ਗੁਗਨਾ ਮੁਗਨਾ

(ਦਾਦੇ ਦਾ ਪੋਤੇ ਨੂੰ ਅਸ਼ੀਰਵਾਦ)

ਦੂਰੋਂ ਨੇੜਿਓਂ ਆਏ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਦਾ ਕੋਟ ਕੋਟ ਧੰਨਵਾਦ ਜੋ ਸਾਡੀ ਖੁਸ਼ੀ ਵਿੱਚ ਸ਼ਾਮਲ ਹੋ ਇਸਨੂੰ ਦੁਗਣਾ ਚੌਗਣਾ ਕਰ ਰਹੇ ਨੇ।

ਗੁਰ ਨਾਨਕ ਸਾਹਿਬ ਦੇ ਬੋਲ ਨੇ

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ਪੰਨਾ 653

ਮਾਨਵ ਜਾਤ ਕਿਰਤ ਦੇ ਧੱਕੇ ਖਾਂਦੀ ਜਿਥੇ ਵੀ ਰੁਜ਼ਗਾਰ ਦੇ ਵਧੀਆ ਵਸੀਲ਼ੇ ਮਿਲਦੇ ਨੇ ਉਥੇ ਪੁਹੰਚ ਜਾਦੀ ਹੈ।ਅਫਰੀਕਾ ਤੋਂ ਤੁਰੇ ਇਹ ਪੂਰੀ ਧਰਤੀ ਤੇ ਫੈਲ ਗਏ ਨੇ।

ਧਰਤੀ ਮੁੱਕ ਗਈ ਪਰ ਇਹ ਸਫਰ ਨਹੀਂ ਮੁੱਕਿਆ

ਇਸੇ ਸਫਰ ਤੇ ਕਦੇ ਅਸੀਂ ਤੁਰੇ ਸਾਂ

ਇਸੇ ਸਫਰ ਤੇ ਹੁਣ ਸਾਡੇ ਬੱਚੇ ਤੁਰੇ ਹੋਏ ਨੇ

ਜਦੋਂ ਅਸੀਂ ਤੁਰੇ ਸਾਂ ਉਦੋਂ ਲੰਮੇ ਸਮੇਂ ਵਿੱਚ ਥੋੜਾ ਸਫਰ ਮੁਕਦਾ ਸੀ

ਹੁਣ ਸਾਲਾਂ ਵਿੱਚ ਸਦੀਆਂ ਦਾ ਪੈਂਡਾ ਮੁੱਕ ਰਿਹਾ ਏ।

ਸਮੇ ਦਾ ਘੋੜਾ ਬੇਤਹਾਸ਼ਾ ਦੋੜ ਰਿਹਾ ਏ

ਥੋੜੇ ਸਮੇ ਵਿੱਚ ਬਹੁਤਾ ਕੁਝ ਬਦਲ ਰਿਹਾ ਏ

ਨਵੀਂ ਪੌਦ ਨਵੇਂ ਦਿਸਹੱਦੇ ਮਾਪ ਰਹੀ ਏ

ਜ਼ੈੱਨ ਐਲਫਾ ਦਾ ਜ਼ਮਾਨਾ ਆ ਗਿਆ ਏ

ਜ਼ੈੱਨ ਐਲਫਾ ਪੌਦ ਲੰਮੇ ਪੈਂਡੇ ਪਲਾ ਵਿੱਚ ਤਹਿ ਕਰ ਰਹੀ ਏ

ਕੋਈ ਪਤਾ ਨਹੀਂ ਇਹ ਕੀ ਕਰਨਗੇ ਤੇ ਕੀ ਨਹੀਂ ਕਰਨਗੇ

ਇਹ ਏ ਆਈ (ਨਕਲ ਬੁੱਧੀ) ਤੇ ਸਵਾਰ ਹੋ ਬ੍ਰਹਿਮੰਡ ਦੀਆਂ ਹੱਦਾਂ ਮਾਪਣਗੇ

ਜਾਂ ਫਿਰ ਬਲੈਕ ਹੋਲ ਦੇ ਗੁਝੇ ਭੇਦ ਰੁਸ਼ਨਾਉਣਗੇ

ਜਾਂ ਫਿਰ ਸਮੇਂ ਦੇ ਨਵੇਂ ਕੋਣ (ਡਾਈਮੈਨਸ਼ਨਜ਼) ਲੱਭਣਗੇ       

ਜਾਂ ਫਿਰ ਅਣਸੁਣੀਆਂ ਅਵਾਜਾਂ ਸੁਣਨਗੇ

ਜਾਂ ਫਿਰ ਅਣਦਿਸਦੀ ਰੌਸ਼ਨੀ ਦੇਖਣਗੇ

ਜਾਂ ਫਿਰ ਨੈਨੋ ਤਕਨੀਕ ਰਾਹੀਂ ਹੈਰਾਨ ਕਰਨਗੇ

ਪਤਾ ਨਹੀਂ ਇਹ ਕੀ ਕਰਨਗੇ, ਕੀ ਨਹੀਂ ਕਰਨਗੇ

ਇਰਬੀਰ ਤੂੰ ਸਾਡੇ ਪਰਿਵਾਰ ਦੀ ਐਲਫਾ ਪੌਦ ਹੈਂ

ਤੂੰ ਦਾਦੇ ਦੀ ਜਾਨ ਏਂ, ਦਾਦੀ ਦਾ ਗੁਗਨਾ ਮੁਗਨਾ ਏਂ

ਤੂੰ ਅੰਬਰਾਂ ਤੇ ਉਡਾਰੀਆਂ ਮਾਰੀਂ ਪਰ

ਧਰਤੀ ਨਾਲ ਜੁੜਿਆ ਰਹੀਂ

ਰੁਖਾਂ ਨਾਲ ਸਾਝ ਪਾਈਂ

ਚਿੜੀਆਂ ਤੋਂ ਚਹਿਕਣਾ ਸਿੱਖੀਂ

ਫੁਲਾਂ ਤੋਂ ਮਹਿਕਣਾ ਸਿੱਖੀਂ

ਸਾਡੀ ਗੁਰੁ ਬਾਬੇ ਅੱਗੇ ਇਹੀ ਅਰਦਾਸ ਹੈ

ਤੂੰ ਮਿੱਟੀ ਦੀ ਮਮਤਾ ਨਾਲ ਸਰਸ਼ਾਰ ਹੋਵੇਂ

ਸਾਡੇ ਪਿਛਵਾੜੇ ਇੱਕ ਅੰਬ ਦਾ ਬੂਟਾ ਏ

ਉਹ ਜਮਾਂ ਤੇਰੇ ਹਾਣਦਾ ਏ

ਉਹ ਮੇਰੇ ਨਾਲ ਤੇਰੇ ਵਾਰੇ ਗੱਲਾਂ ਵੀ ਕਰਦਾ ਏ

ਜਦ ਤੂੰ ਅਗਲੀ ਵਾਰ ਦਾਦਕੀਂ ਆਵੇਂਗਾ

ਉਹ ਤੈਨੂੰ ਚੂਪਣ ਲਈ ਅੰਬ ਵੀ ਦੇਵੇਗਾ

ਜਦ ਤੇਰੀ ਰੁੱਖਾਂ ਨਾਲ ਸਾਂਝ ਪਏਗੀ

ਤੈੰਨੂੰ ਬਾਬੇ ਦੀ ਬਾਣੀ ਵੀ ਸਮਝ ਆਏਗੀ

ਕਿ ਬਾਬਾ ਕਿਉਂ ਆਖਦਾ ਏ “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥”

ਵਸ ਤੂੰ ਧਰਤੀ ਨਾਲ ਜੁੜਿਆ ਰਹੀਂ, ਮਿੱਟੀ ਨਾਲ ਮੋਹ ਪਾਈਂ

ਤੂਂ ਦਾਦੇ ਦੀ ਜਾਨ ਏਂ, ਦਾਦੀ ਦਾ ਗੁਗਨਾ ਮੁਗਨਾ ਏਂ

ਤੂੰ ਸਾਡੇ ਸਭ ਦਾ ਗੁਗਨਾ ਮੁਗਨਾ ਏਂ।

ਸਭ ਆਏ ਸੱਜਣਾਂ ਮਿਤਰਾਂ ਤੇ ਰਿਸ਼ਤੇਦਾਰਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ।

11/05/2024

ਮੇਲਾ ਯੂਬਾ ਸਿਟੀ ਦਾ

ਮੇਲਾ ਯੂਬਾ ਸਿਟੀ ਦਾ

ਮੈਂ ਮੇਲੇ ਵਿੱਚ ਗੁਆਚ ਗਿਆ

ਸਿੱਖ ਨੂੰ ਅੇਸੀ ਦਿੱਤੀ ਭੁਆਂਟਣੀ

ਗੁਰੂ ਦੀ ਉਂਗਲ ਛੁੱਟ ਗਈ, ਸਿੱਖ ਮੇਲੇ  ਵਿੱਚ ਗੁਆਚ ਗਿਆ

ਮੇਲਾ ਭਰਿਆ ਨੱਕੋ ਨੱਕ

ਕੋਈ ਵੇਚ ਰਿਹਾ ਸੀ ਖਾਲਸਤਾਨ

ਕੋਈ ਕਹੇ ਗੁਰਧਾਮ ਮੁਰੰਮਤ ਮੰਗਦੇ ਹੈਨ ਜੋ ਪਾਕਸਤਾਨ

ਕੋਈ ਮੁਫਤ ਕਿਤਾਬਾਂ ਵੰਡਦਾ ਪਰ ਲੈਂਦਾ ਖੁੱਲ ਕੇ ਦਾਨ

ਖੋਲ ਕਿਤਾਬ ਮੈ ਦੇਖਿਆ, ਨ ਲੱਭਿਆ ਗੁਰੂ ਗਿਆਨ

Continue reading “ਮੇਲਾ ਯੂਬਾ ਸਿਟੀ ਦਾ”

ਬੇਅਦਬ ਬਨਾਮ ਬਾਅਦਬ

ਬੇਅਦਬੀ ਗੁਰੂ ਤੋਂ ਬੇਮੁੱਖ ਹੋਣਾ ਏ

ਅਦਬ ਗੁਰੂ ਦੇ ਸਨਮੁੱਖ ਹੋਣਾ ਏ

ਅਦਬ ਗੁਰੂ ਦਾ ਸਿੱਖ ਅੰਦਰ ਗੁਰਬਾਣੀ ਦਾ ਵਰਤਣਾ ਏ

ਬੇਅਦਬੀ ਤਾਂ ਉਦੋਂ ਹੁੰਦੀ ਏ ਜਦੋਂ ਅਸੀਂ

ਗੁਰੂ ਬਰਾਬਰ ਕੋਈ ਸ਼ਰੀਕ ਬਠਾਉਂਦੇ ਹਾਂ

ਬੇਅਦਬੀ ਤਾਂ ਉਦੋਂ ਹੁੰਦੀ ਏ ਜਦੋਂ ਅਸੀਂ

ਗੁਰੂ ਨੂੰ ਅਣਸੁਣਿਆਂ ਕਰ ਉਸ ਸ਼ਰੀਕ ਦੀ ਸੁਣਦੇ ਹਾਂ

ਉਦੋਂ ਸਿੱਖ ਮਰ ਜਾਂਦਾ ਏ ਕਿਉਂਕਿ

ਬੇਅਦਬ ਨੂੰ ਮਾਰਨ ਦੀ ਲੋੜ ਨਹੀ, ਬੇਅਦਬ ਤਾਂ ਆਤਮਘਾਤੀ ਹੈ

ਬੇਅਦਬੀ ਰੋਕਣ ਲਈ ਖੁਦ ਅਦਬ ਕਰੋ, ਗੁਰਬਾਣੀ ਬਣੋ

ਜੀਉਂਦੇ ਰਹਿਣ ਲਈ ਗੁਰੂ ਦੀ ਗੱਲ ਆਖੋ, ਗੁਰੂ ਦੀ ਗੱਲ ਬਣੋ

ਆਖਾਂ ਜੀਵਾਂ ਵਿਸਰੇ ਮਰ ਜਾਓ

ਆਪ ਜੀਉਂਦੇ ਹੋ ਮੋਇਆਂ ਨੂੰ ਮੌਤ ਤੋਂ ਜਗਾਓ

ਮੋਇਆਂ ਦਾ ਅਦਬ ਨਹੀਂ ਹੁੰਦਾ, ਸਿਰਫ ਸਰਾਧ ਹੁੰਦੇ ਨੇ

ਗੁਰੂ ਦੇ ਸਨਮੁੱਖ ਹੋਣ ਲਈ, ਬਾਅਦਬ ਬਣੋ

ਆਪਣੇ ਅੰਦਰ ਝਾਕੋ, ਬਿਬੇਕ ਲੜ ਲਗੋ

ਆਪਾ ਤਿਆਗ ਗੁਰ ਦੇ ਸ਼ਰੀਕ ਤਿਆਗੋ

ਚਾਹੇ ਉਹ ਦੇਹਧਾਰੀ ਹੋਵੇ ਜਾਂ ਕੋਈ ਕਿਤਾਬ

ਨਹੀ ਤਾਂ ਤਸੀਂ ਵੀ ਕਰ ਰਹੇ ਹੋ ਆਤਮਘਾਤ

ਜਰਨੈਲ ਸਿੰਘ

October 26, 2021