ਅਸਲੀ ਪਰਜੀਵੀ

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

http://www.understandingguru.com

ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤ੍ਰੀ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਨਵੀਂ ਸ਼ਬਦਾਬਲੀ ਘੜਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਲੋਕਾਂ ਨੂੰ ਅਮਦੋਲਨਜੀਵੀ ਕਹਿ ਕੇ ਭੰਡਿਆ ਜਿਸ ਦਾ ਸੱਤਾਧਾਰੀ ਪਾਰਟੀ ਦੇ ਮੈਂਬਰਾਨ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਉਹਨਾਂ ਇੱਥੇ ਹੀ ਵਸ ਨਹੀਂ ਕੀਤੀ ਬਲਕਿ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਪਰਜੀਵੀ ਵੀ ਆਖ ਦਿੱਤਾ।ਪਰਜੀਵੀ ਸੁਆਰਥੀ ਅਤੇ ਮੁਫਤੇਖੋਰੇ ਲੋਕਾਂ ਨੂੰ ਆਖਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਪਰਜੀਵੀ ਨੂੰ ਪੈਰਾਸਾਈਟ ਆਖਦੇ ਨੇ।ਇਸ ਦੇ ਪ੍ਰਤੀਕਰਮ ਵਜੋਂ ਬਹੁਤ ਸਾਰੇ ਵੀਡੀਓਜ਼ ਸੋਸ਼ਲ ਮੀਡੀਆ ਤੇ ਆਏ ਤੇ ਆ ਰਹੇ ਨੇ।ਰਵੀਸ਼ ਕੁਮਾਰ ਨੇ ਬੜੇ ਸੁਚੱਜੇ ਢੰਗ ਨਾਲ ਇਤਿਹਾਸ ਦੇ ਵਰਕੇ ਫਰੋਲ ਇਸਦਾ ਉੱਤਰ ਦਿੱਤਾ।ਆਪਣੇ ਭਾਸ਼ਨ ਵਿੱਚ ਪ੍ਰਧਾਨ ਮੰਤ੍ਰੀ ਮੋਦੀ ਸਾਹਿਬ ਨੇ ਇਹ ਤਾਂ ਮੰਨਿਆ ਹੈ ਕਿ ਅੰਦੋਲਨ ਲੋਕਤੰਤਰ ਵਿੱਚ ਇੱਕ ਜ਼ਾਇਜ਼ ਕਿਰਿਆ ਹੈ।ਉਨ੍ਹਾ ਇਸ ਲਈ ਪਵਿੱਤਰ ਲਫ਼ਜ਼ ਵੀ ਵਰਤਿਆ ਜੋ ਸ਼ਲਾਘਾਯੋਗ ਹੈ।ਉਹਨਾਂ ਨੂੰ ਇਤਰਾਜ਼ ਟੋਲਪਲਾਜਿਆਂ ਤੇ ਕਬਜੇ ਤੇ ਮੋਬਾਈਲ ਟਾਵਰਾਂ ਦੀ ਭੰਨਤੋੜ ਤੇ ਹੈ ਜਾਂ ਉਹਨਾਂ ਲੋਕਾਂ ਤੇ ਹੈ ਜੋ ਇਸ ਅੰਦੋਲਨ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ।ਇਸ ਕਰਕੇ ਉਹ ਅਮਦੋਲਨਕਾਰੀ ਤੇ ਅੰਦੋਲਨਜੀਵੀ ਵਿੱਚ ਭੇਦ ਕਰਦੇ ਨੇ।ਆਓ ਦੇਖੀਏ ਕਿ ਕੀ ਸਰਕਾਰ ਸਚਮੁੱਚ ਅੰਦੋਲਨ ਨੂੰ ਜ਼ਾਇਜ਼ ਲੋਕਤੰਤਰੀ ਕਿਰਿਆ ਮੰਨਦੀ ਹੈ।ਕੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਤਾਂ ਨਹੀਂ।
ਅੰਦੋਲਨ ਸ਼ਬਦ ਦੇ ਅੱਖਰੀ ਅਰਥ ਹਲੂਣਾ ਦੇਣ ਦੀ ਕਿਰਿਆ ਹੈ।ਲੋਕਤੰਤਰ ਵਿੱਚ ਲੋਕ ਅੰਦੋਲਨ ਦਾ ਰਾਹ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਚੁਣਦੇ ਨੇ।ਜਾਣੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਂਦੇ ਨੇ ਕਿ ਉਨ੍ਹਾ ਦੀ ਗੱਲ ਸੁਣੀ ਜਾਵੇ।ਮੋਦੀ ਸਾਹਿਬ ਕਹਿੰਦੇ ਤਾਂ ਇਹ ਨੇ ਕਿ ਅੰਦੋਲਨ ਕਰਨਾ ਲੋਕਾਂ ਦਾ ਹੱਕ ਹੈ ਪਰ ਅਸਲੀਅਤ ਵਿੱਚ ਉਹ ਇਹ ਹੱਕ ਲੋਕਾਂ ਨੂੰ ਦੇ ਨਹੀਂ ਰਹੇ ਜਿਸ ਕਰਕੇ ਉਨ੍ਹਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਵੀ ਸ਼ੱਕ ਦੇ ਦਾਇਰੇ ਵਿੱਚ ਆ ਜਾਂਦਾ ਹੈ। ਉਨ੍ਹਾ ਦੀ ਸਰਕਾਰ ਦਾ ਕਿਸਾਨ ਅੰਦੋਲਨ ਵਾਰੇ ਪੂਰਾ ਜ਼ੋਰ ਇਸ ਗਲ ਤੇ ਲੱਗਾ ਹੋਇਆ ਹੈ ਕਿ:


ਇਹ ਅੰਦੋਲਨ ਹੋਣ ਹੀ ਨ ਦਿੱਤਾ ਜਾਏ
ਸਰਕਾਰ ਦੀ ਇਹ ਪੁਰਜੋਰ ਕੋਸ਼ਿਸ਼ ਰਹੀ ਹੈ ਕਿ ਕਿਸਾਨ ਇਹ ਅੰਦੋਲਨ ਕਰ ਹੀ ਨ ਸਕਣ।ਕਿਸਾਨਾਂ ਨੂੰ ਧਰਨੇ ਵਾਲੀ ਜਗ੍ਹਾ ਤੇ ਪਹੁੰਚਣ ਤੋਂ ਰੋਕਣ ਲਈ ਰਾਹ ਵਿੱਚ ਭਾਰੀ ਪੱਥਰ ਰੱਖ ਰੁਕਾਵਟਾਂ ਪਾਈਆਂ ਗਈਆਂ, ਪਾਣੀ ਦੀ ਬੁਸ਼ਾੜਾਂ ਮਾਰ ਕਿਸਾਨਾਂ ਨੂੰ ਰੋਕਿਆ ਗਿਆ, ਸੜਕਾਂ ਤੇ ਮਿੱਟੀ ਦੇ ਪਹਾੜ ਖੜੇ ਕਰ ਦਿੱਤੇ ਗਏ।ਇੱਥੋਂ ਤਕ ਕਿ ਸਰਕਾਰ ਨੇ ਖੁਦ ਸੜਕਾਂ ਹੀ ਪੁੱਟ ਦਿੱਤੀਆਂ ਤਾਂ ਜੋ ਕਿਸਾਨ ਅੱਗੇ ਨਾ ਵਧ ਸਕਣ।ਕੀ ਇਹ ਕਾਰਵਾਈ ਇੱਕ ਲੋਕਤੰਤਰੀ ਸਰਕਾਰ ਨੂੰ ਸੋਹੰਦੀ ਹੈ।ਪ੍ਰਧਾਨ ਮੰਤਰੀ ਸਾਹਿਬ ਨੂੰ ਮੋਬਾਈਲ ਟਾਵਰਾਂ ਦੇ ਹੋਏ ਨੁਕਸਾਨ ਤਾਂ ਨਜ਼ਰ ਆਉਂਦੇ ਨੇ ਪਰ ਉਸਦੀ ਆਪਣੀ ਸਰਕਾਰ ਵਲੋਂ ਕੀਤੀ ਭੰਨ ਤੋੜ ਨਹੀਂ ਨਜ਼ਰ ਆ ਰਹੀ।ਹੁਣ ਸੜਕਾਂ ਤੇ ਵੱਡੇ ਵੱਡੇ ਕਿੱਲ ਲਾਏ ਗਏ ਨੇ ਤਾਂ ਜੋ ਕਿਸਾਨ ਆਪਣੇ ਟ੍ਰੈਕਟਰ ਅੱਗੇ ਨ ਲਿਜਾ ਸਕਣ।ਕਿਸਾਨਾਂ ਨੇ ਇਹਨਾਂ ਕਿਲਾਂ ਦੇ ਨਾਲ ਫੁੱਲ ਲਗਾ ਕਿ ਸਰਕਾਰ ਨੂੰ ਆਪਣਾ ਜਵਾਬ ਦਿੱਤਾ।ਪਰ ਸਰਕਾਰੀ ਮੀਡੀਆ ਇਹ ਨਹੀਂ ਦਿਖਾਂਉਂਦਾ।ਸਰਕਾਰ ਦਾ ਤਾਂ ਪਤਾ ਨਹੀਂ ਪਰ ਲੋਕਤੰਤਰ ਇਹ ਦੇਖ ਕੇ ਜ਼ਰੂਰ ਸ਼ਰਮਸਾਰ ਹੋਇਆ ਹੋਏਗਾ।


ਕਿਸਾਨ ਦੀ ਗੱਲ ਸੁਣੀ ਅਣਸੁਣੀ ਕੀਤੀ ਜਾਵੇ
ਜਦ ਕਿਸਾਨ ਹਿੰਮਤ ਕਰਕੇ ਅੰਦੋਲਨ ਕਰਨ ਲਈ ਦਿੱਲੀ ਪੁਹੰਚ ਹੀ ਗਏ ਤਾ ਸਰਕਾਰ ਉਹਨਾਂ ਦੀ ਗੱਲ ਸੁਣਨ ਮੰਨਣ ਲਈ ਤਿਆਰ ਨਹੀਂ ਹੈ।ਕਿਸੇ ਦੀ ਗੱਲ ਨੂੰ ਅਣਸੁਣਿਆਂ ਕਰਨ ਦਾ ਅਸਾਨ ਤਰੀਕਾ ਇਹੀ ਹੁੰਦਾ ਹੈ ਕਿ ਉਸ ਨੂੰ ਅਹਿਸਾਸ ਦਵਾ ਦਿਉ ਕਿ ਉਸ ਦੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ।ਸਰਕਾਰ ਬਿਲਕੁਲ ਇਹੀ ਕਰ ਰਹੀ ਹੈ।ਕਿਸਾਨ ਦੇ ਵਾਰ ਵਾਰ ਇਹ ਕਹਿਣ ਦੇ ਕਿ ਇਹ ਕਨੂੰਨ ਉਸ ਦੇ ਭਲੇ ਲਈ ਨਹੀਂ ਹਨ ਇਸ ਕਰਕੇ ਇਹਨਾਂ ਨੂੰ ਰੱਦ ਕਰੋ।ਸਰਕਾਰ ਬਜ਼ਿਦ ਹੈ ਕਿ ਇਹ ਕਨੂੰਨ ਕਿਸਾਨ ਦੇ ਭਲੇ ਲਈ ਹਨ ਇਸ ਲਈ ਵਾਪਸ ਨਹੀਂ ਹੋ ਸਕਦੇ।ਸਰਕਾਰ ਇਨ੍ਹਾਂ ਕਨੂੰਨਾਂ ਵਿੱਚ ਸੋਧਾਂ ਕਰਨ ਲਈ ਤਿਆਰ ਹੈ (ਜੋ ਕਿ ਅਸਿੱਧੇ ਤੌਰ ਤੇ ਇਹ ਮੰਨਣਾ ਹੈ ਕਿ ਕਨੂੰਨ ਗਲਤ ਨੇ), ਇਹਨਾਂ ਨੂੰ ਕੁਝ ਸਮੇ ਲਈ ਟਾਲਣ ਲਈ ਵੀ ਤਿਆਰ ਹੈ ਪਰ ਕਨੂੰਨ ਰੱਦ ਕਰਨ ਲਈ ਕਤਈ ਰਾਜ਼ੀ ਨਹੀਂ ਹੋ ਰਹੀ।ਪ੍ਰਧਾਨ ਮੰਤ੍ਰੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਉਹ ਇੱਕ ਫੋਨ ਕਾਲ ਅਵੇ ਨੇ ਭਾਵ ਫੋਨ ਕਰਨ ਦੀ ਦੇਰ ਹੈ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਆ ਜਾਣਗੇ।ਪਿਛਲੇ ਚਾਰ ਮਹੀਨਿਆਂ ਤੋ ਕਿਸਾਨ ਕੜਾਕੇ ਦੀ ਠੰਡ ਵਿੱਚ ਖੁਲੇ ਅਸਮਾਨ ਹੇਠ ਅੰਦੋਲਨ ਵਾਲੀ ਜਗ੍ਹਾ ਤੇ ਪੁਕਾਰ ਪਰ ਪੁਕਾਰ ਦੇ ਰਿਹਾ ਹੈ।ਦੋ ਸੌ ਤੋਂ ਉਪਰ ਕਿਸਾਨ ਮਰ ਚੁੱਕੇ ਨੇ।ਪਰ ਪ੍ਰਧਾਨ ਮੰਤਰੀ ਹਾਲੇ ਵੀ ਫੋਨ ਦੀ ਉਡੀਕ ਵਿੱਚ ਹਨ।ਕੀ ਕਿਸਾਨ ਉਸ ਦੇਸ਼ ਦੇ ਵਸ਼ਿੰਦੇ ਨਹੀਂ ਜਿਸ ਦੇਸ ਦੇ ਉਹ ਪ੍ਰਧਾਨ ਮੰਤ੍ਰੀ ਹਨ।ਸਰਕਾਰ ਦੀ ਨੀਤੀ ਤੋਂ ਸਪਸ਼ਟ ਹੈ ਕਿ ਉਹ ਕਿਸਾਨ ਦੀ ਗੱਲ ਸੁਣੀ ਅਣਸੁਣੀ ਕਰ ਉਸ ਨੂੰ ਥਕਾਉਣਾ ਤੇ ਪਰੇਸ਼ਾਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਅੰਦੋਲਨ ਖਤਮ ਕਰ ਦੇਣ।ਅਗਰ ਖਤਮ ਨਹੀਂ ਕਰਦੇ ਤਾਂ ਅਜਿਹੀ ਕੋਈ ਕਾਰਵਾਈ ਕਰਨ ਜਿਸ ਨਾਲ ਸਰਕਾਰ ਨੂੰ ਸਖਤੀ ਕਰਨ ਦਾ ਬਹਾਨਾ ਮਿਲ ਜਾਏ।ਇੱਕ ਗੱਲ ਜੋ ਹੁਣ ਤੱਕ ਸਾਫ ਹੋ ਚੁੱਕੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਜਾਂ ਤਾਂ ਸਮਝ ਹੀ ਨਹੀ ਰਹੀ ਜਾਂ ਜਾਣ ਬੁਝ ਕੇ ਅਣਜਾਣ ਬਣਦੀ ਹੈ।ਗਾਹੇ ਬਗਾਹੇ ਇਸ ਦੇ ਜੁੰਮੇਵਾਰ ਕਾਰਕੁਨ ਅਜਿਹਾ ਬਿਆਨ ਦਾਗਦੇ ਨੇ ਜਿਨ੍ਹਾਂ ਤੋਂ ਇਨ੍ਹਾ ਦੀ ਕਿਸਾਨ ਨਾਲ ਦੁਸ਼ਮਣੀ ਜ਼ਾਹਰ ਹੁੰਦੀ ਹੈ।ਇਸ ਸਰਕਾਰ ਦੇ ਮੰਤਰੀ ਕਿਸਾਨਾਂ ਦੀ ਖੁਦਕੁਸ਼ੀ ਦਾ ਵੀ ਮਜਾਕ ਉਡਾਉਂਦੇ ਰਹੇ ਨੇ।


ਇਸ ਅੰਦੋਲਨ ਦੀ ਸੱਚਾਈ ਭਾਰਤ ਅੰਦਰ ਅਤੇ ਬਾਹਰ ਲੋਕਾਂ ਨੂੰ ਪਤਾ ਨਾ ਲੱਗੇ
ਇਹ ਗਲ ਕੋਈ ਲੁਕੀ ਛੁਪੀ ਨਹੀ ਹੈ ਕਿ ਸਰਕਾਰ ਦਾ ਸੋਸ਼ਲ ਮੀਡੀਏ ਨੂੰ ਛੱਡ ਬਾਕੀ ਸਾਰੇ ਮੀਡੀਏ ਤੇ ਪੂਰਾ ਕੰਟਰੋਲ ਹੈ।ਆਪਣੀ ਇਸ ਤਾਕਤ ਦਾ ਇਸਤੇਮਾਲ ਕਰ ਸਰਕਾਰ ਇਸ ਅੰਦੋਲਨ ਨੂੰ ਕਦੇ ਟੁਕੜੇ ਟੁਕੜੇ ਗੈਂਗ, ਕਦੇ ਖਾਲਸਤਾਨੀ, ਕਦੇ ਮਾਉਵਾਦੀ, ਕਦੇ ਅੱਤਵਾਦੀ ਕਹਿ ਪਰਚਾਰਦੀ ਹੈ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ।ਸੋਸ਼ਲ ਮੀਡੀਏ ਤੇ ਵੀ ਸਰਕਾਰ ਇਹੀ ਕਰਵਾ ਰਹੀ ਹੈ।ਇਹ ਇਸ ਗੱਲ ਦਾ ਸਬੂਤ ਹੈ ਸਰਕਾਰ ਨਾ ਤਾਂ ਆਪ ਕਿਸਾਨ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਨ ਹੀ ਕਿਸੇ ਹੋਰ ਨੂੰ ਉਨ੍ਹਾਂ ਦੀ ਗੱਲ ਸੁਣਨ ਦੇ ਰਹੀ ਹੈ।ਪਰ ਕਿਸਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾ ਨੇ ਸੋਸ਼ਲ ਮੀਡੀਏ ਰਾਹੀਂ ਆਪਣੀ ਗੱਲ ਦੇਸ਼ ਵਿਦੇਸ਼ ਵਿੱਚ ਪੁਹੰਚਾ ਦਿੱਤੀ।ਹੁਣ ਜਦੋਂ ਇਸ ਅੰਦੋਲਨ ਦੀ ਬਾਤ ਤੁਰਦੀ ਤੁਰਦੀ ਸਾਰੇ ਦੇਸ਼ ਵਿੱਚ ਫੈਲ ਗਈ ਅਤੇ ਸਰਹੱਦੋਂ ਪਾਰ ਵੀ ਚਲੀ ਗਈ ਤਾਂ ਸਰਕਾਰ ਦਾ ਰੱਦੇ ਅਮਲ ਉਸ ਦੀ ਸੋਚ ਨੂੰ ਜੱਗ ਜਾਹਰ ਕਰਦਾ ਏ।
• ਟ੍ਰਿਬਿਊਨ ਦੀ ਖਬਰ ਮੁਤਾਬਿਕ ਸ਼ਿਮਲੇ ਵਿੱਚ ਜਦੋਂ ਕਿਸਾਨ ਲੋਕਾਂ ਨੂੰ ਆਪਣਾ ਪੱਖ ਸੁਣਾ ਰਹੇ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
• ਕੁਝ ਕਿਸਾਨ ਜਦੋਂ ਮੱਧ ਪ੍ਰਦੇਸ਼ ਵਿੱਚ ਉਥੇ ਦੇ ਕਿਸਾਨਾ ਕੋਲ ਪ੍ਰਚਾਰ ਲਈ ਗਏ ਤਾਂ ਉਹਨਾ ਕਿਸਾਨਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਕਾਰਕੁਨਾਂ ਨੇ ਉਹਨਾਂ ਨੂੰ ਇਹ ਸਮਝਾਇਆ ਕਿ ਇਹ ਕਨੂੰਨ ਪੰਜਾਬ ਹਰਿਆਣੇ ਦੇ ਕਿਸਾਨ ਜੋ ਕਿ ਪਹਿਲਾਂ ਹੀ ਬਹੁਤ ਅਮੀਰ ਹਨ ਤੋਂ ਖੋ ਕੇ ਤੁਹਾਨੂੰ ਅਮੀਰ ਬਣਾਉਣ ਲਈ ਬਣਾਏ ਗਏ ਹਨ।
• ਪੰਜਾਬ ਦੀ ਨੌਦੀਪ ਕੌਰ ਜੋ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ ਸੀ ਨੂੰ ਸੋਨੀਪਤ ਪੁਲੀਸ ਨੇ ਗ੍ਰਿਫਤਾਰ ਕਰ ਤਸ਼ੱਦਦ ਕੀਤਾ।
• ਸੁਪ੍ਰਸਿੱਧ ਗਾਇਕਾ ਰਿਹਾਨਾ ਨੇ ਜਦ ਟਵਿੱਟਰ ਤੇ ਕਿਸਾਨਾਂ ਦੇ ਹੱਕ ਦੀ ਗਲ ਕੀਤੀ ਤਾਂ ਉਸਦੇ ਪੁਤਲੇ ਸਾੜੇ ਗਏ।
• ਵਾਤਾਵਰਣ ਵਾਰੇ ਸੁਚੇਤ ਗ੍ਰੇਟਾ ਤੇ ਐਫ ਆਈ ਆਰ ਦਰਜ਼ ਕਰ ਦਿੱਤੀ ਗਈ ਕਿਉਂਕਿ ਉਸਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ।
• ਸਰਗਰਮੀ ਦਿਸ਼ਾ ਰਵੀ ਤੇ ਵੀ ਮੁਕੱਦਮਾ ਕੀਤਾ ਗਿਆ ਕਿਉਂਕਿ ਉਸ ਨੇ ਗ੍ਰੇਟਾ ਨੂੰ ਟਵਿਟਰ ਟੂਲ਼ ਕਿੱਟ ਬਣਾ ਕੇ ਦਿੱਤੀ।ਇਹ ਟੂਲ ਕਿੱਟ ਕੋਈ ਮਾਰੂ ਹਥਿਆਰ ਨਹੀਂ ਬਲਕਿ ਟਵਿੱਟਰ ਤੇ ਬਣਿਆ ਹੈਸ਼ਟੈਗ ਹੈ ਜਿਸ ਰਾਹੀਂ ਤੁਹਾਡੀ ਗੱਲ ਇੱਕੋ ਝਟਕੇ ਨਾਲ ਲੱਖਾ ਲੋਕਾਂ ਤੱਕ ਪਹੁੰਚ ਜਾਂਦੀ ਹੈ।ਇਸ ਸਬੰਧੀ ਜਦੋ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਟਵਿੱਟਰ ਤੇ ਬੇਹੂਦਾ ਬਿਆਨਬਾਜੀ ਕੀਤੀ ਤਾਂ ਟ੍ਰਿਬਿਊਨ ਦੀ ਖਬਰ ਮੁਤਾਬਿਕ ਟਵਿੱਟਰ ਨੇ ਉਸਦੇ ਬਿਆਨ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ।
ਕੀ ਇਹ ਸਭ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸਰਕਾਰ ਭਾਰਤ ਅੰਦਰ ਅਤੇ ਭਾਰਤ ਤੋਂ ਬਾਹਰ ਲੋਕਾਂ ਨੂੰ ਇਸ ਅੰਦੋਲਨ ਦੀ ਸਚਾਈ ਤੋਂ ਬੇਖਬਰ ਰੱਖਣਾ ਚਾਹੁੰਦੀ ਹੈ।ਇਹ ਵੱਖਰੀ ਗੱਲ ਹੈ ਕਿ ਉਹ ਇਸ ਕੰਮ ਵਿੱਚ ਕਾਮਯਾਬ ਨਹੀਂ ਹੋਈ।ਇਸ ਨੂੰ ਇੱਕ ਹੋਰ ਪਹਿਲੂ ਤੋਂ ਦੇਖੀਏ ਤਾਂ ਬੀਜੇਪੀ ਦਾ ਮੀਡੀਏ ਤੇ ਕੰਟਰੋਲ ਸਭ ਤੋਂ ਵੱਧ ਨੁਕਸਾਨ ਖੁਦ ਉਹਨਾਂ ਦਾ ਹੀ ਕਰ ਰਿਹਾ ਹੈ।ਇੱਕ ਤਰ੍ਹਾਂ ਨਾਲ ਇਸ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੋਈ ਹੈ ਤਾਂ ਜੋ ਉਹ ਸੁਜਾਖੇ ਹੋਣ ਦੇ ਬਾਵਜੂਦ ਕੁਝ ਵੀ ਦੇਖ ਨ ਸਕਣ।ਇਸ ਦਾ ਸਬੂਤ ਇਹ ਹੈ ਕਿ ਇਸ ਅੰਦੋਲਨ ਦੇ ਲੋਕ ਲਹਿਰ ਬਣਨ ਦੇ ਬਾਵਜੂਦ ਵੀ ਬੀਜੇਪੀ ਨੂੰ ਇਹ ਨਜ਼ਰ ਨਹੀਂ ਆ ਰਿਹਾ।ਲੋਕ ਲਹਿਰ ਬਣਨ ਦੇ ਕੁਝ ਸਬੂਤ ਹਨ:
• ਇਸ ਅੰਦੋਲਨ ਵਿੱਚ ਆਮ ਆਦਮੀ (ਬੱਚਾ, ਬੁਢਾ, ਮਰਦ ਤੇ ਅੋਰਤ ਸਮੇਤ) ਦੀ ਸ਼ਮੂਲੀਅਤ।
• ਇਸ ਅੰਦੋਲਨ ਵਾਰੇ ਲੋਕ ਬੋਲੀਆ, ਸਿਠਣੀਆਂ ਆਦਿ ਦਾ ਪ੍ਰਚਲਤ ਹੋਣਾ।
• ਇਸ ਅੰਦੋਲਨ ਵਾਰੇ ਛੱਲੇ ਦੀ ਤਰਜ ਤੇ ਲੋਕ ਗੀਤ ਬਣ ਜਾਣੇ।ਛੱਲਾ ਜੱਲੇ ਮਲਾਹ ਦਾ ਪੁੱਤਰ ਦਾ ਸੀ ਜੋ ਬੇੜੀ ਰਾਹੀਂ ਝਨਾਂ ਤੋਂ ਸੁਆਰੀਆਂ ਨੂੰ ਪਾਰ ਲਘਾਉਂਦਾ ਸੀ।ਇੱਕ ਦਿਨ ਉਸ ਦੇ ਬੀਮਾਰ ਹੋਣ ਕਾਰਨ ਛੱਲਾ ਬੇੜੀ ਲੈ ਕੇ ਗਿਆ ਪਰ ਮੁੜ ਨਹੀਂ ਆਇਆ।ਪੁੱਤ ਦੇ ਗਮ ਵਿੱਚ ਜੱਲਾ ਪਾਗਲ ਹੋ ਦਰਿਆ ਕੰਢੇ ਗਾਉਂਣ ਲੱਗ ਪਿਆ ਕਿ ਛੱਲਾ ਮੁੜ ਕੇ ਨਹੀਂ ਆਇਆ।ਪੰਜਾਬੀਆਂ ਨੇ ਉਸ ਦੇ ਦਰਦ ਨੂੰ ਆਪਣੀ ਲੋਕਧਾਰਾ ਦਾ ਹਿੱਸਾ ਬਣਾ ਲਿਆ।ਇਹਨਾਂ ਕਾਲੇ ਕਨੂੰਨਾਂ ਦਾ ਦਰਦ ਵੀ ਹੁਣ ਪੰਜਾਬ ਦੀ ਲੋਕਧਾਰਾ ਦਾ ਹਿੱਸਾ ਬਣ ਰਿਹਾ ਹੈ।


ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ ਤਾਂ ਜੋ ਲੋਕ ਇਸ ਦੇ ਵਿਰੁੱਧ ਹੋ ਜਾਣ
ਹੁਣ ਜਦ ਇਸ ਅੰਦੋਲਨ ਦੀ ਖਬਰ ਹਰ ਪਾਸੇ ਫੈਲ ਗਈ ਤਾਂ ਆਪਣਾ ਪੈਂਤੜਾ ਬੲਲ ਸਰਕਾਰ ਦੀ ਪੂਰੀ ਕੋਸ਼ਿਸ਼ ਇਸ ਅੰਦੋਲਨ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ।
• ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਦੇ ਕਾਰਕੁਨ ਪੁਲਿਸ ਦੀਆ ਨਕਲੀ ਵਰਦੀਆਂ ਪਾਈ ਮੋਰਚੇ ਵਾਲੀ ਜਗ੍ਹਾ ਤੇ ਪਕੜੇ ਗਏ।ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਏ ਤੇ ਵਾਇਰਲ ਹੋਈਆਂ ਸਨ।ਪਰ ਸਰਕਾਰ ਨੇ ਇਹਨਾਂ ਦੋ ਕੋਈ ਨੋਟਿਸ ਨਹੀਂ ਲਿਆ।ਉਹ ਬਿਨਾਂ ਨਾਮ ਦੇ ਵਰਦੀਆਂ ਪਾਈ ਬਿਨਾਂ ਨੰਬਰ ਦੀ ਗੱਡੀ ਵਿੱਚ ਅੰਦੋਲਨ ਵਾਲੀ ਜਗ੍ਹਾ ਤੇ ਪਾਏ ਗਏ।
• ਕਿਸਾਨਾਂ ਨੇ ਕਈ ਵਾਰ ਅਜਿਹੇ ਸ਼ਖਸ਼ ਪਕੜ ਜੇ ਪੁਲਿਸ ਦੇ ਹਵਾਲੇ ਕੀਤੇ ਜੋ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਸਨ।
• 26 ਜਨਵਰੀ ਦੀਆਂ ਘਟਨਾਵਾਂ ਵੀ ਇਸੇ ਗਿਣੀ ਮਿਥੀ ਸਾਜਿਸ਼ ਦਾ ਹਿੱਸਾ ਨੇ।ਇਹਨਾਂ ਘਟਨਾਵਾਂ ਤੋਂ ਫੋਰਨ ਬਾਅਦ ਸਰਕਾਰ ਨੇ ਧਰਨੇ ਵਾਲੀ ਜਗ੍ਹਾ ਤੇ ਸਖਤੀ ਕਰਕੇ ਧਰਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ।ਧਰਨੇ ਤੇ ਬੈਠੇ ਕਿਸਾਨਾਂ ਤੇ ਪਥਰਾ ਸ਼ੁਰੂ ਹੋ ਗਿਆ ਅਤੇ ਸਰਕਾਰੀ ਮੀਡੀਏ ਵਿੱਚ ਖਪਰ ਇਹ ਆਈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਿਸਾਨਾਂ ਦੇ ਖਿਲਾਫ ਹੋ ਗਏ ਨੇ।ਕਿਸਾਨਾਂ ਨੇ ਇਸ ਪਥਰਾ ਦਾ ਸਬਰ ਅਤੇ ਸ਼ਾਂਤੀ ਨਾਲ ਜਵਾਬ ਦਿੱਤਾ।ਬਾਅਦ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਪਥਰਾਅ ਕਰਨ ਵਾਲੇ ਪਿੰਡਾਂ ਦੇ ਲੋਕ ਨਹੀ ਬਲਕਿ ਬੀਜੇਪੀ ਵਲੋਂ ਲਿਆਂਦੇ ਭਾੜੇ ਦੇ ਗੁੰਡੇ ਸਨ।
ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਦਾ ਵਿਰੋਧ
ਮੋਦੀ ਸਰਕਾਰ ਨੂੰ ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਮਿਲਦੀ ਹਮਾਇਤ ਤੇ ਵੀ ਸਖਤ ਇਤਰਾਜ਼ ਹੈ।ਪ੍ਰਧਾਨ ਮੰਤਰੀ ਖੁਦ ਇਸ ਦਾ ਸ਼ਬਦੀ ਹੇਰਾਫੇਰੀ ਕਰ ਐਫ ਡੀ ਆਈ ਨੂੰ ਫਾਰਨ ਡਾਇਰੈਕਟ ਇਨਵੈਸਟਮੈਂਟ ਤੋਂ ਫਾਰਨ ਡਿਸਟਰੱਕਟਿਵ ਆਈਡੀਔਲਜ਼ੀ ਬਣਾ ਕਿ ਮਜ਼ਾਕ ਉੜਾਉਂਦੇ ਨੇ।ਭਾਵ ਉਹ ਵਿਦੇਸ਼ਾਂ ਤੋੰ ਆਉਂਦੇ ਪੈਸੇ ਨੂੰ ਤਾਂ ਖੁਸਆਮਦੀਦ ਕਹਿੰਦੇ ਨੇ ਪਰ ਵਿਦੇਸ਼ਾਂ ਤੋਂ ਆਉਂਦੇ ਵਿਚਾਰਾਂ ਤੇ ਸਖਤ ਇਤਰਾਜ਼ ਕਰਦੇ ਨੇ।ਉਹ ਭੁਲ ਰਹੇ ਨੇ ਕਿ ਅਸੀਂ ਇਕੀਵੀਂ ਸਦੀ ਚ ਰਹਿ ਰਹੇ ਹਾਂ।ਵਿਚਾਰਾਂ ਨੂੰ ਸਰਹੱਦੋਂ ਪਾਰ ਜਾਣ ਲਈ ਕੋਈ ਰਾਹਦਾਰੀ ਨਹੀਂ ਲੈਣੀ ਪੈਂਦੀ।2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਮਹੀਨੇ ਬਾਅਦ ਮੋਦੀ ਸਾਹਿਬ ਨੇ ਇਕ ਬਿਆਨ ਦਿੱਤਾ ਸੀ ਕਿ ਬੋਲਣ ਕਹਿਣ ਦੀ ਅਜ਼ਾਦੀ ਤੋਂ ਬਿਨਾਂ ਭਾਰਤ ਵਿੱਚ ਲੋਕਤੰਤਰ ਨਹੀਂ ਬਚ ਸਕਦਾ।ਉਹਨਾਂ ਦੀ ਗੱਲ ਸਹੀ ਸਾਬਤ ਹੋਈ।ਉਨ੍ਹਾ ਸਾਰਾ ਮੀਡੀਆ ਆਪਣੇ ਕਬਜੇ ਵਿੱਚ ਕਰ ਅਸਿੱਧੇ ਤੌਰ ਤੇ ਲੋਕਾਂ ਦੇ ਬੋਲਣ ਕਹਿਣ ਦੀ ਅਜ਼ਾਦੀ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਭਾਰਤੀ ਲੋਕਤੰਤਰ ਵੀ ਆਖਰੀ ਸਾਹਾਂ ਤੇ ਪਹੁੰਚ ਚੁੱਕਾ ਹੈ।ਹੁਣ ਉਹਨਾ ਨੂੰ ਬਾਹਰੋਂ ਆਉਂਦੇ ਵਿਚਾਰ ਵੀ ਬਹੁਤ ਖਤਰਨਾਕ ਲਗਦੇ ਨੇ ਜਿਸ ਕਰਕੇ ਉਹ ਉਹਨਾਂ ਤੇ ਪਾਬੰਦੀ ਲਾ ਰਹੇ ਨੇ।ਆਖਰ ਉਹ ਕਿਉਂ ਇੰਨਾ ਘਬਰਾ ਰਹੇ ਨੇ।ਉਹ ਬਾਹਰੋਂ ਆ ਰਹੇ ਵਿਚਾਰਾਂ ਨੂੰ ਤਬਾਹਕੁਨ ਤੇ ਵਿਨਾਸ਼ਕਾਰੀ ਆਖ ਰਹੇ ਨੇ।ਭਾਰਤ ਵੀ ਤਾਂ ਆਪਣੀ ਵਿਚਾਰਧਾਰਾ ਬਰਾਮਦ ਕਰ ਰਿਹਾ ਹੈ।ਹਿੰਦੂ ਧਰਮ ਦੇ ਅਨੇਕਾਂ ਪ੍ਰਚਾਰਕ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਨੇ।ਕੀ ਉਹ ਉਨ੍ਹਾ ਤੇ ਵੀ ਰੋਕ ਲਾਉਣ ਦੀ ਵਕਾਲਤ ਕਰਨਗੇ।ਵੈਸੇ ਇਹ ਬੜੀ ਹੀ ਵਿਅੰਗਮਈ ਗੱਲ ਹੈ ਕਿ ਖੇਤੀਵਾੜੀ ਸਬੰਧੀ ਜਿਹੜੇ ਕਨੂੰਨਾਂ ਦਾ ਝਮੇਲਾ ਪਿਆ ਹੋਇਆ ਹੈ ਉਹਨਾਂ ਦਾ ਅਧਾਰ ਵੀ ਵਿਕਸਤ ਦੇਸ਼ਾਂ ਤੋਂ ਆਈ ਵਿਚਾਰਧਾਰਾ ਹੈ।ਪ੍ਰਧਾਨ ਮੰਤਰੀ ਨੂੰ ਬਾਹਰੋਂ ਆਈ ਇਹ ਵਿਚਾਰਧਾਰਾ ਤਬਾਹਕੁਨ ਨਹੀਂ ਲਗਦੀ।ਇਹ ਤਾਂ ਉਹੀ ਗੱਲ ਹੋਈ ਨ ਕਿ ਕੌੜੀ ਕੌੜੀ ਥੂ ਮਿੱਠੀ ਮਿੱਠੀ ਹੜੱਪ।ਦਰਅਸਲ ਮੋਦੀ ਸਰਕਾਰ ਦੀ ਅਸਲ ਸਮੱਸਿਆ ਇਸ ਅੰਦੋਲਨ ਨੂੰ ਮਿਲਦੀ ਹਮਾਇਤ ਹੈ ਜੋ ਉਨ੍ਹਾ ਤੋਂ ਸਹਿ ਨਹੀਂ ਹੋ ਰਹੀ ਇਸ ਕਰਕੇ ਤਿਲਮਲਾ ਉਠੇ ਨੇ।ਉਹ ਅੇਸਾ ਸ਼ਬਦਜਾਲ ਬੁਣ ਰਹੇ ਨੇ ਜਿਸ ਵਿੱਚ ਉਹ ਆਪ ਹੀ ਉਲਝ ਕੇ ਰਹਿ ਜਾਂਦੇ ਨੇ।


ਅਸਲੀ ਪਰਜੀਵੀ ਕੋਣ ਹੈ
ਮੋਦੀ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਇਸ ਅੰਦੋਲਨ ਦੇ ਹੱਕ ਵਿੱਚ ਨਿੱਤਰੇ ਲੋਕਾਂ ਨੂੰ ਪਰਜੀਵੀ ਕਹਿ ਕੇ ਭੰਡਿਆ ਹੈ।ਪਰਜੀਵੀ ਦੂਸਰਿਆਂ ਦਾ ਨਜ਼ਾਇਜ਼ ਫਾਇਦਾ ਉਠਾਉਣ ਵਾਲੇ ਮੁਫਤਖੋਰੇ ਸ਼ਖਸ ਨੂੰ ਆਖਿਆ ਜਾਂਦਾ ਹੈ।ਜਿਸ ਹਿਸਾਬ ਨਾਲ ਮੋਦੀ ਸਾਹਿਬ ਅੰਦੋਲਨ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪਰਜੀਵੀ ਕਹਿ ਰਹੇ ਨੇ ਉਸ ਹਿਸਾਬ ਨਾਲ ਤਾ ਭਾਰਤ ਵਿੱਚ ਸਰਗਰਮ ਹਰ ਸਿਆਸੀ ਪਾਰਟੀ ਹੀ ਪਰਜੀਵੀ ਹੋ ਜਾਂਦੀ ਹੈ।ਸਮੇਂ ਸਮੇਂ ਦਾ ਗੇੜ ਹੈ ਕਿਸੇ ਵੇਲੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਖਿਲਾਫ ਵਿੱਢੇ ਅੰਦੋਲਨ ਦਾ ਸਮਰਥਨ ਕਰ ਭਾਰਤੀ ਜਨਤਾ ਪਾਰਟੀ ਨੇ ਵੀ ਪਰਜੀਵੀ ਬਣ ਖੂਬ ਲਾਹਾ ਖੱਟਿਆ ਸੀ।ਪਰਜੀਵੀ ਨੂੰ ਪੰਜਾਬੀ ਵਿੱਚ ਅਕਾਸ਼ ਵੇਲ ਵੀ ਕਿਹਾ ਜਾਂਦਾ ਹੈ।ਇਹ ਹਲਕੇ ਪੀਲੇ ਰੰਗ ਦੀ ਇੱਕ ਵੇਲ ਹੈ ਜੋ ਕਿਸੇ ਰੁੱਖ ਤੇ ਲਗ ਜਾਂਦੀ ਹੈ।ਇਸਦੇ ਨਾਂ ਤਾਂ ਕੋਈ ਪੱਤੇ ਹੁੰਦੇ ਨੇ ਅਤੇ ਨ ਹੀ ਇਸਦੀ ਕੋਈ ਜੜ੍ਹ ਜਮੀਨ ਵਿੱਚ ਲੱਗੀ ਹੁੰਦੀ ਏ।ਜਿਸ ਰੁੱਖ ਤੇ ਇਹ ਲਗਦੀ ਹੈ ਇਹ ਉਸ ਰੁੱਖ ਨੁੰ ਹੀ ਆਪਣਾ ਭੋਜਨ ਬਣਾ ਲੈਂਦੀ ਹੈ।ਥੋੜੀ ਦੇਰ ਬਾਅਦ ਉਹ ਰੁੱਖ ਵੀ ਮਰ ਜਾਂਦਾ ਹੈ ਅਤੇ ਇਹ ਵੇਲ ਵੀ ਸੁੱਕ ਜਾਂਦੀ ਏ।ਅਸਲ ਪਰਜੀਵੀ ਭਾਰਤ ਵਿੱਚ ਵਾਪਰ ਰਹੀ ਗੰਦੀ ਸਿਆਸਤ ਹੈ ਜੋ ਲੋਕਤੰਤਰ ਦੇ ਰੁੱਖ ਤੇ ਚੜ੍ਹ ਫੇਲੀ ਹੋਈ ਹੈ।ਇਸ ਗੰਦੀ ਸਿਆਸਤ ਵਿੱਚ ਮੋਦੀ ਸਾਹਿਬ ਦੀ ਆਪਣੀ ਪਾਰਟੀ ਸਭ ਤੋਂ ਮੋਹਰੇ ਹੈ।ਇਸ ਦੀ ਤਾਜ਼ਾ ਮਿਸਾਲ ਪਾਂਡੀਚਰੀ ਦੀ ਸਰਕਾਰ ਨੂੰ ਚੁਣੇ ਹੋੲੈ ਮੈਂਬਰਾਂ ਨੂੰ ਖਰੀਦ ਕੇ ਤੋੜਨਾ ਹੈ।ਮੋਦੀ ਸਾਹਿਬ ਦੀ ਸਿਆਸਤ ਉਹ ਅਕਾਸ਼ ਵੇਲ ਹੇ ਜੋ ਭਾਰਤੀ ਲੋਕਤੰਤਰ ਦੇ ਰੁੱਖ ਤੇ ਚੜ੍ਹੀ ਹੋਈ ਹੈ।
ਮੋਦੀ ਸਾਹਿਬ ਦਾ ਇਹ ਭਾਸ਼ਣ ਜਿਸ ਨੇ ਵੀ ਲਿਖਿਆ ਹੈ।(ਹੋ ਸਕਦਾ ਇਹ ਉਹਨਾਂ ਆਪ ਲਿਖਿਆ ਹੋਏ ਪਰ ਰਾਜਸੀ ਲੀਡਰਾਂ ਦੇ ਭਾਸ਼ਣ ਅਕਸਰ ਉਹਨਾਂ ਦੇ ਕਰਮਚਾਰੀ ਹੀ ਲਿਖਦੇ ਨੇ।) ਉਹ ਸ਼ਖਸ਼ ਕਿਸਾਨ ਅਤੇ ਕਿਸਾਨ ਅੰਦੋਲਨ ਦਾ ਵੈਰੀ ਤਾਂ ਬਾਅਦ ਵਿੱਚ ਹੋੲਗੇ ਪਰ ਉਹ ਮੋਦੀ ਅਤੇ ਉਹਨਾਂ ਦੀ ਪਾਰਟੀ ਦਾ ਦੁਸ਼ਮਣ ਪਹਿਲਾਂ ਹੈ।ਇਹ ਗੱਲ ਮੋਦੀ ਸਾਹਿਬ ਨੂੰ ਹਾਲਾਂ ਸਮਝ ਨਹੀਂ ਆ ਰਹੀ।ਗੁਰੂ ਸਾਹਿਬ ਸਾਨੂੰ ਜਪ ਬਾਣੀ ਵਿੱਚ ਦੱਸਦੇ ਨੇ ਕਿ:


ਪੰਚ ਪਰਵਾਣ ਪੰਚ ਪਰਧਾਨੁ॥ਪੰਚੇ ਪਾਵਹਿ ਦਰਗਹਿ ਮਾਨੁ॥ਪੰਚੇ ਸੋਹਹਿ ਦਰ ਰਾਜਾਨੁ॥ਪੰਚਾ ਕਾ ਗੁਰੁ ਏਕੁ ਧਿਆਨੁ॥


ਪੰਚ ਤੋਂ ਭਾਵ ਗੁਰਮੁਖ ਤੇ ਬਿਬੇਕੀ ਪੁਰਖ ਤੋਂ ਹੈ ਜੋ ਸੁਚੱਜੀ ਰਾਏ ਕਾਰਨ ਰਾਜ ਦਰਬਾਰ ਵਿੱਚ ਸੋਹੰਦੇ ਨੇ।ਉਹਨਾਂ ਦੀ ਇਹ ਸੁਚੱਜੀ ਰਾਏ ਹੀ ਦੁਨੀਆਂ ਦੀ ਅਗਵਾਈ ਕਰਦੀ ਆ ਰਹੀ ਹੈ।ਅਗਰ ਕੋਈ ਬਿਬੇਕਹੀਣ ਬੰਦਾ ਰਾਜੇ ਦੀ ਅਗਵਾਈ ਕਰਨ ਲਗ ਪਏ ਤਾਂ ਇਤਿਹਾਸ ਨੂੰ ਪੁਠਾ ਗੇੜਾ ਦੇ ਦਿੰਦਾ ਹੈ।ਭਾਰਤ ਅੰਦਰ ਇਹੀ ਹੋ ਰਿਹਾ ਹੈ।ਮੋਦੀ ਸਾਹਿਬ ਨੂੰ ਰਾਏ ਦੇਣ ਵਾਲੇ ਜਾਹਰਾ ਤੌਰ ਤੇ ਬਿਬੇਕੀ ਪੁਰਖ ਨਹੀਂ ਹਨ।ਉਨ੍ਹਾਂ ਦੀਆਂ ਅੱਖਾ ਤੇ ਤਾਕਤ ਦੀ ਹਵਸ ਦੀ ਪੱਟੀ ਬੰਨ੍ਹੀ ਹੋਈ ਹੈ।ਬੀਜੇਪੀ, ਹਿੰਦੂ ਧਰਮ, ਅਤੇ ਭਾਰਤ ਦੇਸ਼ ਦਾ ਸਭ ਤੋ ਵੱਧ ਨੁਕਸਾਨ ਇਹ ਲੋਕ ਕਰ ਰਹੇ ਨੇ।ਮੋਦੀ ਸਾਹਿਬ ਨੂੰ ਆਪਣੀ ਸ਼ਬਦਾਵਲੀ ਵਿੱਚ ਇੱਕ ਹੋਰ ਸ਼ਬਦ ਸ਼ਾਮਲ ਕਰਨਾ ਚਾਹੀਦਾ ਹੈ।ਉਹ ਸ਼ਬਦ ਹੈ ਅੰਦੋਲਨਮਾਰੂ ਜੋ ਕਿ ਸਰਕਾਰ ਅਤੇ ਇਸਦੇ ਸਲਾਹਕਾਰਾਂ ਦੇ ਇਸ ਅੰਦੋਲਨ ਪ੍ਰਤੀ ਰਵੱਈਏ ਦੀ ਤਰਜ਼ਮਾਨੀ ਕਰਦਾ ਹੈ।

7/3/2021

Leave a comment