ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ
ਕੀਰਤਨ ਹਰ ਗੁਰਦਵਾਰੇ ਦੇ ਰੋਜ਼ਾਨਾਮਚੇ ਦਾ ਇੱਕ ਅਟੁੱਟ ਹਿੱਸਾ ਹੈ।ਇਸਦੀ ਸ਼ੁਰੂਆਤ ਗੁਰ ਨਾਨਕ ਸਾਹਿਬ ਨੇ ਕੀਤੀ।ਉਹਨਾਂ ਦਾ ਉਦਾਸੀਆਂ ਦੁਰਾਨ ਵੀ ਵਾਹਦ ਇੱਕੋ ਇੱਕੋ ਸਾਥੀ ਭਾਈ ਮਰਦਾਨਾ ਰਬਾਬੀ ਸੀ ਜਿਸ ਦੀ ਧੁਨ ਤੇ ਗੁਰੂ ਨਾਨਕ ਸਾਹਿਬ ਆਪ ਬਾਣੀ ਦਾ ਅਲਾਪ ਕਰ ਲੋਕਾਂ ਤਕ ਆਪਣੀ ਗੱਲ ਪੁਹੰਚਾਉਂਦੇ ਸਨ।ਗੁਰ ਨਾਨਕ ਸਾਹਿਬ ਤੋਂ ਬਾਅਦ ਇਹ ਰੀਤ ਜਾਰੀ ਰਹੀ ਤੇ ਸਾਰੇ ਗੁਰੂ ਸਹਿਬਾਨ ਸੰਗੀਤ ਦੇ ਆਸ਼ਕ ਹੀ ਨਹੀ ਬਲਕਿ ਖੁਦ ਮਾਹਰ ਵਜੰਤਰੀ ਤੇ ਗਵਈਏ ਵੀ ਸਨ।ਗੁਰੂ ਗ੍ਰੰਥ ਸਾਹਿਬ ਵੀ ਵਾਹਦ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਸ ਨੂੰ ਰਾਗਾਂ ਅਨੁਸਾਰ ਕਲਮਬੰਦ ਕੀਤਾ ਗਿਆ ਹੈ।ਗੁਰੂ ਸਹਿਬਾਨ ਨੇ ਅਮਲੀ ਤੌਰ ਤੇ ਇਹ ਸਾਬਤ ਕੀਤਾ ਕਿ ਰਾਗ ਫਲਸਫੇ ਨੂੰ ਲੋਕਾਂ ਤਕ ਪਹੁੰਚਾਉਣ ਦਾ ਇੱਕ ਵਧੀਆ ਸਾਧਨ ਹੈ।ਅਜਿਹਾ ਕਿਉਂ ਹੈ।ਆਉ ਇਸ ਵਾਰੇ ਵਿਚਾਰ ਕਰੀਏ।
ਗੁਰਬਾਣੀ ਰਾਗਾਂ ਵਿੱਚ ਕਿਉਂ ਹੈ।
ਸਵਾਲ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਕਿਉਂ ਰਾਗਾਂ ਅਨੁਸਾਰ ਤਰਤੀਬ ਦਿੱਤੀ। ਗੁਰਬਾਣੀ ਬੇਸ਼ੱਕ ਗੀਤ ਦੀ ਸ਼ਕਲ ਵਿੱਚ ਲਿਖੀ ਗਈ ਹੈ ਪਰ ਇਹ ਗੀਤ ਨਹੀਂ ਹੈ।ਗੀਤ ਦਾ ਮਨੋਰਥ ਮਹਿਜ ਮਨੋਰੰਜਨ ਹੁੰਦਾ ਹੈ ਪਰ ਗੁਰਬਾਣੀ ਮਨੋਰੰਜਨ ਲਈ ਨਹੀਂ ਰਚੀ ਗਈ।ਗੁਰਬਾਣੀ ਦਾ ਮਨੋਰਥ ਸਾਨੂੰ ਬਿਬੇਕ ਦੇ ਲੜ ਲਾਉਣਾ ਹੈ।ਇਸੇ ਲਈ ਬਾਣੀ ਨੂੰ ਗੁਰੂ ਕਿਹਾ ਗਿਆ ਹੈ।ਗੁਰੂ ਦੀ ਸਿਖਿਆ ਸਮਝਣ ਲਈ ਜ਼ਰੂਰੀ ਹੈ ਕਿ ਬਾਣੀ ਨਿਰਧਾਰਿਤ ਰਾਗ ਵਿੱਚ ਗਾਈ ਤੇ ਸੁਣੀ ਜਾਵੇ ਕਿਉਂਕਿ ਇਹ ਬਾਣੀ ਦੇ ਅਰਥ ਬੋਧ ਵਿੱਚ ਸਹਾਈ ਹੁੰਦਾ ਹੈ।ਕਿਹਾ ਜਾਂਦਾ ਹੈ ਕਿ ਰਾਗ ਵਿੱਚ ਗਾਉਣ ਨਾਲ ਬਾਣੀ ਦਾ ਸਰੋਤਿਆਂ ਦੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ।ਭਾਈ ਕਾਨ੍ਹ ਸਿੰਘ ਜੀ ਗੁਰਮਤ ਮਾਰਤੰਡ ਵਿੱਚ ਲਿਖਦੇ ਨੇ ਕਿ “ਰਾਗ ਵਿੱਚ ਗਾਈ ਹੋਈ ਬਾਣੀ ਚਿੱਤ ਉੱਤੇ ਭਾਰੀ ਅਸਰ ਕਰਦੀ ਹੈ, ਅਰ ਸ਼੍ਰੋਤਾ ਦੀ ਵਿ੍ਰੱਤਿ ਨੂੰ ਆਪਣੀ ਤਰਫ ਖਿੱਚ ਲੈਂਦੀ ਹੈ”।(1) ਕਬੀਰ ਸਾਹਿਬ ਕਹਿੰਦੇ ਨੇ ਕਿ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥”। (ਪੰਨਾ 335) ਗੁਰਬਾਣੀ ਦਾ ਅੱਖਰ ਅੱਖਰ ਗਿਆਨ ਦੇ ਰਸ ਨਾਲ ਰਸਿਆ ਪਿਆ ਹੈ।ਇਸ ਦੇ ਉਲਟ ਗੀਤ ਵਿੱਚ ਗਿਆਨ ਹੋਣਾ ਜ਼ਰੂਰੀ ਨਹੀਂ ਹੈ।ਬਹੁਤਾਤ ਗੀਤ ਮਨ ਪ੍ਰਚਾਵੇ ਲਈ ਹੀ ਰਚੇ ਜਾਂਦੇ ਨੇ।ਗਿਆਨ ਬਿਹੂਣੇ ਗੀਤਾਂ ਬਾਰੇ ਗੁਰ ਨਾਨਕ ਸਾਹਿਬ ਦਾ ਫੁਰਮਾਨ ਹੈ ਕਿ “ਗਿਆਨ ਵਿਹੂਣਾ ਗਾਵੈ ਗੀਤ॥ਭੁਖੇ ਮੁਲਾਂ ਘਰੇ ਮਸੀਤਿ॥”।{ਪੰਨਾ 1245} ਗਿਆਨ ਵਿਹੂਣੇ ਗੀਤ ਰੋਜ਼ੀ ਰੋਟੀ ਖਾਤਰ ਹੀ ਲਿਖੇ ਤੇ ਗਾਏ ਜਾਂਦੇ ਨੇ।ਇਸ ਦੀ ਪ੍ਰਤੱਖ ਮਿਸਾਲ ਅੱਜ ਦੇ ਗਾਇਕ ਸਾਡੇ ਸਾਹਮਣੇ ਹਨ।ਪਰ ਗੁਰਬਾਣੀ ਤਾਂ ਮੁਰਦੇ ਵਿੱਚ ਜਾਨ ਪਾਉਣ ਲਈ ਰਚੀ ਗਈ ਹੈ ਇਸ ਕਰਕੇ ਇਸ ਦੇ ਗਾਉਣ ਦਾ ਤਰੀਕਾ ਵੀ ਨਿਸ਼ਚਤ ਤੇ ਵੱਖਰਾ ਹੈ।
ਗੁਰਬਾਣੀ ਗਾਇਨ ਲਈ ਰਾਗ ਦੇ ਨਾਲ ਘਰ ਜਾਂ ਤਾਲ ਦੀ ਵੀ ਬਕਾਇਦਾ ਹਦਾਇਤ ਕੀਤੀ ਗਈ ਹੈ।ਸੰਗੀਤ ਵਿੱਚ ਸਮੇਂ ਅਤੇ ਲੈ ਦੀ ਵੰਡ ਨੂੰ ਘਰ ਜਾਂ ਤਾਲ ਕਹਿੰਦੇ ਨੇ।ਘਰ ਦਾ ਸਬੰਧ ਤਬਲੇ ਦੀਆਂ ਧੜਕਨਾਂ ਨਾਲ ਹੈ। ਘਰ ਦੀ ਵੰਡ ਉਸ ਵਿੱਚ ਲਗਦੀਆਂ ਮਾਤਰਾਂ ਅਨੁਸਾਰ ਕੀਤੀ ਜਾਂਦੀ ਹੈ।ਮਸਲਨ ਘਰ ਪਹਿਲੇ ਨੂੰ ਦਾਦਰਾ ਤਾਲ ਕਹਿੰਦੇ ਨੇ ਤੇ ਇਸ ਵਿੱਚ ਇੱਕ ਤਾਲੀ ਤੇ 6 ਮਾਤਰਾਂ ਲਗਦੀਆਂ ਹਨ।ਘਰ ਦੂਜੇ ਨੂੰ ਰੂਪਕ ਤਾਲ ਕਹਿੰਦੇ ਨੇ ਜਿਸ ਵਿੱਚ ਦੋ ਤਾਲੀ ਤੇ 7 ਮਾਤਰਾ ਲਗਦੀਆਂ ਹਨ।(2) ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋ ਲੈ ਕੇ ਸਤਾਰਾਂ ਘਰਾਂ ਵਿੱਚ ਰਾਗ ਨੂੰ ਗਾਉਣ ਦੀ ਹਦਾਇਤ ਹੈ।ਰਾਗ ਅਰ ਘਰ ਦੀ ਬੰਦਸ਼ ਵਿੱਚ ਗਾਈ ਬਾਣੀ ਵਿੱਚ ਸਹਿਜ ਹੁੰਦਾ ਹੈ।ਬਾਣੀ ਨੂੰ ਸਹਿਜ ਨਾਲ ਹੀ ਗਾਉਣ ਦੀ ਹਦਾਇਤ ਹੈ ਤਾਂ ਜੋ ਅਰਥ ਬੋਧ ਸਹੀ ਸਮਝ ਪਏੇ।ਜਿਸ ਤਰ੍ਹਾਂ ਦੁੱਧ ਨੂੰ ਸਹਿਜੇ ਸਹਿਜੇ ਰਿੜਕ ਉਸ ਵਿੱਚੋਂ ਮੱਖਣ ਕੱਢੀਦਾ ਹੈ।ਪਰ ਅਗਰ ਜ਼ੋਰ ਜ਼ੋਰ ਨਾਲ ਰਿੜਕਿਆ ਜਾਵੇ ਤਾ ਮੱਖਣ ਲੱਸੀ ਵਿੱਚ ਹੀ ਖੁਰ ਜਾਂਦਾ ਹੈ।ਇਸੇ ਤਰ੍ਹਾਂ ਅਗਰ ਬਾਣੀ ਸਹਿਜ ਨਾਲ ਗਾਈ ਸੁਣੀ ਜਾਵੇ ਤਾਂ ਹੀ ਉਸ ਦਾ ਤੱਤ ਸਾਰ ਸਮਝ ਪੈਂਦਾ ਹੈ।ਅਗਰ ਸਹਿਜ ਨਾਲ ਨ ਗਾਈ ਜਾਵੇ ਭਾਵ ਰਾਗ ਅਤੇ ਘਰ ਦੀ ਦੱਸੀ ਬੰਦਸ਼ ਤੋੜ ਕੇ ਗਾਈ ਜਾਵੇ ਤਾਂ ਬਾਣੀ ਦਾ ਤੱਤ ਸਾਰ ਵੀ ਮੱਖਣ ਦੀ ਤਰ੍ਹਾਂ ਹੀ ਗੁਆਚ ਜਾਂਦਾ ਹੈ।ਕਬੀਰ ਸਾਹਿਬ ਇਸ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ।“ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ਸਹਿਜ ਬਿਲੋਵਹੁ ਜੈਸੇ ਤਤੁ ਨ ਜਾਈ॥” (ਪੰਨਾ 478)। ਕੀਰਤਨ ਵਿੱਚ ਸਹਿਜ ਦੀ ਮਹਾਨਤਾ ਇਸ ਗੱਲ ਤੋਂ ਵੀ ਸਾਬਤ ਹੁੰਦੀ ਹੈ ਕਿ ਕੀਰਤਨ ਦੋਰਾਨ ਤਾੜੀ ਮਾਰਨ ਜਾਂ ਸੀਟੀ ਮਾਰਨ ਤੇ ਪਬੰਦੀ ਹੈ।ਗਿਆਨ ਵਿਹੂਣੇ ਗੀਤ ਗਾਉਣ ਵਾਲੇ ਤਾਂ ਤਾੜੀਆਂ ਲਈ ਤਰਸਦੇ ਰਹਿੰਦੇ ਨੇ ਕਿਉਂਕਿ ਜਿੰਨ੍ਹੀਆਂ ਜ਼ਿਆਦਾ ਤਾੜੀਆਂ ਉਨ੍ਹੀਂ ਵੱਧ ਕਮਾਈ।
ਕੀਰਤਨ ਕਿਸ ਨੂੰ ਕਹਿਂਦੇ ਨੇ
ਭਾਈ ਕਾਹਨ ਸਿੰਘ ਅਨੁਸਾਰ ਗੁਰਮਤ ਵਿੱਚ ਕੀਰਤਨ “ਰਾਗ ਸਹਿਤ ਕਰਤਾਰ ਦੇ ਗੁਣ ਗਾਉਣ” ਨੂੰ ਆਖਿਆ ਗਿਆ ਹੈ।ਭਾਈ ਸਾਹਿਬ ਸਿੰਘ ਵੀ ਕੀਰਤਨ ਦਾ ਅਰਥ ਕਰਤਾਰ ਦੀ ਸਿਫਤ ਸਲਾਹ ਕਰਦੇ ਨੇ।ਕੀਰਤਨ ਨੂੰ ਗੁਰਬਾਣੀ ਵਿੱਚ “ਨਿਰਮੋਲਕ ਹੀਰਾ” ਵੀ ਆਖਿਆ ਗਿਆ ਹੈ।“ਕੀਰਤਨੁ ਨਿਰਮੋਲਕ ਹੀਰਾ॥ਅਨੰਦ ਗੁਣੀ ਗਹੀਰਾ॥ਅਨਹਦ ਬਾਣੀ ਪੂੰਜੀ॥ਸੰਤਨ ਹਥਿ ਰਾਖੀ ਕੂੰਜੀ॥”ਪੰਨਾ 893।ਗੁਰਬਾਣੀ ਵਿੱਚ ਜਿਸ ਕੀਰਤਨ ਦਾ ਜ਼ਿਕਰ ਹੈ ਉਸ ਲਈ ਦੋ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਨੇ।
1. ਕਰਤਾਰ ਦੀ ਸਿਫਤ ਸਲਾਹ
2. ਇਸ ਸਿਫਤ ਸਲਾਹ ਦੀ ਬਾਣੀ ਨੂੰ ਰਾਗਾਂ ਵਿੱਚ ਗਾਉਣਾ ਤਾਂ ਜੋ ਸਰੋਤੇ ਸਹੀ ਅਰਥ ਬੋਧ ਕਰ ਸਕਣ।
ਸਿਰਫ ਰਾਗ ਵਿੱਚ ਗਾਏ ਹੋਣ ਨਾਲ ਕੋਈ ਗਾਉਣ ਕੀਰਤਨ ਨਹੀਂ ਬਣ ਜਾਂਦਾ।ਰਾਗਾਂ ਵਿੱਚ ਤਾਂ ਕੋਠਿਆਂ ‘ਤੇ ਤਵਾਇਫ ਜਾਂ ਰਾਜਿਆਂ ਦੇ ਦਰਬਾਰੀ ਰਾਗੀ ਵੀ ਗਾਉਂਦੇ ਨੇ।ਇਸੇ ਤਰ੍ਹਾਂ ਗਜ਼ਲਾਂ ਗਾਉਣ ਵਾਲੇ ਜਾਂ ਕਬਾਲ ਵੀ ਪੱਕੇ ਰਾਗਾਂ ਵਿੱਚ ਗਾਉਂਦੇ ਨੇ।ਹੋਰ ਵੀ ਬਹੁਤ ਸਾਰੇ ਗਾਇਕ ਨੇ ਜੋ ਪੱਕੇ ਰਾਗਾਂ ਵਿੱਚ ਗਾਉਂਦੇ ਨੇ ਪਰ ਇਨ੍ਹਾਂ ਸਭਨਾਂ ਦਾ ਗਾਇਆ ਕੀਰਤਨ ਨਹੀਂ ਕਿਹਾ ਜਾਂਦਾ।ਕੱਚੀ ਬਾਣੀ ਪੱਕੇ ਰਾਗਾਂ ਵਿੱਚ ਗਾਉਣ ਨਾਲ ਕੀਰਤਨ ਦਾ ਦਰਜਾ ਨਹੀਂ ਪ੍ਰਾਪਤ ਕਰ ਸਕਦੀ।ਇਸ ਵਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸਪਸ਼ਟ ਕੀਤਾ ਗਿਆ ਹੈ।ਰਾਗ ਦੀ ਕੀਮਤ ਤਾਂਹੀ ਹੈ ਅਗਰ ਉਸ ਵਿੱਚ ਕਰਤੇ ਦੀ ਸਿਫਤ ਸਲਾਹ ਕੀਤੀ ਜਾਵੇ ਤੇ ਉਹ ਸਾਡੇ ਮਨ ਵਿੱਚ ਵਸ ਜਾਵੇ।“ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆਂ ਮਨਿ ਆਇ॥” ਪੰਨਾ 1423।ਇਸ ਗਲ ਨੂੰ ਦ੍ਰਿੜ ਕਰਾਉਣ ਲਈ ਵੱਖ ਵੱਖ ਰਾਗਾਂ ਵਾਰੇ ਵੀ ਗੁਰੂ ਸਾਹਿਬ ਦਾ ਇਹੀ ਫੁਰਮਾਨ ਹੈ॥ਮਸਲਨ :
- ਰਾਗਾਂ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ਪੰਨਾ 83
- ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ਪੰਨਾ 311
- ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ॥ਪੰਨਾ 1087
- ਮਲਾਰੁ ਸੀਤਲ ਰਾਗੂ ਹੈ ਹਰਿ ਧਿਆਇਐ ਸਾਂਤਿ ਹੋਇ॥ਪੰਨਾ 1283
- ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ਪੰਨਾ 950
- ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ ਪੰਨਾ 849
- ਸੋਰਠਿ ਸਦਾ ਸੁਹਾਵਣੀ ਜੇ ਸਚਾ ਮਹਿ ਹੋਇ॥ ਪੰਨਾ 642
- ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ॥ ਪੰਨਾ 1419
- ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ॥ਪੰਨਾ 1425
ਕੀਰਤਨ ਸਿਰਫ ਰਾਗਾਂ ਦਾ ਗਾਉਣ ਨਹੀਂ ਹੈ ਬਲਕਿ ਇਸ ਦਾ ਅਸਲ ਮਨੋਰਥ ਗੁਰਬਾਣੀ ਦੇ ਸਹੀ ਅਰਥ ਬੋਧ ਕਰਾਉਣਾ ਹੈ ਜਿਸ ਵਿੱਚ ਰਾਗ ਸਹਇਕ ਹੁੰਦੇ ਨੇ।ਗੁਰ ਨਾਨਕ ਸਾਹਿਬ ਨੇ ਹੀ ਇਸ ਦੀ ਸ਼ੁਰੂਆਤ ਕੀਤੀ।ਬਾਕੀ ਗੁਰੂ ਸਾਹਿਬਾਨ ਨੇ ਵੀ ਇਸਦਾ ਬਾਖੂਬੀ ਇਸਤੇਮਾਲ ਕੀਤਾ।ਇਸਦਾ ਪ੍ਰਤੱਖ ਲਾਭ ਵੀ ਹੋਇਆ ਜਿਸ ਕਾਰਨ ਸਿੱਖ ਸੰਗਤਾਂ ਧੜਾਧੜ ਸਿੱਖ ਫਲਸਫੇ ਅਨੁਸਾਰ ਜ਼ਿੰਦਗੀ ਜੀਉਣ ਲਗ ਪਈਆਂ।ਅਗਰ ਕੀਰਤਨ ਗੁਰਬਾਣੀ ਦੇ ਅਰਥ ਬੋਧ ਨਹੀਂ ਕਰਾਉਂਦਾ ਤਾਂ ਇਸ ਗਾਉਣ ਵਿੱਚ ਜ਼ਰੂਰ ਕੋਈ ਖੋਟ ਹੈ।ਬੇਸ਼ੱਕ ਗਾਉਣ ਵਿੱਚ ਰਾਗ ਦੀ ਬਹੁਤ ਅਹਿਮੀਅਤ ਮੰਨੀ ਗਈ ਹੈ ਪਰ ਰਾਗ ਨੂੰ ਆਪਣੇ ਆਪ ਵਿੱਚ ਰੱਬੀ ਗਿਆਨ ਦਾ ਸੋਮਾ ਨਹੀਂ ਮੰਨਿਆ ਗਿਆ।“ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੈ॥”ਪੰਨਾ 450।ਭਾਵ ਸਿਰਫ ਰਾਗ ਵਿੱਚ ਵਧੀਆ ਗਾਉਣ ਨਾਲ ਹੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।ਇਹ ਤੁਹਾਡੇ ਮਨ ਦਾ ਨਾਚ ਵੀ ਹੋ ਸਕਦਾ।“ਗਾਵਹਿ ਰਾਗ ਭਾਤਿ ਬੁਹ ਬੋਲਹਿ ਇਹੁ ਮਨੂਆ ਖੇਲੈ ਖੇਲ॥” ਪੰਨਾ 368।ਸੋ ਗਉਣ ਕੀਰਤਨ ਉਸੇ ਸੂਰਤ ਵਿੱਚ ਬਣਦਾ ਜਦੋਂ ਉੱਪਰ ਦੱਸੀਆਂ ਦੋਨੋਂ ਸ਼ਰਤਾਂ ਪੂਰੀਆਂ ਕਰਦਾ ਹੋਵੇ।
ਅਜੋਕਾ ਕੀਰਤਨ
ਆਉ ਹੁਣ ਵਿਚਾਰ ਕਰੀਏ ਕਿ ਅੱਜ ਕਲ ਗੁਰਦਵਾਰਿਆਂ ਵਿੱਚ ਜੋ ਕੀਰਤਨ ਹੋ ਰਿਹਾ ਹੈ ਕੀ ਉਹ ਇਹਨਾਂ ਅਰਥਾਂ ਤੇ ਪੂਰਾ ਉਤਰਦਾ ਹੈ ਜਾਂ ਨਹੀਂ।ਗੁਰੂ ਕਾਲ ਦੌਰਾਨ ਅਤੇ ਉਸ ਤੋਂ ਵੀ ਬਹੁਤ ਦੇਰ ਬਾਅਦ ਤਕ ਕੀਰਤਨ ਤੰਤੀ ਸਾਜ਼ਾਂ ਨਾਲ ਹੀ ਕੀਤਾ ਜਾਂਦਾ ਸੀ।ਉਸ ਵੇਲੇ ਹਰਮੋਨੀਅਮ ਜਾਂ ਬਾਜਾ ਅਜੇ ਹੋਂਦ ਵਿੱਚ ਨਹੀਂ ਸੀ ਆਇਆ।ਇਸ ਦੀ ਕਾਢ ਪੱਛਮ ਵਿੱਚ 18ਵੀਂ ਸਦੀ ਵਿੱਚ ਹੋਈ ਤੇ ਹਿੰਦੁਸਤਾਨ ਵਿੱਚ ਇਹ ਰਬਿੰਦਰਾਨਾਥ ਟੈਗੋਰ ਦੇ ਵੱਡੇ ਭਰਾ ਦਵਜਿੰਦਰਾਨਾਥ ਟੈਗੋਰ ਨੇ ਸਭ ਤੋਂ ਪਹਿਲਾਂ 1860 ਵਿੱਚ ਵਰਤਿਆ।ਇੱਹ ਅਕਾਰ ਦਾ ਛੋਟਾ ਤੇ ਹਲਕਾ ਹੋਣ ਕਰਕੇ ਵਰਤੋਂ ਵਿੱਚ ਬਹੁਤ ਹੀ ਅਸਾਨ ਤੇ ਸੁਖਾਲਾ ਹੈ ਇਸ ਕਰਕੇ ਬਹੁਤ ਜਲਦੀ ਹੀ ਇਸ ਦੀ ਵਰਤੋਂ ਆਮ ਹੋ ਗਈ।ਇਸ ਨੂੰ ਸਿੱਖਣ ਲਈ ਵੀ ਖਾਸ ਮਿਹਨਤ ਨਹੀਂ ਕਰਨੀ ਪੈਂਦੀ।ਗੁਰਦਵਾਰਿਆਂ ਵਿੱਚ ਵੀ ਇਸ ਨੇ ਤੰਤੀ ਸਾਜ਼ਾਂ ਦੀ ਜਗ੍ਹਾ ਲੈ ਲਈ ਤੇ ਹੁਣ ਪੂਰੀ ਤਰਾਂ ਕਾਬਜ ਏ।ਪਰ ਸੰਗੀਤ ਦੇ ਮਾਹਰ ਇਸ ਸਾਜ਼ ਨੂੰ ਰਾਗਾਂ ਵਿੱਚ ਗਾਉਣ ਲਈ ਅਸਮਰਥ ਸਮਝਦੇ ਨੇ।ਭਾਈ ਬਲਦੀਪ ਸਿੰਘ ਤਾਂ ਇਸ ਨੂੰ ਰਾਗਾਂ ਦਾ ਕਬਰਿਸਤਾਨ ਆਖਦੇ ਨੇ।(3) ਬਾਜੇ ਦੇ ਆਉਣ ਨਾਲ ਅਜੋਕੇ ਕੀਰਤਨੀਆਂ ਨੇ ਮਿਹਨਤ ਕਰਨੀ ਛੱਡ ਦਿੱਤੀ।ਇਸੇ ਕਰਕੇ ਕੀਰਤਨ ਵਿੱਚ ਗਿਰਾਵਟ ਆਈ ਹੈ।ਕੋਈ ਜ਼ਮਾਨਾ ਸੀ ਬਾਲੀਵੁੱਡ ਵਾਲੇ ਦਰਬਾਰ ਸਾਹਿਬ ਆ ਕੇ ਆਪਣੇ ਲਈ ਸੰਗੀਤ ਦਾ ਸਬਕ ਲੈਂਦੇ ਸਨ।ਹੁਣ ਗੁਰੂ ਘਰ ਦੇ ਅਖੋਤੀ ਕੀਰਤਨੀਏ ਬਾਲੀਵੁੱਡ ਦੀਆਂ ਧੁਨਾਂ ਤੇ ਆਪ ਨੱਚਦੇ ਤੇ ਸੰਗਤਾਂ ਨੂੰ ਨਚਾਉਂਦੇ ਨੇ।ਅਜੋਕੇ ਕੀਰਤਨ ਦੀਆਂ ਖਾਮੀਆਂ ਕੁਝ ਇਸ ਤਰ੍ਹਾਂ ਹਨ।
- ਗੁਰਬਾਣੀ ਵਿੱਚ ਸਹਿਜ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।ਪਰ ਇਹ ਜਾਨਣ ਵਿੱਚ ਦੇਰ ਨਹੀਂ ਲਗਦੀ ਕਿ ਅਜੋਕੇ ਕੀਰਤਨ ਵਿੱਚ ਸਹਿਜ ਗਾਇਬ ਹੈ।ਇਸੇ ਕਰਕੇ ਅਜੋਕੇ ਕੀਰਤਨ ਵਿੱਚ ਗੁਰਬਾਣੀ ਦਾ ਅਰਥ ਬੋਧ ਤਾਂ ਬਿਲਕੁਲ ਗਾਇਬ ਹੋ ਗਿਆ ਹੈ ਪਰ ਕੰਨ ਰਸ ਭਾਵ ਮਨੋਰੰਜਨ ਹਾਵੀ ਹੋ ਗਿਆ ਹੈ। ਕੀਰਤਨ ਹੁਣ ਰੂਹ ਨਾਲ ਨਹੀ ਬਲਕਿ ਇੱਕ ਧੰਦੇ ਵਜੋਂ ਕੀਤਾ ਜਾਂਦਾ ਹੈ।ਰਾਗੀ ਸਿੰਘ ਇਸ ਕਾਹਲ ਵਿੱਚ ਰਹਿੰਦੇ ਨੇ ਕਿ ਸਮੇਂ ਅਨੁਸਾਰ ਕੀਰਤਨ ਦੀ ਸਮਾਪਤੀ ਕਰ ਅਗਲੇ ਪ੍ਰੋਗਰਾਮ ਲਈ ਰਵਾਨਾ ਹੋਣ।ਇਸ ਲਈ ਫਟਾਫਟ ਤਿੰਨ ਚਾਰ ਸ਼ਬਦਾ ਦਾ ਗਾਇਨ ਕਰ ਅਨੰਦ ਸਾਹਿਬ ਦਾ ਛੋਟਾ ਰੂਪ ਜਿਸ ਨੂੰ ਇਹ “ਅਨੰਦੀ” ਵੀ ਆਖਦੇ ਨੇ ਪੜ ਸਮਾਪਤੀ ਕਰ ਦਿੰਦੇ ਨੇ।ਬਾਣੀ ਅਨੰਦ ਨਾਲ ਖਿਲਵਾੜ ਕਰਕੇ ਉਸ ਦਾ ਛੋਟਾ ਰੂਪ ਬਣਾਉਣਾ ਬਾਣੀ ਦੀ ਬੇਅਦਬੀ ਵੀ ਹੈ।
- ਅਸੀਂ ਅਕਸਰ ਦੇਖਦੇ ਹਾਂ ਕਿ ਸ਼ੁਰੂ ਕਰਨ ਤੋਂ ਪਹਿਲਾ ਕੀਰਤਨੀਏ ਕੁਝ ਤੁਕਾਂ ਦਾ ਉਚਾਰਣ ਕਰਦੇ ਨੇ।ਜਿਵੇਂ “ਭਲੋ ਭਲੋ ਰੇ ਕੀਰਤਨੀਆ” (ਪੰਨਾ) 885॥ਜਾਂ “ਕਲਜੁਗ ਮਹਿ ਕੀਰਤਨੁ ਪਰਧਾਨਾ॥” ਪੰਨਾ 1075।ਇੱਕ ਤਾਂ ਇਹ ਸੰਦਰਭ ਮੁਤਾਬਿਕ ਗੁਰਬਾਣੀ ਦੇ ਸਹੀ ਅਰਥ ਨਹੀਂ ਹਨ।ਇੱਥੇ ਕੀਰਤਨੀਆ ਗਾੳਣ ਵਾਲੇ ਨੂੰ ਨਹੀਂ ਕਿਹਾ ਗਿਆ ਬਲਕਿ ਹਰ ਉਸ ਸ਼ਖਸ ਨੂੰ ਜੋ ਕਰਤੇ ਦੀ ਸਿਫਤ ਸਲਾਹ ਕਰਦਾ ਹੈ ਜੋ ਕਿ ਬਿਨਾ ਬੋਲਿਆ ਵੀ ਕੀਤੀ ਜਾ ਸਕਦੀ ਹੈ।ਉਹ ਇਹ ਕਹਿ ਕੇ ਕਿ ਇਸ ਵੇਲੇ ਕਲਜੁਗ ਦਾ ਸਮਾ ਹੈ ਇਹ ਸਾਬਤ ਕਰ ਰਹੇ ਨੇ ਕਿ ਗਰੁਮਤਿ ਸਮੇ ਦੀ ਕਲਜੁਗ-ਸਤਜੁਗ ਵਾਲੀ ਵੰਡ ਨੂੰ ਮਾਨਤਾ ਦਿੰਦੀ ਹੈ ਜੋ ਕਿ ਸਰਾਸਰ ਝੂਠ ਹੈ।ਦੂਜੇ ਉਹ ਇਹ ਸਭ ਕਹਿ ਕੇ ਆਪਣੀ ਹਉਮੇ ਦੀ ਨੁਮਾਇਸ਼ ਕਰ ਰਹੇ ਨੇ।ਇਹ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਵੀ ਗੁਰਬਾਣੀ ਦਾ ਅਰਥ ਬੋਧ ਨਹੀਂ ਹੋਇਆ ਨਹੀਂ ਤਾਂ ਉਹ ਇਸ ਹਉਮੇ ਦੀ ਨੁਮਾਇਸ਼ ਨ ਕਰਦੇ।
- ਅਜੋਕੇ ਕੀਰਤਨੀਏ ਅਰਥਾਂ ਨਾਲ ਖਿਲਵਾੜ ਵੀ ਕਰਦੇ ਨੇ।ਮਿਸਾਲ ਦੇ ਤੌਰ ਤੇ ਕੀਰਤਨ ਕਰਦੇ ਜਿੱਥੇ ਵੀ ਨਾਮ ਸ਼ਬਦ ਆਉਂਦਾ ਹੈ ਤਾ ਉਹ ਰੁਕ ਕੇ “ਵਾਹਿਗੁਰੂ ਵਾਹਿਗੁਰੂ” ਦਾ ਜਾਪ ਸ਼ੁਰੂ ਕਰ ਦਿੰਦੇ ਨੇ।ਜਿਸ ਨਾਲ ਸਰੋਤੇ ਨੂੰ ਇਹ ਸਮਝ ਪੈਂਦੀ ਹੈ ਕਿ ਨਾਮ ਦਾ ਅਰਥ ਵਾਹਿਗੁਰੂ ਸ਼ਬਦ ਦਾ ਤੋਤਾ ਰਟਨ ਹੈ।
- ਸ਼ਬਦਾਂ ਦੇ ਗਲਤ ਅਰਥ ਕਰਕੇ ਉਹਨਾਂ ਨੂੰ ਖਾਸ ਮੌਕਿਆਂ ਤੇ ਢੁਕਾਇਆ ਜਾਂਦਾ ਹੈ।ਮਸਲਨ ਪੁੱਤਰ ਦੇ ਜਨਮ ਦਿਨ ਤੇ ਸਬਦ “ਪੂਤਾ ਮਾਤਾ ਕੀ ਆਸੀਸ” (ਪੰਨਾ 496} ਅਤੇ ਮਰਗ ਤੇ “ਬਾਬਾ ਬੋਲਤੇ ਤੇ ਕਹਾ ਗਏ” (ਪੰਨਾ 480) ਦਾ ਗਾਉਣ ਕਰਨਾ।ਜਦ ਕਿ ਪਹਿਲਾ ਸ਼ਬਦ ਪੁੱਤਰ ਦੇ ਜਨਮ ਦਿਨ ਦੀ ਅਸੀਸ ਨਹੀਂ ਬਲਕਿ ਸਭਨੂੰ ਕਰਤਾਰ ਨੂੰ ਯਾਦ ਰੱਖਣ ਦੀ ਹਦਾਇਤ ਹੈ। ਦੂਸਰਾ ਸ਼ਬਦ ਮਰਗ ਬਾਰੇ ਨਹੀਂ ਬਲਕਿ ਬਿਰਧ ਅਵਸਥਾ ਵਾਰੇ ਹੈ ਜਦੋਂ ਸਾਰੀਆਂ ਇੰਦਰੀਆਂ ਜੋ ਜਵਾਨੀ ਵੇਲੇ ਨਚਾਉਂਦੀਆਂ ਫਿਰਦੀਆਂ ਸਨ ਹੁਣ ਬਿਲਕੁਲ ਨਿਰਬਲ ਹੋ ਗਈਆਂ ਨੇ।
- ਕਿਉਂਕਿ ਅਜੋਕਾ ਕੀਰਤਨ ਸ਼ਬਦ ਦੇ ਅਰਥ ਬੋਧ ਕਰਨ ਦੀ ਵਜਾਏ ਮਨੋਰੰਜਨ ਕਰਾ ਰਿਹਾ ਏ ਇਸ ਲਈ ਇਹ ਸੰਗਤ ਨੂੰ ਸ਼ਬਦ ਨਾਲ ਨਹੀਂ ਬਲਕਿ ਕੀਤਨੀਏ ਦੀ ਜਾਤ ਨਾਲ ਜੋੜਦਾ ਹੈ।ਜਿਸ ਤਰ੍ਹਾਂ ਲੋਕ ਗਾਇਕਾਂ ਦੇ ਪ੍ਰਸੰਸਕ ਬਣ ਉਹਨਾਂ ਦੇ ਮਗਰ ਲਗਦੇ ਨੇ ਉਸੇ ਤਰ੍ਹਾਂ ਸੰਗਤ ਵੀ ਇਹਨਾਂ ਕੀਰਤਨੀਆਂ ਦੀ ਫੈਨ ਬਣ ਰਹੀ ਏ।ਭਾਵ ਸ਼ਬਦ ਨਾਲੋ ਟੁਟ ਕੇ ਕੀਰਤਨੀਏ ਨਾਲ ਜੁੜ ਰਹੀ ਏ।
- ਆਸਾ ਕੀ ਵਾਰ ਦਾ ਕੀਰਤਨ ਕਰਦੇ ਸਮੇ ਉਸ ਵਿੱਚ ਐਧਰੋਂ ਉਧਰੋਂ ਸ਼ਬਦ ਜੋੜ ਕੇ ਗਾਈ ਜਾਂਦੀ ਹੈ ਜਿਸ ਨਾਲ ਉਸ ਦਾ ਮੁਖ ਸੰਦੇਸ਼ ਸਰੋਤਿਆਂ ਦੇ ਪੱਲੇ ਹੀ ਨਹੀਂ ਪੈਂਦਾ।ਪਤਾ ਨਹੀਂ ਇਹ ਆਪਣੇ ਆਪ ਨੂੰ ਗੁਰੂ ਨਾਲੋਂ ਵੀ ਸਿਆਣੇ ਸਮਝਦੇ ਨੇ ਕਿ ਆਪਣੇ ਆਪ ਹੀ ਬਾਣੀ ਦਾ ਮਨਘੜਤ ਜੋੜ ਤੋੜ ਕਰਕੇ ਗਾਉਣ ਲਗ ਪੈਂਦੇ ਨੇ।
ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਏਗੀ ਕਿ ਅਜੋਕਾ ਕੀਰਤਨ ਇੱਕ ਮਨੋਰੰਜਨ ਦਾ ਧੰਦਾ ਬਣ ਗਿਆ ਏ।ਜਿਸ ਨੂੰ ਤਿਆਗਣ ਵਾਰੇ ਗੁਰਬਾਣੀ ਵਿੱਚ ਸਖਤ ਫੁਰਮਾਨ ਹੈ ਕਿ “ਗੁਰਮੁਖਿ ਰਾਗ ਸੁਆਦ ਅਨ ਤਿਆਗੇ॥” ਪੰਨਾ 415 ।ਇਹੋ ਜਿਹੇ ਕੀਰਤਨੀਏ ਨੂੰ ਤਾਂ ਦੋਗਲਾ ਤੇ ਝੂਠਾ ਤਕ ਵੀ ਆਖ ਦਿੱਤਾ ਏ, “ਰਾਗ ਰਾਗਨੀ ਡਿੰਭ ਹੋਇ ਬੈਠਾ ਉਨ ਹਰਿ ਪਹਿ ਕਿਆ ਲੀਨਾ॥” ਪੰਨਾ 654।ਜਦੋਂ ਕੋਈ ਚੀਜ਼ ਧੰਦਾ ਬਣ ਜਾਏ ਅਤੇ ਕਮਾਈ ਦਾ ਸਾਧਨ ਬਣ ਜਾਏ ਤਾਂ ਕਈ ਅਣਕਿਆਸੇ ਵਪਾਰੀ ਵੀ ਇਸ ਵਪਾਰ ਵਿੱਚ ਕੁੱਦ ਪੈਂਦੇ ਨੇ।ਗੁੜ ਨੂੰ ਮੱਖੀਆਂ ਆ ਹੀ ਜਾਂਦੀਆਂ ਹਨ।ਜਿਵੇ ਡੇਰਿਆਂ ਵਲੋ ਗਰਬਾਣੀ ਦੇ ਕਰਾਮਤੀ ਕਹਾਣੀਆਂ ਅਧਾਰਤ ਅਰਥ ਅਤੇ ਕਥਾ ਨੂੰ ਇੱਕ ਵਧੀਆ ਤੇ ਸੋਖਾ ਕਮਾਈ ਦਾ ਸਾਧਨ ਬਣਾ ਲਿਆ ਗਿਆ।ਇੰਜ ਕਰਕੇ ਉਹਨਾਂ ਨੇ ਕਰਾਮਾਤਾਂ ਲਈ ਸਿੱਖ ਸੰਗਤਾਂ ਵਿੱਚ ਇੱਕ ਮਾਰਕਿਟ ਪੈਦਾ ਕਰ ਲਈ ਜਿਸ ਮਾਰਕਿਟ ਵਿੱਚ ਹੁਣ ਈਸਾਈ ਵੀ ਕੁੱਦ ਪਏ ਨੇ।ਹੁਣ ਨ ਤਾਂ ਉਹ ਕਰਮਾਤ ਨੂੰ ਨਿੰਦ ਸਕਦੇ ਨੇ ਤੇ ਨ ਹੀ ਆਪਣੀ ਦੁਕਾਨਦਾਰੀ ਦਾ ਨੁਕਸਾਨ ਸਹਿ ਸਕਦੇ ਨੇ।ਇਸੇ ਤਰ੍ਹਾਂ ਇਹ ਕੱਚ ਘਰੜ ਕੀਰਤਨ ਇੱਕ ਮਾਰਕਿਟ ਪੈਦਾ ਕਰ ਰਿਹਾ ਹੈ ਜਿਸ ਵਿੱਚ ਗੈਰ ਸਿੱਖ ਵੀ ਆਪਣੀ ਕਮਾਈ ਕਰਨ ਲਗ ਪਏ ਨੇ।ਉਹ ਦਿਨ ਦੂਰ ਨਹੀ ਜਦੋਂ ਇਹਨਾਂ ਕੀਰਤਨੀਆਂ ਦਾ ਮੁਕਾਬਲਾ ਗੈਰ ਸਿੱਖ ਕੀਰਤਨੀਆਂ ਨਾਲ ਜਮ ਕੇ ਹੋਏਗਾ।
ਸਮਾਜ ਵਿੱਚ ਮਨੋਰੰਜਨ ਦੀ ਆਪਣੀ ਜਗ੍ਹਾ ਅਤੇ ਜਰੂਰਤ ਹੈ ਪਰ ਬਾਣੀ ਮਨੋਰੰਜਨ ਲਈ ਨਹੀਂ ਰਚੀ ਗਈ।ਇਸ ਲਈ ਇਸ ਨੂੰ ਮਨੋਰੰਜਨ ਲਈ ਵਰਤਣਾ ਬੇਈਮਾਨੀ ਹੈ। ਮਨੋਰਰੰਜਨ ਵਿੱਚ ਕਮਾਈ ਚੋਖੀ ਹੈ ਜੋ ਅੱਜਕਲ ਇਹ ਕੀਰਤਨੀਏ ਕਰ ਵੀ ਰਹੇ ਨੇ।ਪਰ ਕਮਾਈ ਤੋਂ ਇਲਾਵਾ ਇਸ ਵਿੱਚ ਹੋਰ ਕੁਝ ਵੀ ਨਹੀਂ।ਆਮ ਗਾਇਕ ਕਲਾਕਾਰਾਂ ਦੀ ਤਰ੍ਹਾਂ ਉਹ ਵੀ ਇੱਕ ਮੌਸਮੀ ਉਭਾਰ ਦੀ ਤਰ੍ਹਾਂ ਉਠਦੇ ਨੇ ਤੇ ਥੋੜੀ ਦੇਰ ਬਾਅਦ ਕੋਈ ਦੂਸਰਾ ਉਨ੍ਹਾਂ ਦੀ ਜਗ੍ਹਾਂ ਲੈ ਲੈਂਦਾ ਹੈ।ਉਹ ਇਹ ਭੁਲ ਗਏ ਨੇ ਕਿ ਉਹ ਜਿਹਨਾਂ ਕੀਰਤਨੀਆਂ ਦੀ ਜਗ੍ਹਾ ਬੈਠੇ ਨੇ ਉਹ ਕੀ ਖੱਟ ਵੱਟ ਗਏ ਨੇ।ਜੋ ਇੱਜ਼ਤ ਭਾਈ ਮਰਦਾਨੇ ਜਾਂ ਸਤੇ ਤੇ ਬਲਵੰਡ ਨੂੰ ਮਿਲੀ ਹੈ ਉਸਦਾ ਕੋਈ ਮੁੱਲ ਵੀ ਨਹੀਂ ਪਾ ਸਕਦਾ।ਸਿੱਖਾਂ ਲਈ ਉਹਨਾਂ ਦੇ ਉਚਾਰੇ ਬੋਲ ਗੁਰੂ ਦਾ ਰੁਤਬਾ ਰੱਖਦੇ ਨੇ।
ਕਈ ਲੋਕ ਅਜੋਕੇ ਕੀਰਤਨੀਆਂ ਦੇ ਹੱਕ ਵਿੱਚ ਇਹ ਦਲੀਲ ਦਿੰਦੇ ਨੇ ਕਿ ਗੁਰੂ ਸਾਹਿਬ ਨੇ ਤਾਂ ਆਪ 9 ਵਾਰਾਂ ਨੂੰ ਲੋਕਾਂ ਵਿੱਚ ਪ੍ਰਚਲਤ ਯੋਧਿਆਂ ਦੀਆਂ ਵਾਰਾਂ ਦੀਆਂ ਧੁਨੀਆਂ ਤੇ ਗਾਉਣ ਦੀ ਹਦਇਤ ਕੀਤੀ ਹੈ।ਇਸ ਕਰਕੇ ਫਿਲਮੀ ਗਾਣਿਆਂ ਦੀ ਤਰਜ਼ ਤੇ ਸ਼ਬਦ ਦਾ ਗਾਉਣਾ ਵੀ ਜ਼ਾਇਜ ਹੋਣਾ ਚਾਹੀਦਾ ਹੈ।ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਵਾਰ ਗਾਉਣ ਲਈ ਰਾਗ ਨੂੰ ਨਹੀੰ ਬਦਲਿਆਂ ਸਿਰਫ ਖਾਸ ਧੁਨ ਜਾ ਤਰਜ਼ ਦੀ ਹਦਾਇਤ ਕੀਤੀ ਹੈ ਜਿਸ ਤਰ੍ਹਾਂ ਸ਼ਬਦ ਵਿੱਚ ਰਾਗ ਅਤੇ ਖਾਸ ਘਰ ਦੀ ਹਦਾਇਤ ਕੀਤੀ ਹੈ।ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਪ੍ਰਚਲਤ ਸਥਾਨਿਕ ਸੂਰਮਿਆਂ ਦੀ ਉਸਤਿਤ ਦੀ ਜਗ੍ਹਾ ਕਰਤੇ ਦੀ ਉਸਤਿਤ ਲਈ ਹੀ ਵਾਰਾਂ ਦੀ ਰਚਨਾ ਕੀਤੀ ਗਈ ਹੈ।ਇਸ ਲਈ ਲੋਕ ਮਨਾਂ ਵਿੱਚ ਵਸੀਆਂ ਹੋਈਆਂ ਧੁਨੀਆਂ ਤੇ ਕਰਤੇ ਦੀ ਵਡਿਆਈ ਵਿੱਚ ਗਾਈਆਂ ਵਾਰਾਂ ਜਲਦੀ ਤੇ ਸਹੀ ਅਸਰ ਕਰਦੀਆਂ ਹਨ।ਭਾਈ ਕਾਨ੍ਹ ਸਿੰਘ ਦੇ ਕਹਿਣ ਅਨੁਸਾਰ ਪ੍ਰਚਲਤ ਵਾਰਾਂ ਦਾ ਵਿਸ਼ਾ ਵਸਤੂ ਗੁਰਮਤ ਦੇ ਅਨਕੂਲ ਹੈ ਜਾਂ ਨਹੀਂ ਇਸ ਦਾ ਇੱਥੇ ਸਵਾਲ ਨਹੀ ਹੈ ਸਿਰਫ ਤਰਜ਼ ਦੀ ਹਦਾਇਤ ਕੀਤੀ ਹੈ।(4)
ਕਸੂਰ ਕਿਸ ਦਾ ਤੇ ਕੀ ਕੀਤਾ ਜਾਵੇ
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੀਰਤਨ ਵਿੱਚ ਬਹਤ ਗਿਰਾਵਟ ਆਈ ਹੈ।ਪਰ ਸਵਾਲ ਉਠਦਾ ਹੈ ਇਸ ਗਿਰਾਵਟ ਲਈ ਕੌਣ ਜੁੰਮੇਵਾਰ ਹੈ।ਇਹ ਗਿਰਾਵਟ ਦਾ ਜੁੰਮੇਵਾਰੀ ਗੁਰਦਵਾਰਾ ਪ੍ਰਬੰਧ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਸਿਰ ਹੀ ਜਾਂਦੀ ਹੈ।ਸ਼ਾਇਦ ਉਹਨਾ ਨੂੰ ਇਸ ਗਲ ਦਾ ਅਹਿਸਾਸ ਵੀ ਹੈ।ਇਸ ਸਾਲ ਮਈ ਮਹੀਨੇ ਅਕਾਲ ਤਖਤ ਸਾਹਿਬ ਤੋਂ ਇਹ ਫੁਰਮਾਨ ਜਾਰੀ ਕੀਤਾ ਗਿਆ ਕਿ ਆਉਂਦੇ ਤਿੰਨ ਸਾਲਾਂ ਵਿੱਚ ਦਰਬਾਰ ਸਾਹਿਬ ਹੁੰਦੇ ਕੀਰਤਨ ਵਿੱਚ ਹਰਮੋਨੀਅਮ ਜਾਣੀ ਬਾਜੇ ਦੀ ਵਰਤੋਂ ਖਤਮ ਕੀਤੀ ਜਾਏ ਤੇ ਦਰਬਾਰ ਸਾਹਿਬ ਸਿਰਫ ਤੰਤੀ ਸਾਜ਼ਾਂ ਨਾਲ ਹੀ ਕੀਰਤਨ ਕੀਤਾ ਜਾਏ।ਉਨ੍ਹਾ ਦੇ ਇਸ ਫੁਰਮਾਨ ਦਾ ਵਿਰੋਧ ਵੀ ਹੋ ਰਿਹਾ ਹੈ ਜੋ ਕਿ ਸੁਭਾਵਿਕ ਹੈ।ਕਿਉਂਕਿ ਔਖਾ ਕੰਮ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ।ਇਸ ਤੋਂ ਪਹਿਲਾ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ ਅਵਤਾਰ ਸਿੰਘ ਮੱਕੜ ਸਨ ਬਾਜੇ ਦੇ ਨਾਲ ਇੱਕ ਤੰਤੀ ਸਾਜ ਦਾ ਹੋਣਾ ਜ਼ਰੂਰੀ ਕੀਤਾ ਸੀ।ਇਸ ਗੱਲ ਦਾ ਕਿਸੇ ਨੂੰ ਕੋਈ ਇਲਮ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਦੀ ਬਾਜੇ ਦੀ ਵਰਤੋਂ ਨੂੰ ਪੜਾਅ ਵਾਰ ਬੰਦ ਕਰਨ ਦੀ ਕੀ ਯੋਜਨਾ ਹੈ।ਕੀ ਉਹ ਰਾਗੀਆਂ ਨੂੰ ਬਾਕਾਇਦਾ ਸਿਖਲਾਈ ਦੇਣ ਦਾ ਕੋਈ ਇੰਤਜ਼ਾਮ ਕਰ ਰਹੀ ਹੈ ਜਾਂ ਨਹੀਂ।ਕੀ ਉਹ ਆਪਣੀ ਇਸ ਗੱਲ ਤੇ ਕਾਇਮ ਰਹਿਣਗੇ ਜਾਂ ਰਾਗੀਆਂ ਦੀ ਲਾਬੀ ਦੇ ਦਬਾਅ ਹੇਠ ਆਪਣਾ ਇਹ ਫੈਸਲਾ ਬਦਲ ਲੈਣਗੇ।ਇਹ ਵੀ ਸਪੱਸ਼ਟ ਨਹੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਿਰਫ ਸਾਜ਼ ਬਦਲਣ ਦੀ ਹਦਾਇਤ ਦਿੱਤੀ ਹੈ ਜਾਂ ਫਿਰ ਨਿਰਧਾਰਿਤ ਰਾਗਾਂ ਵਿੱਚ ਗਾਉਣ ਦੀ ਵੀ ਹਦਾਇਤ ਕੀਤੀ ਹੈ। ਸਹੀ ਕੀਰਤਨ ਕਰਨਾ ਕੋਈ ਅਸਾਨ ਕੰਮ ਨਹੀਂ ਹੈ।ਇਹ ਬਹੁਤ ਮਿਹਨਤ ਤੇ ਲਗਨ ਦਾ ਕੰਮ ਹੈ।ਗ੍ਰਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਰਾਗੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਜ਼ਿੰਦਗੀ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਉਹਨਾਂ ਦਾ ਅਜਿਹਾ ਸਤਿਕਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਦੇਖ ਬਾਕੀ ਇਸ ਕੰਮ ਲਈ ਪ੍ਰੇਰਿਤ ਹੋਣ।ਅੱਜ ਕਲ ਨਕਲ ਬੁਧੀ ਦਾ ਜ਼ਮਾਨਾ ਹੈ।ਇਸ ਨਾਲ ਅਸਾਨੀ ਨਾਲ ਪੁਰਾਣੇ ਪ੍ਰਸਿੱਧ ਕੀਰਤਨੀਆ ਦਾ ਗਾਉਣ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ।ਆਖਰਕਾਰ ਰਾਗ ਵੀ ਅਵਾਜ ਦੀਆਂ ਲਹਿਰਾਂ ਦਾ ਤਾਣਾ ਬਾਣਾ ਹੈ ਜਿਸ ਨੂੰ ਗਣਿਤ ਦੇ ਐਲਗੋਰਿਦਮ ਜਾਂ ਹਿਸਾਬੋ ਸ਼ੁਮਾਰ ਰਾਹੀ ਮਾਪ ਕੇ ਸੰਗੀਤ ਸਿਰਜਿਆ ਜਾ ਸਕਦਾ ਹੈ।।ਟਾਈਮ ਰਸਾਲੇ ਦੇ ਦਸੰਬਰ 2023 ਦੇ ਅੰਕ ਵਿੱਚ ਇਸ ਵਾਰੇ ਇੱਕ ਲੇਖ ਵੀ ਛਪਿਆ ਸੀ।ਸ਼੍ਰੋਮਣੀ ਕਮੇਟੀ ਅਤੇ ਹੋਰ ਗੁਰਦਵਾਰਾ ਪ੍ਰਬੰਧਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।
ਹਵਾਲੇ
- ਗੁਰਮਤ ਮਾਰਤੰਡ, ਭਾਗ ਦੂਜਾ, ਪੰਨਾ 799, ਪੰਜਵੀ ਐਡੀਸ਼ਨ, 2005
- ਇਹ ਜਾਣਕਾਰੀ ਮੈ ਇਸ ਵੈਬਸਾਈਟ ਤੋਂ ਲਈ ਹੈ. https://www.sikhiwiki.org/index.php/Ghar
- ਮਿਸਾਲ ਦੇ ਤੌਰ ਤੇ ਭਾਈ ਬਲਦੀਪ ਸਿੰਘ ਦੀ ਇੱਕ ਇੰਟਰਵਿਊ ਇਸ ਲਿੰਕ ਸੁਣੀ ਜਾ ਸਕਦੀ ਹੈ। https://www.youtube.com/watch?v=Xh81_aFvxgQ
- ਦੇਖੋ ਭਾਈ ਕਾਨ੍ਹ ਸਿੰਘ ਦੇ ਮਹਾਨਕੋਸ਼ ਵਿੱਚ ਧੁਨੀ ਸ਼ਬਦ ਦਾ ਇੰਦਰਾਜ[
12/09/2024
