ਹੁਕਮ ਅੰਦਰ ਹੀ ਪੈਦਾ ਹੋ ਰਹੇ ਨੇ।ਇਹਨਾਂ ਨੂੰ ਕੋਈ ਸ਼ੇਤਾਨ ਨਹੀ ਪੈਦਾ ਕਰਦਾ।ਬਲਕਿ ਗੁਰਬਾਣੀ ਤਾਂ ਕਿਸੇ ਵੀ ਸ਼ੈਤਾਨ ਜਾਂ ਭੈੜੀਆਂ ਰੂਹਾਂ ਦੀ ਹੋਂਦ ਨੂੰ ਮੁਢੋਂ ਹੀ ਨਕਾਰਦੀ ਹੈ।ਨ ਹੀ ਗੁਰਬਾਣੀ ਕਿਸੇ ਦੇਵੀ ਦੇਵਤੇ ਦੀ ਕਰੋਪੀ ਨੂੰ ਮਾਨਤਾ ਦਿੰਦੀ ਹੈ।ਕਿਊਂਕਿ ਗੁਰਬਾਣੀ ਕਰਤੇ ਦੇ ਹੁਕਮ ਨੂੰ ਅਟੱਲ ਕਹਿੰਦੀ ਹੈ।ਕੋਈ ਸ਼ੈਤਾਨ ਕੋਈ ਦੇਵੀ ਦੇਵਤਾ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ।ਬਲਕਿ ਇਨ੍ਹਾ ਸਾਰੇ ਕਹੇ ਜਾਂਦੇ ਅਖੌਤੀ ਦੇਵੀ ਦੇਵਤਿਆਂ ਨੂੰ ਵੀ ਗੁਰਬਾਣੀ ਕਰਤੇ ਦੇ ਹੁਕਮ ਅਧੀਨ ਪੈਦਾ ਹੋਏੇ ਦੱਸਦੀ ਹੈ।ਜਦੋਂ ਕਰਤਾਰ ਨੇ ਹੀ ਇਹ ਰੋਗਾਣੂ ਪੈਦਾ ਕੀਤੇ ਨੇ ਤਾਂ ਉਸ ਅੱਗੇ ਇਨ੍ਹਾਂ ਨੂੰ ਖਤਮ ਕਰਨ ਦੀ ਅਰਦਾਸ ਜਾਂ ਬੇਨਤੀ ਕਰਨਾ ਫਜ਼ੂਲ ਹੋਏਗਾ।ਫਿਰ ਸਵਾਲ ਉਠਦਾ ਹੈ ਕਿ ਇਨ੍ਹਾਂ ਰੋਗਾਣੂਆਂ ਤੋਂ ਕਿਵੇਂ ਬਚਣਾ ਹੈ।ਇਹ ਗਲ ਤਾਂ ਪੱਕੀ ਹੈ ਕਿ ਕਰਤੇ ਦਾ ਹੁਕਮ ਅਟੱਲ ਹੈ।ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਮਹਾਂਮਾਰੀ ਜਾ ਕਿਸੇ ਹੋਰ ਬਿਪਤਾ ਦੇ ਆਉਣ ਬਾਅਦ ਗੁਰਮਤਿ ਸਾਨੂੰ ਹੱਥ ਸੁੱਟ ਕੇ ਬੈਠਣ ਨੂੰ ਕਹਿ ਰਹੀ ਹੈ । ਨ ਹੀ ਕਰਤਾਰ ਅੱਗੇ ਅਰਦਾਸ ਕਰ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਮਨਾਉਣ ਲਈ ਕਹਿੰਦੀ ਹੈ।ਬਲਕਿ ਉਸ ਹੁਕਮ ਨੂੰ ਜਿਸ ਤਹਿਤ ਇਹ ਮਹਾਂਮਾਰੀ ਵਾਪਰ ਰਹੀ ਹੈ ਸਮਝ ਕੇ ਆਪਣਾ ਬਚਾ ਕਰਨ ਲਈ ਪ੍ਰੇਰਦੀ ਹੈ।ਹੁਕਮ ਨੂੰ ਬੁਝ ਕੇ ਹੀ ਅਸੀਂ ਸੁੱਖ ਪਾ ਸਕਦੇ ਹਾਂ।ਗੁਰੂ ਕਾਲ ਦੌਰਾਨ ਕਈ ਕੁਦਰਤੀ ਅਤੇ ਰਾਜਨੀਤਕ ਕਰੋਪੀਆਂ ਦਾ ਹਿੰਦੁਸਤਾਨ ਤੇ ਕਹਿਰ ਟੁੱਟਿਆ।ਆਉ ਦੇਖਦੇ ਹਾਂ ਗੁਰੂ ਸਾਹਿਬ ਦਾ ਕੀ ਰੱਦੇ ਅਮਲ ਸੀ।ਇਸ ਨਾਲ ਗੁਰਬਾਣੀ ਦਾ ਨਜ਼ਰੀਆ ਸਮਝਣ ਵਿੱਚ ਅਸਾਨੀ ਹੋਏਗੀ।ਮਿਸਾਲ ਦੇ ਤੌਰ ਤੇ:

ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਇਸ ਦਾ ਕਾਰਣ ਮੌਜ਼ਦਾ ਹਾਕਮਾਂ ਦੀ ਆਪਣੇ ਫਰਜ਼ ਪ੍ਰਤੀ ਅਣਗਹਿਲੀ ਦੱਸਿਆ।ਬਾਬਰ ਦੀ ਕਾਰਵਾਈ ਵੀ ਕਰਤੇ ਦੇ ਹੁਕਮ ਅੰਦਰ ਹੀ ਹੋ ਰਹੀ ਦੱਸੀ।ਪਰ ਇਹ ਤਾਂ ਹੀ ਹੋਇਆ ਕਿਉਂਕਿ ਵੇਲੇ ਦੇ ਹਾਕਮ ਆਪਣਾ ਫਰਜ਼ ਭੁਲਾ ਚੁੱਕੇ ਸਨ।ਇਸ ਕਰਕੇ ਗੁਰੂ ਵੇਲੇ ਦੇ ਹਾਕਮਾਂ ਨੂੰ ਆਪਣੇ ਫਰਜ਼ ਪ੍ਰਤੀ ਸੁਚੇਤ ਕਰਦੇ ਨੇ।ਜਿਹੜੇ ਲੋਕ ਮੰਤਰ, ਟੇਵੇ ਟਿਪੜੇ ਜਾਂ ਪੂਜਾ ਪਾਠ ਰਾਹੀ ਇਸ ਹਮਲੇ ਦੀ ਰੋਕਥਾਮ ਕਰਦੇ ਸਨ ਉਨ੍ਹਾ ਦੀ ਇਸ ਕਾਰਵਾਈ ਨੂੰ ਬੇਮਾਇਨਾ ਦੱਸਿਆ।

ਜਦੋਂ ਪੰਜਾਬ ਵਿੱਚ ਸੋਕੇ ਕਾਰਨ ਕਾਲ ਪਿਆ ਤਾਂ ਪੀੜਤ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਨੇ ਛੇਹਰਟਾ ਖੂਹ ਲਵਾਏ ਤਾਂ ਜੋ ਆਉਣ ਵਾਲੇ ਸਮੇ ਲਈ ਪਾਣੀ ਦਾ ਪੱਕਾ ਬੰਦੋਬਸਤ ਹੋ ਸਕੇ।

ਜਦੋਂ ਬਾਲ ਹਰਗੋਬਿੰਦ ਚੇਚਕ ਨਾਲ ਬੀਮਾਰ ਹੋਏ ਤਾਂ ਗੁਰੂ ਸਾਹਿਬ ਨੇ ਕਿਸੇ ਕਿਸਮ ਦੀ ਪੂਜਾ ਪਾਠ ਤੋਂ ਇਨਕਾਰ ਕਰ ਸਿਰਫ ਦਵਾ ਦਾਰੂ ਅਤੇ ਕਰਤਾਰ ਤੇ ਭਰੋਸਾ ਰੱਖਿਆ।

ਗੁਰੂ ਹਰਿ ਰਾਏ ਸਾਹਿਬ ਵੇਲੇ ਉਨ੍ਹਾ ਦਾ ਦਵਾਖਾਨਾ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਸੀ।

ਗੁਰੂ ਗੋਬਿੰਦ ਸਿੰਘ ਸਮੇ ਦੀ ਨਾੜ ਨੂੰ ਪਹਿਚਾਣਦਿਆਂ ਆਪਣੀ ਰੱਖਿਆ ਲਈ ਕਿਲੇ ਉਸਾਰੇ ਅਤੇ ਆਪਣੀ ਫੋਜ਼ ਨੂੰ ਸਿਖਿਆ ਦੇ ਲੜਾਈ ਵਿੱਚ ਮਾਹਰ ਬਣਾਇਆ।ਉਹਨਾਂ ਆਪਣੇ ਬਚਾ ਲਈ ਕੋਈ ਅਰਦਾਸ ਨਹੀਂ ਕੀਤੀ।

ਇਸ ਤਰ੍ਹਾਂ ਦੀਆਂ ਹੋਰ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ।ਸਿੱਖ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬ ਨੇ ਕਰਤੇ ਦੇ ਹੁਕਮ ਨੂੰ ਸਮਝ ਲੋੜੀਂਦੀ ਕਾਰਵਾਈ ਕੀਤੀ। ਮਹਾਂਮਾਰੀ ਦੇ ਸੰਦਰਭ ਵਿੱਚ ਕਰਤਾਰ ਦੇ ਹੁਕਮ ਨੁੰ ਬੁਝਣ ਦਾ ਮਤਲਬ ਇਸ ਵਬਾ ਦੇ ਕਾਰਣ ਖੋਜ ਆਪਣੇ ਬਚਾਅ ਲਈ ਉਪਾਅ ਕਰਨੇ ਨੇ।ਉਪਾਅ ਵਿੱਚ ਸਰੀਰ ਅੰਦਰ ਰੋਗਰੋਕ ਸ਼ਕਤੀ ਨੂੰ ਵਧਾਉਣਾ ਅਤੇ ਰੋਗਾਣੂਆਂ ਦੇ ਨਾਸ਼ ਲਈ ਦਵਾ ਦਾਰੂ ਕਰਨਾ ਸ਼ਾਮਲ ਹੈ।ਰੋਗਰੋਕ ਸ਼ਕਤੀ ਇੱਕ ਤਰ੍ਹਾਂ ਨਾਲ ਆਪਣੀ ਰੱਖਿਆ ਲਈ ਕਿਲਾ ਉਸਾਰਨਾ ਹੈ ਅਤੇ ਦਵਾ ਦਾਰੂ ਜੰਗ ਦੇ ਮੈਦਾਨ ਵਿੱਚ ਉੱਤਰ ਵੈਰੀ ਨਾਲ ਦੋ ਹੱਥ ਕਰ ਉਸ ਨੂੰ ਮਾਰ ਮੁਕਾਉਣਾ ਹੈ।ਸਵਾਲ ਉਠਦਾ ਹੈ ਕਿ ਕੀ ਕਰਤਾਰ ਦੇ ਉਪਾਏ ਜੀਵ ਨੂੰ ਮਾਰਨਾ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਹੈ।ਅਜਿਹਾ ਕਰਨ ਨੂੰ ਕਰਤਾਰ ਦੀ ਹੁਕਮ ਅਦੂਲੀ ਕਹਿਣਾ ਗਲਤ ਹੋਵੇਗਾ।ਬੇਸ਼ੱਕ ਰੋਗਾਣੂ ਵੀ ਕਰਤਾਰ ਦੇ ਹੁਕਮ ਅਨੁਸਾਰ ਉਪਜੇ ਜੀਵ ਨੇ।ਪਰ ਇਸ ਧਰਤੀ ਤੇ ਕਰਤਾਰ ਦੇ ਮੁਕੰਮਲ ਹੁਕਮ ਅਨੁਸਾਰ ਜੋ ਜੀਵਨ ਦੀ ਖੇਡ ਚਲਦੀ ਹੈ ਉਸ ਵਿੱਚ ਮੌਤ ਅਤੇ ਜੀਵਨ ਦੇ ਉਹ ਮਾੲਨੇ ਨਹੀਂ ਹਨ ਜੋ ਆਮ ਤੌਰ ਤੇ ਅਸੀਂ ਸਮਝਦੇ ਹਾਂ।ਇਸ ਖੇਡ ਵਿੱਚ ਤਾਂ ਮੌਤ ਵਿੱਚੋਂ ਹੀ ਜੀਵਨ ਉਪਜਦਾ ਹੈ।ਅਸੀ ਜੋ ਵੀ ਜੀਉਂਦੇ ਰਹਿਣ ਲਈ ਖਾਂਦੇ ਹਾਂ ਉਸ ਵਿੱਚ ਅਣਗਿਣਤ ਮੌਤਾਂ ਸ਼ਾਮਲ ਨੇ।ਕਰਤਾਰ ਦੇ ਹੁਕਮ ਅਨੁਸਾਰ ਇੱਕ ਕੀੜਾ ਜਾਣ ਬੁਝ ਕੇ ਘਾਹ ਦੇ ਸਿਰੇ ਤੇ ਜਾ ਬੈਠਦਾ ਹੈ ਤਾਂ ਜੋ ਉਹ ਗਾਂ ਮੱਝ ਦੇ ਪੇਟ ਵਿੱਚ ਜਾ ਗੋਹੇ ਥਾਣੀ ਬਾਹਰ ਆ ਜਾਏ ਅਤੇ ਉਸ ਗੋਹੇ ਦੇ ਫੋਸ ਵਿੱਚ ਉਸਦੇ ਆਡਿਆਂ ਚਂੋ ਉਸਦੇ ਬੱਚੇ ਪੈਦਾ ਹੋ ਜਾਣ।ਇੱਕ ਤਰ੍ਹਾਂ ਨਾਲ ਗਾਂ ਉਸ ਕੀੜੇ ਨੂੰ ਮਾਰ ਜੀਵਨ ਦਿੰਦੀ ਹੈ।ਸੋ ਆਪਣੇ ਬਚਾਅ ਲਈ ਕੀਤੀ ਮੌਤ ਨ ਤਾਂ ਪਾਪ ਹੈ ਅਤੇ ਨ ਹੀ ਕਰਤਾਰ ਦੀ ਹੁਕਮ ਅਦੂਲੀ।ਬਲਕਿ ਕਰਤਾਰ ਦੇ ਹੁਕਮ ਨੂੰ ਸਮਝ ਜੀਉਂਦੇ ਰਹਿਣਾ ਹੈ।ਵਿਗਿਆਨ ਨੇ ਅੱਜ ਤੱਕ ਬੀਮਾਰੀਆਂ ਦੇ ਇਲਾਜ਼ ਲਈ ਜੋ ਵੀ ਦਵਾ ਦਾਰੂ ਬਣਾਈ ਹੇ ਉਹ ਕਰਤੇ ਦੇ ਹੁਕਮ ਨੂੰ ਸਮਝ ਕਿ ਹੀ ਬਣਾਈ ਹੈ।ਵਿਗਿਆਨ ਇਹ ਖੋਜ਼ ਕਰਦਾ ਹੈ ਕਿ ਰੋਗਾਣੂ ਕਿਵੇਂ ਪੈਦਾ ਹੁੰਦੇ ਨੇ, ਕਿਵੇਂ ਵਧਦੇ ਫੁਲਦੇ ਨੇ ਅਤੇ ਕਿਹੜੀ ਚੀਜ਼ ਇਨ੍ਹਾਂ ਨੂੰ ਪੈਦਾ ਹੋ ਵਧਣ ਫੁਲਣ ਤੋਂ ਰੋਕ ਸਕਦੀ ਹੈ।ਇਹ ਗਿਆਨ ਹਾਸਲ ਹੋਣ ਤੋਂ ਬਾਅਦ ਬੀਮਾਰੀ ਦੀ ਰੋਕਥਾਮ ਲਈ ਕੋਈ ਟੀਕਾ ਜਾਂ ਲੋਦਾ ਤਿਆਰ ਕੀਤਾ ਜਾਂਦਾ ਹੈ।ਗੁਰਬਾਣੀ ਵੀ ਸਾਨੂੰ ਅਜਿਹਾ ਕਰਨ ਲਈ ਹੀ ਪ੍ਰੇਰਦੀ ਹੈ।ਗੁਰੂ ਸਾਹਿਬ ਅੱਜ ਦੇ ਸਮੇਂ ਮੁਤਾਬਿਕ ਵਿਗਿਆਨੀ ਨਹੀਂ ਸਨ ਪਰ ਉਹਨਾਂ ਹਮੇਸ਼ਾਂ ਬਿਬੇਕੀ ਬਣਨ ਤੇ ਜੋਰ ਦਿੱਤਾ।ਵਿਗਿਆਨ ਵੀ ਬਿਬੇਕ ਦੇ ਸਹਾਰੇ ਚਲਦਾ ਹੈ।ਇਸੇ ਕਰਕੇ ਗੁਰੂ ਸਾਹਿਬ ਅਤੇ ਵਿਗਿਆਨ ਇੱਕੋ ਨਤੀਜ਼ੇ ਤੇ ਪਹੁੰਚੇ ਨੇ। 07/11/2020

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

ਰੱਬ ਦੀ ਪ੍ਰੀਭਾਸ਼ਾ

ਆਦਿ ਕਾਲ ਤੋਂ ਮਨੁੱਖ ਦੋ ਸਵਾਲਾਂ ਨਾਲ ਜੂਝਦਾ ਆ ਰਿਹਾ ਹੈ।ਪਹਿਲਾ ਸਵਾਲ ਕਿ ਮਨੁੱਖ ਕਿੱਥੋਂ ਆਉਂਦਾ ਹੈ ਤੇ ਮਰਨ ਬਾਅਦ ਕਿੱਥੇ ਜਾਂਦਾ ਹੈ।ਦੁਜਾ ਸਵਾਲ ਕਿ ਇਹ ਸਿ੍ਰਸ਼ਟੀ ਕਿਵੇਂ ਬਣੀ ਤੇ ਕਿਵੇਂ ਚਲਦੀ ਹੈ।ਦੁਨੀਆਂ ਦੇ ਸਾਰੇ ਗਿਆਨ ਵਿਗਿਆਨ, ਸਾਰੇ ਫਲਸਫੇ, ਸਾਰੇ ਧਰਮ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਹੀ ਕੋਸ਼ਿਸ਼ ਦਾ ਇੱਕ ਨਿਰੰਤਰ ਸਿਲਸਲਾ ਹਨ।ਰੱਬ ਦਾ ਸੰਕਲਪ ਵੀ ਇਸੇ ਕੋਸ਼ਿਸ਼ ਦੇ ਸਿੱਟੇ ਵਜੋਂ ਹੋਂਦ ਵਿੱਚ ਆਇਆ ਹੈ।ਜ਼ਾਹਰ ਹੈ ਗੁਰੂ ਗ੍ਰੰਥ ਸਾਹਿਬ ਵੀ ਇਨ੍ਹਾ ਸਵਾਲਾਂ ਨੂੰ ਮੁਖਾਤਿਬ ਹਨ।ਗੁਰ ਗ੍ਰੰਥ ਸਾਹਿਬ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਮੂਲ ਮੰਤਰ ਜਾਂ ਮੰਗਲਾਚਰਣ ਵਿੱਚ ਹੀ ਦੇ ਦਿੱਤਾ ਗਿਆ ਹੈ।ਮੂਲ ਮੰਤ੍ਰ ਨੂੰ ਗੁਰਬਾਣੀ ਦੀ ਰੱਬ ਦੀ ਪ੍ਰੀਭਾਸ਼ਾ ਵੀ ਕਿਹਾ ਜਾ ਸਕਦਾ ਹੈ।ਪਰ ਇਸ ਨੂੰ ਪ੍ਰੀਭਾਸ਼ਾ ਕਹਿਣ ਨਾਲੋ ਅਗਰ ਗੁਰਬਾਣੀ ਦੇ ਰੱਬ ਦਾ ਸੰਕਲਪ ਕਿਹਾ ਜਾਏ ਤਾਂ ਜ਼ਿਆਦਾ ਬੇਹਤਰ ਹੈ।(ਅਜਿਹਾ ਕਿਉਂ ਇਹ ਇਸ ਲੇਖ ਵਿੱਚ ਅਗੇ ਜਾ ਕੇ ਸਪਸ਼ਟ ਹੋ ਜਾਏਗਾ)।ਆਉ ਹੁਣ ਗੁਰਬਾਣੀ ਦੇ ਇਸ ਸੰਕਲਪ ਨੂੰ ਡੁੰਘਿਆਈ ਵਿੱਚ ਸਮਝਣ ਦਾ ਯਤਨ ਕਰੀਏ।

Continue reading “ਰੱਬ ਦੀ ਪ੍ਰੀਭਾਸ਼ਾ”

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ

ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਹਿਲਾਦ ਭਗਤ ਨੂੰ ਸਿਮਰਣ ਦੇ ਰੋਲ ਮਾਡਲ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।ਗੁਰ ਵਾਕ ਹੈ।“ਰਾਮ ਜਪਉ ਜੀਅ ਅੇਸੇ ਅੇਸੇ॥ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥” (ਪੰਨਾ 337) ਪਰ ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪ੍ਰਹਿਲਾਦ ਵਾਰੇ ਪ੍ਰਚਲਤ ਸਾਖੀਆਂ ਦਾ ਵੀ ਜ਼ਿਕਰ ਹੈ ਜੋ ਗੁਰਬਾਣੀ ਦੇ ਮੂਲ ਸਿਧਾਂਤਾਂ ਦਾ ਖੰਡਨ ਕਰਦੀਆਂ ਜਾਪਦੀਆਂ ਹਨ।ਇਹ ਸਾਖੀਆਂ ਕਈ ਗੈਰ ਕੁਦਰਤੀ ਗੱਲਾਂ ਨਾਲ ਭਰਪੂਰ ਨੇ ਜੋ ਬੇਧਿਆਨੇ ਪਾਠਕ ਨੂੰ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨ।ਉਹ ਸੋਚਦਾ ਹੈ ਕਿ ਉਹ ਕਿਸ ਤੇ ਯਕੀਨ ਕਰੇ।ਪਾਠਕ ਇਕ ਦੋਰਾਹੇ ਤੇ ਆ ਖਲੋਂਦਾ ਹੈ।ਕੀ ਸੱਚ ਹੈ ਕੀ ਨਹੀਂ।ਮਸਲਨ ਇੱਕ ਪਾਸੇ ਸਾਖੀ ਵਿੱਚ ਰੱਬ ਦਾ ਨਰਸਿੰਘ ਅਵਤਾਰ ਧਾਰ ਪ੍ਰਗਟ ਹੋਣਾ।ਅਤੇ ਦੂਜੇ ਪਾਸੇ ਗੁਰਬਾਣੀ ਨ ਤਾਂ ਅਵਤਾਰਵਾਦ ਨੂੰ ਮੰਨਦੀ ਹੈ ਅਤੇ ਨਾ ਹੀ ਕਿਸੇ ਐਸੇ ਜੀਵ ਨੂੰ ਜੋ ਅੱਧਾ ਆਦਮੀ ਅਤੇ ਅੱਧਾ ਸ਼ੇਰ ਹੋਵੇ।ਇਸ ਲੇਖ ਵਿੱਚ ਇਸ ਵਿਰੋਧਾਭਾਸ ਦੀ ਗੁੰਝਲ ਨੂੰ ਸੁਲਝਾਉਣ ਦਾ ਯਤਨ ਕੀਤਾ ਗਿਆ ਹੈ।

Continue reading “ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ”

ਸੋ ਭੂਲੇ ਜਿਸ ਆਪਿ ਭੁਲਾਏ

ਗੁਰੂ ਗ੍ਰੰਥ ਸਾਹਿਬ ਦੇ ਪੰਨਾ 1344 ਤੇ ਰਾਗ ਪ੍ਰਭਾਤੀ ਵਿੱਚ ਗੁਰ ਨਾਨਕ ਸਾਹਿਬ ਦੀ ਚੌਥੀ ਅਸ਼ਟਪਦੀ ਵਿੱਚ ਇਸ ਲੇਖ ਦੇ ਸਿਰਲੇਖ ਦੀ ਸਤਰ ਵਿਰਾਜਮਾਨ ਹੈ।ਇਸ ਅਸਟਪਦੀ ਵਿੱਚ ਕਈ ਇਤਿਹਾਸ/ਮਿਥਹਾਸ ਦੀਆਂ ਕਹਾਣੀਆਂ ਦਾ ਜ਼ਿਕਰ ਹੈ ਜੋ ਸਿੱਖ ਵਿਚਾਰਧਾਰਾ ਨੂੰ ਸਮਝਣ ਵਾਲੇ ਦੇ ਗਲੇ ਨਹੀਂ ਉਤਰਦੀਆਂ।ਸਿੱਖ ਦੇ ਮਨ ਵਿੱਚ ਸਵਾਲ ਉਠਦਾ ਹੈ ਕਿ ਗੁਰੂ ਸਾਹਿਬ ਇਹਨਾਂ ਦਾ ਜ਼ਿਕਰ ਕਿਉਂ ਕਰਦੇ ਨੇ।ਉਹਨਾਂ ਦਾ ਕੀ ਮਕਸਦ ਹੈ।ਕੀ ਇਹਨਾਂ ਕਹਾਣੀਆਂ ਦਾ ਜ਼ਿਕਰ ਗੁਰੂ ਸਾਹਿਬ ਵਲੋਂ ਇਹਨਾਂ ਦਾ ਸਮਰਥਨ ਹੈ ਜਾਂ ਕੁਝ ਹੋਰ।ਇਸ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।ਨਾਲ ਹੀ ਅਸੀਂ ਪੂਰੇ ਸ਼ਬਦ ਦੇ ਅਰਥ ਵੀ ਸਮਝਣ ਦਾ ਯਤਨ ਕਰਾਂਗੇ ਤਾਂ ਜੋ ਇਹਨਾਂ ਮਿਥਿਹਾਸਿਕ ਕਹਾਣੀਆਂ ਦੀ ਗੁਰਬਾਣੀ ਵਿੱਚ ਵਰਤੋਂ ਦਾ ਮਕਸਦ ਸਪਸ਼ਟ ਹੋ ਸਕੇ।

Continue reading “ਸੋ ਭੂਲੇ ਜਿਸ ਆਪਿ ਭੁਲਾਏ”

ਖਸਮ ਕੀ ਬਾਣੀ

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰਚਨਾ ਨੂੰ ਅਕਸਰ “ਖਸਮ ਕੀ ਬਾਣੀ” ਜਾਂ “ਧੁਰ ਕੀ ਬਾਣੀ” ਦਾ ਵਿਸ਼ੇਸ਼ਣ ਦੇ ਕਿ ਵਡਿਆਇਆ ਜਾਂ ਸਤਿਕਾਰਿਆ ਜਾਂਦਾ ਹੈ।ਗੁਰ ਨਾਨਕ ਸਾਹਿਬ ਵਾਰੇ ਇਹ ਗੱਲ ਵੀ ਆਮ ਪ੍ਰਚਲਤ ਹੈ ਕਿ ਉਹ ਮਰਦਾਨੇ ਨੂੰ ਕਿਹਾ ਕਰਦੇ ਸਨ ਕਿ “ਮਰਦਾਨਿਆਂ ਰਬਾਬ ਛੇੜ ਬਾਣੀ ਆਈ ਏ”।ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਬਾਣੀਕਾਰਾਂ ਤੇ ਨਾਜ਼ਿਲ ਹੋਇਆ ਕੋਈ ਇਲਹਾਮ ਹੈ।ਕਬੀਰ ਸਾਹਿਬ ਦੀ ਇੱਕ ਪੰਗਤੀ “ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹਮ ਬੀਚਾਰ” (ਪੰਨਾ 335) ਦਾ ਹਵਾਲਾ ਵੀ ਅਕਸਰ ਇਹ ਦਰਸਾਉਣ ਲਈ ਦਿੱਤਾ ਜਾਂਦਾ ਹੈ ਕਿ ਗੁਰਬਾਣੀ ਇਲਹਾਮ ਹੈ।ਦੂਜੇ ਧਰਮਾਂ ਦੇ ਪੈਰੋਕਾਰ ਵੀ ਆਪੋ ਆਪਣੇ ਧਰਮ ਗ੍ਰੰਥਾਂ ਨੂੰ ਇਲਹਾਮ ਹੀ ਦੱਸਦੇ ਨੇ।ਵੇਦਾਂ ਦਾ ਰਚੈਤਾ ਈਸ਼ਵਰ ਦੱਸਿਆ ਜਾਂਦਾ ਏ।ਸਾਮੀ ਧਰਮ (ਯਹੂਦੀ, ਈਸਾਈ ਤੇ ਇਸਲਮਾ ਧਰਮ) ਵੀ ਹਜ਼ਰਤ ਮੂਸਾ, ਜੀਸਜ ਤੇ ਮੁਹੰਮਦ ਸਾਹਿਬ ਨੂੰ ਹੋਏ ਇਲਹਾਮ ਤੇ ਟਿਕੇ ਹੋਏ ਨੇ।ਸਵਾਲ ਉਠਦਾ ਹੈ ਕੀ ਸਿੱਖ ਧਰਮ ਵੀ ਇਲਹਾਮ ਤੋਂ ਪੈਦਾ ਹੋਇਆ ਹੈ।ਕੀ ਗੁਰਬਾਣੀ ਵਾਕਿਆ ਹੀ ਇੱਕ ਇਲਹਾਮ ਹੈ। ਕੀ ਗੁਰਬਾਣ ਿਨੂੰ ਇਲਹਾਮ ਕਹਿਣਾ ਵਾਕਈ ਇਸਦੀ ਵਡਿਆਈ ਜਾਂ ਸਤਿਕਾਰ ਹੈ।ਕੀ ਅਸੀਂ ਦੂਜੇ ਧਰਮਾਂ ਦੀ ਰੀਸ ਤਾਂ ਨਹੀਂ ਕਰ ਰਹੇ।ਅਗਰ ਇਲਹਾਮ ਨਹੀਂ ਤਾਂ ਗੁਰਬਾਣੀ ਆਮ ਸਾਹਿਤ ਨਾਲੋਂ ਕਿਸ ਲਿਹਾਜ਼ ਨਾਲ ਵੱਖਰੀ ਹੈ।ਇਸ ਲੇਖ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।

Continue reading “ਖਸਮ ਕੀ ਬਾਣੀ”

ਧਰਮ ਅਤੇ ਸਿਆਸਤ

ਅਕਸਰ ਇਹ ਬਹਿਸ ਹੁੰਦੀ ਹੀ ਰਹਿੰਦੀ ਹੈ ਕਿ ਧਰਮ ਅਤੇ ਸਿਆਸਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ।ਰਿਸ਼ਤਾ ਹੈ ਵੀ ਜਾਂ ਨਹੀਂ। ਅਗਰ ਹੈ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ।ਅਗਰ ਨਹੀਂ ਹੈ ਤਾਂ ਕਿਉਂ ਨਹੀਂ ਹੋਣਾ ਚਾਹੀਦਾ।ਇਹ ਵੀ ਵਿਚਾਰ ਕੀਤੀ ਜਾਂਦੀ ਹੈ ਕਿ ਕੀ ਅਜਿਹਾ ਕੋਈ ਨੁਕਤਾ ਹੈ ਜਿੱਥੇ ਜਾ ਕੇ ਧਰਮ ਅਤੇ ਸਿਆਸਤ ਮਿਲਦੇ ਨੇ ਜਾਂ ਇਹਨਾਂ ਦਾ ਮਿਲਣਾ ਜ਼ਰੂਰੀ ਹੋ ਜਾਂਦਾ ਹੈ।ਜਾਂ ਉਹ ਕਿਹੜਾ ਮੋੋੜ ਹੈ ਜਿਥੇ ਧਰਮ ਅਤੇ ਸਿਆਸਤ ਆਪੋ ਆਪਣਾ ਰਾਹ ਬਦਲ ਲੈਂਦੇ ਨੇ।ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬੰਦੇ ਦਾ ਜਾਤੀ ਮਸਲਾ ਹੈ ਇਸ ਲਈ ਇਸ ਨੂੰ ਸਿਆਸਤ ਤੋਂ ਦੂਰ ਰੱਖਣਾ ਅਤੇ ਰਹਿਣਾ ਚਾਹੀਦਾ ਹੈ।ਕੀ ਧਰਮ ਸਿਰਫ ਬੰਦੇ ਦੀ ਆਪਣੀ ਜਾਤ ਤਕ ਹੀ ਸੀਮਤ ਹੈ।ਕੀ ਸਿਆਸਤ ਬੰਦੇ ਦੀ ਜਾਤੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪਾਉਂਦੀ।ਹਥਲੇ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਲੱਭਣ ਦਾ ਇੱਕ ਯਤਨ ਹੈ।

Continue reading “ਧਰਮ ਅਤੇ ਸਿਆਸਤ”

ਨਰੂ ਮਰੈ ਨਰੁ ਕਾਮ ਨ ਆਵੈ

ਕਬੀਰ ਸਾਹਿਬ ਦਾ ਰਾਗ ਗੌਂਡ ਵਿੱਚ ਇੱਕ ਸ਼ਬਦ ਹੈ ਜਿਸਦੇ ਅਰਥ ਬੋਧ ਨੂੰ ਲੈ ਕੇ ਕਾਫੀ ਮਤ ਭੇਦ ਚਲ ਰਹੇ ਨੇ। ਸ਼ਬਦ ਦਾ ਪੂਰਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਪੰਨਾ 870 ‘ਤੇ ਇਸ ਤਰ੍ਹਾਂ ਹੈ।

ਨਰੂ ਮਰੈ ਨਰੁ ਕਾਮਿ ਨ ਆਵੈ॥ਪਸੂ ਮਰੈ ਦਸ ਕਾਜ ਸਵਾਰੈ॥1॥ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ਮੈ ਕਿਆ ਜਾਨਉ ਬਾਬਾ ਰੇ॥ਰਹਾਓ॥ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ਕੇਸ ਜਲੇ ਜੈਸੇ ਘਾਸ ਕਾ ਪੂਲਾ॥2॥ਕਹੁ ਕਬੀਰ ਤਬ ਹੀ ਨਰੁ ਜਾਗੈ॥ਜਮ ਕਾ ਡੰਡੁ ਮੂੰਡ ਮਹਿ ਲਾਗੈ॥3॥

ਹਥਲੇ ਲੇਖ ਵਿੱਚ ਚਲ ਰਹੇ ਮੱਤ ਭੇਦਾਂ ਦੀ ਪੜਚੋਲ ਕਰ ਇਸ ਸ਼ਬਦ ਦੇ ਸਹੀ ਅਰਥ ਸਮਝਣ ਦਾ ਯਤਨ ਕੀਤਾ ਗਿਆ ਹੈ।ਆਓ ਸਭ ਤੋਂ ਪਹਿਲਾਂ ਦੇਖੀਏ ਕਿ ਪ੍ਰੋ ਸਾਹਿਬ ਸਿੰਘ ਇਸ ਸ਼ਬਦ ਵਾਰੇ ਕੀ ਕਹਿੰਦੇ ਨੇ।

Continue reading “ਨਰੂ ਮਰੈ ਨਰੁ ਕਾਮ ਨ ਆਵੈ”